Book of Common Prayer
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
5 ਯਹੋਵਾਹ, ਤੁਸੀਂ ਚਮਤਕਾਰ ਕਰਦੇ ਹੋਂ।
ਇਸ ਵਾਸਤੇ ਸਵਰਗ ਤੁਹਾਡੀ ਉਸਤਤਿ ਕਰਦੇ ਹਨ।
ਲੋਕ ਤੁਹਾਡੇ ਉੱਤੇ ਨਿਰਭਰ ਕਰ ਸੱਕਦੇ ਹਨ।
ਪਵਿੱਤਰ ਲੋਕਾਂ ਦੀ ਸੰਗਤ ਇਸ ਬਾਰੇ ਗਾਉਂਦੀ ਹੈ।
6 ਸਵਰਗ ਵਿੱਚ ਪਰਮੇਸ਼ੁਰ ਦੇ ਬਰਾਬਰ ਕੋਈ ਵੀ ਨਹੀਂ।
“ਦੇਵਤਿਆਂ” ਵਿੱਚੋਂ ਕੋਈ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸੱਕਦਾ।
7 ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ।
ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ।
ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।
8 ਯਹੋਵਾਹ, ਸਰਬ ਸ਼ਕਤੀਮਾਨ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ
ਅਸੀਂ ਪੂਰੀ ਤਰ੍ਹਾਂ ਤੁਹਾਡੇ ਵਿੱਚ ਯਕੀਨ ਰੱਖ ਸੱਕਦੇ ਹਾਂ।
9 ਤੁਸੀਂ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਉੱਤੇ ਰਾਜ ਕਰਦੇ ਹੋਂ।
ਤੁਸੀਂ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਨੂੰ ਸ਼ਾਂਤ ਕਰ ਦਿੰਦੇ ਹੋ।
10 ਹੇ ਪਰਮੇਸ਼ੁਰ, ਤੁਸੀਂ ਰਹਬ ਨੂੰ ਹਰਾ ਦਿੱਤਾ ਸੀ।
ਤੁਸੀਂ ਆਪਣੇ ਵੈਰੀ ਨੂੰ ਖੁਦ ਦੇ ਸ਼ਕਤੀਸ਼ਾਲੀ ਬਾਜੂ ਨਾਲ ਖਿੰਡਾ ਦਿੱਤਾ ਸੀ।
11 ਸਵਰਗ ਅਤੇ ਧਰਤੀ ਦਾ ਸਭ ਕੁਝ ਤੇਰੇ ਨਾਲ ਸੰਬੰਧਿਤ ਹੈ, ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਸੀਂ ਧਰਤੀ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ।
12 ਤੁਸੀਂ ਉੱਤਰ ਅਤੇ ਦੱਖਣ ਵਿੱਚ ਹਰ ਚੀਜ਼ ਸਾਜੀ।
ਤਾਬੋਰ ਅਤੇ ਹਰਮੋਨ ਦੇ ਪਰਬਤ ਤੁਹਾਡੇ ਨਾਮ ਦੀ ਉਸਤਤਿ ਗਾਉਂਦੇ ਹਨ।
13 ਹੇ ਪਰਮੇਸ਼ੁਰ, ਤੁਹਾਡੇ ਕੋਲ ਸ਼ਕਤੀ ਹੈ।
ਤੁਹਾਡੀ ਸ਼ਕਤੀ ਮਹਾਨ ਹੈ।
ਤੁਹਾਡੀ ਜਿੱਤ ਹੈ।
14 ਤੁਹਾਡਾ ਰਾਜ ਸੱਚ ਅਤੇ ਇਨਸਾਫ਼ ਉੱਤੇ ਸਾਜਿਆ ਗਿਆ ਹੈ।
