Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 56-58

ਨਿਰਦੇਸ਼ਕ ਲਈ: ਧੁਨੀ ਨੂੰ “ਉੱਕ ਦੇ ਰੁੱਖ ਉੱਤੇ ਬੈਠੀ ਘੁੱਗੀ।” ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ, ਜਦੋਂ ਫ਼ਲਿਸਤਿਆਂ ਨੇ ਉਸ ਨੂੰ ਗਥ ਵਿੱਚ ਫ਼ੜ ਲਿਆ ਸੀ।

56 ਹੇ ਪਰਮੇਸ਼ੁਰ ਲੋਕਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ, ਇਸ ਲਈ ਮੇਰੇ ਉੱਪਰ ਮਿਹਰ ਕਰੋ।
    ਉਹ ਲਗਾਤਾਰ ਮੇਰਾ ਪਿੱਛਾ ਕਰਦੇ ਰਹੇ ਹਨ ਅਤੇ ਮੇਰੇ ਉੱਤੇ ਹਮਲਾ ਕਰਦੇ ਰਹੇ ਹਨ।
ਮੇਰੇ ਵੈਰੀ ਬਾਰ-ਬਾਰ ਹਮਲਾ ਕਰਦੇ ਹਨ।
    ਉਹ ਜਿਹੜੇ ਮੇਰੇ ਵਿਰੋਧੀ ਹਨ ਉੱਪਰੋਂ ਮੇਰੇ ਉੱਤੇ ਹਮਲਾ ਕਰਦੇ ਹਨ।
    ਉਹ ਬਹੁਤ ਸਾਰੇ ਹਨ।
ਜਦੋਂ ਮੈਂ ਭੈਭੀਤ ਹੁੰਦਾ ਹਾਂ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
ਹੇ ਪਰਮੇਸ਼ੁਰ, ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਇਸ ਲਈ ਮੈਂ ਉਨ੍ਹਾਂ ਗੱਲਾਂ ਤੋਂ ਨਿਰਭੈ ਹਾਂ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ।
    ਮੈਂ ਪਰਮੇਸ਼ੁਰ ਦੀ ਮੇਰੇ ਨਾਲ ਕੀਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
ਮੇਰੇ ਵੈਰੀ ਸਦਾ ਮੇਰੇ ਸ਼ਬਦਾਂ ਨੂੰ ਤੋਂੜਦੇ ਮਰੋੜਦੇ ਰਹਿੰਦੇ ਹਨ।
    ਉਹ ਸਦਾ ਮੇਰੇ ਵਿਰੁੱਧ ਵਿਉਂਤਾ ਬਣਾਉਂਦੇ ਰਹਿੰਦੇ ਹਨ।
ਉਹ ਇਕੱਠੇ ਛੁਪ ਜਾਂਦੇ ਹਨ ਅਤੇ ਮੇਰੀ ਹਰ ਹਰਕਤ ਦੀ ਨਿਗਰਾਨੀ ਕਰਦੇ ਹਨ,
    ਇਹ ਉਮੀਦ ਕਰਦੇ ਹਨ ਕਿ ਕਿਸੇ ਤਰ੍ਹਾਂ ਮੈਨੂੰ ਮਾਰ ਸੱਕਣ।
ਹੇ ਪਰਮੇਸ਼ੁਰ, ਉਨ੍ਹਾਂ ਨੂੰ ਉਨ੍ਹਾਂ ਦੇ ਮੰਦਿਆਂ ਕਾਰਿਆਂ ਕਾਰਣ ਦੂਰ ਭਜਾ ਦਿਉ
    ਉਨ੍ਹਾਂ ਨੂੰ ਵਿਦੇਸ਼ੀ ਕੌਮਾਂ ਦਾ ਗੁੱਸਾ ਝੱਲਣ ਲਈ ਦੂਰ ਭੇਜ ਦਿਉ।
ਤੁਸੀਂ ਮੇਰੀ ਪੀੜਾ ਵੇਖੀ ਹੈ। ਤੁਸੀਂ ਜਾਣਦੇ ਹੋ,
    ਮੈਂ ਕਿੰਨਾ ਰੋਇਆ ਹਾਂ।
ਤੁਸੀਂ ਮੇਰੇ ਹੰਝੂਆਂ ਦਾ ਹਿਸਾਬ ਰੱਖਿਆ ਹੋਵੇਗਾ।

ਇਸੇ ਲਈ ਮੇਰੇ ਵੈਰੀਆਂ ਨੂੰ ਹਰਾ ਦਿਉ ਜਦੋਂ ਮੈਂ ਸਹਾਇਤਾ ਲਈ ਤੁਹਾਨੂੰ ਆਵਾਜ਼ ਦਿਆਂ।
ਮੈਂ ਜਾਣਦਾ ਹਾਂ ਕਿ ਤੁਸੀਂ ਇਵੇਂ ਕਰ ਸੱਕਦੇ ਹੋਂ। ਤੁਸੀਂ ਪਰਮੇਸ਼ੁਰ ਹੋਂ।

10 ਮੈਂ ਪਰਮੇਸ਼ੁਰ ਦੀ ਉਸ ਦੇ ਵਾਅਦੇ ਲਈ ਉਸਤਤਿ ਕਰਾਂਗਾ,
    ਮੈਂ ਯਹੋਵਾਹ ਦੀ ਉਸ ਵੱਲੋਂ ਦਿੱਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
11 ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ,
    ਇਸੇ ਲਈ, ਮੈਂ ਉਨ੍ਹਾਂ ਗੱਲਾਂ ਤੋਂ ਨਹੀਂ ਡਰਦਾ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ।

12 ਹੇ ਪਰਮੇਸ਼ੁਰ, ਮੈਂ ਤੁਹਾਨੂੰ ਖਾਸ ਵਾਅਦੇ ਦਿੱਤੇ।
    ਅਤੇ ਮੈਂ ਉਹੀ ਕਰਾਂਗਾ ਜਿਸਦਾ ਮੈਂ ਵਾਅਦਾ ਕੀਤਾ।
13 ਕਿਉਂ ਕਿ ਤੁਸੀਂ ਮੈਨੂੰ ਮੌਤ ਕੋਲੋਂ ਬਚਾਇਆ।
    ਤੁਸੀਂ ਮੈਨੂੰ ਹਾਰਨ ਤੋਂ ਬਚਾਈ ਰੱਖਿਆ।
ਤਾਂ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ
    ਤੁਹਾਡੀ ਸੇਵਾ ਕਰ ਸੱਕਾਂ।

ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਧੁਨੀ ਨੂੰ। ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ ਜਦੋਂ ਉਹ ਸ਼ਾਊਲ ਦੀ ਗੁਫ਼ਾ ਵਿੱਚੋਂ ਬਚ ਨਿਕਲਿਆ।

