Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 20-21

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
    ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
    ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
    ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
    ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
    ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।

ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
    ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
    ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
    ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
    ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।

ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
    ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

21 ਹੇ ਯਹੋਵਾਹ, ਤੇਰੀ ਸ਼ਕਤੀ ਰਾਜੇ ਨੂੰ ਪ੍ਰਸੰਨ ਕਰਦੀ ਹੈ।
    ਜਦੋਂ ਤੂੰ ਉਸ ਨੂੰ ਬਚਾਉਂਦਾ ਉਹ ਇੰਨਾ ਖੁਸ਼ ਹੈ।
ਤੁਸੀਂ ਰਾਜੇ ਨੂੰ ਮਨ ਇੱਛਿਤ ਵਸਤਾਂ ਦਿੱਤੀਆਂ,
    ਅਤੇ ਜੋ ਵੀ ਉਸ ਨੇ ਮੰਗਿਆਂ ਤੁਸੀਂ ਉਸ ਨੂੰ ਦਿੱਤਾ।

ਯਹੋਵਾਹ ਸੱਚਮੁੱਚ ਤੁਸਾਂ ਰਾਜੇ ਨੂੰ ਅਸੀਸ ਦਿੱਤੀ।
    ਤੁਸੀਂ ਉਸ ਦੇ ਸੀਸ ਉੱਤੇ ਸੁਨਿਹਰੀ ਤਾਜ ਰੱਖਿਆ।
ਹੇ ਪਰਮੇਸ਼ੁਰ, ਰਾਜੇ ਨੇ ਤੁਸਾਂ ਤੋਂ ਜੀਵਨ ਮੰਗਿਆ ਸੀ, ਅਤੇ ਤੁਸੀਂ ਇਹ ਉਸ ਨੂੰ ਪ੍ਰਦਾਨ ਕੀਤਾ।
    ਤੁਸੀਂ ਉਸ ਨੂੰ ਲੰਮਾ ਜੀਵਨ ਦਿੱਤਾ ਜਿਹੜਾ ਸਦਾ-ਸਦਾ ਲਈ ਕਾਇਮ ਰਹਿੰਦਾ ਹੈ।
ਤੁਸਾਂ ਰਾਜੇ ਨੂੰ ਜਿੱਤ ਪ੍ਰਦਾਨ ਕੀਤੀ ਅਤੇ ਉਸ ਨੂੰ ਵੱਡੀ ਮਹਿਮਾ ਦਿੱਤੀ।
    ਤੁਸਾਂ ਉਸ ਨੂੰ ਇੱਜ਼ਤ ਅਤੇ ਉਸਤਤਿ ਦਿੱਤੀ।
ਹੇ ਪਰਮੇਸ਼ੁਰ, ਸੱਚਮੁੱਚ ਤੁਸਾਂ ਰਾਜੇ ਨੂੰ ਸਦੀਵੀ ਅਸੀਸ ਦਿੱਤੀ।
    ਜਦ ਵੀ ਰਾਜਾ ਤੁਹਾਡਾ ਮੁੱਖ ਤੱਕਦਾ ਹੈ, ਉਸ ਨੂੰ ਇਸਤੋਂ ਅਪਾਰ ਖੁਸ਼ੀ ਹੁੰਦੀ ਹੈ।
ਰਾਜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ।
    ਸੱਭ ਤੋਂ ਉੱਚਾ ਰਾਜਾ ਉਸ ਨੂੰ ਨਿਰਾਸ਼ ਨਹੀਂ ਕਰੇਗਾ।
ਹੇ ਪਰਮੇਸ਼ੁਰ, ਤੁਸੀਂ ਆਪਣੇ ਸਾਰੇ ਦੁਸ਼ਮਣਾਂ ਨੂੰ ਵਿਖਾ ਦਿਉਂਗੇ ਕਿ ਤੁਸੀਂ ਸ਼ਕਤੀਮਾਨ ਹੋ।
    ਤੁਹਾਡੀ ਸ਼ਕਤੀ ਉਨ੍ਹਾਂ ਨੂੰ ਹਰਾਏਗੀ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਹਨ।
ਹੇ ਪਰਮੇਸ਼ੁਰ, ਜਦੋਂ ਤੂੰ ਰਾਜੇ ਦੇ ਨਾਲ ਹੈਂ ਉਹ ਬਲਦੇ ਗਰਮ ਤੰਦੂਰ ਵਰਗਾ ਹੈ,
    ਜਿਹੜਾ ਉਸ ਸਾਰੀ ਸਮਗਰੀ ਨੂੰ ਸਾੜ ਦਿੰਦਾ ਹੈ, ਜਿਹੜੀ ਉਸ ਦੇ ਅੰਦਰ ਹੁੰਦੀ ਹੈ।
ਉਸਦਾ ਗੁੱਸਾ ਮੱਚਦੀ ਅੱਗ ਵਰਗਾ ਹੈ
    ਜਿਹੜਾ ਮੁਕੰਮਲ ਤੌਰ ਤੇ ਉਸ ਦੇ ਵੈਰੀਆਂ ਦੀ ਤਬਾਹੀ ਦਾ ਕਾਰਣ ਬਣਦਾ ਹੈ।
10 ਉਸ ਦੇ ਦੁਸ਼ਮਣਾਂ ਦੇ ਪਰਿਵਾਰ ਵੀ ਤਬਾਹ ਹੋ ਜਾਣਗੇ,
    ਉਹ ਧਰਤੀ ਉੱਤੋਂ ਮਿਟ ਜਾਣਗੇ।
11 ਕਿਉਂ? ਕਿਉਂਕਿ ਯਹੋਵਾਹ, ਉਨ੍ਹਾਂ ਲੋਕਾਂ ਨੇ ਤੁਹਾਡੇ ਖਿਲਾਫ਼ ਦੁਸ਼ਟ ਗੱਲਾਂ ਵਿਉਂਤੀਆਂ ਹਨ।
    ਉਨ੍ਹਾਂ ਨੇ ਦੁਸ਼ਟ ਗੱਲਾਂ ਕਰਨ ਦੀਆਂ ਵਿਉਂਤਾਂ ਬਣਾਈਆਂ ਪਰ ਉਹ ਸਫ਼ਲਤਾ ਪ੍ਰਾਪਤ ਨਾ ਕਰ ਸੱਕੇ।
12 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ।
    ਤੁਸਾਂ ਉਨ੍ਹਾਂ ਨੂੰ ਇੱਕ ਜੁੱਟ ਰੱਸੇ ਵਿੱਚ ਬੰਨ੍ਹ ਦਿੱਤਾ
ਤੁਸਾਂ ਉਨ੍ਹਾਂ ਦੇ ਗਲਾਂ ਵਿੱਚ ਰੱਸੇ ਪਾਏ।
    ਤੁਸੀਂ ਗੁਲਾਮਾਂ ਵਾਂਗ ਉਨ੍ਹਾਂ ਦਾ ਸਿਰ ਝੁਕਾਇਆ।