ਪਿਆਰ ਅਤੇ ਵਫ਼ਾਦਾਰੀ ਤੁਹਾਡੇ ਤਖਤ ਦੇ ਸਾਹਮਣੇ ਤੁਹਾਡੇ ਨੌਕਰ ਹਨ।
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
19 ਤੁਸੀਂ ਆਪਣੇ ਚੇਲਿਆਂ ਨੂੰ ਦਿਖਾਈ ਦਿੱਤੇ ਤੇ ਬੋਲੇ ਅਤੇ ਆਖਿਆ,
“ਮੈਂ ਭੀੜ ਵਿੱਚੋਂ, ਇੱਕ ਜਵਾਨ ਬੰਦੇ ਨੂੰ ਚੁਣਿਆ ਅਤੇ ਮੈਂ ਉਸ ਜਵਾਨ ਨੂੰ ਮਹੱਤਵਪੂਰਣ ਬਣਾਇਆ।
ਮੈਂ ਉਸ ਜਵਾਨ ਨੂੰ ਤਾਕਤਵਰ ਬਣਾਇਆ।
20 ਮੈਂ ਆਪਣੇ ਸੇਵਕ ਦਾਊਦ ਲਈ ਤੱਕਿਆ,
ਅਤੇ ਮੈਂ ਉਸ ਨੂੰ ਆਪਣੇ ਖਾਸ ਤੇਲ ਨਾਲ ਮਸਹ ਕੀਤਾ।
21 ਮੈਂ ਦਾਊਦ ਨੂੰ ਆਪਣੇ ਸੱਜੇ ਹੱਥ ਦਾ ਸਹਾਰਾ ਦਿੱਤਾ।
ਅਤੇ ਮੈਂ ਆਪਣੀ ਸ਼ਕਤੀ ਨਾਲ ਉਸ ਨੂੰ ਤਾਕਤਵਰ ਬਣਾ ਦਿੱਤਾ।
22 ਵੈਰੀ ਚੁਣੇ ਹੋਏ ਰਾਜੇ ਨੂੰ ਨਾ ਹਰਾ ਸੱਕਿਆ।
ਕਰੂਰ ਬੰਦੇ ਉਸ ਨੂੰ ਨਹੀਂ ਹਰਾ ਸੱਕੇ ਸਨ।
23 ਮੈਂ ਉਸ ਦੇ ਵੈਰੀਆਂ ਨੂੰ ਮੁਕਾ ਦਿੱਤਾ,
ਮੈਂ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਮੇਰੇ ਚੁਣੇ ਹੋਏ ਰਾਜੇ ਨੂੰ ਨਫ਼ਰਤ ਕਰਦੇ ਸਨ।
24 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਦਾ ਪਿਆਰ ਕਰਾਂਗਾ ਅਤੇ ਆਸਰਾ ਦੇਵਾਂਗਾ।
ਮੈਂ ਹਮੇਸ਼ਾ ਉਸ ਨੂੰ ਤਾਕਤਵਰ ਬਣਾਵਾਂਗਾ।
25 ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਸਮੁੰਦਰ ਦਾ ਮਾਲਕ ਬਣਾ ਦਿੱਤਾ ਹੈ,
ਅਤੇ ਉਹ ਦਰਿਆਵਾਂ ਨੂੰ ਕਾਬੂ ਵਿੱਚ ਰੱਖੇਗਾ।
26 ਉਹ ਮੈਨੂੰ ਦੱਸੇਗਾ, ‘ਤੁਸੀਂ ਮੇਰੇ ਪਿਤਾ ਹੋ,
ਮੇਰੇ ਪਰਮੇਸ਼ੁਰ ਹੋ, ਮੇਰੀ ਚੱਟਾਨ ਅਤੇ ਮੇਰੇ ਮੁਕਤੀਦਾਤਾ ਹੋ।’
27 ਮੈਂ ਉਸ ਨੂੰ ਆਪਣਾ ਪਹਿਲੋਠਾ ਪੁੱਤਰ ਬਣਾਵਾਂਗਾ।
ਉਹ ਧਰਤੀ ਦਾ ਕਰਾਰ ਹੋਵੇਗਾ।
28 ਮੇਰਾ ਪਿਆਰ ਸਦਾ ਲਈ ਚੁਣੇ ਹੋਏ ਰਾਜੇ ਦੀ ਰੱਖਿਆ ਕਰੇਗਾ।
ਮੇਰਾ ਇਕਰਾਰ ਉਸ ਨਾਲ ਕਦੇ ਵੀ ਖਤਮ ਨਹੀਂ ਹੋਵੇਗਾ।
29 ਉਸਦਾ ਪਰਿਵਾਰ ਸਦਾ ਰਹੇਗਾ,
ਅਤੇ ਉਸਦਾ ਰਾਜ ਉਦੋਂ ਤੱਕ ਰਹੇਗਾ ਜਦੋਂ ਤੱਕ ਆਕਾਸ਼ ਹਨ।
30 ਜੇ ਉਸ ਦੀਆਂ ਔਲਾਦਾਂ ਮੇਰੇ ਨਾਮ ਉੱਤੇ ਚੱਲਣਾ
ਅਤੇ ਮੇਰਾ ਹੁਕਮ ਨੂੰ ਮੰਨਣ ਛੱਡ ਦੇਣਗੇ ਫ਼ਿਰ ਮੈਂ ਉਨ੍ਹਾਂ ਨੂੰ ਦੰਡ ਦੇਵਾਂਗਾ।
