Book of Common Prayer
ਦਾਊਦ ਦਾ ਇੱਕ ਗੀਤ।
37 ਦੁਸ਼ਟ ਲੋਕਾਂ ਬਾਰੇ ਪਰੇਸ਼ਾਨ ਨਾ ਹੋਵੋ।
ਬਦਕਾਰਾਂ ਬਾਰੇ ਈਰਖਾਲੂ ਨਾ ਹੋਵੋ।
2 ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ
ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।
3 ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ,
ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
4 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ,
ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।
5 ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ।
ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ।
6 ਆਪਣੀ ਨੇਕੀ ਅਤੇ ਨਿਰਪੱਖਤਾ ਨੂੰ ਦੁਪਿਹਰ ਦੀ ਤਿੱਖੀ ਧੁੱਪ ਵਾਂਗ ਚਮਕਣ ਦਿਉ।
7 ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ।
ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ।
ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।
8 ਕ੍ਰੋਧ ਨਾ ਕਰੋ।
ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
9 ਕਿਉਂ? ਕਿਉਂਕਿ ਦੁਸ਼ਟ ਲੋਕ ਨਸ਼ਟ ਹੋ ਜਾਣਗੇ।
ਪਰ ਉਹ ਜਿਹੜੇ ਮਦਦ ਲਈ ਯਹੋਵਾਹ ਨੂੰ ਪੁਕਾਰਦੇ ਹਨ ਉਨ੍ਹਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ।
10 ਥੋੜੇ ਹੀ ਸਮੇਂ ਬਾਅਦ ਇੱਥੇ ਮੰਦੇ ਲੋਕ ਨਹੀਂ ਹੋਣਗੇ।
ਭਾਵੇਂ ਤੁਸੀਂ ਉਨ੍ਹਾਂ ਨੂੰ ਲੱਭਦੇ ਰਹੋਂਗੇ ਪਰ ਉਹ ਸਾਰੇ ਹੀ ਜਾ ਚੁੱਕੇ ਹੋਣਗੇ।
11 ਨਿਮ੍ਰ ਲੋਕਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ
ਅਤੇ ਉਹ ਸ਼ਾਂਤੀ ਦਾ ਮਜ਼ਾ ਲੈਣਗੇ।
12 ਦੁਸ਼ਟ ਲੋਕੀਂ ਚੰਗੇ ਲੋਕਾਂ ਦੇ ਖਿਲਾਫ਼ ਯੋਜਨਾਵਾਂ ਬਣਾਉਂਦੇ ਹਨ।
ਉਹ ਮੰਦੇ ਲੋਕ ਨੇਕ ਬੰਦਿਆਂ ਉੱਤੇ ਦੰਦ ਪੀਸੱਕੇ ਆਪਣਾ ਗੁੱਸਾ ਦਰਸਾਉਂਦੇ ਹਨ।
13 ਪਰ ਸਾਡਾ ਮਾਲਕ ਉਨ੍ਹਾਂ ਮੰਦੇ ਲੋਕਾਂ ਉੱਤੇ ਹੱਸਦਾ ਹੈ।
ਅਤੇ ਉਹ ਜਾਣਦਾ ਉਨ੍ਹਾਂ ਨਾਲ ਕੀ ਵਾਪਰੇਗਾ।
