Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 85

ਨਿਰਦੇਸ਼ਕ ਲਈ: ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।

85 ਯਹੋਵਾਹ, ਆਪਣੇ ਦੇਸ਼ ਉੱਤੇ ਮਿਹਰਬਾਨ ਹੋਵੋ।
    ਉਨ੍ਹਾਂ ਨੂੰ ਜਲਾਵਤਨੀ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਵਾਪਸ ਲਿਆ।
ਯਹੋਵਾਹ, ਆਪਣੇ ਲੋਕਾਂ ਨੂੰ ਬਖਸ਼ ਦਿਉ।
    ਉਨ੍ਹਾਂ ਦੇ ਗੁਨਾਹ ਮਿਟਾ ਦਿਉ।

ਯਹੋਵਾਹ, ਕਹਿਰਵਾਨ ਹੋਣਾ ਛੱਡੋ।
    ਪਾਗਲ ਨਾ ਹੋਵੋ।
ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੇ ਉੱਤੇ ਕਹਿਰਵਾਨ ਨਾ ਹੋਵੋ,
    ਅਤੇ ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰ ਲਵੋ।
ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?
ਮਿਹਰ ਕਰੋ ਅਤੇ ਸਾਨੂੰ ਫ਼ਿਰ ਤੋਂ ਜਿਉਣ ਜੋਗੇ ਬਣਾ ਦਿਉ।
    ਆਪਣੇ ਲੋਕਾਂ ਨੂੰ ਖੁਸ਼ ਕਰੋ।
ਯਹੋਵਾਹ, ਸਾਨੂੰ ਬਚਾਉ ਅਤੇ ਸਾਨੂੰ ਦਰਸ਼ਾਉ
    ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ।

ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।
    ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ।
    ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ।
ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾ।
    ਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗੇ।
10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।
    ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ।
11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ
    ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।
12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।
    ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।
13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ
    ਅਤੇ ਉਸਦਾ ਰਾਹ ਤਿਆਰ ਕਰੇਗੀ।

ਜ਼ਬੂਰ 87

ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।

87 ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
    ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
ਹੇ ਪਰਮੇਸ਼ੁਰ ਦੇ ਸ਼ਹਿਰ, ਲੋਕ ਤੇਰੇ ਬਾਰੇ ਬਹੁਤ ਅਦਭੁਤ ਗੱਲਾਂ ਬੋਲਦੇ ਹਨ।

ਪਰਮੇਸ਼ੁਰ ਆਪਣੇ ਸਾਰੇ ਬੰਦਿਆਂ ਦੀ ਸੂਚੀ ਰੱਖਦਾ।
“ਉਨ੍ਹਾਂ ਵਿੱਚੋਂ ਕੁਝ ਮਿਸਰ ਅਤੇ ਕੁਝ ਬੇਬੀਲੋਨ ਵਿੱਚ ਰਹਿੰਦੇ ਹਨ।
    ਉਨ੍ਹਾਂ ਵਿੱਚੋਂ ਕੁਝ ਲੋਕ ਫ਼ਲਿਸਤੀਨੀਆਂ, ਸੂਰ ਅਤੇ ਇਥੋਮੀਆਂ ਵਿੱਚ ਵੀ ਜਨਮੇ ਸਨ।”
ਪਰਮੇਸ਼ੁਰ ਸੀਯੋਨ ਉੱਤੇ ਜੰਮੇ ਹਰ ਬੰਦੇ ਨੂੰ ਜਾਣਦਾ ਹੈ।
    ਸਰਬ ਉੱਚ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਬਣਾਇਆ।
ਪਰਮੇਸ਼ੁਰ ਆਪਣੇ ਸਾਰੇ ਲੋਕਾਂ ਦੀ ਸੂਚੀ ਰੱਖਦਾ।
    ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਬੰਦਾ ਕਿੱਥੇ ਜੰਮਿਆ ਹੈ।

ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ।
    ਉਹ ਬਹੁਤ ਖੁਸ਼ ਹਨ।
ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ,
    “ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”

ਜ਼ਬੂਰ 89:1-29

ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।

89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
    ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
    ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”

ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
    ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
    ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”

ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
    ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
    ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
    “ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
    ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
    ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
    ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
    ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
    ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
    ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
    ਤੁਹਾਡੀ ਸ਼ਕਤੀ ਮਹਾਨ ਹੈ।
    ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
    ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
    ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
    ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
    ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
    ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
19 ਤੁਸੀਂ ਆਪਣੇ ਚੇਲਿਆਂ ਨੂੰ ਦਿਖਾਈ ਦਿੱਤੇ ਤੇ ਬੋਲੇ ਅਤੇ ਆਖਿਆ,
“ਮੈਂ ਭੀੜ ਵਿੱਚੋਂ, ਇੱਕ ਜਵਾਨ ਬੰਦੇ ਨੂੰ ਚੁਣਿਆ ਅਤੇ ਮੈਂ ਉਸ ਜਵਾਨ ਨੂੰ ਮਹੱਤਵਪੂਰਣ ਬਣਾਇਆ।
    ਮੈਂ ਉਸ ਜਵਾਨ ਨੂੰ ਤਾਕਤਵਰ ਬਣਾਇਆ।
20 ਮੈਂ ਆਪਣੇ ਸੇਵਕ ਦਾਊਦ ਲਈ ਤੱਕਿਆ,
    ਅਤੇ ਮੈਂ ਉਸ ਨੂੰ ਆਪਣੇ ਖਾਸ ਤੇਲ ਨਾਲ ਮਸਹ ਕੀਤਾ।
21 ਮੈਂ ਦਾਊਦ ਨੂੰ ਆਪਣੇ ਸੱਜੇ ਹੱਥ ਦਾ ਸਹਾਰਾ ਦਿੱਤਾ।
    ਅਤੇ ਮੈਂ ਆਪਣੀ ਸ਼ਕਤੀ ਨਾਲ ਉਸ ਨੂੰ ਤਾਕਤਵਰ ਬਣਾ ਦਿੱਤਾ।
22 ਵੈਰੀ ਚੁਣੇ ਹੋਏ ਰਾਜੇ ਨੂੰ ਨਾ ਹਰਾ ਸੱਕਿਆ।
    ਕਰੂਰ ਬੰਦੇ ਉਸ ਨੂੰ ਨਹੀਂ ਹਰਾ ਸੱਕੇ ਸਨ।
23 ਮੈਂ ਉਸ ਦੇ ਵੈਰੀਆਂ ਨੂੰ ਮੁਕਾ ਦਿੱਤਾ,
    ਮੈਂ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਮੇਰੇ ਚੁਣੇ ਹੋਏ ਰਾਜੇ ਨੂੰ ਨਫ਼ਰਤ ਕਰਦੇ ਸਨ।
24 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਦਾ ਪਿਆਰ ਕਰਾਂਗਾ ਅਤੇ ਆਸਰਾ ਦੇਵਾਂਗਾ।
    ਮੈਂ ਹਮੇਸ਼ਾ ਉਸ ਨੂੰ ਤਾਕਤਵਰ ਬਣਾਵਾਂਗਾ।
25 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਮੁੰਦਰ ਦਾ ਮਾਲਕ ਬਣਾ ਦਿੱਤਾ ਹੈ,
    ਅਤੇ ਉਹ ਦਰਿਆਵਾਂ ਨੂੰ ਕਾਬੂ ਵਿੱਚ ਰੱਖੇਗਾ।
26 ਉਹ ਮੈਨੂੰ ਦੱਸੇਗਾ, ‘ਤੁਸੀਂ ਮੇਰੇ ਪਿਤਾ ਹੋ,
    ਮੇਰੇ ਪਰਮੇਸ਼ੁਰ ਹੋ, ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।’
27 ਮੈਂ ਉਸ ਨੂੰ ਆਪਣਾ ਪਹਿਲੋਠਾ ਪੁੱਤਰ ਬਣਾਵਾਂਗਾ।
    ਉਹ ਧਰਤੀ ਦਾ ਕਰਾਰ ਹੋਵੇਗਾ।
28 ਮੇਰਾ ਪਿਆਰ ਸਦਾ ਲਈ ਚੁਣੇ ਹੋਏ ਰਾਜੇ ਦੀ ਰੱਖਿਆ ਕਰੇਗਾ।
    ਮੇਰਾ ਇਕਰਾਰ ਉਸ ਨਾਲ ਕਦੇ ਵੀ ਖਤਮ ਨਹੀਂ ਹੋਵੇਗਾ।
29 ਉਸਦਾ ਪਰਿਵਾਰ ਸਦਾ ਰਹੇਗਾ,
    ਅਤੇ ਉਸਦਾ ਰਾਜ ਉਦੋਂ ਤੱਕ ਰਹੇਗਾ ਜਦੋਂ ਤੱਕ ਆਕਾਸ਼ ਹਨ।

