Book of Common Prayer
ਦਾਊਦ ਦਾ ਇੱਕ ਗੀਤ।
101 ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ।
ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।
2 ਮੈਂ ਹੁਸ਼ਿਆਰੀ ਨਾਲ ਸਾਫ਼ ਸੁਥਰਾ ਜੀਵਨ ਜੀਵਾਂਗਾ।
ਮੈਂ ਆਪਣੇ ਘਰ ਵਿੱਚ ਪਵਿੱਤਰ ਜੀਵਨ ਜੀਵਾਂਗਾ।
ਯਹੋਵਾਹ, ਤੁਸੀਂ ਮੇਰੇ ਕੋਲ ਕਦੋਂ ਆਵੋਂਗੇ?
3 ਮੈਂ ਆਪਣੇ ਸਾਹਮਣੇ ਕੋਈ ਵੀ ਮੂਰਤੀ ਨਹੀਂ ਰੱਖਾਂਗਾ।
ਮੈਂ ਤੁਹਾਡੇ ਵਿਰੋਧੀ ਲੋਕਾਂ ਨੂੰ ਨਫ਼ਰਤ ਕਰਦਾ ਹਾਂ।
ਮੈਂ ਇਹ ਨਹੀਂ ਕਰਾਂਗਾ।
4 ਮੈਂ ਇਮਾਨਦਾਰ ਬਣਾਂਗਾ।
ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।
5 ਜੇ ਕੋਈ ਪਿੱਠ ਪਿੱਛੇ ਆਪਣੇ ਗੁਆਂਢੀ ਬਾਰੇ ਮੰਦਾ ਬੋਲਦਾ ਹੈ।
ਮੈਂ ਉਸ ਆਦਮੀ ਨੂੰ ਇਜਾਜ਼ਤ ਨਹੀਂ ਦਿਆਂਗਾ।
ਮੈਂ ਘਮੰਡੀਆਂ ਨੂੰ ਕਬੂਲ ਨਹੀਂ ਕਰ ਸੱਕਦਾ
ਜਿਹੜੇ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਬਿਹਤਰ ਹਨ।
6 ਮੈਂ ਦੇਸ਼ ਭਰ ਵਿੱਚ ਉਨ੍ਹਾਂ ਲੋਕਾਂ ਦੀ ਭਾਲ ਕਰਾਂਗਾ ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ,
ਅਤੇ ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਹੀ ਆਪਣੀ ਸੇਵਾ ਕਰਾਵਾਂਗਾ।
ਸਿਰਫ਼ ਉਹੀ ਲੋਕ ਜਿਹੜੇ ਪਵਿੱਤਰ ਜੀਵਨ ਜਿਉਂਦੇ ਹਨ ਮੇਰੇ ਸੇਵਕ ਹੋ ਸੱਕਦੇ ਹਨ।
7 ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ।
ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ।
8 ਮੈਂ ਇਸ ਦੇਸ਼ ਵਿੱਚ ਰਹਿਣ ਵਾਲੇ ਮੰਦੇ ਲੋਕਾਂ ਦਾ ਹਮੇਸ਼ਾ ਨਾਸ਼ ਕਰਾਂਗਾ।
ਮੈਂ ਮੰਦੇ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਹਿਰ ਛੱਡਣ ਤੇ ਮਜਬੂਰ ਕਰ ਦਿਆਂਗਾ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
109 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
2 ਬਦਕਾਰ ਲੋਕ ਮੇਰੇ ਬਾਰੇ ਝੂਠ ਬੋਲ ਰਹੇ ਹਨ।
ਉਹ ਉਹੀ ਗੱਲਾਂ ਆਖ ਰਹੇ ਹਨ ਜਿਹੜੀਆਂ ਸੱਚ ਨਹੀਂ ਹਨ।
3 ਲੋਕੀ ਮੇਰੇ ਬਾਰੇ ਨਫ਼ਰਤ ਭਰੀਆਂ ਗੱਲਾਂ ਆਖ ਰਹੇ ਹਨ।
ਲੋਕ ਮੇਰੇ ਉੱਤੇ ਬਿਨਾ ਕਾਰਣ ਹਮਲਾ ਕਰ ਰਹੇ ਹਨ।
4 ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ।
ਪਰ ਉਹ ਮੇਰੇ ਨਾਲ ਨਫ਼ਰਤ ਕਰਦੇ ਹਨ।
ਇਸ ਲਈ ਹੁਣ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ, ਹੇ ਪਰਮੇਸ਼ੁਰ।
