Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 119:1-24

ਅਲਫ਼

119 ਸ਼ੁੱਧ ਜੀਵਨ ਜਿਉਣ ਵਾਲੇ ਲੋਕ ਖੁਸ਼ ਹਨ।
    ਉਹ ਲੋਕ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।
ਜਿਹੜੇ ਲੋਕ ਯਹੋਵਾਹ ਦੇ ਕਰਾਰ ਨੂੰ ਮੰਨਦੇ ਹਨ ਉਹ ਖੁਸ਼ ਹਨ।
    ਉਹ ਸਲਾਹ ਲਈ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪੁੱਛਦੇ ਹਨ।
ਉਹ ਲੋਕ ਬੁਰੇ ਕੰਮ ਨਹੀਂ ਕਰਦੇ,
    ਉਹ ਯਹੋਵਾਹ ਨੂੰ ਮੰਨਦੇ ਹਨ।
ਯਹੋਵਾਹ, ਤੁਸਾਂ ਸਾਨੂੰ ਆਦੇਸ਼ ਦਿੱਤੇ ਸਨ।
    ਅਤੇ ਤੁਸੀਂ ਸਾਨੂੰ ਉਨ੍ਹਾਂ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਆਖਿਆ ਸੀ।
ਜੇ ਮੈਂ ਸਦਾ ਤੁਹਾਡੇ ਆਦੇਸ਼ਾਂ ਨੂੰ ਮੰਨਾਗਾ, ਯਹੋਵਾਹ।
ਫ਼ੇਰ ਮੈਂ ਕਦੇ ਵੀ ਸ਼ਰਮਸਾਰ ਨਹੀਂ ਹੋਵਾਗਾ।
    ਜਦੋਂ ਮੈਂ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਾਂਗਾ।
ਫ਼ੇਰ ਮੈਂ ਸੱਚਮੁੱਚ ਤੁਹਾਡਾ ਮਾਣ ਕਰ ਸੱਕਾਂਗਾ।
    ਜਦੋਂ ਮੈਂ ਤੁਹਾਡੀ ਨਿਰਪੱਖਤਾ ਅਤੇ ਨੇਕੀ ਦਾ ਅਧਿਐਨ ਕਰਾਂਗਾ।
ਯਹੋਵਾਹ, ਮੈਂ ਤੁਹਾਡੇ ਆਦੇਸ਼ ਮੰਨਾਗਾ।
    ਇਸ ਲਈ ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਵੋ।

ਬੇਥ

ਇੱਕ ਨੌਜਵਾਨ ਬੰਦਾ, ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਦਿਆਂ,
    ਸ਼ੁੱਧ ਜੀਵਨ ਕਿਵੇਂ ਜਿਉਂ ਸੱਕਦਾ ਹੈ?
10 ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।
    ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।
11 ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ।
    ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।
12 ਹੇ ਯਹੋਵਾਹ, ਤੂੰ ਧੰਨ ਹੈਂ,
    ਮੈਨੂੰ ਆਪਣੇ ਨੇਮ ਸਿੱਖਾ।
13 ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।
14 ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ
    ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।
15 ਮੈਂ ਤੁਹਾਡੇ ਅਸੂਲਾਂ ਬਾਰੇ ਚਰਚਾ ਕਰਦਾ ਹਾਂ।
    ਮੈਂ ਤੁਹਾਡੀ ਜੀਵਨ ਜਾਂਚ ਉੱਤੇ ਚੱਲਦਾ ਹਾਂ।
16 ਮੈਨੂੰ ਤੁਹਾਡੇ ਨੇਮ ਪਸੰਦ ਹਨ।
    ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।

ਗਿਮਲ

17 ਆਪਣੇ ਸੇਵਕ, ਮੇਰੇ ਨਾਲ, ਚੰਗਾ ਰਹਿ।
    ਤਾਂ ਜੋ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਅਤੇ ਜਿਉਣ ਦੇ ਯੋਗ ਹੋ ਜਾਵਾਂ।
18 ਯਹੋਵਾਹ, ਮੇਰੀਆਂ ਅੱਖਾਂ ਖੋਲ੍ਹ ਦਿਉ।
ਮੈਨੂੰ ਤੁਹਾਡੀਆਂ ਸਿੱਖਿਆਵਾਂ ਅੰਦਰ ਝਾਕਣ ਦਿਉ।
    ਅਤੇ ਉਨ੍ਹਾਂ ਚਮਤਕਾਰਾਂ ਬਾਰੇ ਪੜ੍ਹਨ ਦਿਉ ਜੋ ਤੁਸਾਂ ਨੇ ਕੀਤੇ ਸਨ।
19 ਮੈਂ ਇਸ ਧਰਤੀ ਉੱਤੇ ਅਜਨਬੀ ਸਾਂ।
    ਯਹੋਵਾਹ, ਮੇਰੇ ਕੋਲੋਂ ਆਪਣੀਆਂ ਸਿੱਖਿਆਵਾਂ ਨਾ ਛੁਡਾਉ।
20 ਮੈਂ ਹਰ ਵੇਲੇ ਤੁਹਾਡੇ ਨਿਆਂਇਆਂ
    ਦਾ ਅਧਿਐਨ ਕਰਨਾ ਚਾਹੁੰਦਾ ਹਾਂ।
21 ਯਹੋਵਾਹ, ਤੁਸੀਂ ਗੁਮਾਨੀ ਲੋਕਾਂ ਦੀ ਪੜਚੋਲ ਕਰਦੇ ਹੋ ਉਨ੍ਹਾਂ ਨਾਲ ਬੁਰਾ ਹੋਵੇਗਾ।
    ਉਹ ਤੁਹਾਡੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ।
22 ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ।
    ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ।
23 ਆਗੂਆਂ ਨੇ ਵੀ ਮੇਰੇ ਬਾਰੇ ਮੰਦਾ ਬੋਲਿਆ।
    ਪਰ ਮੈਂ ਤੁਹਾਡਾ ਸੇਵਕ ਹਾਂ, ਯਹੋਵਾਹ।
    ਅਤੇ ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।
24 ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ।
    ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।

