Book of Common Prayer
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
2 ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
3 ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
4 ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
5 ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।
6 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
7 ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
8 ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।
9 ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
21 ਹੇ ਯਹੋਵਾਹ, ਤੇਰੀ ਸ਼ਕਤੀ ਰਾਜੇ ਨੂੰ ਪ੍ਰਸੰਨ ਕਰਦੀ ਹੈ।
ਜਦੋਂ ਤੂੰ ਉਸ ਨੂੰ ਬਚਾਉਂਦਾ ਉਹ ਇੰਨਾ ਖੁਸ਼ ਹੈ।
2 ਤੁਸੀਂ ਰਾਜੇ ਨੂੰ ਮਨ ਇੱਛਿਤ ਵਸਤਾਂ ਦਿੱਤੀਆਂ,
ਅਤੇ ਜੋ ਵੀ ਉਸ ਨੇ ਮੰਗਿਆਂ ਤੁਸੀਂ ਉਸ ਨੂੰ ਦਿੱਤਾ।
3 ਯਹੋਵਾਹ ਸੱਚਮੁੱਚ ਤੁਸਾਂ ਰਾਜੇ ਨੂੰ ਅਸੀਸ ਦਿੱਤੀ।
ਤੁਸੀਂ ਉਸ ਦੇ ਸੀਸ ਉੱਤੇ ਸੁਨਿਹਰੀ ਤਾਜ ਰੱਖਿਆ।
4 ਹੇ ਪਰਮੇਸ਼ੁਰ, ਰਾਜੇ ਨੇ ਤੁਸਾਂ ਤੋਂ ਜੀਵਨ ਮੰਗਿਆ ਸੀ, ਅਤੇ ਤੁਸੀਂ ਇਹ ਉਸ ਨੂੰ ਪ੍ਰਦਾਨ ਕੀਤਾ।
ਤੁਸੀਂ ਉਸ ਨੂੰ ਲੰਮਾ ਜੀਵਨ ਦਿੱਤਾ ਜਿਹੜਾ ਸਦਾ-ਸਦਾ ਲਈ ਕਾਇਮ ਰਹਿੰਦਾ ਹੈ।
5 ਤੁਸਾਂ ਰਾਜੇ ਨੂੰ ਜਿੱਤ ਪ੍ਰਦਾਨ ਕੀਤੀ ਅਤੇ ਉਸ ਨੂੰ ਵੱਡੀ ਮਹਿਮਾ ਦਿੱਤੀ।
ਤੁਸਾਂ ਉਸ ਨੂੰ ਇੱਜ਼ਤ ਅਤੇ ਉਸਤਤਿ ਦਿੱਤੀ।
6 ਹੇ ਪਰਮੇਸ਼ੁਰ, ਸੱਚਮੁੱਚ ਤੁਸਾਂ ਰਾਜੇ ਨੂੰ ਸਦੀਵੀ ਅਸੀਸ ਦਿੱਤੀ।
ਜਦ ਵੀ ਰਾਜਾ ਤੁਹਾਡਾ ਮੁੱਖ ਤੱਕਦਾ ਹੈ, ਉਸ ਨੂੰ ਇਸਤੋਂ ਅਪਾਰ ਖੁਸ਼ੀ ਹੁੰਦੀ ਹੈ।
7 ਰਾਜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ।
ਸੱਭ ਤੋਂ ਉੱਚਾ ਰਾਜਾ ਉਸ ਨੂੰ ਨਿਰਾਸ਼ ਨਹੀਂ ਕਰੇਗਾ।
8 ਹੇ ਪਰਮੇਸ਼ੁਰ, ਤੁਸੀਂ ਆਪਣੇ ਸਾਰੇ ਦੁਸ਼ਮਣਾਂ ਨੂੰ ਵਿਖਾ ਦਿਉਂਗੇ ਕਿ ਤੁਸੀਂ ਸ਼ਕਤੀਮਾਨ ਹੋ।
