Book of Common Prayer
ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ।
45 ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ
ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ।
ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ
ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।
2 ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ।
ਤੁਸੀਂ ਬਹੁਤ ਚੰਗੇ ਵਕਤਾ ਹੋ।
ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।
3 ਆਪਣੀ ਤਲਵਾਰ ਪਹਿਨ ਲਵੋ।
ਆਪਣੀ ਸ਼ਾਨਦਾਰ ਵਰਦੀ ਪਾ ਲਵੋ।
4 ਤੁਸੀਂ ਅਦਭੁਤ ਦਿਖਾਈ ਦਿੰਦੇ ਹੋ। ਜਾਉ ਨੇਕੀ ਅਤੇ ਨਿਰਪੱਖਤਾ ਲਈ ਲੜਾਈ ਜਿੱਤੋਂ।
ਤੁਹਾਡੇ ਤਾਕਤਵਰ ਸੱਜੇ ਹੱਥ ਨੂੰ ਹੈਰਾਨੀ ਭਰੀਆਂ ਗੱਲਾਂ ਸਿੱਖਾਈਆਂ ਗਈਆਂ ਸਨ।
5 ਤੁਹਾਡੇ ਤੀਰ ਤਿੱਖੇ ਹਨ, ਤੁਹਾਡੇ ਦੁਸ਼ਮਣਾਂ ਦੇ ਦਿਲਾਂ ਅੰਦਰ ਡੂੰਘੇ ਉਤਰਦੇ ਹਨ।
ਧਰਤੀ ਉੱਤੇ ਲੋਕ ਤੁਹਾਡੇ ਸਾਹਮਣੇ ਡਿੱਗਣਗੇ।
6 ਹੇ ਪਰਮੇਸ਼ੁਰ, ਤੁਹਾਡਾ ਤਖਤ ਸਦੀਵੀ ਹੈ।
ਇਮਾਨਦਾਰੀ ਤੁਹਾਡੇ ਰਾਜ ਦਾ ਸ਼ਾਹੀ ਨਿਸ਼ਾਨ ਹੈ।
7 ਤੁਸੀਂ ਨੇਕੀ ਨੂੰ ਪਿਆਰ ਕਰਦੇ ਹੋਂ ਅਤੇ ਬਦੀ ਨੂੰ ਨਫ਼ਰਤ ਕਰਦੇ ਹੋਂ।
ਇਸ ਲਈ ਪਰਮੇਸ਼ੁਰ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦੋਸਤਾਂ ਦਾ ਰਾਜਾ ਬਣਨ ਲਈ ਚੁਣਿਆ ਸੀ।
8 ਤੁਹਾਡੇ ਸਾਰੇ ਵਸਤਰ ਮੁਰ, ਅਗਰ ਅਤੇ ਤੱਜ ਨਾਲ ਸੁਗੰਧਿਤ ਹਨ।
ਇੱਥੋਂ ਹਾਥੀ ਦੰਦਾਂ ਨਾਲ ਸਜਾਏ ਹੋਏ ਮਹਿਲਾਂ ਵਿੱਚੋਂ ਤੁਹਾਡੇ ਮਨੋਰੰਜਨ ਲਈ ਸੰਗੀਤ ਦੀ ਧੁਨ ਉੱਠਦੀ ਹੈ।
9 ਵਹੁਟੀ ਦੀਆਂ ਸਹੇਲੀਆਂ ਰਾਜਿਆਂ ਦੀਆਂ ਧੀਆਂ ਹਨ।
ਸੁੱਚੇ ਸੋਨੇ ਦਾ ਤਾਜ ਪਹਿਨੇ ਹੋਏ ਤੁਹਾਡਾ ਲਾੜਾ, ਤੁਹਾਡੇ ਸੱਜੇ ਪਾਸੇ ਖੜ੍ਹਾ ਹੈ।
10 ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ।
ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
11 ਰਾਜਾ ਤੇਰੀ ਸੁੰਦਰਤਾ ਦੀ ਇੱਛਾ ਕਰਦਾ ਹੈ।
ਉਹ ਤੇਰਾ ਨਵਾਂ ਪਤੀ ਹੋਵੇਗਾ
ਇਸ ਲਈ ਤੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ।
12 ਸੂਰ ਦੇ ਅਮੀਰ ਲੋਕ ਸੁਗਾਤਾਂ ਨਾਲ ਤੈਨੂੰ ਮਿਲਣ ਲਈ ਆਉਣਗੇ।
13 ਸ਼ਹਿਜ਼ਾਦੀ ਆਪਣੇ ਲਿਬਾਸ ਵਿੱਚ, ਜਿਹੜਾ ਖਾਲਸ ਸੋਨੇ ਦਾ ਬਣਿਆ ਹੈ।
