Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 106

106 ਯਹੋਵਾਹ ਦੀ ਉਸਤਤਿ ਕਰੋ
ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਸ਼ੁਭ ਹੈ।
    ਪਰਮੇਸ਼ੁਰ ਦਾ ਪਿਆਰ ਸਦੀਵੀ ਹੈ।
ਅਸਲ ਵਿੱਚ ਕੋਈ ਵੀ ਬਿਆਨ ਨਹੀਂ ਕਰ ਸੱਕਦਾ
    ਕਿ ਯਹੋਵਾਹ ਕਿੰਨਾ ਵੱਡਾ ਹੈ।
ਜਿਹੜੇ ਲੋਕ ਪਰਮੇਸ਼ੁਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਉਹ ਖੁਸ਼ ਹਨ।
    ਉਹ ਲੋਕ ਹਰ ਵੇਲੇ ਨੇਕੀ ਕਰਦੇ ਰਹਿੰਦੇ ਹਨ।

ਯਹੋਵਾਹ, ਜਦੋਂ ਤੁਸੀਂ ਆਪਣੇ ਬੰਦਿਆਂ ਉੱਤੇ ਮਿਹਰਬਾਨ ਹੋਵੋਂ ਮੈਨੂੰ ਵੀ ਚੇਤੇ ਰੱਖਣਾ।
    ਮੈਨੂੰ ਚੇਤੇ ਰੱਖਣਾ ਅਤੇ ਬਚਾਉਣਾ ਵੀ।
ਯਹੋਵਾਹ, ਮੈਨੂੰ ਉਹ ਚੰਗੀਆਂ ਚੀਜ਼ਾਂ ਸਾਂਝੀਆਂ ਕਰਨ ਦਿਉ
    ਜਿਹੜੀਆਂ ਤੁਸੀਂ ਆਪਣੇ ਚੋਣਵੇਂ ਲੋਕਾਂ ਨੂੰ ਦਿੰਦੇ ਹੋ।
ਮੈਨੂੰ ਵੀ ਤੁਹਾਡੀ ਕੌਮ ਨਾਲ ਖੁਸ਼ੀ ਮਨਾਉਣ ਦਿਉ।
    ਮੈਨੂੰ ਉਸਤਤਿ ਵਿੱਚ ਤੁਹਾਡੇ ਲੋਕਾਂ ਨਾਲ ਸ਼ਾਮਿਲ ਹੋਣ ਦਿਉ।

ਅਸੀਂ ਉਵੇਂ ਹੀ ਪਾਪ ਕੀਤਾ ਜਿਵੇਂ ਸਾਡੇ ਪੁਰਖਿਆਂ ਨੇ ਪਾਪ ਕੀਤਾ ਸੀ।
    ਅਸੀਂ ਗਲਤ ਸਾਂ, ਅਸੀਂ ਮਿਸਰ ਵਿੱਚ ਮੰਦੀਆਂ ਗੱਲਾਂ ਕੀਤੀਆਂ।
ਯਹੋਵਾਹ, ਮਿਸਰ ਵਿੱਚ ਸਾਡੇ ਪੁਰਖਿਆਂ ਨੇ
    ਤੁਹਾਡੇ ਕਰਿਸ਼ਮਿਆਂ ਤੋਂ ਸਾਨੂੰ ਕੁਝ ਵੀ ਨਹੀਂ ਸਿੱਖਾਇਆ।
ਉੱਥੇ, ਲਾਲ ਸਾਗਰ ਕੰਢੇ ਸਾਡੇ ਪੁਰਖੇ
    ਤੁਹਾਡੇ ਖਿਲਾਫ਼ ਹੋ ਗਏ ਸਨ।

ਪਰ ਪਰਮੇਸ਼ੁਰ ਨੇ ਆਪਣੇ ਨਾਮ ਸਦਕਾ ਸਾਡੇ ਪੁਰਖਿਆਂ ਨੂੰ ਬਚਾ ਲਿਆ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਮਹਾਨ ਸ਼ਕਤੀ ਦਰਸਾਉਣ ਲਈ ਬਚਾ ਲਿਆ।
ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਲਾਲ ਸਾਗਰ ਖੁਸ਼ਕ ਹੋ ਗਿਆ।
    ਪਰਮੇਸ਼ੁਰ ਨੇ ਡੂੰਘੇ ਲਾਲ ਸਾਗਰ ਵਿੱਚੋਂ ਸਾਡੇ ਪੁਰਖਿਆਂ ਦੀ ਅਗਵਾਈ ਉਸ ਧਰਤੀ ਤੇ ਕੀਤੀ, ਜੋ ਮਾਰੂਥਲ ਵਾਂਗ ਖੁਸ਼ਕ ਸੀ।
10 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਬਚਾਇਆ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਵੈਰੀਆਂ ਤੋਂ ਬਚਾਇਆ।
11 ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਸਾਗਰ ਨਾਲ ਢੱਕ ਦਿੱਤਾ।
    ਉਨ੍ਹਾਂ ਦੇ ਦੁਸ਼ਮਣਾਂ ਵਿੱਚੋਂ ਕੋਈ ਵੀ ਨਾ ਬਚ ਸੱਕਿਆ।