ਤੁਹਾਡੀ ਸ਼ਕਤੀ ਉਨ੍ਹਾਂ ਨੂੰ ਹਰਾਏਗੀ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਹਨ।
9 ਹੇ ਪਰਮੇਸ਼ੁਰ, ਜਦੋਂ ਤੂੰ ਰਾਜੇ ਦੇ ਨਾਲ ਹੈਂ ਉਹ ਬਲਦੇ ਗਰਮ ਤੰਦੂਰ ਵਰਗਾ ਹੈ,
ਜਿਹੜਾ ਉਸ ਸਾਰੀ ਸਮਗਰੀ ਨੂੰ ਸਾੜ ਦਿੰਦਾ ਹੈ, ਜਿਹੜੀ ਉਸ ਦੇ ਅੰਦਰ ਹੁੰਦੀ ਹੈ।
ਉਸਦਾ ਗੁੱਸਾ ਮੱਚਦੀ ਅੱਗ ਵਰਗਾ ਹੈ
ਜਿਹੜਾ ਮੁਕੰਮਲ ਤੌਰ ਤੇ ਉਸ ਦੇ ਵੈਰੀਆਂ ਦੀ ਤਬਾਹੀ ਦਾ ਕਾਰਣ ਬਣਦਾ ਹੈ।
10 ਉਸ ਦੇ ਦੁਸ਼ਮਣਾਂ ਦੇ ਪਰਿਵਾਰ ਵੀ ਤਬਾਹ ਹੋ ਜਾਣਗੇ,
ਉਹ ਧਰਤੀ ਉੱਤੋਂ ਮਿਟ ਜਾਣਗੇ।
11 ਕਿਉਂ? ਕਿਉਂਕਿ ਯਹੋਵਾਹ, ਉਨ੍ਹਾਂ ਲੋਕਾਂ ਨੇ ਤੁਹਾਡੇ ਖਿਲਾਫ਼ ਦੁਸ਼ਟ ਗੱਲਾਂ ਵਿਉਂਤੀਆਂ ਹਨ।
ਉਨ੍ਹਾਂ ਨੇ ਦੁਸ਼ਟ ਗੱਲਾਂ ਕਰਨ ਦੀਆਂ ਵਿਉਂਤਾਂ ਬਣਾਈਆਂ ਪਰ ਉਹ ਸਫ਼ਲਤਾ ਪ੍ਰਾਪਤ ਨਾ ਕਰ ਸੱਕੇ।
12 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ।
ਤੁਸਾਂ ਉਨ੍ਹਾਂ ਨੂੰ ਇੱਕ ਜੁੱਟ ਰੱਸੇ ਵਿੱਚ ਬੰਨ੍ਹ ਦਿੱਤਾ
ਤੁਸਾਂ ਉਨ੍ਹਾਂ ਦੇ ਗਲਾਂ ਵਿੱਚ ਰੱਸੇ ਪਾਏ।
ਤੁਸੀਂ ਗੁਲਾਮਾਂ ਵਾਂਗ ਉਨ੍ਹਾਂ ਦਾ ਸਿਰ ਝੁਕਾਇਆ।
13 ਯਹੋਵਾਹ, ਤੁਹਾਡੀ ਸ਼ਕਤੀ ਦੇ ਗੀਤਾਂ ਨੂੰ ਤੁਹਾਡੀ ਉਸਤਤਿ ਕਰਨ ਦਿਉ।
ਅਸੀਂ ਤੁਹਾਡੀ ਮਹਾਨਤਾ ਦੇ ਗੀਤ ਗਾਵਾਂਗੇ।
ਦਾਊਦ ਦਾ ਇੱਕ ਉਸਤਤਿ ਗੀਤ।
110 ਯਹੋਵਾਹ ਨੇ ਮੇਰੇ ਮਾਲਕ ਨੂੰ ਆਖਿਆ,
“ਮੇਰੇ ਕੋਲ ਮੇਰੇ ਸੱਜੇ ਪਾਸੇ ਬੈਠੋ, ਜਦੋਂ ਕਿ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅਧੀਨ ਕਰਦਾ ਹਾਂ।”
2 ਯਹੋਵਾਹ ਤੁਹਾਡੇ ਰਾਜ ਨੂੰ ਵੱਧਣ ਫ਼ੁੱਲਣ ਵਿੱਚ ਸਹਾਇਤਾ ਕਰੇਗਾ। ਸੀਯੋਨ, ਵਿੱਚ ਤੁਹਾਡਾ ਰਾਜ ਸ਼ੁਭ ਹੋਵੇਗਾ।
ਅਤੇ ਉਹ ਉਦੋਂ ਤੱਕ ਵੱਧੇਗਾ ਜਦੋਂ ਤੱਕ ਕਿ ਤੁਸੀਂ ਆਪਣੇ ਦਸ਼ਮਣਾਂ ਦੇ ਦੇਸ਼ਾਂ ਵਿੱਚ ਵੀ ਰਾਜ ਕਰੋਂਗੇ।
3 ਤੁਹਾਡੇ ਲੋਕ ਸ੍ਵੈਂ-ਇੱਛਾ ਨਾਲ ਤੁਹਾਡਾ ਸੰਗ ਕਰਨਗੇ
ਜਦੋਂ ਤੁਸੀਂ ਆਪਣੀ ਸੈਨਾ ਇੱਕ ਸਾਥ ਇਕੱਠੀ ਕਰੋਂਗੇ।
ਉਹ ਖਾਸ ਵਸਤਰ ਪਾਉਣਗੇ
ਅਤੇ ਅਮ੍ਰਿਤ ਵੇਲੇ ਆ ਮਿਲਣਗੇ
ਉਹ ਨੌਜਵਾਨ ਲੋਕ ਤੁਹਾਡੇ ਚਾਰ-ਚੁਫ਼ੇਰੇ ਹੋਣਗੇ।
ਜਿਵੇਂ ਧਰਤੀ ਉੱਤੇ ਤ੍ਰੇਲ ਹੁੰਦੀ ਹੈ।
