Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 93

93 ਯਹੋਵਾਹ ਰਾਜਾ ਹੈ।
    ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
    ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
    ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
    ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
    ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
    ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।

ਜ਼ਬੂਰ 96

96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
    ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
    ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
    ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
    ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
    ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
    ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
ਪਰਿਵਾਰੋ ਅਤੇ ਕੌਮੋ ਉਸਤਤਿ ਦੇ
    ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
    ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
    ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10     ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
    ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
    ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
    ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
    ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।

ਜ਼ਬੂਰ 34

ਦਾਊਦ ਦਾ ਇੱਕ ਗੀਤ ਇਹ ਲਿਖਿਆ ਹੈ, ਜਦੋਂ ਦਾਊਦ ਨੇ ਅਬੀਮਲਕ ਅੱਗੇ ਪਾਗਲ ਵਿਅਕਤੀ ਹੋਣ ਦਾ ਦਿਖਾਵਾ ਕੀਤਾ ਅਤੇ ਉਸ ਨੂੰ ਛੱਡ ਦਿੱਤਾ।

34 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ।
    ਉਸਦੀ ਉਸਤਤਿ ਹਰ ਵੇਲੇ ਮੇਰੇ ਬੁੱਲ੍ਹਾਂ ਉੱਤੇ ਹੈ।
ਨਿਮ੍ਰ ਲੋਕੋ, ਸੁਣੋ ਅਤੇ ਆਨੰਦ ਮਾਣੋ।
    ਮੇਰੀ ਰੂਹ ਯਹੋਵਾਹ ਬਾਰੇ ਮਾਣ ਕਰਦੀ ਹੈ।
ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ।
    ਆਉ ਉਸ ਦੇ ਨਾਂ ਦਾ ਆਦਰ ਕਰੀਏ।
ਮੈਂ ਮਦਦ ਲਈ ਪਰਮੇਸ਼ੁਰ ਵੱਲ ਗਿਆ, ਅਤੇ ਉਸ ਨੇ ਮੇਰੀ ਗੱਲ ਸੁਣੀ।
    ਉਸ ਨੇ ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਚਾਇਆ ਜਿਨ੍ਹਾਂ ਤੋਂ ਮੈਂ ਭੈਭੀਤ ਹਾਂ।
ਮਦਦ ਲਈ, ਪਰਮੇਸ਼ੁਰ ਵੱਲ ਤੱਕੋ।
    ਤੁਸੀਂ ਪ੍ਰਵਾਨ ਹੋਵੋਂਗੇ, ਸ਼ਰਮਸਾਰ ਨਾ ਹੋਵੋ।
ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ।
    ਅਤੇ ਯਹੋਵਾਹ ਨੇ ਮੈਨੂੰ ਸੁਣਿਆ।
    ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ।
    ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
ਯਹੋਵਾਹ ਨੂੰ ਚਖੋ ਅਤੇ ਦੇਖੋ ਉਹ ਕਿੰਨਾ ਚੰਗਾ ਹੈ।
    ਜੋ ਬੰਦਾ ਯਹੋਵਾਹ ਉੱਤੇ ਨਿਰਭਰ ਹੁੰਦਾ ਸੱਚਮੁੱਚ ਖੁਸ਼ ਹੁੰਦਾ ਹੈ।
ਯਹੋਵਾਹ ਦੇ ਪਵਿੱਤਰ ਲੋਕਾਂ ਨੂੰ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ।
    ਪਰਮੇਸ਼ੁਰ ਦੇ ਚੇਲਿਆਂ ਲਈ ਹੋਰ ਸੁਰੱਖਿਆ ਦਾ ਸਥਾਨ ਨਹੀਂ।
10 ਕਮਜ਼ੋਰ ਅਤੇ ਭੁੱਖੇ ਲੋਕ ਤਕੜੇ ਹੋ ਜਾਣਗੇ।
    ਪਰ ਉਹ ਲੋਕ ਜਿਹੜੇ ਮਦਦ ਲਈ ਪਰਮੇਸ਼ੁਰ ਵੱਲ ਜਾਂਦੇ ਹਨ ਹਰ ਚੰਗੀ ਵਸਤੂ ਹਾਸਲ ਕਰਨਗੇ।
11 ਬੱਚਿਉ ਮੇਰੀ ਗੱਲ ਸੁਣੋ।
    ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।
12 ਜੇ ਕੋਈ ਬੰਦਾ ਆਪਣੀ ਜਿੰਦ ਨੂੰ ਪਿਆਰ ਕਰਦਾ ਹੈ
    ਅਤੇ ਚੰਗੀ ਅਤੇ ਲੰਮੀ ਜ਼ਿੰਦਗੀ ਰਹਿਣਾ ਚਾਹੁੰਦਾ ਹੈ।
13 ਤਾਂ ਉਸ ਬੰਦੇ ਨੂੰ ਚਾਹੀਦਾ ਕਿ ਉਹ ਬਿਲਕੁਲ ਵੀ ਮੰਦੀਆਂ ਗੱਲਾਂ ਨਾ ਆਖੇ
    ਅਤੇ ਉਹ ਬੰਦਾ ਬਿਲਕੁਲ ਵੀ ਝੂਠ ਨਾ ਬੋਲੇ।
14 ਮੰਦੇ ਕੰਮ ਕਰਨੇ ਛੱਡੋ। ਨੇਕ ਕੰਮ ਕਰੋ, ਅਮਨ ਵਾਸਤੇ ਕੰਮ ਕਰੋ।
    ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
    ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
    ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।

