Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 31

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

31 ਯਹੋਵਾਹ, ਮੈਂ ਤੁਸਾਂ ਉੱਤੇ ਨਿਰਭਰ ਹਾਂ।
    ਮੈਨੂੰ ਨਿਰਾਸ਼ ਨਾ ਕਰੋ।
    ਮੇਰੇ ਉੱਪਰ ਮਿਹਰਬਾਨ ਹੋਵੋ ਅਤੇ ਮੈਨੂੰ ਬਚਾ ਲਵੋ।
    ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਨੂੰ ਸੁਣੋ।
    ਛੇਤੀ ਆਉ ਅਤੇ ਮੈਨੂੰ ਬਚਾਉ।
ਮੇਰੀ ਚੱਟਾਨ ਹੋਵੋ, ਮੇਰਾ ਸੁਰੱਖਿਅਤ ਸਥਾਨ ਹੋਵੋ।
    ਮੇਰਾ ਕਿਲ੍ਹਾ ਹੋਵੋ ਮੇਰੀ ਰੱਖਿਆ ਕਰੋ।
ਹੇ ਪਰਮੇਸ਼ੁਰ, ਤੁਸੀਂ ਮੇਰੀ ਚੱਟਾਨ ਹੋ,
    ਇਸੇ ਲਈ ਆਪਣੇ ਨਾਂ ਦੇ ਚੰਗੇ ਵਾਸਤੇ, ਮੇਰੇ ਆਗੂ ਬਣੋ ਅਤੇ ਮੇਰੀ ਅਗਵਾਈ ਕਰੋ।
ਮੇਰੇ ਦੁਸ਼ਮਣਾਂ ਮੇਰੇ ਲਈ ਜਾਲ ਵਿਛਾਇਆ ਹੈ।
    ਮੈਨੂੰ ਉਨ੍ਹਾਂ ਦੇ ਜਾਲ ਤੋਂ ਬਚਾਉ।
    ਤੁਸੀਂ ਹੀ ਮੇਰਾ ਸੁਰੱਖਿਅਤ ਸਥਾਨ ਹੋ।
ਯਹੋਵਾਹ, ਤੁਸੀਂ ਹੀ ਪਰਮੇਸ਼ੁਰ ਹੋ ਜਿਸਤੇ ਸਾਨੂੰ ਭਰੋਸਾ ਹੈ।
    ਮੈਂ ਤੁਹਾਡੇ ਹੱਥਾਂ ਵਿੱਚ ਆਪਣੀ ਜਿੰਦ ਸੌਂਪਦਾ ਹਾਂ।
    ਮੈਨੂੰ ਬਚਾਉ।
ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਹਨ।
    ਮੈਂ ਸਿਰਫ਼ ਯਹੋਵਾਹ ਵਿੱਚ ਹੀ ਯਕੀਨ ਰੱਖਦਾ ਹਾਂ।
ਹੇ ਪਰਮੇਸ਼ੁਰ, ਤੁਹਾਡੀ ਮਿਹਰਬਾਨੀ ਸਦਕਾ ਮੈਂ ਬਹੁਤ ਪ੍ਰਸੰਨ ਹਾਂ।
    ਤੁਸੀਂ ਮੇਰੀ ਬਿਪਤਾ ਦੇਖੀ ਹੈ।
    ਤੁਸੀਂ ਮੇਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ।
ਤੁਸੀਂ ਮੈਨੂੰ ਦੁਸ਼ਮਣਾਂ ਨੂੰ ਨਹੀਂ ਫ਼ੜਨ ਦੇਵੋਂਗੇ।
    ਤੁਸੀਂ ਮੈਨੂੰ ਉਨ੍ਹਾਂ ਦੇ ਜਾਲਾਂ ਤੋਂ ਮੁਕਤ ਕਰੋਂਗੇ।
ਯਹੋਵਾਹ, ਮੈਂ ਵੱਡੇ ਸੰਕਟਾਂ ਵਿੱਚ ਪਿਆ ਹਾਂ।
    ਇਸ ਲਈ ਮੇਰੇ ਉੱਤੇ ਮਿਹਰਬਾਨ ਹੋਵੋ।
    ਕਿਉਂਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੀਆਂ ਅੱਖਾਂ ਵੀ, ਗਲਾ ਅਤੇ ਮਿਹਦਾ ਵੀ ਦੁੱਖ ਰਹੇ ਹਨ।
10 ਮੇਰੀ ਜਿੰਦ ਉਦਾਸੀ ਅੰਦਰ ਬੀਤ ਰਹੀ ਹੈ।
    ਆਹਾਂ ਵਿੱਚ, ਮੇਰੇ ਸਾਲ ਬੀਤਦੇ ਜਾ ਰਹੇ ਹਨ।
ਮੇਰੀਆਂ ਮੁਸੀਬਤਾਂ ਮੈਨੂੰ ਕਮਜ਼ੋਰ ਬਣਾ ਰਹੀਆਂ ਹਨ।
    ਮੇਰੀ ਸ਼ਕਤੀ ਮੈਨੂੰ ਜਵਾਬ ਦੇ ਰਹੀ ਹੈ।
11 ਮੇਰੇ ਦੁਸ਼ਮਣ ਮੈਨੂੰ ਨਫ਼ਰਤ ਕਰਦੇ ਹਨ
    ਅਤੇ ਮੇਰੇ ਸਾਰੇ ਗੁਆਂਢੀ ਵੀ ਮੈਨੂੰ ਨਫ਼ਰਤ ਕਰਦੇ ਹਨ।
ਮੇਰੇ ਸਾਰੇ ਰਿਸ਼ਤੇਦਾਰ ਰਾਹਾਂ ਵਿੱਚ ਮੇਰੇ ਵੱਲ ਤੱਕਦੇ ਹਨ।
    ਉਹ ਮੇਰੇ ਪਾਸੋਂ ਡਰਦੇ ਹਨ
    ਅਤੇ ਮੈਥੋਂ ਬਚਦੇ ਫ਼ਿਰਦੇ ਹਨ।
12 ਲੋਕ ਮੈਨੂੰ ਗੁਆਚੇ ਹੋਏ ਸੰਦ ਵਾਂਗ
    ਮੁਕੰਮਲ ਤੌਰ ਤੇ ਭੁੱਲ ਗਏ ਹਨ।
13 ਮੈਂ ਟਿਪਣੀਆਂ ਸੁਣਦਾ ਹਾਂ, ਜਿਹੜੀਆਂ ਲੋਕ ਮੇਰੇ ਬਾਰੇ ਆਖਦੇ ਹਨ।
    ਉਹ ਲੋਕੀਂ ਮੇਰੇ ਖਿਲਾਫ਼ ਹੋ ਗਏ ਹਨ ਅਤੇ ਮੈਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਹਨ।