12 ਫ਼ੇਰ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਿਤਾ।
    ਉਨ੍ਹਾਂ ਨੇ ਉਸਦੀ ਉਸਤਤਿ ਗਾਈ।
13 ਪਰ ਸਾਡੇ ਪੁਰਖਿਆਂ ਨੇ ਉਨ੍ਹਾਂ ਗੱਲਾਂ ਨੂੰ ਛੇਤੀ ਹੀ ਭੁਲਾ ਦਿੱਤਾ ਜੋ ਪਰਮੇਸ਼ੁਰ ਨੇ ਕੀਤੀਆਂ ਸਨ।
    ਉਨ੍ਹਾਂ ਨੇ ਪਰਮੇਸ਼ੁਰ ਦਾ ਮਸ਼ਵਰਾ ਨਹੀਂ ਸੁਣਿਆ।
14 ਮਾਰੂਥਲ ਵਿੱਚ ਸਾਡੇ ਪੁਰਖਿਆਂ ਨੂੰ ਬਹੁਤ ਭੁੱਖ ਲਗੀ
    ਅਤੇ ਉਨ੍ਹਾਂ ਨੇ ਬੀਆਬਾਨ ਵਿੱਚ ਪਰਮੇਸ਼ੁਰ ਦੀ ਪਰੱਖ ਕੀਤੀ।
15 ਪਰ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜੋ ਉਨ੍ਹਾਂ ਨੇ ਮੰਗੀਆਂ ਸਨ।
    ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕ ਭਿਆਨਕ ਬਿਮਾਰੀ ਵੀ ਦਿੱਤੀ।
16 ਲੋਕ ਮੂਸਾ ਨਾਲ ਈਰਖਾ ਕਰਨ ਲੱਗੇ।
    ਉਹ ਯਹੋਵਾਹ ਦੇ ਪਵਿੱਤਰ ਜਾਜਕ ਹਾਰੂਨ ਨਾਲ ਈਰਖਾਲੂ ਹੋ ਗਏ।
17 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਈਰਖਾਲੂ ਲੋਕਾਂ ਨੂੰ ਸਜ਼ਾ ਦਿੱਤੀ।
    ਧਰਤੀ ਤਿੜਕ ਗਈ ਅਤੇ ਉਸ ਨੇ ਦਾਥਾਨ ਨੂੰ ਨਿਗਲ ਲਿਆ।
    ਤਾਂ ਇੱਕ ਵਾਰੀ ਫ਼ੇਰ, ਧਰਤੀ ਖੁਲ੍ਹੀ ਅਤੇ ਅਬੀਰਾਮ ਦੇ ਸਮੂਹ ਨੂੰ ਨਿਗਲ ਲਿਆ।
18 ਫ਼ੇਰ ਅੱਗ ਨੇ ਲੋਕਾਂ ਦੀ ਉਸ ਭੀੜ ਨੂੰ ਸਾੜ ਸੁੱਟਿਆ।
    ਉਸ ਅੱਗ ਨੇ ਮੰਦੇ ਲੋਕਾਂ ਨੂੰ ਸਾੜ ਦਿੱਤਾ।
19 ਉਨ੍ਹਾਂ ਲੋਕਾਂ ਨੇ ਹੋਰੇਬ ਪਰਬਤ ਉੱਤੇ ਇੱਕ ਸੋਨੇ ਦਾ ਵੱਛਾ ਬਣਾਇਆ।
    ਉਨ੍ਹਾਂ ਨੇ ਇੱਕ ਬੁੱਤ ਦੀ ਉਪਾਸਨਾ ਕੀਤੀ।
20 ਉਨ੍ਹਾਂ ਲੋਕਾਂ ਨੇ ਆਪਣੇ ਮਹਿਮਾਮਈ ਪਰਮੇਸ਼ੁਰ ਨੂੰ
    ਘਾਹ ਖਾਣੇ ਬਲਦ ਦੀ ਮੂਰਤ ਬਦਲੇ ਵਟਾ ਦਿੱਤਾ।
21 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
ਪਰ ਉਹ ਪੂਰੀ ਤਰ੍ਹਾਂ ਉਸ ਬਾਰੇ ਭੁੱਲ ਗਏ।
    ਉਹ ਉਸ ਪਰਮੇਸ਼ੁਰ ਬਾਰੇ ਭੁੱਲ ਗਏ ਜਿਸਨੇ ਮਿਸਰ ਵਿੱਚ ਕਰਿਸ਼ਮੇ ਕੀਤੇ ਸਨ।
22 ਪਰਮੇਸ਼ੁਰ ਨੇ ਹੈਮ ਦੇ ਦੇਸ਼ ਵਿੱਚ ਕਰਿਸ਼ਮੇ ਕੀਤੇ ਸਨ,
    ਲਾਲ ਸਾਗਰ ਦੇ ਨੇੜੇ ਪਰਮੇਸ਼ੁਰ ਦੀਆਂ ਕਰਨੀਆਂ ਭਰਮ ਭਰੀਆਂ ਸਨ।