13 ਯਹੋਵਾਹ, ਤੁਹਾਡੀ ਸ਼ਕਤੀ ਦੇ ਗੀਤਾਂ ਨੂੰ ਤੁਹਾਡੀ ਉਸਤਤਿ ਕਰਨ ਦਿਉ।
    ਅਸੀਂ ਤੁਹਾਡੀ ਮਹਾਨਤਾ ਦੇ ਗੀਤ ਗਾਵਾਂਗੇ।

ਜ਼ਬੂਰ 110

ਦਾਊਦ ਦਾ ਇੱਕ ਉਸਤਤਿ ਗੀਤ।

110 ਯਹੋਵਾਹ ਨੇ ਮੇਰੇ ਮਾਲਕ ਨੂੰ ਆਖਿਆ,
    “ਮੇਰੇ ਕੋਲ ਮੇਰੇ ਸੱਜੇ ਪਾਸੇ ਬੈਠੋ, ਜਦੋਂ ਕਿ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅਧੀਨ ਕਰਦਾ ਹਾਂ।”

ਯਹੋਵਾਹ ਤੁਹਾਡੇ ਰਾਜ ਨੂੰ ਵੱਧਣ ਫ਼ੁੱਲਣ ਵਿੱਚ ਸਹਾਇਤਾ ਕਰੇਗਾ। ਸੀਯੋਨ, ਵਿੱਚ ਤੁਹਾਡਾ ਰਾਜ ਸ਼ੁਭ ਹੋਵੇਗਾ।
    ਅਤੇ ਉਹ ਉਦੋਂ ਤੱਕ ਵੱਧੇਗਾ ਜਦੋਂ ਤੱਕ ਕਿ ਤੁਸੀਂ ਆਪਣੇ ਦਸ਼ਮਣਾਂ ਦੇ ਦੇਸ਼ਾਂ ਵਿੱਚ ਵੀ ਰਾਜ ਕਰੋਂਗੇ।
ਤੁਹਾਡੇ ਲੋਕ ਸ੍ਵੈਂ-ਇੱਛਾ ਨਾਲ ਤੁਹਾਡਾ ਸੰਗ ਕਰਨਗੇ
    ਜਦੋਂ ਤੁਸੀਂ ਆਪਣੀ ਸੈਨਾ ਇੱਕ ਸਾਥ ਇਕੱਠੀ ਕਰੋਂਗੇ।
ਉਹ ਖਾਸ ਵਸਤਰ ਪਾਉਣਗੇ
    ਅਤੇ ਅਮ੍ਰਿਤ ਵੇਲੇ ਆ ਮਿਲਣਗੇ
ਉਹ ਨੌਜਵਾਨ ਲੋਕ ਤੁਹਾਡੇ ਚਾਰ-ਚੁਫ਼ੇਰੇ ਹੋਣਗੇ।
    ਜਿਵੇਂ ਧਰਤੀ ਉੱਤੇ ਤ੍ਰੇਲ ਹੁੰਦੀ ਹੈ।