5 ਮੈਂ ਉਨ੍ਹਾਂ ਲੋਕਾਂ ਨਾਲ ਨੇਕੀ ਕੀਤੀ ਸੀ,
ਪਰ ਉਹ ਮੇਰੇ ਨਾਲ ਬੁਰਾ ਕਰ ਰਹੇ ਹਨ।
ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ,
ਪਰ ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
6 ਮੇਰੇ ਦੁਸ਼ਮਣਾਂ ਨੂੰ ਉਸ ਦੇ ਮੰਦੇ ਅਮਲਾਂ ਲਈ ਦੰਡ ਦਿਉ।
ਉਸ ਨੂੰ ਗਲਤ ਸਾਬਤ ਕਰਨ ਲਈ ਕੋਈ ਬੰਦਾ ਲੱਭ ਲਵੋ।
7 ਮੁਨਸਫ਼ ਨੂੰ ਨਿਆਂ ਕਰਨ ਦਿਉ ਕਿ ਮੇਰੇ ਦੁਸ਼ਮਣਾਂ ਨੇ ਮੰਦਾ ਕੰਮ ਕੀਤਾ ਸੀ ਅਤੇ ਉਹ ਦੋਸ਼ੀ ਹਨ।
ਮੇਰੇ ਦੁਸ਼ਮਣ ਦੀ ਕਹੀ ਹਰ ਗੱਲ ਨੂੰ ਉਸ ਦਾ ਜੀਵਨ ਦੁਸ਼ਵਾਰ ਬਨਾਉਣ ਦਿਉ।
8 ਮੇਰੇ ਦੁਸ਼ਮਣ ਨੂੰ ਛੇਤੀ ਮਰ ਜਾਣ ਦਿਉ।
ਕਿਸੇ ਹੋਰ ਨੂੰ ਉਸਦਾ ਕੰਮ ਮਿਲਣ ਦਿਉ।
9 ਮੇਰੇ ਦੁਸ਼ਮਣ ਦੇ ਬੱਚਿਆਂ ਨੂੰ ਯਤੀਮ ਬਣਾ ਦਿਉ।
ਅਤੇ ਉਸਦੀ ਪਤਨੀ ਨੂੰ ਵਿਧਵਾ ਬਣਾ ਦਿਉ।
10 ਉਨ੍ਹਾਂ ਦਾ ਘਰ ਖੁਸ ਜਾਵੇ।
ਅਤੇ ਉਹ ਮੰਗਤੇ ਬਣ ਜਾਣ।
11 ਮੇਰੇ ਦੁਸ਼ਮਣ ਦੇ ਲੈਣਦਾਰਾਂ ਨੂੰ ਉਸਦਾ ਉਹ ਸਭ ਲੈ ਲੈਣ, ਜਿਸਦਾ ਉਹ ਕਬਜ਼ੇ ਦਾਰ ਹੈ।
ਅਜਨਬੀ ਉਸਦੀ ਕਮਾਈ ਹੋਈ ਹਰ ਸ਼ੈਅ ਲੈ ਜਾਣ।
12 ਮੈਨੂੰ ਉਮੀਦ ਹੈ ਕਿ ਕੋਈ ਵੀ ਬੰਦਾ ਮੇਰੇ ਦੁਸ਼ਮਣਾਂ ਉੱਤੇ ਮਿਹਰਬਾਨ ਨਹੀਂ ਹੈ।
ਮੈਨੂੰ ਆਸ ਹੈ ਕਿ ਕੋਈ ਵੀ ਬੰਦਾ ਉਸ ਦੇ ਬੱਚਿਆਂ ਉੱਤੇ ਤਰਸ ਨਹੀਂ ਕਰੇਗਾ।
13 ਮੇਰੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
ਅਗਲੀ ਪੀੜੀ ਨੂੰ ਉਨ੍ਹਾਂ ਦਾ ਨਾਮ ਹਰ ਸ਼ੈਅ ਉੱਤੋਂ ਮਿਟਾ ਲੈਣ ਦਿਉ।
14 ਮੈਨੂੰ ਆਸ ਹੈ ਕਿ ਯਹੋਵਾਹ ਨੂੰ ਮੇਰੇ ਦੁਸ਼ਮਣ ਦੇ ਪਿਤਾ ਦੇ ਗੁਨਾਹ ਯਾਦ ਹਨ।
ਅਤੇ ਮੈਨੂੰ ਉਮੀਦ ਹੈ ਕਿ ਉਸਦੀ ਮਾਂ ਦੇ ਗੁਨਾਹ ਵੀ ਕਦੇ ਨਹੀਂ ਮਿਟੇ।
15 ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਗੁਨਾਹਾਂ ਨੂੰ ਸਦਾ ਲਈ ਯਾਦ ਰੱਖੇਗਾ।
ਅਤੇ ਮੈਨੂੰ ਆਸ ਹੈ ਕਿ ਉਹ ਲੋਕਾਂ ਨੂੰ ਮੇਰੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਭੁੱਲਾਉਣ ਲਈ ਮਜ਼ਬੂਰ ਕਰੇਗਾ।
16 ਕਿਉਂ? ਕਿਉਂ ਕਿ ਉਸ ਬਦਕਾਰ ਬੰਦੇ ਨੇ ਕਦੀ ਵੀ ਕੋਈ ਸ਼ੁਭ ਕੰਮ ਨਹੀਂ ਕੀਤਾ।
ਉਸ ਨੇ ਕਦੇ ਵੀ ਕਿਸੇ ਨੂੰ ਪਿਆਰ ਨਹੀਂ ਕੀਤਾ।
ਉਸ ਨੇ ਗਰੀਬ ਨਿਮਾਣੇ ਲੋਕਾਂ ਲਈ ਮੁਸੀਬਤਾਂ ਖੜੀਆਂ ਕੀਤੀਆਂ।
17 ਉਸ ਬਦਕਾਰ ਬੰਦੇ ਨੂੰ ਹੋਰਾਂ ਦਾ ਬੁਰਾ ਮੰਗਣ ਵਿੱਚ ਖੁਸ਼ੀ ਮਿਲਦੀ ਸੀ।
ਇਸ ਲਈ ਉਸ ਨਾਲ ਉਹੀ ਮੰਦਾ ਹੋਣ ਦਿਉ।
