Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 1-4

ਭਾਗ

(ਜ਼ਬੂਰ 1-41)

ਉਹ ਵਿਅਕਤੀ ਵਡਭਾਗਾ ਹੈ
    ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
    ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
    ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
    ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
    ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।

ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
    ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
    ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
    ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।

ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ?
    ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
ਉਨ੍ਹਾਂ ਦੇ ਰਾਜੇ ਅਤੇ ਆਗੂ ਯਹੋਵਾਹ ਦੇ ਖਿਲਾਫ਼ ਅਤੇ ਉਸ ਰਾਜੇ ਦੇ ਖਿਲਾਫ਼ ਲੜਨ ਲਈ
    ਇੱਕ ਜੁਟ ਹੋ ਗਏ ਹਨ ਜੋ ਉਸ ਦੁਆਰਾ ਚੁਣਿਆ ਗਿਆ ਹੈ।
ਉਨ੍ਹਾਂ ਆਗੂਆਂ ਨੇ ਆਖਿਆ, “ਯਹੋਵਾਹ ਦੇ ਖਿਲਾਫ਼ ਨਾਲੇ ਉਸ ਰਾਜੇ ਦੇ ਖਿਲਾਫ਼ ਵਿਦ੍ਰੋਹ ਕਰੀਏ ਜੋ ਉਸ ਦੁਆਰਾ ਚੁਣਿਆ ਗਿਆ ਹੈ।
    ਆਓ। ਆਪਾਂ ਇਨ੍ਹਾਂ ਬੰਧਨਾਂ ਨੂੰ ਵੱਢ ਸੁੱਟੀਏ ਜਿਨ੍ਹਾਂ ਨੇ ਸਾਨੂੰ ਬੰਨ੍ਹ ਰੱਖਿਆ ਹੈ ਅਤੇ ਉਨਾਂ ਤੋਂ ਆਜ਼ਾਦ ਹੋ ਜਾਈਏ।”

ਪਰ ਮੇਰਾ ਮਾਲਕ, ਸਵਰਗ ਦਾ ਰਾਜਾ,
    ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ।
ਪਰਮੇਸ਼ੁਰ ਗੁੱਸੇ ਹੈ ਅਤੇ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ,
    “ਇਹ ਮੈਂ ਹੀ ਸੀ ਜਿਸਨੇ ਉਸ ਆਦਮੀ ਨੂੰ ਰਾਜਾ ਹੋਣ ਲਈ ਚੁਣਿਆ ਸੀ।
ਅਤੇ ਉਹ ਪਰਬਤ ਸੀਯੋਨ ਉੱਤੇ ਰਾਜ ਕਰੇਗਾ।
    ਸੀਯੋਨ ਮੇਰਾ ਪਵਿੱਤਰ ਪਰਬਤ ਹੈ।
    ਅਤੇ ਇਸ ਨਾਲ ਉਹ ਆਗੂ ਭੈਭੀਤ ਹੋ ਰਹੇ ਹਨ।”

ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਕਰਾਰ ਬਾਰੇ ਦੱਸਾਂਗਾ।
ਪਰਮੇਸ਼ੁਰ ਨੇ ਮੈਨੂੰ ਆਖਿਆ।
    “ਅੱਜ ਤੋਂ ਮੈਂ ਤੇਰਾ ਪਿਤਾ ਹਾਂ।
    ਅਤੇ ਤੂੰ ਮੇਰਾ ਪੁੱਤਰ ਹੈਂ।
ਤੁਸੀਂ ਮੈਥੋਂ ਜਿਸ ਕਾਸੇ ਦੀ ਵੀ ਮੰਗ ਕਰੋਂਗੇ, ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਦਿਆਂਗਾ।
    ਸਾਰੀ ਧਰਤੀ ਦੇ ਲੋਕ ਤੇਰੇ ਆਪਣੇ ਹੋਣਗੇ।
ਉਨ੍ਹਾਂ ਕੌਮਾਂ ਨੂੰ ਤਬਾਹ ਕਰਨ ਯੋਗ ਹੋਵੇਂਗਾ,
    ਜਿਵੇਂ ਲੋਹੇ ਦਾ ਡੰਡਾ ਮਿੱਟੀ ਦੇ ਗਮਿਲਆਂ ਨੂੰ ਚਕਨਾਚੂਰ ਕਰਨ ਦੇ ਯੋਗ ਹੁੰਦਾ ਹੈ।”

10 ਇਸੇ ਲਈ, ਰਾਜਿਓ ਤੁਸੀਂ ਸਿਆਣੇ ਬਣੋ।
    ਤੁਸੀਂ ਸਾਰੇ ਆਗੂਓ, ਇਹ ਸਬਕ ਸਿੱਖ ਲਉ।
11 ਯਹੋਵਾਹ ਨੂੰ ਸ਼ਰਧਾ ਨਾਲ ਮੰਨੋ।
12 ਦਰਸ਼ਾਉ ਕਿ ਤੁਸੀਂ ਸਾਰੇ ਪਰਮੇਸ਼ੁਰ ਦੇ ਪੁੱਤਰ ਨੂੰ ਵਫ਼ਾਦਾਰ ਹੋ।
    ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਉਹ ਗੁੱਸੇ ਹੋਵੇਗਾ ਤੇ ਤੁਹਾਨੂੰ ਖਤਮ ਕਰ ਦੇਵੇਗਾ।
ਉਹ ਵਡਭਾਗੇ ਹਨ ਜਿਹੜੇ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ।
    ਪਰ ਹੋਰਾਂ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ।
    ਯਹੋਵਾਹ ਆਪਣਾ ਗੁੱਸਾ ਦਰਸਾਉਣ ਲਈ ਤਿਆਰ ਹੈ।

