Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 38

ਦਾਊਦ ਦੇ ਗੀਤਾਂ ਵਿੱਚੋਂ ਇੱਕ ਯਾਦਗਿਰੀ ਦੇ ਦਿਨ ਲਈ। [a]

38 ਹੇ ਯਹੋਵਾਹ, ਮੈਨੂੰ ਕ੍ਰੋਧ ਵਿੱਚ ਨਾ ਨਿੰਦੋ,
    ਮੈਨੂੰ ਗੁੱਸੇ ਵਿੱਚ ਸੰਜਮ ਨਾ ਸਿੱਖਾਉ।
ਤੁਸੀਂ ਮੈਨੂੰ ਸੱਟ ਮਾਰੀ ਹੈ,
    ਤੁਹਾਡੇ ਤੀਰ ਮੇਰੇ ਅੰਦਰ ਡੂੰਘੇ ਧਸ ਗਏ ਹਨ।
ਤੁਸਾਂ ਮੈਨੂੰ ਦੰਡ ਦਿੱਤਾ, ਮੇਰਾ ਸਾਰਾ ਸ਼ਰੀਰ ਜ਼ਖਮੀ ਹੈ।
    ਮੈਂ ਪਾਪ ਕੀਤਾ ਅਤੇ ਤੁਸਾਂ ਮੈਨੂੰ ਦੰਡ ਦਿੱਤਾ ਇਸ ਲਈ ਮੇਰੇ ਹੱਡ ਦੁੱਖ ਰਹੇ ਹਨ।
ਮੈਂ ਮੰਦੇ ਅਮਲਾਂ ਦਾ ਦੋਸ਼ੀ ਹਾਂ।
    ਅਤੇ ਇਹ ਦੋਸ਼ ਡਾਢੇ ਭਾਰ ਜਿਹਾ ਹੈ।
    ਸਿਰ ਚੁੱਕਣ ਲਈ ਮੈਂ ਬਹੁਤ ਸ਼ਰਿਮੰਦਾ ਹਾਂ ਮੈਂ ਅਤਿ ਮੂਰਖ ਹਾਂ।
ਮੇਰੇ ਜ਼ਖਮਾਂ ਵਿੱਚ ਪਾਕ ਪੈ ਗਈ ਹੈ, ਅਤੇ ਸੜਿਆਂਦ ਆਉਂਦੀ ਹੈ।
    ਕਿਉਂਕਿ ਮੈਂ ਇੱਕ ਮੂਰੱਖਮਈ ਗੱਲ ਕੀਤੀ।
ਮੇਰੀ ਕਮਰ ਝੁਕ ਗਈ ਹੈ
    ਅਤੇ ਮੈਂ ਦਿਨ ਭਰ ਗਮਗੀਨ ਰਹਿੰਦਾ ਹਾਂ।
ਮੈਨੂੰ ਬੁਖਾਰ ਹੈ,
    ਅਤੇ ਮੇਰਾ ਸ਼ਰੀਰ ਦੁੱਖ ਰਿਹਾ ਹੈ।
ਮੈਨੂੰ ਇੰਨਾ ਦਰਦ ਹੋ ਰਿਹਾ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕਰ ਸੱਕਦਾ
    ਮੇਰਾ ਦਿਲ ਚੀਕਾਂ ਮਾਰ ਰਿਹਾ ਹੈ ਕਿਉਂਕਿ ਇਹ ਚੂਰ ਹੋਇਆ ਹੈ।
ਮੇਰੇ ਮਾਲਕ, ਤੁਸੀਂ ਮੇਰਾ ਦਰਦ ਨਾਲ ਕੁਰਾਹੁਣਾ ਸੁਣਿਆ ਹੈ।
    ਮੇਰੇ ਹੌਕੇ ਤੁਹਾਥੋ ਲੁਕੇ ਹੋਏ ਨਹੀਂ ਹਨ।
10 ਮੇਰਾ ਦਿਲ ਚੂਰ ਹੋ ਰਿਹਾ ਹੈ।
    ਮੇਰੀ ਸ਼ਕਤੀ ਮੁੱਕ ਗਈ ਹੈ ਅਤੇ ਮੈਂ ਅੰਨ੍ਹਾ ਹੋ ਰਿਹਾ ਹਾਂ।
11 ਮੇਰੀ ਬਿਮਾਰੀ ਦੇ ਕਾਰਣ,
    ਮੇਰੇ ਮਿੱਤਰ ਅਤੇ ਗੁਆਂਢੀ ਮੇਰੇ ਕੋਲ ਨਹੀਂ ਆਉਂਦੇ।
    ਮੇਰਾ ਪਰਿਵਾਰ ਮੇਰੇ ਨੇੜੇ ਨਹੀਂ ਢੁਕਦਾ।
12 ਮੇਰੇ ਵੈਰੀ ਮੇਰੇ ਬਾਰੇ ਮੰਦੀਆਂ ਗੱਲਾਂ ਕਰਦੇ ਹਨ।