ਯਹੋਵਾਹ ਨੇ ਇਕਰਾਰ ਕੀਤਾ ਸੀ
    ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,
“ਤੁਸੀਂ ਸਦਾ ਲਈ ਜਾਜਕ ਹੋ –
    ਜਿਸ ਤਰ੍ਹਾਂ ਦਾ ਜਾਜਕ ਮਲਕਿ-ਸਿਦਕ ਸੀ।”

ਮੇਰਾ ਮਾਲਕ ਤੁਹਾਡੇ ਸੱਜੇ ਪਾਸੇ ਖਲੋਤਾ ਹੈ।
    ਉਹ ਹੋਰਾਂ ਰਾਜਿਆਂ ਨੂੰ ਹਰਾ ਦੇਵੇਗਾ, ਜਦੋਂ ਉਹ ਕ੍ਰੋਧਵਾਨ ਹੋਵੇਗਾ।
ਪਰਮੇਸ਼ੁਰ ਕੌਮਾਂ ਬਾਰੇ ਨਿਆਂ ਕਰੇਗਾ।
    ਮੁਰਦਾ ਲਾਸ਼ਾਂ ਜ਼ਮੀਨ ਉੱਤੇ ਵਿਛ ਜਾਣਗੀਆਂ।
    ਅਤੇ ਪਰਮੇਸ਼ੁਰ ਸ਼ਕਤੀਸ਼ਾਲੀ ਕੌਮਾਂ ਦੇ ਆਗੂਆਂ ਨੂੰ ਦੰਡ ਦੇਵੇਗਾ।

ਰਾਜਾ ਰਸਤੇ ਵਿੱਚ ਇੱਕ ਨਦੀ ਤੋਂ ਪਾਣੀ ਪੀਵੇਗਾ।
    ਫ਼ੇਰ ਉਹ ਆਪਣਾ ਸਿਰ ਚੁੱਕੇਗਾ ਅਤੇ ਬਲਵਾਨ ਹੋ ਜਾਵੇਗਾ।

ਜ਼ਬੂਰ 116-117

116 ਮੈਂ ਇਸ ਨੂੰ ਪਸੰਦ ਕਰਦਾ ਹਾਂ
    ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
ਮੈਂ ਇਸ ਨੂੰ ਪਸੰਦ ਕਰਦਾ ਹਾਂ
    ਜਦੋਂ ਸਹਾਇਤਾ ਲਈ ਉਹ ਮੇਰੀ ਪੁਕਾਰ ਨੂੰ ਸੁਣਦਾ ਹੈ।
ਮੈਂ ਤਾਂ ਮਰ ਹੀ ਚੱਲਿਆ ਸਾਂ।
    ਮੌਤ ਦੇ ਰੱਸੇ ਮੇਰੇ ਦੁਆਲੇ ਤਣ ਗਏ ਸਨ।
ਕਬਰ ਹੌਲੀ-ਹੌਲੀ ਮੇਰੇ ਨਜ਼ਦੀਕ ਆ ਰਹੀ ਸੀ।
    ਮੈਂ ਡਰਿਆ ਹੋਇਆ ਅਤੇ ਫ਼ਿਕਰਮੰਦ ਸਾਂ।
ਫ਼ੇਰ ਮੈਂ ਯਹੋਵਾਹ ਦਾ ਨਾਮ ਪੁਕਾਰਿਆ।
    ਮੈਂ ਆਖਿਆ, “ਯਹੋਵਾਹ, ਮੈਨੂੰ ਬਚਾਉ!”
ਯਹੋਵਾਹ ਸ਼ੁਭ ਅਤੇ ਦਯਾਵਾਨ ਹੈ।
    ਪਰਮੇਸ਼ੁਰ ਮਿਹਰਬਾਨ ਹੈ।
ਯਹੋਵਾਹ ਬੇਸਹਾਰਿਆਂ ਦਾ ਧਿਆਨ ਰੱਖਦਾ ਹੈ।
    ਮੈਂ ਨਿਆਸਰਾ ਸਾਂ ਅਤੇ ਯਹੋਵਾਹ ਨੇ ਮੈਨੂੰ ਬਚਾ ਲਿਆ।
ਹੇ ਮੇਰੀ ਆਤਮਾ, ਸ਼ਾਂਤ ਹੋ ਜਾ!
    ਯਹੋਵਾਹ ਤੇਰਾ ਧਿਆਨ ਰੱਖ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਮੇਰੀ ਆਤਮਾ ਨੂੰ ਮੌਤ ਕੋਲੋਂ ਬਚਾਇਆ।
    ਤੁਸੀਂ ਮੇਰੇ ਅਥਰੂ ਰੋਕੋ।
    ਤੁਸੀਂ ਮੈਨੂੰ ਡਿੱਗਣ ਤੋਂ ਬਚਾਇਆ।
ਮੈਂ ਜਿਉਂਦਿਆ ਦੇ ਦੇਸ਼ ਵਿੱਚ ਯਹੋਵਾਹ ਦੀ ਸੇਵਾ ਕਰਦਾ ਰਹਾਂਗਾ।