31 ਜੇ ਮੇਰੇ ਚੁਣੇ ਹੋਏ ਰਾਜੇ ਦੀ ਔਲਾਦ ਮੇਰੇ ਨੇਮ ਤੋਂੜਨਗੇ
ਅਤੇ ਮੇਰੇ ਆਦੇਸ਼ ਅਣਡਿੱਠ ਕਰਨਗੇ।
32 ਤਾਂ ਮੈਂ ਉਨ੍ਹਾਂ ਨੂੰ ਬਹੁਤ ਸਖਤ ਸਜ਼ਾ ਦੇਵਾਂਗਾ।
33 ਪਰ ਮੈਂ ਉਨ੍ਹਾਂ ਲੋਕਾਂ ਤੋਂ ਆਪਣਾ ਪਿਆਰ ਕਦੀ ਨਹੀਂ ਖੋਹਾਂਗਾ।
ਮੈਂ ਸਦਾ ਉਨ੍ਹਾਂ ਦਾ ਵਫ਼ਾਦਾਰ ਰਹਾਂਗਾ।
34 ਮੈਂ ਦਾਊਦ ਨਾਲ ਆਪਣਾ ਕਰਾਰ ਨਹੀਂ ਤੋੜਾਂਗਾ
ਮੈਂ ਆਪਣੇ ਕਰਾਰ ਨੂੰ ਨਹੀਂ ਤੋੜਾਂਗਾ।
35 ਆਪਣੀ ਪਵਿੱਤਰਤਾ ਉੱਤੇ ਸੌਂਹ ਖਾਧੀ ਅਤੇ ਉਸ ਨਾਲ ਇੱਕ ਵਾਅਦਾ ਕੀਤਾ
ਅਤੇ ਮੈਂ ਦਾਊਦ ਨੂੰ ਝੂਠ ਨਹੀਂ ਬੋਲਾਂਗਾ।
36 ਦਾਊਦ ਦਾ ਪਰਿਵਾਰ ਸਦਾ ਲਈ ਰਹੇਗਾ।
ਉਸਦਾ ਪਿਆਰ ਸੂਰਜ ਰਹਿਣ ਤੱਕ ਰਹੇਗਾ।
37 ਇਹ ਚੰਨ ਵਾਂਗ ਹਮੇਸ਼ਾ ਜਾਰੀ ਰਹੇਗਾ। ਆਕਾਸ਼ ਸਾਡੇ ਕਰਾਰ ਦੇ ਸਬੂਤ ਹਨ।
ਇਸ ਕਰਾਰ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ।”
38 ਪਰ ਹੇ ਪਰਮੇਸ਼ੁਰ, ਤੁਸੀਂ ਆਪਣੇ ਚੁਣੇ ਉੱਤੇ ਕਹਿਰਵਾਨ ਹੋ ਗਏ
ਅਤੇ ਤੁਸਾਂ ਉਸ ਨੂੰ ਇੱਕਲਿਆਂ ਛੱਡ ਦਿੱਤਾ।
39 ਤੁਸੀਂ ਆਪਣੇ ਕਰਾਰ ਨੂੰ ਰੱਦ ਕਰ ਦਿੱਤਾ।
ਤੁਸੀਂ ਰਾਜੇ ਦੇ ਤਾਜ ਨੂੰ ਮਿੱਟੀ ਵਿੱਚ ਸੁੱਟ ਦਿੱਤਾ।
40 ਤੁਸੀਂ ਰਾਜੇ ਦੇ ਸ਼ਹਿਰ ਦੀਆਂ ਕੰਧਾਂ ਢਾਹ ਦਿੱਤੀਆਂ।
ਤੁਸੀਂ ਉਸ ਦੇ ਸਾਰੇ ਕਿਲ੍ਹੇ ਤਬਾਹ ਕਰ ਦਿੱਤੇ।
41 ਜੋ ਕੋਲੋਂ ਦੀ ਲੰਘਦੇ ਹਨ, ਉਸਦੀਆਂ ਚੀਜ਼ਾਂ ਚੋਰੀ ਕਰਦੇ ਹਨ।
ਉਸ ਦੇ ਗੁਆਂਢੀ ਉਸ ਉੱਤੇ ਹੱਸਦੇ ਹਨ।
42 ਤੁਸਾਂ ਰਾਜੇ ਦੇ ਵੈਰੀਆਂ ਨੂੰ ਖੁਸ਼ ਕਰ ਦਿੱਤਾ।
ਤੁਸੀਂ ਉਸ ਦੇ ਵੈਰੀਆਂ ਨੂੰ ਜੰਗ ਜਿੱਤਣ ਦਿੱਤੀ।
43 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਆਪਣੀ ਰੱਖਿਆ ਕਰਨ ਵਿੱਚ ਸਹਾਇਤਾ ਕੀਤੀ।
ਤੁਸੀਂ ਆਪਣੇ ਰਾਜੇ ਦੀ ਲੜਾਈ ਜਿੱਤਣ ਵਿੱਚ ਸਹਾਇਤਾ ਨਹੀਂ ਕੀਤੀ।
44 ਤੁਸੀਂ ਉਸ ਨੂੰ ਜਿੱਤਣ ਨਹੀਂ ਦਿੱਤਾ।
ਤੁਸੀਂ ਸਦਾ ਤਖਤ ਜ਼ਮੀਨ ਉੱਤੇ ਡੇਗ ਦਿੱਤਾ।
45 ਤੁਸੀਂ ਉਸਦੀ ਉਮਰ ਘਟਾ ਦਿੱਤੀ।
ਤੁਸੀਂ ਉਸ ਨੂੰ ਸ਼ਰਮਸਾਰ ਕੀਤਾ।
46 ਯਹੋਵਾਹ, ਇਹੀ ਹੋਰ ਕਿੰਨਾ ਚਿਰ ਹੁੰਦਾ ਰਹੇਗਾ?