14 ਮੰਦੇ ਲੋਕ ਆਪਣੀ ਤੇਗਾਂ ਧੂਹ ਲੈਂਦੇ ਹਨ ਅਤੇ ਆਪਣੀਆਂ ਕਮਾਨਾਂ ਸੇਧ ਲੈਂਦੇ ਹਨ।
ਉਹ ਗਰੀਬ ਬੇਸਹਾਰਾਂ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ।
ਉਹ ਚੰਗੇ, ਇਮਾਨਦਾਰ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ।
15 ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਖੁਦ ਦੇ ਦਿਲਾਂ ਅੰਦਰ ਹੀ ਧਸਣਗੀਆਂ
ਅਤੇ ਉਨ੍ਹਾਂ ਦੇ ਧਨੁਸ਼ ਟੁੱਟ ਜਾਣਗੇ।
16 ਮਾੜੇ ਬੰਦਿਆਂ ਦੀ ਭੀੜ ਨਾਲੋਂ ਥੋੜੇ ਹੀ ਨੇਕ ਬੰਦੇ ਬਿਹਤਰ ਹਨ।
17 ਕਿਉਂ? ਕਿਉਂਕਿ ਮਾੜੇ ਬੰਦੇ ਤਬਾਹ ਕਰ ਦਿੱਤੇ ਜਾਣਗੇ।
ਪਰ ਯਹੋਵਾਹ ਨੇਕ ਬੰਦਿਆਂ ਦਾ ਧਿਆਨ ਰੱਖਦਾ ਹੈ।
18 ਯਹੋਵਾਹ, ਸ਼ੁੱਧ ਲੋਕਾਂ ਦੀ ਸਾਰੀ ਉਮਰ ਰੱਖਿਆ ਕਰਦਾ ਹੈ।
ਉਨ੍ਹਾਂ ਦਾ ਇਨਾਮ ਸਦੀਵੀ ਰਹੇਗਾ।
19 ਜਦੋਂ ਕਿਤੇ ਵੀ ਸੰਕਟ ਆਉਂਦਾ,
ਚੰਗੇ ਲੋਕ ਨਿਰਾਸ਼ ਨਹੀਂ ਹੋਣਗੇ।
ਜਦੋਂ ਭੁੱਖ ਦੇ ਦਿਨ ਆਉਣਗੇ
ਚੰਗੇ ਲੋਕਾਂ ਕੋਲ ਖਾਣ ਲਈ ਚੋਖਾ ਹੋਵੇਗਾ।
20 ਪਰ ਮੰਦੇ ਲੋਕੀਂ ਯਹੋਵਾਹ ਦੇ ਦੁਸ਼ਮਣ ਹਨ,
ਅਤੇ ਉਹ ਮੰਦੇ ਲੋਕ ਤਬਾਹ ਹੋਣਗੇ।
ਉਨ੍ਹਾਂ ਦੀਆਂ ਵਾਦੀਆਂ ਸੜ ਸੁੱਕ ਜਾਣਗੀਆਂ।
ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
21 ਇੱਕ ਮੰਦਾ ਆਦਮੀ ਛੇਤੀ ਉਧਾਰ ਲੈਂਦਾ ਹੈ ਅਤੇ ਕਦੇ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ।
ਪਰ ਨੇਕ ਆਦਮੀ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ।
22 ਜੇ ਕੋਈ ਨੇਕ ਬੰਦਾ ਲੋਕਾਂ ਨੂੰ ਅਸੀਸ ਦਿੰਦਾ ਹੈ ਤਾਂ ਉਹ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਧਰਤੀ ਹਾਸਲ ਕਰਨਗੇ।
ਪਰ ਜੇ ਉਹ ਮੰਦੀਆਂ ਗੱਲਾਂ ਦੇ ਵਾਪਰਨ ਦੀ ਮੰਗ ਕਰਦਾ ਹੈ, ਤਾਂ ਉਹ ਲੋਕ ਤਬਾਹ ਹੋ ਜਾਣਗੇ।
23 ਯਹੋਵਾਹ ਇੱਕ ਸਿਪਾਹੀ ਦੀ ਧਿਆਨ ਨਾਲ ਤੁਰਨ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
24 ਜੇ ਉਹ ਆਦਮੀ ਭੱਜਦਾ ਅਤੇ ਆਪਣੇ ਦੁਸ਼ਮਣ ਉੱਤੇ ਵਾਰ ਕਰਦਾ ਹੈ।
ਤਾਂ ਯਹੋਵਾਹ ਸਿਪਾਹੀ ਦਾ ਹੱਥ ਫ਼ੜ ਲੈਂਦਾ ਹੈ, ਅਤੇ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