23 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ।
    ਪਰ ਉਸ ਦੇ ਚੁਣੇ ਹੋਏ ਬੰਦੇ, ਮੂਸਾ ਨੇ ਉਸ ਨੂੰ ਰੋਕ ਦਿੱਤਾ।
ਪਰਮੇਸ਼ੁਰ ਬਹੁਤ ਕਹਿਰਵਾਨ ਸੀ, ਪਰ ਮੂਸਾ ਨੇ ਉਸਦਾ ਰਾਹ ਰੋਕ ਲਿਆ।
    ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਤਬਾਹ ਨਹੀਂ ਕੀਤਾ।

24 ਪਰ, ਉਨ੍ਹਾਂ ਲੋਕਾਂ ਨੇ ਖੂਬਸੂਰਤ ਧਰਤੀ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
    ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਕਿ ਉਸ ਦੇਸ਼ ਵਿੱਚ ਰਹਿਣ ਵਾਲਿਆਂ ਨੂੰ ਹਰਾਉਣ ਵਿੱਚ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਕਰੇਗਾ।
25 ਸਾਡੇ ਪੁਰਖਿਆਂ ਨੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
26 ਇਸ ਲਈ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਮਾਰੂਥਲ ਵਿੱਚ ਮਰਨਗੇ।
27 ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਹੋਰਾਂ ਲੋਕਾਂ ਨੂੰ ਉਨ੍ਹਾਂ ਦੀਆਂ ਔਲਾਦਾ ਨੂੰ ਹਰਾਉਣ ਦੇਵੇਗਾ।
    ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਸਾਡੇ ਪੁਰਖਿਆਂ ਨੂੰ ਕੌਮਾਂ ਦਰਮਿਆਨ ਖਿੰਡਾ ਦੇਵੇਗਾ।

28 ਫ਼ੇਰ ਬਾਲ ਪਿਓਰ ਦੀ ਥਾਂ ਉੱਤੇ, ਪਰਮੇਸ਼ੁਰ ਦੇ ਲੋਕਾਂ ਨੇ ਇਕੱਠੇ ਬਾਲ ਦੀ ਪੂਜਾ ਕਰਨੀ ਸ਼ੁਰੂ ਕੀਤੀ।
    ਪਰਮੇਸ਼ੁਰ ਦੇ ਲੋਕਾਂ ਨੇ ਦਾਅਵਤਾਂ ਦਾ ਆਨੰਦ ਮਾਣਿਆ ਅਤੇ ਮੁਰਦਿਆਂ ਨੂੰ ਸਤਿਕਾਰਨ ਵਾਸਤੇ ਬਲੀਆਂ ਖਾਧੀਆਂ।
29 ਪਰਮੇਸ਼ੁਰ ਆਪਣੇ ਬੰਦਿਆਂ ਉੱਤੇ ਬਹੁਤ ਕਹਿਰਵਾਨ ਹੋਇਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਰੋਗੀ ਬਣਾ ਦਿੱਤਾ।
30 ਪਰ ਫ਼ੀਨਹਾਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ
    ਅਤੇ ਪਰਮੇਸ਼ੁਰ ਨੇ ਬਿਮਾਰੀ ਨੂੰ ਰੋਕ ਦਿੱਤਾ।
31 ਪਰਮੇਸ਼ੁਰ ਜਾਣਦਾ ਸੀ ਕਿ ਫ਼ੀਨਹਾਸ ਨੇ ਬਹੁਤ ਚੰਗੀ ਗੱਲ ਕੀਤੀ ਸੀ।
    ਪਰਮੇਸ਼ੁਰ ਇਸ ਨੂੰ ਸਦਾ-ਸਦਾ ਲਈ ਚੇਤੇ ਰੱਖੇਗਾ।

32 ਮਰੀਬਾਹ ਵਿੱਚ ਲੋਕ ਬਹੁਤ ਕ੍ਰੋਧਵਾਨ ਹੋ ਗਏ
    ਅਤੇ ਫ਼ੇਰ ਉਨ੍ਹਾਂ ਮੂਸਾ ਪਾਸੋਂ ਕੋਈ ਮਾੜਾ ਕੰਮ ਕਰਾਇਆ।
33 ਉਨ੍ਹਾਂ ਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ
    ਇਸ ਲਈ ਮੂਸਾ ਬਿਨ ਸੋਚੇ-ਸਮਝੇ ਬੋਲਿਆ।