14 ਹੇ ਯਹੋਵਾਹ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ।
    ਤੁਸੀਂ ਮੇਰੇ ਪਰਮੇਸ਼ੁਰ ਹੋ।
15 ਮੇਰੀ ਜਿੰਦ ਤੁਹਾਡੇ ਹੱਥਾਂ ਵਿੱਚ ਹੈ।
    ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਉ।
    ਕੁਝ ਲੋਕੀਂ ਮੇਰਾ ਪਿੱਛਾ ਕਰ ਰਹੇ ਹਨ। ਮੈਨੂੰ ਉਨ੍ਹਾਂ ਤੋਂ ਬਚਾਉ।
16 ਕਿਰਪਾ ਕਰਕੇ ਜੀ ਆਇਆਂ ਨੂੰ ਆਖੋ ਅਤੇ ਆਪਣੇ ਸੇਵਕ ਨੂੰ ਪ੍ਰਵਾਨ ਕਰੋ।
    ਮੇਰੇ ਉੱਤੇ ਮਿਹਰਬਾਨ ਹੋਵੋ ਅਤੇ ਮੈਨੂੰ ਬਚਾਉ।
17 ਹੇ ਯਹੋਵਾਹ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
    ਇਸ ਲਈ ਮੈਂ ਨਿਰਾਸ਼ ਨਹੀਂ ਹੋਵਾਂਗਾ,
ਪਰ ਬੁਰੇ ਲੋਕ ਨਿਰਾਸ਼ ਹੋਣਗੇ।
    ਉਹ ਕਬਰ ਵਿੱਚ ਖਾਮੋਸ਼ ਹੋਣਗੇ।
18 ਉਹ ਮੰਦੇ ਲੋਕ ਬਹੁਤ ਗੁਮਾਨੀ ਹਨ।
    ਉਹ ਆਪਣੇ ਬਾਰੇ ਸ੍ਵੈਂ-ਪ੍ਰਸ਼ੰਸਾ ਕਰਦੇ ਹਨ
ਅਤੇ ਚੰਗੇ ਲੋਕਾਂ ਬਾਰੇ ਝੂਠ ਦੱਸਦੇ ਹਨ।
    ਪਰ ਉਨ੍ਹਾਂ ਦੇ ਝੂਠ ਬੋਲਣ ਵਾਲੇ ਬੁਲ੍ਹ ਖਾਮੋਸ਼ ਹੋ ਜਾਣਗੇ।

19 ਹੇ ਪਰਮੇਸ਼ੁਰ, ਤੁਸੀਂ ਆਪਣੇ ਚੇਲਿਆਂ ਲਈ ਅਨੇਕ ਅਦਭੁਤ ਚੀਜ਼ਾਂ ਛੁਪਾਕੇ ਰੱਖੀਆਂ ਹਨ।
    ਉਨ੍ਹਾਂ ਸਮੂਹ ਲੋਕਾਂ ਦੇ ਸਾਹਮਣੇ ਚੰਗੀਆਂ ਗੱਲਾਂ ਕਰੋ ਜਿਹੜੇ ਤੁਹਾਡੇ ਵਿੱਚ ਯਕੀਨ ਰੱਖਦੇ ਹਨ।
20 ਮੰਦੇ ਲੋਕੀਂ ਚੰਗੇ ਲੋਕਾਂ ਨੂੰ ਦੁੱਖ ਦੇਣ ਲਈ ਇਕੱਠੇ ਹੋ ਗਏ ਹਨ।
    ਉਹ ਮੰਦੇ ਲੋਕੀਂ ਲੜਾਈ ਛੇੜਨ ਦੀ ਕੋਸ਼ਿਸ਼ ਕਰਦੇ ਹਨ।
ਪਰ ਤੁਸੀਂ ਉਨ੍ਹਾਂ ਚੰਗੇ ਲੋਕਾਂ ਨੂੰ ਲੁੱਟ ਲੈਂਦੇ ਹੋ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹੋ।
    ਤੁਸੀਂ ਆਪਣੀ ਸ਼ਰਣ ਹੇਠਾਂ ਉਨ੍ਹਾਂ ਦੀ ਰੱਖਿਆ ਕਰੋ।
21 ਯਹੋਵਾਹ ਨੂੰ ਅਸੀਸ ਦਿਉ।
ਉਸ ਨੇ ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਇਆ ਸੀ।
    ਜਦੋਂ ਦੁਸ਼ਮਣਾਂ ਨੇ ਨਿਰਾਲੇ ਢੰਗ ਨਾਲ ਸ਼ਹਿਰ ਨੂੰ ਘੇਰਾ ਘਤਿਆ ਸੀ।
22 ਮੈਂ ਡਰਦਾ ਸਾਂ ਅਤੇ ਮੈਂ ਆਖਿਆ, “ਮੈਂ ਉਸ ਥਾਵੇਂ ਹਾਂ ਜਿੱਥੇ ਪਰਮੇਸ਼ੁਰ ਮੈਨੂੰ ਨਹੀਂ ਦੇਖ ਸੱਕਦਾ।”
    ਪਰ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ੁਰ, ਅਤੇ ਤੁਸੀਂ ਮਦਦ ਲਈ ਮੇਰੀ ਉੱਚੀ ਪੁਕਾਰ ਸੁਣ ਲਈ।

23 ਪਰਮੇਸ਼ੁਰ ਦੇ ਚੇਲਿਉ, ਤੁਹਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ।
    ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਦੇ ਵਫ਼ਾਦਾਰ ਹਨ।
ਪਰ ਉਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜੋ ਆਪਣੀ ਹੀ ਤਾਕਤ ਬਾਰੇ ਸ਼ੇਖੀ ਮਾਰਦੇ ਹਨ।
    ਉਹ ਉਨ੍ਹਾਂ ਨੂੰ ਢੁਕਵਾਂ ਦੰਡ ਦਿੰਦਾ ਹੈ।
24 ਤੁਸੀਂ ਸਾਰੇ ਜਿਹੜੇ ਪਰਮੇਸ਼ੁਰ ਦੀ ਮਦਦ ਲਈ ਇੰਤਜ਼ਾਰ ਕਰ ਰਹੇ ਹੋਂ, ਤਕੜੇ ਅਤੇ ਬਹਾਦੁਰ ਬਣੋ।