17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
    ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
    ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
    ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
    ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
    ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
    ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
    ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।

ਅਜ਼ਰਾ 10:1-17

ਲੋਕਾਂ ਨੇ ਆਪਣੇ ਪਾਪ ਨੂੰ ਮੰਨਿਆ

10 ਅਜ਼ਰਾ ਪ੍ਰਾਰਬਨਾ ਕਰ ਰਿਹਾ ਸੀ ਅਤੇ ਨਾਲ ਹੀ ਆਪਣੇ ਕੀਤੇ ਪਾਪਾਂ ਦਾ ਇਕਰਾਰ ਵੀ। ਉਹ ਰੋ-ਰੋ ਕੇ ਪਰਮੇਸ਼ੁਰ ਦੇ ਮੰਦਰ ਦੇ ਅੱਗੇ ਸਿਰ ਨਿਵਾ ਰਿਹਾ ਸੀ। ਜਦੋਂ ਅਜ਼ਰਾ ਇਉਂ ਕਰ ਰਿਹਾ ਸੀ ਤਾਂ ਇੱਕ ਵੱਡਾ ਸਮੂਹ ਇਸਰਾਏਲ ਦੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਉਸ ਦੇ ਗਿਰਦ ਇਕੱਠਾ ਹੋ ਗਿਆ। ਉਹ ਲੋਕ ਵੀ ਧਾਹਾਂ ਮਾਰ ਕੇ ਰੋਣ ਲੱਗੇ। ਤਦ ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, “ਅਸੀਂ ਆਪਣੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਅਤੇ ਸਾਡੀ ਧਰਤੀ ਤੇ ਰਹਿੰਦੀਆਂ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਏ। ਅਜਿਹਾ ਕਰਨ ਤੋਂ ਬਾਅਦ ਵੀ, ਇਸਰਾਏਲ ਲਈ ਉਮੀਦ ਹੈ। ਹੁਣ ਚਲੋ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕਰੀਏ ਅਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਇਬੋਁ ਕੱਢ ਦੇਈਏ। ਸਾਨੂੰ ਅਜ਼ਰਾ ਅਤੇ ਉਨ੍ਹਾਂ ਸਿਆਣੇ ਲੋਕਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਪਰਮੇਸ਼ੁਰ ਦੀ ਬਿਵਸਬਾ ਦਾ ਆਦਰ ਕਰਦੇ ਹਨ। ਇਸ ਤਰ੍ਹਾਂ, ਅਸੀਂ ਵੀ ਪਰਮੇਸ਼ੁਰ ਦੀ ਬਿਵਸਬਾ ਦਾ ਪਾਲਨ ਕਰਾਂਗੇ। ਅਜ਼ਰਾ ਉੱਠ ਕਿਉਂ ਕਿ ਇਹ ਗੱਲ ਤੇਰੇ ਉੱਪਰ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤੂੰ ਬਹਾਦੁਰ ਬਣ ਕੇ ਇਹ ਕੰਮ ਕਰ!”

