Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 119:49-72

ਜ਼ਾਇਨ

49 ਯਹੋਵਾਹ, ਆਪਣਾ ਵਾਅਦਾ ਯਾਦ ਕਰੋ ਜੋ ਤੁਸਾਂ ਮੇਰੇ ਨਾਲ ਕੀਤਾ ਸੀ।
    ਉਹ ਵਾਅਦਾ ਮੈਨੂੰ ਆਸ ਬੁਨ੍ਹਾਉਂਦਾ ਹੈ।
50 ਮੈਂ ਦੁੱਖੀ ਸਾਂ, ਅਤੇ ਤੁਸੀਂ ਮੈਨੂੰ ਸੁਕੂਨ ਪਹੁੰਚਾਇਆ।
    ਤੁਹਾਡੇ ਸ਼ਬਦਾ ਨੇ ਮੈਨੂੰ ਫ਼ੇਰ ਜਿਉਣ ਦਿੱਤਾ।
51 ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਉਨ੍ਹਾਂ ਨੇ ਮੈਨੂੰ ਨਿਰੰਤਰ ਬੇਇੱਜ਼ਤ ਕੀਤਾ।
    ਪਰ ਮੈਂ ਤੁਹਾਡੀਆਂ ਸਿੱਖਿਆਵਾ ਉੱਤੇ ਅਮਲ ਕਰਨ ਤੋਂ ਨਹੀਂ ਰੁਕਿਆ।
52 ਮੈਂ ਸਦਾ ਤੁਹਾਡੇ ਸਿਆਣੇ ਨਿਆਂ ਯਾਦ ਕਰਦਾ ਹਾਂ।
    ਯਹੋਵਾਹ, ਤੁਹਾਡੇ ਸਿਆਣੇ ਨਿਆਂ ਮੈਨੂੰ ਸੁਕੂਨ ਦਿੰਦੇ ਹਨ।
53 ਮੈਂ ਕ੍ਰੋਧਵਾਨ ਹੋਇਆ ਜਦੋਂ ਮੈਂ ਬੁਰਿਆਂ ਬੰਦਿਆਂ ਨੂੰ
    ਤੁਹਾਡੀਆਂ ਸਿੱਖਿਆਵਾਂ ਤੋਂ ਅਮਲ ਕਰਨੋਂ ਹਟਦਿਆ ਵੇਖਿਆ।
54 ਤੁਹਾਡੇ ਨੇਮ ਮੇਰੇ ਘਰ ਵਿੱਚ ਗੀਤ ਹਨ।
55 ਯਹੋਵਾਹ, ਮੈਂ ਰਾਤ ਵੇਲੇ ਤੁਹਾਡਾ ਨਾਮ ਯਾਦ ਕਰਦਾ ਹਾਂ।
    ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਯਾਦ ਕਰਦਾ ਹਾਂ।
56 ਇਹ ਇਸ ਤਰ੍ਹਾਂ ਵਾਪਰਦਾ ਕਿਉਂਕਿ ਮੈਂ ਤੁਹਾਡੇ ਆਦੇਸ਼ਾ ਨੂੰ ਧਿਆਨ ਨਾਲ ਮੰਨਦਾ ਹਾਂ।