10 ਮੈਂ ਉਦੋਂ ਵੀ ਵਿਸ਼ਵਾਸ ਕਰਦਾ ਰਿਹਾ ਜਦੋਂ ਮੈਂ ਇਹ ਵੀ ਆਖਿਆ ਸੀ,
    “ਮੈਂ ਤਬਾਹ ਹੋ ਗਿਆ ਹਾਂ!”
11 ਹਾਂ, ਉਦੋਂ ਵੀ ਜਦੋਂ ਮੈਂ ਡਰਿਆ ਹੋਇਆ ਸਾਂ ਅਤੇ ਆਖਿਆ ਸੀ,
    “ਸਾਰੇ ਬੰਦੇ ਝੂਠੇ ਹਨ!”

12 ਮੈਂ ਯਹੋਵਾਹ ਨੂੰ ਕੀ ਅਰਪਣ ਕਰ ਸੱਕਦਾ ਹਾਂ?
    ਯਹੋਵਾਹ ਨੇ ਮੈਨੂੰ ਹਰ ਸ਼ੈਅ ਜੋ ਵੀ ਮੇਰੇ ਕੋਲ ਹੈ ਦਿੱਤੀ ਹੈ।
13 ਉਸ ਨੇ ਮੈਨੂੰ ਬਚਾਇਆ,
    ਇਸ ਲਈ ਮੈਂ ਉਸ ਅੱਗੇ ਪਿਆਲਾ ਭੇਟ ਕਰਾਂਗਾ।
    ਅਤੇ ਮੈਂ ਯਹੋਵਾਹ ਦਾ ਨਾਮ ਪੁਕਾਰਾਂਗਾ।
14 ਮੈਂ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਯਹੋਵਾਹ ਨਾਲ ਇਕਰਾਰ ਕੀਤਾ ਸੀ।
    ਹੁਣ ਮੈਂ ਉਸ ਦੇ ਸਮੂਹ ਬੰਦਿਆ ਦੇ ਸਾਹਮਣੇ ਜਾਵਾਂਗਾ।

15 ਯਹੋਵਾਹ ਵਾਸਤੇ ਉਸ ਦੇ ਕਿਸੇ ਵੀ ਚੇਲੇ ਦੀ ਮੌਤ ਯਹੋਵਾਹ ਵਾਸਤੇ ਬਹੁਤ ਮਹੱਤਵਪੂਰਣ ਹੈ।
    ਹੇ ਯਹੋਵਾਹ, ਮੈਂ ਤੁਹਾਡੇ ਸੇਵਕਾਂ ਵਿੱਚੋਂ ਹਾਂ।
16 ਮੈਂ ਤੁਹਾਡਾ ਸੇਵਕ ਹਾਂ,
    ਤੁਹਾਡੀ ਇੱਕ ਸੇਵਾਦਾਰ ਔਰਤ ਦਾ ਬੱਚਾ।
    ਯਹੋਵਾਹ, ਤੁਸੀਂ ਹੀ ਮੇਰੇ ਪਹਿਲੇ ਗੁਰੂ ਸੀ।
17 ਮੈਂ ਤੁਹਾਡੇ ਅੱਗੇ ਧੰਨਵਾਦ ਭੇਟ ਕਰਾਂਗਾ।
    ਮੈਂ ਯਹੋਵਾਹ ਦਾ ਨਾਮ ਲਵਾਂਗਾ।
18 ਮੈਂ ਯਹੋਵਾਹ ਨੂੰ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
    ਹੁਣ ਮੈਂ ਉਸ ਦੇ ਸਮੂਹ ਬੰਦਿਆਂ ਦੇ ਸਾਹਮਣੇ ਜਾਵਾਂਗਾ।
19 ਮੈਂ ਯਰੂਸ਼ਲਮ ਦੇ ਮੰਦਰ ਵਿੱਚ ਜਾਵਾਂਗਾ।

ਯਹੋਵਾਹ ਦੀ ਉਸਤਤਿ ਕਰੋ।

117 ਤੁਸੀਂ ਸਾਰੀਉ ਕੌਮੋ, ਯਹੋਵਾਹ ਦੀ ਉਸਤਤਿ ਕਰੋ।
    ਤੁਸੀਂ ਸਾਰਿਉ ਲੋਕੋ, ਯਹੋਵਾਹ ਦੀ ਉਸਤਤਿ ਕਰੋ।
ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ।
    ਅਤੇ ਪਰਮੇਸ਼ੁਰ ਸਾਡੇ ਨਾਲ ਸਦਾ ਹੀ ਸੱਚਾ ਰਹੇਗਾ!