25 ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹਾਂ
ਅਤੇ ਮੈਂ ਕਦੇ ਵੀ ਪਰਮੇਸ਼ੁਰ ਨੂੰ ਨੇਕ ਬੰਦਿਆਂ ਦਾ ਸਾਥ ਛੱਡਦਿਆਂ ਨਹੀਂ ਦੇਖਿਆ।
ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੁੱਖਿਆਂ ਮਰਦਿਆਂ ਨਹੀਂ ਵੇਖਿਆ।
26 ਇੱਕ ਚੰਗਾ ਆਦਮੀ ਹੋਰਾਂ ਨੂੰ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ
ਅਤੇ ਉਸ ਦੇ ਬੱਚੇ ਇੱਕ ਅਸੀਸ ਹਨ।
27 ਜੇ ਤੁਸੀਂ ਮੰਦੀਆਂ ਗੱਲਾਂ ਕਰਨ ਤੋਂ ਇਨਕਾਰ ਕਰਦੇ ਹੋਂ, ਅਤੇ ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋਂ।
ਤਾਂ ਤੁਸੀਂ ਸਦਾ ਲਈ ਜਿਉਂਦੇ ਰਹੋਂਗੇ।
28 ਯਹੋਵਾਹ ਨਿਰਪੱਖਤਾ ਨੂੰ ਪਿਆਰ ਕਰਦਾ ਹੈ।
ਉਹ ਆਪਣੇ ਚੇਲਿਆਂ ਨੂੰ ਨਿਆਸਰਾ ਨਹੀਂ ਛੱਡੇਗਾ।
ਯਹੋਵਾਹ ਹਮੇਸ਼ਾ ਆਪਣੇ ਆਸਥਾਵਾਨਾਂ ਦੀ ਰੱਖਿਆ ਕਰੇਗਾ,
ਪਰ ਉਹ ਬਦਚਲਣ ਲੋਕਾਂ ਨੂੰ ਤਬਾਹ ਕਰ ਦੇਵੇਗਾ।
29 ਨੇਕ ਬੰਦੇ ਉਹ ਭੂਮੀ ਹਾਸਲ ਕਰਨਗੇ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ
ਉਹ ਸਦਾ ਲਈ ਇਸ ਉੱਤੇ ਰਹਿਣਗੇ।
30 ਇੱਕ ਚੰਗਾ ਬੰਦਾ ਇੱਕ ਚੰਗਾ ਮਸ਼ਵਰਾ ਦਿੰਦਾ ਹੈ।
ਉਸ ਦੇ ਨਿਆਂੇ ਹਰ ਇੱਕ ਵਾਸਤੇ ਬੇਲਾਗ ਹੁੰਦੇ ਹਨ।
31 ਉਸ ਨੇ ਯਹੋਵਾਹ ਦੇ ਉਪਦੇਸ਼ਾਂ ਨੂੰ ਸਿਖ ਲਿਆ ਹੈ,
ਅਤੇ ਉਹ ਜ਼ਿੰਦਗੀ ਦੇ ਸਹੀ ਢੰਗ ਤੋਂ ਵੱਖਰਾ ਨਹੀਂ ਹੋਵੇਗਾ।
32 ਦੁਸ਼ਟ ਲੋਕ ਹਮੇਸ਼ਾ ਚੰਗੇ ਲੋਕਾਂ ਨੂੰ ਮਾਰਨ ਦਾ ਅਵਸਰ ਲੱਭਦੇ ਹਨ।
33 ਪਰਮੇਸ਼ੁਰ ਚੰਗੇ ਲੋਕਾਂ ਤੋਂ ਬੇਮੁੱਖ ਨਹੀਂ ਹੋਵੇਗਾ ਜਦੋਂ ਉਹ ਦੁਸ਼ਟ ਲੋਕਾਂ ਦੁਆਰਾ ਅਦਾਲਤ ਵਿੱਚ ਲਿਜਾਏ ਜਾਂਦੇ ਹਨ।
ਉਹ ਉਨ੍ਹਾਂ ਨੂੰ ਨਿੰਦੇ ਨਹੀਂ ਜਾਣ ਦੇਵੇਗਾ।
34 ਉਹੀ ਕਰੋ ਜੋ ਯਹੋਵਾਹ ਆਖਦਾ ਹੈ ਤੇ ਉਸਦੀ ਸਹਾਇਤਾ ਦਾ ਇੰਤਜ਼ਾਰ ਕਰੋ।
ਯਹੋਵਾਹ ਤੁਹਾਨੂੰ ਜੇਤੂ ਬਣਾਵੇਗਾ, ਅਤੇ ਉਹ ਤੁਹਾਨੂੰ ਉਹ ਧਰਤੀ ਦੇਵੇਗਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ,
ਜਦੋਂ ਉਹ ਮੰਦੇ ਲੋਕਾਂ ਨੂੰ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ।
35 ਮੈਂ ਇੱਕ ਦੁਸ਼ਟ ਬੰਦੇ ਨੂੰ ਵੇਖਿਆ ਜੋ ਸ਼ਕਤੀਸ਼ਾਲੀ ਸੀ।