ਜ਼ਬੂਰ 12-14

ਨਿਰਦੇਸ਼ਕ ਲਈ: ਸੇਮਿਨਿਥ ਦੀ ਸੰਗਤ ਨਾਲ ਦਾਊਦ ਦਾ ਇੱਕ ਗੀਤ।

12 ਯਹੋਵਾਹ, ਮੈਨੂੰ ਬਚਾਉ।
    ਸਾਰੇ ਚੰਗੇ ਲੋਕ ਚੱਲੇ ਗਏ ਹਨ।
    ਧਰਤੀ ਉਤਲੀ ਮਾਨਵਤਾ ਵਿੱਚ ਕੋਈ ਵੀ ਸੱਚਾ ਆਸਥਾਵਾਨ ਨਹੀਂ ਬਚਿਆ।
ਲੋਕੀਂ ਆਪਣੇ ਗੁਆਂਢੀਆਂ ਨੂੰ ਝੂਠ ਬੋਲਦੇ ਹਨ,
    ਉਹ ਆਪਣੇ ਗੁਆਂਢੀਆਂ ਨੂੰ ਝੂਠ ਬੋਲਦੇ ਹਨ ਅਤੇ ਚਾਪਲੂਸੀ ਕਰਦੇ ਹਨ।
ਯਹੋਵਾਹ, ਉਨ੍ਹਾਂ ਚਾਪਲੂਸੀ ਭਰੇ ਬੁਲ੍ਹਾਂ
    ਅਤੇ ਸ਼ੇਖੀ ਮਾਰਦੀਆਂ ਜੀਭਾਂ ਵਾਲੇ ਲੋਕਾਂ ਨੂੰ ਤੜੀਪਾਰ ਕਰ ਦੇਵੇ।
ਉਹ ਲੋਕ ਆਖਦੇ ਹਨ, “ਅਸੀਂ ਢੁਕਵੇਂ ਝੂਠ ਬੋਲਾਂਗੇ ਅਤੇ ਬਹੁਤ ਮਹੱਤਵਪੂਰਣ ਬਣ ਜਾਵਾਂਗੇ।
ਅਸੀਂ ਜਾਣਦੇ ਹਾਂ ਕਿ ਕੀ ਆਖਣਾ ਹੈ,
    ਇਸ ਲਈ ਕੋਈ ਵੀ ਸਾਡਾ ਮਾਲਕ ਨਹੀਂ ਹੋਵੇਗਾ।”

ਪਰ ਯਹੋਵਾਹ ਆਖਦਾ, “ਬੁਰੇ ਵਿਅਕਤੀ ਗਰੀਬੜਿਆਂ ਦੀ ਚੋਰੀ ਕਰ ਰਹੇ ਹਨ,
    ਉਹ ਬੇਸਹਾਰਿਆਂ ਦਾ ਮਾਲ ਲੁੱਟ ਰਹੇ ਹਨ।
ਪਰ ਹੁਣ ਉਨ੍ਹਾਂ ਥੱਕਿਆਂ
    ਅਤੇ ਹਾਰਿਆਂ ਹੋਇਆਂ ਨਾਲ ਮੈਂ ਖਲੋਵਾਂਗਾ।”

ਯਹੋਵਾਹ ਦੇ ਸ਼ਬਦ ਸੱਚੇ ਅਤੇ ਪਵਿੱਤਰ ਹਨ,
    ਜਿਵੇਂ ਸੱਚਮੁੱਚ ਚਾਂਦੀ ਸੱਤ ਵੇਰਾਂ ਤਪਾਈ ਗਈ ਹੋਵੇ।

ਯਹੋਵਾਹ, ਲਾਚਾਰ ਲੋਕਾਂ ਦਾ ਧਿਆਨ ਕਰ।
    ਉਨ੍ਹਾਂ ਦੀ ਹੁਣ ਅਤੇ ਹਮੇਸ਼ਾ ਰੱਖਿਆ ਕਰ।
ਉਹ ਮੰਦੇ ਲੋਕ ਇੰਝ ਵਿਖਾਵਾ ਕਰਦੇ ਹਨ ਜਿਵੇਂ ਕਿ ਉਹ ਮਹੱਤਵਪੂਰਣ ਹਨ।
    ਪਰ ਅਸਲ ਵਿੱਚ ਉਹ ਨਕਲੀ ਮੋਤੀ ਹਨ।
    ਉਹ ਬਹੁਤ ਮਹਿੰਗੇ ਮੁੱਲ ਦੇ ਲੱਗਦੇ ਹਨ ਪਰ ਅਸਲ ਵਿੱਚ ਕੌੜੀਉਂ ਵੀ ਸਸਤੇ ਹਨ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