ਯਹੋਵਾਹ ਦੀ ਉਸਤਤਿ ਕਰੋ।

ਉਤਪਤ 6:9-22

ਨੂਹ ਅਤੇ ਵੱਡਾ ਹੜ੍ਹ

ਇਹ ਕਹਾਣੀ ਨੂਹ ਦੇ ਪਰਿਵਾਰ ਬਾਰੇ ਹੈ। ਨੂਹ ਆਪਣੇ ਜੀਵਨ ਭਰ ਚੰਗਾ ਇਨਸਾਨ ਰਿਹਾ। ਨੂਹ ਹਮੇਸ਼ਾ ਪਰਮੇਸ਼ੁਰ ਦਾ ਪੈਰੋਕਾਰ ਰਿਹਾ। 10 ਨੂਹ ਦੇ ਤਿੰਨ ਪੁੱਤਰ ਸਨ: ਸ਼ੇਮ, ਹਾਮ ਅਤੇ ਯਾਫਥ।

11-12 ਪਰਮੇਸ਼ੁਰ ਨੇ ਧਰਤੀ ਵੱਲ ਤੱਕਿਆ ਅਤੇ ਦੇਖਿਆ ਕਿ ਲੋਕਾਂ ਨੇ ਇਸ ਨੂੰ ਬਰਬਾਦ ਕਰ ਦਿੱਤਾ ਸੀ। ਹਰ ਥਾਂ ਹਿੰਸਾ ਫ਼ੈਲੀ ਹੋਈ ਸੀ ਲੋਕੀਂ ਮੰਦੇ ਅਤੇ ਜ਼ਾਲਮ ਬਣ ਗਏ ਸਨ।

13 ਇਸ ਲਈ ਪਰਮੇਸ਼ੁਰ ਨੇ ਨੂਹ ਨੂੰ ਆਖਿਆ, “ਸਮੂਹ ਲੋਕਾਂ ਨੇ ਧਰਤੀ ਨੂੰ ਕਰੋਧ ਅਤੇ ਹਿੰਸਾ ਨਾਲ ਭਰ ਦਿੱਤਾ ਹੈ। ਇਸ ਲਈ ਮੈਂ ਸਾਰੇ ਜੀਵਾਂ ਨੂੰ ਖ਼ਤਮ ਕਰ ਦਿਆਂਗਾ। ਮੈਂ ਇਨ੍ਹਾਂ ਨੂੰ ਧਰਤੀ ਉੱਤੋਂ ਹਟਾ ਦਿਆਂਗਾ। 14 ਗੋਫਰ ਦੀ ਲੱਕੜ ਲੈ ਅਤੇ ਆਪਣੇ ਲਈ ਇੱਕ ਕਿਸ਼ਤੀ ਬਣਾ। ਕਿਸ਼ਤੀ ਵਿੱਚ ਕਮਰੇ ਬਣਾ ਅਤੇ ਇਸ ਨੂੰ ਅੰਦਰੋਂ ਅਤੇ ਬਾਹਰੋਂ ਲੁੱਕ ਨਾਲ ਢੱਕ ਦੇ।

15 “ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨਾਪ ਦੀ ਕਿਸ਼ਤੀ ਬਣਾਵੇਂ: 300 ਕਿਊਬਿਟ ਲੰਬੀ, 50 ਕਿਊਬਿਟ ਚੌੜੀ ਅਤੇ 30 ਕਿਊਬਿਟ ਉੱਚੀ। 16 ਕਿਸ਼ਤੀ ਲਈ ਇਸਦੀ ਛੱਤ ਤੋਂ 18 ਇੰਚ ਹੇਠਾਂ ਇੱਕ ਖਿੜਕੀ ਬਣਾ। ਕਿਸ਼ਤੀ ਦੇ ਇੱਕ ਪਾਸੇ ਵੱਲ ਦਰਵਾਜ਼ਾ ਰੱਖੀਂ। ਕਿਸ਼ਤੀ ਦਿਆਂ ਤਿੰਨ ਮੰਜ਼ਲਾਂ ਹੋਣ; ਉੱਪਰਲੀ ਮੰਜ਼ਿਲ, ਵਿੱਚਕਾਰਲੀ ਮੰਜ਼ਿਲ ਅਤੇ ਹੇਠਲੀ ਮੰਜ਼ਿਲ।