ਹੇਥ

57 ਯਹੋਵਾਹ, ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਆਦੇਸ਼ਾ ਨੂੰ ਮੰਨਣਾ ਮੇਰਾ ਫ਼ਰਜ਼ ਹੈ।
58 ਯਹੋਵਾਹ, ਮੈਂ ਪੂਰੀ ਤਰ੍ਹਾਂ ਤੁਹਾਡੇ ਉੱਤੇ ਨਿਰਭਰ ਹਾਂ।
    ਮੇਰੇ ਉੱਤੇ ਮਿਹਰਬਾਨ ਹੋਵੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
59 ਮੈਂ ਆਪਣੇ ਜੀਵਨ ਬਾਰੇ ਧਿਆਨ ਨਾਲ ਸੋਚਿਆ
    ਅਤੇ ਮੈਂ ਤੁਹਾਡੇ ਕਰਾਰ ਵੱਲ ਵਾਪਸ ਮੁੜ ਪਿਆ।
60 ਮੈਂ ਕਾਹਲੀ ਨਾਲ ਮੁੜਿਆ, ਬਿਨ ਦੇਰ ਕੀਤਿਆਂ ਤੁਹਾਡੇ ਆਦੇਸ਼ ਵੱਲ ਮੁੜਿਆ।
61 ਮੰਦੇ ਲੋਕਾਂ ਦੇ ਇੱਕ ਸਮੂਹ ਨੇ ਮੇਰੇ ਬਾਰੇ ਮੰਦੀਆਂ ਗੱਲਾਂ ਆਖੀਆਂ।
    ਪਰ ਮੈਂ ਤੁਹਾਡੀਆਂ ਸਿੱਖਿਆਵਾਂ ਨਹੀਂ ਭੁੱਲਿਆ, ਯਹੋਵਾਹ।
62 ਅੱਧੀ ਰਾਤ ਵੇਲੇ, ਮੈਂ ਤੁਹਾਡੇ ਸ਼ੁਭ ਨਿਆਂਵਾਂ
    ਦਾ ਧੰਨਵਾਦ ਕਰਨ ਲਈ ਉੱਠਦਾ ਹਾਂ।
63 ਮੈਂ ਹਰ ਉਸ ਬੰਦੇ ਦਾ ਮੀਤ ਹਾਂ, ਜਿਹੜਾ ਤੁਹਾਡੀ ਉਪਾਸਨਾ ਕਰਦਾ ਹੈ।
    ਮੈਂ ਹਰ ਉਸ ਬੰਦੇ ਦਾ ਮੀਤ ਹਾਂ ਜਿਹੜਾ ਤੁਹਾਡੇ ਆਦੇਸ਼ ਮੰਨਦਾ ਹੈ।
64 ਯਹੋਵਾਹ, ਧਰਤੀ ਨੂੰ ਤੁਹਾਡਾ ਸੱਚਾ ਪਿਆਰ ਭਰਦਾ ਹੈ।
    ਮੈਨੂੰ ਆਪਣੇ ਨੇਮ ਸਿੱਖਾਉ।

ਟੇਥ

65 ਯਹੋਵਾਹ, ਤੁਸੀਂ ਮੇਰੇ ਲਈ, ਤੁਹਾਡੇ ਸੇਵਕ ਲਈ ਸ਼ੁਭ ਗੱਲਾਂ ਕੀਤੀਆਂ।
    ਤੁਸੀਂ ਬਿਲਕੁਲ ਉਵੇਂ ਹੀ ਕੀਤਾ ਜਿਸਦਾ ਤੁਸਾਂ ਵਾਅਦਾ ਕੀਤਾ ਸੀ।
66 ਯਹੋਵਾਹ, ਮੈਨੂੰ ਸਿਆਣੇ ਨਿਆਂ ਕਰਨ ਲਈ ਗਿਆਨ ਪ੍ਰਦਾਨ ਕਰੋ।
    ਮੈਨੂੰ ਤੁਹਾਡੇ ਆਦੇਸ਼ਾ ਵਿੱਚ ਭਰੋਸਾ ਹੈ।
67 ਦੁੱਖ ਭੋਗਣ ਤੋਂ ਪਹਿਲਾਂ ਮੈਂ ਬਹੁਤ ਗਲਤ ਗੱਲਾਂ ਕੀਤੀਆਂ ਸਨ।
    ਪਰ ਹੁਣ, ਮੈਂ ਧਿਆਨ ਨਾਲ ਤੁਹਾਡੇ ਆਦੇਸ਼ ਮੰਨਦਾ ਹਾਂ।
68 ਹੇ ਪਰਮੇਸ਼ੁਰ, ਤੁਸੀਂ ਸ਼ੁਭ ਹੋ ਅਤੇ ਤੁਸੀਂ ਨੇਕੀ ਕਰਦੇ ਹੋ।
    ਮੈਨੂੰ ਆਪਣੇ ਨੇਮ ਸਿੱਖਾਉ।
69 ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਮੇਰੇ ਬਾਰੇ ਝੂਠ ਬੋਲਿਆ।
    ਪਰ ਮੈਂ ਸੱਚੇ ਦਿਲੋਂ ਤੁਹਾਡੇ ਆਦੇਸ਼ ਮੰਨਦਾ ਰਿਹਾ, ਯਹੋਵਾਹ।
70 ਬਹੁਤ ਲੋਕ ਮੂਰਖ ਹਨ।
    ਪਰ ਮੈਨੂੰ ਤੁਹਾਡੀਆਂ ਸਿੱਖਿਆਵਾ ਦਾ ਅਧਿਐਨ ਕਰਨ ਵਿੱਚ ਖੁਸ਼ੀ ਮਿਲਦੀ ਹੈ।
71 ਮੇਰੇ ਲਈ ਦੁੱਖ ਭੋਗਣਾ ਚੰਗਾ ਸੀ।
    ਮੈਂ ਤੁਹਾਡੇ ਨੇਮ ਸਿੱਖੋ।
72 ਯਹੋਵਾਹ, ਤੁਹਾਡੀਆਂ ਸਿੱਖਿਆਵਾ ਮੇਰੇ ਲਈ ਸ਼ੁਭ ਹਨ।
    ਉਹ ਸੋਨੇ ਚਾਂਦੀ ਦੇ ਹਜ਼ਾਰ ਸਿੱਕਿਆਂ ਨਾਲੋਂ ਬਿਹਤਰ ਹਨ।