ਇੱਕ ਦਾਊਦ ਦਾ ਗੀਤ ਹੈ ਜਦੋਂ ਉਹ ਆਪਣੇ ਪੁੱਤਰ ਐਬਸਾਲੋਨ ਕੋਲੋਂ ਭੱਜ ਗਿਆ ਸੀ।

ਹੇ ਯਹੋਵਾਹ, ਮੇਰੇ ਕਈ ਦੁਸ਼ਮਣ ਹਨ।
    ਬਹੁਤ ਲੋਕੀ ਮੇਰੇ ਖਿਲਾਫ਼ ਹੋ ਗਏ ਨੇ।
ਬਹੁਤ ਲੋਕ ਮੇਰੇ ਬਾਰੇ ਬੁਰੀਆਂ ਗੱਲਾਂ ਕਰ ਰਹੇ ਹਨ।
ਉਹ ਲੋਕ ਆਖਦੇ ਨੇ, “ਪਰਮੇਸ਼ੁਰ ਇਸ ਨੂੰ ਨਹੀਂ ਬਚਾਵੇਗਾ।”

ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ।
    ਤੂੰ ਮੇਰੀ ਮਹਿਮਾ ਹੈਂ।
    ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।

ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ
    ਤੇ ਉਹ ਮੈਨੂੰ ਆਪਣੇ ਪਵਿੱਤਰ ਪਰਬਤ ਉੱਤੋਂ ਉੱਤਰ ਦੇਵੇਗਾ।

ਹੁਣ ਮੈਂ ਪੱਥਰ ਉੱਤੇ ਪੈਕੇ ਅਰਾਮ ਕਰ ਸੱਕਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਮੈਂ ਜਾਗ ਪਵਾਂਗਾ।
    ਕਿਉਂ? ਕਿਉਂਕਿ ਯਹੋਵਾਹ ਮੈਨੂੰ ਕੱਜਦਾ ਹੈ ਤੇ ਉਹ ਮੈਨੂੰ ਆਸਰਾ ਦਿੰਦਾ ਹੈ।
ਹਜ਼ਾਰਾਂ ਸਿਪਾਹੀਆਂ ਨੂੰ ਮੈਨੂੰ ਘੇਰ ਲੈਣ ਦਿਉ
    ਮੈਂ ਉਨ੍ਹਾਂ ਦੁਸ਼ਮਣਾਂ ਤੋਂ ਨਹੀਂ ਡਰਾਂਗਾ।

ਯਹੋਵਾਹ, ਉੱਠੋ।
    ਮੇਰੇ ਪਰਮੇਸ਼ੁਰ ਆਕੇ ਮੈਨੂੰ ਬਚਾਓ!
ਤੁਸੀਂ ਬਹੁਤ ਬਲਵਾਨ ਹੋ!
    ਤੁਹਾਡਾ ਇੱਕ ਵੀ ਥਪੜ ਮੇਰੇ ਦੁਸ਼ਮਣਾਂ ਦੇ ਸਾਰੇ ਦੰਦ ਤੋੜਨ ਲਈ ਕਾਫ਼ੀ ਹੈ।

ਹੇ ਯਹੋਵਾਹ, ਜਿੱਤ ਤੇਰੀ ਹੀ ਹੈ।
    ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।

ਨਿਰਦੇਸ਼ਕ ਲਈ। ਤਾਰਾਂ ਵਾਲੇ ਸਾਜ਼ਾਂ ਨਾਲ ਦਾਊਦ ਦਾ ਇੱਕ ਗੀਤ।

ਮੇਰੇ ਚੰਗੇ ਯਹੋਵਾਹ, ਮੈਂ ਜਦੋਂ ਵੀ ਪ੍ਰਾਰਥਨਾ ਕਰਾਂ ਸੁਣ ਲਵੀਂ!
    ਮੇਰੀ ਪ੍ਰਾਰਥਨਾ ਸੁਣ ਲਵੀਂ ਤੇ ਮੇਰੇ ਉੱਤੇ ਦਯਾਵਾਨ ਹੋਈਂ!
    ਮੈਨੂੰ ਮੇਰੀਆਂ ਮੁਸੀਬਤਾਂ ਤੋਂ ਰਾਹਤ ਦੇਵੀਂ!