ਜ਼ਬੂਰ 35

ਦਾਊਦ ਦਾ ਇੱਕ ਗੀਤ।

35 ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖਿਲਾਫ਼ ਲੜੋ।
    ਮੇਰੇ ਯੁੱਧ ਲੜੋ।
ਹੇ ਯਹੋਵਾਹ, ਆਪਣੀ ਢਾਲ ਅਤੇ ਫ਼ਰੀ ਚੁੱਕ ਲਵੋ।
    ਉੱਠੋ ਅਤੇ ਮੇਰੀ ਮਦਦ ਕਰੋ।
ਆਪਣਾ ਨੇਜਾ ਅਤੇ ਬਰਛਾ ਚੁੱਕ
    ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜੋ ਜੋ ਮੇਰਾ ਪਿੱਛਾ ਕਰ ਰਹੇ ਹਨ।
ਯਹੋਵਾਹ, ਮੇਰੀ ਰੂਹ ਨੂੰ ਆਖੋ, “ਮੈਂ ਤੈਨੂੰ ਬਚਵਾਂਗਾ।”

ਉਹ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ
    ਨਿਰਾਸ਼ ਅਤੇ ਸ਼ਰਮਸਾਰ ਹੋਣ।
ਉਹ ਜਿਹੜੇ ਮੈਨੂੰ ਸੱਟ ਮਾਰਨ ਦੀ ਸਾਜਿਸ਼ ਕਰਦੇ ਹਨ,
    ਹਾਰ ਜਾਣ ਅਤੇ ਸ਼ਰਮਸਾਰ ਹੋਣ।
ਉਨ੍ਹਾਂ ਨੂੰ ਉਸ ਤੂੜੀ ਵਾਂਗ ਬਣਾ ਦਿਉ।
    ਜਿਹੜੀ ਹਵਾ ਦੁਆਰਾ ਉੱਡ ਜਾਂਦੀ ਹੈ।
    ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
ਯਹੋਵਾਹ, ਉਨ੍ਹਾਂ ਦੇ ਰਾਹਾਂ ਨੂੰ ਹਨੇਰਮਈ ਅਤੇ ਤਿਲਕਣਾ ਬਣਾ ਦਿਉ।
    ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
ਮੈਂ ਕੋਈ ਗਲਤ ਕੰਮ ਨਹੀਂ ਕੀਤਾ।
ਪਰ ਉਨ੍ਹਾਂ ਲੋਕਾਂ ਨੇ ਮੈਨੂੰ ਫ਼ੜਨ ਦੀ ਕੋਸ਼ਿਸ਼ ਕੀਤੀ।
    ਉਨ੍ਹਾਂ ਨੇ ਮੈਨੂੰ ਅਕਾਰਣ ਹੀ ਫ਼ਸਾਉਣ ਦੀ ਕੋਸ਼ਿਸ਼ ਕੀਤੀ।
ਇਸ ਲਈ ਯਹੋਵਾਹ, ਉਨ੍ਹਾਂ ਨੂੰ ਆਪਣੀਆਂ ਚਾਲਾਂ ਵਿੱਚ ਫ਼ਸਣ ਦਿਉ,
    ਉਨ੍ਹਾਂ ਨੂੰ ਆਪਣੇ ਹੀ ਜਾਲਾਂ ਵਿੱਚ ਡਿੱਗਣ ਦਿਉ।
    ਕੋਈ ਅਣਪਛਾਣਿਆ ਖਤਰਾ ਉਨ੍ਹਾਂ ਨੂੰ ਫ਼ੜ ਲਵੇ।
ਫ਼ੇਰ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ।
    ਮੈਂ ਖੁਸ਼ ਹੋਵਾਂਗਾ ਜਦੋਂ ਉਸ ਨੇ ਮੈਨੂੰ ਬਚਾਉਂਦਾ ਹੈ।
10 ਫ਼ੇਰ ਮੇਰੀ ਪੂਰੀ ਹਸਤੀ ਆਖੇਗੀ;
    “ਯਹੋਵਾਹ, ਤੁਹਾਡੇ ਜਿਹਾ ਕੋਈ ਨਹੀਂ।