ਤਾਂ ਅਜ਼ਰਾ ਉੱਠਿਆ ਅਤੇ ਸਾਰੇ ਜਾਜਕਾਂ ਅਤੇ ਲੇਵੀਆਂ ਤੋਂ ਇਕਰਾਰ ਕਰਵਾਇਆ ਕਿ ਅਸੀਂ ਸਾਰੇ ਇਸ ਇਕਰਾਰ ਮੁਤਾਬਕ ਕੰਮ ਕਰਾਂਗੇ। ਤਦ ਅਜ਼ਰਾ ਪਰਮੇਸ਼ੁਰ ਦੇ ਮੰਦਰ ਦੇ ਅੱਗੋਂ ਚੱਲਿਆ ਗਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੇ ਕਮਰੇ ਵਿੱਚ ਚੱਲਿਆ ਗਿਆ। ਉਸ ਨੇ ਯੋਹਾਨਾਨ ਦੇ ਕਮਰੇ ਵਿੱਚ ਰਾਤ ਗੁਜ਼ਾਰੀ। ਉਸ ਨੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਕਿ ਉਹ ਹਾਲੇ ਵੀ ਉਨ੍ਹਾਂ ਇਸਰਾਏਲੀਆਂ ਦੀ ਅਨਾਸਬਾ ਬਾਰੇ ਬੜਾ ਦੁੱਖੀ ਸੀ, ਜੋ ਯਰੂਸ਼ਲਮ ਨੂੰ ਵਾਪਸ ਪਰਤੇ ਸਨ। ਤਦ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਹਰ ਥਾਂ ਤੇ ਇਹ ਪੈਗਾਮ ਭੇਜਿਆ। ਉਸ ਨੇ ਇਸਰਾਏਲੀਆਂ ਲਈ ਇਹ ਐਲਾਨ ਕੀਤਾ ਜਿਹੜੇ ਯਰੂਸ਼ਲਮ ਵਿੱਚ ਇੱਕਤ੍ਰ ਹੋਣ ਲਈ ਕੈਦ ਤੋਂ ਵਾਪਸ ਪਰਤੇ ਸਨ। ਜਿਹੜਾ ਵੀ ਮਨੁੱਖ ਯਰੂਸ਼ਲਮ ਵਿੱਚ ਤਿੰਨਾ ਦਿਨਾਂ ਦੇ ਵਿੱਚ ਨਾ ਪਹੁੰਚਿਆ, ਉਸ ਨੂੰ ਆਪਣੀ ਸਾਰੀ ਦੌਲਤ ਤੋਂ ਹੱਥ ਧੋਣਾ ਪਵੇਗਾ। ਇਹ ਫੈਸਲਾ, ਮਹੱਤਵਪੂਰਣ ਅਧਿਕਾਰੀਆਂ ਅਤੇ ਬਜ਼ੁਰਗਾਂ ਨੇ ਇਕੱਠਿਆਂ ਕੀਤਾ। ਅਤੇ ਉਹ ਵਿਅਕਤੀ ਜਲਾਵਤਨੀਆਂ ਦੀ ਸਭਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।