13 ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ?
    ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ?
ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ?
ਕਿੰਨਾ ਕੁ ਚਿਰ ਮੈਂ ਉਦਾਸੀ ਵਿੱਚ ਸੋਚਾਂਗਾ ਕਿ ਸ਼ਾਇਦ ਤੁਸੀਂ ਮੈਨੂੰ ਭੁੱਲ ਗਏ ਹੋਂ?
    ਕਿੰਨਾ ਕੁ ਚਿਰ ਮੈਂ ਇਹ ਉਦਾਸੀ ਆਪਣੇ ਦਿਲ ਅੰਦਰ ਜਰਾਂਗਾ?
ਕਿੰਨੇ ਕੁ ਚਿਰ ਤੱਕ ਮੇਰਾ ਦੁਸ਼ਮਣ ਮੇਰੇ ਉੱਤੋਂ ਜਿੱਤ ਪ੍ਰਾਪਤ ਕਰਦਾ ਰਹੇਗਾ?

ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਵੱਲ ਤੱਕੋ। ਮੇਰੇ ਪ੍ਰਸ਼ਨ ਦਾ ਉੱਤਰ ਦੇਵੋ।
    ਮੈਨੂੰ ਜਵਾਬ ਦੇਵੋ ਨਹੀਂ ਤਾਂ ਮੈਂ ਮਰ ਜਾਵਾਂਗਾ।
ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।”
    ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ।
    ਉਹ ਖੁਸ਼ ਹੋਵੇਗਾ।

ਯਹੋਵਾਹ, ਮੈਂ ਸਹਾਇਤਾ ਲਈ ਤੁਹਾਡੇ ਪ੍ਰੇਮ ਵਿੱਚ ਆਸਥਾ ਰੱਖੀ,
    ਤੁਸੀਂ ਮੈਨੂੰ ਬਚਾਇਆ ਅਤੇ ਖੁਸ਼ੀ ਬਖਸ਼ੀ।
ਮੈਂ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਇੱਕ ਖੁਸ਼ੀ ਦਾ ਗੀਤ ਗਾਵਾਂਗਾ,
    ਕਿਉਂਕਿ ਉਸ ਨੇ ਮੇਰੇ ਲਈ ਚੰਗਾ ਕੀਤਾ ਹੈ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

14 ਬਦਚਲਣ, ਆਪਣੇ ਮਨ ਵਿੱਚ ਆਖਦੇ ਨੇ, “ਕਿਤੇ ਵੀ ਕੋਈ ਪਰਮੇਸ਼ੁਰ ਨਹੀਂ ਹੈ।”
    ਮੂਰਖ ਲੋਕ ਭਰਿਸ਼ਟ ਕਰਨੀਆਂ ਕਰਦੇ ਹਨ।
    ਉਨ੍ਹਾਂ ਵਿੱਚੋਂ ਕੋਈ ਵੀ ਚੰਗਿਆਈ ਨਹੀਂ ਕਰਦਾ।

ਯਹੋਵਾਹ ਨੇ ਸਵਰਗ ਵਿੱਚੋਂ, ਜੇ ਕੁਝ ਸਿਆਣੇ ਲੋਕ ਹੋਣ, ਵੇਖਣ ਲਈ ਤੱਕਿਆ।
    ਸਿਆਣੇ ਲੋਕੋ, ਮਦਦ ਲਈ ਪਰਮੇਸ਼ੁਰ ਵੱਲ ਮੁੜੋ।
ਪਰ ਹਰ ਕਿਸੇ ਨੇ ਪਰਮੇਸ਼ੁਰ ਤੋਂ ਮੁੱਖ ਮੋੜਿਆ ਹੋਇਆ ਹੈ,
    ਸਾਰੇ ਹੀ ਦੁਸ਼ਟ ਰੂਹਾਂ ਬਣ ਗਏ ਹਨ।
ਇੱਕ ਵੀ ਚੰਗੀਆਂ ਕਰਨੀਆਂ ਨਹੀਂ ਕਰਦਾ।

ਦੁਸ਼ਟ ਲੋਕਾਂ ਨੇ ਮੇਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਬੁਰੇ ਲੋਕ ਪਰਮੇਸ਼ੁਰ ਬਾਰੇ ਨਹੀਂ ਜਾਣਦੇ।
    ਬੁਰੇ ਵਿਅਕਤੀਆਂ ਕੋਲ ਚੋਖਾ ਭੋਜਨ ਹੈ
    ਅਤੇ ਉਹ ਯਹੋਵਾਹ ਦੀ ਉਪਾਸਨਾ ਨਹੀਂ ਕਰਦੇ।
ਉਹ ਬੁਰੇ ਲੋਕ ਕਿਸੇ ਗਰੀਬ ਪਾਸੋਂ ਚੰਗਿਆਈ ਨਹੀਂ ਸੁਣਨਾ ਚਾਹੁੰਦੇ।
    ਕਿਉਂਕਿ ਉਹ ਗਰੀਬ ਆਦਮੀ ਪਰਮੇਸ਼ੁਰ ਉੱਤੇ ਨਿਰਭਰ।
ਪਰ ਪਰਮੇਸ਼ੁਰ ਹਮੇਸ਼ਾ ਭਗਤ ਬੰਦਿਆਂ ਦੇ ਨਾਲ ਹੈ।
    ਇਸੇ ਲਈ ਬੁਰੇ ਬੰਦਿਆਂ ਨੂੰ ਵੱਡੇਰਾ ਭੈ ਹੈ।

