Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 45

ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ।

45 ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ
    ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ।
ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ
    ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।

ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ।
    ਤੁਸੀਂ ਬਹੁਤ ਚੰਗੇ ਵਕਤਾ ਹੋ।
    ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।
ਆਪਣੀ ਤਲਵਾਰ ਪਹਿਨ ਲਵੋ।
    ਆਪਣੀ ਸ਼ਾਨਦਾਰ ਵਰਦੀ ਪਾ ਲਵੋ।
ਤੁਸੀਂ ਅਦਭੁਤ ਦਿਖਾਈ ਦਿੰਦੇ ਹੋ। ਜਾਉ ਨੇਕੀ ਅਤੇ ਨਿਰਪੱਖਤਾ ਲਈ ਲੜਾਈ ਜਿੱਤੋਂ।
    ਤੁਹਾਡੇ ਤਾਕਤਵਰ ਸੱਜੇ ਹੱਥ ਨੂੰ ਹੈਰਾਨੀ ਭਰੀਆਂ ਗੱਲਾਂ ਸਿੱਖਾਈਆਂ ਗਈਆਂ ਸਨ।
ਤੁਹਾਡੇ ਤੀਰ ਤਿੱਖੇ ਹਨ, ਤੁਹਾਡੇ ਦੁਸ਼ਮਣਾਂ ਦੇ ਦਿਲਾਂ ਅੰਦਰ ਡੂੰਘੇ ਉਤਰਦੇ ਹਨ।
    ਧਰਤੀ ਉੱਤੇ ਲੋਕ ਤੁਹਾਡੇ ਸਾਹਮਣੇ ਡਿੱਗਣਗੇ।
ਹੇ ਪਰਮੇਸ਼ੁਰ, ਤੁਹਾਡਾ ਤਖਤ ਸਦੀਵੀ ਹੈ।
    ਇਮਾਨਦਾਰੀ ਤੁਹਾਡੇ ਰਾਜ ਦਾ ਸ਼ਾਹੀ ਨਿਸ਼ਾਨ ਹੈ।
ਤੁਸੀਂ ਨੇਕੀ ਨੂੰ ਪਿਆਰ ਕਰਦੇ ਹੋਂ ਅਤੇ ਬਦੀ ਨੂੰ ਨਫ਼ਰਤ ਕਰਦੇ ਹੋਂ।
    ਇਸ ਲਈ ਪਰਮੇਸ਼ੁਰ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦੋਸਤਾਂ ਦਾ ਰਾਜਾ ਬਣਨ ਲਈ ਚੁਣਿਆ ਸੀ।
ਤੁਹਾਡੇ ਸਾਰੇ ਵਸਤਰ ਮੁਰ, ਅਗਰ ਅਤੇ ਤੱਜ ਨਾਲ ਸੁਗੰਧਿਤ ਹਨ।
    ਇੱਥੋਂ ਹਾਥੀ ਦੰਦਾਂ ਨਾਲ ਸਜਾਏ ਹੋਏ ਮਹਿਲਾਂ ਵਿੱਚੋਂ ਤੁਹਾਡੇ ਮਨੋਰੰਜਨ ਲਈ ਸੰਗੀਤ ਦੀ ਧੁਨ ਉੱਠਦੀ ਹੈ।
ਵਹੁਟੀ ਦੀਆਂ ਸਹੇਲੀਆਂ ਰਾਜਿਆਂ ਦੀਆਂ ਧੀਆਂ ਹਨ।
    ਸੁੱਚੇ ਸੋਨੇ ਦਾ ਤਾਜ ਪਹਿਨੇ ਹੋਏ ਤੁਹਾਡਾ ਲਾੜਾ, ਤੁਹਾਡੇ ਸੱਜੇ ਪਾਸੇ ਖੜ੍ਹਾ ਹੈ।

10 ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ।
    ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
11     ਰਾਜਾ ਤੇਰੀ ਸੁੰਦਰਤਾ ਦੀ ਇੱਛਾ ਕਰਦਾ ਹੈ।
ਉਹ ਤੇਰਾ ਨਵਾਂ ਪਤੀ ਹੋਵੇਗਾ
    ਇਸ ਲਈ ਤੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ।
12 ਸੂਰ ਦੇ ਅਮੀਰ ਲੋਕ ਸੁਗਾਤਾਂ ਨਾਲ ਤੈਨੂੰ ਮਿਲਣ ਲਈ ਆਉਣਗੇ।

