Book of Common Prayer
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
“ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
ਤੁਹਾਡੀ ਸ਼ਕਤੀ ਮਹਾਨ ਹੈ।
ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
19 ਤੁਸੀਂ ਆਪਣੇ ਚੇਲਿਆਂ ਨੂੰ ਦਿਖਾਈ ਦਿੱਤੇ ਤੇ ਬੋਲੇ ਅਤੇ ਆਖਿਆ,
“ਮੈਂ ਭੀੜ ਵਿੱਚੋਂ, ਇੱਕ ਜਵਾਨ ਬੰਦੇ ਨੂੰ ਚੁਣਿਆ ਅਤੇ ਮੈਂ ਉਸ ਜਵਾਨ ਨੂੰ ਮਹੱਤਵਪੂਰਣ ਬਣਾਇਆ।
ਮੈਂ ਉਸ ਜਵਾਨ ਨੂੰ ਤਾਕਤਵਰ ਬਣਾਇਆ।
20 ਮੈਂ ਆਪਣੇ ਸੇਵਕ ਦਾਊਦ ਲਈ ਤੱਕਿਆ,
ਅਤੇ ਮੈਂ ਉਸ ਨੂੰ ਆਪਣੇ ਖਾਸ ਤੇਲ ਨਾਲ ਮਸਹ ਕੀਤਾ।
21 ਮੈਂ ਦਾਊਦ ਨੂੰ ਆਪਣੇ ਸੱਜੇ ਹੱਥ ਦਾ ਸਹਾਰਾ ਦਿੱਤਾ।
ਅਤੇ ਮੈਂ ਆਪਣੀ ਸ਼ਕਤੀ ਨਾਲ ਉਸ ਨੂੰ ਤਾਕਤਵਰ ਬਣਾ ਦਿੱਤਾ।
22 ਵੈਰੀ ਚੁਣੇ ਹੋਏ ਰਾਜੇ ਨੂੰ ਨਾ ਹਰਾ ਸੱਕਿਆ।
ਕਰੂਰ ਬੰਦੇ ਉਸ ਨੂੰ ਨਹੀਂ ਹਰਾ ਸੱਕੇ ਸਨ।
23 ਮੈਂ ਉਸ ਦੇ ਵੈਰੀਆਂ ਨੂੰ ਮੁਕਾ ਦਿੱਤਾ,
ਮੈਂ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਮੇਰੇ ਚੁਣੇ ਹੋਏ ਰਾਜੇ ਨੂੰ ਨਫ਼ਰਤ ਕਰਦੇ ਸਨ।
24 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਦਾ ਪਿਆਰ ਕਰਾਂਗਾ ਅਤੇ ਆਸਰਾ ਦੇਵਾਂਗਾ।
ਮੈਂ ਹਮੇਸ਼ਾ ਉਸ ਨੂੰ ਤਾਕਤਵਰ ਬਣਾਵਾਂਗਾ।
25 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਮੁੰਦਰ ਦਾ ਮਾਲਕ ਬਣਾ ਦਿੱਤਾ ਹੈ,
ਅਤੇ ਉਹ ਦਰਿਆਵਾਂ ਨੂੰ ਕਾਬੂ ਵਿੱਚ ਰੱਖੇਗਾ।
26 ਉਹ ਮੈਨੂੰ ਦੱਸੇਗਾ, ‘ਤੁਸੀਂ ਮੇਰੇ ਪਿਤਾ ਹੋ,
ਮੇਰੇ ਪਰਮੇਸ਼ੁਰ ਹੋ, ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।’
27 ਮੈਂ ਉਸ ਨੂੰ ਆਪਣਾ ਪਹਿਲੋਠਾ ਪੁੱਤਰ ਬਣਾਵਾਂਗਾ।
ਉਹ ਧਰਤੀ ਦਾ ਕਰਾਰ ਹੋਵੇਗਾ।
28 ਮੇਰਾ ਪਿਆਰ ਸਦਾ ਲਈ ਚੁਣੇ ਹੋਏ ਰਾਜੇ ਦੀ ਰੱਖਿਆ ਕਰੇਗਾ।
ਮੇਰਾ ਇਕਰਾਰ ਉਸ ਨਾਲ ਕਦੇ ਵੀ ਖਤਮ ਨਹੀਂ ਹੋਵੇਗਾ।