4 ਯਹੋਵਾਹ ਨੇ ਇਕਰਾਰ ਕੀਤਾ ਸੀ
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,
“ਤੁਸੀਂ ਸਦਾ ਲਈ ਜਾਜਕ ਹੋ –
ਜਿਸ ਤਰ੍ਹਾਂ ਦਾ ਜਾਜਕ ਮਲਕਿ-ਸਿਦਕ ਸੀ।”
5 ਮੇਰਾ ਮਾਲਕ ਤੁਹਾਡੇ ਸੱਜੇ ਪਾਸੇ ਖਲੋਤਾ ਹੈ।
ਉਹ ਹੋਰਾਂ ਰਾਜਿਆਂ ਨੂੰ ਹਰਾ ਦੇਵੇਗਾ, ਜਦੋਂ ਉਹ ਕ੍ਰੋਧਵਾਨ ਹੋਵੇਗਾ।
6 ਪਰਮੇਸ਼ੁਰ ਕੌਮਾਂ ਬਾਰੇ ਨਿਆਂ ਕਰੇਗਾ।
ਮੁਰਦਾ ਲਾਸ਼ਾਂ ਜ਼ਮੀਨ ਉੱਤੇ ਵਿਛ ਜਾਣਗੀਆਂ।
ਅਤੇ ਪਰਮੇਸ਼ੁਰ ਸ਼ਕਤੀਸ਼ਾਲੀ ਕੌਮਾਂ ਦੇ ਆਗੂਆਂ ਨੂੰ ਦੰਡ ਦੇਵੇਗਾ।
7 ਰਾਜਾ ਰਸਤੇ ਵਿੱਚ ਇੱਕ ਨਦੀ ਤੋਂ ਪਾਣੀ ਪੀਵੇਗਾ।
ਫ਼ੇਰ ਉਹ ਆਪਣਾ ਸਿਰ ਚੁੱਕੇਗਾ ਅਤੇ ਬਲਵਾਨ ਹੋ ਜਾਵੇਗਾ।
116 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
2 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਸਹਾਇਤਾ ਲਈ ਉਹ ਮੇਰੀ ਪੁਕਾਰ ਨੂੰ ਸੁਣਦਾ ਹੈ।
3 ਮੈਂ ਤਾਂ ਮਰ ਹੀ ਚੱਲਿਆ ਸਾਂ।
ਮੌਤ ਦੇ ਰੱਸੇ ਮੇਰੇ ਦੁਆਲੇ ਤਣ ਗਏ ਸਨ।
ਕਬਰ ਹੌਲੀ-ਹੌਲੀ ਮੇਰੇ ਨਜ਼ਦੀਕ ਆ ਰਹੀ ਸੀ।
ਮੈਂ ਡਰਿਆ ਹੋਇਆ ਅਤੇ ਫ਼ਿਕਰਮੰਦ ਸਾਂ।
4 ਫ਼ੇਰ ਮੈਂ ਯਹੋਵਾਹ ਦਾ ਨਾਮ ਪੁਕਾਰਿਆ।
ਮੈਂ ਆਖਿਆ, “ਯਹੋਵਾਹ, ਮੈਨੂੰ ਬਚਾਉ!”
5 ਯਹੋਵਾਹ ਸ਼ੁਭ ਅਤੇ ਦਯਾਵਾਨ ਹੈ।
ਪਰਮੇਸ਼ੁਰ ਮਿਹਰਬਾਨ ਹੈ।
6 ਯਹੋਵਾਹ ਬੇਸਹਾਰਿਆਂ ਦਾ ਧਿਆਨ ਰੱਖਦਾ ਹੈ।
ਮੈਂ ਨਿਆਸਰਾ ਸਾਂ ਅਤੇ ਯਹੋਵਾਹ ਨੇ ਮੈਨੂੰ ਬਚਾ ਲਿਆ।
7 ਹੇ ਮੇਰੀ ਆਤਮਾ, ਸ਼ਾਂਤ ਹੋ ਜਾ!
ਯਹੋਵਾਹ ਤੇਰਾ ਧਿਆਨ ਰੱਖ ਰਿਹਾ ਹੈ।
8 ਹੇ ਪਰਮੇਸ਼ੁਰ, ਤੁਸੀਂ ਮੇਰੀ ਆਤਮਾ ਨੂੰ ਮੌਤ ਕੋਲੋਂ ਬਚਾਇਆ।
ਤੁਸੀਂ ਮੇਰੇ ਅਥਰੂ ਰੋਕੋ।
ਤੁਸੀਂ ਮੈਨੂੰ ਡਿੱਗਣ ਤੋਂ ਬਚਾਇਆ।
9 ਮੈਂ ਜਿਉਂਦਿਆ ਦੇ ਦੇਸ਼ ਵਿੱਚ ਯਹੋਵਾਹ ਦੀ ਸੇਵਾ ਕਰਦਾ ਰਹਾਂਗਾ।
10 ਮੈਂ ਉਦੋਂ ਵੀ ਵਿਸ਼ਵਾਸ ਕਰਦਾ ਰਿਹਾ ਜਦੋਂ ਮੈਂ ਇਹ ਵੀ ਆਖਿਆ ਸੀ,
“ਮੈਂ ਤਬਾਹ ਹੋ ਗਿਆ ਹਾਂ!”
11 ਹਾਂ, ਉਦੋਂ ਵੀ ਜਦੋਂ ਮੈਂ ਡਰਿਆ ਹੋਇਆ ਸਾਂ ਅਤੇ ਆਖਿਆ ਸੀ,
“ਸਾਰੇ ਬੰਦੇ ਝੂਠੇ ਹਨ!”
12 ਮੈਂ ਯਹੋਵਾਹ ਨੂੰ ਕੀ ਅਰਪਣ ਕਰ ਸੱਕਦਾ ਹਾਂ?