ਇਸ ਲਈ, ਤਿੰਨਾਂ ਦਿਨਾਂ ਵਿੱਚ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆ ਵਿੱਚੋਂ ਸਾਰੇ ਲੋਕ ਇਕੱਠੇ ਹੋਕੇ ਯਰੂਸ਼ਲਮ ਵਿੱਚ ਪਹੁੰਚ ਗਏ। ਅਤੇ ਨੌਵੇਂ ਮਹੀਨੇ ਦੇ 20 ਵੇਂ ਦਿਨ, ਸਾਰੇ ਮਨੁੱਖ ਪਰਮੇਸ਼ੁਰ ਦੇ ਮੰਦਰ ਦੇ ਵਿਹੜੇ ਵਿੱਚ ਇੱਕਤਰ ਹੋ ਗਏ। ਉਹ ਭਾਰੀ ਬਾਰਿਸ਼ ਅਤੇ ਸਭਾ ਦੇ ਕਾਰਣ ਕੰਬ ਰਹੇ ਸਨ। 10 ਤਦ ਅਜ਼ਰਾ ਜਾਜਕ ਨੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਕੇ ਆਖਿਆ, “ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਅਤੇ ਇਸ ਦੁਆਰਾ, ਤੁਸੀਂ ਇਸਰਾਏਲ ਨੂੰ ਹੋਰ ਵੀ ਵੱਧੇਰੇ ਦੋਸ਼ੀ ਬਣਾ ਦਿੱਤਾ ਹੈ। 11 ਹੁਣ, ਤੁਸੀਂ ਲੋਕ ਪਰਮੇਸ਼ੁਰ ਅੱਗੇ ਕਬੂਲ ਕਰੋ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਤੁਹਾਨੂੰ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਦੁਆਲੇ ਦੇ ਮੰਦੇ ਲੋਕਾਂ ਤੋਂ ਅਤੇ ਵਿਦੇਸ਼ੀ ਔਰਤਾਂ ਤੋਂ ਵੀ ਆਪਣੇ-ਆਪ ਨੂੰ ਵੱਖ ਕਰ ਲਵੋ।”

12 ਤਦ ਉਹ ਸਾਰਾ ਸਮੂਹ ਨੇ ਜਿਹੜਾ ਇੱਕਤਰ ਹੋਇਆ ਸੀ, ਅਜ਼ਰਾ ਨੂੰ ਉੱਚੀ ਆਵਾਜ਼ ਵਿੱਚ ਕਿਹਾ, “ਅਜ਼ਰਾ, ਜਿਵੇਂ ਤੂੰ ਕਿਹਾ ਸਾਨੂੰ ਉਵੇਂ ਹੀ ਕਰਨਾ ਚਾਹੀਦਾ ਹੈ। 13 ਲੇਕਿਨ ਢੇਰ ਸਾਰੀ ਪਰਜਾ ਹੈ ਅਤੇ ਇਹ ਬਾਰਸ਼ ਦਾ ਮੌਸਮ ਹੈ ਇਸ ਲਈ ਅਸੀਂ ਬਾਹਰ ਵੀ ਨਹੀਂ ਠਹਿਰ ਸੱਕਦੇ। ਇਹ ਸਮੱਸਿਆ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਨਹੀਂ ਕਿਉਂ ਕਿ ਅਸੀਂ ਬਹੁਤ ਮਾੜੇ ਕੰਮ ਕੀਤੇ ਹਨ। 14 ਸਾਡੇ ਆਗੂਆਂ ਨੂੰ ਸਾਰੀ ਸਭਾ ਦੇ ਪ੍ਰਤਿਨਿਧੀ ਹੋਣ ਦਿਓ। ਅਤੇ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਹਨ। ਉਹ ਨਿਸ਼ਚਿੰਤ ਕੀਤੇ ਸਮੇਂ ਤੇ ਆਗੂਆਂ ਅਤੇ ਨਿਆਕਾਰਾਂ ਦੇ ਨਾਲ ਆਉਣ ਜਦ ਤੱਕ ਅਸੀਂ ਇਹ ਸਮੱਸਿਆ ੱਸੁਧਾਰ ਕੇ ਪਰਮੇਸ਼ੁਰ ਦੇ ਗੁੱਸੇ ਨੂੰ ਘਟਨਾਂ ਦੇਈਏ।”

15 ਸਿਰਫ ਕੁਝ ਮਨੁੱਖ ਹੀ ਇਸ ਵਿਉਂਤ ਦੇ ਵਿਰੁੱਧ ਹਨ। ਉਨ੍ਹਾਂ ਵਿੱਚ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ। ਮੱਸ਼ਲਾਮ ਅਤੇ ਸ਼ਬਤਈ ਲੇਵੀ ਵੀ ਇਸ ਵਿਉਂਤ ਦੇ ਵਿਰੁੁੱਧ ਸਨ।