ਸੋਨੇ ਵਿੱਚ ਮੜ੍ਹੇ ਹੀਰੇ ਵਾਂਗ ਲੱਗਦੀ ਹੈ।
14 ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ,
ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
15 ਉਹ ਖੁਸ਼ੀ ਨਾਲ ਭਰੀਆਂ ਹੋਈਆਂ ਆਉਂਦੀਆਂ ਹਨ।
ਉਹ ਖੁਸ਼ੀ ਨਾਲ ਭਰੀਆਂ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ।
16 ਰਾਜਾ ਤੁਹਾਡੇ ਪੁੱਤਰ ਤੁਹਾਡੇ ਪਿੱਛੋਂ ਰਾਜ ਕਰਨਗੇ।
ਤੁਸੀਂ ਉਨ੍ਹਾਂ ਨੂੰ ਸਾਰੀ ਧਰਤੀ ਦਾ ਹਾਕਮ ਬਣਾ ਦੇਵੋਂਗੇ।
17 ਮੈਂ ਸਦਾ ਲਈ ਤੁਹਾਡਾ ਨਾਮ ਰੌਸ਼ਨ ਕਰਾਂਗਾ।
ਲੋਕ ਸਦਾ-ਸਦਾ ਲਈ ਤੁਹਾਡੀ ਉਸਤਤਿ ਕਰਨਗੇ।
ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ।
47 ਤੁਸੀਂ ਸਮੂਹ ਲੋਕੋ, ਤਾੜੀ ਮਾਰੋ।
ਪਰਮੇਸ਼ੁਰ ਲਈ ਖੁਸ਼ੀ ਦੀਆਂ ਕਿਲਕਾਰੀਆਂ ਮਾਰੋ।
2 ਸਭ ਤੋਂ ਉੱਚਾ ਯਹੋਵਾਹ ਭਰਮ ਭਰਿਆ ਹੈ।
ਉਹੀ ਸਾਰੀ ਧਰਤੀ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ।
3 ਉਹ ਸਾਨੂੰ ਹੋਰਾਂ ਨੂੰ ਹਰਾਉਣ ਵਿੱਚ, ਸਹਾਈ ਹੋਇਆ।
ਉਸ ਨੇ ਹੋਰਾਂ ਕੌਮਾਂ ਨੂੰ ਸਾਡੇ ਅਧੀਨ ਕਰ ਦਿੱਤਾ।
4 ਸਾਡੇ ਪਰਮੇਸ਼ੁਰ ਨੇ ਸਾਡੇ ਲਈ ਸਾਡੀ ਧਰਤੀ ਦੀ ਚੋਣ ਕੀਤੀ।
ਉਸ ਨੇ ਯਾਕੂਬ ਲਈ ਜਿਸ ਬੰਦੇ ਨੂੰ ਉਹ ਪਿਆਰ ਕਰਦਾ ਸੀ। ਉਸ ਅਦਭੁਤ ਧਰਤੀ ਨੂੰ ਚੁਣਿਆ।
5 ਯਹੋਵਾਹ ਆਪਣੇ ਤਖਤ ਉੱਤੇ ਬਿਗਲ
ਅਤੇ ਸਿੰਗੀ ਦੀ ਧੁਨੀ ਨਾਲ ਬਿਰਾਜਮਾਨ ਹੁੰਦਾ ਹੈ।
6 ਪਰਮੇਸ਼ੁਰ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
ਸਾਡੇ ਰਾਜੇ ਦੀਆਂ ਉਸਤਤਾਂ ਗਾਵੋ। ਗਾਵੋ ਉਸਤਤਾਂ।
7 ਪਰਮੇਸ਼ੁਰ ਸਾਰੀ ਦੁਨੀਆਂ ਦਾ ਰਾਜਾ ਹੈ।
ਉਸਤਤਿ ਦੇ ਗੀਤ ਗਾਵੋ।
8 ਪਰਮੇਸ਼ੁਰ ਆਪਣੇ ਪਵਿੱਤਰ ਤਖਤ ਉੱਤੇ ਬਿਰਾਜਮਾਨ ਹੈ।
ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
9 ਕੌਮਾਂ ਦੇ ਆਗੂ ਅਬਰਾਹਾਮ ਦੇ ਪਰਮੇਸ਼ੁਰ ਦੇ
ਲੋਕਾਂ ਨਾਲ ਮਿਲਕੇ ਇਕੱਠੇ ਹੁੰਦੇ ਹਨ।
ਸਾਰੀਆਂ ਕੌਮਾਂ ਦੇ ਸਾਰੇ ਹੀ ਆਗੂ ਪਰਮੇਸ਼ੁਰ ਦੇ ਹਨ,
ਪਰਮੇਸ਼ੁਰ ਉਨ੍ਹਾਂ ਸਾਰਿਆਂ ਉੱਪਰ ਹੈ।
ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।
48 ਯਹੋਵਾਹ ਮਹਾਨ ਹੈ।
ਸਾਡੇ ਪਰਮੇਸ਼ੁਰ ਦੀ ਉਸਤਤਿ ਉਸ ਦੇ ਸ਼ਹਿਰ ਵਿੱਚ, ਉਸ ਦੇ ਪਵਿੱਤਰ ਪਰਬਤ ਉੱਤੇ ਹੁੰਦੀ ਹੈ।