ਉਸ ਬਦਕਾਰ ਵਿਅਕਤੀ ਨੇ ਕਦੇ ਵੀ ਲੋਕਾਂ ਨਾਲ ਚੰਗਾ ਨਾ ਵਾਪਰੇ, ਮੰਗਿਆ।
ਇਸ ਲਈ ਉਸਦਾ ਭਲਾ ਨਾ ਹੋਣ ਦਿਉ।
18 ਸਰਾਪ ਹੀ ਉਸ ਦੇ ਕੱਪੜੇ ਹੋਣ।
ਜਿਹੜਾ ਪਾਣੀ ਉਹ ਪੀਂਦਾ ਹੈ ਇੱਕ ਸਰਾਪ ਹੋਵੇ।
ਉਸ ਦੇ ਪਿੰਡੇ ਉਤਲਾ ਤੇਲ
ਉਸ ਉੱਪਰ ਇੱਕ ਸਰਾਪ ਹੋਵੇ।
19 ਸਰਾਪ ਨੂੰ ਉਸ ਦੇ ਕੱਪੜੇ ਹੋਣ ਦਿਉ ਜਿਹੜੇ ਉਹ ਦੁਸ਼ਟ ਵਿਅਕਤੀ ਦੁਆਲੇ ਲਵੇਟਣ ਲਈ ਵਰਤਦਾ।
ਸਰਾਪਾਂ ਨੂੰ ਉਸ ਦੇ ਲੱਕ ਦੇ ਦੁਆਲੇ ਦੀ ਪੇਟੀ ਹੋਣ ਦਿਉ।
20 ਮੈਨੂੰ ਆਸ ਹੈ ਕਿ ਯਹੋਵਾਹ ਮੇਰੇ ਦੁਸ਼ਮਣ ਨਾਲ ਇਹ ਸਾਰੀਆਂ ਗੱਲਾਂ ਕਰੇਗਾ।
ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਨਾਲ ਇਹੋ ਗੱਲਾਂ ਕਰੇਗਾ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
21 ਯਹੋਵਾਹ, ਤੁਸੀਂ ਮੇਰੇ ਮਾਲਕ ਹੋ, ਇਸ ਲਈ ਮੇਰੇ ਨਾਲ ਅਜਿਹਾ ਵਿਹਾਰ ਕਰੋ ਜਿਸ ਨਾਲ ਤੁਹਾਡੇ ਨਾਮ ਦੀ ਸ਼ੋਭਾ ਹੋਵੇ।
ਤੁਹਾਡੇ ਅੰਦਰ ਕਿੰਨਾ ਜ਼ਿਆਦਾ ਪਿਆਰ ਹੈ, ਇਸ ਲਈ ਮੈਨੂੰ ਬਚਾਉ।
22 ਮੈਂ ਇੱਕ ਗਰੀਬ ਨਿਤਾਣਾ ਆਦਮੀ ਹਾਂ,
ਮੈਂ ਸੱਚਮੁੱਚ ਉਦਾਸ ਹਾਂ, ਮੇਰਾ ਦਿਲ ਟੁੱਟਿਆ ਹੋਇਆ ਹੈ।
23 ਮੈਨੂੰ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਮੁੱਕ ਗਈ ਹੈ, ਜਿਵੇਂ ਸ਼ਾਮ ਵੇਲੇ ਪਰਛਾਵੇਂ ਹੁੰਦੇ ਹਨ।
ਮੈਂ ਉਸ ਪਿੱਸੂ ਵਰਗਾ ਮਹਿਸੂਸ ਕਰਦਾ ਹਾਂ ਜਿਸ ਨੂੰ ਕਿਸੇ ਨੇ ਝਾੜਕੇ ਸੁੱਟ ਦਿੱਤਾ ਹੋਵੇ।
24 ਮੇਰੇ ਗੋਡੇ ਕਮਜ਼ੋਰ ਹਨ ਕਿਉਂਕਿ ਮੈਂ ਭੁੱਖਾ ਹਾਂ।
ਮੇਰਾ ਭਾਰ ਘਟ ਰਿਹਾ ਹੈ ਅਤੇ ਮੈਂ ਪਤਲਾ ਹੋ ਰਿਹਾ ਹਾਂ।
25 ਬੁਰੇ ਆਦਮੀ ਮੇਰਾ ਅਪਮਾਨ ਕਰ ਰਹੇ ਹਨ।
ਉਹ ਮੇਰੇ ਵੱਲ ਵੇਖਦੇ ਹਨ ਅਤੇ ਸਿਰ ਹਿਲਾਉਂਦੇ ਹਨ।
26 ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰੋ।
ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਬਚਾਉ।
27 ਉਹ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੀ ਸਹਾਇਤਾ ਕੀਤੀ ਸੀ।
ਫ਼ੇਰ ਉਹ ਜਾਣ ਲੈਣਗੇ ਕਿ ਇਹ ਤੁਹਾਡੀ ਹੀ ਸ਼ਕਤੀ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ।
28 ਉਹ ਬੁਰੇ ਆਦਮੀ ਮੈਨੂੰ ਸਰਾਪ ਦਿੰਦੇ ਹਨ,
ਪਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋ।
ਯਹੋਵਾਹ, ਉਨ੍ਹਾਂ ਨੇ ਮੇਰੇ ਉੱਪਰ ਹਮਲਾ ਕੀਤਾ ਇਸ ਲਈ ਉਨ੍ਹਾਂ ਨੂੰ ਹਰਾਉ।
ਫ਼ੇਰ, ਮੈਂ ਤੁਹਾਡਾ ਸੇਵਕ, ਪ੍ਰਸੰਨ ਹੋਵਾਂਗਾ।
29 ਮੇਰੇ ਦੁਸ਼ਮਣਾਂ ਨੂੰ ਨਮੋਸ਼ੀ ਦਿਉ!