34 ਪਰਮੇਸ਼ੁਰ ਨੇ ਲੋਕਾਂ ਨੂੰ ਕਨਾਨ ਵਿੱਚ ਰਹਿੰਦਿਆ ਪਰਾਈਆਂ ਕੌਮਾਂ ਨੂੰ ਤਬਾਹ ਕਰਨ ਲਈ ਕਿਹਾ।
    ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਨਹੀਂ ਮੰਨਿਆ।
35 ਉਹ ਹੋਰਾਂ ਲੋਕਾਂ ਨਾਲ ਰਲ-ਮਿਲ ਗਏ।
    ਅਤੇ ਉਹੀ ਕੁਝ ਕਰਨ ਲੱਗੇ ਜੋ ਉਹ ਲੋਕ ਕਰਦੇ ਸਨ।
36 ਉਹ ਪਰਮੇਸ਼ੁਰ ਦੇ ਲੋਕਾਂ ਲਈ ਇੱਕ ਫ਼ੰਦਾ ਬਣ ਗਏ।
    ਪਰਮੇਸ਼ੁਰ ਦੇ ਲੋਕ ਉਨ੍ਹਾਂ ਦੇਵਤਿਆਂ ਦੀ ਪੂਜਾ ਕਰਨ ਲੱਗੇ ਜਿਨ੍ਹਾਂ ਦੀ ਉਪਾਸਨਾ ਉਹ ਹੋਰ ਲੋਕ ਕਰਦੇ ਸਨ।
37 ਪਰਮੇਸ਼ੁਰ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਮਾਰ ਦਿੱਤਾ
    ਅਤੇ ਉਨ੍ਹਾਂ ਨੂੰ ਸ਼ੈਤਾਨਾ ਨੂੰ ਭੇਟ ਕਰ ਦਿੱਤਾ।
38 ਪਰਮੇਸ਼ੁਰ ਦੇ ਲੋਕਾਂ ਨੇ ਮਾਸੂਮ ਲੋਕਾਂ ਨੂੰ ਮਾਰ ਦਿੱਤਾ।
    ਉਨ੍ਹਾਂ ਨੇ ਆਪਣੇ ਹੀ ਬੱਚਿਆਂ ਨੂੰ ਮਾਰ ਦਿੱਤਾ
    ਅਤੇ ਝੂਠੇ ਦੇਵਤਿਆਂ ਨੂੰ ਉਨ੍ਹਾਂ ਦੀ ਬਲੀ ਚੜ੍ਹਾ ਦਿੱਤੀ।
39 ਇਸ ਲਈ ਪਰਮੇਸ਼ੁਰ ਦੇ ਲੋਕ ਹੋਰਾਂ ਲੋਕਾਂ ਦੇ ਗੁਨਾਹਾ ਨਾਲ ਨਾਪਾਕ ਹੋ ਗਏ।
ਪਰਮੇਸ਼ੁਰ ਦੇ ਲੋਕ ਆਪਣੇ ਪਰਮੇਸ਼ੁਰ ਨਾਲ ਬੇਵਫ਼ਾ ਸਨ।
    ਅਤੇ ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਹੋਰ ਲੋਕੀਂ ਕਰਦੇ ਸਨ।
40 ਪਰਮੇਸ਼ੁਰ ਆਪਣੇ ਲੋਕਾਂ ਉੱਤੇ ਕਹਿਰਵਾਨ ਹੋ ਗਿਆ,
    ਪਰਮੇਸ਼ੁਰ ਉਨ੍ਹਾਂ ਤੋਂ ਤੰਗ ਆ ਚੁੱਕਿਆ ਸੀ।
41 ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ।
    ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
42 ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ
    ਅਤੇ ਉਨ੍ਹਾਂ ਦਾ ਜਿਉਣਾ ਬਹੁਤ ਮੁਸ਼ਕਿਲ ਕਰ ਦਿੱਤਾ।
43 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਅਨੇਕਾਂ ਵਾਰੀ ਬਚਾਇਆ।
    ਪਰ ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ, ਅਤੇ ਮਨ ਭਾਉਂਦੀਆਂ ਗੱਲਾਂ ਕਰਨ ਲੱਗੇ।
    ਪਰਮੇਸ਼ੁਰ ਦੇ ਲੋਕਾਂ ਨੇ ਬਹੁਤ-ਬਹੁਤ ਸਾਰੀਆਂ ਬਦੀਆਂ ਕੀਤੀਆਂ।
44 ਪਰ ਜਦੋਂ ਵੀ ਪਰਮੇਸ਼ੁਰ ਦੇ ਲੋਕ ਮੁਸੀਬਤ ਵਿੱਚ ਸਨ।
ਉਨ੍ਹਾਂ ਨੇ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ।
    ਅਤੇ ਪਰਮੇਸ਼ੁਰ ਨੇ ਹਰ ਵਾਰ ਉਨ੍ਹਾਂ ਦੀ ਪ੍ਰਾਰਥਨਾ ਸੁਣ ਲਈ।
45 ਪਰਮੇਸ਼ੁਰ ਨੇ ਆਪਣਾ ਕਰਾਰ ਹਮੇਸ਼ਾ ਚੇਤੇ ਰੱਖਿਆ।
    ਅਤੇ ਉਸ ਦੇ ਮਹਾਨ ਪਿਆਰ ਵਿੱਚੋਂ ਉਨ੍ਹਾਂ ਨੂੰ ਸਕੂਨ ਪਹੁੰਚਾਇਆ।
46 ਪਰਾਈਆਂ ਕੌਮਾਂ ਨੇ ਉਨ੍ਹਾਂ ਨੂੰ ਕੈਦੀ ਬਣਾ ਲਿਆ।
    ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਲਈ ਦਯਾਵਾਨ ਬਣਾ ਦਿੱਤਾ।
47 ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ।
    ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ
ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ।
    ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।
48 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ।
    ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ।
ਅਤੇ ਸਮੂਹ ਲੋਕਾਂ ਨੇ ਆਖਿਆ, “ਆਮੀਨ!”