    ਉਹ ਝੂਠ ਅਤੇ ਅਫ਼ਵਾਹਾਂ ਫ਼ੈਲਾ ਰਹੇ ਹਨ।
    ਉਹ ਦਿਨ ਭਰ ਮੇਰੀਆਂ ਗੱਲਾਂ ਕਰਦੇ ਹਨ।
13 ਪਰ ਮੈਂ ਇਸ ਬੋਲੇ ਬੰਦੇ ਵਰਗਾ ਹਾਂ ਜਿਹੜਾ ਸੁਣ ਨਹੀਂ ਸੱਕਦਾ।
    ਮੈਂ ਇੱਕ ਗੂੰਗੇ ਆਦਮੀ ਵਾਂਗ ਹਾਂ ਜਿਹੜਾ ਬੋਲ ਨਹੀਂ ਸੱਕਦਾ।
14 ਮੈਂ ਉਸ ਬੰਦੇ ਵਰਗਾ ਹਾਂ ਜਿਹੜਾ ਉਹ ਨਹੀਂ ਸੁਣ ਸੱਕਦਾ ਜੋ ਲੋਕ ਉਸ ਬਾਰੇ ਆਖਦੇ ਹਨ।
    ਮੈਂ ਬਹਿਸ ਨਹੀਂ ਕਰ ਸੱਕਦਾ ਅਤੇ ਸਾਬਤ ਨਹੀਂ ਕਰ ਸੱਕਦਾ, ਕਿ ਮੇਰੇ ਦੁਸ਼ਮਣ ਗਲਤ ਹਨ।
15 ਇਸ ਲਈ ਯਹੋਵਾਹ, ਤੁਸੀਂ ਹੀ ਮੇਰੀ ਰੱਖਿਆ ਕਰੋ।
    ਮੇਰੇ ਮਾਲਕ ਤੁਸੀਂ ਹੀ ਮੇਰੀ ਥਾਵੇਂ ਬੋਲੋ।
16 ਜੇਕਰ ਮੈਂ ਕੁਝ ਆਖਦਾ ਹਾ, “ਮੇਰੇ ਦੁਸ਼ਮਣ ਮੇਰੇ ਉੱਤੇ ਹੱਸਣਗੇ।
    ਉਹ ਵੇਖਣਗੇ ਕਿ ਮੈਂ ਬਿਮਾਰ ਹਾਂ, ਅਤੇ ਆਖਣਗੇ ਕਿ ਮੈਨੂੰ ਮੇਰੇ ਪਾਪਾਂ ਲਈ ਦੰਡ ਮਿਲ ਰਿਹਾ ਹੈ।”
17 ਮੇਰੇ ਦਰਦ ਹਮੇਸ਼ਾ ਮੇਰੇ ਪਿੱਛੇ ਪਏ ਰਹਿੰਦੇ ਹਨ
    ਇਸ ਲਈ ਹੁਣ ਮੈਂ ਆਪਣਾ ਹੌਂਸਲਾ ਛੱਡਣ ਹੀ ਵਾਲਾ ਹਾਂ।
18 ਯਹੋਵਾਹ, ਮੈਂ ਤੁਹਾਨੂੰ ਆਪਣੇ ਮੰਦੇ ਅਮਲਾਂ ਬਾਰੇ ਦੱਸਿਆ ਸੀ।
    ਮੈਂ ਆਪਣੇ ਗੁਨਾਹਾਂ ਬਾਰੇ ਉਦਾਸ ਹਾਂ।
19 ਮੇਰੇ ਦੁਸ਼ਮਣ ਜਿਉਂਦੇ ਹਨ ਅਤੇ ਉਹ ਸਿਹਤਮੰਦ ਹਨ।
    ਅਤੇ ਉਨ੍ਹਾਂ ਨੇ ਬਹੁਤ ਸਾਰੇ ਝੂਠ ਬੋਲੇ ਹਨ।
20 ਮੇਰੇ ਦੁਸ਼ਮਣਾਂ ਨੇ ਮੇਰੇ ਨਾਲ ਦੁਸ਼ਟਤਾ ਭਰੀਆਂ ਗੱਲਾਂ ਕੀਤੀਆਂ
    ਜਦ ਕਿ ਮੈਂ ਉਨ੍ਹਾਂ ਨਾਲ ਸਦਾ ਹੀ ਚੰਗਾ ਵਿਹਾਰ ਕੀਤਾ।
ਮੈਂ ਸਿਰਫ਼ ਚੰਗੇ ਸਲੂਕ ਦੀ ਕੋਸ਼ਿਸ਼ ਕੀਤੀ
    ਪਰ ਫ਼ੇਰ ਵੀ ਉਹ ਲੋਕ ਮੇਰੇ ਖਿਲਾਫ਼ ਹੋ ਗਏ।
21 ਯਹੋਵਾਹ, ਮੈਨੂੰ ਛੱਡ ਕੇ ਨਾ ਜਾਉ।
    ਮੇਰੇ ਪਰਮੇਸ਼ੁਰ ਨੇੜੇ ਰਹੋ।
22 ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
    ਮੇਰੇ ਪਰਮੇਸ਼ੁਰ, ਮੈਨੂੰ ਬਚਾਉ।