ਉਨ੍ਹਾਂ ਨੂੰ ਸ਼ਰਮਿੰਦਗੀ ਕੁੜਤੇ ਵਾਂਗ ਪਹਿਨਣ ਦਿਉ।
30 ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ।
ਮੈਂ ਬਹੁਤ ਲੋਕਾਂ ਅੱਗੇ ਉਸਦੀ ਉਸਤਤਿ ਕਰਦਾ ਹਾਂ।
ਆਇਨ
121 ਮੈਂ ਉਹੀ ਕੁਝ ਕੀਤਾ ਜੋ ਸਹੀ ਅਤੇ ਸ਼ੁਭ ਹੈ।
ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
122 ਵਾਅਦਾ ਕਰੋ ਕਿ ਤੁਸੀਂ ਮੇਰੇ ਲਈ ਚੰਗੇ ਹੋਵੋਂਗੇ।
ਮੈਂ ਤੁਹਾਡਾ ਸੇਵਕ ਹਾਂ।
ਯਹੋਵਾਹ, ਗੁਮਾਨੀ ਲੋਕਾਂ ਨੂੰ ਮੇਰਾ ਨੁਕਸਾਨ ਨਾ ਕਰਨ ਦੇਵੋ।
123 ਯਹੋਵਾਹ, ਮੇਰੀਆਂ ਅੱਖਾਂ ਤੁਹਾਡੀ ਸਹਾਇਤਾ ਲਈ,
ਤੁਹਾਡੇ ਵੱਲੋਂ ਇੱਕ ਚੰਗੇ ਸ਼ਬਦ ਲਈ ਤੱਕਦੀਆਂ ਥੱਕ ਗਈਆਂ ਹਨ।
124 ਮੈਂ ਤੁਹਾਡਾ ਸੇਵਕ ਹਾਂ।
ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ,
ਆਪਣੇ ਨੇਮ ਮੈਨੂੰ ਸਿੱਖਾਉ।
125 ਮੈਂ ਤੁਹਾਡਾ ਸੇਵਕ ਹਾਂ
ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।
126 ਯਹੋਵਾਹ, ਤੁਹਾਡੇ ਲਈ ਕੁਝ ਕਰਨ ਦਾ ਇਹੀ ਵੇਲਾ ਹੈ।
ਲੋਕਾਂ ਨੇ ਤੁਹਾਡੇ ਨੇਮਾਂ ਨੂੰ ਤੋੜ ਦਿੱਤਾ ਹੈ।
127 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਨੂੰ
ਸ਼ੁੱਧਤਮ ਸੋਨੇ ਨਾਲੋਂ ਵੱਧੇਰੇ ਪਿਆਰ ਕਰਦਾ ਹਾਂ।
128 ਮੈਂ ਧਿਆਨ ਨਾਲ ਤੁਹਾਡੇ ਸਾਰੇ ਆਦੇਸ਼ਾ ਨੂੰ ਮੰਨਦਾ ਹਾਂ
ਮੈਂ ਝੂਠੀਆਂ ਸਿੱਖਿਆਵਾਂ ਨੂੰ ਨਫ਼ਰਤ ਕਰਦਾ ਹਾਂ।
ਪੇ
129 ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ।
ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ।
130 ਜਦੋਂ ਲੋਕ ਤੁਹਾਡੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ।
ਉਦੋਂ ਲੱਗਦਾ ਹੈ ਜਿਵੇਂ ਕੋਈ ਰੌਸ਼ਨੀ ਉਨ੍ਹਾਂ ਨੂੰ ਸਹੀ ਜੀਵਨ ਢੰਗ ਸਿੱਖਾ ਰਹੀ ਹੋਵੇ।
ਤੁਹਾਡਾ ਸ਼ਬਦ ਸਿੱਧੜ ਬੰਦੇ ਨੂੰ ਵੀ ਸਿਆਣਾ ਬਣਾ ਦਿੰਦਾ ਹੈ।
131 ਯਹੋਵਾਹ, ਮੈਂ ਸੱਚਮੁੱਚ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ।
ਮੈਂ ਉਸੇ ਬੰਦੇ ਵਰਗਾ ਹਾਂ ਜਿਹੜਾ ਔਖੇ ਸਾਹ ਲੈ ਰਿਹਾ ਹੁੰਦਾ ਹੈ ਅਤੇ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਹੁੰਦਾ ਹੈ।
132 ਹੇ ਪਰਮੇਸ਼ੁਰ ਮੇਰੇ ਵੱਲ ਤੱਕੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਉਹੀ ਕਰੋ ਜੋ ਉਨ੍ਹਾਂ ਲੋਕਾਂ ਲਈ ਉਚਿਤ ਹੈ।
ਜਿਹੜੇ ਤੁਹਾਡੇ ਨਾਮ ਨੂੰ ਪਿਆਰ ਕਰਦੇ ਹਨ।
133 ਹੇ ਯਹੋਵਾਹ, ਮੇਰੀ ਰਾਹਨੁਮਾਈ ਕਰੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
ਪਾਪ ਨੂੰ ਮੇਰੇ ਉੱਤੇ ਸ਼ਾਸਨ ਨਾ ਕਰਨ ਦਿਉ।
134 ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੈਨੂੰ ਦੁੱਖ ਦਿੰਦੇ ਹਨ।
ਅਤੇ ਮੈਂ ਤੁਹਾਡੇ ਆਦੇਸ਼ ਮੰਨਾਗਾ।
135 ਯਹੋਵਾਹ, ਆਪਣੇ ਸੇਵਕ ਨੂੰ ਪ੍ਰਵਾਨ ਕਰੋ
ਅਤੇ ਮੈਨੂੰ ਆਪਣੇ ਨੇਮ ਸਿੱਖਾਉ।