ਉਹ ਇੱਕ ਤਕੜੇ ਰੁੱਖ ਵਰਗਾ ਸੀ।
36 ਪਰ ਜਦੋਂ ਉਹ ਚੱਲਿਆ ਗਿਆ
ਮੈਂ ਉਸਦੀ ਤਲਾਸ਼ ਕੀਤੀ ਪਰ ਉਹ ਮੈਨੂੰ ਨਹੀਂ ਮਿਲਿਆ।
37 ਪਵਿੱਤਰ ਅਤੇ ਇਮਾਨਦਾਰ ਬਣੋ।
ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
38 ਪਰ ਉਹ ਲੋਕ ਜਿਹੜੇ ਨੇਮ ਤੋਂੜਦੇ ਹਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
ਅਤੇ ਉਨ੍ਹਾਂ ਦੀ ਔਲਾਦ ਧਰਤੀ ਛੱਡਣ ਲਈ ਮਜ਼ਬੂਰ ਹੋ ਜਾਵੇਗੀ।
39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ।
ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ।
ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ।
ਸੁਲੇਮਾਨ ਅਤੇ ਉਸ ਦੀਆਂ ਅਨੇਕਾਂ ਪਤਨੀਆਂ
11 ਸੁਲੇਮਾਨ ਪਾਤਸ਼ਾਹ ਨੂੰ ਔਰਤਾਂ ਨਾਲ ਬਹੁਤ ਪਿਆਰ ਸੀ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕੀਤਾ, ਜਿਨ੍ਹਾਂ ਵਿੱਚ ਫ਼ਿਰਊਨ ਦੀ ਧੀ, ਮੋਆਬ ਦੀਆਂ ਔਰਤਾਂ, ਅੰਮੋਨ, ਅਦੋਮ, ਸਿਦੋਨ ਅਤੇ ਹਿੱਤੀ ਔਰਤਾਂ ਸ਼ਾਮਿਲ ਸਨ। 2 ਇਹ ਉਨ੍ਹਾਂ ਕੌਮਾਂ ਤੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਨਹੀਂ ਮਿਲਣਾ। “ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਇਹ ਕੌਮਾਂ ਤੁਹਾਨੂੰ ਆਪਣੇ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਉਣਗੀਆਂ।” ਪਰ ਰਾਜਾ ਸੁਲੇਮਾਨ ਇਨ੍ਹਾਂ ਔਰਤਾਂ ਨੂੰ ਪਿਆਰ ਕਰਦਾ ਸੀ। 3 ਸੁਲੇਮਾਨ ਦੀਆਂ 700 ਸੌ ਪਤਨੀਆਂ ਸਨ। (ਇਹ ਸਾਰੀਆਂ ਦੂਸਰੇ ਰਾਜਿਆਂ ਦੀਆਂ ਧੀਆਂ ਸਨ।) ਉਸ ਦੀਆਂ 300 ਰਖੈਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ (ਉਸ ਦੇ ਪਰਮੇਸ਼ੁਰ ਤੋਂ) ਫ਼ੇਰਨ ਲਈ ਪ੍ਰਭਾਵ ਪਾਇਆ। 4 ਜਦੋਂ ਸੁਲੇਮਾਨ ਬੁੱਢਾ ਸੀ, ਉਸ ਦੀਆਂ ਪਤਨੀਆਂ ਨੇ ਉਸ ਉੱਤੇ ਹੋਰਨਾਂ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਇਆ। ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸ਼ਰਧਾਵਾਨ ਨਹੀਂ ਸੀ, ਜਿਵੇਂ ਕਿ ਉਸ ਦਾ ਪਿਤਾ ਦਾਊਦ ਸੀ। 5 ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਨਾਉਣੇ ਬੁੱਤ ਮਿਲਕੋਮ ਦੇ ਪਿੱਛੇ ਲੱਗ ਤੁਰਿਆ। 6 ਇਉਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚੱਲਿਆ, ਜਿਵੇਂ ਉਸ ਦੇ ਪਿਤਾ ਦਾਊਦ ਨੇ ਕੀਤਾ।