ਸੀਯੋਨ ਪਰਬਤ ਉੱਤੇ ਕੌਣ ਹੈ ਜੋ ਇਸਰਾਏਲ ਦੀ ਰੱਖਿਆ ਕਰ ਸੱਕਦਾ?
    ਯਹੋਵਾਹ ਹੀ ਹੈ ਜੋ ਇਸਰਾਏਲ ਨੂੰ ਬਚਾ ਸੱਕਦਾ।
ਯਹੋਵਾਹ ਦੇ ਲੋਕਾਂ ਨੂੰ ਕੈਦੀਆਂ ਵਾਂਗ ਲੈ ਲਿਆ ਗਿਆ ਹੈ।
    ਪਰ ਪਰਮੇਸ਼ੁਰ ਆਪਣੇ ਲੋਕਾਂ ਨੂੰ ਵਾਪਸ ਲਿਆਵੇਗਾ।
    ਫ਼ੇਰ ਯਾਕੂਬ (ਇਸਰਾਏਲ) ਬਹੁਤ ਖੁਸ਼ ਹੋਵੇਗਾ।

ਯਿਰਮਿਯਾਹ 37:3-21

ਰਾਜੇ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨਾਂ ਦੇ ਇੱਕ ਬੰਦੇ ਅਤੇ ਮਅਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਨਬੀ ਯਿਰਮਿਯਾਹ ਵੱਲ ਇਹ ਸੰਦੇਸ਼ ਦੇਕੇ ਭੇਜਿਆ: “ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰ।”

ਉਸ ਸਮੇਂ, ਯਿਰਮਿਯਾਹ ਨੂੰ ਹਾਲੀ ਕੈਦ ਵਿੱਚ ਨਹੀਂ ਸੀ ਸੁੱਟਿਆ ਗਿਆ, ਇਸ ਲਈ ਉਹ ਜਿੱਥੇ ਜੀ ਚਾਹੇ ਜਾਣ ਲਈ ਸੁਤੰਤਰ ਸੀ। ਅਤੇ ਓਸੇ ਸਮੇਂ ਹੀ, ਫਿਰਊਨ ਦੀ ਫ਼ੌਜ ਵੀ ਮਿਸਰ ਤੋਂ ਯਹੂਦਾਹ ਵੱਲ ਕੂਚ ਕਰ ਦਿੱਤਾ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਸ਼ਹਿਰ ਨੂੰ ਹਰਾਉਣ ਲਈ ਘੇਰਾ ਪਾ ਲਿਆ ਸੀ। ਫ਼ੇਰ ਉਨ੍ਹਾਂ ਨੇ ਮਿਸਰ ਵੱਲੋਂ ਆ ਰਹੀ ਫ਼ੌਜ ਬਾਰੇ ਸੁਣਿਆ। ਇਸ ਲਈ ਬਾਬਲ ਦੀ ਫ਼ੌਜ ਮਿਸਰ ਦੀ ਫ਼ੌਜ ਨਾਲ ਲੜਨ ਲਈ ਚੱਲ ਚੁੱਕੀ ਸੀ।

ਯਹੋਵਾਹ ਵੱਲੋਂ ਨਬੀ ਯਿਰਮਿਯਾਹ ਨੂੰ ਸੰਦੇਸ਼ ਮਿਲਿਆ: “ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਯਹੂਕਲ ਅਤੇ ਸਫ਼ਨਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਤੁਹਾਨੂੰ ਮੇਰੇ ਕੋਲੋਂ ਸਵਾਲ ਪੁੱਛਣ ਲਈ ਭੇਜਿਆ ਹੈ। ਰਾਜੇ ਸਿਦਕੀਯਾਹ ਨੂੰ ਇਹ ਆਖੋ: ਫਿਰਊਨ ਦੀ ਫ਼ੌਜ ਮਿਸਰ ਵਿੱਚੋਂ ਕੂਚ ਕਰਕੇ ਇੱਥੇ ਤੇਰੀ ਬਾਬਲ ਦੀ ਫ਼ੌਜ ਦੇ ਵਿਰੁੱਧ ਸਹਾਇਤਾ ਕਰਨ ਲਈ ਆ ਰਹੀ ਹੈ। ਪਰ ਫ਼ਿਰਊਨ ਦੀ ਫ਼ੌਜ ਵਾਪਸ ਮਿਸਰ ਚਲੀ ਜਾਵੇਗੀ। ਉਸਤੋਂ ਮਗਰੋਂ, ਬਾਬਲ ਦੀ ਫ਼ੌਜ ਇੱਥੇ ਵਾਪਸ ਆਵੇਗੀ। ਉਹ ਯਰੂਸ਼ਲਮ ਉੱਤੇ ਹਮਲਾ ਕਰੇਗੀ। ਫ਼ੇਰ ਬਾਬਲ ਦੀ ਉਹ ਫ਼ੌਜ ਯਰੂਸ਼ਲਮ ਉੱਤੇ ਕਬਜ਼ਾ ਕਰੇਗੀ ਅਤੇ ਸਾੜ ਦੇਵੇਗੀ।’ ਯਹੋਵਾਹ ਇਹ ਆਖਦਾ ਹੈ: ‘ਯਰੂਸ਼ਲਮ ਦੇ ਲੋਕੋ, ਆਪਣੇ-ਆਪ ਨੂੰ ਮੂਰਖ ਨਾ ਬਣਾਓ ਆਪਣੇ-ਆਪ ਨੂੰ ਇਹ ਨਾ ਆਖੋ, “ਬਾਬਲ ਦੀ ਫ਼ੌਜ ਸਾਨੂੰ ਅਵੱਸ਼ ਹੀ ਇੱਕਲਿਆਂ ਛੱਡ ਦੇਵੇਗੀ।” ਉਹ ਨਹੀਂ ਛੱਡੇਗੀ। 10 ਯਰੂਸ਼ਲਮ ਦੇ ਲੋਕੋ, ਭਾਵੇਂ ਤੁਸੀਂ ਬਾਬਲ ਦੀ ਉਸ ਸਾਰੀ ਫ਼ੌਜ ਨੂੰ ਹਰਾਉਣ ਦੇ ਯੋਗ ਸੀ, ਜਿਹੜੀ ਤੁਹਾਡੇ ਉੱਤੇ ਹਮਲਾ ਕਰ ਰਹੀ ਹੈ, ਪਰ ਤਾਂ ਵੀ ਕੁਝ ਜ਼ਖਮੀ ਬੰਦੇ ਉਨ੍ਹਾਂ ਦੇ ਤੰਬੂਆਂ ਵਿੱਚ ਬਚੇ ਰਹਿਣਗੇ। ਉਹ ਕੁਝ ਜ਼ਖਮੀ ਬੰਦੇ ਵੀ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਯਰੂਸ਼ਲਮ ਨੂੰ ਸਾੜ ਸੁੱਟਣਗੇ।’”