16 ਇਉਂ ਜਿਹੜੇ ਇਸਰਾਏਲ ਮਨੁੱਖ ਯਰੂਸ਼ਲਮ ਦੇ ਪਰਤੇ ਉਹ ਇਸ ਵਿਉਤ ਨੂੰ ਮੰਨਣ ਦੇ ਰਾਜ਼ੀ ਹੋ ਗਏ। ਅਜ਼ਰਾ ਜਾਜਕ ਨੇ ਘਰਾਣਿਆ ਦੇ ਆਗੂਆਂ ਨੂੰ ਚੁਣਿਆ। ਉਸ ਨੇ ਹਰੇਕ ਘਰਾਣੇ ਵਿੱਚੋਂ ਇੱਕ ਮਨੁੱਖ ਨੂੰ ਚੁਣਿਆ। ਹਰ ਮਨੁੱਖ ਨਾਮ ਤੋਂ ਚੁਣਿਆ ਗਿਆ। 10 ਵੇਂ ਮਹੀਨੇ ਦੇ ਪਹਿਲੇ ਦਿਨ ਫਿਰ ਉਹ ਮਨੁੱਖ ਜਿਹੜੇ ਕਿ ਚੁਣੇ ਗਏ ਸਨ ਹਰੇਕ ਦਾ ਖਾਤਾ ਵਾਚਣ ਲਈ ਬੈਠੇ ਜੋ ਉਨ੍ਹਾਂ ਦਾ ਧਿਆਨ ਨਾਲ ਪੱਤਰਾ ਵਾਚਿਆ ਜਾਵੇ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਉਹ ਸਾਰੇ ਮਨੁੱਖਾਂ ਦਾ ਲੈਣ-ਦੇਣ ਕਰ ਲਿਆ ਸੀ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ।

ਰਸੂਲਾਂ ਦੇ ਕਰਤੱਬ 24:10-21

ਫ਼ੇਲਿਕੁਸ ਅੱਗੇ ਪੌਲੁਸ ਆਪਣੇ ਆਪ ਨੂੰ ਬਚਾਉਂਦਾ

10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ। 11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸੱਕਦੇ ਹੋ ਕਿ ਇਹ ਗੱਲ ਸੱਚ ਹੈ। 12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ। 13 ਇਹ ਜੋ ਹੁਣ ਮੇਰੇ ਸਿਰ ਦੋਸ਼ ਮੜ੍ਹ ਰਹੇ ਹਨ, ਇਹ ਸਾਬਿਤ ਨਹੀਂ ਕਰ ਸੱਕਦੇ।

14 “ਪਰ ਮੈਂ ਤੁਹਾਡੇ ਸਾਹਮਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ। 15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰੱਖਦਾ ਹਾਂ ਜਿਸਦੀ ਇਹ ਖੁਦ ਰੱਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉੱਠਣਾ ਹੋਵੇਗਾ। 16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ।

17 “ਬਹੁਤ ਸਾਲ ਮੈਂ ਇੱਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇੱਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ। 18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ। 19 ਪਰ ਉੱਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇੱਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉੱਥੇ ਮੌਜ਼ੂਦ ਸਨ। 20 ਇਨ੍ਹਾਂ ਯਹੂਦੀਆਂ ਨੂੰ ਇੱਥੇ ਪੁੱਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ? 21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸੱਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਆਂ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਜੀ ਉੱਠਣਾ ਹੋਵੇਗਾ।’”