7 ਸੁਲੇਮਾਨ ਨੇ ਇੱਕ ਪਹਾੜੀ ਉੱਤੇ, ਮੋਆਬੀਆਂ ਦੇ ਘ੍ਰਿਣਾਯੋਗ ਦੇਵਤੇ, ਕਮੋਸ਼ ਲਈ ਅਤੇ ਅੰਮੋਨੀਆਂ ਦੇ ਘ੍ਰਿਣਾਯੋਗ ਬੁੱਤ, ਮੋਲਕ ਲਈ ਇੱਕ ਉਪਾਸਨਾ ਦਾ ਸਥਾਨ ਬਣਵਾਇਆ, ਜੋ ਕਿ ਯਰੂਸ਼ਲਮ ਤੋਂ ਅਗਾਂਹ ਸੀ। 8 ਇਸੇ ਤਰ੍ਹਾਂ ਉਸ ਨੇ ਆਪਣੀਆਂ ਸਾਰੀਆਂ ਓਪਰੀਆਂ ਔਰਤਾਂ ਲਈ ਵੀ ਕੀਤਾ ਜਿਹੜੀਆਂ ਕਿ ਆਪੋ-ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਅਤੇ ਬਲੀ ਚੜ੍ਹਾਉਂਦੀਆਂ ਸਨ।
9 ਤਦ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ, ਕਿਉਂ ਜੋ ਉਸਦਾ ਮਨ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੋਂ ਫ਼ਿਰ ਗਿਆ, ਜਿਸ ਉਸ ਨੂੰ ਦੋ ਵਾਰ ਦਰਸ਼ਨ ਦਿੱਤੇ ਸਨ ਅਤੇ ਉਸ ਨੇ ਇਸ ਨੂੰ ਗੱਲ ਦਾ ਹੁਕਮ ਦਿੱਤਾ ਸੀ 10 ਕਿ ਉਹ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ, ਪਰ ਉਸ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ। 11 ਤਦ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, “ਤੂੰ ਮੇਰੇ ਨਾਲ ਆਪਣਾ ਕੀਤਾ ਨੇਮ ਤੋੜਿਆ ਹੈ ਅਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਿਆ ਇਸ ਲਈ ਮੈਂ ਹੁਣ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ ਕਿ ਇਹ ਰਾਜ ਮੈਂ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਕਿਸੇ ਟਹਿਲੂਏ ਨੂੰ ਦੇ ਦੇਵਾਂਗਾ। 12 ਪਰ ਤੇਰੇ ਪਿਤਾ ਦਾਊਦ ਕਾਰਣ, ਮੈਂ ਤੇਰੇ ਜਿਉਂਦੇ ਜੀਅ ਇਹ ਰਾਜ ਤੇਰੇ ਕੋਲੋਂ ਨਹੀਂ ਲਵਾਂਗਾ ਪਰ ਮੈਂ ਇਹ ਰਾਜ ਤੇਰੇ ਪੁੱਤਰ ਤੋਂ ਲੈ ਲਵਾਂਗਾ। 13 ਫ਼ਿਰ ਵੀ, ਮੈਂ ਤੇਰੇ ਪੁੱਤਰ ਕੋਲੋਂ ਸਾਰਾ ਰਾਜ ਨਹੀਂ ਲਵਾਂਗਾ, ਮੈਂ ਉਸ ਨੂੰ ਇੱਕ ਪਰਿਵਾਰ-ਸਮੂਹ ਉੱਤੇ ਹਕੂਮਤ ਕਰਨ ਦੇਵਾਂਗਾ। ਅਜਿਹਾ ਮੈਂ ਸਿਰਫ ਦਾਊਦ ਸਦਕਾ ਕਰਾਂਗਾ-ਕਿਉਂ ਕਿ ਉਹ ਮੇਰਾ ਚੰਗਾ ਸੇਵਕ ਸੀ ਅਤੇ ਇਹ ਸਭ ਕੁਝ ਮੈਂ ਯਰੂਸ਼ਲਮ ਲਈ ਕਰਾਂਗਾ ਕਿਉਂ ਕਿ ਇਹ ਸ਼ਹਿਰ ਮੈਂ ਚੁਣਿਆ ਸੀ।”