11 ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਤੋਂ ਮਿਸਰ ਦੇ ਫ਼ਿਰਊਨ ਦੀ ਫ਼ੌਜ ਨਾਲ ਜੰਗ ਕਰਨ ਲਈ ਚੱਲੀ, 12 ਤਾਂ ਯਿਰਮਿਯਾਹ ਯਰੂਸ਼ਲਮ ਤੋਂ ਸਫ਼ਰ ਕਰਕੇ ਬਿਨਯਾਮੀਨ ਦੀ ਧਰਤੀ ਉੱਤੇ ਜਾਣਾ ਚਾਹੁੰਦਾ ਸੀ। ਉਹ ਓੱਥੇ ਆਪਣੇ ਪਰਿਵਾਰ ਦੀ ਜੈਦਾਦ ਦੇ ਵੰਡ ਦੇ ਮਸਲੇ ਨੂੰ ਹੱਲ ਕਰਨ ਜਾ ਰਿਹਾ ਸੀ। 13 ਪਰ ਜਦੋਂ ਯਿਰਮਿਯਾਹ ਯਰੂਸ਼ਲਮ ਦੇ ਬਿਨਯਾਮੀਨ ਦਰਵਾਜ਼ੇ ਤੇ ਅਪੜਿਆ ਤਾਂ ਗਾਰਦ ਦੇ ਕਪਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਪਤਾਨ ਦਾ ਨਾਮ ਯਿਰੀਯਾਹ ਸੀ। ਯਿਰੀਯਾਹ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਹਨਨਯਾਹ ਦਾ ਪੁੱਤਰ ਸੀ। ਇਸ ਲਈ ਕਪਤਾਨ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਖਿਆ, “ਯਿਰਮਿਯਾਹ ਤੂੰ ਸਾਨੂੰ ਛੱਡ ਕੇ ਬਾਬਲ ਵਾਲਿਆਂ ਨਾਲ ਰਲਣ ਲਈ ਜਾ ਰਿਹਾ ਹੈਂ।”

14 ਯਿਰਮਿਯਾਹ ਨੇ ਯਿਰੀਯਾਹ ਨੂੰ ਆਖਿਆ, “ਇਹ ਸੱਚ ਨਹੀਂ ਹੈ। ਮੈਂ ਇੱਥੋਂ ਬਾਬਲ ਵਾਲਿਆਂ ਨਾਲ ਰਲਣ ਲਈ ਨਹੀਂ ਜਾ ਰਿਹਾ।” ਪਰ ਯਿਰੀਯਾਹ ਨੇ ਯਿਰਮਿਯਾਹ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਅਤੇ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਯਰੂਸ਼ਲਮ ਦੇ ਸ਼ਾਹੀ ਅਧਿਕਾਰੀਆਂ ਕੋਲ ਲੈ ਗਿਆ। 15 ਉਹ ਅਧਿਕਾਰੀ ਯਿਰਮਿਯਾਹ ਨਾਲ ਬਹੁਤ ਨਾਰਾਜ਼ ਹੋਏ। ਉਨ੍ਹਾਂ ਨੇ ਯਿਰਮਿਯਾਹ ਨੂੰ ਜਿਸਮਾਨੀ ਸਜ਼ਾ ਦੇਣ ਦਾ ਹੁਕਮ ਦੇ ਦਿੱਤਾ। ਫ਼ੇਰ ਉਨ੍ਹਾਂ ਨੇ ਯਿਰਮਿਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਕੈਦ ਯਹੋਨਾਥਾਨ ਨਾਂ ਦੇ ਇੱਕ ਬੰਦੇ ਦੇ ਮਕਾਨ ਅੰਦਰ ਸੀ। ਯਹੋਨਾਥਾਨ ਯਹੂਦਾਹ ਦੇ ਰਾਜੇ ਦਾ ਮੁਣਸ਼ੀ ਸੀ। ਯਹੋਨਾਥਾਨ ਦੇ ਮਕਾਨ ਨੂੰ ਕੈਦਖਾਨਾ ਬਣਾ ਦਿੱਤਾ ਗਿਆ ਸੀ। 16 ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਯਹੋਨਾਥਾਨ ਦੇ ਮਕਾਨ ਦੀ ਇੱਕ ਕੋਠੜੀ ਵਿੱਚ ਕੈਦ ਕਰ ਦਿੱਤਾ। ਕੋਠੜੀ ਜ਼ਮੀਨ ਦੇ ਅੰਦਰ ਬਣਿਆ ਇੱਕ ਭੋਰਾ ਸੀ। ਯਿਰਮਿਯਾਹ ਲੰਮੇ ਸਮੇਂ ਤੀਕ ਓੱਥੇ ਹੀ ਰਿਹਾ।