ਜ਼ਬੂਰ 119:25-48

ਦਾਲਥ

25 ਮੈਂ ਛੇਤੀ ਹੀ ਮਰ ਜਾਵਾਂਗਾ।
    ਯਹੋਵਾਹ, ਮੈਨੂੰ ਆਦੇਸ਼ ਦਿਉ ਅਤੇ ਮੈਨੂੰ ਜਿਉਣ ਦਿਉ।
26 ਮੈਂ ਤੁਹਾਡੇ ਆਪਣੇ ਜੀਵਨ ਬਾਰੇ ਦੱਸਿਆ ਹੈ।
    ਅਤੇ ਤੁਸਾਂ ਨੇ ਉੱਤਰ ਦਿੱਤਾ ਹੈ। ਹੁਣ, ਮੈਨੂੰ ਆਪਣੇ ਨੇਮ ਸਿੱਖਾਉ।
27 ਯਹੋਵਾਹ, ਤੁਹਾਡੇ ਨੇਮਾਂ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ।
    ਮੈਨੂੰ ਤੁਹਾਡੇ ਕੀਤੇ ਚਮਤਕਾਰਾਂ ਦਾ ਮੈਨੂੰ ਅਧਿਐਨ ਕਰਨ ਦਿਉ।
28 ਮੈਂ ਉਦਾਸ ਅਤੇ ਥਕਿਆ ਹੋਇਆ ਹਾਂ,
    ਆਦੇਸ਼ ਦੇਵੋ ਅਤੇ ਮੈਨੂੰ ਫ਼ੇਰ ਬਲਵਾਨ ਬਣਾ ਦਿਉ।
29 ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ।
    ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ।
30 ਯਹੋਵਾਹ, ਮੈਂ ਆਪਣੇ-ਆਪ ਨੂੰ ਤੁਹਾਡੇ ਪ੍ਰਤਿ ਵਫ਼ਾਦਾਰ ਹੋਣ ਲਈ ਚੁਣਿਆ ਹੈ।
    ਮੈਂ ਤੁਹਾਡੇ ਸਿਆਣੇ ਫ਼ੈਸਲਿਆਂ ਨੂੰ ਧਿਆਨ ਨਾਲ ਪੜ੍ਹਦਾ ਹਾਂ।
31 ਮੈਂ ਤੁਹਾਡੇ ਕਰਾਰ ਨਾਲ ਜੁੜਦਾ ਹਾਂ, ਯਹੋਵਾਹ।
    ਮੈਨੂੰ ਨਿਰਾਸ਼ ਨਾ ਕਰੋ।
32 ਮੈਂ ਖੁਸ਼ੀ ਨਾਲ ਤੁਹਾਡੇ ਆਦੇਸ਼ ਮੰਨਾਗਾ।
    ਯਹੋਵਾਹ, ਤੁਹਾਡੇ ਆਦੇਸ਼ ਮੈਨੂੰ ਪ੍ਰਸੰਨ ਕਰਦੇ ਹਨ।

ਹੇ

33 ਯਹੋਵਾਹ, ਮੈਨੂੰ ਆਪਣੇ ਨੇਮਾ ਦੀ ਸਿੱਖਿਆ ਦੇਵੋ,
    ਅਤੇ ਮੈਂ ਉਨ੍ਹਾਂ ਉੱਤੇ ਚੱਲਾਂਗਾ।
34 ਸਮਝਣ ਵਿੱਚ ਮੇਰੀ ਮਦਦ ਕਰੋ,
    ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ।
    ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।
35 ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ।
    ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।
36 ਆਪਣੇ ਕਰਾਰ ਬਾਰੇ ਸੋਚਣ ਵਿੱਚ ਮੇਰੀ ਮਦਦ ਕਰੋ
    ਬਜਾਇ ਇਸਦੇ ਕਿ ਮੈਂ ਅਮੀਰ ਕਿਵੇਂ ਹੋਵਾਂ?
37 ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ।
    ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ।
38 ਉਹੀ ਕਰੋ ਜਿਸਦਾ ਵਾਅਦਾ ਤੁਸੀਂ ਆਪਣੇ ਸੇਵਕ ਨਾਲ ਕੀਤਾ ਸੀ
    ਤਾਂ ਜੋ ਲੋਕ ਤੁਹਾਡਾ ਆਦਰ ਕਰਨ।
39 ਯਹੋਵਾਹ, ਸ਼ਰਮਿੰਦਗੀ ਨੂੰ ਦੂਰ ਕਰ ਦਿਉ ਜਿਸਤੋਂ ਮੈਂ ਡਰਦਾ ਹਾਂ।
    ਤੁਹਾਡੇ ਸਿਆਣੇ ਨਿਆਂ ਸ਼ੁਭ ਹਨ।
40 ਵੇਖੋ, ਮੈਂ ਤੁਹਾਡੇ ਹੁਕਮਾਂ ਦੀ ਇੱਛਾ ਕਰਦਾ ਹਾਂ,
    ਮੇਰੇ ਨਾਲ ਚੰਗਾ ਕਰੋ ਅਤੇ ਮੈਨੂੰ ਜਿਉਣ ਦਿਉ।