ਜ਼ਬੂਰ 49

ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਗੀਤ।

49 ਤੁਸੀਂ ਸਮੂਹ ਕੌਮੋ ਇਸ ਨੂੰ ਸੁਣੋ।
    ਧਰਤੀ ਦੇ ਸਮੂਹ ਲੋਕੋ ਇਸ ਸਭ ਕਾਸੇ ਨੂੰ ਧਿਆਨ ਨਾਲ ਸੁਣੋ।
    ਅਮੀਰ ਹੋਵੇ ਜਾਂ ਗਰੀਬ ਹਰ ਬੰਦੇ ਨੂੰ ਸੁਣਨਾ ਚਾਹੀਦਾ ਹੈ।
ਮੈਂ ਤੁਹਾਨੂੰ ਕੁਝ ਸਿਆਣੀਆਂ
    ਅਤੇ ਸੂਝਵਾਨ ਗੱਲਾਂ ਦੱਸਾਂਗਾ।
ਮੈਂ ਵੀ ਇਹ ਕਹਾਣੀਆਂ ਸੁਣੀਆਂ ਸਨ।
    ਅਤੇ ਹੁਣ ਮੈਂ ਆਪਣੇ ਰਬਾਬ ਨਾਲ ਗਾਵਾਂਗਾ ਅਤੇ ਉਹ ਸੰਦੇਸ਼ ਤੁਹਾਡੇ ਲਈ ਉਜਾਗਰ ਕਰਾਂਗਾ।