29 ਉਸਦਾ ਪਰਿਵਾਰ ਸਦਾ ਰਹੇਗਾ,
ਅਤੇ ਉਸਦਾ ਰਾਜ ਉਦੋਂ ਤੱਕ ਰਹੇਗਾ ਜਦੋਂ ਤੱਕ ਆਕਾਸ਼ ਹਨ।
30 ਜੇ ਉਸ ਦੀਆਂ ਔਲਾਦਾਂ ਮੇਰੇ ਨਾਮ ਉੱਤੇ ਚੱਲਣਾ
ਅਤੇ ਮੇਰਾ ਹੁਕਮ ਨੂੰ ਮੰਨਣ ਛੱਡ ਦੇਣਗੇ ਫ਼ਿਰ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ।
31 ਜੇ ਮੇਰੇ ਚੁਣੇ ਹੋਏ ਰਾਜੇ ਦੀ ਔਲਾਦ ਮੇਰੇ ਨੇਮ ਤੋਂੜਨਗੇ
ਅਤੇ ਮੇਰੇ ਆਦੇਸ਼ ਅਣਡਿੱਠ ਕਰਨਗੇ।
32 ਤਾਂ ਮੈਂ ਉਨ੍ਹਾਂ ਨੂੰ ਬਹੁਤ ਸਖਤ ਸਜ਼ਾ ਦੇਵਾਂਗਾ।
33 ਪਰ ਮੈਂ ਉਨ੍ਹਾਂ ਲੋਕਾਂ ਤੋਂ ਆਪਣਾ ਪਿਆਰ ਕਦੀ ਨਹੀਂ ਖੋਹਾਂਗਾ।
ਮੈਂ ਸਦਾ ਉਨ੍ਹਾਂ ਦਾ ਵਫ਼ਾਦਾਰ ਰਹਾਂਗਾ।
34 ਮੈਂ ਦਾਊਦ ਨਾਲ ਆਪਣਾ ਕਰਾਰ ਨਹੀਂ ਤੋੜਾਂਗਾ
ਮੈਂ ਆਪਣੇ ਕਰਾਰ ਨੂੰ ਨਹੀਂ ਤੋੜਾਂਗਾ।
35 ਆਪਣੀ ਪਵਿੱਤਰਤਾ ਉੱਤੇ ਸੌਂਹ ਖਾਧੀ ਅਤੇ ਉਸ ਨਾਲ ਇੱਕ ਵਾਅਦਾ ਕੀਤਾ
ਅਤੇ ਮੈਂ ਦਾਊਦ ਨੂੰ ਝੂਠ ਨਹੀਂ ਬੋਲਾਂਗਾ।
36 ਦਾਊਦ ਦਾ ਪਰਿਵਾਰ ਸਦਾ ਲਈ ਰਹੇਗਾ।
ਉਸਦਾ ਪਿਆਰ ਸੂਰਜ ਰਹਿਣ ਤੱਕ ਰਹੇਗਾ।
37 ਇਹ ਚੰਨ ਵਾਂਗ ਹਮੇਸ਼ਾ ਜਾਰੀ ਰਹੇਗਾ। ਆਕਾਸ਼ ਸਾਡੇ ਕਰਾਰ ਦੇ ਸਬੂਤ ਹਨ।
ਇਸ ਕਰਾਰ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ।”
38 ਪਰ ਹੇ ਪਰਮੇਸ਼ੁਰ, ਤੁਸੀਂ ਆਪਣੇ ਚੁਣੇ ਉੱਤੇ ਕਹਿਰਵਾਨ ਹੋ ਗਏ
ਅਤੇ ਤੁਸਾਂ ਉਸ ਨੂੰ ਇੱਕਲਿਆਂ ਛੱਡ ਦਿੱਤਾ।
39 ਤੁਸੀਂ ਆਪਣੇ ਕਰਾਰ ਨੂੰ ਰੱਦ ਕਰ ਦਿੱਤਾ।
ਤੁਸੀਂ ਰਾਜੇ ਦੇ ਤਾਜ ਨੂੰ ਮਿੱਟੀ ਵਿੱਚ ਸੁੱਟ ਦਿੱਤਾ।
40 ਤੁਸੀਂ ਰਾਜੇ ਦੇ ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ।
ਤੁਸੀਂ ਉਸ ਦੇ ਸਾਰੇ ਕਿਲ੍ਹੇ ਤਬਾਹ ਕਰ ਦਿੱਤੇ।
41 ਜੋ ਕੋਲੋਂ ਦੀ ਲੰਘਦੇ ਹਨ, ਉਸਦੀਆਂ ਚੀਜ਼ਾਂ ਚੋਰੀ ਕਰਦੇ ਹਨ।
ਉਸ ਦੇ ਗੁਆਂਢੀ ਉਸ ਉੱਤੇ ਹੱਸਦੇ ਹਨ।
42 ਤੁਸਾਂ ਰਾਜੇ ਦੇ ਵੈਰੀਆਂ ਨੂੰ ਖੁਸ਼ ਕਰ ਦਿੱਤਾ।
ਤੁਸੀਂ ਉਸ ਦੇ ਵੈਰੀਆਂ ਨੂੰ ਜੰਗ ਜਿੱਤਣ ਦਿੱਤੀ।
43 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਆਪਣੀ ਰੱਖਿਆ ਕਰਨ ਵਿੱਚ ਸਹਾਇਤਾ ਕੀਤੀ।