ਅਸਲੀ ਸਿਆਣਪ
13 ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਹੈ ਜੋ ਬੁੱਧੀਵਾਨ ਅਤੇ ਸਮਝਣ ਦੇ ਕਾਬਿਲ ਹੈ? ਤਾਂ, ਉਸ ਨੂੰ ਨਿਮ੍ਰ ਢੰਗ ਵਿੱਚ ਸਹੀ ਕਰਨੀਆਂ ਕਰਕੇ ਆਪਣੀ ਬੁੱਧ ਸਾਬਤ ਕਰਨ ਦਿਉ। ਇੱਕ ਸਿਆਣੇ ਵਿਅਕਤੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। 14 ਜੇ ਤੁਸੀਂ ਖੁਦਗਰਜ਼ ਹੋ ਅਤੇ ਤੁਹਾਡੇ ਦਿਲਾਂ ਵਿੱਚ ਕੌੜੀ ਈਰਖਾ ਭਰੀ ਹੋਈ ਹੈ ਤਾਂ ਤੁਹਾਡੇ ਲਈ ਹੰਕਾਰ ਕਰਨ ਦਾ ਕੋਈ ਕਾਰਣ ਨਹੀਂ। ਤੁਹਾਡਾ ਹੰਕਾਰ ਝੂਠਾ ਹੈ ਜਿਹੜਾ ਸੱਚ ਨੂੰ ਛੁਪਾਉਂਦਾ ਹੈ। 15 ਇਹੋ ਜਿਹੀ “ਸਿਆਣਪ” ਪਰਮੇਸ਼ੁਰ ਵੱਲੋਂ ਨਹੀਂ ਆਉਂਦੀ। ਇਹ “ਸਿਆਣਪ” ਦੁਨੀਆਂ ਵੱਲੋਂ ਆਉਂਦੀ ਹੈ। ਇਹ ਆਤਮਕ ਨਹੀਂ ਹੈ। ਇਹ ਸ਼ੈਤਾਨੀ ਹੈ। 16 ਜਿੱਥੇ ਵੀ ਈਰਖਾ ਅਤੇ ਖੁਦਗਰਜ਼ੀ ਹੈ ਗੜਬੜੀ ਅਤੇ ਹਰ ਤਰ੍ਹਾਂ ਦੀ ਬਦੀ ਓੱਥੇ ਹੋਵੇਗੀ। 17 ਪਰ ਜਿਹੜੀ ਸਿਆਣਪ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਇਸ ਤਰ੍ਹਾਂ ਦੀ ਹੈ। ਪਹਿਲੀ ਗੱਲ ਇਹ ਸ਼ੁੱਧ ਹੈ। ਇਹ ਸ਼ਾਂਤਮਈ, ਕੋਮਲ ਅਤੇ ਆਸਾਨੀ ਨਾਲ ਪ੍ਰਸੰਨ ਕਰਨ ਵਾਲੀ ਹੈ। ਇਹ ਸਿਆਣਪ ਹਮਦਰਦੀ ਨਾਲ ਭਰਪੂਰ ਹੈ ਅਤੇ ਹੋਰਨਾਂ ਲੋਕਾਂ ਲਈ ਚੰਗੀਆਂ ਕਰਨੀਆਂ ਕਰਨ ਲਈ ਤਿਆਰ ਹੈ। ਇਹ ਸਿਆਣਪ ਹਮੇਸ਼ਾ ਨਿਆਂਈ ਅਤੇ ਇਮਾਨਦਾਰ ਹੁੰਦੀ ਹੈ। 18 ਉਹ ਲੋਕ ਜਿਹੜੇ ਸ਼ਾਂਤਮਈ ਢੰਗ ਨਾਲ ਸ਼ਾਂਤੀ ਲਈ ਕੰਮ ਕਰਦੇ ਹਨ ਜੀਵਨ ਦੀਆਂ ਦੰਗੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜੀਆਂ ਸਹੀ ਜੀਵਨ ਢੰਗ ਨਾਲ ਮਿਲਦੀਆਂ ਹਨ।
ਆਪਣੇ ਆਪ ਨੂੰ ਪਰਮੇਸੁਰ ਨੂੰ ਸੌਂਪ ਦਿਓ
4 ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। 2 ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ।
4 ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। 5 ਕੀ ਤੁਹਾਡਾ ਖਿਆਲ ਹੈ ਕਿ ਪੋਥੀ ਅਰਥਹੀਣ ਹੈ? ਪੋਥੀ ਆਖਦੀ ਹੈ, “ਉਹ ਆਤਮਾ ਜਿਹੜਾ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਬਣਾਇਆ ਉਹ ਸਾਨੂੰ ਸਿਰਫ਼ ਆਪਣੇ ਲਈ ਹੀ ਚਾਹੁੰਦਾ ਹੈ।” [a] 6 ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।” [b]