ਜੇ ਮੁਸੀਬਤ ਆਵੇ ਮੈਂ ਕਿਉਂ ਡਰਾਂ। ਡਰਨ ਦੀ ਕੋਈ ਲੋੜ ਨਹੀਂ ਜੇ ਮੰਦੇ ਲੋਕੀ ਮੇਰੇ ਦੁਆਲੇ ਹਨ
    ਅਤੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਹ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਦੀ ਤਾਕਤ
    ਅਤੇ ਧਨ ਉਨ੍ਹਾਂ ਦੀ ਰੱਖਿਆ ਕਰੇਗੀ ਮੂਰਖ ਹਨ।
ਕੋਈ ਐਸਾ ਇਨਸਾਨੀ ਦੋਸਤ ਨਹੀਂ ਜਿਹੜਾ ਤੁਹਾਨੂੰ ਬਚਾ ਸੱਕੇ।
    ਅਤੇ ਤੁਸੀਂ ਪਰਮੇਸ਼ੁਰ ਨੂੰ ਰਿਸ਼ਵਤ ਨਹੀਂ ਦੇ ਸੱਕਦੇ।
ਕੋਈ ਬੰਦਾ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
    ਜਿਸ ਦੁਆਰਾ ਉਹ ਆਪਣੀ ਜ਼ਿੰਦਗੀ ਖਰੀਦ ਸੱਕੇ।
ਕੋਈ ਵੀ ਇੰਨਾ ਧਨ ਪ੍ਰਾਪਤ ਨਹੀਂ ਕਰ ਸੱਕਦਾ
    ਜਿਸ ਦੁਆਰਾ ਉਹ ਸਦੀਵੀ ਜਿਉਣ ਦਾ ਹੱਕ ਖਰੀਦ ਸੱਕੇ।
    ਅਤੇ ਆਪਣੇ ਸ਼ਰੀਰ ਨੂੰ ਕਬਰ ਵਿੱਚ ਸੜਨ ਤੋਂ ਬਚਾ ਲਵੇ।
10 ਦੇਖੋ, ਸਿਆਣੇ ਲੋਕ ਵੀ ਉਵੇਂ ਮਰਦੇ ਹਨ ਜਿਵੇਂ ਮੂਰਖ ਅਤੇ ਉੱਜੜ ਲੋਕ ਮਰਦੇ ਹਨ।
    ਉਹ ਮਰ ਜਾਂਦੇ ਹਨ ਅਤੇ ਆਪਣੀ ਦੌਲਤ ਹੋਰਾਂ ਲਈ ਛੱਡ ਜਾਂਦੇ ਹਨ।
11 ਉਨ੍ਹਾਂ ਦੀਆਂ ਕਬਰਾਂ ਹੀ ਸਦਾ-ਸਦਾ ਲਈ ਉਨਾਂ ਦਾ ਨਵਾਂ ਘਰ ਹੋਣਗੀਆਂ।
    ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਹ ਕਿੰਨੀ ਵੀ ਜ਼ਮੀਨ ਦੇ ਮਾਲਕ ਹੋਣ।
12 ਲੋਕ ਅਮੀਰ ਹੋ ਸੱਕਦੇ ਹਨ, ਪਰ ਸਦਾ ਲਈ ਉਹ ਇੱਥੇ ਟਿਕ ਨਹੀਂ ਸੱਕਦੇ।
13 ਸੱਚਮੁੱਚ ਉਹੀ ਉਨ੍ਹਾਂ ਦਾ ਅੰਤ ਹੈ
    ਜਿਹੜੇ ਆਪਣੀ ਦੌਲਤ ਤੋਂ ਪ੍ਰਸੰਨ ਹੁੰਦੇ ਹਨ।
14 ਉਹ ਲੋਕ ਬਸ ਭੇਡਾਂ ਵਰਗੇ ਹਨ।
    ਕਬਰਿਸਤਾਨ ਹੀ ਉਨ੍ਹਾਂ ਦਾ ਬਾੜਾ ਹੋਵੇਗੀ ਮੌਤ ਉਨ੍ਹਾਂ ਦੀ ਆਜੜੀ ਹੋਵੇਗੀ,
ਫ਼ੇਰ ਉਸ ਸਵੇਰ ਨੂੰ ਚੰਗੇ ਲੋਕ ਹੀ ਜੇਤੂ ਹੋਣਗੇ।
    ਕਿਉਂਕਿ ਉਨ੍ਹਾਂ ਗੁਮਾਨੀ ਲੋਕਾਂ ਦੇ ਸ਼ਰੀਰ ਆਪਣੇ ਮਹਿਲਾਂ ਤੋਂ ਦੂਰ ਹੌਲੀ-ਹੌਲੀ ਕਬਰ ਵਿੱਚ ਸੜ ਜਾਣਗੇ।

15 ਪਰ ਪਰਮੇਸ਼ੁਰ ਮੁੱਲ ਤਾਰੇਗਾ ਅਤੇ ਮੇਰੀ ਜ਼ਿੰਦਗੀ ਦੀ ਰੱਖਿਆ ਕਰੇਗਾ।
    ਉਹ ਮੈਨੂੰ ਕਬਰ ਦੇ ਜ਼ੋਰ ਤੋਂ ਬਚਾ ਲਵੇਗਾ ਜਦੋਂ ਉਹ ਮੈਨੂੰ ਆਪਣੇ ਨਾਲ ਲੈ ਜਾਵੇਗਾ।