ਤੁਸੀਂ ਆਪਣੇ ਰਾਜੇ ਦੀ ਲੜਾਈ ਜਿੱਤਣ ਵਿੱਚ ਸਹਾਇਤਾ ਨਹੀਂ ਕੀਤੀ।
44 ਤੁਸੀਂ ਉਸ ਨੂੰ ਜਿੱਤਣ ਨਹੀਂ ਦਿੱਤਾ।
ਤੁਸੀਂ ਸਦਾ ਤਖਤ ਜ਼ਮੀਨ ਉੱਤੇ ਡੇਗ ਦਿੱਤਾ।
45 ਤੁਸੀਂ ਉਸਦੀ ਉਮਰ ਘਟਾ ਦਿੱਤੀ।
ਤੁਸੀਂ ਉਸ ਨੂੰ ਸ਼ਰਮਸਾਰ ਕੀਤਾ।
46 ਯਹੋਵਾਹ, ਇਹੀ ਹੋਰ ਕਿੰਨਾ ਚਿਰ ਹੁੰਦਾ ਰਹੇਗਾ?
ਕੀ ਸਾਨੂੰ ਸਦਾ ਵਾਸਤੇ ਅਣਗੌਲ੍ਹਿਆਂ ਕਰੋਂਗੇ?
ਕੀ ਤੁਹਾਡਾ ਕਹਿਰ ਸਦਾ ਅੱਗ ਵਾਂਗ ਬਲਦਾ ਰਹੇਗਾ?
47 ਯਾਦ ਕਰੋ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ:
ਤੁਸੀਂ ਸਾਨੂੰ ਥੋੜਾ ਜੀਵਨ ਜਿਉਣ ਅਤੇ ਫ਼ੇਰ ਮਰ ਜਾਣ ਲਈ ਸਾਜਿਆ ਸੀ।
48 ਕੋਈ ਵੀ ਬੰਦਾ ਅਜਿਹਾ ਨਹੀਂ ਜਿਹੜਾ ਜੀਵੇਗਾ ਅਤੇ ਕਦੀ ਨਹੀਂ ਮਰੇਗਾ।
ਕੋਈ ਬੰਦਾ ਕਬਰ ਪਾਸੋਂ ਨਹੀਂ ਬਚੇਗਾ।
49 ਹੇ ਪਰਮੇਸ਼ੁਰ, ਉਹ ਪਿਆਰ ਕਿੱਥੇ ਹੈ ਜਿਹੜਾ ਤੁਸੀਂ ਅਤੀਤ ਵਿੱਚ ਦਰਸਾਇਆ ਸੀ?
ਤੁਸਾਂ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਦੇ ਪਰਿਵਾਰ ਨਾਲ ਵਫ਼ਾਦਾਰ ਹੋਵੋਂਗੇ।
50-51 ਹੇ ਮਾਲਕ, ਕਿਰਪਾ ਕਰਕੇ ਚੇਤੇ ਕਰੋ ਕਿ ਲੋਕਾਂ ਨੇ ਤੁਹਾਡੇ ਸੇਵਕ ਨੂੰ ਕਿਵੇਂ ਬੇਇੱਜ਼ਤ ਕੀਤਾ ਸੀ।
ਯਹੋਵਾਹ, ਮੈਨੂੰ ਤੁਹਾਡੇ ਵੈਰੀਆਂ ਪਾਸੋਂ ਬੇਇੱਜ਼ਤੀ ਭਰੀਆਂ ਉਹ ਸਾਰੀਆਂ ਗੱਲਾਂ ਸੁਣਨੀਆਂ ਪਈਆਂ।
ਉਨ੍ਹਾਂ ਲੋਕਾਂ ਤੇਰੇ ਚੁਣੇ ਹੋਏ ਰਾਜੇ ਨੂੰ ਬੇਇਜ਼ਤ ਕੀਤਾ।
52 ਯਹੋਵਾਹ ਨੂੰ ਸਦਾ ਅਤੇ ਸਦਾ ਲਈ ਅਸੀਸ ਦਿਉ।
ਆਮੀਨ ਫੇਰ ਆਮੀਨ।
ਯਿਫ਼ਤਾਹ ਅਤੇ ਇਫ਼ਰਾਈਮ
12 ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਆਪਨੇ ਸਾਰੇ ਸਿਪਾਹੀਆਂ ਨੂੰ ਇਕੱਠਿਆਂ ਕੀਤਾ। ਫ਼ੇਰ ਉਹ ਨਦੀ ਪਾਰ ਕਰਕੇ ਸਾਪੋਨ ਸ਼ਹਿਰ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਤੂੰ ਅੰਮੋਨੀ ਲੋਕਾਂ ਨਾਲ ਲੜਨ ਲਈ ਸਾਨੂੰ ਕਿਉਂ ਨਹੀਂ ਸੱਦਿਆ? ਅਸੀਂ ਤੇਰੇ ਘਰ ਨੂੰ ਤੇਰੇ ਸਣੇ ਅੱਗ ਲਾ ਦਿਆਂਗੇ?”