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ। 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ। 9 ਉਦਾਸ ਹੋਵੋ, ਅਫ਼ਸੋਸ ਕਰੋ ਅਤੇ ਰੋਵੋ। ਆਪਣੇ ਹਾਸਿਆਂ ਨੂੰ ਰੋਣ ਵਿੱਚ ਬਦਲ ਦਿਓ, ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲ ਦਿਓ। 10 ਪਰਮੇਸ਼ੁਰ ਦੇ ਸਨਮੁੱਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਮਹਾਨ ਬਣਾਵੇਗਾ।
ਤੁਸੀਂ ਮੁਨਸਫ਼ ਨਹੀਂ ਹੋ
11 ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਗੱਲਾਂ ਨਾ ਕਰੋ। ਜੇ ਤੁਸੀਂ ਮਸੀਹ ਵਿੱਚ ਆਪਣੇ ਕਿਸੇ ਭਰਾ ਦੀ ਨਿੰਦਿਆ ਜਾਂ ਉਸਦਾ ਨਿਰਨਾ ਕਰਦੇ ਹੋ, ਤਾਂ ਇਹ ਸ਼ਰ੍ਹਾ ਦੇ ਖਿਲਾਫ਼ ਬੋਲਣ ਅਤੇ ਸ਼ਰ੍ਹਾ ਦੀ ਆਲੋਚਨਾ ਕਰਨ ਵਾਂਗ ਹੀ ਹੈ ਜਿਸਦਾ ਉਹ ਅਨੁਸਰਣ ਕਰ ਰਿਹਾ ਹੈ। ਜਦੋਂ ਤੁਸੀਂ ਮਸੀਹ ਵਿੱਚ ਕਿਸੇ ਭਰਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਉਸ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਜਿਸਦੀ ਉਹ ਪਾਲਣਾ ਕਰਦਾ ਹੈ ਅਤੇ ਜਦੋਂ ਤੁਸੀਂ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਸ਼ਰ੍ਹਾ ਦੇ ਪਾਲਕ ਨਹੀਂ ਹੋ। ਤੁਸੀਂ ਖੁਦ ਮੁਨਸਫ਼ ਬਣ ਜਾਂਦੇ ਹੋ। 12 ਪਰਮੇਸ਼ੁਰ ਹੀ ਹੈ ਜਿਹੜਾ ਨੇਮਾਂ ਨੂੰ ਬਣਾਉਂਦਾ ਹੈ। ਸਿਰਫ਼ ਉਹੀ ਇੱਕੋ ਇੱਕ ਮੁਨਸਫ਼ ਹੈ। ਇਹ ਸਿਰਫ਼ ਪਰਮੇਸ਼ੁਰ ਹੀ ਹੈ ਜਿਹੜਾ ਬਚਾ ਸੱਕਦਾ ਹੈ ਅਤੇ ਤਬਾਹ ਕਰ ਸੱਕਦਾ ਹੈ। ਇਸ ਲਈ ਤੁਹਾਡੇ ਵਾਸਤੇ ਇਹ ਠੀਕ ਨਹੀਂ ਕਿ ਤੁਸੀਂ ਕਿਸੇ ਦੂਸਰਿਆਂ ਬਾਰੇ ਨਿਆਂ ਕਰੋ।
12 ਪਿਲਾਤੁਸ ਨੇ ਫ਼ੇਰ ਲੋਕਾਂ ਨੂੰ ਪੁੱਛਿਆ, “ਤਾਂ ਤੁਸੀਂ ਮੈਥੋਂ ਇਸ ਵਿਅਕਤੀ ਨਾਲ, ਜੋ ਯਹੂਦੀਆਂ ਦਾ ਬਾਦਸ਼ਾਹ ਕਹਾਉਂਦਾ ਹੈ, ਕੀ ਕਰਾਉਣਾ ਚਾਹੁੰਦੇ ਹੋ?”
13 ਲੋਕਾਂ ਨੇ ਫ਼ਿਰ ਤੋਂ ਰੌਲਾ ਪਾਇਆ, “ਇਸ ਨੂੰ ਸਲੀਬ ਦਿਓ।”
14 ਪਿਲਾਤੁਸ ਨੇ ਪੁੱਛਿਆ, “ਕਿਉਂ? ਇਸਨੇ ਕੀ ਪਾਪ ਕੀਤਾ ਹੈ?”