ਤੁਸੀਂ ਗਰੀਬ ਲੋਕਾਂ ਨੂੰ ਉਨ੍ਹਾਂ ਤੋਂ ਬਚਾਉਂਦੇ ਹੋ ਜੋ ਡਾਢੇ ਹਨ।
    ਤੁਸੀਂ ਡਾਢਿਆਂ ਕੋਲੋਂ ਚੀਜ਼ਾਂ ਖੋਹ ਕੇ ਉਹ ਚੀਜ਼ਾਂ ਤੁਸੀਂ ਗਰੀਬ ਅਤੇ ਲਾਚਾਰਾਂ ਨੂੰ ਦਿੰਦੇ ਹੋ।”
11 ਗਵਾਹਾਂ ਦੀ ਇੱਕ ਟੋਲੀ ਮੈਨੂੰ ਨੁਕਸਾਨ ਪਹੁੰਚਾਣ ਲਈ ਵਿਉਂਤਾਂ ਘੜ ਰਹੀ ਹੈ,
    ਉਹ ਲੋਕ ਮੇਰੇ ਪਾਸੋਂ ਐਸੇ ਸਵਾਲ ਪੁੱਛਣਗੇ ਜਿਨ੍ਹਾਂ ਦਾ ਮੈਂ ਕੋਈ ਜਵਾਬ ਨਹੀਂ ਜਾਣਦਾ।
12 ਮੈਂ ਤਾਂ ਸਿਰਫ਼ ਚੰਗੇ ਕੰਮ ਕੀਤੇ ਹਨ।
ਪਰ ਉਹ ਲੋਕ ਮੇਰੇ ਨਾਲ ਮੰਦੇ ਕੰਮ ਕਰਨਗੇ।
    ਯਹੋਵਾਹ, ਮੈਨੂੰ ਸ਼ੁਭ ਚੀਜ਼ਾਂ ਦਿਉ ਜਿਨ੍ਹਾਂ ਦਾ ਮੈਂ ਹੱਕਦਾਰ ਹਾਂ।
13 ਜਦੋਂ ਉਹ ਲੋਕ ਬਿਮਾਰ ਸਨ, ਮੈਂ ਉਨ੍ਹਾਂ ਲਈ ਦੁੱਖੀ ਸੀ।
    ਮੈਂ ਭੋਜਨ ਛੱਡ ਕੇ ਉਨ੍ਹਾਂ ਨੂੰ ਆਪਣਾ ਪਿਆਰ ਦਰਸਾਇਆ।
    ਕੀ ਮੈਨੂੰ ਉਨ੍ਹਾਂ ਦੀ ਪ੍ਰਾਰਥਨਾ ਕਰਕੇ ਇਹੀ ਸਿਲਾ ਮਿਲਿਆ?
14 ਮੈਂ ਉਨ੍ਹਾਂ ਲੋਕਾਂ ਲਈ ਗਮੀ ਦੇ ਬਸਤਰ ਪਹਿਨੇ।
    ਮੈਂ ਉਨ੍ਹਾਂ ਨਾਲ ਮਿੱਤਰਾਂ ਜਾਂ ਮੇਰੇ ਭਰਾਵਾਂ ਵਰਗਾ ਵਿਹਾਰ ਕੀਤਾ।
ਮੈਂ ਉਦਾਸ ਸਾਂ ਜਿਵੇਂ ਇੱਕ ਵਿਅਕਤੀ ਚੀਕਦਾ ਜਿਸਦੀ ਮਾਂ ਮਰ ਗਈ ਹੋਵੇ।
    ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਉਦਾਸੀ ਦਰਸਾਉਣ ਲਈ ਕਾਲੇ ਵਸਤਰ ਪਹਿਨੇ।
    ਮੈਂ ਗਮ ਨਾਲ ਨੀਵੀਂ ਪਾਕੇ ਤੁਰਦਾ।
15 ਪਰ ਜਦੋਂ ਮੈਂ ਕੋਈ ਗਲਤੀ ਕੀਤੀ, ਉਹ ਲੋਕ ਮੇਰੇ ਉੱਤੇ ਹੱਸੇ।
    ਉਹ ਲੋਕ ਸੱਚਮੁੱਚ ਦੋਸਤ ਨਹੀਂ ਸਨ,
ਮੈਂ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਹਾਂ।
    ਪਰ ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਉੱਤੇ ਹਮਲਾ ਕੀਤਾ।
16 ਉਨ੍ਹਾਂ ਨੇ ਮੰਦੀ ਭਾਸ਼ਾ ਇਸਤੇਮਾਲ ਕੀਤੀ ਅਤੇ ਮੇਰਾ ਮਜ਼ਾਕ ਉਡਾਇਆ।
    ਉਨ੍ਹਾਂ ਲੋਕਾਂ ਨੇ ਦੰਦ ਕਰੀਚਦਿਆਂ ਦਰਸਾਇਆ ਕਿ ਉਹ ਕ੍ਰੋਧਵਾਨ ਸਨ।