ਲੂਕਾ 14:12-24

ਤੁਹਾਨੂੰ ਇਨਾਮ ਦਿੱਤਾ ਜਾਵੇਗਾ

12 ਤਾਂ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, ਜਿਸਨੇ ਉਸ ਨੂੰ ਸੱਦਾ ਦਿੱਤਾ ਸੀ, “ਜਦੋਂ ਤੂੰ ਦੁਪਿਹਰ ਜਾਂ ਰਾਤ ਦੇ ਭੋਜਨ ਲਈ ਲੋਕਾਂ ਨੂੰ ਨਿਉਂਤਾ ਦੇਵੇ ਤਾਂ ਸਿਰਫ਼ ਆਪਣੇ ਮਿੱਤਰਾਂ, ਭਰਾਵਾਂ, ਰਿਸ਼ਤੇਦਾਰਾਂ ਅਤੇ ਧਨਵਾਨ ਗੁਆਂਢੀਆਂ ਨੂੰ ਹੀ ਸੱਦਾ ਨਾ ਦੇਵੀ। ਜੇ ਤੂੰ ਉਨ੍ਹਾਂ ਨੂੰ ਨਿਉਂਤਾ ਦਿੰਦਾ ਹੈਂ ਤਾਂ, ਉਹ ਵੀ ਤੈਨੂੰ ਸੱਦਾ ਦੇਣਗੇ ਅਤੇ ਤੂੰ ਆਪਣਾ ਇਨਾਮ ਪ੍ਰਾਪਤ ਕਰ ਲਵੇਂਗਾ। 13 ਇਸ ਦੀ ਬਜਾਇ, ਜਦੋਂ ਵੀ ਤੂੰ ਦਾਵਤ ਦੇਵੇਂ ਤਾਂ ਗਰੀਬਾਂ, ਲੰਗੜਿਆਂ, ਟੁੰਡਿਆਂ, ਅਤੇ ਅੰਨ੍ਹਿਆਂ ਲੋਕਾਂ ਨੂੰ ਨਿਉਂਤਾ ਦੇ। 14 ਤਾਂ ਤੇਰੇ ਤੇ ਕਿਰਪਾ ਹੋਵੇਗੀ, ਕਿਉਂਕਿ ਇਨ੍ਹਾਂ ਲੋਕਾਂ ਕੋਲ ਤੈਨੂੰ ਬਦਲੇ ਵਿੱਚ ਵਾਪਸ ਦੇਣ ਲਈ ਕੁਝ ਨਹੀਂ ਹੋਵੇਗਾ। ਤਾਂ ਜਦੋਂ ਧਰਮੀ ਲੋਕ ਮੁਰਦਿਆਂ ਵਿੱਚੋਂ ਜੀਅ ਉੱਠਣਗੇ ਤਦ, ਤੈਨੂੰ ਤੇਰਾ ਫ਼ਲ ਦਿੱਤਾ ਜਾਵੇਗਾ।”

ਵੱਡੇ ਭੋਜਨ ਬਾਰੇ ਇੱਕ ਦ੍ਰਿਸ਼ਟਾਂਤ(A)

15 ਯਿਸੂ ਨਾਲ ਮੇਜ ਤੇ ਬੈਠਾ ਇੱਕ ਆਦਮੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ। ਤਾਂ ਉਸ ਆਦਮੀ ਨੇ ਯਿਸੂ ਨੂੰ ਕਿਹਾ, “ਧੰਨ ਹੋਵੇਗਾ ਉਹ ਮਨੁੱਖ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਵੇਗਾ।”

16 ਯਿਸੂ ਨੇ ਉਸ ਨੂੰ ਆਖਿਆ, “ਇੱਕ ਵਾਰ ਇੱਕ ਆਦਮੀ ਨੇ ਇੱਕ ਬਹੁਤ ਵੱਡੀ ਦਾਅਵਤ ਦਿੱਤੀ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਨਿਉਂਤਾ ਦਿੱਤਾ। 17 ਜਦੋਂ ਖਾਣ ਦਾ ਵੇਲਾ ਹੋਇਆ ਉਸ ਆਦਮੀ ਨੇ ਆਪਣੇ ਨੌਕਰ ਨੂੰ ਮਹਿਮਾਨਾਂ ਨੂੰ ਬੁਲਾਉਣ ਲਈ ਅਤੇ ਇਹ ਆਖਣ ਲਈ ਭੇਜਿਆ, ‘ਆ ਜਾਵੋ! ਖਾਣਾ ਤਿਆਰ ਹੈ।’ 18 ਪਰ ਸਾਰੇ ਮਹਿਮਾਨਾਂ ਨੇ ਆਖਿਆ ਕਿ ਉਹ ਨਹੀਂ ਆ ਸੱਕਦੇ। ਹਰ ਇੱਕ ਆਦਮੀ ਨੇ ਕੋਈ ਨਾ ਕੋਈ ਬਹਾਨਾ ਲਗਾ ਦਿੱਤਾ। ਪਹਿਲੇ ਆਦਮੀ ਨੇ ਕਿਹਾ, ‘ਮੈਂ ਹੁਣੇ-ਹੁਣੇ ਜ਼ਮੀਨ ਖਰੀਦੀ ਹੈ ਤੇ ਮੈਂ ਉਹ ਜਾਕੇ ਵੇਖਣੀ ਹੈ। ਇਸ ਲਈ ਕਿਰਪਾ ਕਰਕੇ ਮੈਨੂੰ ਖਿਮਾ ਕਰਨਾ।’ 19 ਦੂਜੇ ਮਨੁੱਖ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਹੁਣੇ-ਹੁਣੇ ਖਰੀਦੀਆਂ ਹਨ, ਅਤੇ ਮੈਂ ਹੁਣ ਉਨ੍ਹਾਂ ਨੂੰ ਦੇਖਣ ਜਾ ਰਿਹਾ ਹਾਂ ਕਿ ਉਹ ਕਿਵੇ ਕੰਮ ਕਰਦੇ ਹਨ, ਇਸ ਲਈ ਮੈਨੂੰ ਖਿਮਾ ਕਰੋ।’ 20 ਤੀਜੇ ਮਨੁੱਖ ਨੇ ਕਿਹਾ, ‘ਮੇਰਾ ਹੁਣੇ-ਹੁਣੇ ਵਿਆਹ ਹੋਇਆ ਹੈ, ਮੈਂ ਨਹੀਂ ਆ ਸੱਕਦਾ।’