136 ਮੈਂ ਅੱਥਰੂਆਂ ਦੇ ਦਰਿਆ ਵਹਾਏ ਹਨ
ਕਿਉਂਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ।
ਸਾਦੇ
137 ਯਹੋਵਾਹ, ਤੁਸੀਂ ਸ਼ੁਭ ਹੋ।
ਅਤੇ ਤੁਹਾਡੇ ਨੇਮ ਨਿਰਪੱਖ ਹਨ।
138 ਤੁਸੀਂ ਕਰਾਰ ਵਿੱਚ ਸ਼ੁਭ ਨੇਮ ਦਿੱਤੇ ਹਨ।
ਅਸੀਂ ਸੱਚਮੁੱਚ ਉਨ੍ਹਾਂ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
139 ਮੇਰੀਆਂ ਤੀਬ੍ਰ ਭਾਵਨਾਵਾ ਮੈਨੂੰ ਤਬਾਹ ਕਰ ਰਹੀਆਂ ਹਨ।
ਮੈਂ ਬਹੁਤ ਉਦਾਸ ਹਾਂ, ਕਿਉਂਕਿ ਮੇਰੇ ਦੁਸ਼ਮਣਾ ਨੇ ਤੁਹਾਡੇ ਆਦੇਸ਼ ਭੁਲਾ ਦਿੱਤੇ ਹਨ।
140 ਸਾਡੇ ਕੋਲ ਪ੍ਰਮਾਣ ਹੈ ਕਿ ਅਸੀਂ ਤੁਹਾਡੇ ਸ਼ਬਦ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ, ਹੇ ਯਹੋਵਾਹ।
ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।
141 ਮੈਂ ਇੱਕ ਨੌਜਵਾਨ ਹਾਂ, ਅਤੇ ਲੋਕ ਮੇਰਾ ਆਦਰ ਨਹੀਂ ਕਰਦੇ
ਪਰ ਮੈਂ ਤੁਹਾਡੇ ਆਦੇਸ਼ਾ ਨੂੰ ਨਹੀਂ ਭੁੱਲਦਾ।
142 ਯਹੋਵਾਹ, ਤੁਹਾਡੀ ਨੇਕੀ ਸਦਾ ਲਈ ਹੈ।
ਅਤੇ ਤੁਹਾਡੀਆਂ ਸਿੱਖਿਆਵਾਂ ਉੱਪਰ ਵਿਸ਼ਵਾਸ ਕੀਤਾ ਜਾ ਸੱਕਦਾ ਹੈ।
143 ਮੈਂ ਮੁਸੀਬਤਾਂ ਅਤੇ ਔਖੇ ਵੇਲਿਆਂ ਵਿੱਚੋਂ ਦੀ ਨਿਕਲਿਆ ਹਾਂ।
ਫ਼ੇਰ ਵੀ ਮੈਂ ਤੁਹਾਡੇ ਹੁਕਮਾਂ ਦਾ ਆਨੰਦ ਮਾਣਦਾ ਹਾਂ।
144 ਤੁਹਾਡਾ ਕਰਾਰ ਸਦਾ ਲਈ ਸ਼ੁਭ ਹੈ।
ਇਸ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ।
ਤਾਂ ਜੋ ਮੈਂ ਜਿਉ ਸੱਕਾ।
ਚੋਰੀ ਕੀਤੇ ਦੇਵਤਿਆਂ ਦੀ ਤਲਾਸ਼
25 ਅਗਲੀ ਸਵੇਰ ਲਾਬਾਨ ਨੇ ਯਾਕੂਬ ਨੂੰ ਫ਼ੜ ਲਿਆ। ਯਾਕੂਬ ਨੇ ਪਹਾੜ ਉੱਤੇ ਆਪਣਾ ਡੇਰਾ ਲਾਇਆ ਹੋਇਆ ਸੀ। ਇਸ ਲਈ ਲਾਬਾਨ ਅਤੇ ਉਸ ਦੇ ਸਾਰੇ ਆਦਮੀਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਡੇਰਾ ਲਾ ਲਿਆ।
26 ਲਾਬਾਨ ਨੇ ਯਾਕੂਬ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਹੈ? ਤੂੰ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆ ਹੈਂ ਜਿਵੇਂ ਤੂੰ ਉਨ੍ਹਾਂ ਨੂੰ ਜੰਗ ਵਿੱਚ ਜਿੱਤਿਆ ਹੋਵੇ। 27 ਤੂੰ ਮੈਨੂੰ ਦੱਸੇ ਬਿਨਾ ਕਿਉਂ ਭੱਜ ਆਇਆ ਹੈਂ? ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਤੈਨੂੰ ਦਾਵਤ ਦਿੰਦਾ। ਗੀਤ ਸੰਗੀਤ ਅਤੇ ਨਾਚ-ਗਾਣੇ ਦੀ ਮਹਿਫ਼ਿਲ ਲੱਗਦੀ। 28 ਤੂੰ ਤਾਂ ਮੈਨੂੰ ਮੇਰੀਆਂ ਧੀਆਂ ਅਤੇ ਦੋਹਤੇ-ਦੋਹਤੀਆਂ ਨੂੰ ਅਲਵਿਦਾਈ ਚੁੰਮਣ ਦੇਣ ਦਾ ਮੌਕਾ ਵੀ ਨਹੀਂ ਦਿੱਤਾ। 29 ਮੇਰੇ ਕੋਲ ਤੈਨੂੰ ਨੁਕਸਾਨ ਪਹੁੰਚਾਉਣ ਦੀ ਸੱਚਮੁੱਚ ਤਾਕਤ ਹੈ। ਪਰ ਕੱਹ ਰਾਤ ਤੇਰੇ ਪਿਤਾ ਦਾ ਪਰਮੇਸ਼ੁਰ ਮੈਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਉਸ ਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਪਹੁੰਚਾਵਾ। 30 ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ। ਇਸੇ ਲਈ ਤੂੰ ਤੁਰ ਆਇਆ ਹੈਂ। ਪਰ ਤੂੰ ਮੇਰੇ ਘਰੋਂ ਦੇਵਤੇ ਕਿਉਂ ਚੁਰਾਏ?”