ਕੀ ਸਾਨੂੰ ਸਦਾ ਵਾਸਤੇ ਅਣਗੌਲ੍ਹਿਆਂ ਕਰੋਂਗੇ?
ਕੀ ਤੁਹਾਡਾ ਕਹਿਰ ਸਦਾ ਅੱਗ ਵਾਂਗ ਬਲਦਾ ਰਹੇਗਾ?
47 ਯਾਦ ਕਰੋ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ:
ਤੁਸੀਂ ਸਾਨੂੰ ਥੋੜਾ ਜੀਵਨ ਜਿਉਣ ਅਤੇ ਫ਼ੇਰ ਮਰ ਜਾਣ ਲਈ ਸਾਜਿਆ ਸੀ।
48 ਕੋਈ ਵੀ ਬੰਦਾ ਅਜਿਹਾ ਨਹੀਂ ਜਿਹੜਾ ਜੀਵੇਗਾ ਅਤੇ ਕਦੀ ਨਹੀਂ ਮਰੇਗਾ।
ਕੋਈ ਬੰਦਾ ਕਬਰ ਪਾਸੋਂ ਨਹੀਂ ਬਚੇਗਾ।
49 ਹੇ ਪਰਮੇਸ਼ੁਰ, ਉਹ ਪਿਆਰ ਕਿੱਥੇ ਹੈ ਜਿਹੜਾ ਤੁਸੀਂ ਅਤੀਤ ਵਿੱਚ ਦਰਸਾਇਆ ਸੀ?
ਤੁਸਾਂ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਦੇ ਪਰਿਵਾਰ ਨਾਲ ਵਫ਼ਾਦਾਰ ਹੋਵੋਂਗੇ।
50-51 ਹੇ ਮਾਲਕ, ਕਿਰਪਾ ਕਰਕੇ ਚੇਤੇ ਕਰੋ ਕਿ ਲੋਕਾਂ ਨੇ ਤੁਹਾਡੇ ਸੇਵਕ ਨੂੰ ਕਿਵੇਂ ਬੇਇੱਜ਼ਤ ਕੀਤਾ ਸੀ।
ਯਹੋਵਾਹ, ਮੈਨੂੰ ਤੁਹਾਡੇ ਵੈਰੀਆਂ ਪਾਸੋਂ ਬੇਇੱਜ਼ਤੀ ਭਰੀਆਂ ਉਹ ਸਾਰੀਆਂ ਗੱਲਾਂ ਸੁਣਨੀਆਂ ਪਈਆਂ।
ਉਨ੍ਹਾਂ ਲੋਕਾਂ ਤੇਰੇ ਚੁਣੇ ਹੋਏ ਰਾਜੇ ਨੂੰ ਬੇਇਜ਼ਤ ਕੀਤਾ।
52 ਯਹੋਵਾਹ ਨੂੰ ਸਦਾ ਅਤੇ ਸਦਾ ਲਈ ਅਸੀਸ ਦਿਉ।
ਆਮੀਨ ਫੇਰ ਆਮੀਨ।
30 ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!”