2 ਯਿਫ਼ਤਾਹ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਗੰਭੀਰ ਮਤਭੇਦ ਸੀ। ਇਸ ਲਈ ਅਸੀਂ ਉਨ੍ਹਾਂ ਦੇ ਵਿਰੁੱਧ ਲੜਾਈ ਕੀਤੀ। ਮੈਂ ਤੁਹਾਨੂੰ ਬੁਲਾਇਆ ਸੀ ਪਰ ਤੁਸੀਂ ਸਾਡੀ ਸਹਾਇਤਾ ਕਰਨ ਲਈ ਨਹੀਂ ਆਏ। 3 ਮੈਂ ਦੇਖ ਲਿਆ ਕਿ ਤੁਸੀਂ ਸਾਡੀ ਸਹਾਇਤਾ ਨਹੀਂ ਕਰੋਂਗੇ। ਇਸ ਲਈ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ। ਮੈਂ ਨਦੀ ਪਾਰ ਕਰਕੇ ਅੰਮੋਨੀ ਲੋਕਾਂ ਨਾਲ ਲੜਨ ਲਈ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ। ਹੁਣ ਤੁਸੀਂ ਅੱਜ ਮੇਰੇ ਖਿਲਾਫ਼ ਲੜਨ ਲਈ ਕਿਉਂ ਆਏ ਹੋ?”
4 ਫ਼ੇਰ ਯਿਫ਼ਾਤਾਹ ਨੇ ਗਿਲਆਦ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ। ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਨਾਲ ਲੜੇ ਕਿਉਂਕਿ ਉਨ੍ਹਾਂ ਨੇ ਗਿਲਆਦ ਦੇ ਬੰਦਿਆਂ ਦੀ ਬੇਇੱਜ਼ਤੀ ਕੀਤੀ ਸੀ। ਅਤੇ ਆਖਿਆ ਸੀ, “ਤੁਸੀਂ ਗਿਲਆਦ, ਇਫ਼ਰਾਈਮ ਅਤੇ ਮਨੱਸ਼ਹ ਦੇ ਵਿੱਚਕਾਰ ਦੀ ਧਰਤੀ ਉੱਤੇ ਇਫ਼ਰਾਈਮ ਦੇ ਭਗੌੜੇ ਹੋ।” ਗਿਲਆਦ ਦੇ ਲੋਕਾਂ ਨੇ ਇਫ਼ਰਾਈਮ ਦੇ ਲੋਕਾਂ ਨੂੰ ਹਰਾ ਦਿੱਤਾ।
5 ਗਿਲਆਦ ਦੇ ਬੰਦਿਆਂ ਨੇ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰ ਲਿਆ ਜਿੱਥੇ ਲੋਕ ਯਰਦਨ ਨਦੀ ਪਾਰ ਕਰਦੇ ਸਨ। ਉਹ ਥਾਵਾਂ ਇਫ਼ਰਾਈਮ ਦੇ ਦੇਸ਼ ਵੱਲ ਪੈਂਦੀਆਂ ਸਨ। ਜਦੋਂ ਵੀ ਕਦੇ ਇਫ਼ਰਾਈਮ ਦਾ, ਬਚ ਕੇ ਨਿਕਲਿਆ ਬੰਦਾ ਨਦੀ ਕੋਲ ਆਉਂਦਾ ਅਤੇ ਆਖਦਾ, “ਮੈਨੂੰ ਪਾਰ ਜਾਣ ਦਿਉ”, ਗਿਲਆਦ ਦੇ ਬੰਦੇ ਉਸ ਨੂੰ ਪੁੱਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਆਖਦਾ, “ਨਹੀਂ,” 6 ਫ਼ੇਰ ਉਹ ਆਖਦੇ, “‘ਸ਼ਿੱਬੋਲਥ’ ਸ਼ਬਦ ਬੋਲ।” ਇਫ਼ਰਾਈਮ ਦੇ ਲੋਕ ਉਸ ਸ਼ਬਦ ਨੂੰ ਸਹੀ ਢੰਗ ਨਾਲ ਨਹੀਂ ਉੱਚਾਰ ਸੱਕਦੇ ਸਨ। ਉਹ “ਸਿੱਬੋਲਥ” ਬੋਲਦੇ ਸਨ। ਇਸ ਲਈ ਜੇ ਕੋਈ ਬੰਦਾ ਆਖਦਾ, “ਸਿੱਬੋਲਥ” ਤਾਂ ਗਿਲਆਦ ਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਫ਼ਰਾਈਮ ਤੋਂ ਸੀ। ਤਾਂ ਉਹ ਉਸ ਨੂੰ ਯਰਦਨ ਨਦੀ ਦੇ ਪਾਰ ਲੰਘਣ ਵਾਲੇ ਸਥਾਨ ਤੇ ਲੈ ਜਾਂਦੇ ਅਤੇ ਮਾਰ ਦਿੰਦੇ। ਉਨ੍ਹਾਂ ਨੇ ਇਫ਼ਰਾਈਮ ਦੇ 42,000 ਲੋਕ ਮਾਰ ਦਿੱਤੇ।
7 ਯਿਫ਼ਤਾਹ ਇਸਰਾਏਲ ਦੇ ਲੋਕਾਂ ਲਈ ਛੇ ਸਾਲ ਤੱਕ ਨਿਆਂਕਾਰ ਰਿਹਾ। ਫ਼ੇਰ ਗਿਲਆਦ ਦੇ ਯਿਫ਼ਤਾਹ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਸ ਨੂੰ ਉਸ ਦੇ ਆਪਣੇ ਕਸਬੇ ਗਿਲਆਦ ਵਿੱਚ ਹੀ ਦਫ਼ਨਾ ਦਿੱਤਾ।
ਪਰਮੇਸ਼ੁਰ ਵੱਲੋਂ ਨਿਸ਼ਾਨੀਆਂ
12 ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। 13 ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ। 14 ਵੱਧ ਤੋਂ ਵੱਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਦੇ ਗਏ। 15 ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ। 16 ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉੱਥੇ ਠੀਕ ਹੋ ਗਏ।
ਯਹੂਦੀਆਂ ਦੀਆਂ ਰਸੂਲਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ
17 ਸਰਦਾਰ ਜਾਜਕ ਅਤੇ ਉਸ ਦੇ ਸਾਰੇ ਮਿੱਤਰ ਇੱਕ ਪੰਥ ਨਾਲ ਜੋ ਸਦੂਕੀ ਅਖਵਾਉਂਦਾ ਸੀ, ਬਹੁਤ ਈਰਖਾ ਕਰਨ ਲੱਗੇ। 18 ਉਨ੍ਹਾਂ ਨੇ ਰਸੂਲਾਂ ਨੂੰ ਫ਼ੜਕੇ ਕੈਦ ਕਰ ਦਿੱਤਾ। 19 ਪਰ ਰਾਤ ਦੇ ਵਕਤ, ਪ੍ਰਭੂ ਦੇ ਦੂਤ ਨੇ ਜੇਲ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ। ਦੂਤ ਉਨ੍ਹਾਂ ਨੂੰ ਬਾਹਰ ਲੈ ਗਿਆ ਅਤੇ ਆਖਿਆ, 20 “ਜਾਓ ਅਤੇ ਮੰਦਰ ਦੇ ਵਿਹੜੇ ਵਿੱਚ ਖੜ੍ਹੇ ਹੋ ਜਾਓ। ਅਤੇ ਲੋਕਾਂ ਨੂੰ ਇਸ ਸਾਰੇ ਨਵੇਂ ਜੀਵਨ ਬਾਰੇ ਦੱਸੋ।” 