ਵਾਉ

41 ਯਹੋਵਾਹ, ਮੈਨੂੰ ਆਪਣਾ ਸੱਚਾ ਪਿਆਰ ਦਰਸਾਉ।
    ਮੈਨੂੰ ਬਚਾਉ ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।
42 ਫ਼ੇਰ ਮੇਰੇ ਕੋਲ ਜਵਾਬ ਹੋਵੇਗਾ।
ਉਨ੍ਹਾਂ ਲੋਕਾਂ ਲਈ ਜੋ ਮੈਨੂੰ ਬੇਇੱਜ਼ਤ ਕਰਦੇ ਹਨ।
    ਮੈਨੂੰ ਸੱਚਮੁੱਚ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਹੈ ਜੋ ਤੁਸੀਂ ਆਖਦੇ ਹੋ, ਯਹੋਵਾਹ।
43 ਮੈਨੂੰ ਹਮੇਸ਼ਾ ਤੁਹਾਡੀਆਂ ਸੱਚੀਆਂ ਸਿੱਖਿਆਵਾਂ ਬਾਰੇ ਬੋਲਣ ਦਿਉ।
    ਯਹੋਵਾਹ, ਮੈਂ ਤੁਹਾਡੇ ਸਿਆਣੇ ਨਿਆਂਇਆਂ ਉੱਤੇ ਨਿਰਭਰ ਕਰਦਾ ਹਾਂ।
44 ਯਹੋਵਾਹ, ਮੈਂ ਸਦਾ-ਸਦਾ ਲਈ ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਾਂਗਾ।
45 ਤਾਂ ਜੋ ਮੈਂ ਮੁਕਤ ਹੋ ਜਾਵਾ।
    ਕਿਉਂ? ਕਿਉਂਕਿ ਮੈਂ ਤੁਹਾਡੇ ਨੇਮਾਂ ਨੂੰ ਮੰਨਣ ਦੀ ਸਖਤ ਕੋਸ਼ਿਸ਼ ਕਰਦਾ ਹਾਂ।
46 ਮੈਂ ਰਾਜਿਆਂ ਨਾਲ ਤੁਹਾਡੇ ਕਰਾਰ ਬਾਰੇ ਚਰਚਾ ਕਰਾਂਗਾ।
    ਅਤੇ ਮੈਨੂੰ ਉਨ੍ਹਾਂ ਕੋਲੋਂ ਨਮੋਸ਼ੀ ਨਹੀਂ ਹੋਵੇਗੀ।
47 ਮੈਨੂੰ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ, ਯਹੋਵਾਹ।
    ਮੈਂ ਉਨ੍ਹਾਂ ਆਦੇਸ਼ਾ ਨੂੰ ਪਿਆਰ ਕਰਦਾ ਹਾਂ।
48 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਦੀ ਉਸਤਤਿ ਕਰਦਾ ਹਾਂ।
    ਮੈਂ ਉਨ੍ਹਾ ਨੂੰ ਪਿਆਰ ਕਰਦਾ ਹਾਂ। ਅਤੇ ਮੈਂ ਉਨ੍ਹਾ ਦਾ ਅਧਿਐਨ ਕਰਾਂਗਾ।

ਉਤਪਤ 9:18-29

ਮੁਸ਼ਕਿਲਾਂ ਫ਼ੇਰ ਸ਼ੁਰੂ ਹੁੰਦੀਆਂ ਹਨ

18 ਨੂਹ ਦੇ ਪੁੱਤਰ ਉਸ ਦੇ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਨਾਮ ਸਨ: ਸ਼ੇਮ, ਹਾਮ ਅਤੇ ਯਾਫ਼ਥ। (ਹਾਮ ਕਨਾਨ ਦਾ ਪਿਤਾ ਸੀ।) 19 ਇਹ ਤਿੰਨੇ ਆਦਮੀ ਨੂਹ ਦੇ ਪੁੱਤਰ ਸਨ। ਅਤੇ ਧਰਤੀ ਦੇ ਸਾਰੇ ਲੋਕ ਉਨ੍ਹਾਂ ਤਿੰਨਾਂ ਪੁੱਤਰਾਂ ਦੀ ਉਲਾਦ ਸਨ।

20 ਨੂਹ ਇੱਕ ਕਿਸਾਨ ਬਣ ਗਿਆ। ਉਸ ਨੇ ਅੰਗੂਰਾਂ ਦਾ ਬਾਗ ਲਾਇਆ। 21 ਨੂਹ ਨੇ ਮੈਅ ਬਣਾਈ ਅਤੇ ਪੀਤੀ। ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਲੇਟ ਗਿਆ। ਨੂਹ ਨੇ ਕੱਪੜੇ ਨਹੀਂ ਪਹਿਨੇ ਹੋਏ ਸਨ। 22 ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ। 23 ਫ਼ੇਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੋਟ ਲਿਆਂਦਾ। ਉਹ ਕੋਟ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਤੰਬੂ ਵਿੱਚ ਗਏ। ਉਹ ਤੰਬੂ ਵਿੱਚ ਪਿੱਛਲੇ ਪੈਰੀਂ ਗਏ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।