ਯਹੋਸ਼ੁਆ 3:14-4:7

14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ। 15 ਫ਼ਸਲ ਦੀ ਵਾਢੀ ਵੇਲੇ ਯਰਦਨ ਨਦੀ ਦੇ ਕੰਢਿਆਂ ਤੀਕ ਵਗਦੀ ਹੈ ਇਸ ਲਈ ਨਦੀ ਪੂਰੀ ਭਰੀ ਹੋਈ ਸੀ ਜਿਨ੍ਹਾਂ ਜਾਜਕਾਂ ਨੇ ਸੰਦੂਕ ਚੁੱਕਿਆ ਹੋਇਆ ਸੀ ਉਹ ਨਦੀ ਦੇ ਕੰਢੇ ਆ ਗਏ। ਉਨ੍ਹਾਂ ਨੇ ਨਦੀ ਵਿੱਚ ਪੈਰ ਪਾ ਦਿੱਤੇ। 16 ਅਤੇ ਫ਼ੌਰਨ ਹੀ, ਪਾਣੀ ਵਗਣੋ ਰੁਕ ਗਿਆ। ਪਾਣੀ ਉਸ ਥਾਂ ਦੇ ਪਿੱਛੇ ਬੰਨ੍ਹ ਵਾਂਗ ਭਰਿਆ ਹੋਇਆ ਸੀ। ਪਾਣੀ ਨਦੀ ਦੇ ਉੱਪਰ ਵੱਲ ਦੂਰ ਤੀਕ ਉੱਚਾ ਉੱਠਿਆ ਹੋਇਆ ਸੀ-(ਸਾਰਥਾਨ ਦੇ ਕਸਬੇ) ਆਦਮ ਤੀਕ। ਲੋਕਾਂ ਨੇ ਯਰੀਹੋ ਦੇ ਨਜ਼ਦੀਕ ਨਦੀ ਪਾਰ ਕੀਤੀ। 17 ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕ ਕੇ ਨਦੀ ਦੇ ਅੱਧ ਵਿੱਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉੱਥੇ ਖਲੋ ਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰ ਕੇ ਪਾਰ ਹੋ ਗਏ।

ਲੋਕਾਂ ਨੂੰ ਚੇਤੇ ਕਰਾਉਣ ਵਾਲੀਆਂ ਚੱਟਾਨਾ

ਜਦੋਂ ਸਾਰੇ ਲੋਕ ਨਦੀ ਪਾਰ ਕਰ ਗਏ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਬਾਰਾਂ ਆਦਮੀ ਚੁਣੋ। ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। ਉਨ੍ਹਾਂ ਨੂੰ ਆਖੋ ਕਿ ਨਦੀ ਵਿੱਚ ਉਸ ਥਾਂ ਦੇਖਣ ਜਿੱਥੇ ਜਾਜਕ ਖਲੋਤੇ ਹੋਏ ਸਨ। ਉਨ੍ਹਾਂ ਨੂੰ ਆਖੋ ਕਿ ਉਸ ਥਾਂ ਉੱਤੇ ਬਾਰਾਂ ਪੱਥਰ ਤਲਾਸ਼ ਕਰਨ। ਉਨ੍ਹਾਂ ਬਾਰਾਂ ਪੱਥਰਾਂ ਨੂੰ ਆਪਣੇ ਨਾਲ ਲੈ ਜਾਣਾ। ਬਾਰਾਂ ਪਥਰਾਂ ਨੂੰ ਉੱਥੇ ਰੱਖ ਦੇਣਾ ਜਿੱਥੇ ਤੁਸੀਂ ਰਾਤ ਕੱਟੋ।”