21 “ਇਉਂ ਨੌਕਰ ਇਹ ਸਭ ਸੁਣਦਾ ਮਾਲਕ ਕੋਲ ਵਾਪਸ ਪਰਤਿਆ ਤੇ ਸਾਰਾ ਹਾਲ ਜਾ ਸੁਣਾਇਆ। ਤਾਂ ਮਾਲਕ ਬੜਾ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ‘ਜਲਦੀ ਕਰੋ! ਸ਼ਹਿਰ ਦੀਆਂ ਗਲੀਆਂ ਵਿੱਚ, ਅਤੇ ਰਾਹਾਂ ਤੇ ਜਾਓ ਅਤੇ ਗਰੀਬਾਂ, ਟੁੰਡਿਆਂ, ਲੰਗਿਆਂ ਅਤੇ ਅੰਨ੍ਹਿਆਂ ਨੂੰ ਇੱਥੇ ਦਾਵਤ ਵਾਲੇ ਕਮਰੇ ਅੰਦਰ ਲੈ ਆਓ।’

22 “ਬਾਦ ਵਿੱਚ ਨੌਕਰ ਨੇ ਆਕੇ ਕਿਹਾ, ‘ਮਾਲਕ ਤੂੰ ਮੈਨੂੰ ਜੋ ਕਰਨ ਲਈ ਕਿਹਾ ਮੈਂ ਓਹੀ ਕੀਤਾ, ਹੋਰ ਲੋਕਾਂ ਲਈ ਹਾਲੇ ਵੀ ਬਹੁਤ ਥਾਂ ਖਾਲੀ ਪਈ ਹੈ।’ 23 ਮਾਲਕ ਨੇ ਨੌਕਰ ਨੂੰ ਕਿਹਾ, ‘ਵੱਡੀਆਂ ਸੜਕਾਂ ਅਤੇ ਨਗਰਾਂ ਵੱਲ ਜਾ ਅਤੇ ਉਨ੍ਹਾਂ ਲੋਕਾਂ ਨੂੰ ਆਉਣ ਲਈ ਮਜਬੂਰ ਕਰ। ਮੈਂ ਆਪਣੇ ਘਰ ਨੂੰ ਲੋਕਾਂ ਨਾਲ ਭਰਿਆ ਵੇਖਣਾ ਚਾਹੁੰਦਾ ਹਾਂ। 24 ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਨਿਉਂਤਾ ਦਿੱਤਾ ਗਿਆ ਸੀ। ਉਹ ਮੇਰਾ ਰਾਤ ਦਾ ਭੋਜਨ ਕਦੇ ਨਹੀਂ ਕਰਨਗੇ।’”

Punjabi Bible: Easy-to-Read Version (ERV-PA)

2010 by World Bible Translation Center