ਪਰ ਲੋਕ ਹੋਰ ਜ਼ੋਰ-ਜ਼ੋਰ ਦੀ ਚੀਕਣ ਲੱਗੇ, “ਇਸ ਨੂੰ ਸਲੀਬ ਤੇ ਚੜ੍ਹਾ ਦੇਵੋ।”
15 ਪਿਲਾਤੁਸ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਲੋਕਾਂ ਲਈ ਬਰੱਬਾਸ ਨੂੰ ਅਜ਼ਾਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਯਿਸੂ ਨੂੰ ਕੋੜੇ ਮਾਰਨ ਨੂੰ ਆਖਿਆ। ਫ਼ਿਰ ਉਸ ਨੇ ਯਿਸੂ ਨੂੰ ਸਲੀਬ ਦੇਣ ਲਈ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ।
16 ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਬਾਕੀ ਸਾਰੇ ਸਿਪਾਹੀਆਂ ਨੂੰ ਇੱਕ ਸਾਥ ਬੁਲਾਇਆ। 17 ਉਨ੍ਹਾਂ ਨੇ ਜਾਮੁਨੀ ਰੰਗ ਦਾ ਕੱਪੜਾ ਯਿਸੂ ਤੇ ਪਾਇਆ, ਫ਼ਿਰ ਉਨ੍ਹਾਂ ਨੇ ਕੰਡਿਆਂ ਨੂੰ ਗੁੰਦਕੇ ਕੰਡਿਆਂ ਦਾ ਤਾਜ ਬਣਾਇਆ ਅਤੇ ਉਸ ਦੇ ਸਿਰ ਤੇ ਪਾਇਆ। 18 ਫ਼ਿਰ ਉਹ ਯਿਸੂ ਨੂੰ ਸਲਾਮ ਕਰਨ ਲੱਗੇ ਅਤੇ ਆਖਿਆ, “ਯਹੂਦੀਆਂ ਦੇ ਪਾਤਸ਼ਾਹ, ਨਮਸੱਕਾਰ!” 19 ਸਿਪਾਹੀਆਂ ਨੇ ਵਾਰ-ਵਾਰ ਉਸ ਦੇ ਸਿਰ ਤੇ ਸੋਟੀਆਂ ਮਾਰੀਆਂ। ਉਸ ਉੱਪਰ ਥੁੱਕਿਆ ਅਤੇ ਬਾਰ-ਬਾਰ ਉਸ ਅੱਗੇ ਸਿਰ ਨਿਵਾਕੇ ਉਸ ਨੂੰ ਮਖੌਲ ਕਰਨ ਲੱਗੇ। 20 ਜਦੋਂ ਉਹ ਉਸ ਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਹ ਜਾਮਨੀ ਕੱਪੜਾ ਉਤਾਰਿਆ ਅਤੇ ਫ਼ਿਰ ਯਿਸੂ ਨੂੰ ਉਸ ਦੇ ਕੱਪੜੇ ਪੁਆ ਦਿੱਤੇ ਅਤੇ ਉਸ ਨੂੰ ਉਸ ਮਹਿਲ ਤੋਂ ਬਾਹਰ ਲੈ ਗਏ ਤਾਂ ਕਿ ਇਸ ਨੂੰ ਸਲੀਬ ਦਿੱਤੀ ਜਾਵੇ।
ਯਿਸੂ ਨੂੰ ਸਲੀਬ ਦਿੱਤੀ ਗਈ(A)
21 ਰਸਤੇ ਵਿੱਚ ਉਨ੍ਹਾਂ ਨੇ ਇੱਕ ਕੁਰੇਨੀ ਆਦਮੀ ਨੂੰ ਵੇਖਿਆ। ਉਹ ਆਦਮੀ ਸ਼ਮਊਨ ਸੀ ਸਿਕੰਦਰ ਅਤੇ ਰੁਫ਼ੂਸ ਦਾ ਪਿਤਾ। ਉਹ ਖੇਤਾਂ ਵੱਲੋਂ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਅਤੇ ਸਿਪਾਹੀਆਂ ਨੇ ਉਸ ਨੂੰ ਮਜਬੂਰ ਕੀਤਾ ਕਿ ਉਹ ਯਿਸੂ ਦੀ ਸਲੀਬ ਚੁੱਕੇ।
2010 by World Bible Translation Center