21 ਜਦੋਂ ਰਸੂਲਾਂ ਨੇ ਅਜਿਹਾ ਸੁਣਿਆ, ਤਾਂ ਉਹ ਝੱਟ ਕਿਹਾ ਮੰਨ ਕੇ ਮੰਦਰ ਦੇ ਵਿੱਚ ਗਏ। ਇਹ ਅਮ੍ਰਿਤ ਵੇਲਾ ਸੀ ਜਦੋਂ ਰਸੂਲਾਂ ਨੇ ਲੋਕਾਂ ਨੂੰ ਉਪਦੇਸ਼ ਦੇਣੇ ਸ਼ੁਰੂ ਕੀਤੇ।
ਸਰਦਾਰ ਜਾਜਕ ਅਤੇ ਉਸ ਦੇ ਸਾਥੀ ਆਏ। ਉਨ੍ਹਾਂ ਨੇ ਯਹੂਦੀ ਆਗੂਆਂ ਅਤੇ ਯਹੂਦੀਆਂ ਦੇ ਮਹੱਤਵਪੂਰਣ ਬਜ਼ੁਰਗਾਂ ਨੂੰ ਸੱਦਿਆ ਅਤੇ ਇੱਕ ਸਭਾ ਕੀਤੀ। ਫ਼ੇਰ ਉਨ੍ਹਾਂ ਨੇ ਕੁਝ ਲੋਕਾਂ ਨੂੰ ਰਸੂਲਾਂ ਨੂੰ ਕੈਦ ਵਿੱਚੋਂ ਲਿਆਉਣ ਲਈ ਭੇਜਿਆ। 22 ਜਦੋਂ ਉਹ ਲੋਕ ਕੈਦਖਾਨੇ ਕੋਲ ਪਹੁੰਚੇ, ਉੱਥੇ ਉਹ ਉਨ੍ਹਾਂ ਨੂੰ ਲੱਭ ਨਾ ਸੱਕੇ। ਉਹ ਵਾਪਸ ਆਏ ਅਤੇ ਇਹ ਸਾਰੀ ਗੱਲ ਯਹੂਦੀ ਆਗੂਆਂ ਨੂੰ ਦੱਸੀ। 23 ਉਨ੍ਹਾਂ ਆਦਮੀਆਂ ਕਿਹਾ, “ਜੇਲ੍ਹ ਬੰਦ ਸੀ ਅਤੇ ਉਸ ਨੂੰ ਜਿੰਦਰਾ ਵੀ ਲੱਗਿਆ ਹੋਇਆ ਸੀ। ਅਤੇ ਦਰਵਾਜ਼ਿਆਂ ਤੇ ਦਰਬਾਨ ਵੀ ਖੜ੍ਹੇ ਹੋਏ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹੇ ਤਾਂ ਜੇਲ੍ਹ ਅੰਦਰੋਂ ਖਾਲੀ ਪਈ ਸੀ।” 24 ਜਦੋਂ ਮੰਦਰ ਦੇ ਪੈਹਰੇਦਾਰਾਂ ਅਤੇ ਪਰਧਾਨ ਜਾਜਕਾਂ ਨੇ ਇਹ ਸਭ ਸੁਣਿਆ ਤਾਂ ਉਹ ਪਰੇਸ਼ਾਨ ਹੋਏ ਅਤੇ ਹੈਰਾਨ ਸਨ ਕਿ ਪਤਾ ਨਹੀਂ ਇਸਦੇ ਕਾਰਣ ਕੀ ਹੋ ਜਾਵੇ। 25 ਤਦ ਇੱਕ ਹੋਰ ਆਦਮੀ ਆਇਆ ਅਤੇ ਉਸ ਨੇ ਆਕੇ ਕਿਹਾ ਕਿ, “ਸੁਣੋ। ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖਾਨੇ ਵਿੱਚ ਕੈਦ ਕੀਤਾ ਸੀ ਉਹ ਮੰਦਰ ਦੇ ਵਿਹੜੇ ਚ ਖੜੋ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।” 26 ਤਦ ਕਪਤਾਨ ਅਤੇ ਉਸ ਦੇ ਆਦਮੀ ਬਾਹਰ ਗਏ ਅਤੇ ਰਸੂਲਾਂ ਨੂੰ ਵਾਪਸ ਲਿਆਏ। ਪਰ ਉਨ੍ਹਾਂ ਨੇ ਕੋਈ ਜ਼ੋਰ ਜਬਰਦਸਤੀ ਨਾ ਕੀਤੀ ਕਿਉਂਕਿ ਉਹ ਡਰਦੇ ਸਨ ਕਿ ਸ਼ਾਇਦ ਭੀੜ ਉਨ੍ਹਾਂ ਨੂੰ ਪੱਥਰ ਮਾਰੇ।
ਯਿਸੂ ਅਤੇ ਨਿਕੋਦੇਮੁਸ