13 ਸ਼ਹਿਜ਼ਾਦੀ ਆਪਣੇ ਲਿਬਾਸ ਵਿੱਚ, ਜਿਹੜਾ ਖਾਲਸ ਸੋਨੇ ਦਾ ਬਣਿਆ ਹੈ।
    ਸੋਨੇ ਵਿੱਚ ਮੜ੍ਹੇ ਹੀਰੇ ਵਾਂਗ ਲੱਗਦੀ ਹੈ।
14 ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ,
    ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
15 ਉਹ ਖੁਸ਼ੀ ਨਾਲ ਭਰੀਆਂ ਹੋਈਆਂ ਆਉਂਦੀਆਂ ਹਨ।
    ਉਹ ਖੁਸ਼ੀ ਨਾਲ ਭਰੀਆਂ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ।

16 ਰਾਜਾ ਤੁਹਾਡੇ ਪੁੱਤਰ ਤੁਹਾਡੇ ਪਿੱਛੋਂ ਰਾਜ ਕਰਨਗੇ।
    ਤੁਸੀਂ ਉਨ੍ਹਾਂ ਨੂੰ ਸਾਰੀ ਧਰਤੀ ਦਾ ਹਾਕਮ ਬਣਾ ਦੇਵੋਂਗੇ।
17 ਮੈਂ ਸਦਾ ਲਈ ਤੁਹਾਡਾ ਨਾਮ ਰੌਸ਼ਨ ਕਰਾਂਗਾ।
    ਲੋਕ ਸਦਾ-ਸਦਾ ਲਈ ਤੁਹਾਡੀ ਉਸਤਤਿ ਕਰਨਗੇ।

ਜ਼ਬੂਰ 47-48

ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ।

47 ਤੁਸੀਂ ਸਮੂਹ ਲੋਕੋ, ਤਾੜੀ ਮਾਰੋ।
    ਪਰਮੇਸ਼ੁਰ ਲਈ ਖੁਸ਼ੀ ਦੀਆਂ ਕਿਲਕਾਰੀਆਂ ਮਾਰੋ।
ਸਭ ਤੋਂ ਉੱਚਾ ਯਹੋਵਾਹ ਭਰਮ ਭਰਿਆ ਹੈ।
    ਉਹੀ ਸਾਰੀ ਧਰਤੀ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ।
ਉਹ ਸਾਨੂੰ ਹੋਰਾਂ ਨੂੰ ਹਰਾਉਣ ਵਿੱਚ, ਸਹਾਈ ਹੋਇਆ।
    ਉਸ ਨੇ ਹੋਰਾਂ ਕੌਮਾਂ ਨੂੰ ਸਾਡੇ ਅਧੀਨ ਕਰ ਦਿੱਤਾ।
ਸਾਡੇ ਪਰਮੇਸ਼ੁਰ ਨੇ ਸਾਡੇ ਲਈ ਸਾਡੀ ਧਰਤੀ ਦੀ ਚੋਣ ਕੀਤੀ।
    ਉਸ ਨੇ ਯਾਕੂਬ ਲਈ ਜਿਸ ਬੰਦੇ ਨੂੰ ਉਹ ਪਿਆਰ ਕਰਦਾ ਸੀ। ਉਸ ਅਦਭੁਤ ਧਰਤੀ ਨੂੰ ਚੁਣਿਆ।

ਯਹੋਵਾਹ ਆਪਣੇ ਤਖਤ ਉੱਤੇ ਬਿਗਲ
    ਅਤੇ ਸਿੰਗੀ ਦੀ ਧੁਨੀ ਨਾਲ ਬਿਰਾਜਮਾਨ ਹੁੰਦਾ ਹੈ।
ਪਰਮੇਸ਼ੁਰ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
    ਸਾਡੇ ਰਾਜੇ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
ਪਰਮੇਸ਼ੁਰ ਸਾਰੀ ਦੁਨੀਆਂ ਦਾ ਰਾਜਾ ਹੈ।
    ਉਸਤਤਿ ਦੇ ਗੀਤ ਗਾਵੋ।
ਪਰਮੇਸ਼ੁਰ ਆਪਣੇ ਪਵਿੱਤਰ ਤਖਤ ਉੱਤੇ ਬਿਰਾਜਮਾਨ ਹੈ।
    ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
ਕੌਮਾਂ ਦੇ ਆਗੂ ਅਬਰਾਹਾਮ ਦੇ ਪਰਮੇਸ਼ੁਰ ਦੇ
    ਲੋਕਾਂ ਨਾਲ ਮਿਲਕੇ ਇਕੱਠੇ ਹੁੰਦੇ ਹਨ।
ਸਾਰੀਆਂ ਕੌਮਾਂ ਦੇ ਸਾਰੇ ਹੀ ਆਗੂ ਪਰਮੇਸ਼ੁਰ ਦੇ ਹਨ,
    ਪਰਮੇਸ਼ੁਰ ਉਨ੍ਹਾਂ ਸਾਰਿਆਂ ਉੱਪਰ ਹੈ।

ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।

48 ਯਹੋਵਾਹ ਮਹਾਨ ਹੈ।
    ਸਾਡੇ ਪਰਮੇਸ਼ੁਰ ਦੀ ਉਸਤਤਿ ਉਸ ਦੇ ਸ਼ਹਿਰ ਵਿੱਚ, ਉਸ ਦੇ ਪਵਿੱਤਰ ਪਰਬਤ ਉੱਤੇ ਹੁੰਦੀ ਹੈ।
ਪਰਮੇਸ਼ੁਰ ਦਾ ਪਵਿੱਤਰ ਸ਼ਹਿਰ ਅਜਿਹੀ ਉਚਾਈ ਸਥਿਰ ਹੈ।
    ਇਹ ਦੁਨੀਆਂ ਭਰ ਦੇ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
ਪਰਬਤ ਸੀਯੋਨ ਹੀ ਪਰਮੇਸ਼ੁਰ ਦਾ ਅਸਲ ਪਰਬਤ ਹੈ। ਇਹ
    ਸ਼ਹਿਰ ਮਹਾਨ ਰਾਜੇ ਦਾ ਹੈ।
ਉਸ ਸ਼ਹਿਰ ਦੇ ਮਹਿਲਾਂ ਵਿੱਚ ਪਰਮੇਸ਼ੁਰ ਨੂੰ
    ਗੜ੍ਹ ਸਮਝਿਆ ਜਾਂਦਾ ਹੈ।
ਇੱਕ ਵਾਰੀ ਕੁਝ ਰਾਜੇ ਇਕੱਠੇ ਹੋਏ
    ਅਤੇ ਇਸ ਸ਼ਹਿਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਇਕੱਠਿਆਂ ਅਗਾਂਹਾਂ ਕੂਚ ਕੀਤਾ।
    ਜਦੋਂ ਉਨ੍ਹਾਂ ਰਾਜਿਆਂ ਨੇ ਇਸ ਵੱਲ ਤੱਕਿਆ, ਉਹ ਹੈਰਾਨ ਰਹਿ ਗਏ।
    ਅਤੇ ਉਹ ਦਹਿਸ਼ਤ ਵਿੱਚ ਭੱਜ ਉੱਠੇ।
ਉਨ੍ਹਾਂ ਰਾਜਿਆਂ ਨੂੰ ਡਰ ਨੇ ਖਿੱਚ ਲਿਆ।
    ਉਹ ਡਰ ਨਾਲ ਕੰਬ ਗਏ।
ਹੇ ਪਰਮੇਸ਼ੁਰ, ਤੁਸਾਂ ਜ਼ੋਰਦਾਰ ਹਵਾ ਦੀ ਵਰਤੋਂ ਕੀਤੀ
    ਅਤੇ ਉਨ੍ਹਾਂ ਦੇ ਵੱਡੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।
ਹਾਂ, ਅਸੀਂ ਤੇਰੀ ਸ਼ਕਤੀ ਦੀਆਂ ਕਹਾਣੀਆਂ ਸੁਣੀਆਂ ਪਰ
    ਅਸੀਂ ਇਸ ਨੂੰ, ਸਾਡੇ ਪਰਮੇਸ਼ੁਰ ਦੇ ਸ਼ਹਿਰ ਅੰਦਰ, ਯਹੋਵਾਹ ਸਰਬ ਸ਼ਕਤੀਮਾਨ ਦੇ ਸ਼ਹਿਰ ਅੰਦਰ ਦੇਖਿਆ ਵੀ।
ਪਰਮੇਸ਼ੁਰ ਉਸ ਸ਼ਹਿਰ ਨੂੰ ਸਦਾ ਲਈ ਮਜ਼ਬੂਤ ਬਣਾਉਂਦਾ ਹੈ।