ਹੇ ਆਦਮੀਓ, ਕਿੰਨਾ ਕੁ ਚਿਰ ਤੁਸੀਂ ਮੇਰੇ ਬਾਰੇ ਮੰਦਾ ਬੋਲੋਂਗੇ?
    ਤੁਸੀਂ ਮੇਰੇ ਬਾਰੇ ਦੱਸਣ ਲਈ ਨਵੇਂ-ਨਵੇਂ ਝੂਠਾਂ ਨੂੰ ਲੱਭਦੇ ਹੋਂ।
    ਤੁਹਾਨੂੰ ਉਨ੍ਹਾਂ ਝੂਠਾਂ ਨੂੰ ਦੱਸਣਾ ਪਿਆਰਾ ਲਗਦਾ ਹੈ। ਸਲਹ।

ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਆਪਣੇ ਚੰਗੇ ਬੰਦਿਆਂ ਦੀ ਅਵਾਜ਼ ਨੂੰ ਸੁਣਦਾ ਹੈ।
    ਇਸੇ ਲਈ ਯਹੋਵਾਹ ਮੈਨੂੰ ਵੀ ਸੁਣਦਾ ਹੈ, ਜਦੋਂ ਵੀ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ।

ਜੇਕਰ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ।
ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।
    ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿੱਚਾਰ ਕਰੋ ਅਤੇ ਫ਼ੇਰ ਨਿਸ਼ਚਿੰਤ ਹੋ ਜਾਉ।
ਯਹੋਵਾਹ ਵਿੱਚ ਯਕੀਨ ਰੱਖੋ
    ਅਤੇ ਧਰਮੀ ਗੱਲਾਂ ਕਰੋ।

ਬਹੁਤ ਲੋਕੀਂ ਪੁੱਛਦੇ ਹਨ, “ਸਾਨੂੰ ਪਰਮੇਸ਼ੁਰ ਦੀ ਚੰਗਿਆਈ ਕੌਣ ਵਿਖਾਵੇਗਾ?
    ਹੇ ਯਹੋਵਾਹ, ਅਸੀਂ ਤੁਹਾਡੀ ਕ੍ਰਿਪਾਲਤਾ ਮਾਣ ਸੱਕੀਏ।”
ਯਹੋਵਾਹ ਤੂੰ ਮੈਨੂੰ ਬਹੁਤ ਖੁਸ਼ ਕੀਤਾ ਹੈ!
    ਮੈਂ ਹੁਣ ਉਨ੍ਹਾਂ ਦਿਨਾਂ ਨਾਲੋਂ ਵੱਧੇਰੇ ਖੁਸ਼ ਹਾਂ ਜਦੋਂ ਅਸੀਂ ਵਾਢੀ ਕਰਦੇ ਹਾਂ।
ਉਹ ਦਿਨ ਜਦੋਂ ਅਸੀਂ ਜਸ਼ਨ ਮਨਾਉਂਦੇ ਹਾਂ, ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸਾਡੇ ਕੋਲ ਵੱਧੇਰੇ ਅਨਾਜ ਤੇ ਵੱਧੇਰੇ ਦਾਖਰਸ ਹੁੰਦਾ ਹੈ।
ਮੈਂ ਸ਼ਾਂਤੀ ਨਾਲ ਸੌਁਦਾ ਹਾਂ।
    ਕਿਉਂਕਿ ਹੇ ਯਹੋਵਾਹ, ਤੂੰ ਮੈਨੂੰ ਸੁਰੱਖਿਅਤ ਰੱਖਦਾ ਹੈਂ ਜਦੋਂ ਮੈਂ ਨੀਂਦਰ ਵਿੱਚ ਹੁੰਦਾ ਹਾਂ।

ਜ਼ਬੂਰ 7

ਦਾਊਦ ਦਾ ਇੱਕ ਗੀਤ, ਜਿਹੜਾ ਉਸ ਨੇ ਯਹੋਵਾਹ ਨੂੰ ਸੁਣਾਇਆ ਸੀ। ਇਹ ਗੀਤ ਕੂਸ਼ ਬਾਰੇ ਹੈ [a] ਜੋ ਕਿ ਬਿਨਯਾਮਿਨ ਦੇ ਪਰਿਵਾਰਿਕ ਸਮੂਹ ਵਿੱਚੋਂ ਸੀ।

ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਸ਼ਰਨ ਲੈਂਦਾ ਹਾਂ।
    ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾ ਜਿਹੜੇ ਮੇਰੇ ਪਿੱਛੇ ਹਨ। ਮੈਨੂੰ ਬਚਾਉ।
ਜੇ ਤੂੰ ਮੈਨੂੰ ਨਹੀਂ ਬਚਾਵੇਂਗਾ, ਮੈਂ ਸ਼ੇਰ ਦੁਆਰਾ ਫ਼ੜੇ ਅਤੇ ਧੂਏ ਜਾਣ ਵਾਲੇ ਜਾਨਵਰ ਵਰਗਾ ਹੋਵਾਂਗਾ।
    ਜਿਸ ਨੂੰ ਕੋਈ ਵੀ ਨਹੀਂ ਬਚਾਉਂਦਾ।
ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਕੋਈ ਮੰਦਾ ਕੰਮ ਨਹੀਂ ਕੀਤਾ।
ਮੈਂ ਵਾਅਦਾ ਕਰਦਾ ਹਾਂ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ।
ਮੈਂ ਆਪਣੇ ਕਿਸੇ ਵੀ ਸਹਾਇਕ ਦਾ ਮੰਦਾ ਕੰਮ ਨਹੀਂ ਕੀਤਾ।
    ਅਤੇ ਨਾ ਹੀ ਆਪਣੇ ਸਹਾਇਕ ਦੇ ਦੁਸ਼ਮਣਾਂ ਦੀ ਕੋਈ ਮਦਦ ਕੀਤੀ ਹੈ।
ਜੇ ਇਹ ਸੱਚ ਨਹੀਂ ਹੈ, ਤਾਂ ਮੈਨੂੰ ਸਜ਼ਾ ਦੇਵੋ।
    ਮੇਰੇ ਦੁਸ਼ਮਣ ਨੂੰ ਮੇਰਾ ਪਿੱਛਾ ਕਰਨ ਦਿਉ, ਤੇ ਉਸ ਨੂੰ ਮੈਨੂੰ ਮਾਰ ਲੈਣ ਦਿਉ।
    ਉਸ ਨੂੰ ਮੈਨੂੰ ਧਰਤੀ ਅੰਦਰ ਦੱਬ ਲੈਣ ਦਿਉ ਅਤੇ ਮੈਨੂੰ ਮਿਧਣ ਦਿਉ ਅਤੇ ਮੇਰੀ ਰੂਹ ਨੂੰ ਗੰਦਗੀ ਅੰਦਰ ਪਾ ਲੈਣ ਦਿਉ।