ਯਹੋਵਾਹ ਨੇ ਮੈਨੂੰ ਹਰ ਸ਼ੈਅ ਜੋ ਵੀ ਮੇਰੇ ਕੋਲ ਹੈ ਦਿੱਤੀ ਹੈ।
13 ਉਸ ਨੇ ਮੈਨੂੰ ਬਚਾਇਆ,
ਇਸ ਲਈ ਮੈਂ ਉਸ ਅੱਗੇ ਪਿਆਲਾ ਭੇਟ ਕਰਾਂਗਾ।
ਅਤੇ ਮੈਂ ਯਹੋਵਾਹ ਦਾ ਨਾਮ ਪੁਕਾਰਾਂਗਾ।
14 ਮੈਂ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਯਹੋਵਾਹ ਨਾਲ ਇਕਰਾਰ ਕੀਤਾ ਸੀ।
ਹੁਣ ਮੈਂ ਉਸ ਦੇ ਸਮੂਹ ਬੰਦਿਆ ਦੇ ਸਾਹਮਣੇ ਜਾਵਾਂਗਾ।
15 ਯਹੋਵਾਹ ਵਾਸਤੇ ਉਸ ਦੇ ਕਿਸੇ ਵੀ ਚੇਲੇ ਦੀ ਮੌਤ ਯਹੋਵਾਹ ਵਾਸਤੇ ਬਹੁਤ ਮਹੱਤਵਪੂਰਣ ਹੈ।
ਹੇ ਯਹੋਵਾਹ, ਮੈਂ ਤੁਹਾਡੇ ਸੇਵਕਾਂ ਵਿੱਚੋਂ ਹਾਂ।
16 ਮੈਂ ਤੁਹਾਡਾ ਸੇਵਕ ਹਾਂ,
ਤੁਹਾਡੀ ਇੱਕ ਸੇਵਾਦਾਰ ਔਰਤ ਦਾ ਬੱਚਾ।
ਯਹੋਵਾਹ, ਤੁਸੀਂ ਹੀ ਮੇਰੇ ਪਹਿਲੇ ਗੁਰੂ ਸੀ।
17 ਮੈਂ ਤੁਹਾਡੇ ਅੱਗੇ ਧੰਨਵਾਦ ਭੇਟ ਕਰਾਂਗਾ।
ਮੈਂ ਯਹੋਵਾਹ ਦਾ ਨਾਮ ਲਵਾਂਗਾ।
18 ਮੈਂ ਯਹੋਵਾਹ ਨੂੰ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
ਹੁਣ ਮੈਂ ਉਸ ਦੇ ਸਮੂਹ ਬੰਦਿਆਂ ਦੇ ਸਾਹਮਣੇ ਜਾਵਾਂਗਾ।
19 ਮੈਂ ਯਰੂਸ਼ਲਮ ਦੇ ਮੰਦਰ ਵਿੱਚ ਜਾਵਾਂਗਾ।
ਯਹੋਵਾਹ ਦੀ ਉਸਤਤਿ ਕਰੋ।
117 ਤੁਸੀਂ ਸਾਰੀਉ ਕੌਮੋ, ਯਹੋਵਾਹ ਦੀ ਉਸਤਤਿ ਕਰੋ।
ਤੁਸੀਂ ਸਾਰਿਉ ਲੋਕੋ, ਯਹੋਵਾਹ ਦੀ ਉਸਤਤਿ ਕਰੋ।
2 ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ।
ਅਤੇ ਪਰਮੇਸ਼ੁਰ ਸਾਡੇ ਨਾਲ ਸਦਾ ਹੀ ਸੱਚਾ ਰਹੇਗਾ!
ਯਹੋਵਾਹ ਦੀ ਉਸਤਤਿ ਕਰੋ।
51 ਇਉਂ ਯਹੋਵਾਹ ਦੇ ਮੰਦਰ ਦਾ ਸਾਰਾ ਕੰਮ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਬਣਵਾਇਆ ਮੁਕੰਮਲ ਹੋਇਆ ਤਾਂ ਸੁਲੇਮਾਨ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਵਸਤਾਂ ਅੰਦਰ ਲਿਆਇਆ ਜਿਹੜੀਆਂ ਕਿ ਉਸ ਨੇ ਇੱਕ ਖਾਸ ਮੌਕੇ ਲਈ ਇਕੱਠੀਆਂ ਕੀਤੀਆਂ ਹੋਈਆਂ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਖਜ਼ਾਨਿਆਂ ਵਿੱਚ ਰੱਖ ਦਿੱਤਾ।
ਮੰਦਰ ਵਿੱਚ ਨੇਮ ਦਾ ਸੰਦੂਕ
8 ਤਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ, ਪਰਿਵਾਰ-ਸਮੂਹਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪਰਧਾਨ ਸਨ, ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਤੋਂ ਜਿਹੜਾ ਸੀਯੋਨ ਹੈ ਉੱਥੋਂ ਇੱਥੇ ਲੈ ਆਉਣ। 2 ਤਾਂ ਇਸਰਾਏਲ ਦੇ ਸਾਰੇ ਲੋਕ ਡੇਰਿਆਂ ਦੇ ਪਰਬ ਦੌਰਾਨ ਸੁਲੇਮਾਨ ਪਾਤਸ਼ਾਹ ਦੇ ਕੋਲ ਆਏ ਜਿਹੜਾ ਕਿ ਏਥਾਨੀਮ ਦੇ ਮਹੀਨੇ, (ਸਾਲ ਦੇ ਸੱਤਵੇਂ ਮਹੀਨੇ) ਵਿੱਚ ਸਨ।