ਇਸ ਲਈ, ਯਹੋਸ਼ੁਆ ਨੇ ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਬੰਦਾ ਚੁਣਿਆ। ਫ਼ੇਰ ਉਸ ਨੇ ਬਾਰਾਂ ਆਦਮੀਆਂ ਨੂੰ ਇਕੱਠੇ ਹੋਣ ਲਈ ਆਖਿਆ। ਯਹੋਸ਼ੁਆ ਨੇ ਆਦਮੀਆਂ ਨੂੰ ਆਖਿਆ, “ਨਦੀ ਵਿੱਚ ਉੱਥੇ ਜਾਵੋ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਪੱਥਰ ਤਲਾਸ਼ ਕਰਨਾ ਚਾਹੀਦਾ ਹੈ। ਇਸਰਾਏਲ ਦੇ ਬਾਰਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਪਾਸ ਇੱਕ-ਇੱਕ ਪੱਥਰ ਹੋਵੇਗਾ। ਉਸ ਪੱਥਰ ਨੂੰ ਆਪਣੇ ਮੋਢਿਆਂ ਉੱਤੇ ਚੁੱਕੋ। ਇਹ ਪੱਥਰ ਤੁਹਾਡੇ ਲਈ ਨਿਸ਼ਾਨ ਹੋਣਗੇ। ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪਥਰਾਂ ਦਾ ਕੀ ਅਰਥ ਹੈ?’ ਤੁਸੀਂ ਬੱਚਿਆਂ ਨੂੰ ਦੱਸੋਂਗੇ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣ ਤੋਂ ਰੋਕ ਦਿੱਤਾ ਸੀ। ਜਦੋਂ ਯਹੋਵਾਹ ਨੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਨਦੀ ਪਾਰ ਕਰ ਰਿਹਾ ਸੀ, ਪਾਣੀ ਵਗਣੋ ਹਟ ਗਿਆ ਸੀ। ਉਹ ਪੱਥਰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਤਾ ਕਰਨਗੇ।”

ਅਫ਼ਸੀਆਂ ਨੂੰ 5:1-20

ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ।

ਤੁਹਾਡੇ ਵਿੱਚ ਜਿਨਸੀ ਪਾਪ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਅਸ਼ੁੱਧਤਾ ਜਾਂ ਲਾਲਸਾ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਨ੍ਹਾਂ ਬੁਰੀਆਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂ ਕਿ ਇਹ ਗੱਲਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਲਈ ਸਹੀ ਨਹੀਂ ਹਨ। ਇਸ ਤੋਂ ਇਲਾਵਾ ਤੁਹਾਡੇ ਦਰਮਿਆਨ ਭੱਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕਦੇ ਵੀ ਮੂਰੱਖਤਾ ਭਰੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਨਾਂ ਗੰਦੇ ਮਜ਼ਾਕ ਕਰਨੇ ਚਾਹੀਦੇ ਹਨ। ਇਹ ਗੱਲਾਂ ਤੁਹਾਡੇ ਲਈ ਸਹੀ ਨਹੀਂ ਹਨ। ਪਰਮੇਸ਼ੁਰ ਨੂੰ ਧੰਨਵਾਦ ਦੇਣਾ ਹੀ ਤੁਹਾਡੇ ਲਈ ਸਹੀ ਹੈ। ਤੁਸੀਂ ਇਸ ਬਾਰੇ ਨਿਸ਼ਚਿਤ ਹੋ ਸੱਕਦੇ ਹੋ। ਇੱਕ ਵਿਅਕਤੀ ਜਿਹੜਾ ਜਿਨਸੀ ਪਾਪ ਕਰਦਾ ਹੈ ਜਾਂ ਉਹ ਜੋ ਪਾਪ ਕਰਦਾ ਜਾਂ ਲੋਭੀ ਵਪਾਰੀ ਹੈ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਜਗ਼੍ਹਾ ਨਹੀਂ ਮਿਲੇਗੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਮੂਰਤੀ ਉਪਾਸੱਕ ਹੈ।

ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ। ਇਸ ਲਈ ਉਨ੍ਹਾਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ। ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ। 10 ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ। 11 ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ, ਜਿਹੜੇ ਹਨੇਰੇ ਵਿੱਚ ਹਨ। ਅਜਿਹੀਆਂ ਗੱਲਾਂ ਕੋਈ ਲਾਭ ਨਹੀਂ ਲਿਆਉਂਦੀਆਂ। ਪਰ ਇਹ ਦਰਸ਼ਾਉਣ ਲਈ ਚੰਗੀਆਂ ਗੱਲਾਂ ਕਰੋ ਕਿ ਹਨੇਰੇ ਵਿੱਚਲੀਆਂ ਗੱਲਾਂ ਗਲਤ ਹਨ। 12 ਉਨ੍ਹਾਂ ਗੱਲਾਂ ਬਾਰੇ ਬੋਲਣਾ ਵੀ ਸ਼ਰਮਨਾਕ ਹੈ ਜਿਹੜੀਆਂ ਹਨੇਰੇ ਵਿੱਚ ਕੀਤੀਆਂ ਜਾਂਦੀਆਂ ਹਨ। 13 ਪਰ ਜਦੋਂ ਅਸੀਂ ਦਰਸ਼ਾਉਂਦੇ ਹਾਂ ਕਿ ਇਹ ਗੱਲਾਂ ਗਲਤ ਹਨ, ਰੌਸ਼ਨੀ ਉਨ੍ਹਾਂ ਗੱਲਾਂ ਨੂੰ ਪ੍ਰਤੱਖ ਬਣਾ ਦਿੰਦੀ ਹੈ। 14 ਅਤੇ ਜਿਹੜੀ ਗੱਲ ਪ੍ਰਤੱਖ ਹੈ ਰੌਸ਼ਨੀ ਬਣ ਸੱਕਦੀ ਹੈ। ਇਸੇ ਲਈ ਅਸੀਂ ਆਖਦੇ ਹਾਂ:

“ਜਾਗੋ, ਤੁਸੀਂ ਸੁੱਤਿਓ ਬੰਦਿਓ!
    ਮੌਤ ਤੋਂ ਜਿਉ,
ਅਤੇ ਮਸੀਹ ਤੁਹਾਡੇ ਉੱਪਰ ਚਮਕੇਗਾ।”

15 ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ। 16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। 17 ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 18 ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ। 19 ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ। 20 ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ।

ਯੂਹੰਨਾ 9:1-12

ਯਿਸੂ ਨੇ ਜਨਮ ਤੋਂ ਅੰਨ੍ਹੇ ਨੂੰ ਰਾਜ਼ੀ ਕੀਤਾ

ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਆਦਮੀ ਵੇਖਿਆ। ਇਹ ਆਦਮੀ ਜਨਮ ਤੋਂ ਹੀ ਅੰਨ੍ਹਾ ਸੀ। ਯਿਸੂ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਗੁਰੂ, ਇਹ ਆਦਮੀ ਜਨਮ ਤੋਂ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੁਆਰਾ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਣ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਣ?”

ਯਿਸੂ ਨੇ ਆਖਿਆ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦਾ ਨਤੀਜਾ ਨਹੀਂ ਹੈ। ਪਰ ਇਹ ਚੰਗਾ ਹੋਕੇ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ। ਸਾਨੂੰ ਉਸ ਪਰਮੇਸ਼ੁਰ ਦਾ ਕਾਰਜ, ਦਿਨ ਰਹਿੰਦਿਆਂ ਕਰਨਾ ਚਾਹੀਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂ ਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸੱਕਦਾ। ਜਦ ਤੀਕ ਮੈਂ ਦੁਨੀਆਂ ਵਿੱਚ ਹਾਂ ਮੈਂ ਦੁਨੀਆਂ ਲਈ ਚਾਨਣ ਹਾਂ।”