ਹੇ ਯਹੋਵਾਹ, ਉੱਠੋ ਤੇ ਆਪਣਾ ਗੁੱਸਾ ਦਿਖਾਉ।
    ਮੇਰਾ ਵੈਰੀ ਗੁੱਸੇ ਹੈ। ਇਸ ਲਈ ਤੁਸੀਂ ਉੱਠੋ ਤੇ ਉਸ ਦੇ ਵਿਰੁੱਧ ਲੜੋ।
    ਹੇ ਪਰਮੇਸ਼ੁਰ, ਉੱਠੋ ਤੇ ਨਿਆਂ ਦੀ ਘੋਸ਼ਣਾ ਕਰੋ।
ਯਹੋਵਾਹ, ਲੋਕਾਂ ਦਾ ਨਿਆਂ ਕਰੋ।
    ਕੌਮਾਂ ਨੂੰ ਇਕੱਠਿਆਂ ਤੁਹਾਡਾ ਸਾਹਮਣਾ ਕਰਨ ਦਿਉ।
ਅਤੇ ਲੋਕਾਂ ਦਾ ਨਿਆਂ ਕਰੋ।
    ਯਹੋਵਾਹ, ਮੇਰਾ ਨਿਆਂ ਕਰੋ।
    ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
ਮੰਦੇ ਲੋਕਾਂ ਨੂੰ ਸਜ਼ਾ ਦਿਉ,
    ਅਤੇ ਚੰਗੇ ਲੋਕਾਂ ਦੇ ਸਹਾਇਕ ਬਣੋ।
ਹੇ ਪਰਮੇਸ਼ੁਰ, ਤੁਸੀਂ ਚੰਗੇ ਹੋ,
    ਤੁਸੀਂ ਲੋਕਾਂ ਦੇ ਅੰਦਰਲੇ ਪਨ ਨੂੰ ਵੇਖ ਸੱਕਦੇ ਹੋ।

10 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਨਿਸ਼ਕਪਟ ਹਿਰਦੇ ਹਨ।
    ਇਸ ਲਈ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ।
11 ਪਰਮੇਸ਼ੁਰ ਸਹੀ ਨਿਆਂਕਾਰ ਹੈ।
    ਉਹ ਹਮੇਸ਼ਾ ਦੁਸ਼ਟ ਲੋਕਾਂ ਦੇ ਵਿਰੁੱਧ ਬੋਲਦਾ ਹੈ।
12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
    ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।

14 ਕੁਝ ਲੋਕ ਹਮੇਸ਼ਾ ਮੁਸੀਬਤਾਂ ਖੜੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ।
    ਉਹ ਗੁਪਤ ਯੋਜਨਾਵਾਂ ਬਣਾਉਂਦੇ ਹਨ
    ਅਤੇ ਝੂਠ ਬੋਲਦੇ ਹਨ
15 ਉਹ ਹੋਰਾਂ ਨੂੰ ਫ਼ਸਾਉਣ ਅਤੇ ਉਨ੍ਹਾਂ ਨੂੰ ਸੱਟਾਂ ਮਾਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।
    ਪਰ ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਵਣਗੇ।
16 ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ।
    ਉਹ ਹੋਰਾਂ ਲਈ ਜਾਲਮ ਸਨ।
    ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।

17 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ।
    ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।