2 ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸ ਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸ ਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।”
3 ਫ਼ੇਰ ਰਾਖੇਲ ਨੇ ਆਖਿਆ, “ਤੂੰ ਮੇਰੀ ਦਾਸੀ ਬਿਲਹਾਹ ਨਾਲ ਸੰਬੰਧ ਬਣਾ ਸੱਕਦਾ ਹੈਂ। ਉਸ ਨਾਲ ਸੌਂ ਅਤੇ ਉਹ ਮੇਰੇ ਲਈ ਬੱਚਾ ਪੈਦਾ ਕਰੇਗੀ। ਫ਼ੇਰ ਮੈਂ ਉਸ ਦੇ ਕਾਰਣ ਮਾਂ ਬਣ ਜਾਵਾਂਗੀ।”
4 ਇਸ ਲਈ ਰਾਖੇਲ ਨੇ ਬਿਲਹਾਹ ਨੂੰ ਆਪਣੇ ਪਤੀ, ਯਾਕੂਬ ਨੂੰ ਉਸਦੀ ਪਤਨੀ ਹੋਣ ਲਈ ਦੇ ਦਿੱਤਾ। ਯਾਕੂਬ ਨੇ ਬਿਲਹਾਹ ਨਾਲ ਜਿਸਨੀ ਸੰਬੰਧ ਬਣਾਏ। 5 ਬਿਲਹਾਹ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਇੱਕ ਪੁੱਤਰ ਦਿੱਤਾ।
6 ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ। ਉਸ ਨੇ ਮੈਨੂੰ ਪੁੱਤਰ ਦੇਣ ਦਾ ਨਿਆਂ ਕੀਤਾ ਹੈ।” ਇਸ ਲਈ ਰਾਖੇਲ ਨੇ ਇਸ ਪੁੱਤਰ ਦਾ ਨਾਮ ਦਾਨ ਰੱਖਿਆ।
7 ਬਿਲਹਾਹ ਇੱਕ ਵਾਰੀ ਫ਼ੇਰ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਦੂਸਰਾ ਪੁੱਤਰ ਦਿੱਤਾ। 8 ਰਾਖੇਲ ਨੇ ਆਖਿਆ, “ਮੈਂ ਆਪਣੀ ਭੈਣ ਨਾਲ ਕੜਾ ਸੰਘਰਸ਼ ਕੀਤਾ ਹੈ। ਅਤੇ ਮੈਂ ਜਿੱਤ ਗਈ ਹਾਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਨਫ਼ਤਾਲੀ ਰੱਖਿਆ।
9 ਲੇਆਹ ਨੇ ਦੇਖਿਆ ਕਿ ਉਹ ਬੱਚੇ ਪੈਦਾ ਕਰਨੋ ਹਟ ਗਈ ਸੀ। ਇਸ ਲਈ ਉਸ ਨੇ ਆਪਣੀ ਦਾਸੀ ਜ਼ਿਲਫ਼ਾਹ ਯਾਕੂਬ ਦੇ ਹਵਾਲੇ ਕਰ ਦਿੱਤੀ। 10 ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ। 11 ਲੇਆਹ ਨੇ ਆਖਿਆ, “ਮੈਂ ਖੁਸ਼ਕਿਸਮਤ ਹਾਂ।” ਇਸ ਲਈ ਉਸ ਨੇ ਪੁੱਤਰ ਦਾ ਨਾਮ ਗਾਦ ਰੱਖਿਆ। 12 ਜ਼ਿਲਫ਼ਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 13 ਲੇਆਹ ਨੇ ਆਖਿਆ, “ਮੈਂ ਬਹੁਤ ਖੁਸ਼ ਹਾਂ! ਹੁਣ ਔਰਤਾਂ ਮੈਨੂੰ ਖੁਸ਼ਕਿਸਮਤ ਆਖਣਗੀਆਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਆਸ਼ੇਰ ਰੱਖਿਆ।
14 ਕਣਕ ਦੀ ਵਾਢੀ ਸਮੇਂ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸ ਨੂੰ ਕੁਝ ਖਾਸ ਕਿਸਮ ਦੇ ਫ਼ੁੱਲ ਮਿਲੇ। ਰਊਬੇਨ ਇਹ ਫ਼ੁੱਲ ਆਪਣੀ ਮਾਂ ਲੇਆਹ ਕੋਲ ਲੈ ਆਇਆ। ਪਰ ਰਾਖੇਲ ਨੇ ਲੇਆਹ ਨੂੰ ਆਖਿਆ, “ਮਿਹਰਬਾਨੀ ਕਰਕੇ ਆਪਣੇ ਪੁੱਤਰ ਦੇ ਲਿਆਂਦੇ ਫ਼ੁੱਲ ਮੈਨੂੰ ਵੀ ਦੇ।”
15 ਲੇਆਹ ਨੇ ਜਵਾਬ ਦਿੱਤਾ, “ਤੂੰ ਤਾਂ ਪਹਿਲਾਂ ਹੀ ਮੇਰਾ ਪਤੀ ਮੇਰੇ ਕੋਲੋਂ ਖੋਹ ਲਿਆ ਹੈ। ਹੁਣ ਤੂੰ ਮੇਰੇ ਪੁੱਤਰ ਦੇ ਫ਼ੁੱਲ ਵੀ ਲੈਣਾ ਚਾਹੁੰਦੀ ਹੈਂ।”
ਪਰ ਰਾਖੇਲ ਨੇ ਜਵਾਬ ਦਿੱਤਾ, “ਜੇ ਤੂੰ ਆਪਣੇ ਪੁੱਤਰ ਦੇ ਫ਼ੁੱਲ ਮੈਨੂੰ ਦੇ ਦੇਵੇਂਗੀ ਤਾਂ ਤੂੰ ਅੱਜ ਦੀ ਰਾਤ ਯਾਕੂਬ ਨਾਲ ਸੌਂ ਸੱਕਦੀ ਹੈਂ।”
16 ਯਾਕੂਬ ਉਸ ਸਮੇਂ ਖੇਤਾਂ ਵਿੱਚੋਂ ਆਇਆ। ਲੇਆਹ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਮਿਲਣ ਲਈ ਬਾਹਰ ਗਈ। ਉਸ ਨੇ ਆਖਿਆ, “ਤੂੰ ਅੱਜ ਮੇਰੇ ਨਾਲ ਸੌਵੇਂਗਾ। ਮੈਂ ਆਪਣੇ ਪੁੱਤਰ ਦੇ ਫ਼ੁੱਲਾਂ ਨਾਲ ਤੇਰੀ ਕੀਮਤ ਅਦਾ ਕਰ ਦਿੱਤੀ ਹੈ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ।
17 ਪਰਮੇਸ਼ੁਰ ਦੀ ਰਜ਼ਾ ਨਾਲ ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ। ਉਸ ਨੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। 18 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇਨਾਮ ਦਿੱਤਾ ਹੈ ਕਿਉਂਕਿ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਅਰਪਣ ਕਰ ਦਿੱਤੀ ਸੀ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਯਿੱਸਾਕਾਰ ਰੱਖਿਆ।