3 ਉੱਥੇ ਨਿਕੋਦੇਮੁਸ ਨਾਂ ਦਾ ਇੱਕ ਆਦਮੀ ਸੀ। ਉਹ ਫ਼ਰੀਸੀਆਂ ਵਿੱਚੋਂ ਇੱਕ ਸੀ ਅਤੇ ਯਹੂਦੀਆਂ ਦਾ ਮੁੱਖ ਆਗੂ ਸੀ। 2 ਇੱਕ ਰਾਤ ਨਿਕੋਦੇਮੁਸ ਯਿਸੂ ਕੋਲ ਆਇਆ। ਅਤੇ ਆਖਿਆ, “ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਭੇਜੇ ਹੋਏ ਇੱਕ ਗੁਰੂ ਹੋ। ਤੁਸੀਂ ਜੋ ਕਰਾਮਾਤਾਂ ਕਰਦੇ ਹੋ ਪਰਮੇਸ਼ੁਰ ਦੀ ਸਹਾਇਤਾ ਤੋਂ ਬਿਨਾ ਕੋਈ ਨਹੀਂ ਕਰ ਸੱਕਦਾ।”
3 ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇੱਕ ਆਦਮੀ ਉਦੋਂ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਵੇਖ ਸੱਕਦਾ ਜਿੰਨਾ ਚਿਰ ਉਹ ਨਵੇਂ ਸਿਰਿਉਂ ਨਹੀਂ ਜਨਮਦਾ।”
4 ਨਿਕੋਦੇਮੁਸ ਨੇ ਆਖਿਆ, “ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬੁੱਢਾ ਹੈ ਤਾਂ ਉਹ ਕਿਵੇਂ ਜੰਮ ਸੱਕਦਾ ਹੈ? ਨਿਸ਼ਚਿਤ ਹੀ ਉਹ ਜਨਮ ਲੈਣ ਲਈ ਆਪਣੀ ਮਾਂ ਦੀ ਕੁੱਖ ਵਿੱਚ ਦੂਸਰੀ ਵਾਰ ਨਹੀਂ ਵੜ ਸੱਕਦਾ!”
5 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮਿਆਂ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ। 6 ਸਰੀਰ ਤੋਂ ਸਰੀਰ ਜਨਮਦਾ ਹੈ ਅਤੇ ਆਤਮਕ ਜੀਵਨ ਆਤਮਾ ਤੋਂ ਜਨਮਦਾ ਹੈ। 7 ਇਸ ਲਈ ਹੈਰਾਨ ਨਾ ਹੋਵੋ ਕਿ ਮੈਂ ਤੁਹਾਨੂੰ ਆਖਿਆ ਹੈ ‘ਤੁਹਾਨੂੰ ਨਵੇਂ ਸਿਰਿਉਂ ਜੰਮੇ ਹੋਣਾ ਚਾਹੀਦਾ ਹੈ।’ 8 ਹਵਾ ਉਸ ਪਾਸੇ ਹੀ ਚਲਦੀ ਹੈ ਜਿੱਧਰ ਇਹ ਪਸੰਦ ਕਰਦੀ ਹੈ। ਤੁਸੀਂ ਹਵਾ ਦੇ ਚੱਲਣ ਦੀ ਅਵਾਜ਼ ਸੁਣ ਸੱਕਦੇ ਹੋ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਵਾ ਕਿਧਰੋਂ ਆਉਂਦੀ ਹੈ ਤੇ ਕਿੱਧਰ ਜਾਂਦੀ ਹੈ। ਆਤਮਾ ਤੋਂ ਜਨਮੇ ਵਿਅਕਤੀ ਨਾਲ ਵੀ ਇਵੇਂ ਹੀ ਹੈ।”
9 ਨਿਕੋਦੇਮੁਸ ਨੇ ਪੁੱਛਿਆ, “ਇਹ ਕਿਵੇਂ ਸੰਭਵ ਹੋ ਸੱਕਦਾ?”