ਯਿਰਮਿਯਾਹ 36:11-26

11 ਇੱਕ ਮੀਕਾਯਾਹ ਨਾਂ ਦੇ ਬੰਦੇ ਨੇ ਯਹੋਵਾਹ ਦੇ ਉਹ ਸਾਰੇ ਸੰਦੇਸ਼ ਸੁਣੇ ਜਿਨ੍ਹਾਂ ਨੂੰ ਬਾਰੂਕ ਨੇ ਪੱਤਰੀ ਤੋਂ ਪੜ੍ਹ ਕੇ ਸੁਣਾਇਆ। ਮੀਕਾਯਾਹ ਗਮਰਯਾਹ ਦਾ ਪੁੱਤਰ ਸੀ ਜਿਹੜਾ ਸ਼ਾਫ਼ਾਨ ਦਾ ਪੁੱਤਰ ਸੀ। 12 ਜਦੋਂ ਮੀਕਾਯਾਹ ਨੇ ਪੱਤਰੀ ਦੇ ਸੰਦੇਸ਼ਾਂ ਨੂੰ ਸੁਣਿਆ ਤਾਂ ਉਹ ਰਾਜੇ ਦੇ ਮਹਿਲ ਵਿੱਚ ਸੱਕੱਤਰ ਦੇ ਕਮਰੇ ਵਿੱਚ ਚੱਲਾ ਗਿਆ। ਸਾਰੇ ਸ਼ਾਹੀ ਅਧਿਕਾਰੀ ਰਾਜੇ ਦੇ ਮਹਿਲ ਵਿੱਚ ਓੱਥੇ ਬੈਠੇ ਹੋਏ ਸਨ। ਉਨ੍ਹਾਂ ਅਧਿਕਾਰੀਆਂ ਦੇ ਨਾਮ ਇਹ ਹਨ: ਅਲੀਸ਼ਾਮਾ ਲਿਖਾਰੀ, ਸੱਕੱਤਰ, ਸ਼ਮਅਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲ-ਨਾਥਾਨ, ਸ਼ਾਫ਼ਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਸ਼ਾਹੀ ਅਧਿਕਾਰੀ ਵੀ ਓੱਥੇ ਸਨ। 13 ਮੀਕਾਯਾਹ ਨੇ ਉਨ੍ਹਾਂ ਅਧਿਕਾਰੀਆਂ ਨੂੰ ਉਹ ਸਾਰਾ ਕੁਝ ਦੱਸਿਆ ਜਿਹ੍ਹੜਾ ਉਸ ਨੇ ਬਾਰੂਕ ਨੂੰ ਪੱਤਰੀ ਵਿੱਚੋਂ ਪੜ੍ਹਦੇ ਸੁਣਿਆ ਸੀ।

14 ਤਾਂ ਉਨ੍ਹਾਂ ਸਾਰੇ ਅਧਿਕਾਰੀਆਂ ਨੇ ਇੱਕ ਯਹੂਦੀ ਨਾਂ ਦੇ ਆਦਮੀ ਨੂੰ ਬਾਰੂਕ ਵੱਲ ਘਲਿਆ। ਯ੍ਯਹੂਦੀ ਨਬਨਯਾਹ ਦਾ ਪੁੱਤਰ ਸੀ ਜਿਹੜਾ ਕਿ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਕੂਸ਼ੀ ਦਾ ਪੁੱਤਰ ਸੀ। ਯਹੂਦੀ ਨੇ ਬਾਰੂਕ ਨੂੰ ਆਖਿਆ, “ਉਹ ਪੱਤਰੀ ਲਿਆ ਜਿਸ ਤੋਂ ਤੂੰ ਪੜ੍ਹ ਕੇ ਸੁਣਾ ਰਿਹਾ ਹੈਂ ਅਤੇ ਮੇਰੇ ਨਾਲ ਆ ਜਾ।”

ਨੇਰੀਆਹ ਦੇ ਪੁੱਤਰ ਬਾਰੂਕ ਨੇ ਪੱਤਰੀ ਫ਼ੜੀ ਅਤੇ ਯੇਹੂਦੀ ਦੇ ਨਾਲ ਅਧਿਕਾਰੀਆਂ ਵੱਲ ਚੱਲ ਪਿਆ।

15 ਫ਼ੇਰ ਉਨ੍ਹਾਂ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਬੈਠ ਜਾ ਅਤੇ ਸਾਨੂੰ ਇਹ ਪੱਤਰੀ ਪੜ੍ਹ ਕੇ ਸੁਣਾ।”

ਇਸ ਲਈ ਬਾਰੂਕ ਨੇ ਉਨ੍ਹਾਂ ਨੂੰ ਪੱਤਰੀ ਪੜ੍ਹ ਕੇ ਸੁਣਾਈ।

16 ਉਨ੍ਹਾਂ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਤੋਂ ਸਾਰੇ ਸੰਦੇਸ਼ ਸੁਣੇ। ਤਾਂ ਉਹ ਬਹੁਤ ਭੈਭੀਤ ਹੋ ਗਏ ਅਤੇ ਇੱਕ ਦੂਜੇ ਵੱਲ ਝਾਕਣ ਲੱਗੇ। ਉਨ੍ਹਾਂ ਨੇ ਬਾਰੂਕ ਨੂੰ ਆਖਿਆ, “ਸਾਨੂੰ ਪੱਤਰੀ ਦੇ ਇਨ੍ਹਾਂ ਸੰਦੇਸ਼ਾਂ ਬਾਰੇ ਰਾਜੇ ਯਹੋਯਾਕੀਮ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।” 17 ਫ਼ੇਰ ਅਧਿਕਾਰੀਆਂ ਨੇ ਬਾਰੂਕ ਤੋਂ ਇੱਕ ਸਵਾਲ ਪੁੱਛਿਆ। ਉਨ੍ਹਾਂ ਨੇ ਆਖਿਆ, “ਬਾਰੂਕ ਸ਼ਾਨੂੰ ਇਹ ਦੱਸ ਕਿ ਜਿਨ੍ਹਾਂ ਸੰਦੇਸ਼ਾਂ ਨੂੰ ਤੂੰ ਪੱਤਰੀ ਉੱਤੇ ਲਿਖਿਆ ਹੈ ਉਹ ਤੈਨੂੰ ਕਿੱਥੋਂ ਮਿਲੇ? ਕੀ ਤੂੰ ਉਹ ਗੱਲਾਂ ਲਿਖ ਲਈਆਂ ਜਿਹੜੀਆਂ ਤੈਨੂੰ ਯਿਰਮਿਯਾਹ ਨੇ ਦੱਸੀਆਂ ਸਨ?”