17 ਮੇਰੇ ਮਾਲਕ ਤੁਸੀਂ ਕਿੰਨਾ ਕੁ ਚਿਰ ਇਨ੍ਹਾਂ ਮੰਦੀਆਂ ਗੱਲਾਂ ਦੇ ਵਾਪਰਨ ਨੂੰ ਦੇਖਦੇ ਰਹੋਂਗੇ?
    ਉਹ ਲੋਕ ਮੈਨੂੰ ਤਬਾਹ ਕਰਨ ਦਾ ਜਤਨ ਕਰ ਰਹੇ ਹਨ।
ਹੇ ਪਰਮੇਸ਼ੁਰ ਮੇਰੀ ਜਿੰਦ ਦੀ ਰੱਖਿਆ ਕਰੋ।
    ਮੇਰੀ ਅਨਮੋਲ ਜ਼ਿੰਦਗੀ ਨੂੰ ਉਨ੍ਹਾਂ ਬੁਰੇ ਲੋਕਾਂ ਦੇ ਹੱਥੋਂ ਬਚਾਉ।
    ਉਹ ਸ਼ੇਰਾਂ ਵਰਗੇ ਹਨ।

18 ਯਹੋਵਾਹ, ਮੈਂ ਵੱਡੀ ਸਭਾ ਵਿੱਚ ਤੁਹਾਡੀ ਉਸਤਤਿ ਕਰਾਂਗਾ।
    ਮੈਂ ਤੁਹਾਡੀ ਉਸਤਤਿ ਕਰਾਂਗਾ, ਜਦੋਂ ਮੈਂ ਸ਼ਕਤੀਸ਼ਾਲੀ ਲੋਕਾਂ ਦੇ ਸੰਗ ਹੋਵਾਂਗਾ।
19 ਮੇਰੇ ਝੂਠੇ ਦੁਸ਼ਮਣ ਹੱਸਦੇ ਨਹੀਂ ਰਹਿ ਸੱਕਣਗੇ।
    ਅਵੱਸ਼ ਹੀ ਮੇਰੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ
    ਗੁਪਤ ਵਿਉਂਤਾ ਦਾ ਦੰਡ ਮਿਲੇਗਾ।
20 ਅਸਲ ਵਿੱਚ ਮੇਰੇ ਦੁਸ਼ਮਣ ਅਮਨ ਦੀਆਂ ਵਿਉਂਤਾਂ ਨਹੀਂ ਬਣਾ ਰਹੇ।
    ਉਹ ਖੁਫ਼ੀਆਂ ਤੌਰ ਤੇ ਇਸ ਦੇਸ਼ ਦੇ ਅਮਨ ਪਸੰਦ ਲੋਕਾਂ ਲਈ ਬਦੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ।
21 ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖ ਰਹੇ ਹਨ।
    ਉਹ ਝੂਠ ਬੋਲਦੇ ਹਨ ਅਤੇ ਆਖਦੇ ਹਨ, “ਆਹਾ ਅਸੀਂ ਜਾਣਦੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ।”
22 ਯਹੋਵਾਹ, ਤੁਸੀਂ ਲਾਜਮੀ ਤੌਰ ਤੇ ਵੇਖ ਰਹੇ ਹੋ, ਕਿ ਕੀ ਹੋ ਰਿਹਾ।
    ਇਸ ਲਈ ਚੁੱਪ ਨਾ ਰਹੋ।
    ਮੈਨੂੰ ਛੱਡ ਕੇ ਨਾ ਜਾਉ।
23 ਯਹੋਵਾਹ, ਜਾਗੋ। ਉੱਠੋ।
    ਮੇਰੇ ਪਰਮੇਸ਼ੁਰ ਅਤੇ ਮੇਰੇ ਯਹੋਵਾਹ, ਮੇਰੇ ਲਈ ਲੜੋ, ਅਤੇ ਮੇਰੇ ਨਾਲ ਇਨਸਾਫ਼ ਕਰੋ।
24 ਯਹੋਵਾਹ ਮੇਰੇ ਪਰਮੇਸ਼ੁਰ ਮੇਰੇ ਬਾਰੇ ਆਪਣੀ ਨਿਰਪੱਖਤਾ ਨਾਲ ਨਿਆਂ ਕਰੋ।
    ਉਨ੍ਹਾਂ ਲੋਕਾਂ ਨੂੰ ਮੇਰੇ ਉੱਤੇ ਹੱਸਣ ਨਾ ਦਿਉ।
25 ਉਨ੍ਹਾਂ ਲੋਕਾਂ ਨੂੰ ਨਾ ਆਖਣ ਦਿਉ, “ਆਹਾ। ਅਸੀਂ ਜੋ ਚਾਹਿਆ ਸਾਨੂੰ ਮਿਲ ਗਿਆ।”
    ਯਹੋਵਾਹ, ਉਨ੍ਹਾਂ ਨੂੰ ਨਾ ਆਖਣ ਦਿਉ, “ਅਸੀਂ ਉਸ ਨੂੰ ਤਬਾਹ ਕਰ ਦਿੱਤਾ।”
26 ਮੇਰੇ ਸਾਰੇ ਵੈਰੀ ਸ਼ਰਮਿੰਦਾ ਹੋਣ ਅਤੇ ਪਰੇਸ਼ਾਨੀ ਵਿੱਚ ਪੈਣ।
    ਉਹ ਲੋਕੀਂ ਖੁਸ਼ ਸਨ ਜਦੋਂ ਮੇਰੇ ਨਾਲ ਮੰਦੀਆਂ ਗੱਲਾਂ ਵਾਪਰ ਰਹੀਆਂ ਸਨ।
ਉਨ੍ਹਾਂ ਨੇ ਸੋਚਿਆ ਸੀ ਕਿ ਉਹ ਮੇਰੇ ਨਾਲੋਂ ਬਿਹਤਰ ਹਨ।
    ਇਸ ਲਈ ਉਨ੍ਹਾਂ ਲੋਕਾਂ ਨੂੰ ਸ਼ਰਮਿੰਦਗੀ ਅਤੇ ਅਪਮਾਨ ਨਾਲ ਢੱਕੋ।
27 ਕੁਝ ਲੋਕੀਂ ਚਾਹੁੰਦੇ ਹਨ ਕਿ ਮੇਰੇ ਨਾਲ ਚੰਗਿਆਂ ਗੱਲਾਂ ਵਾਪਰਨ।
    ਮੈਂ ਆਸ ਕਰਦਾ ਹਾਂ ਕਿ ਉਹ ਲੋਕ ਬਹੁਤ ਖੁਸ਼ ਹੋਣਗੇ।
ਉਹ ਲੋਕ ਸਦਾ ਆਖਦੇ ਹਨ, “ਯਹੋਵਾਹ ਮਹਾਨ ਹੈ।
    ਉਹ ਆਪਣੇ ਨੌਕਰਾਂ ਦੀ ਭਲਾਈ ਚਾਹੁੰਦਾ ਹੈ।”

28 ਇਸ ਲਈ ਯਹੋਵਾਹ, ਮੈਂ ਲੋਕਾਂ ਨੂੰ ਤੇਰੀ ਚੰਗਿਆਈ ਬਾਰੇ ਦੱਸਦਾ ਹਾਂ।
    ਮੈਂ ਹਰ ਰੋਜ਼ ਉਸਤਤਿ ਕਰਦਾ ਹਾਂ।

ਅਜ਼ਰਾ 3

ਜਗਵੇਦੀ ਦਾ ਪੁਨਰ ਨਿਰਮਾਣ

ਇਉਂ ਸੱਤਵੇ ਮਹੀਨੇ ਵਿੱਚ, ਜਿਹੜੇ ਇਸਰਾਏਲੀ ਆਪਣੇ ਨਗਰਾਂ ਵਿੱਚ ਵਸ ਗਏ ਸਨ, ਯਰੂਸ਼ਲਮ ਨੂੰ ਗਏ। ਤਦ ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸ ਦੇ ਨਾਲ ਦੇ ਜਾਜਕਾਂ ਅਤੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਸਮੇਤ ਉਸ ਦੇ ਭਰਾਵਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਉਸਾਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਇਸ ਉੱਪਰ ਹੋਮ ਦੀਆਂ ਬਲੀਆਂ ਚੜ੍ਹਾ ਸੱਕਣ। ਉਨ੍ਹਾਂ ਨੇ ਇਹ ਜਗਵੇਦੀ ਉਵੇਂ ਹੀ ਬਣਾਈ ਜਿਵੇਂ ਕਿ ਮੂਸਾ ਦੀ ਬਿਵਸਬਾ ਵਿੱਚ ਕਿਹਾ ਗਿਆ ਸੀ। ਮੂਸਾ ਪਰਮੇਸ਼ੁਰ ਦਾ ਖਾਸ ਸੇਵਕ ਸੀ।