2 ਪਰਮੇਸ਼ੁਰ ਦਾ ਪਵਿੱਤਰ ਸ਼ਹਿਰ ਅਜਿਹੀ ਉਚਾਈ ਸਥਿਰ ਹੈ।
ਇਹ ਦੁਨੀਆਂ ਭਰ ਦੇ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ।
ਪਰਬਤ ਸੀਯੋਨ ਹੀ ਪਰਮੇਸ਼ੁਰ ਦਾ ਅਸਲ ਪਰਬਤ ਹੈ। ਇਹ
ਸ਼ਹਿਰ ਮਹਾਨ ਰਾਜੇ ਦਾ ਹੈ।
3 ਉਸ ਸ਼ਹਿਰ ਦੇ ਮਹਿਲਾਂ ਵਿੱਚ ਪਰਮੇਸ਼ੁਰ ਨੂੰ
ਗੜ੍ਹ ਸਮਝਿਆ ਜਾਂਦਾ ਹੈ।
4 ਇੱਕ ਵਾਰੀ ਕੁਝ ਰਾਜੇ ਇਕੱਠੇ ਹੋਏ
ਅਤੇ ਇਸ ਸ਼ਹਿਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਇਕੱਠਿਆਂ ਅਗਾਂਹਾਂ ਕੂਚ ਕੀਤਾ।
5 ਜਦੋਂ ਉਨ੍ਹਾਂ ਰਾਜਿਆਂ ਨੇ ਇਸ ਵੱਲ ਤੱਕਿਆ, ਉਹ ਹੈਰਾਨ ਰਹਿ ਗਏ।
ਅਤੇ ਉਹ ਦਹਿਸ਼ਤ ਵਿੱਚ ਭੱਜ ਉੱਠੇ।
6 ਉਨ੍ਹਾਂ ਰਾਜਿਆਂ ਨੂੰ ਡਰ ਨੇ ਖਿੱਚ ਲਿਆ।
ਉਹ ਡਰ ਨਾਲ ਕੰਬ ਗਏ।
7 ਹੇ ਪਰਮੇਸ਼ੁਰ, ਤੁਸਾਂ ਜ਼ੋਰਦਾਰ ਹਵਾ ਦੀ ਵਰਤੋਂ ਕੀਤੀ
ਅਤੇ ਉਨ੍ਹਾਂ ਦੇ ਵੱਡੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।
8 ਹਾਂ, ਅਸੀਂ ਤੇਰੀ ਸ਼ਕਤੀ ਦੀਆਂ ਕਹਾਣੀਆਂ ਸੁਣੀਆਂ ਪਰ
ਅਸੀਂ ਇਸ ਨੂੰ, ਸਾਡੇ ਪਰਮੇਸ਼ੁਰ ਦੇ ਸ਼ਹਿਰ ਅੰਦਰ, ਯਹੋਵਾਹ ਸਰਬ ਸ਼ਕਤੀਮਾਨ ਦੇ ਸ਼ਹਿਰ ਅੰਦਰ ਦੇਖਿਆ ਵੀ।
ਪਰਮੇਸ਼ੁਰ ਉਸ ਸ਼ਹਿਰ ਨੂੰ ਸਦਾ ਲਈ ਮਜ਼ਬੂਤ ਬਣਾਉਂਦਾ ਹੈ।
9 ਹੇ ਪਰਮੇਸ਼ੁਰ, ਅਸੀਂ ਤੁਹਾਡੇ ਮੰਦਰ ਵਿੱਚ ਤੁਹਾਡੀ ਪਿਆਰ ਭਰੀ ਮਿਹਰ ਬਾਰੇ ਵਿੱਚਾਰ ਕਰਦੇ ਹਾਂ।
10 ਹੇ ਪਰਮੇਸ਼ੁਰ ਤੁਸੀਂ ਪ੍ਰਸਿੱਧ ਹੋਂ।
ਸਾਰੇ ਲੋਕ ਧਰਤੀ ਉੱਪਰ ਹਰ ਥਾਂ ਤੁਹਾਡੀ ਉਸਤਤਿ ਕਰਦੇ ਹਨ।
ਹਰ ਕੋਈ ਜਾਣਦਾ ਹੈ ਤੁਸੀਂ ਕਿੰਨੇ ਭਿੰਨ ਹੋ।
11 ਹੇ ਪਰਮੇਸ਼ੁਰ, ਸੀਯੋਨ ਪਰਬਤ ਪ੍ਰਸੰਨ ਹੈ।
ਯਹੂਦਾਹ ਦੇ ਸ਼ਹਿਰ ਤੁਹਾਡੇ ਸ਼ੁਭ ਨਿਆਂਣਿਆ ਕਾਰਣ ਖੁਸ਼ੀ ਮਨਾਉਂਦੇ ਹਨ।
12 ਸੀਯੋਨ ਪਰਬਤ ਦੇ ਆਲੇ-ਦੁਆਲੇ ਫ਼ਿਰੋ।
ਸ਼ਹਿਰ ਵੱਲ ਵੇਖੋ। ਬੁਰਜਾਂ ਨੂੰ ਗਿਣੋ।
13 ਉੱਚੀਆਂ ਕੰਧਾਂ ਵੱਲ ਵੇਖੋ,
ਸੀਯੋਨ ਦੇ ਮਹਿਲਾਂ ਦੀ ਤਾਰੀਫ਼ ਕਰੋ।
ਫ਼ੇਰ ਤੁਸੀਂ ਅਗਲੀ ਪੀੜੀ ਨੂੰ ਇਸ ਬਾਰੇ ਦੱਸ ਸੱਕੋਂਗੇ।
14 ਇਹ ਪਰਮੇਸ਼ੁਰ ਸਦਾ-ਸਦਾ ਲਈ ਸਾਡਾ ਪਰਮੇਸ਼ੁਰ ਹੈ।
ਉਸ ਸਾਡੀ ਸਦਾ-ਸਦਾ ਲਈ ਅਗਵਾਈ ਕਰੇਗਾ।
23 ਯਹੂਦਾਹ ਦੇ ਪਾਤਸ਼ਾਹ ਆਸਾ ਦੇ 41ਵੇਂ ਵਰ੍ਹੇ ਵਿੱਚ ਆਮਰੀ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ 12 ਸਾਲ ਰਾਜ ਕਰਦਾ ਰਿਹਾ, ਜਿਸ ਵਿੱਚੋਂ 6 ਵਰ੍ਹੇ ਉਸ ਨੇ ਤਿਰਸਾਹ ਵਿੱਚ ਹੀ ਰਾਜ ਕੀਤਾ। 24 ਉਸ ਨੇ ਸਾਮਰਿਯਾ ਦੇ ਪਹਾੜ ਨੂੰ ਸ਼ਮਰ ਕੋਲੋਂ 68 ਕਿਲੋ ਚਾਂਦੀ ਦੇਕੇ ਖਰੀਦ ਲਿਆ ਅਤੇ ਉਸ ਪਹਾੜ ਉੱਪਰ ਇੱਕ ਸ਼ਹਿਰ ਬਣਾਇਆ। ਉਸ ਨੇ ਉਸ ਸ਼ਹਿਰ ਦਾ ਨਾਂ ਸਾਮਰਿਯਾ, ਉਸ ਦੇ ਮਾਲਕ “ਸ਼ਮਰ” ਦੇ ਨਾਂ ਦੇ ਪਿੱਛੇ ਰੱਖਿਆ।