18 “ਹਾਂ,” ਬਾਰੂਕ ਨੇ ਜਵਾਬ ਦਿੱਤਾ। “ਯਿਰਮਿਯਾਹ ਬੋਲਦਾ ਗਿਆ ਅਤੇ ਮੈਂ ਸਾਰੇ ਸੰਦੇਸ਼ ਇਸ ਪੱਤਰੀ ਉੱਤੇ ਸਿਆਹੀ ਨਾਲ ਲਿਖ ਲੇ।”

19 ਤਾਂ ਫ਼ੇਰ ਸ਼ਾਹੀ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਤੈਨੂੰ ਅਤੇ ਯਿਰਮਿਯਾਹ ਨੂੰ ਅਵੱਸ਼ ਕਿਤੇ ਜਾਕੇ ਛੁਪ ਜਾਣਾ ਚਾਹੀਦਾ ਹੈ। ਕਿਸੇ ਨੂੰ ਇਹ ਨਹੀਂ ਦੱਸਣਾ ਕਿ ਤੁਸੀਂ ਕਿੱਥੋ ਛੁੱਪੇ ਹੋਏ ਹੋ।”

20 ਫ਼ੇਰ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖ ਦਿੱਤੀ। ਉਹ ਰਾਜੇ ਯਹੋਯਾਕੀਮ ਕੋਲ ਗਏ ਅਤੇ ਉਸ ਨੂੰ ਪੱਤਰੀ ਬਾਰੇ ਸਾਰਾ ਕੁਝ ਦੱਸ ਦਿੱਤਾ।

21 ਇਸ ਲਈ ਰਾਜੇ ਯਹੋਯਾਕੀਮ ਨੇ ਯੇਹੂਦੀ ਨੂੰ ਪੱਤਰੀ ਲਿਆਉਣ ਲਈ ਘਲਿਆ। ਯ੍ਯੇਹੂਦੀ ਨੇ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚੋਂ ਪੱਤਰੀ ਲੈ ਆਂਦੀ। ਫ਼ੇਰ ਯੇਹੂਦੀ ਨੇ ਰਾਜੇ ਅਤੇ ਉਨ੍ਹਾਂ ਸਾਰੇ ਸੇਵਾਦਾਰਾਂ ਨੂੰ ਉਹ ਪੱਤਰੀ ਪੜ੍ਹਕੇ ਸੁਣਾਈ ਜਿਹੜੇ ਰਾਜੇ ਦੇ ਆਲੇ-ਦੁਆਲੇ ਖਲੋਤੇ ਸਨ। 22 ਜਿਸ ਸਮੇਂ ਇਹ ਘਟਨਾ ਵਾਪਰੀ ਉਹ 9ਵਾਂ ਮਹੀਨਾ ਸੀ, ਇਸ ਲਈ ਰਾਜਾ ਯਹੋਯਾਕੀਮ ਆਪਣੇ ਸਰਦੀ ਦੇ ਮਹਿਲ ਵਿੱਚ ਬੈਠਾ ਹੋਇਆ ਸੀ। ਰਾਜੇ ਦੇ ਸਾਹਮਣੇ ਇੱਕ ਛੋਟੇ ਜਿਹੇ ਚੁਲ੍ਹੇ ਵਿੱਚ ਅੱਗ ਬਲ ਰਹੀ ਸੀ। 23 ਯਹੂਦੀ ਨੇ ਪੱਤਰੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਹੀ ਉਸ ਨੇ ਤਿੰਨ੍ਹ ਜਾਂ ਚਾਰ ਪੈਰੇ ਪੜ੍ਹੇ ਰਾਜੇ ਯਹੋਯਾਕੀਮ ਨੇ ਪੱਤਰੀ ਖੋਹ ਲਈ। ਫ਼ੇਰ ਉਸ ਨੇ ਪੱਤਰੀ ਤੋਂ ਉਹ ਹਿੱਸੇ ਛੋਟੇ ਜਿਹੇ ਚਾਕੂ ਨਾਲ ਕੱਟ ਦਿੱਤੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ। ਆਖਿਰਕਾਰ ਸਾਰੀ ਪੱਤਰੀ ਅੱਗ ਵਿੱਚ ਸਾੜ ਦਿੱਤੀ ਗਈ। 24 ਅਤੇ ਜਦੋਂ ਰਾਜੇ ਯਹੋਯਾਕੀਮ ਅਤੇ ਉਸ ਦੇ ਸੇਵਾਦਾਰਾਂ ਨੇ ਪੱਤਰੀ ਦੇ ਸੰਦੇਸ਼ ਸੁਣੇ ਉਹ ਭੈਭੀਤ ਨਹੀਂ ਸਨ। ਉਨ੍ਹਾਂ ਨੇ ਆਪਣੇ ਕੀਤੇ ਮੰਦੇ ਕੰਮਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਪੜੇ ਨਹੀਂ ਪਾੜੇ।