ਉਹ ਲੋਕ ਆਪਣੇ ਨਜ਼ਦੀਕ ਰਹਿੰਦੇ ਹੋਰ ਲੋਕਾਂ ਤੋਂ ਡਰਦੇ ਸਨ, ਪਰ ਉਨ੍ਹਾਂ ਅੱਗੇ ਰੁਕਾਵਟ ਨਾ ਪਾਈ ਗਈ ਤਾਂ ਉਨ੍ਹਾਂ ਨੇ ਪੁਰਾਣੀ ਨੀਂਹ ਉੱਤੇ ਹੀ ਜਗਵੇਦੀ ਤਿਆਰ ਕੀਤੀ। ਫ਼ੇਰ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਈਆਂ। ਇਉਂ ਰੋਜ਼ ਸਵੇਰੇ ਸ਼ਾਮ ਉਨ੍ਹਾਂ ਨੇ ਹੋਮ ਦੀਆਂ ਬਲੀਆਂ ਚੜ੍ਹਾਈਆਂ। ਫਿਰ ਉਨ੍ਹਾਂ ਨੇ ਲਿਖੇ ਮੁਤਾਬਕ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਦਿਨ ਸਹੀ ਗਿਣਤੀ ਮੁਤਾਬਕ ਹੋਮ ਦੀਆਂ ਭੇਟਾਂ ਚੜ੍ਹਾਈਆਂ। ਫ਼ੇਰ ਉਨ੍ਹਾਂ ਨੇ ਰੋਜ਼ ਦੀ ਹੋਮ ਦੀ ਭੇਟ ਅਤੇ ਅਮਸਿਆ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਪਰਬਾਂ ਲਈ ਬਲੀਆਂ ਚੜ੍ਹਾਈਆਂ। ਇਸ ਤੋਂ ਇਲਾਵਾ, ਲੋਕਾਂ ਨੇ ਹੋਰ ਵੀ ਵਸਤਾਂ ਚੜ੍ਹਾਈਆਂ ਜੋ ਉਹ ਯਹੋਵਾਹ ਨੂੰ ਦੇਣੀਆਂ ਚਾਹੁੰਦੇ ਸਨ। ਸੱਤਵੇਂ ਮਹੀਨੇਦੇ ਪਹਿਲੇ ਦਿਨ ਤੋਂ ਉਹ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਉਣ ਲੱਗ ਪਏ, ਪਰ ਇਹ ਸਭ ਕੁਝ ਮੰਦਰ ਦੀ ਉਸਾਰੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ।

ਮੰਦਰ ਦਾ ਪੁਨਰ ਨਿਰਮਾਣ

ਸੋ ਉਨ੍ਹਾਂ ਨੇ ਸੰਗਤਰਾਸ਼ਾਂ ਅਤੇ ਤਰੱਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਅਤੇ ਸੂਰੀਆਂ ਨੂੰ ਭੋਜਨ, ਪੇਯ ਅਤੇ ਤੇਲ ਦਿੱਤਾ ਤਾਂ ਜੋ ਉਹ ਫਾਰਸ ਦੇ ਪਾਤਸ਼ਾਹ ਕੋਰਸ਼ ਦੀ ਆਗਿਆ ਮੁਤਾਬਕ ਲਬਨੋਨ ਤੋਂ ਦਿਆਰ ਦੀ ਲੱਕੜ ਸਮੁਦਰ ਰਾਹੀਂ ਯਾਫਾ ਨੂੰ ਲਿਆ ਸੱਕਣ।

ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ। ਜਿਨ੍ਹਾਂ ਆਦਮੀਆਂ ਨੇ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੇ ਕੰਮ ਦੀ ਦੇਖ ਭਾਲ ਕੀਤੀ ਉਹ ਸਨ: ਯੇਸ਼ੂਆ ਤੇ ਉਸ ਦੇ ਪੁੱਤਰ ਕਦਮੀਏਲ ਅਤੇ ਉਸ ਦੇ ਪੁੱਤਰ ਅਤੇ ਰਿਸ਼ਤੇਦਾਰ (ਯਹੂਦਾਹ ਦੇ ਉੱਤਰਾਧਿਕਾਰੀ) ਹੇਨਾ ਦਾਦ ਦੇ ਪੁੱਤਰ ਅਤੇ ਉਨ੍ਹਾਂ ਦੇ ਭਰਾ ਜੋ ਕਿ ਲੇਵੀ ਸਨ, 10 ਇਮਾਰਤਕਾਰਾਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਦਾ ਕਾਰਜ ਪੂਰਾ ਕੀਤਾ। ਜਦੋਂ ਇਹ ਕਾਰਜ ਪੂਰਾ ਹੋਇਆ ਤਾਂ ਜਾਜਕਾਂ ਨੇ ਆਪਣੇ ਜਾਜਕਾਂ ਵਾਲੇ ਵਸਤਰ ਪਹਿਨੇ ਅਤੇ ਆਪਣੀਆਂ ਤੁਰ੍ਹੀਆਂ ਫੜੀਆਂ ਅਤੇ ਆਸਾਫ਼ ਦੇ ਉੱਤਰਾਧਿਕਾਰੀਆਂ, ਲੇਵੀਆਂ ਨੇ ਆਪਣੇ ਛੈਣੇ ਲੇ। ਉਹ ਸਭ ਆਪੋ-ਆਪਣੀ ਬਾਂਵੇ ਯੋਹਵਾਹ ਦੀ ਉਸਤਤ ਲਈ ਖੜ੍ਹੇ ਸਨ। ਇਹ ਸਭ ਜਿਵੇਂ ਕਿ ਪਹਿਲਾਂ ਇਸਰਾਏਲ ਦੇ ਪਾਤਸ਼ਾਹ ਦਾਊਦ ਦਾ ਹੁਕਮ ਹੋਇਆ ਸੀ ਉਸੇ ਮੁਤਾਬਕ ਹੋਇਆ। 11 ਫਿਰ ਉਨ੍ਹਾਂ ਸਭ ਨੇ ਉਸਤਤ ਦੇ ਗੀਤ ਗਾਏ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ

“ਉਹ ਬਹੁਤ ਭਲਾ ਹੈ ਅਤੇ ਉਸ ਦਾ ਪਿਆਰ
    ਅਤੇ ਮਿਹਰ ਇਸਰਾਏਲ ਵਾਸਤੇ ਹਮੇਸ਼ਾ ਹੈ।”

ਫਿਰ ਸਭ ਲੋਕਾਂ ਨੇ ਉੱਚੀ ਆਵਾਜ਼ ਵਿੱਚ ਯਹੋਵਾਹ ਦੀ ਉਸਤਤ ਕੀਤੀ, ਇਹ ਸਭ ਇਸ ਲਈ ਹੋਇਆ ਕਿਉਂ ਕਿ ਮੰਦਰ ਦੀ ਨੀਂਹ ਦਾ ਕਾਰਜ ਸੰਪੰਨ ਹੋ ਗਿਆ ਸੀ।