57 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਕਰੋ।
    ਦਯਾਵਾਨ ਹੋਵੋ, ਕਿਉਂਕਿ ਮੇਰੀ ਰੂਹ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ।
ਮੈਂ ਓਨਾ ਚਿਰ ਤੁਹਾਡੇ ਵਿੱਚ ਸ਼ਰਨ ਲਵਾਂਗਾ
    ਜਿੰਨਾ ਚਿਰ ਮੁਸੀਬਤਾਂ ਨਹੀਂ ਮੁੱਕ ਜਾਂਦੀਆਂ।
ਮੈਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ।
    ਅੱਤ ਉੱਚ ਪਰਮੇਸ਼ੁਰ, ਪੂਰੀ ਤਰ੍ਹਾਂ ਮੇਰਾ ਖਿਆਲ ਰੱਖਦਾ ਹੈ।
ਉਹ ਸਵਰਗ ਵਿੱਚੋਂ, ਮੇਰੀ ਸਹਾਇਤਾ ਕਰਦਾ ਅਤੇ ਮੈਨੂੰ ਬਚਾਉਂਦਾ ਹੈ।
    ਉਸ ਨੇ ਉਨ੍ਹਾਂ ਲੋਕਾਂ ਨੂੰ ਹਰਾਇਆ ਜੋ ਮੈਨੂੰ ਦੁੱਖ ਦਿੰਦੇ ਹਨ।
ਪਰਮੇਸ਼ੁਰ ਆਪਣਾ ਸੱਚਾ ਪਿਆਰ ਮੇਰੇ ਲਈ ਦਰਸ਼ਾਉਂਦਾ ਹੈ।

ਮੇਰੀ ਜ਼ਿੰਦਗੀ ਖਤਰੇ ਵਿੱਚ ਹੈ।
    ਮੈਂ ਮੇਰੇ ਵੈਰੀਆਂ ਦੁਆਰਾ ਘਿਰਿਆ ਹੋਇਆ ਹਾਂ।
ਉਹ ਆਦਮ ਖੋਰ ਸ਼ੇਰਾਂ ਵਰਗੇ ਹਨ,
    ਉਨ੍ਹਾਂ ਦੇ ਦੰਦ ਤੀਰਾਂ ਅਤੇ ਨੇਜਿਆਂ ਨਾਲੋਂ ਵੀ ਤਿੱਖੇ ਹਨ,
    ਉਨ੍ਹਾਂ ਦੀਆਂ ਜੀਭਾਂ ਇੱਕ ਤਲਵਾਰ ਜਿੰਨੀਆਂ ਤਿੱਖੀਆਂ ਹਨ।

ਹੇ ਪਰਮੇਸ਼ੁਰ, ਤੁਸੀਂ ਅਕਾਸ਼ ਨਾਲੋਂ ਉੱਚੇ ਹੋਂ।
    ਤੁਹਾਡੀ ਸ਼ਾਨ ਧਰਤੀ ਉੱਤੇ ਫ਼ੈਲੀ ਹੋਈ ਹੈ।
ਮੇਰੇ ਵੈਰੀਆਂ ਨੇ ਮੇਰੇ ਲਈ ਜਾਲ ਵਿਛਾਇਆ ਹੈ
    ਉਹ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਨ੍ਹਾਂ ਨੇ ਮੇਰੇ ਡਿੱਗਣ ਲਈ ਡੂੰਘਾ ਟੋਆ ਪੁੱਟਿਆ ਹੈ,
    ਪਰ ਉਹ ਖੁਦ ਹੀ ਇਸ ਵਿੱਚ ਡਿੱਗ ਪਏ ਹਨ।

ਪਰ ਪਰਮੇਸ਼ੁਰ ਮੈਨੂੰ ਬਚਾਕੇ ਰੱਖੇਗਾ।
ਉਹ ਮੈਨੂੰ ਬਹਾਦਰ ਬਣਾਵੇਗਾ।
    ਮੈਂ ਉਸਦੀ ਉਸਤਤਿ ਗਾਵਾਂਗਾ।
ਮੇਰੀ ਆਤਮਾ ਜਾਗ ਪੈ।
    ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
    ਆਓ ਸਵੇਰ ਨੂੰ ਜਗਾਈਏ।
ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ।
    ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
10 ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।
11 ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ।
    ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।

ਨਿਰਦੇਸ਼ਕ ਲਈ, ਧੁਨੀ “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਇੱਕ ਭੱਗਤੀ ਗੀਤ।

58 ਹੇ ਨਿਆਂਕਾਰੋ, ਤੁਸੀਂ ਆਪਣੇ ਨਿਰਣਿਆਂ ਵਿੱਚ ਨਿਰਪੱਖ ਨਹੀਂ ਹੋ।
    ਤੁਸੀਂ ਲੋਕਾਂ ਦਾ ਨਿਆਂ ਨਿਰਪੱਖਤਾ ਨਾਲ ਨਹੀਂ ਕਰਦੇ।
ਨਹੀਂ, ਤੁਸੀਂ ਸਿਰਫ਼ ਬਦੀਆਂ ਬਾਰੇ ਸੋਚਦੇ ਹੋ।
    ਤੁਸੀਂ ਇਸ ਦੇਸ਼ ਵਿੱਚ ਹਿੰਸੱਕ ਜ਼ੁਰਮ ਕਰਦੇ ਹੋ।
ਉਨ੍ਹਾਂ ਬਦਕਾਰ ਬੰਦਿਆਂ ਨੇ ਮੰਦੇ ਕਾਰ ਜਨਮ ਤੋਂ ਹੀ ਸ਼ੁਰੂ ਕਰ ਦਿੱਤੇ ਸਨ।
    ਜਨਮ ਤੋਂ ਹੀ ਉਹ ਝੂਠੇ ਹਨ।
ਉਨ੍ਹਾਂ ਦਾ ਕ੍ਰੋਧ ਓਨਾ ਹੀ ਖਤਰਨਾਕ ਹੈ ਜਿੰਨਾ ਸੱਪ ਦਾ ਜ਼ਹਿਰ ਹੁੰਦਾ ਹੈ।
    ਅਤੇ ਉਹ ਫ਼ਨੀਅਰ ਵਾਂਗਰਾਂ ਨਹੀਂ ਸੁਣ ਸੱਕਦੇ ਉਹ ਸੱਚ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
ਫ਼ਨੀਅਰ ਸਪੇਰਿਆਂ ਦਾ ਗੀਤ ਜਾਂ ਸੰਗੀਤ ਨਹੀਂ ਸੁਣ ਸੱਕਦੇ।
    ਅਤੇ ਉਹ ਮੰਦੇ ਆਦਮੀ ਵੀ ਉਨ੍ਹਾਂ ਵਰਗੇ ਹੀ ਹਨ ਜਦੋਂ ਉਹ ਮੰਦੀਆਂ ਵਿਉਂਤਾ ਬਣਾਉਂਦੇ ਹਨ।