ਯਹੋਵਾਹ ਦੀ ਉਸਤਤਿ ਕਰੋ।

ਯੋਏਲ 3:1-2

ਯਹੂਦਾਹ ਦੇ ਵੈਰੀਆਂ ਨੂੰ ਸਜ਼ਾ

“ਹਾਂ ਉਸ ਵਕਤ, ਮੈਂ ਕੈਦੀਆਂ ਨੂੰ ਯਹੂਦਾਹ ਅਤੇ ਯਰੂਸ਼ਲਮ ਨੂੰ ਵਾਪਸ ਭੇਜ ਦਿਆਂਗਾ। ਮੈਂ ਸਾਰੇ ਰਾਜਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਉਤਾਰ ਲਵਾਂਗਾ। ਉੱਥੇ ਮੈਂ ਉਨ੍ਹਾਂ ਦਾ ਨਿਆਂ ਕਰਾਂਗਾ, ਕਿਉਂ ਕਿ ਉਨ੍ਹਾਂ ਰਾਜਾਂ ਨੇ ਮੇਰੇ ਲੋਕਾਂ ਨੂੰ ਖੇਰੂ-ਖੇਰੂ ਕਰ ਦਿੱਤਾ ਭਾਵ ਇਸਰਾਏਲੀਆਂ ਨੂੰ ਬਿਖੈਰ ਦਿੱਤਾ। ਉਨ੍ਹਾਂ ਨੇ ਮੇਰੇ ਲੋਕਾਂ ਨੂੰ ਦੂਜੇ ਰਾਜਾਂ ’ਚ ਰਹਿਣ ਲਈ ਮਜ਼ਬੂਰ ਕੀਤਾ। ਇਸ ਲਈ ਮੈਂ ਉਨ੍ਹਾਂ ਰਾਜਾਂ ਨੂੰ ਦੰਡ ਦੇਵਾਂਗਾ। ਉਨ੍ਹਾਂ ਰਾਜਾਂ ਨੇ ਮੇਰੀ ਧਰਤੀ ਨੂੰ ਵੰਡ ਦਿੱਤਾ।

ਯੋਏਲ 3:9-17

ਜੰਗ ਲਈ ਤਿਆਰੀ

ਕੌਮਾਂ ਵਿੱਚ ਇਹ ਘੋਸ਼ਣਾ ਕਰੋ:
    ਲੜਾਈ ਦੀ ਤਿਆਰੀ ਕਰੋ!
ਸੂਰਮਿਆਂ ਨੂੰ ਜਗਾਓ।
    ਸਾਰੇ ਯੋਧੇ ਨੇੜੇ ਹੋ ਜਾਣ ਉਨ੍ਹਾਂ ਨੂੰ ਉਤਾਂਹ ਆਉਣ ਦੇਵੋ।
10 ਤੁਸੀਂ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਤਲਵਾਰਾਂ ਬਣਾ ਲਵੋ
    ਆਪਣੇ ਫ਼ਾਲਿਆਂ ਨੂੰ ਕੁੱਟ ਕੇ ਨੇਜੇ ਬਣਾ ਲਵੋ।
ਕਮਜ਼ੋਰ ਆਖੇ,
    “ਮੈਂ ਤਕੜਾ ਹਾਂ।”
11 ਸਾਰੀਆਂ ਨੇੜੇ ਦੀਓ ਕੌਮੋ, ਜਲਦੀ ਕਰੋ।
    ਸਾਰੇ ਉਸ ਬਾਵੇਂ ਇਕੱਠੇ ਹੋਵੋ ਹੇ ਯਹੋਵਾਹ!
    ਆਪਣੇ ਸੂਰਬੀਰਾਂ ਨੂੰ ਲਿਆ।
12 ਕੌਮਾਂ ਆਪਣੇ-ਆਪ ਨੂੰ ਜਗਾਉਣ।
    ਸਾਰੀਆਂ ਯਹੋਸ਼ਾਫ਼ਾਟ ਦੀ ਵਾਦੀ ’ਚ ਆਉਣ ਉੱਥੇ ਬੈਠ ਕੇ
ਮੈਂ ਸਾਰੀਆਂ ਆਸ-ਪਾਸ ਦੀਆਂ ਕੌਮਾਂ ਦਾ ਨਿਆਂ ਕਰਾਂਗਾ।
13 ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ ਅੰਗੂਆਂ ਨੂੰ ਮਿੱਧੋ
    ਕਿਉਂ ਕਿ ਚੁਬੱਚਾ ਭਰ ਗਿਆ ਹੈ
ਮਟਕੇ ਭਰ-ਭਰ ਉਛਲ ਰਹੇ ਹਨ
    ਕਿਉਂਕਿ ਬਦੀ ਨਾਲ ਭਰ ਗਏ ਹਨ।