24 ਬਾਦ ਵਿੱਚ ਨੂਹ ਜਾਗ ਪਿਆ। (ਉਹ ਮੈਅ ਪੀਣ ਕਾਰਣ ਸੁੱਤਾ ਹੋਇਆ ਸੀ।) ਫ਼ੇਰ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਜਵਾਨ ਪੁੱਤਰ, ਹਾਮ ਨੇ ਉਸ ਨਾਲ ਕੀ ਕੀਤਾ ਸੀ। 25 ਇਸ ਲਈ ਨੂਹ ਨੇ ਆਖਿਆ,

“ਕਨਾਨ ਨੂੰ ਸਰਾਪ ਲੱਗੇ!
    ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।”

26 ਨੂਹ ਨੇ ਇਹ ਵੀ ਆਖਿਆ,

“ਸ਼ੇਮ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦਿਓ!
    ਕਨਾਨ ਸ਼ੇਮ ਦਾ ਗੁਲਾਮ ਹੋ ਜਾਵੇ।
27 ਪਰਮੇਸ਼ੁਰ ਯਾਫ਼ਥ ਨੂੰ ਹੋਰ ਧਰਤੀ ਦੇਵੇ,
    ਪਰਮੇਸ਼ੁਰ ਸ਼ੇਮ ਦੇ ਤੰਬੂਆਂ ਵਿੱਚ ਰਹੇ।
    ਅਤੇ ਕਨਾਨ ਉਨ੍ਹਾਂ ਦਾ ਗੁਲਾਮ ਹੋਵੇ।”

28 ਹੜ੍ਹ ਮਗਰੋਂ ਨੂਹ 350 ਵਰ੍ਹੇ ਜੀਵਿਆ। 29 ਨੂਹ ਕੁੱਲ 950 ਵਰ੍ਹੇ ਜੀਵਿਆ, ਫ਼ੇਰ ਉਹ ਮਰ ਗਿਆ।

ਇਬਰਾਨੀਆਂ ਨੂੰ 6:1-12

ਇਸ ਲਈ ਸਾਨੂੰ ਮਸੀਹ ਬਾਰੇ ਮੁਢੱਲੇ ਪਾਠ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਉਨ੍ਹਾਂ ਗੱਲਾਂ ਵੱਲ ਵਾਪਸ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨਾਲ ਅਸੀਂ ਸ਼ੁਰੂਆਤ ਕੀਤੀ ਸੀ। ਅਸੀਂ ਮਸੀਹ ਵਿੱਚ ਆਪਣੇ ਜੀਵਨ ਦੀ ਸ਼ੁਰੂਆਤ ਪਹਿਲਾਂ ਕੀਤੀਆਂ ਮੰਦੀਆਂ ਗੱਲਾਂ ਤੋਂ ਦੂਰ ਜਾਣ ਤੋਂ ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਰਾਹੀਂ ਕੀਤੀ ਸੀ। ਉਸ ਸਮੇਂ, ਸਾਨੂੰ ਬਪਤਿਸਮੇ ਬਾਰੇ, ਲੋਕਾਂ ਉੱਤੇ ਹੱਥ ਰੱਖਣ ਦੇ ਖਾਸ ਵਿਖਾਵੇ ਬਾਰੇ, ਮੁਰਦਿਆਂ ਨੂੰ ਜਿਵਾਲੇ ਜਾਣ ਬਾਰੇ, ਅਤੇ ਸਦੀਵੀ ਨਿਆਂ ਬਾਰੇ ਸਿੱਖਾਇਆ ਗਿਆ ਸੀ। ਪਰ ਹੁਣ, ਸਾਨੂੰ ਅਗਾਹਾਂ ਹੋਰ ਵੱਧੇਰੇ ਪ੍ਰਪੱਕਤਾ ਦੇ ਉਪਦੇਸ਼ ਵੱਲ ਵੱਧਣਾ ਚਾਹੀਦਾ ਹੈ। ਅਤੇ ਜੇ ਪਰਮੇਸ਼ੁਰ ਆਗਿਆ ਦੇਵੇ, ਤਾਂ ਅਸੀਂ ਵੀ ਇਹ ਕਰਾਂਗੇ।