ਇਹ ਕਹਿਣ ਤੋਂ ਬਾਦ, ਯਿਸੂ ਨੇ ਜ਼ਮੀਨ ਤੇ ਥੁੱਕਿਆ ਅਤੇ ਇਸ ਨਾਲ ਥੋੜ੍ਹੀ ਮਿੱਟੀ ਗਿਲੀ ਕੀਤੀ ਤੇ ਉਸ ਨਾਲ ਉਸ ਅੰਨ੍ਹੇ ਮਨੁੱਖ ਦੀ ਅੱਖ ਤੇ ਲੇਪਿਆ। ਯਿਸੂ ਨੇ ਉਸ ਮਨੁੱਖ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,”(ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ।”) ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਦ ਵਾਪਸ ਪਰਤਿਆ। ਹੁਣ ਉਸ ਨੂੰ ਸਭ ਵਿਖਦਾ ਸੀ।

ਜਿਨ੍ਹਾਂ ਲੋਕਾਂ ਨੇ ਇਸ ਨੂੰ ਭੀਖ ਮੰਗਦਿਆਂ ਵੇਖਿਆ ਸੀ। ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਇੱਕ ਨਹੀਂ ਜਿਹੜਾ ਬੈਠਕੇ ਭੀਖ ਮੰਗਦਾ ਹੁੰਦਾ ਸੀ।”

ਕੁਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ।” ਪਰ ਦੂਜੇ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਆਦਮੀ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ।”

ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਆਦਮੀ ਹਾਂ।”

10 ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ? ਤੈਨੂੰ ਤੇਰੀ ਦ੍ਰਿਸ਼ਟੀ ਕਿਵੇਂ ਪ੍ਰਾਪਤ ਹੋਈ?”

11 ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮੀਂ ਆਦਮੀ ਨੇ ਕੁਝ ਮਿੱਟੀ ਮੇਰੀਆਂ ਅੱਖਾਂ ਉੱਤੇ ਲਾਈ। ਉਸ ਨੇ ਮੈਨੂੰ ਸਿਲੋਮਾਨ ਕੁੰਡ ਤੇ ਧੋਣ ਵਾਸਤੇ ਜਾਣ ਲਈ ਕਿਹਾ। ਜਦ ਮੈਂ ਸਿਲੋਮਾਨ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਸੀ।”

12 ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ?”

ਮਨੁੱਖ ਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ।”

ਯੂਹੰਨਾ 9:35-38

ਆਤਮਕ ਅੰਨ੍ਹਾਪਨ

35 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਇੱਥੋਂ ਜਾਣ ਨੂੰ ਕਿਹਾ ਹੈ ਤਾਂ ਯਿਸੂ ਨੇ ਉਸ ਆਦਮੀ ਨੂੰ ਲੱਭ ਕੇ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਦਾ ਵਿਸ਼ਵਾਸ ਕਰਦਾ ਹੈ?”

36 ਮਨੁੱਖ ਨੇ ਕਿਹਾ, “ਹੇ ਪ੍ਰਭੂ, ਮਨੁੱਖ ਦਾ ਪੁੱਤਰ ਕੌਣ ਹੈ। ਮੈਨੂੰ ਦੱਸੋ ਤਾਂ ਜੋ ਮੈਂ ਉਸ ਵਿੱਚ ਵਿਸ਼ਵਾਸ ਕਰ ਸੱਕਾਂ।”

37 ਮਨੁਖ ਨੇ ਆਖਿਆ, “ਤੂੰ ਉਸ ਨੂੰ ਪਹਿਲਾਂ ਹੀ ਵੇਖਿਆ ਹੈ, ਉਹ ਮਨੁੱਖ ਦਾ ਪੁੱਤਰ ਹੈ ਜੋ ਹੁਣ ਤੇਰੇ ਨਾਲ ਗੱਲਾਂ ਕਰ ਰਿਹਾ ਹੈ।”

38 ਮਨੁਖ ਨੇ ਆਖਿਆ, “ਪ੍ਰਭੂ! ਮੈਂ ਨਿਹਚਾ ਕਰਦਾ ਹਾਂ। ਤੇ ਫਿਰ ਉਸ ਆਦਮੀ ਨੇ ਝੁਕ ਕੇ ਯਿਸੂ ਨੂੰ ਮੱਥਾ ਟੇਕਿਆ।”

Punjabi Bible: Easy-to-Read Version (ERV-PA)

2010 by World Bible Translation Center