17 ਫ਼ੇਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਸੱਦਿਆ ਅਤੇ ਉਸ ਨੂੰ ਰਾਜ ਮਹਿਲ ਵਿੱਚ ਲਿਆਂਦਾ ਗਿਆ। ਸਿਦਕੀਯਾਹ ਨੇ ਯਿਰਮਿਯਾਹ ਨਾਲ ਇੱਕਾਂਤ ਵਿੱਚ ਗੱਲ ਕੀਤੀ। ਉਸ ਨੇ ਯਿਰਮਿਯਾਹ ਨੂੰ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?”

ਯਿਰਮਿਯਾਹ ਨੇ ਜਵਾਬ ਦਿੱਤਾ, “ਹਾਂ, ਯਹੋਵਾਹ ਵੱਲੋਂ ਸੰਦੇਸ਼ ਹੈ। ਸਿਦਕੀਯਾਹ ਤੈਨੂੰ ਬਾਬਲ ਦੇ ਰਾਜੇ ਦੇ ਹਵਾਲੇ ਕੀਤਾ ਜਾਵੇਗਾ।” 18 ਤਾਂ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਤੇਰੇ ਜਾਂ ਤੇਰੇ ਅਧਿਕਾਰੀਆਂ ਜਾਂ ਯਰੂਸ਼ਲਮ ਦੇ ਲੋਕਾਂ ਦੇ ਖਿਲਾਫ਼ ਕਿਹੜਾ ਜ਼ੁਰਮ ਕੀਤਾ ਹੈ? ਤੂੰ ਮੈਨੂੰ ਕੈਦ ਵਿੱਚ ਕਿਉਂ ਸੁੱਟਿਆ ਹੈ? 19 ਰਾਜੇ ਸਿਦਕੀਯਾਹ, ਕਿੱਥੋ ਨੇ ਤੇਰੇ ਨਬੀ ਹੁਣ? ਉਨ੍ਹਾਂ ਨਬੀਆਂ ਨੇ ਤੈਨੂੰ ਝੂਠੇ ਸੰਦੇਸ਼ ਦਾ ਪ੍ਰਚਾਰ ਕੀਤਾ। ਉਨ੍ਹਾਂ ਆਖਿਆ ਸੀ, ‘ਬਾਬਲ ਦਾ ਰਾਜਾ ਤੇਰੇ ਉੱਤੇ ਜਾਂ ਯਹੂਦਾਹ ਦੀ ਇਸ ਧਰਤੀ ਉੱਤੇ ਹਮਲਾ ਨਹੀਂ ਕਰੇਗਾ।’ 20 ਪਰ ਹੁਣ, ਮੇਰੇ ਮਾਲਕ, ਯਹੂਦਾਹ ਦੇ ਪਾਤਸ਼ਾਹ, ਕਿਰਪਾ ਕਰਕੇ ਮੇਰੀ ਗੱਲ ਸੁਣੋ। ਮੈਨੂੰ ਤੇਰੇ ਅੱਗੇ ਆਪਣੀ ਬੇਨਤੀ ਪੇਸ਼ ਕਰਨ ਦੇ: ਮੈਨੂੰ ਲਿਖਾਰੀ ਯਹੋਨਾਥਾਨ ਦੇ ਘਰ ਵਾਪਸ ਨਾ ਭੇਜ। ਜੇ ਤੂੰ ਮੈਨੂੰ ਵਾਪਸ ਭੇਜੇਁਗਾ ਮੈਂ ਓੱਥੇ ਮਰ ਜਾਵਾਂਗਾ।”