16 ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਅਮੀਰ ਹਨ।
    ਲੋਕਾਂ ਤੋਂ ਇਸ ਲਈ ਨਾ ਡਰੋ ਕਿ ਉਹ ਆਲੀਸ਼ਾਨ ਮਕਾਨਾਂ ਵਿੱਚ ਰਹਿੰਦੇ ਹਨ।
17 ਉਹ ਕੋਈ ਵੀ ਚੀਜ਼ ਆਪਣੇ ਨਾਲ ਲੈ ਕੇ ਨਹੀਂ ਜਾ ਸੱਕਦੇ।
    ਜਦੋਂ ਉਹ ਮਰਨਗੇ ਉਹ ਆਪਣੇ ਨਾਲ ਉਨ੍ਹਾਂ ਸਾਰੀਆਂ ਖੂਬਸੂਰਤ ਚੀਜ਼ਾਂ ਵਿੱਚੋਂ ਇੱਕ ਵੀ ਲੈ ਕੇ ਨਹੀਂ ਜਾਣਗੇ।
18 ਇੱਕ ਅਮੀਰ ਆਦਮੀ ਆਪਣੇ ਜੀਵਨ ਵਿੱਚ ਪ੍ਰਾਪਤ ਕੀਤੀ ਸਾਰੀ ਸਫ਼ਲਤਾ ਲਈ ਆਪਣੇ-ਆਪ ਦੀ ਪ੍ਰਸੰਸਾ ਕਰ ਸੱਕਦਾ ਹੈ।
    ਅਤੇ ਹਾਂ, ਹੋਰ ਲੋਕੀਂ ਵੀ ਉਸ ਦੀ ਉਸਤਤਿ ਕਰ ਸੱਕਦੇ ਹਨ ਕਿ ਉਸ ਨੇ ਕਿੰਨੀ ਸਫ਼ਲਤਾ ਪ੍ਰਾਪਤ ਕੀਤੀ ਹੈ।
19 ਪਰ ਉਸ ਦੇ ਮਰਨ ਦਾ
    ਅਤੇ ਆਪਣੇ ਪੁਰਖਿਆਂ ਕੋਲ ਜਾਣ ਦਾ ਸਮਾਂ ਆਵੇਗਾ।
ਅਤੇ ਉਹ ਫ਼ੇਰ ਕਦੇ ਵੀ ਦਿਨ ਦੀ ਰੌਸ਼ਨੀ ਨਹੀਂ ਦੇਖੇਗਾ।
20 ਲੋਕੀ ਅਮੀਰ ਹੋ ਸੱਕਦੇ ਹਨ, ਪਰ ਜੇਕਰ ਫ਼ੇਰ ਵੀ ਉਹ ਨਾ ਸਮਝਣ ਉਹ ਬਿਲਕੁਲ ਜਾਨਵਰਾਂ ਵਾਂਗ ਮਰਨਗੇ।

ਜ਼ਬੂਰ 53

ਨਿਰਦੇਸ਼ਕ ਲਈ: ਮਹਾਲਥ ਦੀ ਧੁਨੀ। ਦਾਊਦ ਦਾ ਇੱਕ ਭੱਗਤੀ ਗੀਤ।

53 ਇਹ ਸਿਰਫ਼ ਇੱਕ ਦੁਸ਼ਟ ਵਿਅਕਤੀ ਹੀ ਹੈ ਜਿਹੜਾ ਸੋਚਦਾ ਹੈ ਕਿ ਪਰਮੇਸ਼ੁਰ ਮੌਜੁਦ ਨਹੀਂ ਹੈ।
    ਇਸ ਤਰ੍ਹਾਂ ਦੇ ਲੋਕੀਂ ਭ੍ਰਸ਼ਟ, ਦੁਸ਼ਟ ਅਤੇ ਦੋਖੀ ਹੁੰਦੇ ਹਨ
    ਅਤੇ ਉਹ ਚੰਗੀਆਂ ਗੱਲਾਂ ਨਹੀਂ ਕਰਦੇ।
ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ।
    ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ
    ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ।
ਪਰ ਹਰ ਕੋਈ ਪਰਮੇਸ਼ੁਰ ਤੋਂ ਦੂਰ ਹੋਇਆ ਹੈ।
    ਹਰ ਬੰਦਾ ਬੁਰਾ ਹੈ ਕੋਈ ਵੀ ਬੰਦਾ ਨੇਕੀ ਨਹੀਂ ਕਰਦਾ।
ਕੋਈ ਨਹੀਂ, ਇੱਕ ਬੰਦਾ ਵੀ ਨਹੀਂ।