19 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ ਅਤੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ। 20 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਬਹੁਤ ਸੁੰਦਰ ਤੋਹਫ਼ਾ ਦਿੱਤਾ। ਹੈ। ਹੁਣ ਜ਼ਰੂਰ ਯਾਕੂਬ ਮੇਰੇ ਬਾਰੇ ਚੰਗਾ ਸੋਚੇਗਾ ਕਿਉਂਕਿ ਮੈਂ ਉਸ ਨੂੰ ਛੇ ਪੁੱਤਰ ਦਿੱਤੇ ਹਨ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਜ਼ਬੂਲੁਨ ਧਰਿਆ।
21 ਬਾਦ ਵਿੱਚ ਲੇਆਹ ਨੇ ਇੱਕ ਧੀ ਜੰਮੀ। ਉਸ ਨੇ ਉਸ ਧੀ ਦਾ ਨਾਮ ਦੀਨਾਹ ਰੱਖਿਆ।
22 ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ। 23-24 ਰਾਖੇਲ ਫ਼ਿਰ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ।” ਇਸ ਲਈ ਰਾਖੇਲ ਨੇ ਪੁੱਤਰ ਦਾ ਨਾਮ ਯੂਸੁਫ਼ ਰੱਖਿਆ।
1 ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁੱਢ ਤੋਂ ਹੀ ਮੌਜੂਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਸੀਂ ਇਸ ਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ। 2 ਜਿਹੜਾ ਜੀਵਨ ਸਾਨੂੰ ਦਰਸਾਇਆ ਗਿਆ। ਅਸੀਂ ਇਸ ਨੂੰ ਦੇਖਿਆ ਅਸੀਂ ਇਸ ਬਾਰੇ ਗਵਾਹ ਹਾਂ। ਹੁਣ ਅਸੀਂ ਤੁਹਾਨੂੰ ਇਸ ਜੀਵਨ ਬਾਰੇ ਦੱਸਦੇ ਹਾਂ। ਇਹ ਜੀਵਨ ਸਦੀਪਕ ਹੈ। ਇਹ ਜੀਵਨ ਪਰਮੇਸ਼ੁਰ ਪਿਤਾ ਦੇ ਨਾਲ ਸੀ। ਪਰਮੇਸ਼ੁਰ ਨੇ ਇਹ ਜੀਵਨ ਸਾਨੂੰ ਦਰਸ਼ਾਇਆ। 3 ਹੁਣ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਸੁਣਿਆ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਗਤ ਵਿੱਚ ਸ਼ਰੀਕ ਹੋਵੋ। ਜਿਹੜੀ ਸੰਗਤ ਵਿੱਚ ਅਸੀਂ ਸਾਂਝ ਰੱਖਦੇ ਹਾਂ ਉਹ ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4 ਅਸੀਂ ਤੁਹਾਨੂੰ ਇਹ ਗੱਲਾਂ ਤੁਹਾਡੇ ਆਨੰਦ ਨੂੰ ਸਾਡੇ ਨਾਲ ਪੂਰਾ ਕਰਨ ਲਈ ਲਿਖ ਰਹੇ ਹਾਂ।
ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ
5 ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ। 6 ਇਸ ਲਈ ਜੇ ਅਸੀਂ ਆਖਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਸੰਗਤ ਰੱਖਦੇ ਹਾਂ, ਪਰ ਅਸੀਂ ਅੰਧਕਾਰ ਵਿੱਚ ਜਿਉਣਾ ਜਾਰੀ ਰੱਖਦੇ ਹਾਂ, ਤਾਂ ਅਸੀਂ ਝੂਠੇ ਹਾਂ ਅਸੀਂ ਸੱਚ ਨਹੀਂ ਬੋਲਦੇ। 7 ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।
8 ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ। 9 ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸੱਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ। 10 ਜੇ ਅਸੀਂ ਆਖਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਸਿੱਧ ਕਰ ਰਹੇ ਹੋਵਾਂਗੇ। ਅਸੀਂ ਪਰਮੇਸ਼ੁਰ ਦੇ ਉਪਦੇਸ਼ ਦਾ ਅਨੁਸਰਣ ਨਹੀਂ ਕਰ ਰਹੇ।
ਯਿਸੂ ਨੇ ਜਨਮ ਤੋਂ ਅੰਨ੍ਹੇ ਨੂੰ ਰਾਜ਼ੀ ਕੀਤਾ
9 ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਆਦਮੀ ਵੇਖਿਆ। ਇਹ ਆਦਮੀ ਜਨਮ ਤੋਂ ਹੀ ਅੰਨ੍ਹਾ ਸੀ। 2 ਯਿਸੂ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਗੁਰੂ, ਇਹ ਆਦਮੀ ਜਨਮ ਤੋਂ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੁਆਰਾ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਣ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਣ?”