17 “ਜੋ ਮੈਂ ਆਖ ਰਿਹਾ ਹਾਂ ਉਸ ਨੂੰ ਸਮਝ ਲੈ। ਮੈਂ ਧਰਤੀ ਉੱਤੇ ਪਾਣੀ ਦਾ ਇੱਕ ਵੱਡਾ ਹੜ੍ਹ ਲਿਆਵਾਂਗਾ। ਮੈਂ ਉਨ੍ਹਾਂ ਸਾਰੇ ਜੀਵਾਂ ਨੂੰ ਤਬਾਹ ਕਰ ਦਿਆਂਗਾ ਜਿਹੜੇ ਅਕਾਸ਼ ਦੇ ਹੇਠਾਂ ਰਹਿੰਦੇ ਹਨ। ਧਰਤੀ ਦੀ ਹਰ ਸ਼ੈਅ ਮਰ ਜਾਵੇਗੀ। 18 ਮੈਂ ਤੇਰੇ ਨਾਲ ਇੱਕ ਖਾਸ ਇਕਰਾਰਨਾਮਾ ਕਰਾਂਗਾ। ਅਤੇ ਤੂੰ, ਤੇਰੇ ਪੁੱਤਰ, ਤੇਰੀ ਪਤਨੀ, ਅਤੇ ਤੇਰੀਆਂ ਨੂਹਾਂ ਸਾਰੇ ਹੀ ਕਿਸ਼ਤੀ ਵਿੱਚ ਚੱਲੇ ਜਾਵੋਂਗੇ। 19 ਅਤੇ ਤੈਨੂੰ ਚਾਹੀਦਾ ਹੈ ਕਿ ਧਰਤੀ ਉੱਤੇ ਜਿਉਣ ਵਾਲੀ ਹਰ ਸ਼ੈਅ ਦਾ ਇੱਕ ਜੋੜਾ ਪ੍ਰਾਪਤ ਕਰ ਲਵੇਂ। ਉਹ ਨਰ ਤੇ ਮਾਦਾ ਹੋਣ ਅਤੇ ਉਨ੍ਹਾਂ ਨੂੰ ਕਿਸ਼ਤੀ ਵਿੱਚ ਲੈ ਆਵੀਂ। ਉਨ੍ਹਾਂ ਨੂੰ ਆਪਣੇ ਨਾਲ ਜਿਉਂਦਾ ਰੱਖੀਂ। 20 ਧਰਤੀ ਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਪੰਛੀਆਂ ਦਾ ਇੱਕ ਜੋੜਾ ਅਤੇ ਧਰਤੀ ਉੱਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਜਾਨਵਰਾਂ ਦਾ ਇੱਕ ਜੋੜਾ ਜਿਉਂਦਾ ਰਹਿਣ ਲਈ ਤੇਰੇ ਕੋਲ ਆਵੇਗਾ। 21 ਅਤੇ ਧਰਤੀ ਉਤਲੇ ਹਰ ਤਰ੍ਹਾਂ ਦੇ ਭੋਜਨ ਨੂੰ ਵੀ ਕਿਸ਼ਤੀ ਵਿੱਚ ਰੱਖ ਲੈ। ਇਹ ਭੋਜਨ ਤੇਰੇ ਲਈ ਅਤੇ ਜਾਨਵਰਾਂ ਲਈ ਹੋਵੇਗਾ।”

22 ਨੂਹ ਨੇ ਇਹ ਸਾਰੀਆਂ ਗੱਲਾਂ ਕੀਤੀਆਂ। ਨੂਹ ਨੇ ਉਨ੍ਹਾਂ ਸਾਰੇ ਆਦੇਸ਼ਾਂ ਦੀ ਪਾਲਣਾ ਕੀਤੀ ਜਿਹੜੇ ਪਰਮੇਸ਼ੁਰ ਨੇ ਦਿੱਤੇ ਸਨ।

ਇਬਰਾਨੀਆਂ ਨੂੰ 4:1-13

ਸਾਡੇ ਕੋਲ ਹਾਲੇ ਵੀ ਉਹ ਵਾਅਦਾ ਹੈ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਸੀ ਉਹ ਵਾਅਦਾ ਕੀਤਾ ਸੀ ਕਿ ਅਸੀਂ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰ ਸੱਕੀਏ। ਇਸ ਲਈ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਸ ਵਾਅਦੇ ਤੋਂ ਵਾਂਝਾ ਨਾ ਰਹੇ। ਮੁਕਤੀ ਦਾ ਮਾਰਗ ਸਾਨੂੰ ਦੱਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਸੀ। ਪਰ ਜਿਹੜੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੇ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਨੂੰ ਸੁਣਿਆਂ ਪਰ ਉਸ ਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ। ਅਸੀਂ ਲੋਕ, ਜਿਹੜੇ ਨਿਹਚਾ ਰੱਖਦੇ ਹਾਂ, ਪ੍ਰਵੇਸ਼ ਕਰਨ ਅਤੇ ਰੱਬੀ ਵਿਸ਼ਰਾਮ ਕਰਨ ਦੇ ਯੋਗ ਹਾਂ। ਉਵੇਂ ਹੀ ਜਿਵੇਂ ਪਰਮੇਸ਼ੁਰ ਨੇ ਆਖਿਆ,