4-6 ਜਦੋਂ ਲੋਕ ਮਸੀਹ ਦਾ ਮਾਰਗ ਛੱਡ ਚੁੱਕੇ ਹੋਣ ਤਾਂ ਕੀ ਤੁਸੀਂ ਉਨ੍ਹਾਂ ਦਾ ਜੀਵਨ ਫ਼ੇਰ ਤਬਦੀਲ ਕਰਵਾ ਸੱਕਦੇ ਹੋਂ? ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੂੰ ਸੱਚ ਦਾ ਪਤਾ ਹੈ। ਉਨ੍ਹਾਂ ਨੇ ਪਰਮੇਸ਼ੁਰ ਤੋਂ ਦਾਤ ਪ੍ਰਾਪਤ ਕੀਤੀ ਅਤੇ ਪਵਿੱਤਰ ਆਤਮਾ ਵਿੱਚ ਸੰਮਲਿਤ ਹੋਏ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀਆਂ ਆਖੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਮਹਾਨ ਸ਼ਕਤੀ ਵੀ ਦੇਖੀ। ਉਨ੍ਹਾਂ ਨੇ ਖੁਦ ਦੇਖਿਆ ਕਿ ਉਹ ਸਾਰੀਆਂ ਗੱਲਾਂ ਬਹੁਤ ਚੰਗੀਆਂ ਸਨ। ਪਰ ਫ਼ੇਰ ਉਨ੍ਹਾਂ ਨੇ ਯਿਸੂ ਦਾ ਮਾਰਗ ਛੱਡ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣਾ ਜੀਵਨ ਤਬਦੀਲ ਕਰਾਉਣਾ ਅਤੇ ਮਸੀਹ ਕੋਲ ਵਾਪਸ ਆਉਣਾ ਸੰਭਵ ਨਹੀਂ। ਕਿਉਂ? ਕਿਉਂਕਿ ਉਹ ਲੋਕ ਜਿਨ੍ਹਾਂ ਨੇ ਮਸੀਹ ਦਾ ਮਾਰਗ ਛੱਡ ਦਿੱਤਾ ਹੈ, ਅਸਲ ਵਿੱਚ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਫ਼ੇਰ ਤੋਂ ਸਲੀਬ ਉੱਤੇ ਠੋਕ ਰਹੇ ਹਨ ਅਤੇ ਸਮੂਹ ਲੋਕਾਂ ਸਾਹਮਣੇ ਉਸ ਲਈ ਸ਼ਰਮ ਲਿਆਉਂਦੇ ਹਨ।

ਉਹ ਲੋਕ ਉਸ ਧਰਤੀ ਵਰਗੇ ਹਨ ਜਿਹੜੀ ਬਹੁਤ ਵਰੱਖਾ ਪ੍ਰਾਪਤ ਕਰਦੀ ਹੈ। ਕਿਸਾਨ ਉਸ ਧਰਤੀ ਤੇ ਬੀਜ ਬੀਜਦਾ ਹੈ ਅਤੇ ਉਸਦੀ ਦੇਖ-ਭਾਲ ਕਰਦਾ ਹੈ ਤਾਂ ਜੋ ਉਹ ਇਸਤੋਂ ਅਨਾਜ ਪਾ ਸੱਕੇ। ਜੇਕਰ ਉਹ ਜ਼ਮੀਨ ਉਨ੍ਹਾਂ ਲਈ ਫ਼ਸਲਾਂ ਉਗਾਉਂਦੀ ਹੈ ਜੋ ਉਸਤੇ ਵਾਹੀ ਕਰਦੇ ਹਨ, ਉਹ ਧਰਤੀ ਪਰਮੇਸ਼ੁਰ ਦੁਆਰਾ ਅਸੀਸਮਈ ਹੈ। ਪਰ ਜੇ ਉਹ ਧਰਤੀ ਘਾਹ-ਪੱਤੇ ਤੇ ਕੰਡੇ ਉਗਾਉਂਦੀ ਹੈ ਤਾਂ ਬੇਕਾਰ ਹੈ। ਉਸ ਧਰਤੀ ਨੂੰ ਇਹ ਖਤਰਾ ਹੈ ਕਿ ਉਸ ਉੱਪਰ ਪਰਮੇਸ਼ੁਰ ਦੀ ਫ਼ਿਟਕਾਰ ਹੋਵੇਗੀ। ਅਤੇ ਉਸ ਧਰਤੀ ਨੂੰ ਅੱਗ ਰਾਹੀਂ ਤਬਾਹ ਕਰ ਦਿੱਤਾ ਜਾਵੇਗਾ।