3 ਯਿਸੂ ਨੇ ਆਖਿਆ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦਾ ਨਤੀਜਾ ਨਹੀਂ ਹੈ। ਪਰ ਇਹ ਚੰਗਾ ਹੋਕੇ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ। 4 ਸਾਨੂੰ ਉਸ ਪਰਮੇਸ਼ੁਰ ਦਾ ਕਾਰਜ, ਦਿਨ ਰਹਿੰਦਿਆਂ ਕਰਨਾ ਚਾਹੀਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂ ਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸੱਕਦਾ। 5 ਜਦ ਤੀਕ ਮੈਂ ਦੁਨੀਆਂ ਵਿੱਚ ਹਾਂ ਮੈਂ ਦੁਨੀਆਂ ਲਈ ਚਾਨਣ ਹਾਂ।”
6 ਇਹ ਕਹਿਣ ਤੋਂ ਬਾਦ, ਯਿਸੂ ਨੇ ਜ਼ਮੀਨ ਤੇ ਥੁੱਕਿਆ ਅਤੇ ਇਸ ਨਾਲ ਥੋੜ੍ਹੀ ਮਿੱਟੀ ਗਿਲੀ ਕੀਤੀ ਤੇ ਉਸ ਨਾਲ ਉਸ ਅੰਨ੍ਹੇ ਮਨੁੱਖ ਦੀ ਅੱਖ ਤੇ ਲੇਪਿਆ। 7 ਯਿਸੂ ਨੇ ਉਸ ਮਨੁੱਖ ਨੂੰ ਆਖਿਆ, “ਜਾ ਅਤੇ ਸਿਲੋਆਮ ਦੇ ਕੁੰਡ ਵਿੱਚ ਆਪਣੀਆਂ ਅੱਖਾਂ ਧੋ,”(ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ।”) ਇਸ ਲਈ ਉਹ ਕੁੰਡ ਤੇ ਗਿਆ ਅਤੇ ਆਪਣੀਆਂ ਅੱਖਾਂ ਧੋਣ ਤੋਂ ਬਾਦ ਵਾਪਸ ਪਰਤਿਆ। ਹੁਣ ਉਸ ਨੂੰ ਸਭ ਵਿਖਦਾ ਸੀ।
8 ਜਿਨ੍ਹਾਂ ਲੋਕਾਂ ਨੇ ਇਸ ਨੂੰ ਭੀਖ ਮੰਗਦਿਆਂ ਵੇਖਿਆ ਸੀ। ਅਤੇ ਉਸ ਦੇ ਗੁਆਂਢੀਆਂ ਨੇ ਕਿਹਾ, “ਵੇਖੋ ਕੀ ਇਹ ਉਹੀ ਇੱਕ ਨਹੀਂ ਜਿਹੜਾ ਬੈਠਕੇ ਭੀਖ ਮੰਗਦਾ ਹੁੰਦਾ ਸੀ।”
9 ਕੁਝ ਲੋਕਾਂ ਨੇ ਕਿਹਾ, “ਹਾਂ ਉਹੀ ਹੈ।” ਪਰ ਦੂਜੇ ਲੋਕਾਂ ਨੇ ਆਖਿਆ, “ਨਹੀਂ ਇਹ ਉਹ ਆਦਮੀ ਨਹੀਂ ਹੈ, ਇਹ ਉਸ ਦੇ ਵਰਗਾ ਲੱਗਦਾ ਹੈ।”
ਪਰ ਉਸ ਆਦਮੀ ਨੇ ਆਖਿਆ, “ਮੈਂ ਉਹੀ ਆਦਮੀ ਹਾਂ।”
10 ਲੋਕਾਂ ਨੇ ਪੁੱਛਿਆ, “ਇਹ ਕਿਵੇਂ ਹੋਇਆ? ਤੈਨੂੰ ਤੇਰੀ ਦ੍ਰਿਸ਼ਟੀ ਕਿਵੇਂ ਪ੍ਰਾਪਤ ਹੋਈ?”