25 ਪਰ ਜੋ ਕੰਮ ਯਹੋਵਾਹ ਨੇ ਮਾੜੇ ਕਹੇ ਆਮਰੀ ਨੇ ਉਹੀ ਕੀਤੇ ਅਤੇ ਆਮਰੀ ਆਪਣੇ ਤੋਂ ਪਹਿਲਾਂ ਦੇ ਆਏ ਸਾਰੇ ਪਾਤਸ਼ਾਹਾਂ ਤੋਂ ਵੱਧ ਗ਼ਲਤ ਨਿਕਲਿਆ। 26 ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਸਾਰੇ ਪਾਪ ਕੀਤੇ, ਅਤੇ ਇਸਰਾਏਲ ਦੇ ਲੋਕਾਂ ਤੋਂ ਵੀ ਪਾਪ ਕਰਵਾਏ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਬੇਕਾਰ ਬੁੱਤਾਂ ਕਾਰਣ ਗੁੱਸੇ ਕਰ ਦਿੱਤਾ।
27 ਆਮਰੀ ਬਾਰੇ ਹੋਰ ਗੱਲਾਂ ਅਤੇ ਜੋ ਮਹਾਨ ਕਾਰਜ ਉਸ ਨੇ ਕੀਤੇ ਸਨ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। 28 ਆਮਰੀ ਦੇ ਮਰਨ ਉਪਰੰਤ ਉਸ ਨੂੰ ਸਾਮਰਿਯਾ ਵਿੱਚ ਹੀ ਦਫ਼ਨਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਅਹਾਬ ਉੱਥੇ ਰਾਜ ਕਰਨ ਲੱਗਾ।
ਇਸਰਾਏਲ ਦਾ ਪਾਤਸ਼ਾਹ, ਅਹਾਬ
29 ਆਸਾ ਦੇ ਯਹੂਦਾਹ ਵਿੱਚ 38 ਵੇਂ ਵਰ੍ਹੇ, ਦੌਰਾਨ ਆਮਰੀ ਦਾ ਪੁੱਤਰ ਆਹਾਬ ਇਸਰਾਏਲ ਦਾ ਪਾਤਸ਼ਾਹ ਬਣਿਆ। ਅਹਾਬ ਨੇ ਇਸਰਾਏਲ ਉੱਤੇ ਸਾਮਰਿਯਾ ਤੋਂ 22 ਸਾਲ ਰਾਜ ਕੀਤਾ। 30 ਆਮਰੀ ਦੇ ਪੁੱਤਰ ਅਹਾਬ ਨੇ ਯਹੋਵਾਹ ਦੇ ਖਿਲਾਫ਼, ਆਪਣੇ ਪਹਿਲਿਆਂ ਨਾਲੋਂ ਵੱਧ ਬਦੀ ਕੀਤੀ। 31 ਅਹਾਬ ਲਈ ਉਹੀ ਪਾਪ ਕਰਨੇ ਕਾਫ਼ੀ ਨਹੀਂ ਸਨ ਜਿਹੜੇ ਨਾਬਾਟ ਦੇ ਪੁੱਤਰ ਯਾਰਾਬੁਆਮ ਨੇ ਕੀਤੇ ਸਨ ਇਸ ਲਈ ਉਸ ਨੇ ਸਿਦੋਨ ਦੇ ਰਾਜੇ ਏਥਬਾਲ ਦੀ ਧੀ,ਈਜ਼ਬਲ ਨਾਲ ਵਿਆਹ ਕੀਤਾ, ਅਤੇ ਉਸ ਨੇ ਬਾਅਲ ਦੀ ਸੇਵਾ ਕੀਤੀ ਅਤੇ ਉਸ ਦੀ ਉਪਾਸਨਾ ਕੀਤੀ। 32 ਅਤੇ ਅਹਾਬ ਨੇ ਬਆਲ ਦੀ ਉਪਾਸਨਾ ਕਰਨ ਲਈ ਸਾਮਰਿਯਾ ਵਿੱਚ ਇੱਕ ਉਪਾਸਨਾ ਅਸਥਾਨ ਬਣਵਾਇਆ ਅਤੇ ਉਸ ਮੰਦਰ ਵਿੱਚ ਇੱਕ ਜਗਵੇਦੀ ਰੱਖੀ। 33 ਅਤੇ ਅਹਾਬ ਨੇ ਇੱਕ ਥੰਮ ਬਣਵਾਇਆ। ਇਉਂ ਅਹਾਬ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਨ੍ਹਾਂ ਸਾਰਿਆਂ ਇਸਰਾਏਲੀ ਰਾਜਿਆਂ ਨਾਲੋਂ ਜੋ ਉਸ ਨਾਲੋਂ ਪਹਿਲੇ ਸਨ ਵੱਧੀਕ ਕ੍ਰੋਧ ਚੜ੍ਹਾਇਆ।