ਹੇ ਯਹੋਵਾਹ ਉਹ ਲੋਕ ਬਬਰ ਸ਼ੇਰਾਂ ਵਰਗੇ ਹਨ।
    ਇਸ ਲਈ ਯਹੋਵਾਹ ਉਨ੍ਹਾਂ ਦੇ ਦੰਦ ਤੋੜ ਦਿਉ।
ਉਹ ਲੋਕ ਨਾਲਿਆਂ ਵਿੱਚੋਂ ਪਾਣੀ ਵਾਂਗ ਅਲੋਪ ਹੋ ਜਾਣ।
    ਉਨ੍ਹਾਂ ਨੂੰ ਜੰਗਲੀ ਘਾਹ ਦੇ ਵਾਂਗ ਕੁਚਲੇ ਜਾਣ ਦਿਉ।
ਉਨ੍ਹਾਂ ਨੂੰ ਪਿਘਲ ਜਾਣ ਦਿਉ ਜਿਵੇਂ ਕਿ ਉਹ ਘੋਗਿਆਂ ਵਾਂਗ ਤੁਰਦੇ ਹਨ।
    ਉਨ੍ਹਾਂ ਨੂੰ ਉਸ ਬੱਚੇ ਵਾਂਗ ਸੂਰਜ ਦੀ ਰੌਸ਼ਨੀ ਨਾ ਵੇਖਣ ਦਿਉ ਜਿਹੜਾ ਮੁਰਦਾ ਜੰਮਿਆ ਸੀ।
ਉਨ੍ਹਾਂ ਨੂੰ ਕੰਡਿਆਂ ਵਾਂਗ ਛੇਤੀ ਤਬਾਹ ਹੋ ਜਾਣ ਦਿਉ।
    ਜਿਹੜੇ ਅੱਗ ਉੱਤੇ ਰੱਖੇ ਭਾਂਡੇ ਨੂੰ ਗਰਮ ਕਰਨ ਲਈ ਬਹੁਤ ਛੇਤੀ ਮੱਚਦੇ ਹਨ।

10 ਇੱਕ ਚੰਗਾ ਵਿਅਕਤੀ ਉਦੋਂ ਬਹੁਤ ਖੁਸ਼ ਹੋਵੇਗਾ
    ਜਦੋਂ ਉਹ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੀਆਂ ਦੁਸ਼ਟ ਕਰਨੀਆਂ ਲਈ ਜਿਹੜੀਆਂ ਉਨ੍ਹਾਂ ਨੇ ਕੀਤੀਆਂ, ਦੰਡ ਮਿਲਦਿਆਂ ਦੇਖੇਗਾ।
ਉਹ ਇੱਕ ਸਿਪਾਹੀ ਦੀ ਤਰ੍ਹਾਂ ਹੋਵੇਗਾ ਜਿਸਨੇ ਆਪਣੇ ਸਾਰੇ ਵੈਰੀਆਂ ਨੂੰ ਹਰਾ ਦਿੱਤਾ ਸੀ।
11 ਜਦੋਂ ਉਹ ਵਾਪਰੇਗਾ, ਲੋਕ ਆਖਣਗੇ, “ਚੰਗੇ ਲੋਕਾਂ ਨੂੰ ਸੱਚਮੁੱਚ ਇਨਾਮ ਦਿੱਤਾ ਗਿਆ ਹੈ।
    ਇੱਥੇ ਸੱਚਮੁੱਚ ਦੁਨੀਆਂ ਦਾ ਨਿਆਂ ਕਰਨ ਵਾਲਾ ਪਰਮੇਸ਼ੁਰ ਮੌਜੂਦ ਹੈ।”

ਜ਼ਬੂਰ 64-65

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

64 ਹੇ ਪਰਮੇਸ਼ੁਰ, ਮੇਰੀ ਗੱਲ ਸੁਣੋ।
    ਮੇਰੇ ਵੈਰੀਆਂ ਨੇ ਮੈਨੂੰ ਧਮਕਾਇਆ ਹੈ। ਉਨ੍ਹਾਂ ਕੋਲੋਂ ਮੇਰੀ ਜ਼ਿੰਦਗੀ ਨੂੰ ਬਚਾਉ।
ਮੈਨੂੰ ਮੇਰੇ ਵੈਰੀਆਂ ਦੇ ਗੁਪਤ ਛੜਯਂਤਰਾਂ ਤੋਂ ਬਚਾਵੋ।
    ਮੈਨੂੰ ਉਨ੍ਹਾਂ ਬਦਕਾਰ ਲੋਕਾਂ ਕੋਲੋਂ ਛੁਪਾ ਲਵੋ।
ਉਨ੍ਹਾਂ ਨੇ ਮੇਰੇ ਬਾਰੇ ਬਹੁਤ ਝੂਠ ਬੋਲੇ ਹਨ।
    ਉਨ੍ਹਾਂ ਦੀਆਂ ਜੀਭਾਂ ਤੇਜ਼ ਤਲਵਾਰ ਜਿਹੀਆਂ ਹਨ, ਉਨ੍ਹਾਂ ਦੇ ਕੌੜੇ ਸ਼ਬਦ ਤੀਰਾਂ ਵਰਗੇ ਹਨ।
ਫ਼ੇਰ ਅਚਾਨਕ ਉਹ ਨਿਡਰ ਹੋਕੇ ਆਪਣੇ ਟਿਕਾਣਿਆ ਵਿੱਚੋਂ
    ਸਿੱਧੇ ਸਾਦੇ ਇਮਾਨਦਾਰ ਬੰਦਿਆਂ ਨੂੰ ਤੀਰ ਮਾਰਦੇ ਹਨ।
ਉਹ ਇੱਕ ਦੂਜੇ ਨੂੰ ਬੁਰਾ ਕਰਨ ਲਈ ਉਕਸਾਉਂਦੇ ਹਨ।
    ਉਹ ਆਪਣੇ ਫ਼ੰਦਿਆਂ ਨੂੰ ਵਿਛਾਉਣ ਬਾਰੇ ਗੱਲਾਂ ਕਰਦੇ ਹਨ।
    ਉਹ ਇੱਕ ਦੂਜੇ ਨੂੰ ਦੱਸਦੇ ਹਨ, “ਕੋਈ ਵੀ ਫ਼ੰਦਿਆਂ ਨੂੰ ਵੇਖਣ ਦੇ ਸਮਰਥ ਨਹੀਂ ਹੋਵੇਗਾ।
ਉਨ੍ਹਾਂ ਨੇ ਆਪਣੇ ਫ਼ੰਦੇ ਛੁਪਾਏ ਹੋਏ ਹਨ,
    ਉਹ ਆਪਣੇ ਸ਼ਿਕਾਰ ਨੂੰ ਲੱਭ ਰਹੇ ਹਨ।”
ਲੋਕ ਬਹੁਤ ਚਾਲਬਾਜ਼ ਹੋ ਸੱਕਦੇ ਹਨ,
    ਇਹ ਜਾਨਣਾ ਬਹੁਤ ਮੁਸ਼ਕਿਲ ਹੈ ਕਿ ਉਹ ਕਿਸ ਬਾਰੇ ਸੋਚ ਰਹੇ ਹਨ।
ਪਰ ਪਰਮੇਸ਼ੁਰ ਵੀ ਆਪਣੇ ਤੀਰ ਚੱਲਾ ਸੱਕਦਾ ਹੈ।
    ਅਤੇ ਇਸਤੋਂ ਪਹਿਲਾਂ ਕਿ ਉਹ ਮੰਦੇ ਲੋਕ ਜਾਨਣ ਉਹ ਘਾਇਲ ਹੋ ਜਾਂਦੇ ਹਨ।
ਦੁਸ਼ਟ ਲੋਕ ਹੋਰਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਿਉਂਤਾ ਬਣਾਉਂਦੇ ਹਨ।
    ਪਰ ਪਰਮੇਸ਼ੁਰ ਉਨ੍ਹਾਂ ਦੀਆਂ ਵਿਉਂਤਾ ਨੂੰ ਤਬਾਹ ਕਰ ਸੱਕਦਾ ਹੈ
ਅਤੇ ਉਨ੍ਹਾਂ ਮੰਦੀਆਂ ਗੱਲਾਂ ਨੂੰ ਉਨ੍ਹਾਂ ਨਾਲ ਹੀ ਵਾਪਰਨ ਲਾ ਸੱਕਦਾ ਹੈ।
    ਫ਼ੇਰ, ਹਰ ਕੋਈ ਜੋ ਉਨ੍ਹਾਂ ਨੂੰ ਵੇਖਦਾ, ਅਚਂਭੇ ਵਿੱਚ ਆਪਣਾ ਸਿਰ ਹਿਲਾਉਂਦਾ।
ਲੋਕੀਂ ਵੇਖਣਗੇ ਪਰਮੇਸ਼ੁਰ ਨੇ ਕੀ ਕੀਤਾ,
    ਉਹ ਉਸ ਬਾਰੇ ਹੋਰਾਂ ਲੋਕਾਂ ਨੂੰ ਦਸਣਗੇ
ਫ਼ੇਰ ਹਰ ਕੋਈ ਪਰਮੇਸ਼ੁਰ ਬਾਰੇ ਹੋਰ ਵੱਧੇਰੇ ਜਾਣ ਲਵੇਗਾ।
    ਉਹ ਡਰਨਾ ਅਤੇ ਉਸਦਾ ਆਦਰ ਕਰਨਾ ਸਿੱਖ ਲੈਣਗੇ।
10 ਇੱਕ ਚੰਗਾ ਵਿਅਕਤੀ ਯਹੋਵਾਹ ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦਾ ਹੈ
    ਉਹ ਪਰਮੇਸ਼ੁਰ ਉੱਤੇ ਨਿਰਭਰ ਹੈ।
ਅਤੇ ਜਦੋਂ ਚੰਗੇ ਇਮਾਨਦਾਰ ਲੋਕ ਵੇਖਦੇ ਹਨ ਕਿ ਕੀ ਹੁੰਦਾ ਹੈ, ਉਹ ਯਹੋਵਾਹ ਦੀ ਉਸਤਤਿ ਕਰਦੇ ਹਨ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