ਹੇ ਪਰਮੇਸ਼ੁਰ, ਅਸੀਂ ਤੁਹਾਡੇ ਮੰਦਰ ਵਿੱਚ ਤੁਹਾਡੀ ਪਿਆਰ ਭਰੀ ਮਿਹਰ ਬਾਰੇ ਵਿੱਚਾਰ ਕਰਦੇ ਹਾਂ।
10 ਹੇ ਪਰਮੇਸ਼ੁਰ ਤੁਸੀਂ ਪ੍ਰਸਿੱਧ ਹੋਂ।
    ਸਾਰੇ ਲੋਕ ਧਰਤੀ ਉੱਪਰ ਹਰ ਥਾਂ ਤੁਹਾਡੀ ਉਸਤਤਿ ਕਰਦੇ ਹਨ।
    ਹਰ ਕੋਈ ਜਾਣਦਾ ਹੈ ਤੁਸੀਂ ਕਿੰਨੇ ਭਿੰਨ ਹੋ।
11 ਹੇ ਪਰਮੇਸ਼ੁਰ, ਸੀਯੋਨ ਪਰਬਤ ਪ੍ਰਸੰਨ ਹੈ।
    ਯਹੂਦਾਹ ਦੇ ਸ਼ਹਿਰ ਤੁਹਾਡੇ ਸ਼ੁਭ ਨਿਆਂਣਿਆ ਕਾਰਣ ਖੁਸ਼ੀ ਮਨਾਉਂਦੇ ਹਨ।
12 ਸੀਯੋਨ ਪਰਬਤ ਦੇ ਆਲੇ-ਦੁਆਲੇ ਫ਼ਿਰੋ।
    ਸ਼ਹਿਰ ਵੱਲ ਵੇਖੋ। ਬੁਰਜਾਂ ਨੂੰ ਗਿਣੋ।
13 ਉੱਚੀਆਂ ਕੰਧਾਂ ਵੱਲ ਵੇਖੋ,
    ਸੀਯੋਨ ਦੇ ਮਹਿਲਾਂ ਦੀ ਤਾਰੀਫ਼ ਕਰੋ।
ਫ਼ੇਰ ਤੁਸੀਂ ਅਗਲੀ ਪੀੜੀ ਨੂੰ ਇਸ ਬਾਰੇ ਦੱਸ ਸੱਕੋਂਗੇ।
14 ਇਹ ਪਰਮੇਸ਼ੁਰ ਸਦਾ-ਸਦਾ ਲਈ ਸਾਡਾ ਪਰਮੇਸ਼ੁਰ ਹੈ।
    ਉਸ ਸਾਡੀ ਸਦਾ-ਸਦਾ ਲਈ ਅਗਵਾਈ ਕਰੇਗਾ।

ਉਤਪਤ 37:12-24

12 ਇੱਕ ਦਿਨ ਯੂਸੁਫ਼ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਸ਼ਕਮ ਵੱਲ ਚੱਲੇ ਗਏ। 13 ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਸ਼ਕਮ ਨੂੰ ਚੱਲਾ ਜਾਹ। ਉੱਥੇ ਤੇਰੇ ਭਰਾ ਮੇਰੀਆਂ ਭੇਡਾਂ ਸਾਂਭ ਰਹੇ ਹਨ।”

ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਚੱਲਾ ਜਾਵਾਂਗਾ।”

14 ਯੂਸੁਫ਼ ਦੇ ਪਿਤਾ ਨੇ ਆਖਿਆ, “ਜਾਹ ਜਾਕੇ ਦੇਖ ਤੇਰੇ ਭਰਾ ਸੁਰੱਖਿਅਤ ਤਾਂ ਹਨ। ਆਕੇ ਮੈਨੂੰ ਇਹ ਦੱਸੀਂ ਕਿ ਮੇਰੀਆਂ ਭੇਡਾਂ ਠੀਕ-ਠਾਕ ਹਨ ਜਾਂ ਨਹੀਂ।” ਇਸ ਲਈ ਯੂਸੁਫ਼ ਦੇ ਪਿਤਾ ਨੇ ਉਸ ਨੂੰ ਹਬਰੋਨ ਦੀ ਵਾਦੀ ਤੋਂ ਸ਼ਕਮ ਭੇਜ ਦਿੱਤਾ।

15 ਸ਼ਕਮ ਜਾਕੇ ਯੂਸੁਫ਼ ਰਾਹ ਭੁੱਲ ਗਿਆ। ਇੱਕ ਆਦਮੀ ਨੇ ਉਸ ਨੂੰ ਖੇਤਾਂ ਵਿੱਚ ਭਟਕਦਿਆਂ ਹੋਇਆ ਦੇਖਿਆ। ਉਸ ਆਦਮੀ ਨੇ ਆਖਿਆ, “ਤੂੰ ਕੀ ਭਾਲ ਰਿਹਾ ਹੈਂ?”

16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੂੰ ਮੈਨੂੰ ਦੱਸ ਸੱਕਦਾ ਹੈਂ ਕਿ ਉਹ ਆਪਣੀਆਂ ਭੇਡਾਂ ਨਾਲ ਕਿੱਥੇ ਹਨ?”