ਪਰਮੇਸ਼ੁਰ ਆਖਦਾ ਹੈ, “ਅਵੱਸ਼ ਹੀ ਉਹ ਮੰਦੇ ਲੋਕ ਸੱਚ ਜਾਣਦੇ ਹਨ।
    ਪਰ ਉਹ ਮੇਰੇ ਅੱਗੇ ਪ੍ਰਾਰਥਨਾ ਨਹੀਂ ਕਰਦੇ।
    ਮੰਦੇ ਲੋਕ ਮੇਰੇ ਲੋਕਾਂ ਨੂੰ ਬਰਬਾਦ ਕਰਨ ਲਈ ਇਸ ਤਰ੍ਹਾਂ ਤਿਆਰ ਹਨ ਜਿਵੇਂ ਉਹ ਭੋਜਨ ਕਰਨ ਲੱਗੇ ਹੋਣ।”

ਪਰ ਉਹ ਮੰਦੇ ਲੋਕੀਂ ਇੰਨੇ ਭੈਭੀਤ ਹੋਣਗੇ ਜਿੰਨਾ ਉਹ ਪਹਿਲਾਂ ਕਦੀ ਨਹੀਂ ਹੋਏ।
    ਉਹ ਮੰਦੇ ਲੋਕ ਇਸਰਾਏਲ ਦੇ ਦੁਸ਼ਮਣ ਹਨ।
ਪਰਮੇਸ਼ੁਰ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਤਿਆਗ ਦਿੱਤਾ ਹੈ।
    ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨੂੰ ਹਰਾ ਦੇਣਗੇ,
ਅਤੇ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਦੀਆਂ ਹੱਡੀਆਂ ਖਿਲਾਰ ਦੇਵੇਗਾ।

ਮੈਂ ਚਾਹੁੰਦਾ ਹਾਂ ਕਿ ਕੋਈ ਇਸਰਾਏਲ ਲਈ ਸੀਯੋਨ ਪਰਬਤ ਤੋਂ ਜਿੱਤ ਲੈ ਕੇ ਆਵੇ।
    ਉਸ ਸਮੇਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਾਪਸ ਲਿਆਵੇਗਾ।
ਯਾਕੂਬ ਖੁਸ਼ੀ ਮਨਾਵੇਗਾ।
    ਇਸਰਾਏਲ ਬਹੁਤ ਆਨੰਦਿਤ ਹੋਵੇਗਾ।

1 ਰਾਜਿਆਂ 17

ਏਲੀਯਾਹ ਅਤੇ ਸੋਕਾ

17 ਏਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।”

ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਇੱਥੋਂ ਚੱਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ। ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸੱਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।” ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸ ਨੂੰ ਕਰਨ ਨੂੰ ਕਿਹਾ। ਤਦ ਉਹ ਕਰੀਥ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ। ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸ ਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।

ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ। ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਉੱਠ ਅਤੇ ਸੀਦੋਨ ਦੇ ਸਾਰਫ਼ਥ ਨੂੰ ਚੱਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸ ਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।”

10 ਤਾਂ ਏਲੀਯਾਹ ਸਾਰਫ਼ ਨੂੰ ਚੱਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸ ਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸ ਨੂੰ ਕਿਹਾ, “ਕੀ ਤੂੰ ਮੈਨੂੰ ਪਿਆਲੇ ’ਚ ਕੁਝ ਪਾਣੀ ਦੇ ਸੱਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?” 11 ਜਦੋਂ ਔਰਤ ਉਸ ਲਈ ਪਾਣੀ ਲੈਣ ਗਈ ਤਾਂ ਏਲੀਯਾਹ ਨੇ ਕਿਹਾ, “ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਂ!”

12 ਉਸ ਔਰਤ ਨੇ ਕਿਹਾ, “ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸੌਂਹ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸ ਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।”

13 ਏਲੀਯਾਹ ਨੇ ਉਸ ਔਰਤ ਨੂੰ ਆਖਿਆ, “ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਂ। 14 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।’”

15 ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ। 16 ਆਟੇ ਵਾਲਾ ਅਤੇ ਤੇਲ ਵਾਲ ਭਾਂਡਾ ਕਦੇ ਵੀ ਖਾਲੀ ਨਾ ਹੋਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਂ ਕਹੇ ਸਨ।

17 ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵੱਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ। 18 ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”