34 ਅਹਾਬ ਦੇ ਸਮੇਂ ਵਿੱਚ ਹੀਏਲ ਬੈਤਏਲੀ ਨੇ ਦੁਬਾਰਾ ਤੋਂ ਯਰੀਹੋ ਸ਼ਹਿਰ ਬਣਾਇਆ। ਜਦੋਂ ਹੀਏਲ ਨੇ ਉਸ ਸ਼ਹਿਰ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਦਾ ਸਭ ਤੋਂ ਵੱਡਾ ਪੁੱਤਰ ਅਬੀਰਾਮ ਮਰ ਗਿਆ, ਅਤੇ ਉਸ ਸ਼ਹਿਰ ਦੇ ਫ਼ਾਟਕ ਬਨਾਉਣ ਸਮੇਂ ਉਸ ਦੇ ਨਿੱਕੇ ਪੁੱਤਰ ਸਗੂਬ ਦੀ ਮੌਤ ਹੋ ਗਈ। ਇਹ ਸਭ ਕੁਝ ਉਸ ਬਚਨ ਮੁਤਾਬਕ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।
ਪੌਲੁਸ ਦੀਆਂ ਮੁਸ਼ਕਿਲਾਂ ਪ੍ਰਭੂ ਦੇ ਕਾਰਜ ਵਿੱਚ ਸਹਾਈ ਹੁੰਦੀਆਂ
12 ਭਰਾਵੋ ਅਤੇ ਭੈਣੋ, ਮੈਂ ਚਾਹੁੰਨਾ ਕਿ ਤੁਸੀਂ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਬਾਰੇ ਜਾਣੋ ਜਿਹੜੀਆਂ ਮੇਰੇ ਨਾਲ ਵਾਪਰੀਆਂ, ਤੇ ਜਿਨ੍ਹਾਂ ਨੇ ਮੈਨੂੰ ਖੁਸ਼ਖਬਰੀ ਨੂੰ ਵੱਧ ਤੋਂ ਵੱਧ ਫ਼ੈਲਾਉਣ ਵਿੱਚ ਸਹਾਇਤਾ ਕੀਤੀ ਹੈ। 13 ਹੁਣ ਇਹ ਗੱਲ ਸਾਫ਼ ਹੈ ਕਿ ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਮਸੀਹ ਦੀ ਸੇਵਾ ਕਰਦਾ ਹਾਂ। ਸਾਰੇ ਰੋਮੀ ਪਹਿਰੇਦਾਰ ਤੇ ਹੋਰ ਸਾਰੇ ਲੋਕ ਵੀ ਇਹ ਜਾਣਦੇ ਹਨ। 14 ਕਿਉਂ ਕਿ ਮੈਂ ਕੈਦ ਵਿੱਚ ਹਾਂ, ਪ੍ਰਭੂ ਵਿੱਚ ਬਹੁਤ ਸਾਰੇ ਭਰਾ ਮਸੀਹ ਬਾਰੇ ਸੰਦੇਸ਼ ਨੂੰ ਹੋਰ ਵੱਧੇਰੇ ਹੌਂਸਲੇ ਅਤੇ ਦਲੇਰ ਹੋਕੇ ਬੋਲਣ ਨੂੰ ਤਿਆਰ ਹਨ।
15 ਕੁਝ ਮਸੀਹ ਬਾਰੇ ਈਰਖਾ ਅਤੇ ਸ਼ਰੀਕੇ ਕਾਰਣ ਪ੍ਰਚਾਰ ਕਰਦੇ ਹਨ, ਪਰ ਦੂਸਰੇ ਮਸੀਹ ਬਾਰੇ ਚੰਗੇ ਪ੍ਰਯੋਜਨਾਂ ਨਾਲ ਪ੍ਰਚਾਰ ਕਰਦੇ ਹਨ। 16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ। 17 ਪਰ ਉਹ ਦੂਸਰੇ ਲੋਕ ਮਸੀਹ ਬਾਰੇ ਖੁਦਗਰਜ਼ੀ ਦੀ ਮਨੋਬਿਰਤੀ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਪ੍ਰਯੋਜਨ ਗਲਤ ਹਨ। ਉਹ ਸੋਚਦੇ ਹਨ ਕਿ ਉਹ ਮੇਰੇ ਲਈ ਅੜਚਨਾਂ ਪੈਦਾ ਕਰ ਸੱਕਦੇ ਹਨ ਜਦੋਂ ਕਿ ਮੈਂ ਕੈਦ ਵਿੱਚ ਹਾਂ। 18 ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ।
ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰੱਖਾਂਗਾ। 19 ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ ਅਤੇ ਯਿਸੂ ਮਸੀਹ ਦਾ ਆਤਮਾ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਮੁਸ਼ਕਿਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਲਈ ਛੁਟਕਾਰਾ ਲਿਆਉਣਗੀਆਂ।
20 ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ। 21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।” [a]