ਪਿਆਰੇ ਮਿੱਤਰੋ, ਅਸੀਂ ਇਹ ਗੱਲਾਂ ਤੁਹਾਨੂੰ ਆਖ ਰਹੇ ਹਾਂ। ਪਰ ਅਸੀਂ ਤੁਹਾਡੇ ਪਾਸੋਂ ਵੱਧੇਰੇ ਚੰਗੀਆਂ ਗੱਲਾਂ ਦੀ ਆਸ ਰੱਖਦੇ ਹਾਂ। ਸਾਨੂੰ ਯਕੀਨ ਹੈ ਕਿ ਤੁਸੀਂ ਮੁਕਤੀ ਬਾਰੇ ਉਹ ਗੱਲਾਂ ਕਰੋਂਗੇ। 10 ਪਰਮੇਸ਼ੁਰ ਨਿਆਂਈ ਹੈ। ਪਰਮੇਸ਼ੁਰ ਉਸ ਸਾਰੇ ਕੰਮ ਨੂੰ ਚੇਤੇ ਰੱਖੇਗਾ ਜਿਹੜਾ ਤੁਸੀਂ ਕੀਤਾ ਹੈ। ਅਤੇ ਪਰਮੇਸ਼ੁਰ ਚੇਤੇ ਰੱਖੇਗਾ ਕਿ ਤੁਸੀਂ ਉਸ ਦੇ ਲੋਕਾਂ ਦੀ ਸਹਾਇਤਾ ਉਸ ਨਾਲ ਆਪਣਾ ਪਿਆਰ ਪ੍ਰਗਟ ਕਰਨ ਲਈ ਕੀਤੀ ਹੈ। ਅਤੇ ਪਰਮੇਸ਼ੁਰ ਚੇਤੇ ਰੱਖੇਗਾ ਕਿ ਤੁਸੀਂ ਉਸ ਦੇ ਲੋਕਾਂ ਦੀ ਸਹਾਇਤਾ ਲਗਾਤਾਰ ਕਰ ਰਹੇ ਹੋ। 11 ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜੀਵਨ ਭਰ ਉਹੀ ਮੁਸ਼ਕਿਲ ਕੰਮ ਕਰਦੇ ਰਹੋ। ਫ਼ੇਰ ਤੁਸੀਂ ਨਿਸ਼ਚਿਤ ਹੀ ਉਹ ਮਹਾਨ ਚੀਜ਼ ਪ੍ਰਾਪਤ ਕਰੋਂਗੇ ਜਿਸਦੀ ਤੁਸੀਂ ਉਮੀਦ ਕਰ ਰਹੇ ਸੀ। 12 ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਵਰਗੇ ਬਣੋ ਜਿਹੜੇ ਪਰਮੇਸ਼ੁਰ ਵੱਲੋਂ ਵਾਦਾ ਕੀਤੀਆਂ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਨ। ਉਨ੍ਹਾਂ ਲੋਕਾਂ ਨੇ ਆਪਣੇ ਵਿਸ਼ਵਾਸ ਅਤੇ ਸਬਰ ਦੇ ਕਾਰਣ ਪਰਮੇਸ਼ੁਰ ਦੇ ਵਾਇਦਿਆਂ ਨੂੰ ਪ੍ਰਾਪਤ ਕੀਤਾ ਹੈ।

ਯੂਹੰਨਾ 3:22-36

ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ

22 ਇਸ ਪਿੱਛੋਂ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਗਏ। ਉੱਥੇ ਯਿਸੂ ਆਪਣੇ ਚੇਲਿਆਂ ਨਾਲ ਰਿਹਾ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ। 23 ਯੂਹੰਨਾ ਵੀ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਏਨੋਨ ਸਾਲਿਮ ਦੇ ਨੇੜੇ ਹੈ। ਯੂਹੰਨਾ ਉੱਥੇ ਇਸ ਲਈ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਅਥਾਹ ਪਾਣੀ ਸੀ। ਲੋਕ ਉੱਥੇ ਬਪਤਿਸਮਾ ਲੈਣ ਲਈ ਜਾ ਰਹੇ ਸਨ। 24 ਇਹ ਗੱਲ ਯੂਹੰਨਾ ਨੂੰ ਕੈਦ ਭੇਜਣ ਤੋਂ ਪਹਿਲਾਂ ਵਾਪਰੀ।

25 ਯੂਹੰਨਾ ਦੇ ਚੇਲਿਆਂ ਨੇ ਇੱਕ ਹੋਰ ਯਹੂਦੀ ਨਾਲ ਧਾਰਮਿਕ ਸ਼ੁੱਧਤਾ ਬਾਰੇ ਬਹਿਸ ਕੀਤੀ। 26 ਇਸ ਲਈ ਚੇਲੇ ਯੂਹੰਨਾ ਕੋਲ ਆਏ ਅਤੇ ਆਖਿਆ, “ਗੁਰੂ ਜੀ, ਕੀ ਤੁਹਾਨੂੰ ਉਹ ਆਦਮੀ ਯਾਦ ਹੈ ਜਿਹੜਾ ਯਰਦਨ ਦਰਿਆ ਦੇ ਪਾਰ ਤੁਹਾਡੇ ਨਾਲ ਸੀ? ਤੁਸੀਂ ਲੋਕਾਂ ਨਾਲ ਉਸ ਬਾਰੇ ਹੀ ਗੱਲਾਂ ਕਰ ਰਹੇ ਸੀ। ਉਹੀ ਆਦਮੀ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਅਤੇ ਬਹੁਤ ਸਾਰੇ ਲੋਕ ਉਸ ਕੋਲ ਜਾ ਰਹੇ ਸਨ।”

27 ਯੂਹੰਨਾ ਨੇ ਉੱਤਰ ਦਿੱਤਾ, “ਬੰਦਾ ਉਹੀ ਪ੍ਰਾਪਤ ਕਰ ਸੱਕਦਾ ਹੈ ਜੋ ਉਸ ਨੂੰ ਪਰਮੇਸ਼ੁਰ ਦਿੰਦਾ। 28 ਤੁਸੀਂ ਮੈਨੂੰ ਇਹ ਕਹਿੰਦਿਆਂ ਸੁਣਿਆ ਕਿ ‘ਮੈਂ ਮਸੀਹ ਨਹੀਂ ਹਾਂ ਪਰ ਮੈਂ ਪਰਮੇਸ਼ੁਰ ਦੁਆਰਾ ਉਸ ਵਾਸਤੇ ਰਾਹ ਬਨਾਉਣ ਲਈ ਭੇਜਿਆ ਗਿਆ ਸੀ।’ 29 ਲਾੜੀ ਕੇਵਲ ਲਾੜੇ ਵਾਸਤੇ ਹੀ ਹੈ। ਲਾੜੇ ਦਾ ਜੋ ਮਿੱਤਰ ਲਾੜੇ ਦਾ ਇੰਤਜ਼ਾਰ ਕਰਦਾ ਹੈ ਅਤੇ ਲਾੜੇ ਦੀਆਂ ਗੱਲਾਂ ਸੁਣਦਾ ਹੈ ਉਹ ਉਦੋਂ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹ ਲਾੜੇ ਦੀ ਅਵਾਜ਼ ਸੁਣਦਾ ਹੈ। ਇਹ ਖੁਸ਼ੀ ਮੈਨੂੰ ਮਿਲੀ ਹੈ। ਮੈਂ ਹੁਣ ਬਹੁਤ ਹੀ ਪ੍ਰਸੰਨ ਹਾਂ। 30 ਉਸ ਨੂੰ ਵੱਧਣਾ ਚਾਹੀਦਾ ਹੈ ਅਤੇ ਮੈਨੂੰ ਘਟਣਾ ਚਾਹੀਦਾ ਹੈ।

ਉਹ ਸਵਰਗ ਤੋਂ ਆਉਂਦਾ ਹੈ

31 “ਉਹ ਇੱਕ ਜੋ ਉੱਪਰੋਂ ਆ ਰਿਹਾ ਹੈ ਬਾਕੀ ਸਾਰਿਆਂ ਤੋਂ ਮਹਾਨ ਹੈ। ਉਹ ਜੋ ਇਸ ਧਰਤੀ ਦਾ ਹੈ ਉਹ ਧਰਤੀ ਦਾ ਹੀ ਹੈ। ਉਹ ਵਿਅਕਤੀ ਸਿਰਫ਼ ਉਹੀ ਗੱਲਾਂ ਕਰਦਾ ਹੈ ਜੋ ਧਰਤੀ ਨਾਲ ਸੰਬੰਧਿਤ ਹਨ। ਉਹ ਜਿਹੜਾ ਸਵਰਗ ਤੋਂ ਆਵੇਗਾ ਬਾਕੀ ਸਾਰਿਆਂ ਤੋਂ ਮਹਾਨ ਹੈ। 32 ਉਹ ਉਨ੍ਹਾਂ ਗੱਲਾਂ ਬਾਰੇ ਦੱਸਦਾ ਹੈ ਜੋ ਉਸ ਨੇ ਦੇਖੀਆਂ ਤੇ ਸੁਣੀਆਂ ਹਨ, ਪਰ ਲੋਕ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ। 33 ਜੋ ਵਿਅਕਤੀ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਕਰਦਾ, ਸਬੂਤ ਦਿੰਦਾ ਹੈ ਕਿ ਪਰਮੇਸ਼ੁਰ ਸੱਚ ਕਹਿੰਦਾ ਹੈ। 34 ਕਿਉਂਕਿ ਜਿਹੜਾ ਪਰਮੇਸ਼ੁਰ ਦੁਆਰਾ ਘੱਲਿਆ ਗਿਆ ਹੈ ਉਹ ਪਰਮੇਸ਼ੁਰ ਦੇ ਸ਼ਬਦ ਬੋਲਦਾ ਹੈ ਅਤੇ ਪਰਮੇਸ਼ੁਰ ਉਸ ਨੂੰ ਅਸੀਮਿਤ ਆਤਮਾ ਦਿੰਦਾ ਹੈ। 35 ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ। ਪਿਤਾ ਨੇ ਪੁੱਤਰ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਹੈ। 36 ਉਹ ਵਿਅਕਤੀ ਜਿਹੜਾ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਸ ਕੋਲ ਸਦੀਪਕ ਜੀਵਨ ਹੈ। ਪਰ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਕੋਲ ਜੀਵਨ ਨਹੀਂ ਹੋਵੇਗਾ। ਪਰਮੇਸ਼ੁਰ ਦਾ ਕ੍ਰੋਧ ਉਸ ਵਿਅਕਤੀ ਉੱਤੇ ਹੋਵੇਗਾ।”

Punjabi Bible: Easy-to-Read Version (ERV-PA)

2010 by World Bible Translation Center