17 ਉਸ ਆਦਮੀ ਨੇ ਆਖਿਆ, “ਉਹ ਤਾਂ ਪਹਿਲਾਂ ਹੀ ਦੂਰ ਜਾ ਚੁੱਕੇ ਹਨ। ਮੈਂ ਉਨ੍ਹਾਂ ਨੂੰ ਆਖਦਿਆਂ ਸੁਣਿਆ ਸੀ ਕਿ ਉਹ ਦੋਥਾਨ ਜਾ ਰਹੇ ਹਨ।” ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਮਿਲਿਆ।

ਯੂਸੁਫ਼ ਦਾ ਗੁਲਾਮੀ ਲਈ ਵੇਚਿਆ ਜਾਣਾ

18 ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖਿਆ। ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਵਿਉਂਤ ਘੜੀ। 19 ਭਰਾਵਾਂ ਨੇ ਇੱਕ ਦੂਸਰੇ ਨੂੰ ਆਖਿਆ, “ਉਹ ਆਉਂਦਾ ਹੈ ਯੂਸੁਫ਼, ਸੁਪਨੇ ਲੈਣ ਵਾਲਾ। 20 ਸਾਨੂੰ ਜੇ ਹੋ ਸੱਕੇ ਤਾਂ ਹੁਣੇ ਹੀ ਮਾਰ ਦੇਣਾ ਚਾਹੀਦਾ ਹੈ। ਅਸੀਂ ਉਸਦੀ ਲਾਸ਼ ਕਿਸੇ ਸਖਣੇ ਖੂਹ ਵਿੱਚ ਸੁੱਟ ਦਿਆਂਗੇ। ਅਸੀਂ ਆਪਣੇ ਪਿਤਾ ਨੂੰ ਜਾਕੇ ਆਖ ਸੱਕਦੇ ਹਾਂ ਕਿ ਉਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਫ਼ੇਰ ਅਸੀਂ ਸਿਧ ਕਰ ਦਿਆਂਗੇ ਕਿ ਉਸ ਦੇ ਸੁਪਨੇ ਝੂਠੇ ਹਨ।”

21 ਪਰ ਰਊਬੇਨ ਯੂਸੁਫ਼ ਨੂੰ ਬਚਾਉਣ ਚਾਹੁੰਦਾ ਸੀ। ਰਊਬੇਨ ਨੇ ਆਖਿਆ, “ਅਸੀਂ ਉਸ ਨੂੰ ਮਾਰੀਏ ਨਾ।” ਰਊਬੇਨ ਨੇ ਯੂਸੁਫ਼ ਨੂੰ ਬਚਾਉਣ ਅਤੇ ਉਸ ਨੂੰ ਆਪਣੇ ਪਿਤਾ ਕੋਲ ਭੇਜਣ ਦੀ ਵਿਉਂਤ ਬਣਾਈ ਸੀ। 22-23 ਯੂਸੁਫ਼ ਆਪਣੇ ਭਰਾਵਾਂ ਕੋਲ ਗਿਆ। ਉਨ੍ਹਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਦਾ ਲੰਮਾ ਖੂਬਸੂਰਤ ਕੋਟ ਪਾੜ ਦਿੱਤਾ। 24 ਫ਼ੇਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ।

1 ਕੁਰਿੰਥੀਆਂ ਨੂੰ 1:20-31

20 ਕਿੱਥੇ ਹਨ ਅਕਲਮੰਦ ਲੋਕ? ਕਿੱਥੇ ਹਨ ਵਿਦਵਾਨ? ਕਿੱਥੇ ਹਨ ਇਸ ਦੁਨੀਆਂ ਦੇ ਫ਼ਲਸਫ਼ੀ? ਪਰਮੇਸ਼ੁਰ ਨੇ ਇਸ ਸੰਸਾਰ ਦੀ ਸਿਆਣਪ ਨੂੰ ਮੂਰੱਖਤਾ ਬਣਾ ਦਿੱਤਾ ਹੈ। 21 ਪਰਮੇਸ਼ੁਰ ਆਪਣੀ ਸੂਝ ਨਾਲ ਇਹੋ ਚਾਹੁੰਦਾ ਸੀ; ਦੁਨੀਆਂ ਪਰਮੇਸੁਰ ਨੂੰ ਆਪਣੀ ਸਿਆਣਪ ਨਾਲ ਨਹੀਂ ਜਾਣਦੀ ਸੀ। ਇਸੇ ਲਈ ਪਰਮੇਸ਼ੁਰ ਨੇ ਇੱਕ ਅਜਿਹੇ ਸੰਦੇਸ਼ ਦਾ ਇਸਤੇਮਾਲ ਕੀਤਾ ਜੋ ਉਸ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਬਚਾਉਣ ਲਈ ਮੂਰੱਖਤਾ ਜਾਪਦਾ ਹੈ।