11 ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮੀਂ ਆਦਮੀ ਨੇ ਕੁਝ ਮਿੱਟੀ ਮੇਰੀਆਂ ਅੱਖਾਂ ਉੱਤੇ ਲਾਈ। ਉਸ ਨੇ ਮੈਨੂੰ ਸਿਲੋਮਾਨ ਕੁੰਡ ਤੇ ਧੋਣ ਵਾਸਤੇ ਜਾਣ ਲਈ ਕਿਹਾ। ਜਦ ਮੈਂ ਸਿਲੋਮਾਨ ਕੁੰਡ ਤੇ ਗਿਆ ਅਤੇ ਅੱਖਾਂ ਧੋਤੀਆਂ ਤਾਂ ਮੈਂ ਵੇਖਣ ਯੋਗ ਸੀ।”
12 ਲੋਕਾਂ ਨੇ ਉਸ ਨੂੰ ਆਖਿਆ, “ਉਹ ਕਿੱਥੇ ਹੈ?”
ਮਨੁੱਖ ਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ।”
ਯਹੂਦੀਆਂ ਨੇ ਯਿਸੂ ਦੇ ਰਾਜ਼ੀ ਕੀਤੇ ਮਨੁੱਖ ਨੂੰ ਸਵਾਲ ਪੁੱਛੇ
13 ਜਦੋਂ ਲੋਕ ਉਸ ਆਦਮੀ ਨੂੰ, “ਫ਼ਰੀਸੀਆਂ ਕੋਲ ਲਿਆਏ, ਜੋ ਪਹਿਲਾਂ ਅੰਨ੍ਹਾ ਸੀ। 14 ਯਿਸੂ ਨੇ ਗਾਰਾ ਬਣਾਕੇ ਉਸ ਆਦਮੀ ਦੀਆਂ ਅੱਖਾਂ ਨੂੰ ਸਬਤ ਦੇ ਦਿਨ ਚੰਗਾ ਕੀਤਾ ਸੀ।” 15 ਤਾਂ ਇਸ ਵਾਰੀ ਫ਼ਰੀਸੀਆਂ ਨੇ ਉਸ ਮਨੁੱਖ ਨੂੰ ਪੁੱਛਿਆ, “ਤੈਨੂੰ ਆਪਣੀ ਦ੍ਰਿਸ਼ਟੀ ਕਿਵੇਂ ਮਿਲੀ?”
ਮਨੁੱਖ ਨੇ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਤੇ ਚਿੱਕੜ ਲਾਇਆ, ਮੈਂ ਅੱਖਾਂ ਧੋਤੀਆਂ ਅਤੇ ਹੁਣ ਮੈਂ ਵੇਖ ਸੱਕਦਾ ਹਾਂ।”
16 ਕੁਝ ਫ਼ਰੀਸੀਆਂ ਨੇ ਆਖਿਆ, “ਇਹ ਮਨੁੱਖ ਪਰਮੇਸ਼ੁਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਦੇ ਨੇਮ ਨੂੰ ਵੀ ਨਹੀਂ ਰੱਖ ਰਿਹਾ। ਇਸ ਲਈ ਉਹ ਪਰਮੇਸ਼ੁਰ ਵੱਲੋਂ ਨਹੀਂ ਹੈ।”
ਕੁਝ ਇੱਕ ਹੋਰ ਲੋਕਾਂ ਨੇ ਆਖਿਆ, “ਕੀ ਇੱਕ ਪਾਪੀ ਆਦਮੀ ਅਜਿਹੇ ਕਰਿਸ਼ਮੇ ਕਰ ਸੱਕਦਾ ਹੈ।” ਯਹੂਦੀ ਇਸ ਗੱਲ ਉੱਪਰ ਆਪਸ ਵਿੱਚ ਸਹਿਮਤ ਨਾ ਹੋਏ।
17 ਯਹੂਦੀਆਂ ਦੇ ਆਗੂਆਂ ਨੇ ਉਸ ਆਦਮੀ ਨੂੰ ਦੁਬਾਰਾ ਪੁੱਛਿਆ, “ਉਹ ਮਨੁੱਖ ਜਿਸਨੇ ਤੈਨੂੰ ਰਾਜ਼ੀ ਕੀਤਾ, ਜਿਸ ਕਰਕੇ ਹੁਣ ਤੂੰ ਵੇਖ ਸੱਕਦਾ ਹੈ। ਤੂੰ ਉਸ ਆਦਮੀ ਬਾਰੇ ਕੀ ਆਖਦਾ ਹੈ?”
ਉਸ ਆਦਮੀ ਨੇ ਕਿਹਾ, “ਉਹ ਇੱਕ ਨਬੀ ਹੈ।”
2010 by World Bible Translation Center