12 ਪਰ ਬਹੁਤ ਸਾਰੇ ਬਜ਼ੁਰਗ ਜਾਜਕ, ਲੇਵੀ ਅਤੇ ਘਰਾਣਿਆਂ ਦੇ ਆਗੂ ਰੋਣ ਲੱਗ ਪਏ ਕਿਉਂ ਕਿ ਇਨ੍ਹਾਂ ਨੇ ਪਹਿਲੇ ਮੰਦਰ ਨੂੰ ਵੀ ਵੇਖਿਆ ਹੋਇਆ ਸੀ। ਇਸ ਲਈ ਜਦੋਂ ਉਨ੍ਹਾਂ ਨੇ ਇਸ ਮੰਦਰ ਦੀਆਂ ਨੀਹਾਂ ਵੇਖੀਆਂ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ। ਜਦ ਕਿ ਬਾਕੀ ਦੇ ਕੁਝ ਲੋਕ ਬੜੇ ਖੁਸ਼ ਸਨ ਅਤੇ ਸ਼ੋਰ ਮਚਾ ਰਹੇ ਸਨ। 13 ਦੂਰ ਤੀਕ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਉਨ੍ਹਾਂ ਸਭਨਾਂ ਨੇ ਮਿਲ ਕੇ ਇੰਨਾ ਸ਼ੋਰ ਮਚਾਇਆ ਹੋਇਆ ਸੀ ਕਿ ਰੋਣ ਤੇ ਹੱਸਣ ਦੀਆਂ ਆਵਾਜ਼ ਵਿੱਚ ਭੇਦ ਕਰਨਾ ਔਖਾ ਸੀ।

1 ਕੁਰਿੰਥੀਆਂ ਨੂੰ 16:10-24

10 ਸ਼ਾਇਦ ਤਿਮੋਥਿਉਸ ਤੁਹਾਡੇ ਕੋਲ ਆਵੇ। ਉਸਦੀ ਰਿਹਾਇਸ਼ ਨੂੰ ਆਰਾਮ ਦਾਇੱਕ ਬਨਾਉਣ ਦੀ ਕੋਸ਼ਿਸ਼ ਕਰਨੀ। ਉਹ ਵੀ ਮੇਰੇ ਵਾਂਗ ਪ੍ਰਭੂ ਲਈ ਕਾਰਜ ਕਰ ਰਿਹਾ ਹੈ। 11 ਇਸ ਲਈ ਤੁਹਾਡੇ ਵਿੱਚੋਂ, ਕਿਸੇ ਨੂੰ ਵੀ ਉਸਦੀ ਅਵੱਗਿਆ ਨਹੀਂ ਕਰਨੀ ਚਾਹੀਦੀ। ਸ਼ਾਂਤਮਈ ਢੰਗ ਨਾਲ ਉਸਦੀ ਯਾਤਰਾ ਵਿੱਚ ਸਹਾਇਤਾ ਕਰਨੀ ਤਾਂ ਜੋ ਉਹ ਮੇਰੇ ਕੋਲ ਵਾਪਸ ਆ ਸੱਕੇ। ਮੈਂ ਹੋਰਨਾਂ ਭਰਾਵਾਂ ਸਹਿਤ ਉਸਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹਾਂ।

12 ਹੁਣ ਆਪਣੇ ਭਰਾ ਅਪੁੱਲੋਸ ਬਾਰੇ, ਮੈਂ ਉਸ ਨੂੰ ਤੁਹਾਡੇ ਕੋਲ ਉਸ ਦੇ ਭਰਾਵਾਂ ਸਮੇਤ ਆਉਣ ਲਈ ਜ਼ੋਰਦਾਰ ਪ੍ਰੇਰਣਾ ਕੀਤੀ ਸੀ। ਪਰ ਨਿਸ਼ਚਿਤ ਹੀ ਉਹ ਹੁਣੇ ਨਹੀਂ ਆਉਣਾ ਚਾਹੁੰਦਾ ਸੀ। ਪਰ ਜਦੋਂ ਵੀ ਉਸ ਨੂੰ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ ਉਹ ਤੁਹਾਡੇ ਕੋਲ ਆਵੇਗਾ।

ਪੌਲੁਸ ਆਪਣਾ ਪੱਤਰ ਸਮਾਪਤ ਕਰਦਾ ਹੈ

13 ਸਾਵੱਧਾਨ ਰਹੋ। ਨਿਹਚਾ ਵਿੱਚ ਦ੍ਰਿੜ ਰਹੋ। ਹੌਂਸਲਾ ਰੱਖਣਾ ਅਤੇ ਮਜ਼ਬੂਤ ਬਨਣਾ। 14 ਹਰ ਗੱਲ ਪਿਆਰ ਨਾਲ ਕਰਨਾ।

15-16 ਤੁਹਾਨੂੰ ਪਤਾ ਹੀ ਹੈ ਕਿ ਸਤਫ਼ਨਾਸ ਅਤੇ ਉਸਦਾ ਪਰਿਵਾਰ ਅੱਛਾਈਆਂ ਵਿੱਚ ਪਹਿਲੇ ਵਿਸ਼ਵਾਸੀ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਲਈ ਅਰਪਿਤ ਕਰ ਦਿੱਤਾ ਹੈ। ਭਰਾਵੋ ਅਤੇ ਭੈਣੋ, ਉਨ੍ਹਾਂ ਲੋਕਾਂ ਦਾ ਅਨੁਸਰਣ ਕਰੋ ਜਿਹੜੇ ਉਨ੍ਹਾਂ ਵਰਗੇ ਹਨ ਅਤੇ ਜਿਹੜੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਸੇਵਾ ਕਰਦੇ ਹਨ।

17 ਮੈਂ ਖੁਸ਼ ਹਾਂ ਕਿ ਸਤਫ਼ਨਾਸ, ਫ਼ਰਤੂਨਾਤੁਸ, ਅਤੇ ਅਖਾਇੱਕੁਸ ਇੱਥੇ ਆਏ ਹਨ। ਤੁਸੀਂ ਭਾਵੇਂ ਇੱਥੇ ਨਹੀਂ ਹੋ ਪਰ ਉਨ੍ਹਾਂ ਨੇ ਤੁਹਾਡੀ ਘਾਟ ਪੂਰੀ ਕਰ ਦਿੱਤੀ ਹੈ। 18 ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਰਾਹਤ ਦਿੱਤੀ ਹੈ। ਤੁਹਾਨੂੰ ਇਹੋ ਜਿਹੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।

19 ਅਸਿਯਾ ਦੀਆਂ ਕਲੀਸਿਯਾਵਾਂ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀਆਂ ਹਨ। ਅਕੂਲਾ ਅਤੇ ਪਰਿਸੱਕਾ ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾਵਾਂ ਭੇਜਦੇ ਹਨ। ਅਤੇ ਜਿਹੜੀ ਕਲੀਸਿਯਾ ਉਨ੍ਹਾਂ ਦੇ ਘਰ ਜੁੜ ਬੈਠਦੀ ਹੈ ਉਹ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀ ਹੈ। 20 ਇੱਥੋਂ ਦੇ ਸਾਰੇ ਭਰਾ ਅਤੇ ਭੈਣਾ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਜਦੋਂ ਤੁਸੀਂ ਇੱਕਸਾਥ ਇਕੱਠੇ ਹੋਵੋ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ।