14 ਨਬੇੜੇ ਦੀ ਵਾਦੀ ਵਿੱਚ ਬਹੁਤ ਭੀੜਾਂ ਹਨ
    ਉੱਥੇ ਯਹੋਵਾਹ ਦਾ ਖਾਸ ਦਿਨ ਵੀ ਨੇੜੇ ਹੈ।
15 ਸੂਰਜ ਅਤੇ ਚੰਨ ਹਨੇਰੇ ਹੋ ਜਾਣਗੇ
    ਅਤੇ ਤਾਰਿਆਂ ਦੀ ਲੋਅ ਗੁਆਚ ਜਾਵੇਗੀ।
16 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚੋਂ ਗੱਜੇਗਾ
ਉਹ ਯਰੂਸ਼ਲਮ ਵਿੱਚੋਂ ਪੁਕਾਰੇਗਾ ਤਾਂ ਧਰਤੀ
    ਅਤੇ ਅਕਾਸ਼ ਭੈ ਨਾਲ ਕੰਬੇਗਾ
ਪਰ ਯਹੋਵਾਹ, ਪਰਮੇਸ਼ੁਰ ਆਪਣੀ ਪਰਜਾ ਲਈ ਪਨਾਹ ਹੋਵੇਗਾ।
    ਉਹ ਇਸਰਾਏਲੀਆਂ ਲਈ ਉਨ੍ਹਾਂ ਦੀ ਹਿਫਾਜ਼ਤ ਦੀ ਥਾਂ ਹੋਵੇਗਾ।
17 “ਤਦ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।
    ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵਸਦਾ ਹਾਂ।
ਯਰੂਸ਼ਲਮ ਪਵਿੱਤਰ ਹੋਵੇਗਾ
    ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।”

1 ਪਤਰਸ 1:1-12

ਯਿਸੂ ਮਸੀਹ ਦੇ ਇੱਕ ਰਸੂਲ ਪਤਰਸ ਵੱਲੋਂ, ਸ਼ੁਭਕਾਮਨਾਵਾਂ ਪਰਮੇਸ਼ੁਰ ਦੇ ਉਨ੍ਹਾਂ ਚੁਣੇ ਹੋਏ ਲੋਕਾਂ ਨੂੰ ਜਿਹੜੇ ਆਪਣੇ ਘਰਾਂ ਤੋਂ ਦੂਰ ਹਨ। ਜਿਹੜੇ ਲੋਕ ਪੰਤੁਸ, ਗਲਾਤਿਯਾ, ਕੱਪਦੋਕੀਆ, ਅਸੀਆ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ। ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਕੇ ਚੁਣਨ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ। ਤੁਹਾਨੂੰ ਪਵਿੱਤਰ ਬਨਾਉਣਾ ਆਤਮਾ ਦਾ ਕਾਰਜ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਤੁਸੀਂ ਉਸਦਾ ਹੁਕਮ ਮੰਨੋ ਅਤੇ ਯਿਸੂ ਮਸੀਹ ਦੇ ਲਹੂ ਰਾਹੀਂ ਸ਼ੁੱਧ ਹੋ ਜਾਵੋ।

ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਨਾਲ ਧੰਨ ਹੋਵੋ।

ਜਿਉਂਦੀ ਆਸ

ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਣ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਹ ਨਵੀਂ ਜ਼ਿੰਦਗੀ ਸਾਡੇ ਲਈ ਯਿਸੂ ਮਸੀਹ ਦੇ ਮੌਤ ਤੋਂ ਜਿਵਾਲਣ ਰਾਹੀਂ ਜਿਉਂਦੀ ਆਸ ਲੈ ਕੇ ਆਈ ਹੈ। ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ।

ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ। ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਹੁਣ, ਬਸ ਥੋੜੇ ਹੀ ਸਮੇਂ ਲਈ, ਤੁਹਾਨੂੰ ਉਦਾਸ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੋ ਸੱਕਦੀਆਂ ਹਨ। ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।

ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫ਼ਿਰ ਵੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੁਣ ਵੀ ਤੁਸੀਂ ਉਸ ਨੂੰ ਦੇਖ ਨਹੀਂ ਸੱਕਦੇ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਰੱਖਦੇ ਹੋ। ਤੁਸੀਂ ਇੰਨੇ ਖੁਸ਼ ਹੋ ਜਿਹੜੀ ਬਿਆਨ ਨਹੀਂ ਕੀਤੀ ਜਾ ਸੱਕਦੀ ਅਤੇ ਉਹ ਖੁਸ਼ੀ ਮਹਿਮਾ ਨਾਲ ਭਰੀ ਹੋਈ ਹੈ। ਤੁਹਾਡੀ ਨਿਹਚਾ ਦਾ ਇੱਕ ਟੀਚਾ ਹੈ ਅਤੇ ਤੁਸੀਂ ਉਹ ਟੀਚਾ ਪ੍ਰਾਪਤ ਕਰ ਰਹੇ ਹੋਂ, ਜੋ ਕਿ ਤੁਹਾਡੀ ਮੁਕਤੀ ਹੈ।