65 ਹੇ ਸੀਯੋਨ ਵਿੱਚ ਪਰਮੇਸ਼ੁਰ, ਮੈਂ ਤੇਰੀ ਉਸਤਤਿ ਕਰਦਾ ਹਾਂ।
    ਮੈਂ ਉਹ ਚੀਜ਼ਾਂ ਭੇਟ ਕਰਦਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਕੌਲ ਕੀਤਾ ਸੀ।
ਅਸੀਂ ਉਨ੍ਹਾਂ ਗੱਲਾਂ ਬਾਰੇ ਦਸਦੇ ਹਾਂ ਜਿਹੜੀਆਂ ਤੁਸਾਂ ਕੀਤੀਆਂ ਹਨ। ਸਾਡੀਆਂ ਪ੍ਰਾਰਥਨਾ ਸੁਣ,
    ਤੁਸੀਂ ਹਰ ਉਸ ਬੰਦੇ ਦੀਆਂ ਪ੍ਰਾਰਥਨਾ ਸੁਣਦੇ ਹੋ ਜਿਹੜਾ ਤੁਹਾਡੇ ਵੱਲ ਆਉਂਦਾ ਹੈ।
ਜਦੋਂ ਸਾਡੇ ਪਾਪ ਸਾਡੇ ਉੱਤੇ ਭਾਰੀ ਹੋ ਜਾਣ,
    ਤੂੰ ਉਨ੍ਹਾਂ ਪਾਪਾਂ ਨੂੰ ਮੁਆਫ਼ ਕਰ ਦੇਵੀਂ।
ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਦੀ ਚੋਣ ਕੀਤੀ।
    ਤੁਸਾਂ ਸਾਨੂੰ ਆਪਣੇ ਮੰਦਰ ਆਉਣ ਅਤੇ ਤੁਹਾਡੀ ਪੂਜਾ ਕਰਨ ਲਈ ਚੁਣਿਆ।
ਅਤੇ ਅਸੀਂ ਬਹੁਤ ਖੁਸ਼ ਹਾਂ।
    ਸਾਡੇ ਕੋਲ ਤੁਹਾਡੇ ਮੰਦਰ,
    ਤੁਹਾਡੇ ਮਹਿਲ ਵਿੱਚ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ।
ਹੇ ਪਰਮੇਸ਼ੁਰ, ਤੁਸੀਂ ਸਾਨੂੰ ਬਚਾਉਂਦੇ ਹੋ।
    ਜਦੋਂ ਚੰਗੇ ਲੋਕ ਤੈਨੂੰ ਪ੍ਰਾਰਥਨਾ ਕਰਦੇ ਹਨ,
ਤੂੰ ਉਨ੍ਹਾਂ ਨੂੰ ਸੁਣ ਅਤੇ ਹੈਰਾਨਕੁਨ ਕਾਰੇ ਕਰ।
    ਦੁਨੀਆਂ ਦੇ ਸਾਰੇ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ।
ਪਰਮੇਸ਼ੁਰ ਨੇ ਪਰਬਤਾਂ ਨੂੰ ਆਪਣੀ ਸ਼ਕਤੀ ਨਾਲ ਸਾਜਿਆ,
    ਅਸੀਂ ਉਸਦੀ ਸ਼ਕਤੀ ਆਪਣੇ ਚਾਰ-ਚੁਫ਼ੇਰੇ ਵੇਖਦੇ ਹਾਂ।
ਪਰਮੇਸ਼ੁਰ ਨੇ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕੀਤਾ
    ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਲੋਕਾਂ ਦੇ ਸਮੁੰਦਰ ਬਣਾਏ।
ਦੁਨੀਆਂ ਦੇ ਸਾਰੇ ਲੋਕੀਂ ਉਨ੍ਹਾਂ ਗੱਲਾਂ ਬਾਰੇ ਹੈਰਾਨ ਹਨ ਜੋ ਤੁਸੀਂ ਕਰਦੇ ਹੋਂ।
    ਸੂਰਜ ਦਾ ਚੜ੍ਹ੍ਹਨਾ ਅਤੇ ਛੁਪਨਾ ਸਾਨੂੰ ਕਿੰਨੀ ਖੁਸ਼ੀ ਦਿੰਦਾ ਹੈ।
ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋਂ,
    ਤੁਸੀਂ ਇਸ ਨੂੰ ਸਿੰਜਦੇ ਹੋ ਅਤੇ ਇਸ ਉੱਪਰ ਚੀਜ਼ਾਂ ਉਗਾਉਂਦੇ ਹੋ।
ਹੇ ਪਰਮੇਸ਼ੁਰ, ਤੁਸੀਂ ਨਦੀਆਂ ਨੂੰ ਪਾਣੀ ਨਾਲ ਭਰਦੇ ਹੋਂ
    ਅਤੇ ਫ਼ਸਲਾਂ ਨੂੰ ਉੱਗਣ ਦੇ ਕਾਬਿਲ ਬਣਾਉਂਦੇ ਹੋ।
10 ਤੁਸੀਂ ਵਾਹੇ ਹੋਏ ਖੇਤਾਂ ਤੇ ਵਰੱਖਾ ਕਰਦੇ ਹੋ,
    ਤੁਸੀਂ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋ,
ਤੁਸੀਂ ਵਰੱਖਾ ਨਾਲ ਧਰਤੀ ਨੂੰ ਨਰਮ ਬਣਾਉਂਦੇ ਹੋ,
    ਅਤੇ ਛੋਟੇ ਪੌਦਿਆਂ ਨੂੰ ਉਗਾਉਂਦੇ ਹੋ।
11 ਤੁਸੀਂ ਨਵਾਂ ਸਾਲ ਚੰਗੀ ਫ਼ਸਲ ਨਾਲ ਸ਼ੁਰੂ ਕਰਦੇ ਹੋ,
    ਤੁਸੀਂ ਗੱਡਿਆ ਨੂੰ ਬਹੁਤ ਸਾਰੀਆਂ ਫ਼ਸਲਾਂ ਨਾਲ ਭਰ ਦਿੰਦੇ ਹੋ।
12 ਮਾਰੂਥਲ ਅਤੇ ਪਹਾੜ ਘਾਹ ਨਾਲ ਢੱਕੇ ਹੋਏ ਹਨ।
13 ਚਰਾਦਾਂ ਭੇਡਾਂ ਨਾਲ ਭਰੀਆਂ ਹੋਈਆਂ ਹਨ,
    ਵਾਦੀਆਂ ਅਨਾਜ ਨਾਲ ਭਰੀਆਂ ਹਨ,
ਹਰ ਕੋਈ ਗਾ ਰਿਹਾ ਹੈ ਅਤੇ ਖੁਸ਼ੀ ਭਰੀਆਂ ਕਿਲਕਾਰੀਆਂ ਮਾਰ ਰਿਹਾ ਹੈ।