22 ਯਹੂਦੀ ਪ੍ਰਮਾਣ ਵਜੋਂ ਕਰਾਮਾਤਾਂ ਦੀ ਮੰਗ ਕਰਦੇ ਹਨ। ਯੂਨਾਨੀ ਸਿਆਣਪ ਦੀ ਮੰਗ ਕਰਦੇ ਹਨ। 23 ਪਰ ਜਿਸ ਸੰਦੇਸ਼ ਦਾ ਪ੍ਰਚਾਰ ਅਸੀਂ ਕਰਦੇ ਹਾਂ ਉਹ ਇਹ ਹੈ; ਮਸੀਹ ਸਲੀਬ ਉੱਤੇ ਪ੍ਰਾਣ ਹੀਣ ਹੋ ਗਿਆ। ਯਹੂਦੀਆਂ ਲਈ ਇਹ ਬੜੀ ਸਮੱਸਿਆ ਹੈ। ਅਤੇ ਗੈਰ ਯਹੂਦੀਆਂ ਨੂੰ ਇਹ ਮੂਰੱਖਤਾ ਜਾਪਦੀ ਹੈ। 24 ਪਰ ਪਰਮੇਸ਼ੁਰ ਵੱਲੋਂ ਚੁਣੇ ਹੋਏ ਲੋਕਾਂ ਯਹੂਦੀਆਂ ਤੇ ਯੂਨਾਨੀਆਂ ਜਾਂ ਗੈਰ ਯਹੂਦੀਆਂ ਲਈ, ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ ਤੇ ਪਰਮੇਸ਼ੁਰ ਦੀ ਸੂਝ ਹੈ। 25 ਪਰਮੇਸ਼ੁਰ ਦੀ ਮੂਰੱਖਤਾ ਮਨੁੱਖਾਂ ਦੀ ਸਿਆਣਪਤਾ ਨਾਲੋਂ ਕਿਤੇ ਵੱਧੇਰੇ ਸਿਆਣੀ ਹੈ। ਪਰਮੇਸ਼ੁਰ ਦੀ ਕਮਜ਼ੋਰੀ ਵੀ ਮਨੁੱਖਾਂ ਨਾਲੋਂ ਤਾਕਤਵਰ ਹੈ।

26 ਭਰਾਵੋ ਅਤੇ ਭੈਣੋ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਹੈ। ਇਸ ਬਾਰੇ ਸੋਚੋ। ਤੁਹਾਡੇ ਵਿੱਚੋਂ ਬਹੁਤ ਲੋਕ ਦੁਨੀਆਂ ਦੇ ਸੂਝਵਾਨ ਨਹੀਂ ਸਨ। ਜਿਸ ਤਰ੍ਹਾਂ ਦੁਨੀਆਂ ਸੂਝ ਦਾ ਨਿਆਂ ਕਰਦੀ ਹੈ। ਤੁਹਾਡੇ ਵਿੱਚੋਂ ਬਹੁਤੇ ਲੋਕ ਪ੍ਰਭਾਵ ਵਾਲੇ ਵੀ ਨਹੀਂ ਸਨ। ਤੁਹਾਡੇ ਵਿੱਚੋਂ ਬਹੁਤੇ ਲੋਕ ਮਹੱਤਵਪੂਰਣ ਪਰਿਵਾਰਾਂ ਵਿੱਚੋਂ ਵੀ ਨਹੀਂ ਸਨ। 27 ਪਰ ਪਰਮੇਸ਼ੁਰ ਨੇ ਸਿਆਣੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਸੰਸਾਰ ਦੇ ਮੂਰੱਖਤਾ ਭਰਪੂਰ ਲੋਕਾਂ ਦੀ ਪਛਾਣ ਕੀਤੀ। ਪਰਮੇਸ਼ੁਰ ਨੇ ਸਿਆਣੇ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਸੰਸਾਰ ਦੇ ਨਿਤਾਣੇ ਲੋਕਾਂ ਦੀ ਚੋਣ ਕੀਤੀ। 28 ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਜਿਨ੍ਹਾਂ ਨੂੰ ਦੁਨੀਆਂ ਕੋਈ ਮਹੱਤਵ ਨਹੀਂ ਦਿੰਦੀ। ਉਹ ਉਨ੍ਹਾਂ ਲੋਕਾਂ ਨੂੰ ਚੁਣਦਾ ਹੈ ਜਿਨ੍ਹਾਂ ਨੂੰ ਦੁਨੀਆਂ ਨੇ ਨਫ਼ਰਤ ਕੀਤੀ ਅਤੇ ਸੋਚਿਆ ਕਿ ਉਹ ਬੇਕਾਰ ਹਨ। ਜਿਸ ਨੂੰ ਦੁਨੀਆਂ ਮਹੱਤਵਪੂਰਣ ਸਮਝਦੀ ਹੈ ਉਸਦਾ ਨਾਸ਼ ਕਰਨ ਲਈ ਪਰਮੇਸ਼ੁਰ ਨੇ ਇਨ੍ਹਾਂ ਨੂੰ ਚੁਣਿਆ। 29 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿ ਕੋਈ ਵੀ ਮਨੁੱਖ ਉਸ ਦੇ ਸਾਹਮਣੇ ਹੰਕਾਰ ਨਾ ਕਰ ਸੱਕੇ। 30 ਪਰਮੇਸ਼ੁਰ ਨੇ ਹੀ ਤੁਹਾਨੂੰ ਮਸੀਹ ਯਿਸੂ ਦੇ ਅੰਗ ਬਣਾਇਆ ਹੈ। ਮਸੀਹ ਸਾਡੇ ਲਈ ਪਰਮੇਸ਼ੁਰ ਵੱਲੋਂ ਮਿਲੀ ਬੁੱਧ ਹੈ। ਮਸੀਹ ਦੇ ਕਾਰਣ ਹੀ ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ, ਅਤੇ ਆਪਣੇ ਪਾਪਾਂ ਤੋਂ ਮੁਕਤ ਹਾਂ। ਮਸੀਹ ਦੇ ਕਾਰਣ ਹੀ ਅਸੀਂ ਪਵਿੱਤਰ ਹਾਂ। 31 ਇਸ ਲਈ ਜਿਵੇਂ ਪੋਥੀਆਂ ਦਾ ਕਥਨ ਹੈ, “ਜੇ ਕੋਈ ਵਿਅਕਤੀ ਅਭਿਮਾਨੀ ਹੈ, ਤਾਂ ਉਸ ਨੂੰ ਕੇਵਲ ਪ੍ਰਭੂ ਵਿੱਚ ਹੀ ਅਭਿਮਾਨ ਰੱਖਣਾ ਚਾਹੀਦਾ ਹੈ।” [a]