21 ਇਸ ਲਈ ਰਾਜੇ ਸਿਦਕੀਯਾਹ ਨੇ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਗਾਰਦ ਦੀ ਨਿਗਰਾਨੀ ਵਿੱਚ ਰੱਖ ਦਿੱਤਾ ਜਾਵੇ। ਅਤੇ ਉਸ ਨੇ ਇਹ ਵੀ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਗਲੀ ਦੇ ਨਾਨਬਾਈਆਂ ਦੀ ਰੋਟੀ ਦਿੱਤੀ ਜਾਵੇ। ਯਿਰਮਿਯਾਹ ਨੂੰ ਉਦੋਂ ਤੀਕ ਰੋਟੀ ਦਿੱਤੀ ਗਈ ਜਦੋਂ ਤੀਕ ਕਿ ਸ਼ਹਿਰ ਵਿੱਚੋਂ ਰੋਟੀ ਮੁੱਕ ਨਹੀਂ ਗਈ। ਇਸ ਲਈ ਯਿਰਮਿਯਾਹ ਵਰਾਂਡੇ ਵਿੱਚ ਨਜ਼ਰ ਬੰਦ ਰਿਹਾ।

1 ਕੁਰਿੰਥੀਆਂ ਨੂੰ 14:13-25

13 ਇਸ ਲਈ ਜਿਸ ਵਿਅੱਕਤੀ ਕੋਲੋਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਹੈ ਉਸ ਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਜੋ ਉਹ ਕਹਿੰਦਾ ਹੈ ਉਸਦੀ ਵਿਆਖਿਆ ਵੀ ਕਰ ਸੱਕੇ। 14 ਜਦੋਂ ਮੈਂ ਕਿਸੇ ਦੂਸਰੀ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹਾਂ, ਸਿਰਫ਼ ਮੇਰਾ ਆਤਮਾ ਹੀ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਜਿੱਥੇ ਕਿ ਮੇਰਾ ਮਨ ਇਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰਦਾ। 15 ਤਾਂ ਫ਼ੇਰ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਆਪਣੇ ਆਤਮਾ ਨਾਲ ਪ੍ਰਾਰਥਨਾ ਕਰਾਂਗਾ, ਪਰ ਮੈਂ ਆਪਣੇ ਮਨ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਪਣੇ ਆਤਮਾ ਨਾਲ ਗਾਵਾਂਗਾ, ਪਰ ਮੈਂ ਆਪਣੇ ਮਨ ਨਾਲ ਵੀ ਗਾਵਾਂਗਾ। 16 ਤੁਸੀਂ ਸ਼ਾਇਦ ਆਪਣੇ ਆਤਮਾ ਨਾਲ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਹੋਵੋਂ। ਪਰ ਉਹ ਵਿਅਕਤੀ ਜਿਹੜਾ ਤੁਹਾਡੇ ਧੰਨਵਾਦ ਦੀ ਭਾਸ਼ਾ ਨਹੀਂ ਸਮਝਦਾ ਉਹ “ਆਮੀਨ” ਕਹਿਣ ਦੇ ਯੋਗ ਕਿਵੇਂ ਹੋਵੇਗਾ। ਕਿਉਂਕਿ ਉਸ ਨੂੰ ਇਹ ਜਾਣਕਾਰੀ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ। 17 ਤੁਸੀਂ ਭਾਵੇਂ ਪਰਮੇਸ਼ੁਰ ਦਾ ਸ਼ੁਕਰ ਸਹੀ ਢੰਗ ਨਾਲ ਕਰ ਰਹੇ ਹੋਵੋਂ, ਪਰ ਇਹ ਕਿਸੇ ਵੀ ਢੰਗ ਨਾਲ ਦੂਸਰੇ ਵਿਅਕਤੀ ਦੀ ਮਦਦ ਨਹੀਂ ਕਰਦਾ।

18 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ, ਤੁਹਾਡੇ ਵਿੱਚੋਂ ਕਿਸੇ ਨਾਲੋਂ ਵੀ ਵੱਧ, ਮੈਨੂੰ ਦਿੱਤੀ ਗਈ ਹੈ। 19 ਪਰ ਕਲੀਸਿਯਾ ਦੀਆਂ ਇੱਕਤਰਤਾਵਾਂ ਵਿੱਚ, ਮੈਂ ਅਜਿਹੇ ਪੰਜ ਸ਼ਬਦ ਬੋਲਣੇ ਪਸੰਦ ਕਰਾਂਗਾ ਜੋ ਮੈਂ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਹਜ਼ਾਰਾਂ ਸ਼ਬਦ ਬੋਲਣ ਨਾਲੋਂ ਵੀ ਵੱਧ ਸਮਝਦਾ ਹਾਂ। ਮੈਂ ਆਪਣੀ ਸਮਝ ਨਾਲ ਬੋਲਣਾ ਵੱਧੇਰੇ ਪਸੰਦ ਕਰਾਂਗਾ ਤਾਂ ਜੋ ਮੈਂ ਹੋਰਨਾਂ ਨੂੰ ਸਿੱਖਿਆ ਦੇ ਸੱਕਾਂ।

20 ਭਰਾਵੋ ਅਤੇ ਭੈਣੋ, ਮੈਂ ਬੱਚਿਆਂ ਵਾਂਗ ਨਹੀਂ ਸੋਚਦਾ। ਬਦੀ ਦੀਆਂ ਗੱਲਾਂ ਵਿੱਚ ਅਸੀਂ ਬੱਚਿਆਂ ਨੂੰ ਪਸੰਦ ਕਰਦੇ ਹਾਂ। ਪਰ ਤੁਹਾਨੂੰ ਆਪਣੀ ਸੋਚ ਵਿੱਚ ਪ੍ਰੌਢ ਲੋਕਾਂ ਵਾਂਗ ਹੋਣਾ ਚਾਹੀਦਾ ਹੈ। 21 ਪੋਥੀਆਂ ਵਿੱਚ ਲਿਖਿਆ ਹੈ:

“ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਰਾਹੀਂ
    ਅਤੇ ਪਰਦੇਸੀਆਂ ਦੇ ਬੁੱਲ੍ਹਾਂ ਦੁਆਰਾ
ਮੈਂ ਇਨ੍ਹਾਂ ਲੋਕਾਂ ਨਾਲ ਗੱਲਾਂ ਕਰਾਂਗਾ,
    ਪਰੰਤੂ ਤਾਂ ਵੀ ਇਹ ਲੋਕ ਮੇਰੀ ਆਗਿਆ ਦਾ ਪਾਲਣ ਨਹੀਂ ਕਰਨਗੇ।” (A)

ਇਹੀ ਹੈ ਜੋ ਪ੍ਰਭੂ ਆਖਦਾ ਹੈ।

22 ਇਸ ਲਈ ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਉਨ੍ਹਾਂ ਲਈ ਇੱਕ ਪ੍ਰਮਾਣ ਹੈ, ਜੋ ਵਿਸ਼ਵਾਸੀ ਹਨ, ਨਾ ਕਿ ਅਵਿਸ਼ਵਾਸੀਆਂ ਲਈ। ਅਗੰਮੀ ਵਾਕ ਨਿਹਚਾਵਾਨਾਂ ਲਈ ਹਨ, ਨਾ ਕਿ ਅਵਿਸ਼ਵਾਸੀਆਂ ਲਈ। 23 ਫ਼ਰਜ਼ ਕਰੋ ਕਿ ਸਮੁੱਚੀ ਕਲੀਸਿਯਾ ਇਕੱਠੀ ਹੁੰਦੀ ਹੈ ਅਤੇ ਤੁਸੀਂ ਸਾਰੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹੋ। ਜੇ ਕੁਝ ਲੋਕ, ਜਿਹੜੇ ਸਮਝ ਨਹੀਂ ਸੱਕਦੇ ਜਾਂ ਅਵਿਸ਼ਵਾਸੀ ਹਨ, ਉੱਥੇ ਆਉਂਦੇ ਹਨ, ਉਹ ਆਖਣਗੇ ਕਿ ਤੁਸੀਂ ਕਮਲੇ ਹੋ ਗਏ ਹੋ। 24 ਪਰੰਤੂ ਫ਼ਰਜ਼ ਕਰੋ ਤੁਸੀਂ ਸਾਰੇ ਅਗੰਮ ਵਾਕ ਕਰ ਰਹੇ ਹੋ ਅਤੇ ਇੱਕ ਵਿਅਕਤੀ ਅਜਿਹਾ ਆਉਂਦਾ ਹੈ ਜੋ ਵਿਸ਼ਵਾਸ ਨਹੀਂ ਕਰਦਾ ਜਾਂ ਨਾ ਸਮਝ ਹੈ। ਜੇ ਤੁਸੀਂ ਸਾਰੇ ਭਵਿੱਖਬਾਣੀ ਕਰ ਰਹੇ ਹੋ, ਫ਼ੇਰ ਇਹ ਉਸ ਵਿਅਕਤੀ ਦੇ ਪਾਪਾਂ ਨੂੰ ਪ੍ਰਦਰਸ਼ਿਤ ਕਰਨਗੇ, ਅਤੇ ਉਸਦੀ ਪਰੱਖ ਤੁਹਾਡੇ ਸਾਰਿਆਂ ਦੇ ਆਖਣ ਦੇ ਆਧਾਰ ਉੱਤੇ ਹੋਵੇਗੀ। 25 ਉਸ ਦੇ ਦਿਲ ਦੀਆਂ ਗੁਪਤ ਗੱਲਾਂ ਚਾਨਣ ਵਿੱਚ ਆ ਜਾਣਗੀਆਂ। ਇਸ ਲਈ ਉਹ ਵਿਅਕਤੀ ਝੁਕ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ। ਉਹ ਆਖੇਗਾ, “ਕਿ ਸੱਚਮੁੱਚ ਹੀ ਪਰਮੇਸ਼ੁਰ ਤੁਹਾਡੇ ਨਾਲ ਹੈ।”

ਮੱਤੀ 10:24-33

24 “ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ 25 ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ‘ਮਾਲਕ ਨੂੰ ਬਆਲ-ਜ਼ਬੂਲ’ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸੱਦਿਆ ਜਾਵੇਗਾ।

ਪਰਮੇਸ਼ੁਰ ਤੋਂ ਡਰੋ ਲੋਕਾਂ ਤੋਂ ਨਹੀਂ(A)

26 “ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹੜੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ। 27 ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁੱਲੇਆਮ ਪ੍ਰਚਾਰ ਕਰੋ।

28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ। 29 ਇੱਕ ਪੈਸੇ ਨੂੰ ਦੀਆਂ ਦੋ ਚਿੜੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸੱਕਦੀ। 30 ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ। 31 ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵੱਧ ਉੱਤਮ ਹੋ।

ਲੋਕਾਂ ਨੂੰ ਤੁਹਾਡੇ ਵਿਸ਼ਵਾਸ ਬਾਰੇ ਦੱਸਣਾ(B)

32 “ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ। 33 ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।

Punjabi Bible: Easy-to-Read Version (ERV-PA)

2010 by World Bible Translation Center