25 ਅਲ-ਨਾਥਾਨ, ਦਲਾਯਾਹ ਅਤੇ ਗਮਰਯਾਹ ਨੇ ਰਾਜੇ ਯਹੋਯਾਕੀਮ ਨਾਲ ਪੱਤਰੀ ਨੂੰ ਨਾ ਸਾੜਨ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। 26 ਅਤੇ ਰਾਜੇ ਯਹੋਯਾਕੀਮ ਨੇ ਕੁਝ ਬੰਦਿਆਂ ਨੂੰ ਹੁਕਮ ਦਿੱਤਾ ਕਿ ਉਹ ਲਿਖਾਰੀ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲੈਣ। ਉਹ ਬੰਦੇ ਸਨ, ਰਾਜੇ ਦਾ ਇੱਕ ਪੁੱਤਰ ਯਰਹਮੇਲ, ਅਜ਼ਰੀਏਲ ਦਾ ਪੁੱਤਰ ਸਰਾਯਾਹ ਅਤੇ ਅਬੰਦੇਲ ਦਾ ਪੁੱਤਰ ਸ਼ਲਮਯਾਹ। ਪਰ ਉਹ ਬੰਦੇ ਬਾਰੂਕ ਅਤੇ ਯਿਰਮਿਯਾਹ ਨੂੰ ਲੱਭ ਨਹੀਂ ਸੱਕੇ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਛੁਪਾ ਦਿੱਤਾ ਸੀ।

1 ਕੁਰਿੰਥੀਆਂ ਨੂੰ 13

ਪ੍ਰੇਮ ਹੀ ਸਰਵੋਤਮ ਦਾਤ ਹੈ

13 ਮੈਂ ਭਾਵੇਂ ਮਨੁੱਖਾਂ ਜਾਂ ਦੂਤਾਂ ਦੀਆਂ ਭਿੰਨ-ਭਿੰਨ ਭਾਸ਼ਾਵਾਂ ਬੋਲ ਸੱਕਦਾ ਹੋਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ, ਤਾਂ ਮੈਂ ਸਿਰਫ਼ ਗੂੰਜਣ ਵਾਲੀ ਘੰਟੀ ਜਾਂ ਇੱਕ ਉੱਚੀ-ਉੱਚੀ ਆਵਾਜ਼ ਕਰਨ ਵਾਲਾ ਛੈਣਾ ਹੀ ਹਾਂ। ਮੇਰੇ ਕੋਲ ਅਗੰਮ ਵਾਕ ਦੀ ਦਾਤ ਹੋ ਸੱਕਦੀ ਹੈ, ਮੈਂ ਪਰਮੇਸ਼ੁਰ ਦੇ ਸਾਰੇ ਭੇਤਾਂ ਤੇ ਹਰ ਚੀਜ਼ ਦੇ ਗਿਆਨ ਨੂੰ ਸਮਝਨ ਵਾਲਾ ਹੋ ਸੱਕਦਾ ਹਾਂ, ਅਤੇ ਮੇਰੇ ਕੋਲ ਬਹੁਤ ਵੱਡਾ ਵਿਸ਼ਵਾਸ ਵੀ ਹੋ ਸੱਕਦਾ ਜੋ ਪਰਬਤਾਂ ਨੂੰ ਖਿਸੱਕਾਉਣ ਯੋਗ ਹੋਵੇ। ਪਰ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਹੋਇਆ ਵੀ ਮੈਂ ਕੁਝ ਨਹੀਂ ਹਾਂ। ਮੈਂ ਭਾਵੇਂ ਆਪਣੀ ਹਰ ਸ਼ੈਅ ਲੋਕਾਂ ਦੇ ਭੋਜਨ ਲਈ ਦੇ ਦੇਵਾਂ। ਅਤੇ ਭਾਵੇਂ ਮੈਂ ਆਪਣਾ ਸਰੀਰ ਬਲੀ ਦੀ ਵਸਤੂ ਵਾਂਗ ਅੱਗ ਦੀ ਭੇਟ ਚੜ੍ਹਾ ਦੇਵਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਲਾਭ ਨਹੀਂ ਹੈ।

ਪ੍ਰੇਮ ਸਹਿਜ ਅਤੇ ਦਿਆਲੂ ਹੈ। ਇਹ ਈਰਖਾਲੂ ਨਹੀਂ ਹੈ, ਅਤੇ ਇਹ ਘਮੰਡੀ ਨਹੀਂ ਹੈ। ਪ੍ਰੇਮ ਸਖਤ ਨਹੀਂ ਹੈ, ਪ੍ਰੇਮ ਖੁਦਗਰਜ਼ ਨਹੀਂ ਹੈ, ਅਤੇ ਪ੍ਰੇਮ ਆਸਾਨੀ ਨਾਲ ਕਰੋਧੀ ਨਹੀਂ ਬਣਦਾ। ਪ੍ਰੇਮ ਆਪਣੇ ਖਿਲਾਫ਼ ਕੀਤੇ ਗਏ ਗੰਦੇ ਕੰਮਾਂ ਨੂੰ ਚੇਤੇ ਨਹੀਂ ਰੱਖਦਾ। ਪ੍ਰੇਮ ਬਦੀ ਨਾਲ ਪ੍ਰਸੰਨ ਨਹੀਂ ਹੁੰਦਾ ਪਰ ਪ੍ਰੇਮ ਸੱਚ ਨਾਲ ਪ੍ਰਸੰਨ ਹੁੰਦਾ ਹੈ। ਪ੍ਰੇਮ ਖਾਮੋਸ਼ੀ ਨਾਲ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਪ੍ਰੇਮ ਸਦਾ ਭਰੋਸਾ ਕਰਦਾ ਹੈ, ਇਹ ਸਦਾ ਆਸਵੰਦ ਹੁੰਦਾ ਹੈ, ਅਤੇ ਸਭ ਗੱਲਾਂ ਝੱਲ ਲੈਂਦਾ ਹੈ।