1 ਰਾਜਿਆਂ 21:1-16

ਨਾਬੋਥ ਦਾ ਅੰਗੂਰਾਂ ਦਾ ਬਾਗ਼

21 ਅਹਾਬ ਪਾਤਸ਼ਾਹ ਦਾ ਮਹਿਲ ਸਾਮਰਿਯਾ ਨਗਰ ਵਿੱਚ ਸੀ। ਉਸ ਮਹਿਲ ਦੇ ਕੋਲ ਹੀ ਅੰਗੂਰਾਂ ਦਾ ਇੱਕ ਬਾਗ਼ ਸੀ, ਜਿਸ ਨੂੰ ਨਾਬੋਥ ਯਿਜ਼ਰਏਲ ਨੇ ਖਰੀਦਿਆ ਹੋਇਆ ਸੀ। ਇੱਕ ਦਿਨ ਅਹਾਬ ਨੇ ਨਾਬੋਥ ਨੂੰ ਆਖਿਆ, “ਆਪਣਾ ਬਾਗ਼ ਮੈਨੂੰ ਦੇਦੇ, ਮੈਂ ਇਸ ਨੂੰ ਸਬਜ਼ੀਆਂ ਦਾ ਬਾਗ਼ ਬਨਾਉਣਾ ਚਾਹੁੰਦਾ ਹਾਂ ਕਿਉਂ ਕਿ ਤੇਰਾ ਇਹ ਬਾਗ਼ ਮੇਰੇ ਮਹਿਲ ਦੇ ਕੋਲ ਹੈ। ਇਸਦੀ ਬਜਾਇ ਮੈਂ ਤੈਨੂੰ ਇਸਤੋਂ ਵੱਧੀਆਂ ਅੰਗੂਰਾਂ ਦਾ ਬਾਗ਼ ਕਿਤੇ ਹੋਰ ਜਗ੍ਹਾ ਤੇ ਦੇ ਦੇਵਾਂਗਾ ਜਾਂ ਮੈਂ ਤੈਨੂੰ ਇਸਦੀ ਕੀਮਤ ਜਿੰਨਾ ਧੰਨ ਦੇ ਦਿੰਦਾ ਹਾਂ।”

ਨਾਬੋਥ ਨੇ ਕਿਹਾ, “ਮੈਂ ਉਹ ਤੈਨੂੰ ਨਹੀਂ ਦੇ ਸੱਕਦਾ ਜੋ ਮੈਂ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ।”

ਤਾਂ ਅਹਾਬ ਘਰ ਨੂੰ ਪਰਤ ਆਇਆ ਪਰ ਉਹ ਨਾਬੋਥ ਉੱਤੇ ਕ੍ਰੋਧਿਤ ਵੀ ਸੀ ਅਤੇ ਪਰੇਸ਼ਾਨ ਵੀ। ਕਿਉਂ ਕਿ ਯਿਜ਼ਰੇਲੀ ਨਾਬੋਥ ਨੇ ਉਸ ਨੂੰ ਇਹ ਜੋ ਕਿਹਾ ਸੀ ਕਿ, “ਮੈਂ ਤੈਨੂੰ ਆਪਣੇ ਪੁਰਖਿਆਂ ਦੀ ਮੀਰਾਸ ਨਹੀਂ ਦੇਵਾਂਗਾ।” ਅਹਾਬ ਆਪਣੇ ਬਿਸਤਰ ਤੇ ਮੂਧੜੇ ਮੂੰਹ ਲੰਮਾ ਪੈ ਗਿਆ ਅਤੇ ਰੋਟੀ ਖਾਣ ਤੋਂ ਇਨਕਾਰ ਕੀਤਾ।

ਤਾਂ ਅਹਾਬ ਦੀ ਰਾਣੀ ਈਜ਼ਬਲ ਉਸ ਦੇ ਕੋਲ ਆਈ ਅਤੇ ਕਹਿਣ ਲਗੀ, “ਤੂੰ ਕਿਉਂ ਪਰੇਸ਼ਾਨ ਹੈਂ? ਤੂੰ ਰੋਟੀ ਖਾਣ ਤੋਂ ਇਨਕਾਰ ਕਿਉਂ ਕੀਤਾ ਹੈ?”