ਮਰਕੁਸ 1:14-28

ਯਿਸੂ ਦਾ ਕੁਝ ਚੇਲਿਆਂ ਨੂੰ ਚੁਨਣਾ(A)

14 ਉਸਤੋਂ ਬਾਦ, ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਅਤੇ ਫ਼ੇਰ ਯਿਸੂ ਗਲੀਲ ਨੂੰ ਆਇਆ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਕਿਹਾ, 15 “ਹੁਣ ਠੀਕ ਸਮਾਂ ਆ ਗਿਆ ਹੈ। ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੁਸੀਂ ਆਪਣਾ ਜੀਵਨ ਬਦਲ ਲਵੋ ਅਤੇ ਇਸ ਖੁਸ਼ਖਬਰੀ ਉੱਤੇ ਇਤਬਾਰ ਕਰੋ।”

ਯਿਸੂ ਦਾ ਕੁਝ ਅਨੁਯਾਈਆਂ ਨੂੰ ਚੁਨਣਾ(B)

16 ਗਲੀਲੀ ਝੀਲ ਦੇ ਕੰਢੇ ਉੱਤੇ ਫ਼ਿਰਦਿਆਂ ਯਿਸੂ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਜੋ ਕਿ ਮਛੇਰੇ ਸਨ, ਝੀਲ ਵਿੱਚ ਮੱਛੀਆਂ ਫ਼ੜਨ ਲਈ ਜਾਲ ਪਾਉਂਦਿਆਂ ਵੇਖਿਆ। 17 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਆਓ ਅਤੇ ਮੇਰੇ ਪਿੱਛੇ ਚੱਲੋ, ਮੈਂ ਤੁਹਾਨੂੰ ਲੋਕਾਂ ਨੂੰ ਇਕੱਠੇ ਕਰਨ ਵਾਲੇ ਬਨਾਵਾਂਗਾ।” 18 ਤਾਂ ਸ਼ਮਊਨ ਅਤੇ ਅੰਦ੍ਰਿਯਾਸ ਆਪਣੇ ਜਾਲਾਂ ਨੂੰ ਉੱਥੇ ਹੀ ਛੱਡ ਕੇ ਉਸ ਦੇ ਮਗਰ ਹੋ ਤੁਰੇ।

19 ਯਿਸੂ ਗਲੀਲ ਝੀਲ ਦੇ ਕਿਨਾਰੇ ਥੋੜਾ ਹੋਰ ਅੱਗੇ ਤੁਰਿਆ ਉਸ ਨੇ ਦੋ ਹੋਰ ਭਰਾਵਾਂ, ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ, ਨੂੰ ਵੇਖਿਆ, ਜੋ ਕਿ ਆਪਣੀ ਬੇੜੀ ਵਿੱਚ ਆਪਣੇ ਜਾਲਾਂ ਨੂੰ ਠੀਕ ਕਰ ਰਹੇ ਸਨ ਤਾਂ ਕਿ ਮੱਛੀਆਂ ਫ਼ੜ ਸੱਕਣ। 20 ਜਦੋਂ ਯਿਸੂ ਨੇ ਦੋਹਾਂ ਭਰਾਵਾਂ ਨੂੰ ਬੁਲਾਇਆ, ਉਹ ਆਪਣੇ ਪਿਤਾ ਤੇ ਉਨ੍ਹਾਂ ਦੇ ਕਾਮਿਆਂ ਨੂੰ ਛੱਡ ਕੇ ਯਿਸੂ ਦੇ ਪਿੱਛੇ ਹੋ ਤੁਰੇ।