22 ਜੋ ਮੈਂ ਸਰੀਰਕ ਤੌਰ ਤੇ ਜਿਉਂਦਾ ਰਹਿੰਦਾ ਹਾਂ ਤਾਂ ਜੋ ਮੈਂ ਪ੍ਰਭੂ ਲਈ ਕਾਰਜ ਕਰ ਸੱਕਾਂਗਾ। ਪਰ ਮੈਨੂੰ ਚੋਣ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜਿਉਣ ਦੀ ਜਾਂ ਮਰਨ ਦੀ? ਮੈਨੂੰ ਪਤਾ ਨਹੀਂ। 23 ਜਿਉਣ ਤੇ ਮਰਨ ਵਿੱਚਕਾਰ ਚੋਣ ਕਰਨੀ ਔਖੀ ਹੈ। ਸੱਚਮੁੱਚ ਮੈਂ ਇਹ ਜੀਵਨ ਛੱਡਣਾ ਚਾਹੁੰਦਾ ਹਾਂ ਅਤੇ ਮਸੀਹ ਨਾਲ ਰਹਿਣਾ ਚਾਹੁੰਦਾ ਹਾਂ। ਉਹ ਕਿਤੇ ਜ਼ਿਆਦੇ ਬਿਹਤਰ ਹੈ। 24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸਰੀਰਕ ਤੌਰ ਤੇ ਲੋੜ ਹੈ। 25 ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇੱਥੇ ਠਹਿਰਾਂਗਾ ਤਾਂ ਕਿ ਤੁਸੀਂ ਵੱਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ। 26 ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ।
27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ। 28 ਅਤੇ ਤੁਹਾਨੂੰ ਉਨ੍ਹਾਂ, ਲੋਕਾਂ ਤੋਂ ਕੋਈ ਡਰ ਨਹੀਂ ਹੋਵੇਗਾ, ਜਿਹੜੇ ਤੁਹਾਡੇ ਖਿਲਾਫ਼ ਹਨ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਵੱਲੋਂ ਸਬੂਤ ਹਨ ਕਿ ਤੁਸੀਂ ਬਚਾਏ ਜਾਵੋਂਗੇ ਅਤੇ ਤੁਹਾਡੇ ਵੈਰੀ ਨਸ਼ਟ ਕੀਤੇ ਜਾਣਗੇ। 29 ਤੁਹਾਨੂੰ ਸਿਰਫ਼ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਹੀ ਅਧਿਕਾਰ ਨਹੀਂ ਦਿੱਤਾ ਗਿਆ, ਸਗੋਂ ਮਸੀਹ ਲਈ ਦੁੱਖ ਝੱਲਣ ਦਾ ਵੀ। ਪਰ ਇਹ ਗੱਲਾਂ ਮਸੀਹ ਲਈ ਮਹਿਮਾ ਲਿਆਉਂਦੀਆਂ ਹਨ। 30 ਤੁਸੀਂ ਉਹ ਜੱਦੋਂ-ਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।
ਇਹ ਖਬਰ ਕਿ ਯਿਸੂ ਮੁੜ ਜੀਅ ਉੱਠਿਆ(A)
16 ਸਬਤ ਤੋਂ ਅਗਲੇ ਦਿਨ, ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਦੀ ਮਾਤਾ ਮਰਿਯਮ ਕੁਝ ਅਤਰ ਖਰੀਦ ਲਿਆਈਆਂ ਉਹ ਆਕੇ ਉਨ੍ਹਾਂ ਨੂੰ ਉਸ ਦੇ ਸਰੀਰ ਤੇ ਪਾਉਣਾ ਚਾਹੁੰਦੀਆਂ ਸਨ। 2 ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ, ਸੂਰਜ ਚੜ੍ਹ੍ਹਨ ਤੋਂ ਬਾਦ ਉਹ ਕਬਰ ਤੇ ਆਈਆਂ। 3 ਉਨ੍ਹਾਂ ਨੇ ਆਪਸ ਵਿੱਚ ਆਖਿਆ, “ਇੱਕ ਵੱਡੇ ਪੱਥਰ ਨਾਲ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਿਆ ਹੋਇਆ ਸੀ। ਸਾਡੇ ਲਈ ਇਸ ਨੂੰ ਇੱਕ ਪਾਸੇ ਕੌਣ ਰੇੜ੍ਹਗਾ?”