3 ਇਸਰਾਏਲ ਦੇ ਸਾਰੇ ਬਜ਼ੁਰਗ ਆਏ ਤਦ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਚੁੱਕਿਆ। 4 ਉਸ ਪਵਿੱਤਰ ਸੰਦੂਕ ਦੇ ਨਾਲ ਮੰਡਲੀ ਦੇ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਕਿ ਤੰਬੂ ਵਿੱਚ ਸਨ ਉਨ੍ਹਾਂ ਨੂੰ ਵੀ ਚੁੱਕ ਕੇ ਨਾਲ ਲਿਆਏ। ਇਉਂ ਲੇਵੀਆਂ ਨੇ ਇਨ੍ਹਾਂ ਵਸਤਾਂ ਨੂੰ ਚੁਕਾਉਣ ਵਿੱਚ ਜਾਜਕਾਂ ਦੀ ਮਦਦ ਕੀਤੀ। 5 ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕ, ਜੋ ਉਸ ਦੇ ਨਾਲ ਆਏ ਸਨ, ਪਵਿੱਤਰ ਸੰਦੂਕ ਦੇ ਅੱਗੇ ਖਲੋ ਗਏ। ਉਨ੍ਹਾਂ ਨੇ ਇੰਨੀਆਂ ਭੇਡਾਂ ਤੇ ਪਸ਼ੂ ਬਲੀ ਚੜ੍ਹਾਏ ਕਿ ਉਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਸੀ। 6 ਫ਼ੇਰ ਜਾਜਕਾਂ ਨੇ ਯਹੋਵਾਹ ਦੇ ਇੱਕਰਾਨਾਮੇ ਵਾਲੇ ਸੰਦੂਕ ਨੂੰ ਇਸਦੀ ਥਾਵੇਂ, ਮੰਦਰ ਦੇ ਅੱਤ ਪਵਿੱਤਰ ਸਥਾਨ ਵਿੱਚ ਧਰ ਦਿੱਤਾ। ਇਹ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ। 7 ਕਰੂਬੀ ਫ਼ਰਿਸ਼ਤਿਆਂ ਦੇ ਖੰਭ ਪਵਿੱਤਰ ਸੰਦੂਕ ਦੇ ਉੱਪਰ ਫ਼ੈਲੇ ਹੋਏ ਸਨ। ਤਾਂ ਜੋ ਉਹ ਪਵਿੱਤਰ ਸੰਦੂਕ ਅਤੇ ਇਸ ਨੂੰ ਚੁੱਕਣ ਲਈ ਵਰਤੀਆਂ ਜਾਣ ਵਾਲੀਆਂ ਚੋਬਾਂ ਨੂੰ ਢੱਕ ਲੈਣ। 8 ਉਨ੍ਹਾਂ ਨੇ ਚੋਬਾਂ ਨੂੰ ਐਨਾ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਅੱਗੇ ਪਵਿੱਤਰ ਅਸਥਾਨ ਤੋਂ ਨਜ਼ਰ ਆਉਂਦੇ ਸਨ ਪਰ ਬਾਹਰੋ ਨਹੀਂ ਸਨ ਦਿੱਸਦੇ ਅਤੇ ਉਹ ਅੱਜ ਦਿਨ ਤੀਕ ਉੱਥੇ ਹੀ ਹਨ। 9 ਪਵਿੱਤਰ ਸੰਦੂਕ ਵਿੱਚ ਉਨ੍ਹਾਂ ਦੋਨਾਂ ਪੱਥਰ ਦੀਆਂ ਪੱਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਹੋਰੇਬ ਵਿੱਚ ਪਵਿੱਤਰ ਸੰਦੂਕ ਵਿੱਚ ਪਾਈਆਂ ਸਨ। ਹੋਰੇਬ ਉਹੀ ਜਗ੍ਹਾ ਸੀ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਆਪਣਾ ਇਕਰਾਰਨਾਮਾ ਕੀਤਾ ਸੀ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।
10 ਜਦੋਂ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਅੱਤ ਪਵਿੱਤਰ ਸਥਾਨ ਤੇ ਰੱਖਿਆ ਅਤੇ ਇਸ ਵਿੱਚੋਂ ਬਾਹਰ ਆਏ ਬੱਦਲ [a] ਨੇ ਯਹੋਵਾਹ ਦੇ ਮੰਦਰ ਨੂੰ ਭਰ ਦਿੱਤਾ। 11 ਜਾਜਕਾਂ ਨੂੰ ਆਪਣਾ ਕੰਮ ਰੋਕਣਾ ਪਿਆ ਕਿਉਂ ਕਿ ਮੰਦਰ ਇੱਕਦਮ ਪਰਮੇਸ਼ੁਰ ਦੇ ਪਰਤਾਪ ਨਾਲ ਭਰ ਗਿਆ। 12 ਤਦ ਸੁਲੇਮਾਨ ਨੇ ਆਖਿਆ:
“ਯਹੋਵਾਹ ਨੇ ਫ਼ੁਰਮਾਇਆ ਸੀ ਕਿ ਉਹ ਘੁੱਪ ਹਨੇਰੇ ਵਿੱਚ ਵੱਸੇਗਾ [b]