21 ਮੈਂ, ਪੌਲੁਸ ਹਾਂ, ਮੈਂ ਇਹ ਪੱਤਰ ਆਪਣੇ ਖੁਦ ਦੇ ਹੱਥੀਂ ਲਿਖ ਰਿਹਾ ਹਾਂ।

22 ਜੇ ਕੋਈ ਵਿਅਕਤੀ ਪ੍ਰਭੂ ਨੂੰ ਪਿਆਰ ਨਹੀਂ ਕਰਦਾ ਤਾਂ ਉਸ ਵਿਅਕਤੀ ਨੂੰ ਪਰਮੇਸ਼ੁਰ ਤੋ ਜੁਦਾ ਰਹਿਣ ਦਿਉ ਹਮੇਸ਼ਾ ਗੁਆਚਿਆ ਹੋਇਆ!

ਹੇ ਪ੍ਰਭੂ, ਆ ਜਾਓ। [a]

23 ਪ੍ਰਭੂ ਯਿਸੂ ਦੀ ਤੁਹਾਡੇ ਉੱਪਰ ਕਿਰਪਾ ਹੋਵੇ।

24 ਮੇਰਾ ਮਸੀਹ ਯਿਸੂ ਵਿੱਚ ਪਿਆਰ, ਤੁਹਾਡੇ ਸਾਰਿਆਂ ਦੇ ਨਾਲ ਹੋਵੋ। ਆਮੀਨ।

ਮੱਤੀ 12:22-32

ਯਿਸੂ ਨੂੰ ਪਰਮੇਸ਼ੁਰ ਵੱਲੋਂ ਸ਼ਕਤੀ(A)

22 ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸ ਨੂੰ ਭੂਤ ਚਿੰਬੜਿਆਂ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਸ ਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ। 23 ਸਾਰੇ ਲੋਕ ਹੈਰਾਨ ਸਨ ਅਤੇ ਆਖਿਆ, “ਕੀ ਇਹ ਆਦਮੀ ਦਾਊਦ ਦਾ ਪੁੱਤਰ ਤਾਂ ਨਹੀਂ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਲੋਕਾਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ।”

24 ਫ਼ਰੀਸੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ ਅਤੇ ਆਖਿਆ, “ਉਹ ਬਆਲ-ਜ਼ਬੂਲ ਦੇ ਸ਼ਾਸਕ ਦੀ ਸਹਾਇਤਾ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਕੱਢਦਾ ਹੈ।”

25 ਪਰ ਉਸ ਨੇ ਉਨ੍ਹਾਂ ਦੀ ਸੋਚ-ਵਿੱਚਾਰ ਜਾਣਕੇ ਉਨ੍ਹਾਂ ਨੂੰ ਆਖਿਆ, “ਹਰ ਉਹ ਰਾਜ, ਜੋ ਆਪਣੇ-ਆਪ ਨਾਲ ਲੜਦਾ ਹੈ,ਨਸ਼ਟ ਹੋ ਜਾਵੇਗਾ, ਅਤੇ ਉਹ ਸ਼ਹਿਰ ਜਾਂ ਪਰਿਵਾਰ, ਜੋ ਆਪਣੇ ਆਪ ਨਾਲ ਲੜਦਾ ਹੈ, ਖੜ੍ਹਾ ਨਹੀਂ ਹੋ ਸੱਕਦਾ। 26 ਅਤੇ ਜੇ ਸ਼ੈਤਾਨ ਆਪਣੇ ਹੀ ਭੂਤਾਂ ਨੂੰ ਬਾਹਰ ਧੱਕਦਾ ਹੈ, ਤਾਂ ਸ਼ੈਤਾਨ ਆਪਣੇ ਹੀ ਖਿਲਾਫ਼ ਲੜ ਰਿਹਾ ਹੈ। ਇਸ ਤਰ੍ਹਾਂ ਉਸਦਾ ਰਾਜ ਨਹੀਂ ਚੱਲ ਸੱਕਦਾ? 27 ਜੇਕਰ ਮੈਂ ਭੂਤਾਂ ਨੂੰ ਕੱਢਣ ਵਾਸਤੇ ਬਆਲ-ਜ਼ਬੂਲ ਦੀ ਸ਼ਕਤੀ ਦੀ ਵਰਤੋਂ ਕਰਦਾ ਹਾਂ, ਤਾਂ ਤੁਹਾਡੇ ਚੇਲੇ ਭੂਤ ਕੱਢਣ ਵਾਸਤੇ ਕਿਸ ਸ਼ਕਤੀ ਦੀ ਵਰਤੋਂ ਕਰਦੇ ਹਨ? ਇਸ ਲਈ ਤੁਹਾਡੇ ਆਪਣੇ ਲੋਕ ਇਹ ਸਾਬਿਤ ਕਰ ਦਿੰਦੇ ਹਨ ਕਿ ਤੁਸੀਂ ਗਲਤ ਹੋ। 28 ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਇਸਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। 29 ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ। 30 ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁੜਦਾ, ਖਿੰਡ ਜਾਂਦਾ ਹੈ।

31 “ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਪਾਪ ਅਤੇ ਹਰ ਕੁਫ਼ਰ ਲਈ ਮਾਫ਼ੀ ਹੈ ਜੋ ਲੋਕ ਕਰਦੇ ਅਤੇ ਕਹਿੰਦੇ ਹਨ। ਪਰ ਉਹ ਕੁਫ਼ਰ, ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਹੋਵੇ, ਮਾਫ਼ ਨਹੀਂ ਕੀਤਾ ਜਾਵੇਗਾ। 32 ਅਤੇ ਜੇ ਕੋਈ ਮਨੁੱਖ ਦੇ ਪੁੱਤਰ ਵਿਰੁੱਧ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਤਾਂ ਉਸ ਨੂੰ ਨਾ ਇਸ ਜੁੱਗ ਵਿੱਚ ਤੇ ਨਾਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।

Punjabi Bible: Easy-to-Read Version (ERV-PA)

2010 by World Bible Translation Center