ਅਹਾਬ ਨੇ ਆਖਿਆ, “ਮੈਂ ਯਿਜ਼ਰੇਲੀ ਦੇ ਨਾਬੋਥ ਨੂੰ ਚਾਂਦੀ ਲੈ ਕੇ ਆਪਣਾ ਅੰਗੂਰੀ ਬਾਗ਼ ਮੈਨੂੰ ਦੇਣ ਲਈ ਕਿਹਾ ਅਤੇ ਜੇਕਰ ਇਹ ਵੀ ਉਸ ਦੇ ਕਬੂਲਣ ਯੋਗ ਨਹੀਂ, ਮੈਂ ਉਸ ਨੂੰ ਇੱਕ ਹੋਰ ਅੰਗੂਰਾਂ ਦਾ ਬਾਗ਼ ਕਿਸੇ ਹੋਰ ਥਾਵੇਂ ਦੇ ਦੇਵਾਂਗਾ। ਪਰ ਉਸ ਨੇ ਆਖਿਆ, ਉਹ ਮੈਨੂੰ ਆਪਣਾ ਅੰਗੂਰੀ ਬਾਗ਼ ਨਹੀਂ ਦੇਵੇਗਾ।”

ਤਾਂ ਰਾਣੀ ਈਜ਼ਬਲ ਨੇ ਉਸ ਨੂੰ ਆਖਿਆ, “ਕੀ ਤੂੰ ਇਸਰਾਏਲ ਦਾ ਰਾਜਾ ਨਹੀਂ ਹੈਂ? ਆਪਣੇ ਪਲੰਗ ਤੋਂ ਉੱਠ, ਕੁਝ ਖਾ ਤਾਂ ਤੈਨੂੰ ਥੋੜੀ ਰਾਹਤ ਮਹਿਸੂਸ ਹੋਵੇਗੀ। ਨਾਬੋਥ ਦਾ ਬਾਗ਼ ਮੈਂ ਤੈਨੂੰ ਲੈ ਦਿੰਦੀ ਹਾਂ।”

ਤਦ ਈਜ਼ਬਲ ਨੇ ਕੁਝ ਖਤ ਲਿਖੇ ਤੇ ਉਨ੍ਹਾਂ ਤੇ ਦਸਤਖਤ ਕੀਤੇ ਅਤੇ ਖਤਾਂ ਤੇ ਮੋਹਰ ਲਾਉਣ ਲਈ ਅਹਾਬ ਦੀ ਮੋਹਰ ਦੀ ਵਰਤੋਂ ਕੀਤੀ। ਫ਼ੇਰ ਉਸ ਨੇ ਉਨ੍ਹਾਂ ਨੂੰ ਖਤਾਂ ਨੂੰ ਬਜ਼ੁਰਗਾਂ ਅਤੇ ਸੱਜਣਾ ਕੋਲ ਭੇਜਿਆ ਜਿਹੜੇ ਨਬੋਥ ਦੇ ਨਾਲ ਉਸੇ ਸ਼ਹਿਰ ਵਿੱਚ ਰਹਿੰਦੇ ਸਨ। ਉਨ੍ਹਾਂ ਖਤਾਂ ਵਿੱਚ ਇਉਂ ਲਿਖਿਆ ਹੋਇਆ ਸੀ:

“ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਓ। ਨਬੋਥ ਨੂੰ ਸਭਾ ਦੇ ਸਾਹਮਣੇ ਬਿਠਾਓ। ਉਸ ਸਭਾ ਵਿੱਚ ਅਸੀਂ ਨਾਬੋਥ ਬਾਰੇ ਗੱਲ ਕਰਾਂਗੇ।। 10 ਕੁਝ ਅਜਿਹੇ ਲੋਕ ਚੁਣੇ ਜੋ ਨਾਬੋਥ ਦੇ ਖਿਲਾਫ਼ ਅਫ਼ਵਾਹਾਂ ਫ਼ੈਲਾਉਣ ਤੇ ਗੱਲਾਂ ਕਰਨ। ਉਹ ਇਹ ਕਹਿਣ ਕਿ ਉਨ੍ਹਾਂ ਨੇ ਨਾਬੋਥ ਨੂੰ ਪਾਤਸ਼ਾਹ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ। ਤੇ ਫ਼ਿਰ ਨਾਬੋਥ ਨੂੰ ਸ਼ਹਿਰੋ ਬਾਹਰ ਲੈ ਜਾਕੇ ਉਸਤੇ ਪਥਰਾਵ ਕਰਕੇ ਉਸ ਨੂੰ ਮਾਰ ਸੁੱਟਣ।”

11 ਫ਼ੇਰ ਈਜ਼ਬਲ ਦੇ ਬਜ਼ੁਰਗਾਂ ਅਤੇ ਸੱਜਣਾਂ ਨੇ ਉਹੀ ਕੀਤਾ ਜੋ ਕਰਨ ਲਈ ਈਜ਼ਬਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। 12 ਉਨ੍ਹਾਂ ਨੇ ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਇਆ ਅਤੇ ਨਾਬੋਥ ਨੂੰ ਲੋਕਾਂ ਦੀ ਸਭਾ ਦੇ ਸਾਹਮਣੇ ਬਿਠਾਇਆ। 13 ਤਦ ਦੋ ਸ਼ੈਤਾਨ ਮਨੁੱਖ ਅੰਦਰ ਆਏ ਅਤੇ ਉਸ ਦੇ ਸਾਹਮਣੇ ਬੈਠ ਗਏ। ਤਾਂ ਇਨ੍ਹਾਂ ਸ਼ੈਤਾਨ ਮਨੁੱਖਾਂ ਨੇ ਨਾਬੋਥ ਉੱਤੇ ਲੋਕਾਂ ਅੱਗੇ ਗਵਾਹੀ ਦਿੱਤੀ ਕਿ ਨਾਬੋਥ ਨੇ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਵਚਨ ਕਹੇ ਹਨ। ਤਦ ਉਹ ਉਸ ਨੂੰ ਸ਼ਹਿਰੋ ਬਾਹਰ ਲੈ ਗਏ, ਅਤੇ ਉਸਤੇ ਪਥਰਾਓ ਕਰਕੇ ਉਸ ਨੂੰ ਮਾਰ ਸੁੱਟਿਆ। 14 ਤਦ ਆਗੂਆਂ ਨੇ ਈਜ਼ਬਲ ਨੂੰ ਸੁਨੇਹਾ ਭੇਜਿਆ ਕਿ, “ਨਾਬੋਥ ਮਾਰਿਆ ਗਿਆ ਹੈ।”