ਅਤੇ ਯਹੋਵਾਹ ਅਸਮਾਨ ਤੇ ਸੂਰਜ ਨੂੰ ਚਮਕਾਵੇਗਾ।
13 ਮੈਂ ਤੇਰੇ ਲਈ ਇੱਕ ਅਦਭੁਤ ਮੰਦਰ ਬਣਾਇਆ,
ਜਿੱਥੇ ਤੂੰ ਸਦਾ ਲਈ ਰਹਿ ਸੱਕੇ।”
14 ਇਸਰਾਏਲ ਦੇ ਸਾਰੇ ਲੋਕ ਉੱਥੇ ਖੜ੍ਹੇ ਸਨ, ਤਾਂ ਸੁਲੇਮਾਨ ਪਾਤਸ਼ਾਹ ਉਨ੍ਹਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। 15 ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ:
“ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, 16 ‘ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।’
17 “ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਮੰਦਰ ਬਣਾਵਾਂ। 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਮੇਰੇ ਸੰਮਾਨ ਵਿੱਚ ਇੱਕ ਮੰਦਰ ਬਣਾਉਣਾ ਚਾਹੁੰਦਾ ਹੈਂ ਅਤੇ ਇਹੀ ਚੰਗੀ ਗੱਲ ਵੀ ਹੈ ਕਿ ਤੂੰ ਅਜਿਹੀ ਭਾਵਨਾ ਰੱਖਦਾ ਹੈਂ। 19 ਪਰ ਜਿਸ ਨੂੰ ਮੈਂ ਮੰਦਰ ਬਨਾਉਣ ਲਈ ਚੁਣਿਆ ਹੋਇਆ ਹੈ ਉਹ ਤੂੰ ਨਹੀਂ ਹੈਂ ਸਗੋਂ ਉਹ ਤੇਰਾ ਪੁੱਤਰ ਹੋਵੇਗਾ ਜੋ ਕਿ ਮੇਰੇ ਲਈ ਮੰਦਰ ਬਣਾਵੇਗਾ।’
20 “ਸੋ ਯਹੋਵਾਹ ਨੇ ਕੀਤੇ ਹੋਏ ਇਕਰਾਰ ਨੂੰ ਨਿਭਾਇਆ। ਹੁਣ ਮੈਂ ਆਪਣੇ ਪਿਤਾ ਦਾਊਦ ਦੀ ਥਾਵੇਂ ਪਾਤਸ਼ਾਹ ਬਣਿਆ ਹਾਂ। ਹੁਣ ਮੈਂ ਯਹੋਵਾਹ ਦੇ ਇਕਰਾਰ ਮੁਤਾਬਿਕ ਇਸਰਾਏਲ ਉੱਪਰ ਹਕੂਮਤ ਕਰ ਰਿਹਾ ਹਾਂ ਅਤੇ ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਮੰਦਰ ਉਸਾਰਿਆ ਹੈ। 21 ਮੈਂ ਮੰਦਰ ਦੇ ਅੰਦਰ, ਪਵਿੱਤਰ ਸੰਦੂਕ ਵਾਸਤੇ, ਇੱਕ ਖਾਸ ਥਾਂ ਬਣਾਇਆ ਹੈ ਅਤੇ ਉਸ ਪਵਿੱਤਰ ਸੰਦੂਕ ਦੇ ਅੰਦਰ ਉਹ ਨੇਮ ਪਿਆ ਹੈ ਜੋ ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ। ਇਹ ਨੇਮ ਯਹੋਵਾਹ ਨੇ ਉਸ ਵਕਤ ਕੀਤਾ ਸੀ ਜਦੋਂ ਉਸ ਮਿਸਰ ਵਿੱਚੋਂ ਸਾਡੇ ਪੁਰਖਿਆਂ ਨੂੰ ਕੱਢ ਕੇ ਲਿਆਂਦਾ ਸੀ।”
17 ਤਿੰਨ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਵੱਡੇ ਆਗੂਆਂ ਨੂੰ ਬੁਲਾਵਾ ਭੇਜਿਆ। ਜਦੋਂ ਉਹ ਇਕੱਠੇ ਹੋਕੇ ਆਏ ਤਾਂ ਪੌਲੁਸ ਨੇ ਆਖਿਆ, “ਹੇ ਮੇਰੇ ਯਹੂਦੀ ਭਰਾਵੋ, ਮੈਂ ਆਪਣੇ ਲੋਕਾਂ ਨਾਲ ਕੋਈ ਗਲਤ ਨਹੀਂ ਕੀਤਾ ਤੇ ਨਾ ਮੈਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਵਿਰੁੱਧ ਕੁਝ ਗਲਤ ਕੀਤਾ ਹੈ। ਪਰ ਮੈਨੂੰ ਯਰੂਸ਼ਲਮ ਵਿੱਚ ਗਿਰਫ਼ਤਾਰ ਕਰ ਲਿਆ ਗਿਆ ਅਤੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ। 