31 ਯਾਕੂਬ ਨੇ ਜਵਾਬ ਦਿੱਤਾ, “ਮੈਂ ਇਸ ਲਈ ਤੈਨੂੰ ਬਿਨਾ ਦੱਸੇ ਤੁਰ ਆਇਆ ਕਿਉਂਕਿ ਮੈਂ ਤੇਰੇ ਕੋਲੋਂ ਡਰਦਾ ਸਾਂ! ਮੇਰਾ ਖਿਆਲ ਸੀ ਕਿ ਤੂੰ ਮੇਰੇ ਕੋਲੋਂ ਆਪਣੀਆਂ ਧੀਆਂ ਖੋਹ ਲਵੇਂਗਾ। 32 ਪਰ ਮੈਂ ਤੇਰੇ ਦੇਵਤੇ ਨਹੀਂ ਚੁਰਾਏ। ਜੇ ਤੈਨੂੰ ਤੇਰੇ ਦੇਵਤੇ ਇੱਥੇ ਲੱਭ ਜਾਣ, ਜਿਸ ਕਿਸੇ ਕੋਲ ਵੀ ਉਹ ਹੋਣ ਮਾਰਿਆ ਜਾਵੇ। ਤੇਰੇ ਆਦਮੀ ਮੇਰੇ ਗਵਾਹ ਹੋਣਗੇ। ਤੂੰ ਆਪਣੀ ਕਿਸੇ ਵੀ ਚੀਜ਼ ਦੀ ਤਲਾਸ਼ ਕਰ ਸੱਕਦਾ ਹੈਂ। ਜਿਹੜੀ ਚੀਜ਼ ਤੇਰੀ ਹੈ ਉਹ ਲੈ ਜਾ।” (ਯਾਕੂਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਰਾਖੇਲ ਨੇ ਲਾਬਾਨ ਦੇ ਦੇਵਤੇ ਚੁਰਾਏ ਸਨ।)
33 ਇਸ ਲਈ ਲਾਬਾਨ ਨੇ ਜਾਕੇ ਯਾਕੂਬ ਦੇ ਡੇਰੇ ਦੀ ਤਲਾਸ਼ੀ ਲਈ। ਉਸ ਨੇ ਯਾਕੂਬ ਦੇ ਤੰਬੂ ਵਿੱਚ ਦੇਖਿਆ ਅਤੇ ਫ਼ੇਰ ਲੇਆਹ ਦੇ ਤੰਬੂ ਵਿੱਚ। ਫ਼ੇਰ ਉਸ ਨੇ ਉਸ ਤੰਬੂ ਦੀ ਤਲਾਸ਼ੀ ਲਈ ਜਿੱਥੇ ਦੋਵੇਂ ਦਾਸੀਆਂ ਠਹਿਰੀਆਂ ਹੋਈਆਂ ਸਨ। ਪਰ ਉਸ ਨੂੰ ਆਪਣੇ ਦੇਵਤੇ ਨਹੀਂ ਮਿਲੇ। ਫ਼ੇਰ ਲਾਬਾਨ ਰਾਖੇਲ ਦੇ ਤੰਬੂ ਵਿੱਚ ਗਿਆ। 34 ਰਾਖੇਲ ਨੇ ਦੇਵਤਿਆਂ ਨੂੰ ਆਪਣੇ ਊਠ ਦੀ ਗੱਦੀ ਹੇਠਾਂ ਛੁਪਾਇਆ ਹੋਇਆ ਸੀ ਅਤੇ ਉਹ ਉਨ੍ਹਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਸਾਰਾ ਤੰਬੂ ਫ਼ਰੋਲ ਦਿੱਤਾ ਪਰ ਉਸ ਨੂੰ ਦੇਵਤੇ ਨਹੀਂ ਮਿਲੇ।
35 ਅਤੇ ਰਾਖੇਲ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਤੁਹਾਡੇ ਸਾਹਮਣੇ ਖਲੋ ਨਹੀਂ ਸੱਕਦੀ। ਮੈਨੂੰ ਮਾਹਵਾਰੀ ਆਈ ਹੋਈ ਹੈ।” ਇਸ ਲਈ ਲਾਬਾਨ ਨੇ ਡੇਰੇ ਦੀ ਤਲਾਸ਼ੀ ਲਈ ਪਰ ਉਸ ਨੂੰ ਆਪਣੇ ਕੁਲ ਦੇਵਤੇ ਨਹੀਂ ਮਿਲੇ।
36 ਫ਼ੇਰ ਯਾਕੂਬ ਬਹੁਤ ਗੁੱਸੇ ਹੋ ਗਿਆ ਅਤੇ ਲਾਬਾਨ ਨਾਲ ਦਲੀਲਬਾਜ਼ੀ ਕੀਤੀ। ਯਾਕੂਬ ਨੇ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਕਿਹੜੀ ਬਿਧੀ ਤੋੜੀ ਹੈ? ਤੈਨੂੰ ਮੇਰਾ ਪਿੱਛਾ ਕਰਨ ਅਤੇ ਰੋਕਣ ਦਾ ਹੱਕ ਕਿਸਨੇ ਦਿੱਤਾ? 37 ਤੂੰ ਮੇਰੇ ਸਾਰੇ ਸਮਾਨ ਦੀ ਤਲਾਸ਼ੀ ਲੈ ਲਈ ਹੈ। ਤੈਨੂੰ ਆਪਣੀ ਕੋਈ ਵੀ ਚੀਜ਼ ਨਹੀਂ ਮਿਲੀ। ਜੇ ਤੈਨੂੰ ਕੋਈ ਚੀਜ਼ ਮਿਲੀ ਹੈ ਤਾਂ ਦਿਖਾ। ਇਸ ਨੂੰ ਇੱਥੇ ਰੱਖ ਤਾਂ ਜੋ ਸਾਡੇ ਬੰਦੇ ਇਸ ਨੂੰ ਦੇਖ ਸੱਕਣ। ਸਾਡੇ ਬੰਦਿਆਂ ਨੂੰ ਇਹ ਨਿਆਂ ਕਰਨ ਦੇ ਕਿ ਸਾਡੇ ਵਿੱਚੋਂ ਕਿਹੜਾ ਠੀਕ ਹੈ। 38 ਮੈਂ ਤੇਰੇ ਲਾਈ 20 ਵਰ੍ਹੇ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਕੋਈ ਵੀ ਭੇਡ ਜਾਂ ਬੱਕਰੀ ਦਾ ਬੱਚਾ ਜਨਮ ਸਮੇਂ ਨਹੀਂ ਮਰਿਆ। ਅਤੇ ਮੈਂ ਤੇਰੇ ਇੱਜੜ ਦੇ ਕਿਸੇ ਭੇਡੂ ਨੂੰ ਨਹੀਂ ਖਾਧਾ। 39 ਜਦੋਂ ਵੀ ਕੋਈ ਭੇਡ ਜੰਗਲੀ ਜਾਨਵਰਾਂ ਵੱਲੋਂ ਮਾਰੀ ਗਈ ਤਾਂ ਮੈਂ ਹਮੇਸ਼ਾ ਹੀ ਉਸਦੀ ਕੀਮਤ ਦਿੱਤੀ। ਮੈਂ ਕਦੇ ਵੀ ਮੁਰਦਾ ਜਾਨਵਰ ਨੂੰ ਤੇਰੇ ਕੋਲ ਲੈ ਕੇ ਨਹੀਂ ਆਇਆ ਅਤੇ ਇਹ ਨਹੀਂ ਆਖਿਆ ਕਿ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ। ਪਰ ਮੈਨੂੰ ਦਿਨ-ਰਾਤ ਲੁੱਟਿਆ ਗਿਆ। 40 ਦਿਨ ਵੇਲੇ, ਸੂਰਜ ਮੇਰੀ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਸੀ ਅਤੇ ਰਾਤ ਵੇਲੇ ਠਂਡ ਨਾਮ ਮੇਰੀ ਨੀਂਦ ਉੱਡ ਜਾਂਦੀ ਸੀ। 41 ਮੈਂ 20 ਵਰ੍ਹੇ ਇੱਕ ਗੁਲਾਮ ਵਾਂਗ ਤੇਰੀ ਚਾਕਰੀ ਕੀਤੀ। ਪਹਿਲੇ 14 ਵਰ੍ਹੇ ਮੈਂ ਤੇਰੀਆਂ ਧੀਆਂ ਨੂੰ ਜਿੱਤਣ ਲਈ ਚਾਕਰੀ ਕੀਤੀ। ਆਖਰੀ ਛੇ ਸਾਲ ਮੈਂ ਤੇਰੇ ਜਾਨਵਰਾਂ ਨੂੰ ਪ੍ਰਾਪਤ ਕਰਨ ਲਈ ਕੰਮ ਕੀਤਾ। ਅਤੇ ਇਸ ਸਮੇਂ ਦੌਰਾਨ ਤੂੰ ਦਸ ਵਾਰੀ ਮੇਰੀ ਤਨਖਾਹ ਵਿੱਚ ਅਦਲਾ-ਬਲਦੀ ਕੀਤੀ। 42 ਪਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਭੈ [a] ਮੇਰੇ ਨਾਲ ਸੀ। ਜੇ ਪਰਮੇਸ਼ੁਰ ਮੇਰੇ ਨਾਲ ਨਾ ਹੁੰਦਾ, ਤੂੰ ਮੈਨੂੰ ਖਾਲੀ ਹੱਥ ਭੇਜ ਦਿੱਤਾ ਹੋਣਾ ਸੀ। ਪਰ ਪਰਮੇਸ਼ੁਰ ਨੇ ਮੇਰੀਆਂ ਮੁਸ਼ਕਿਲਾਂ ਅਤੇ ਮੇਰਾ ਕੰਮ ਦੇਖਿਆ, ਅਤੇ ਕੱਲ੍ਹ ਰਾਤ ਪਰਮੇਸ਼ੁਰ ਨੇ ਸਾਬਤ ਕਰ ਦਿੱਤਾ ਕਿ ਮੈਂ ਠੀਕ ਹਾਂ।”