15 ਜਦੋਂ ਈਜ਼ਬਲ ਨੇ ਇਹ ਖਬਰ ਸੁਣੀ ਤਾਂ ਉਸ ਨੇ ਅਹਾਬ ਨੂੰ ਕਿਹਾ, “ਨਾਬੋਥ ਮਰ ਗਿਆ ਹੈ। ਹੁਣ ਤੂੰ ਜਿਹੜਾ ਬਾਗ਼ ਚਾਹੁੰਦਾ ਸੀ ਉਹ ਲੈ ਸੱਕਦਾ ਹੈਂ।” 16 ਫ਼ੇਰ ਆਹਾਬ ਅੰਗੂਰਾਂ ਦੇ ਬਾਗ਼ ਵਿੱਚ ਗਿਆ ਅਤੇ ਇਸ ਤੇ ਕਬਜ਼ਾ ਕਰ ਲਿਆ।

1 ਕੁਰਿੰਥੀਆਂ ਨੂੰ 1:1-19

ਪੌਲੁਸ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਯਿਸੂ ਮਸੀਹ ਦਾ ਰਸੂਲ ਚੁਣਿਆ ਗਿਆ ਹੈ। ਮੈਨੂੰ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੁਣਿਆ ਗਿਆ ਹੈ। ਸਾਡੇ ਭਰਾ ਸੋਸਥਨੇਸ ਵੱਲੋਂ ਵੀ ਸ਼ੁਭਕਾਮਨਾਵਾਂ।

ਮੈਂ ਇਹ ਪੱਤਰ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਉਨ੍ਹਾਂ ਨੂੰ ਲਿਖ ਰਿਹਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਬਣਾਏ ਗਏ ਹਨ। ਤੁਹਾਨੂੰ ਪਰਮੇਸ਼ੁਰ ਦੇ ਪਵਿੱਤਰ ਲੋਕ ਸੱਦਿਆ ਜਾਂਦਾ ਹੈ। ਤੁਹਾਨੂੰ ਹਰ ਜਗ਼੍ਹਾ ਉਨ੍ਹਾਂ ਸਮੂਹ ਲੋਕਾਂ ਸਮੇਤ ਬੁਲਾਇਆ ਜਾਂਦਾ ਹੈ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਉਨ੍ਹਾਂ ਦਾ ਪ੍ਰਭੂ ਹੈ ਅਤੇ ਸਾਡਾ ਵੀ।

ਤੁਸੀਂ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ।

ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ

ਮੈਂ ਤੁਹਾਡੇ ਵਾਸਤੇ, ਪਰਮੇਸ਼ੁਰ ਦਾ ਉਸ ਕਿਰਪਾ ਲਈ ਹਮੇਸ਼ਾ ਧੰਨਵਾਦ ਕਰਦਾ ਹਾਂ ਜੋ ਮਸੀਹ ਯਿਸੂ ਰਾਹੀਂ ਤੁਹਾਨੂੰ ਦਿੱਤੀ ਗਈ ਹੈ। ਯਿਸੂ ਰਾਹੀਂ ਤੁਸੀਂ ਹਰ ਤਰ੍ਹਾਂ ਨਾਲ ਸੁਭਾਗੇ ਹੋ। ਤੁਹਾਨੂੰ ਆਪਣੇ ਹਰ ਬਚਨ ਅਤੇ ਹਰ ਤਰ੍ਹਾਂ ਦੇ ਗਿਆਨ ਵਿੱਚ ਅਸੀਸ ਦਿੱਤੀ ਗਈ ਹੈ। ਮਸੀਹ ਬਾਰੇ ਸੱਚ ਤੁਹਾਡੇ ਵਿੱਚਕਾਰ ਦ੍ਰਿੜਤਾ ਨਾਲ ਕਾਇਮ ਹੈ। ਇਸੇ ਲਈ, ਤੁਸੀਂ ਪਰਮੇਸ਼ੁਰ ਵੱਲੋਂ ਹਰ ਤਰ੍ਹਾਂ ਦੀ ਦਾਤ ਪ੍ਰਾਪਤ ਕੀਤੀ ਹੈ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਉਡੀਕਵਾਨ ਹੋ। ਯਿਸੂ ਤੁਹਾਨੂੰ ਅੰਤ ਤੀਕ ਦ੍ਰਿੜਤਾ ਨਾਮ ਕਾਇਮ ਰੱਖੇਗਾ। ਤਾਂ ਜੋ ਤੁਹਾਡੇ ਉੱਪਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਦੇ ਦਿਨ ਕੋਈ ਦੋਸ਼ ਨਹੀਂ ਹੋਵੇਗਾ। ਪਰਮੇਸ਼ੁਰ ਵਫ਼ਾਦਾਰ ਹੈ। ਉਸ ਨੇ ਤੁਹਾਨੂੰ ਯਿਸੂ ਮਸੀਹ, ਅਪਣੇ ਪੁੱਤਰ ਅਤੇ ਸਾਡੇ ਪ੍ਰਭੂ ਨਾਲ ਸਾਂਝੀਵਾਲ ਹੋਕੇ ਜਿਉਣ ਲਈ ਚੁਣਿਆ ਹੈ।

ਕੁਰਿੰਥੁਸ ਦੀ ਕਲੀਸਿਯਾ ਵਿੱਚ ਸਮੱਸਿਆਵਾਂ

10 ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਸਹਿਮਤੀ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਬਟਵਾਰਾ ਨਾ ਹੋਵੇ। ਤੁਹਾਡੇ ਕੋਲ ਇੱਕੋ ਤਰ੍ਹਾਂ ਦੀ ਸੋਚ ਅਤੇ ਇੱਕੋ ਹੀ ਮਕਸਦ ਹੋਣੇ ਚਾਹੀਦੇ ਹਨ।