18 ਰੋਮੀਆਂ ਨੇ ਮੈਨੂੰ ਸਵਾਲ ਕੀਤੇ ਪਰ ਉਨ੍ਹਾਂ ਨੂੰ ਕੋਈ ਵਜਹ ਨਾ ਲੱਭੀ ਜਿਸ ਵਾਸਤੇ ਮੈਂ ਮਾਰਿਆ ਜਾਵਾਂ? ਇਸ ਲਈ ਉਨ੍ਹਾਂ ਮੈਨੂੰ ਅਜ਼ਾਦ ਛੱਡ ਦੇਣਾ ਚਾਹਿਆ। 19 ਪਰ ਉੱਥੋਂ ਦੇ ਯਹੂਦੀ ਅਜਿਹਾ ਨਹੀਂ ਚਾਹੁੰਦੇ ਸਨ, ਇਸ ਲਈ ਮੈਨੂੰ ਆਪਣੀ ਦੁਹਾਈ ਕੈਸਰ ਅੱਗੇ ਦੇਣੀ ਪਈ। ਪਰ ਮੈਂ ਇਹ ਨਹੀਂ ਆਖ ਰਿਹਾ ਕਿ ਮੈਨੂੰ ਆਪਣੇ ਲੋਕਾਂ ਦੇ ਵਿਰੁੱਧ ਕੋਈ ਗਿਲਾ ਹੈ। 20 ਇਸੇ ਕਾਰਣ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ। ਮੈਂ ਇਸ ਜੰਜ਼ੀਰ ਨਾਲ ਬੰਨ੍ਹਿਆ ਹੋਇਆ ਹਾਂ ਕਿਉਂਕਿ ਮੈਂ ਇਸਰਾਏਲ ਦੀ ਆਸ ਵਿੱਚ ਵਿਸ਼ਵਾਸ ਰੱਖਦਾ ਹਾਂ।”
21 ਯਹੂਦੀਆਂ ਨੇ ਪੌਲੁਸ ਨੂੰ ਆਖਿਆ, “ਅਸੀਂ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਪ੍ਰਾਪਤ ਨਹੀਂ ਕੀਤੀ, ਤੇ ਨਾ ਹੀ ਸਾਡੇ ਉਨ੍ਹਾਂ ਭਰਾਵਾਂ ਵਿੱਚੋਂ, ਜੋ ਉੱਥੋਂ ਆਏ, ਤੇਰੇ ਬਾਰੇ ਕੋਈ ਖਬਰ ਲਿਆਏ ਜਾਂ ਤੇਰੇ ਬਾਰੇ ਕੁਝ ਬੁਰਾ ਕਿਹਾ। 22 ਪਰ ਅਸੀਂ ਤੈਥੋਂ ਤੇਰੀ ਨਿਹਚਾ ਬਾਰੇ ਸੁਣਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਹਰ ਜਗ਼੍ਹਾ ਦੇ ਲੋਕ ਇਸ ਸਮੂਹ ਬਾਰੇ ਮੰਦਾ ਬੋਲ ਰਹੇ ਹਨ।”
23 ਤਾਂ ਪੌਲੁਸ ਅਤੇ ਯਹੂਦੀਆਂ ਨੇ ਸਭਾ ਲਈ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਹੋਰ ਵੀ ਬਹੁਤ ਸਾਰੇ ਯਹੂਦੀ ਲੋਕ ਪੌਲੁਸ ਨੂੰ ਉਸ ਦੇ ਘਰ ਮਿਲੇ। ਪੌਲੁਸ ਨੇ ਸਵੇਰੇ ਤੋਂ ਆਥਣ ਤੱਕ ਪਰਮੇਸ਼ੁਰ ਦੇ ਰਾਜ ਬਾਰੇ ਵਰਨਣ ਕੀਤਾ। ਅਤੇ ਉਨ੍ਹਾਂ ਨੂੰ ਯਿਸੂ ਬਾਰੇ ਨਿਹਚਾ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼, ਕੀਤੀ। ਉਸ ਨੇ ਇਹ ਕੋਸ਼ਿਸ਼ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਦਾ ਸਬੂਤ ਦੇਕੇ ਕੀਤੀ। 24 ਉਨ੍ਹਾਂ ਵਿੱਚੋਂ ਕਈਆਂ ਨੇ ਪੌਲੁਸ ਦੀਆਂ ਆਖੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਪਰ ਕਈਆਂ ਨੇ ਨਹੀਂ। 25 ਉਹ ਆਪਸ ਵਿੱਚ ਬਹਿਸ ਕਰਨ ਲੱਗੇ। ਜਦੋਂ ਯਹੂਦੀ ਉੱਥੋਂ ਜਾਣ ਹੀ ਵਾਲੇ ਸਨ, ਪੌਲੁਸ ਨੇ ਉਨ੍ਹਾਂ ਨੂੰ ਇੱਕ ਹੋਰ ਗੱਲ ਕਈ: “ਪਵਿੱਤਰ ਆਤਮਾ ਨੇ ਤੁਹਾਡੇ ਵਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ:
26 ‘ਇਸ ਕੌਮ ਦੇ ਲੋਕਾਂ ਕੋਲ ਜਾਓ ਅਤੇ ਉਨ੍ਹਾਂ
ਨੂੰ ਦੱਸੋ; ਤੁਸੀਂ ਸੁਣੋਂਗੇ।
ਪਰ ਸਮਝੋਂਗੇ
ਨਹੀਂ ਤੁਸੀਂ ਵੇਖੋਂਗੇ