4 ਪਰ ਜਦੋਂ ਉਨ੍ਹਾਂ ਨੇ ਆਕੇ ਤੱਕਿਆ, ਤਾਂ ਉਨ੍ਹਾਂ ਨੇ ਵੇਖਿਆ ਕਿ ਕਬਰ ਦੇ ਪ੍ਰਵੇਸ਼ ਤੋਂ ਉਹ ਵੱਡਾ ਪੱਥਰ ਪਰ੍ਹਾਂ ਹਟਿਆ ਹੋਇਆ ਸੀ। 5 ਜਿਵੇਂ ਹੀ ਉਹ ਕਬਰ ਵਿੱਚ ਵੜੀਆਂ, ਉਨ੍ਹਾਂ ਨੇ ਇੱਕ ਜੁਆਨ ਆਦਮੀ ਨੂੰ ਸਫ਼ੇਦ ਕੱਪੜੇ ਪਾਈ ਕਬਰ ਦੇ ਸੱਜੇ ਪਾਸੇ ਬੈਠੇ ਵੇਖਿਆ। ਇਹ ਵੇਖਕੇ ਉਹ ਘਬਰਾਈਆਂ।
6 ਪਰ ਉਸ ਆਦਮੀ ਨੇ ਆਖਿਆ, “ਡਰੋ ਨਹੀਂ! ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆਂ ਹੋ, ਜੋ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਫ਼ਿਰ ਜੀਅ ਉੱਠਿਆ ਹੈ। ਉਹ ਇੱਥੇ ਨਹੀਂ ਹੈ। ਵੇਖੋ! ਇਹ ਉਹੀ ਥਾਂ ਹੈ ਜਿੱਥੇ ਉਸ ਨੂੰ ਮਰਨ ਤੋਂ ਬਾਦ ਰੱਖਿਆ ਸੀ। 7 ਹੁਣ ਜਾਵੋ ਅਤੇ ਉਸ ਦੇ ਚੇਲਿਆਂ ਨੂੰ ਆਖੋ ਕਿ, ਖਾਸ ਕਰ ਪਤਰਸ ਨੂੰ ਜਾਕੇ ਕਹੋ ਕਿ, ‘ਯਿਸੂ ਤੁਹਾਡੇ ਤੋਂ ਪਹਿਲਾਂ ਹੀ ਗਲੀਲ ਵਿੱਚ ਪਹੁੰਚਿਆ ਹੋਵੇਗਾ। ਤੁਸੀਂ ਉਸ ਨੂੰ ਉੱਥੇ ਵੇਖੋਂਗੇ ਜਿਵੇਂ ਕਿ ਉਸ ਨੇ ਖੁਦ ਤੁਹਾਨੂੰ ਦੱਸਿਆ ਸੀ।’”
8 ਉਹ ਔਰਤਾਂ ਡਰ ਅਤੇ ਘਬਰਾਹਟ ਨਾਲ ਭਰੀਆਂ ਹੋਈਆਂ ਸਨ, ਅਤੇ ਕਬਰ ਕੋਲੋਂ ਭੱਜ ਗਈਆਂ। ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਡਰੀਆਂ ਹੋਈਆਂ ਸਨ।
(ਕੁਝ ਮਰਕੁਸ ਦੀਆਂ ਪੁਰਾਣੀਆਂ ਯੂਨਾਨੀ ਪੁਸਤਕਾਂ ਇਸ ਪੁਸਤਕ ਨੂੰ ਇੱਥੇ ਹੀ ਖਤਮ ਕਰਦੀਆਂ ਹਨ।)
ਕੁਝ ਚੇਲਿਆਂ ਨੇ ਯਿਸੂ ਨੂੰ ਵੇਖਿਆ(B)
9 ਹਫ਼ਤੇ ਦੇ ਪਹਿਲੇ ਦਿਨ, ਤੜਕੇ, ਯਿਸੂ ਪਹਿਲਾਂ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਇਆ ਜਿਸ ਵਿੱਚੋਂ ਉਸ ਨੇ ਸੱਤ ਭੂਤਾਂ ਨੂੰ ਕੱਢਿਆ ਸੀ। 10 ਜਦੋਂ ਉਸ ਨੇ ਯਿਸੂ ਨੂੰ ਵੇਖਿਆ, ਉਹ ਗਈ ਅਤੇ ਚੇਲਿਆਂ ਨੂੰ ਕਿਹਾ, ਜੋ ਕਿ ਰੋ ਅਤੇ ਪਿੱਟ ਰਹੇ ਸਨ। 11 ਪਰ ਜਦੋਂ ਉਸ ਨੇ ਇਹ ਦੱਸਿਆ ਕਿ ਉਹ ਜੀ ਉੱਠਿਆ ਹੈ ਅਤੇ ਉਸ ਨੇ ਖੁਦ ਆਪਣੀ ਅੱਖੀਂ ਉਸ ਨੂੰ ਵੇਖਿਆ ਹੈ, ਚੇਲਿਆਂ ਨੇ ਇਸ ਗੱਲ ਨੂੰ ਸੱਚ ਨਾ ਮੰਨਿਆ।
12 ਇਸ ਤੋਂ ਬਾਦ, ਯਿਸੂ ਆਪਣੇ ਦੋ ਚੇਲਿਆਂ ਨੂੰ ਦੂਸਰੇ ਰੂਪ ਵਿੱਚ ਪ੍ਰਗਟਿਆ ਜੋ ਕਿ ਆਪਣੇ ਪਿੰਡ ਦੇ ਰਾਹ ਤੇ ਤੁਰੇ ਜਾ ਰਹੇ ਸਨ। 13 ਇਹ ਚੇਲੇ ਵਾਪਸ ਗਏ ਅਤੇ ਇਸ ਬਾਰੇ ਬਾਕੀ ਦੇ ਚੇਲਿਆਂ ਨੂੰ ਦੱਸਿਆ, ਪਰ ਉਨ੍ਹਾਂ ਨੇ ਉਨ੍ਹਾਂ ਦਾ ਵੀ ਵਿਸ਼ਵਾਸ ਨਹੀਂ ਕੀਤਾ।
ਯਿਸੂ ਦੀ ਰਸੂਲਾਂ ਨਾਲ ਗੱਲ-ਬਾਤ(C)