10 ਯਿਸੂ ਨੇ ਆਖਿਆ, “ਤੂੰ ਇਸਰਾਏਲ ਦਾ ਇੱਕ ਮਹੱਤਵਪੂਰਣ ਗੁਰੂ ਹੈ। ਅਤੇ ਅਜੇ ਵੀ ਤੂੰ ਇਹ ਗੱਲਾਂ ਨਹੀਂ ਸਮਝਦਾ? 11 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗੱਲ ਕਰਦੇ ਹਾਂ। ਅਸੀ ਉਸ ਬਾਰੇ ਦੱਸਦੇ ਹਾਂ ਜੋ ਅਸੀਂ ਵੇਖਿਆ ਹੈ। ਪਰ ਤੁਸੀਂ ਲੋਕ ਉਹ ਕਬੂਲ ਨਹੀਂ ਕਰਦੇ ਜੋ ਅਸੀਂ ਤੁਹਾਨੂੰ ਦੱਸਦੇ ਹਾਂ। 12 ਮੈਂ ਤੁਹਾਨੂੰ ਇਸ ਦੁਨੀਆਂ ਦੀਆਂ ਗੱਲਾਂ ਬਾਰੇ ਦੱਸਿਆ ਹੈ। ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਇਸ ਲਈ ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਬਾਰੇ ਦੱਸਾਂਗਾ ਤਾਂ ਫ਼ਿਰ ਤੁਸੀਂ ਕਿਵੇਂ ਵਿਸ਼ਵਾਸ ਕਰੋਂਗੇ? 13 ਮਨੁੱਖ ਦੇ ਪੁੱਤਰ ਤੋਂ ਬਿਨਾ, ਜੋ ਕਿ ਸਵਰਗ ਤੋਂ ਹੇਠਾਂ ਉਤਰਿਆ ਸੀ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ।
14 “ਜਿਸ ਤਰ੍ਹਾ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਣਾ ਜ਼ਰੂਰੀ ਹੈ। 15 ਇਉਂ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਸਦੀਪਕ ਜੀਵਨ ਪਾ ਸੱਕਦਾ ਹੈ।”
16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ। 17 ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆਂ ਅੰਦਰ ਲੋਕਾਂ ਨੂੰ ਦੋਸ਼ੀ ਠਹਿਰਾਣ ਲਈ ਨਹੀਂ ਭੇਜਿਆ ਸਗੋਂ ਉਸ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਉਸ ਰਾਹੀਂ ਬਚਾਉਣ ਲਈ ਭੇਜਿਆ। 18 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਦੋਸ਼ੀ ਨਹੀਂ ਮੰਨਿਆ ਜਾਵੇਗਾ। ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਹੈ। ਕਿਉਂਕਿ ਉਸ ਨੂੰ ਪਰਮੇਸ਼ੁਰ ਦੇ ਇੱਕਲੇ ਪੁੱਤਰ ਉੱਤੇ ਵਿਸ਼ਵਾਸ ਨਹੀਂ। 19 ਲੋਕਾਂ ਦਾ ਇਸ ਤੱਥ ਉੱਤੇ ਨਿਰਨਾ ਕੀਤਾ ਜਾਵੇਗਾ, ਚਾਨਣ ਸੰਸਾਰ ਵਿੱਚ ਆ ਚੁੱਕਿਆ ਹੈ, ਪਰ ਲੋਕਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਉਹ ਸਿਰਫ਼ ਹਨੇਰਾ ਹੀ ਚਾਹੁੰਦੇ ਸਨ। ਕਿਉਂਕਿ ਜਿਹੜੀਆਂ ਗੱਲਾਂ ਉਨ੍ਹਾਂ ਨੇ ਕੀਤੀਆਂ ਉਹ ਭਰਿਸ਼ਟ ਸਨ। 20 ਜਿਹੜਾ ਬੰਦਾ ਪਾਪ ਕਰਦਾ ਹੈ ਉਹ ਚਾਨਣ ਨੂੰ ਨਫ਼ਰਤ ਕਰਦਾ ਹੈ। ਉਹ ਚਾਨਣ ਵੱਲ ਨਹੀਂ ਆਉਂਦਾ, ਕਿਉਂ ਕਿ ਚਾਨਣ ਉਸ ਦੀਆਂ ਬਦ ਕਰਨੀਆਂ ਨੂੰ ਵਿਖਾ ਦੇਵੇਗਾ। 21 ਪਰ ਜੋ ਵਿਅਕਤੀ ਸੱਚ ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ। ਚਾਨਣ ਇਹ ਸਪੱਸ਼ਟ ਤੌਰ ਤੇ ਵਿਖਾਉਂਦਾ ਹੈ ਕਿ ਜਿਹੜੇ ਕੰਮ ਵਿਅਕਤੀ ਨੇ ਕੀਤੇ ਹਨ ਉਹ ਪਰਮੇਸ਼ੁਰ ਰਾਹੀਂ ਕੀਤੇ ਗਏ ਸਨ।
2010 by World Bible Translation Center