11 ਮੇਰੇ ਭਰਾਵੋ ਅਤੇ ਭੈਣੋ ਮੈਨੂੰ ਕਲੋਏ ਦੇ ਪਰਿਵਾਰ ਦੇ ਕੁਝ ਲੋਕਾਂ ਨੇ ਦੱਸਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਅੰਦਰ ਕੁਝ ਝਗੜ੍ਹੇ ਹਨ। 12 ਮੇਰਾ ਆਖਣ ਦਾ ਭਾਵ ਇਹ ਹੈ; ਤੁਹਾਡੇ ਵਿੱਚੋਂ ਇੱਕ ਆਖਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ;” ਦੂਸਰਾ ਆਖਦਾ ਹੈ, “ਮੈਂ ਅਪੁੱਲੋਸ ਦਾ ਚੇਲਾ ਹਾਂ;” ਹੋਰ ਕੋਈ ਆਖਦਾ ਹੈ, “ਮੈਂ ਪਤਰਸ ਦਾ ਚੇਲਾ ਹਾਂ;” ਅਤੇ ਕੋਈ-ਕੋਈ ਵਿਅਕਤੀ ਆਖਦਾ ਹੈ, “ਮੈਂ ਯਿਸੂ ਮਸੀਹ ਦਾ ਚੇਲਾ ਹਾਂ।” 13 ਮਸੀਹ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਨਹੀਂ ਜਾ ਸੱਕਦਾ। ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਟੰਗਿਆ ਗਿਆ ਸੀ? ਨਹੀਂ। ਕੀ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ। ਨਹੀਂ, 14 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ, ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ। 15 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਹੁਣ ਕੋਈ ਨਹੀਂ ਆਖ ਸੱਕਦਾ ਕਿ ਤੁਹਾਨੂੰ ਮੇਰੇ ਨਾਂ ਵਿੱਚ ਬਪਤਿਸਮਾ ਦਿੱਤਾ ਗਿਆ ਸੀ। 16 (ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ ਸੀ। ਪਰ ਮੈਨੂੰ ਕਿਸੇ ਹੋਰ ਨੂੰ ਬਪਤਿਸਮਾ ਦੇਣ ਦਾ ਚੇਤਾ ਨਹੀਂ।) 17 ਮਸੀਹ ਨੇ ਮੈਨੂੰ ਲੋਕਾਂ ਨੂੰ ਬਪਤਿਸਮਾ ਦੇਣ ਨਹੀਂ ਸਗੋਂ ਖੁਸ਼ਖਬਰੀ ਦੱਸਣ ਲਈ ਭੇਜਿਆ ਸੀ। ਮਸੀਹ ਨੇ ਮੈਨੂੰ ਕੋਈ ਦੁਨਿਆਵੀ ਸੂਝ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਖੁਸ਼ਖਬਰੀ ਫ਼ੈਲਾਉਣ ਲਈ ਨਹੀਂ ਭੇਜਿਆ ਸੀ। ਜੋ ਮੈਂ ਖੁਸ਼ਖਬਰੀ ਫ਼ੈਲਾਉਣ ਲਈ ਸੂਝਵਾਨ ਸ਼ਬਦਾਂ ਨੂੰ ਵਰਤਿਆ ਹੁੰਦਾ, ਤਾਂ ਫ਼ਿਰ ਮਸੀਹ ਦੀ ਸਲੀਬ ਆਪਣਾ ਅਰਥ ਗੁਆ ਲਵੇਗੀ।

ਮਸੀਹ ਵਿੱਚ ਪਰਮੇਸ਼ੁਰ ਦੀ ਸ਼ਕਤੀ ਅਤੇ ਸੂਝ

18 ਸਲੀਬ ਦਾ ਸੰਦੇਸ਼ ਉਨ੍ਹਾਂ ਲਈ ਮੂਰੱਖਤਾ ਜਾਪਦਾ ਹੈ ਜਿਹੜੇ ਗੁਆਚ ਗਏ ਹਨ ਪਰ ਉਨ੍ਹਾਂ ਲਈ ਜਿਨ੍ਹਾਂ ਨੂੰ ਬਚਾਇਆ ਗਿਆ ਹੈ, ਇਹ ਪਰਮੇਸ਼ੁਰ ਦੀ ਸ਼ਕਤੀ ਹੈ। 19 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ,

“ਮੈਂ ਅਕਲਮੰਦਾਂ ਦੀ ਅਕਲ ਨਸ਼ਟ ਕਰ ਦੇਵਾਂਗਾ,
ਮੈਂ ਸੂਝਵਾਨਾਂ ਦੀ ਸੂਝ ਨਿਕਾਰਥਕ ਬਣਾਂ ਦਿਆਂਗਾ।” (A)

ਮੱਤੀ 4:1-11

ਯਿਸੂ ਦਾ ਪਰਤਾਇਆ ਜਾਣਾ(A)

ਸ਼ੈਤਾਨ ਦੁਆਰਾ ਪਰਤਿਆਏ ਜਾਣ ਲਈ ਆਤਮਾ ਨੇ ਯਿਸੂ ਦੀ ਅਗਵਾਈ ਉਜਾੜ ਵਿੱਚ ਕੀਤੀ। ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸ ਨੂੰ ਭੁੱਖ ਲੱਗੀ। ਤਾਂ ਸ਼ੈਤਾਨ ਉਸ ਨੂੰ ਪਰਤਾਉਣ ਲਈ ਆਇਆ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”

ਯਿਸੂ ਨੇ ਜਵਾਬ ਦਿੱਤਾ, “ਇਹ ਪੋਥੀਆਂ ਵਿੱਚ ਲਿਖਿਆ ਹੈ:

‘ਇਨਸਾਨ ਨਿਰੀ ਰੋਟੀ ਤੇ ਹੀ ਨਹੀਂ ਜਿਉਂਦੇ ਸਗੋਂ ਉਨ੍ਹਾਂ ਦਾ ਜੀਵਨ ਉਸ ਹਰੇਕ
    ਵਾਕ ਉੱਪਰ ਨਿਰਭਰ ਕਰਦਾ ਹੈ ਜਿਹੜਾ ਪਰਮੇਸ਼ੁਰ ਦੇ ਮੂੰਹੋਂ ਨਿਕਲਦਾ ਹੈ।’” (B)

ਫੇਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਵਿੱਚ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਬੜੇ ਉੱਚੇ ਸਥਾਨ ਉੱਤੇ ਖੜ੍ਹਾ ਕਰਕੇ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ-ਆਪ ਨੂੰ ਹੇਠਾਂ ਡੇਗ ਦੇ। ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ ਕਿ,

‘ਪਰਮੇਸ਼ੁਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ,
    ਅਤੇ ਉਹ ਤੈਨੂੰ ਆਪਣੇ ਹੱਥਾਂ ਉੱਪਰ ਚੁੱਕ ਲੈਣਗੇ,
ਤਾਂ ਜੋ ਤੂੰ ਪੱਥਰ ਵਿੱਚ ਆਪਣੇ ਪੈਰ ਵੱਜਣ ਤੋਂ ਬਚਾ ਸੱਕੇਂ।’” (C)

ਯਿਸੂ ਨੇ ਉਸ ਨੂੰ ਕਿਹਾ, “ਪੋਥੀਆਂ ਵਿੱਚ ਇਹ ਵੀ ਲਿਖਿਆ ਹੈ, ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਨੂੰ ਨਹੀਂ ਪਰਤਾਉਣਾ ਚਾਹੀਦਾ।’” [a]

ਫੇਰ ਸ਼ੈਤਾਨ ਉਸ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੇ ਸਾਰੇ ਰਾਜ ਅਤੇ ਉਨ੍ਹਾਂ ਦਾ ਜਲੌਂ ਵਿਖਾਇਆ। ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”

10 ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ,

‘ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ
    ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’” (D)

11 ਤਦ ਸ਼ੈਤਾਨ ਚੱਲਿਆ ਗਿਆ ਅਤੇ ਕੁਝ ਦੂਤ ਯਿਸੂ ਕੋਲ ਉਸਦੀ ਮਦਦ ਕਰਨ ਲਈ ਆਏ।

Punjabi Bible: Easy-to-Read Version (ERV-PA)

2010 by World Bible Translation Center