14 ਬਾਦ ਵਿੱਚ ਯਿਸੂ ਗਿਆਰ੍ਹਾਂ ਰਸੂਲਾਂ ਨੂੰ ਉਦੋਂ ਦਿਖਾਈ ਦਿੱਤਾ ਜਦੋਂ ਉਹ ਭੋਜਨ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਥੋੜੇ ਵਿਸ਼ਵਾਸ ਅਤੇ ਉਨ੍ਹਾਂ ਦੀ ਜ਼ਿਦ ਲਈ ਝਿੜਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਿਤਾ ਜਿਨ੍ਹਾਂ ਨੇ ਉਸ ਨੂੰ ਜੀ ਉੱਠਣੇ ਤੋਂ ਬਾਦ ਵੇਖਿਆ ਸੀ।
15 ਉਸ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਦੁਨੀਆਂ ਵਿੱਚ ਜਾਵੋ ਅਤੇ ਹਰ ਵਿਅਕਤੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ। 16 ਜੋ ਕੋਈ ਵੀ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਬਚਾਇਆ ਜਾਵੇਗਾ, ਅਤੇ ਜੋ ਕੋਈ ਵਿਸ਼ਵਾਸ ਨਹੀਂ ਕਰੇਗਾ ਉਸ ਨੂੰ ਦੰਡ ਦਿੱਤਾ ਜਾਵੇਗਾ। 17 ਅਤੇ ਜੋ ਕੋਈ ਵੀ ਵਿਸ਼ਵਾਸ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕੱਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹੜੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿੱਖੀਆਂ। 18 ਉਹ ਸੱਪਾਂ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਣਗੇ ਅਤੇ ਜੇਕਰ ਉਹ ਕੋਈ ਜਹਿਰ ਵਾਲੀ ਚੀਜ਼ ਪੀ ਲੈਣਗੇ, ਇਹ ਉਨ੍ਹਾਂ ਨੂੰ ਨੁਕਸਾਨ ਨਹੀਂ ਕਰੇਗੀ। ਜੇਕਰ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਉਹ ਠੀਕ ਹੋ ਜਾਣਗੇ।”
ਯਿਸੂ ਸਵਰਗ ਨੂੰ ਵਾਪਸ ਜਾਂਦਾ ਹੈ(D)
19 ਜਦੋਂ ਯਿਸੂ ਉਨ੍ਹਾਂ ਨਾਲ ਗੱਲ ਕਰ ਹਟਿਆ, ਤਾਂ ਉਹ ਉੱਪਰ ਸਵਰਗ ਵਿੱਚ ਚੁੱਕ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ। 20 ਤਾਂ ਉਸ ਦੇ ਚੇਲੇ ਚੱਲੇ ਗਏ ਤੇ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਜਾਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਤੇ ਪ੍ਰਭੂ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਭੂ ਨੇ ਉਨ੍ਹਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਸ ਵੱਲੋਂ ਦਿੱਤੀ ਹੋਈ ਕਰਿਸ਼ਮੇ ਕਰਨ ਦੀ ਸ਼ਕਤੀ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ।
2010 by World Bible Translation Center