ਪ੍ਰੇਮ ਕਦੇ ਖਤਮ ਨਹੀਂ ਹੁੰਦਾ। ਅਗੰਮ ਵਾਕ ਹੁੰਦੇ ਹਨ ਪਰ ਉਹ ਖਤਮ ਹੋ ਜਾਣਗੇ। ਭਿੰਨ-ਭਿੰਨ ਭਾਸ਼ਾਵਾਂ ਵਿੱਚ ਗੱਲਾਂ ਕਰਨ ਦੀਆਂ ਦਾਤਾਂ ਹੁੰਦੀਆਂ ਹਨ ਪਰ ਇਹ ਦਾਤਾਂ ਮੁੱਕ ਜਾਣਗੀਆਂ। ਗਿਆਨ ਦੀ ਦਾਤ ਹੁੰਦੀ ਹੈ ਪਰ ਇਹ ਵੀ ਮੁੱਕ ਜਾਏਗੀ। ਇਹ ਸਾਰੀਆਂ ਚੀਜ਼ਾਂ ਮੁੱਕ ਜਾਣਗੀਆਂ ਕਿਉਂਕਿ ਜੋ ਇਹ ਗਿਆਨ, ਅਤੇ ਉਹ ਭਵਿੱਖ ਬਾਣੀਆਂ ਜੋ ਸਾਡੇ ਕੋਲ ਹਨ, ਪੂਰਨ ਨਹੀਂ ਹਨ। 10 ਪਰ ਜਦੋਂ ਪੂਰਣਤਾ ਆਉਂਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੰਪੂਰਣ ਨਹੀਂ ਹਨ, ਮੁੱਕ ਜਾਣਗੀਆਂ।

11 ਜਦੋਂ ਮੈਂ ਬੱਚਾ ਸਾਂ ਤਾਂ ਬੱਚਿਆਂ ਵਾਂਗ ਗੱਲਾਂ ਕਰਦਾ ਸਾਂ, ਮੈਂ ਬੱਚਿਆ ਵਾਂਗ ਸੋਚਦਾ ਸਾਂ, ਮੈਂ ਬੱਚਿਆਂ ਵਾਂਗ ਵਿਉਂਤਾ ਬਣਾਉਂਦਾ ਸਾਂ, ਜਦੋਂ ਮੈਂ ਵੱਡਾ ਹੋਇਆ, ਮੈਂ ਬਚਪਨੇ ਦੇ ਇਹ ਸਾਰੇ ਢੰਗ ਛੱਡ ਦਿੱਤੇ। 12 ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ। ਹੁਣ ਅਸੀਂ ਇਉਂ ਦੇਖ ਰਹੇ ਹਾਂ ਜਿਵੇਂ ਕਿਸੇ ਕਾਲੇ ਸ਼ੀਸ਼ੇ ਵਿੱਚ ਝਾਕ ਰਹੇ ਹੋਈਏ। ਪਰ ਉਦੋਂ, ਭਵਿੱਖ ਵਿੱਚ, ਸਾਨੂੰ ਸਾਫ਼-ਸਾਫ਼ ਦਿਖਾਈ ਦੇ ਜਾਵੇਗਾ। ਹੁਣ ਮੈਨੂੰ ਕੇਵਲ ਇੱਕ ਅੰਗ ਦਾ ਹੀ ਗਿਆਨ ਹੈ। ਪਰ ਉਦੋਂ ਮੈਨੂੰ ਸੰਪੂਰਣ ਗਿਆਨ ਹੋ ਜਾਵੇਗਾ ਜਿਵੇਂ ਮੈਨੂੰ ਪਰਮੇਸ਼ੁਰ ਨੇ ਜਾਣਿਆ ਸੀ। 13 ਇਸ ਲਈ ਹੁਣ ਸਾਡੇ ਕੋਲ ਵਿਸ਼ਵਾਸ, ਉਮੀਦ ਅਤੇ ਪ੍ਰੇਮ, ਸਿਰਫ਼ ਇਹੀ ਤਿੰਨ ਚੀਜ਼ਾਂ ਬਚੀਆਂ ਹਨ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਪ੍ਰੇਮ ਹੈ। ਮੈਨੂੰ ਵੀ ਜਾਣਾ ਚਾਹੀਦਾ ਹੈ ਤਾਂ ਇਹ ਲੋਕ ਵੀ ਮੇਰੇ ਨਾਲ ਜਾਣਗੇ।

ਮੱਤੀ 10:5-15

ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10 ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।

11 “ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12 ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13 ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14 ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ [a] ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।

Punjabi Bible: Easy-to-Read Version (ERV-PA)

2010 by World Bible Translation Center