10 ਨਬੀਆਂ ਨੇ ਇਸ ਮੁਕਤੀ ਬਾਰੇ ਬੜੇ ਧਿਆਨ ਨਾਲ ਤਲਾਸ਼ ਅਤੇ ਪੁੱਛ ਗਿੱਛ ਕੀਤੀ ਹੈ। ਉਹ ਉਸ ਕਿਰਪਾ ਬਾਰੇ ਬੋਲੇ ਜੋ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਨ ਵਾਲੇ ਸੀ। 11 ਇਨ੍ਹਾਂ ਨਬੀਆਂ ਵਿੱਚ ਮਸੀਹ ਦਾ ਆਤਮਾ ਸੀ। ਆਤਮਾ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਦੁੱਖਾਂ ਬਾਰੇ ਦੱਸਿਆ ਜੋ ਯਿਸੂ ਨੂੰ ਭੋਗਣੇ ਪੈਣਗੇ ਅਤੇ ਉਸ ਮਹਿਮਾ ਬਾਰੇ ਵੀ ਜੋ ਇਨ੍ਹਾਂ ਦੁੱਖਾਂ ਤੋਂ ਬਾਅਦ ਆਵੇਗੀ। ਨਬੀਆਂ ਨੇ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜੋ ਆਤਮਾ ਉਨ੍ਹਾਂ ਨੂੰ ਦਰਸ਼ਾ ਰਿਹਾ ਸੀ, ਯਾਨੀ ਕਿ, ਇਹ ਘਟਨਾਵਾਂ ਕਦੋਂ ਘਟਣਗੀਆਂ ਅਤੇ ਉਸ ਸਮੇਂ ਦੁਨੀਆਂ ਕਿਵੇਂ ਦੀ ਹੋਵੇਗੀ।

12 ਉਨ੍ਹਾਂ ਨਬੀਆਂ ਨੂੰ ਦਰਸ਼ਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਸੇਵਾ ਉਨ੍ਹਾਂ ਦੇ ਆਪਣੇ ਲਈ ਨਹੀਂ ਸੀ ਸਗੋਂ ਉਹ ਤੁਹਾਡੇ ਲਈ ਸੇਵਾ ਕਰ ਰਹੇ ਸਨ। ਇਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਉਹੀ ਗੱਲਾਂ ਕਹੀਆਂ। ਇਹ ਗੱਲਾਂ ਸਵਰਗ ਵੱਲੋਂ ਭੇਜੇ ਪਵਿੱਤਰ ਆਤਮਾ ਰਾਹੀਂ ਦਿੱਤੀਆਂ ਗਈਆਂ ਸਨ। ਦੂਤ ਵੀ ਉਨ੍ਹਾਂ ਗੱਲਾਂ ਬਾਰੇ ਜਾਨਣ ਲਈ ਉਤਸੁਕ ਸਨ ਜੋ ਤੁਹਾਨੂੰ ਦੱਸੀਆਂ ਗਈਆਂ ਹਨ।

ਮੱਤੀ 19:1-12

ਯਿਸੂ ਦੀ ਤਲਾਕ ਬਾਰੇ ਸਿੱਖਿਆ(A)

19 ਜਦੋਂ ਯਿਸੂ ਇਹ ਸਭ ਗੱਲਾਂ ਆਖ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ। ਅਤੇ ਯਰਦਨ ਨਦੀਂ ਤੋਂ ਪਾਰ ਯਹੂਦਿਯਾ ਦੀਆਂ ਹਦਾਂ ਵਿੱਚ ਆ ਗਿਆ। ਬਹੁਤ ਸਾਰੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉੱਥੇ ਉਸ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।

ਕੁਝ ਫ਼ਰੀਸੀ ਉਸ ਨੂੰ ਪਰਤਾਉਣ ਲਈ ਉਸ ਦੇ ਕੋਲ ਆਕੇ ਬੋਲੇ, “ਕੀ ਇਹ ਇੱਕ ਆਦਮੀ ਲਈ ਸ਼ਰ੍ਹਾ ਅਨੁਸਾਰ ਹੈ ਕਿ ਉਹ ਆਪਣੀ ਪਤਨੀ ਨੂੰ ਉਸ ਕਿਸੇ ਵੀ ਕਾਰਣ ਲਈ ਤਲਾਕ ਦੇ ਸੱਕਦਾ ਹੈ ਜੋ ਉਹ ਚਾਹੁੰਦਾ ਹੈ।”