19 ਏਲੀਯਾਹ ਨੇ ਕਿਹਾ, “ਆਪਣਾ ਪੁੱਤਰ ਮੈਨੂੰ ਦੇ!” ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈ ਕੇ ਉਸ ਨੂੰ ਪੌੜੀਆਂ ਚੜ੍ਹ ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸ ਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ। 20 ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਂਗਾ ਕਿ ਉਸਦਾ ਪੁੱਤਰ ਮਰੇ?” 21 ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪ ਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।”

22 ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉ ਪਿਆ। 23 ਏਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, “ਵੇਖ ਤੇਰਾ ਪੁੱਤਰ ਜਿਉਂਦਾ ਹੈ।”

24 ਔਰਤ ਨੇ ਕਿਹਾ, “ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।”

ਫ਼ਿਲਿੱਪੀਆਂ ਨੂੰ 2:1-11

ਏਕਾ ਕਰੋ ਅਤੇ ਇੱਕ ਦੂਸਰੇ ਦੇ ਸਹਾਇਕ ਰਹੋ

ਕੀ ਮਸੀਹ ਵਿੱਚ ਤੁਸੀਂ ਮੇਰੀ ਖਾਤਿਰ ਕੋਈ ਕੰਮ ਕਰ ਸੱਕਦੇ ਹੋਂ? ਕੀ ਤੁਹਾਡਾ ਪਿਆਰ ਮੈਨੂੰ ਦਿਲਾਸਾ ਦੇਣਾ ਚਾਹੁੰਦਾ ਹੈ? ਕੀ ਅਸੀਂ ਪਵਿੱਤਰ ਆਤਮਾ ਵਿੱਚ ਇਕੱਠੇ ਭਾਗੀਦਾਰ ਹਾਂ? ਕੀ ਤੁਹਾਡੇ ਵਿੱਚ ਦਯਾ ਅਤੇ ਕਿਰਪਾ ਹੈ? ਜੇ ਤੁਹਾਡੇ ਅੰਦਰ ਇਹ ਸਭ ਗੱਲਾਂ ਹਨ, ਤਾਂ ਮੈਂ ਤੁਹਾਨੂੰ ਮੇਰੀ ਖਾਤਿਰ ਕੋਈ ਕੰਮ ਕਰਨ ਲਈ ਆਖਦਾ ਹਾਂ। ਇਸ ਨਾਲ ਮੈਨੂੰ ਬਹੁਤ ਪ੍ਰਸੰਨਤਾ ਮਿਲੇਗੀ। ਮੈਂ ਮੰਗਦਾ ਹਾਂ ਕਿ ਤੁਸੀਂ ਸਾਰੇ ਇੱਕੋ ਮਨ ਨਾਲ ਇੱਕੇ ਵਿਸ਼ੇ ਵਿੱਚ ਵਿਸ਼ਵਾਸ ਕਰੋ। ਇੱਕ ਦੂਸਰੇ ਨੂੰ ਪਿਆਰ ਕਰਦਿਆਂ ਇੱਕਸਾਥ ਜੁੜਕੇ ਰਹੋ। ਇੱਕੋ ਤਰ੍ਹਾਂ ਦੀਆਂ ਸੋਚਾਂ ਅਤੇ ਇੱਕੋ ਤਰ੍ਹਾਂ ਦੇ ਉਦੇਸ਼ ਰੱਖਕੇ ਇਕੱਠੇ ਜਿਉਂਵੋ। ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵੱਧੇਰੇ ਬਿਹਤਰ ਕਰਾਰ ਦਿਉ। ਤੁਹਾਨੂੰ ਸਾਰਿਆਂ ਨੂੰ ਕੇਵਲ ਆਪਣੇ ਹੀ ਮਾਮਲਿਆਂ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਬਾਰੇ ਵੀ ਸੋਚਣਾ ਚਾਹੀਦਾ।