“ਕ੍ਰੋਧ ਵਿੱਚ ਮੈਂ ਸੌਂਹ ਖਾਧੀ:
    ‘ਉਹ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਨਗੇ।’” (A)

ਹਾਲਾਂ ਕਿ ਪਰਮੇਸ਼ੁਰ ਦਾ ਕਾਰਜ ਉਦੋਂ ਹੀ ਸੰਪੂਰਣ ਹੋ ਚੁੱਕਿਆ ਸੀ, ਜਿਸ ਸਮੇਂ ਤੋਂ ਉਸ ਨੇ ਇਹ ਦੁਨੀਆਂ ਸਾਜੀ ਸੀ, ਉਸ ਨੇ ਇੰਝ ਆਖਿਆ। ਪੋਥੀਆਂ ਵਿੱਚ ਇੱਕ ਜਗ਼੍ਹਾ, ਪਰਮੇਸ਼ੁਰ ਨੇ ਹਫ਼ਤੇ ਦੇ ਸੱਤਵੇਂ ਦਿਨ ਬਾਰੇ ਇਹ ਬੋਲਿਆ ਸੀ; “ਪਰਮੇਸ਼ੁਰ ਨੇ ਆਪਣੇ ਸਾਰੇ ਕਾਰਜ ਪੂਰਨ ਕਰ ਦਿੱਤੇ ਅਤੇ ਸੱਤਵੇਂ ਦਿਨ ਉਸ ਨੇ ਅਰਾਮ ਕੀਤਾ।” [a] ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ, ਪਰਮੇਸ਼ੁਰ ਨੇ ਇਹ ਵੀ ਆਖਿਆ, “ਉਹ ਲੋਕ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਨਹੀਂ ਵੜਨਗੇ।”

ਇਹ ਸੱਚ ਹੈ ਕਿ ਕੁਝ ਲੋਕ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰਨਗੇ। ਪਰ ਉਹ ਲੋਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਕਤੀ ਦੇ ਮਾਰਗ ਬਾਰੇ ਸੁਣਿਆ ਪ੍ਰਵੇਸ਼ ਨਹੀਂ ਕੀਤਾ। ਉਨ੍ਹਾਂ ਨੇ ਇਸ ਲਈ ਪ੍ਰਵੇਸ਼ ਨਹੀਂ ਕੀਤਾ ਕਿਉਂ ਕਿ ਉਹ ਆਗਿਆਕਾਰੀ ਨਹੀਂ ਸਨ। ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸ ਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸ ਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ:

“ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ,
    ਤਾਂ ਅਤੀਤ ਦੀ ਤਰ੍ਹਾਂ ਜ਼ਿੱਦੀ ਨਾ ਬਣੋ।” (B)

ਅਸੀਂ ਜਾਣਦੇ ਹਾਂ ਕੀ ਯਹੋਸ਼ੂਆ ਨੇ ਪਰਮੇਸ਼ੁਰ ਦੇ ਵਾਇਦੇ ਅਨੁਸਾਰ ਲੋਕਾਂ ਦੀ ਵਿਸ਼ਰਾਮ ਵਿੱਚ ਅਗਵਾਈ ਨਹੀਂ ਸੀ ਕੀਤੀ। ਅਸੀਂ ਇਸ ਬਾਰੇ ਜਾਣਦੇ ਹਾਂ ਕਿਉਂਕਿ ਬਾਦ ਵਿੱਚ ਪਰਮੇਸ਼ੁਰ ਨੇ ਵਿਸ਼ਰਾਮ ਦੇ ਇੱਕ ਹੋਰ ਦਿਨ “ਅੱਜ ਦੇ ਦਿਨ” ਬਾਰੇ ਗੱਲ ਕੀਤੀ ਹੈ। ਇਸਤੋਂ ਪਤਾ ਚਲਦਾ ਕਿ ਪਰਮੇਸ਼ੁਰ ਦੇ ਲੋਕਾਂ ਲਈ ਵਿਸ਼ਰਾਮ ਦਾ ਸੱਤਵਾਂ ਦਿਨ ਹਾਲੇ ਵੀ ਆ ਰਿਹਾ ਹੈ। 10 ਪਰਮੇਸ਼ੁਰ ਨੇ ਆਪਣੇ ਕਾਰਜ ਮੁਕਾ ਲੈਣ ਤੋਂ ਬਾਦ ਵਿਸ਼ਰਾਮ ਕੀਤਾ। ਇਸ ਲਈ ਉਹ ਵਿਅਕਤੀ ਜਿਹੜਾ ਪ੍ਰਵੇਸ਼ ਕਰਦਾ ਅਤੇ ਰੱਬੀ ਵਿਸ਼ਰਾਮ ਪਾਉਂਦਾ ਹੈ, ਉਹ ਵਿਅਕਤੀ ਹੈ ਜਿਸਨੇ ਪਰਮੇਸ਼ੁਰ ਦੀ ਤਰ੍ਹਾਂ ਆਪਣਾ ਕਾਰਜ ਮੁਕਾ ਲਿਆ ਹੈ। 11 ਇਸ ਲਈ ਅਸੀਂ ਉਸ ਵਿਸ਼ਰਾਮ ਵਿੱਚ ਵੜਨ ਲਈ ਸਖਤ ਕੋਸ਼ਿਸ਼ ਕਰੀਏ। ਸਾਨੂੰ ਅਜਿਹੇ ਢੰਗ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੇ ਉਦਾਹਰਣ ਦਾ ਅਨੁਸਰਣ ਕਰਕੇ ਉਨ੍ਹਾਂ ਵਾਂਗ ਵਿਸ਼ਰਾਮ ਨਾ ਗੁਆ ਲਵੇ, ਜੋ ਆਗਿਆਕਾਰੀ ਨਹੀਂ ਸਨ।