ਯਾਕੂਬ ਅਤੇ ਲਾਬਾਨ ਦਾ ਸਮਝੌਤਾ
43 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਔਰਤਾਂ ਮੇਰੀਆਂ ਧੀਆਂ ਹਨ। ਅਤੇ ਇਹ ਬੱਚੇ ਮੇਰੇ ਹਨ। ਅਤੇ ਇਹ ਜਾਨਵਰ ਮੇਰੇ ਹਨ। ਜੋ ਵੀ ਚੀਜ਼ ਤੈਨੂੰ ਇੱਥੇ ਨਜ਼ਰ ਆਉਂਦੀ ਹੈ ਮੇਰੀ ਹੈ। ਪਰ ਮੈਂ ਆਪਣੀਆਂ ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਲ ਰੱਖਣ ਲਈ ਕੁਝ ਨਹੀਂ ਕਰ ਸੱਕਦਾ। 44 ਇਸ ਲਈ ਮੈਂ ਤੇਰੇ ਨਾਲ ਇਕਰਾਰਨਾਮਾ ਕਰਨ ਲਈ ਤਿਆਰ ਹਾਂ। ਇਹ ਇਕਰਾਰਨਾਮਾ ਸਾਨੂੰ ਚੇਤੇ ਕਰਾਵੇਗਾ ਕਿ ਅਸੀਂ ਇੱਕ-ਦੂਜੇ ਨਾਲ ਕਿੰਝ ਵਿਹਾਰ ਕਰਨ ਦਾ ਫ਼ੈਸਲਾ ਕੀਤਾ ਹੈ।”
45 ਇਸ ਲਈ ਯਾਕੂਬ ਨੇ ਇੱਕ ਵੱਡਾ ਪੱਥਰ ਲੱਭਿਆ ਅਤੇ ਇਸ ਨੂੰ ਯਾਦਗਾਰੀ ਪੱਥਰ ਵਜੋਂ ਰੱਖ ਦਿੱਤਾ। 46 ਉਸ ਨੇ ਆਪਣੇ ਆਦਮੀਆਂ ਨੂੰ ਕੁਝ ਹੋਰ ਪੱਥਰ ਜਮ੍ਹਾਂ ਕਰਕੇ ਅਤੇ ਉਨ੍ਹਾਂ ਦੀ ਢੇਰੀ ਲਾਉਣ ਲਈ ਆਖਿਆ। ਫ਼ੇਰ ਉਨ੍ਹਾਂ ਨੇ ਪੱਥਰਾਂ ਦੀ ਢੇਰੀ ਕੋਲ ਭੋਜਨ ਕੀਤਾ। 47 ਲਾਬਾਨ ਨੇ ਉਸ ਥਾਂ ਦਾ ਨਾਮ ਯਗਰ ਸਾਹਦੂਥਾ ਰੱਖਿਆ। ਪਰ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਰੱਖਿਆ।
48 ਲਾਬਾਨ ਨੇ ਯਾਕੂਬ ਨੂੰ ਆਖਿਆ, “ਇਹ ਪੱਥਰਾਂ ਦੀ ਢੇਰੀ ਸਾਨੂੰ ਆਪਣੇ ਇਕਰਾਰਨਾਮੇ ਦੀ ਯਾਦ ਕਰਾਵੇਗੀ।” ਇਹੀ ਕਾਰਣ ਹੈ ਯਾਕੂਬ ਨੇ ਉਸ ਥਾਂ ਦਾ ਨਾਂ ਗਲੇਦ ਆਖਿਆ।
49 ਫ਼ੇਰ ਲਾਬਾਨ ਨੇ ਆਖਿਆ, “ਜਦੋਂ ਅਸੀਂ ਵਿੱਛੜੀਏ ਤਾਂ ਯਹੋਵਾਹ ਸਾਡੇ ਅੰਗ਼-ਸੰਗ ਰਹੇ।” ਇਸ ਲਈ ਉਸ ਥਾਂ ਦਾ ਨਾਮ ਮਿਸਪਾਹ ਵੀ ਸੀ।
50 ਫ਼ੇਰ ਲਾਬਾਨ ਨੇ ਆਖਿਆ, “ਜੇ ਤੂੰ ਮੇਰੀਆਂ ਧੀਆਂ ਨੂੰ ਦੁੱਖ ਦਿੱਤਾ ਤਾਂ ਚੇਤੇ ਰੱਖੀਂ ਕਿ ਪਰਮੇਸ਼ੁਰ ਤੈਨੂੰ ਸਜ਼ਾ ਦੇਵੇਗਾ। ਜੇ ਤੂੰ ਕਿਸੇ ਹੋਰ ਔਰਤ ਨਾਲ ਸ਼ਾਦੀ ਕੀਤੀ ਤਾਂ ਯਾਦ ਰੱਖੀਂ ਕਿ ਪਰਮੇਸ਼ੁਰ ਤੈਨੂੰ ਦੇਖ ਰਿਹਾ ਹੈ।
12 ਪਿਆਰੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ,
ਕਿਉਂ ਕਿ ਮਸੀਹ ਰਾਹੀਂ ਤੁਹਾਡੇ ਪਾਪ ਮੁਆਫ਼ ਹੋ ਗਏ ਹਨ।
13 ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ,
ਕਿਉਂ ਕਿ ਤੁਸੀਂ ਉਸ ਬਾਰੇ ਜਾਣਦੇ ਹੋ ਜਿਸਦੀ ਹੋਂਦ ਆਦਿ ਤੋਂ ਹੈ।
ਨੌਜਵਾਨ ਲੋਕੋ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ
ਕਿਉਂ ਕਿ ਤੁਸੀਂ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ।
14 ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ
ਕਿਉਂ ਕਿ ਤੁਸੀਂ ਪਰਮੇਸ਼ੁਰ ਪਿਤਾ ਨੂੰ ਜਾਣਦੇ ਹੋ।
ਪਿਤਾਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ
ਕਿਉਂ ਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਮੁੱਢ ਤੋਂ ਮੌਜ਼ੂਦ ਸੀ।
ਹੇ ਨੌਜਵਾਨ ਆਦਮੀਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ,
ਕਿਉਂ ਕਿ ਤੁਸੀਂ ਮਜ਼ਬੂਤ ਹੋ;