ਮਸੀਹ ਪਾਸੋ ਬੇਗਰਜ਼ ਹੋਣਾ ਸਿੱਖੋ

ਆਪਣੇ ਦਰਮਿਆਨ ਉਸੇ ਤਰ੍ਹਾਂ ਦੀ ਮਨੋਬਿਰਤੀ ਰੱਖੋ, ਜੋ ਮਸੀਹ ਯਿਸੂ ਦੀ ਸੀ।

ਮਸੀਹ ਖੁਦ ਹਰ ਗੱਲ ਵਿੱਚ ਪਰਮੇਸ਼ੁਰ ਵਾਂਗ ਸੀ।
ਮਸੀਹ ਪਰਮੇਸ਼ੁਰ ਦੇ ਬਰਾਬਰ ਸੀ।
    ਪਰ ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨਾਲ ਬਰਾਬਰੀ ਕੁਝ ਅਜਿਹੀ ਸੀ ਜੋ ਹਰ ਹਾਲਤ ਵਿੱਚ ਉਸ ਨੂੰ ਖੁਦ ਲਈ ਹੀ ਰੱਖਣੀ ਚਾਹੀਦੀ ਸੀ।
ਇਸ ਦੀ ਜਗ਼੍ਹਾ, ਉਸ ਨੇ ਆਪਣਾ ਸਭ ਕੁਝ ਤਿਆਗ ਦਿੱਤਾ
    ਅਤੇ ਇੱਕ ਇਨਸਾਨ ਦਾ ਰੂਪ ਧਾਰਿਆ ਅਤੇ
ਇੱਕ ਸੇਵਕ ਵਰਗਾ ਬਣ ਗਿਆ।
    ਜਦੋਂ ਉਹ ਇਸ ਦੁਨੀਆਂ ਵਿੱਚ ਇੱਕ ਮਨੁੱਖ ਵਾਂਗ ਰਹਿ ਰਿਹਾ ਸੀ ਉਸ ਨੇ ਖੁਦ ਨੂੰ ਨਿਮ੍ਰ ਬਣਾਇਆ।
    ਉਹ ਪਰਮੇਸ਼ੁਰ ਨੂੰ ਇੰਨਾ ਆਗਿਆਕਾਰੀ ਹੋ ਗਿਆ ਕਿ ਉਸ ਨੇ ਸਲੀਬ ਉੱਤੇ ਆਪਣਾ ਜੀਵਨ ਵੀ ਦੇ ਦਿੱਤਾ।
ਮਸੀਹ ਨੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕੀਤਾ, ਇਸ ਲਈ ਪਰਮੇਸ਼ੁਰ ਨੇ ਉਸ ਨੂੰ ਉਚਾਈ ਵਾਲੀ ਜਗ਼੍ਹਾ ਤੇ ਉੱਠਾਇਆ।
    ਅਤੇ ਉਸ ਨੂੰ ਇੱਕ ਨਾਂ ਦਿੱਤਾ ਜੋ ਕਿ ਦੂਜੇ ਸਾਰਿਆਂ ਨਾਵਾਂ ਤੋਂ ਉੱਚਾ ਹੈ।
10 ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ,
    ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ।
11 ਅਤੇ ਹਰ ਜੀਭ ਇਹ ਸਵੀਕਾਰ ਕਰੇਗੀ, “ਯਿਸੂ ਮਸੀਹ ਪ੍ਰਭੂ ਹੈ।”
    ਜਦੋਂ ਉਹ ਇਹ ਆਖਣਗੇ ਉਹ ਪਰਮੇਸ਼ੁਰ ਲਈ ਸਤਿਕਾਰ ਲਿਆਉਣਗੇ।

ਮੱਤੀ 2:1-12

ਜੋਤਸ਼ੀ ਯਿਸੂ ਨੂੰ ਮਿਲਣ ਆਏ

ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ। ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿੱਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਤਾਰੇ ਨੂੰ ਪੂਰਬ ਵਿੱਚ ਆਕਾਸ਼ ਵਿੱਚ ਉੱਠਦਿਆਂ ਵੇਖਿਆ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”

ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ। ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕੱਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿੱਥੇ ਜੰਮੇਗਾ? ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:

‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ
    ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ।
ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ,
    ਜਿਹੜਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।’” (A)

ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ। ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲੱਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”

ਉਹ ਰਾਜੇ ਦੀ ਗੱਲ ਸੁਣਕੇ ਚੱਲੇ ਗਏ। ਅਤੇ ਉਹ ਤਾਰਾ, ਜਿਹੜਾ ਉਨ੍ਹਾਂ ਨੇ ਚੜ੍ਹ੍ਹਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿੱਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿੱਥੇ ਉਹ ਬਾਲਕ ਸੀ। 10 ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।

11 ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ। 12 ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ।

Punjabi Bible: Easy-to-Read Version (ERV-PA)

2010 by World Bible Translation Center