12 ਪਰਮੇਸ਼ੁਰ ਦਾ ਵਚਨ ਸਜੀਵ ਹੈ ਅਤੇ ਕਾਰਜ ਕਰ ਰਿਹਾ ਹੈ। ਉਸ ਦਾ ਵਚਨ ਤੇਜ਼ ਤੋਂ ਤੇਜ਼ ਧਾਰ ਵਾਲੀ ਤਲਵਾਰ ਨਾਲੋਂ ਤਿੱਖਾ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੰਦਰ ਡੂੰਘਿਆਂ ਕੱਟਦਾ ਹੈ, ਉਸ ਜਗ਼੍ਹਾ ਵੀ ਜਿੱਥੇ ਰੂਹ ਅਤੇ ਆਤਮਾ ਜੁੜਦੇ ਹਨ। ਪਰਮੇਸ਼ੁਰ ਦਾ ਵਚਨ ਸਾਡੇ ਜੋੜਾਂ ਅਤੇ ਹੱਡੀਆਂ ਅੰਦਰ ਵੀ ਮਾਰ ਕਰਦਾ ਹੈ। ਇਹ ਸਾਡੇ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਪਰੱਖਦਾ ਹੈ। 13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।

ਯੂਹੰਨਾ 2:13-22

ਯਿਸੂ ਮੰਦਰ ਵਿੱਚ(A)

13 ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ। ਇਸ ਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਮੰਦਰ ਨੂੰ ਗਿਆ। 14 ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਘੁੱਗੀਆਂ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ। 15 ਯਿਸੂ ਨੇ ਰੱਸੀਆਂ ਦੇ ਕੁਝ ਟੋਟਿਆਂ ਦਾ ਇੱਕ ਹੰਟਰ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ। 16 ਫ਼ਿਰ ਯਿਸੂ ਨੇ ਘੁੱਗੀਆਂ ਵੇਚਣ ਵਾਲੇ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।”

17 ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ:

“ਤੇਰੇ ਘਰ ਦੀ ਗੈਰਤ ਮੇਨੂੰ ਖਾ ਜਾਵੇਗੀ।” (B)

18 ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।”

19 ਯਿਸੂ ਨੇ ਉੱਤਰ ਦਿੱਤਾ, “ਇਸ ਮੰਦਰ ਨੂੰ ਢਾਹ ਦਿਓ, ਅਤੇ ਮੈਂ ਇਸਦਾ ਤਿੰਨਾਂ ਦਿਨਾਂ ਵਿੱਚ ਨਿਰਮਾਣ ਕਰ ਦਿਆਂਗਾ।”

20 ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”

21 ਪਰ ਜਿਸ ਮੰਦਰ ਦਾ ਜ਼ਿਕਰ ਯਿਸੂ ਨੇ ਕੀਤਾ ਸੀ, ਉਹ ਉਸਦਾ ਆਪਣਾ ਸਰੀਰ ਸੀ। 22 ਯਿਸੂ ਦੇ ਪੁਨਰ-ਉਥਾਨ ਤੋਂ ਬਾਦ ਉਸ ਦੇ ਚੇਲਿਆਂ ਨੂੰ ਬਾਦ ਵਿੱਚ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪੋਥੀ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਤੇ ਵੀ ਵਿਸ਼ਵਾਸ ਕੀਤਾ।

Punjabi Bible: Easy-to-Read Version (ERV-PA)

2010 by World Bible Translation Center