ਪਰਮੇਸ਼ੁਰ ਦਾ ਸ਼ਬਦ ਤੁਹਾਡੇ ਅੰਦਰ ਵੱਸਦਾ ਹੈ,
ਅਤੇ ਤੁਸੀਂ ਉਸ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ।
15 ਦੁਨੀਆਂ ਨੂੰ ਜਾਂ ਦੁਨੀਆਂ ਵਿੱਚਲੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜੇ ਕੋਈ ਵਿਅਕਤੀ ਦੁਨੀਆਂ ਨੂੰ ਪਿਆਰ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ। 16 ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ। 17 ਦੁਨੀਆਂ ਅਤੇ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਦੁਨੀਆਂ ਵਿੱਚ ਲੋਕ ਚਾਹੁੰਦੇ ਹਨ, ਵਿਨਾਸ਼ਮਾਨ ਹਨ। ਪਰ ਉਹ ਇੱਕ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਸਦਾ ਜਿਉਂਦਾ ਹੈ।
ਅਯਾਲੀ ਅਤੇ ਉਸਦੀਆਂ ਭੇਡਾਂ
10 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਮਨੁੱਖ ਭੇਡਾਂ ਦੇ ਬਾੜੇ ਵਿੱਚ ਬੂਹੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵੜਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ। 2 ਪਰ ਉਹ ਮਨੁੱਖ ਜਿਹੜਾ ਫਾਟਕ ਰਾਹੀਂ ਵੜਨ ਵਾਲਾ ਹੈ ਉਹ ਅਯਾਲੀ ਹੈ। 3 ਉਸ ਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। 4 ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿੱਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ। 5 ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”
6 ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸੱਕੇ।
ਯਿਸੂ ਚੰਗਾ ਅਯਾਲੀ ਹੈ
7 ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ। 8 ਕਿਉਂ ਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। 9 ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ। 10 ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।
11 “ਮੈਂ ਚੰਗਾ ਆਜੜੀ ਹਾਂ। ਇੱਕ ਚੰਗਾ ਆਜੜੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ। 12 ਇੱਕ ਭਾੜੇ ਦਾ ਮਜ਼ਦੂਰ ਆਜੜੀ ਨਹੀਂ ਹੈ। ਉਹ ਭੇਡਾਂ ਦਾ ਮਾਲਕ ਨਹੀਂ ਹੈ। ਇਸ ਲਈ ਜਿਉਂ ਹੀ ਉਹ ਬਘਿਆੜ ਨੂੰ ਆਉਂਦਿਆਂ ਵੇਖਦਾ, ਉਹ ਨਠ ਜਾਂਦਾ ਹੈ। ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ। 13 ਮਜ਼ਦੂਰ ਨੱਠ ਜਾਂਦਾ ਹੈ ਕਿਉਂ ਕਿ ਉਹ ਸਿਰਫ਼ ਤਨਖਾਹ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ।
14-15 “ਮੈਂ ਚੰਗਾ ਆਜੜੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ। ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ। 16 ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਆਜੜੀ ਹੋਵੇਗਾ। 17 ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਤੋਂ ਵਾਪਸ ਲੈ ਸੱਕਾਂ। ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ। 18 ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਹ ਹੁਕਮ ਦਿੱਤਾ ਹੈ।”
2010 by World Bible Translation Center