ਯਿਸੂ ਇੱਕ ਭਰਿਸ਼ਟ ਆਤਮਾ ਵਾਲੇ ਮਨੁੱਖ ਨੂੰ ਠੀਕ ਕਰਦਾ(C)

21 ਯਿਸੂ ਅਤੇ ਉਸ ਦੇ ਚੇਲੇ ਫ਼ਿਰ ਕਫ਼ਰਨਾਹੂਮ ਵਿੱਚ ਗਏ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਜਾਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗੇ। 22 ਲੋਕ ਯਿਸੂ ਦੇ ਉਪਦੇਸ਼ ਤੇ ਹੈਰਾਨ ਸਨ। ਉਸ ਨੇ ਉਨ੍ਹਾਂ ਨੂੰ ਉਸ ਮਨੁੱਖ ਵਾਂਗ ਉਪਦੇਸ਼ ਦਿੱਤੇ ਜਿਸ ਕੋਲ ਅਧਿਕਾਰ ਹੋਵੇ ਨਾ ਕਿ ਨੇਮ ਦੇ ਉਪਦੇਸ਼ਕਾਂ ਵਾਂਗ। 23 ਜਦੋਂ ਅਜੇ ਯਿਸੂ ਪ੍ਰਾਰਥਨਾ ਸਥਾਨ ਵਿੱਚ ਹੀ ਸੀ, ਉੱਥੇ ਇੱਕ ਮਨੁੱਖ ਸੀ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ। ਅਤੇ ਉਹ ਚੀਕਦਾ ਹੋਇਆ ਯਿਸੂ ਕੋਲ ਆਇਆ, 24 “ਓ ਯਿਸੂ ਨਾਸਰੀ! ਤੂੰ ਸਾਡੇ ਕੋਲ ਕਿਸ ਲਈ ਆਇਆ ਹੈਂ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰੱਖ ਹੈਂ।”

25 ਯਿਸੂ ਨੇ ਬੜੇ ਰੋਅਬ ਨਾਲ ਉਸ ਨੂੰ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ!” 26 ਫ਼ੇਰ ਭਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਕੰਬਣੀ ਛੇੜੀ। ਫ਼ੇਰ ਉਹ ਭਰਿਸ਼ਟ ਆਤਮਾ ਉੱਚੀ-ਉੱਚੀ ਚੀਕਦਾ ਹੋਇਆ ਉਸ ਵਿੱਚੋਂ ਬਾਹਰ ਨਿਕਲ ਆਇਆ।

27 ਲੋਕ ਇਹ ਵੇਖਕੇ ਹੈਰਾਨ ਹੋਏ। ਉਨ੍ਹਾਂ ਇੱਕ ਦੂਜੇ ਤੋਂ ਪੁੱਛਿਆ, “ਇਥੇ ਕੀ ਹੋ ਰਿਹਾ ਹੈ? ਇਹ ਨਵੀਂ ਤਰ੍ਹਾਂ ਦਾ ਹੀ ਉਪਦੇਸ਼ ਹੈ, ਇਹ ਆਦਮੀ ਤਾਂ ਬੜੇ ਅਧਿਕਾਰ ਦੇ ਨਾਲ ਉਪਦੇਸ਼ ਦਿੰਦਾ ਹੈ ਅਤੇ ਇੱਥੋਂ ਤੱਕ ਕਿ ਇਹ ਤਾਂ ਭਰਿਸ਼ਟ ਆਤਮਿਆਂ ਨੂੰ ਹੁਕਮ ਵੀ ਦਿੰਦਾ ਹੈ ਅਤੇ ਉਹ ਉਸਦੀ ਮੰਨ ਲੈਂਦੇ ਹਨ।” 28 ਇਉਂ ਗਲੀਲ ਦੇ ਸਾਰੇ ਖੇਤ੍ਰ ਵਿੱਚ ਯਿਸੂ ਬਾਰੇ ਖ਼ਬਰ ਬੜੀ ਤੇਜ਼ੀ ਨਾਲ ਫ਼ੈਲੀ ਗਈ।

Punjabi Bible: Easy-to-Read Version (ERV-PA)

2010 by World Bible Translation Center