ਯਿਸੂ ਨੇ ਜਵਾਬ ਦਿੱਤਾ, “ਕੀ ਤੁਸੀਂ ਪੋਥੀਆਂ ਵਿੱਚ ਨਹੀਂ ਪੜ੍ਹਿਆ ਕਿ ਆਦਿ ਵਿੱਚ, ‘ਸਿਰਜਣਹਾਰ ਨੇ ਉਨ੍ਹਾਂ ਨੂੰ ਪੁਰੁਸ਼ ਅਤੇ ਇਸਤ੍ਰੀ ਬਣਾਇਆ? [a] ਅਤੇ ਪਰਮੇਸ਼ੁਰ ਨੇ ਕਿਹਾ, ‘ਇਸ ਲਈ ਮਰਦ ਆਪਣੀ ਮਾਂ ਅਤੇ ਬਾਪ ਨੂੰ ਛੱਡ ਕੇ ਆਪਣੀ ਵਹੁਟੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸ਼ਰੀਰ ਹੋਣਗੇ।’ [b] ਇਸ ਲਈ ਉਹ ਹੁਣ ਦੋ ਨਹੀਂ ਹਨ, ਸਗੋਂ ਇੱਕ ਹਨ! ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਸ ਨੂੰ ਮਨੁੱਖ ਅੱਡ ਨਾ ਕਰੇ।”

ਉਨ੍ਹਾਂ ਨੇ ਉਸ ਨੂੰ ਆਖਿਆ, “ਫ਼ੇਰ ਮੂਸਾ ਨੇ ਆਦਮੀ ਨੂੰ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ਹੈ।” [c]

ਯਿਸੂ ਨੇ ਉੱਤਰ ਦਿੱਤਾ, “ਉਸਨੇ ਤੁਹਾਨੂੰ ਤੁਹਾਡੀ ਸਖਤ ਦਿਲੀ ਦੇ ਕਾਰਣ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ। ਪਰ ਮੁਢੋਂ ਇਹ ਇਸ ਤਰ੍ਹਾਂ ਦੀ ਰੀਤ ਨਹੀਂ ਸੀ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਾ ਲੈਂਦਾ ਹੈ ਤਾਂ, ਉਹ ਵਿਭਚਾਰ ਦਾ ਦੋਸ਼ੀ ਹੈ ਕਿਸੇ ਬੰਦੇ ਦਾ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਸਿਰਫ਼ ਇੱਕ ਹੀ ਕਾਰਣ ਹੋ ਸੱਕਦਾ ਹੈ ਉਹ ਇਹ ਕਿ ਉਸਦੀ ਪਤਨੀ ਦੇ ਕਿਸੇ ਦੂਜੇ ਆਦਮੀ ਨਾਲ ਜਿਨਸੀ ਸੰਬੰਧ ਹੋਣ।”

10 ਚੇਲਿਆਂ ਨੇ ਉਸ ਨੂੰ ਕਿਹਾ, “ਜੇਕਰ ਆਦਮੀ ਅਤੇ ਔਰਤ ਦੇ ਵਿੱਚਕਾਰ ਇਹ ਹਾਲਾਤ ਹਨ, ਤਾਂ ਵਿਆਹ ਨਾ ਕਰਾਉਣਾ ਚੰਗਾ ਹੈ।”

11 ਪਰ ਉਸ ਨੇ ਉਨ੍ਹਾਂ ਨੂੰ ਆਖਿਆ, “ਸਭ ਲੋਕ ਇਸ ਨੂੰ ਕਬੂਲ ਨਹੀਂ ਕਰ ਸੱਕਦੇ। ਪਰ ਸਿਰਫ਼ ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਗਿਆ ਦਿੱਤੀ ਹੈ। 12 ਇਸਦੇ ਭਿੰਨ ਕਾਰਣ ਹਨ, ਕਿ ਕੁਝ ਆਦਮੀ ਵਿਆਹ ਕਿਉਂ ਨਹੀਂ ਕਰਾਉਂਦੇ। ਕੁਝ ਮਰਦ ਬੱਚੇ ਪੈਦਾ ਕਰਨ ਦੀ ਯੋਗਤਾ ਤੋਂ ਬਿਨਾ ਪੈਦਾ ਹੁੰਦੇ ਹਨ, ਅਤੇ ਕੁਝ ਅਜਿਹੇ ਨਿਪੁੰਸੱਕ ਬਾਦ ਵਿੱਚ ਜਿੰਦਗੀ ਵਿੱਚ ਲੋਕਾਂ ਵੱਲੋਂ ਕਰ ਦਿੱਤੇ ਜਾਂਦੇ ਹਨ। ਅਤੇ ਕੁਝ ਆਦਮੀ ਵਿਆਹ ਦਾ ਖਿਆਲ ਸਵਰਗ ਦੇ ਰਾਜ ਲਈ ਤਿਆਗ ਦਿੰਦੇ ਹਨ। ਪਰ ਜਿਹੜਾ ਮਨੁੱਖ ਵਿਆਹ ਕਰਾ ਸੱਕਦਾ ਹੈ ਤਾਂ ਉਸ ਨੂੰ ਵਿਆਹ ਬਾਰੇ ਇਹ ਸਿੱਖਿਆ ਸਵੀਕਾਰ ਕਰਨੀ ਚਾਹੀਦੀ ਹੈ।”

Punjabi Bible: Easy-to-Read Version (ERV-PA)

2010 by World Bible Translation Center