ਪਰ ਜੋ ਵੇਖਿਆ ਉਸ ਨੂੰ ਸਮਝੋਂਗੇ ਨਹੀਂ।
27 ਇਨ੍ਹਾਂ ਲੋਕਾਂ ਦੀ ਬੁੱਧੀ ਮੋਟੀ ਹੋ ਚੁੱਕੀ ਹੈ।
ਇਨ੍ਹਾਂ ਲੋਕਾਂ ਦੇ ਕੰਨ ਹਨ ਪਰ ਇਹ ਸੁਣਦੇ ਨਹੀਂ।
ਇਹ ਲੋਕ ਵੇਖਣ ਤੋਂ ਇਨਕਾਰ ਕਰਦੇ ਹਨ।
ਇਹ ਇਸ ਲਈ ਵਾਪਰਿਆ ਹੈ ਤਾਂ ਜੋ
ਇਹ ਆਪਣੀਆਂ ਅੱਖਾਂ ਨਾਲ ਨਹੀਂ ਵੇਖਣਗੇ ਨਾਹੀ ਆਪਣੇ ਕੰਨਾਂ
ਨਾਲ ਸੁਨਣਗੇ ਅਤੇ ਨਾ ਹੀ ਆਪਣੇ ਦਿਮਾਗਾਂ ਨਾਲ ਸਮਝਣਗੇ।
ਇੰਝ ਇਸ ਲਈ ਵਾਪਰਿਆ ਹੈ ਤਾਂ ਜੋ ਇਹ
ਚੰਗੇ ਹੋਣ ਲਈ ਮੇਰੇ ਵੱਲ ਮੁੜਨਗੇ।’ (A)
28 “ਹੇ ਯਹੂਦੀਓ। ਮੈਂ ਤੁਹਾਨੂੰ ਇਹ ਪਤਾ ਲਾਉਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਨੇ ਇਹ ਮੁਕਤੀ ਗੈਰ-ਯਹੂਦੀ ਲੋਕਾਂ ਵਾਸਤੇ ਭੇਜੀ ਹੈ, ਅਤੇ ਉਹ ਸੁਣਨਗੇ।” 29 [a]
30 ਪੌਲੁਸ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਉੱਥੇ ਰਿਹਾ। ਜਿਹੜੇ ਵੀ ਲੋਕ ਉਸ ਕੋਲ ਆਉਂਦੇ ਉਹ ਉਨ੍ਹਾਂ ਨੂੰ ਜੀ ਆਇਆ ਆਖਦਾ। 31 ਪੌਲੁਸ ਨੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕੀਤਾ। ਉਸ ਨੇ ਪ੍ਰਭੂ ਯਿਸੂ ਮਸੀਹ ਬਾਰੇ ਉਪਦੇਸ਼ ਦਿੱਤੇ। ਉਹ ਬਹੁਤ ਨਿਡਰਤਾ ਨਾਲ ਬੋਲਿਆਂ ਅਤੇ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ।
ਯਿਸੂ ਦਾ ਗਿਰਫ਼ਤਾਰ ਹੋਣਾ(A)
43 ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਕਿ ਯਹੂਦਾ ਉੱਥੇ ਪਹੁੰਚਿਆ, ਜਿਹੜਾ ਕਿ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਸੀ, ਅਤੇ ਉਸ ਨਾਲ ਹੋਰ ਵੀ ਬੜੇ ਲੋਕ ਸਨ ਜੋ ਕਿ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਵੱਲੋਂ ਭੇਜੇ ਗਏ ਸਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਸਨ।
44 ਯਹੂਦਾ ਨੇ ਲੋਕਾਂ ਨੂੰ ਇਹ ਸੰਕੇਤ ਦੇਣ ਵਾਸਤੇ ਕਿ ਕੌਣ ਯਿਸੂ ਹੈ, ਵਿਉਂਤ ਬਣਾਈ। ਉਸ ਨੇ ਆਖਿਆ, “ਜਿਸ ਆਦਮੀ ਨੂੰ ਮੈਂ ਚੁੰਮਾਂ, ਉਹੀ ਯਿਸੂ ਹੈ। ਤੁਸੀਂ ਉਸ ਨੂੰ ਗਿਰਫ਼ਤਾਰ ਕਰ ਲੈਣਾ ਅਤੇ ਉਸ ਨੂੰ ਨਿਗਰਾਨੀ ਨਾਲ ਲੈ ਜਾਣਾ।” 45 ਤਾਂ ਯਹੂਦਾ ਸਿੱਧਾ ਉਸ ਕੋਲ ਆਇਆ ਅਤੇ ਆਖਿਆ, “ਗੁਰੂ!” ਅਤੇ ਫ਼ਿਰ ਉਸ ਨੇ ਯਿਸੂ ਨੂੰ ਚੁੰਮਿਆ। 46 ਤਦ ਲੋਕਾਂ ਨੇ ਉਸ ਨੂੰ ਬੰਨ੍ਹ ਦਿੱਤਾ ਅਤੇ ਗਿਰਫ਼ਤਾਰ ਕਰ ਲਿਆ। 47 ਯਿਸੂ ਦੇ ਚੇਲਿਆਂ ਵਿੱਚੋਂ ਕੋਲ ਖੜੋਤੇ ਇੱਕ ਚੇਲੇ ਨੇ ਆਪਣੀ ਤਲਵਾਰ ਕੱਢੀ ਅਤੇ ਤਲਵਾਰ ਸਰਦਾਰ ਜਾਜਕ ਦੇ ਇੱਕ ਨੋਕਰ ਦੇ ਕੰਨ ਤੇ ਚਲਾਈ ਅਤੇ ਆਪਣੀ ਤਲਵਾਰ ਨਾਲ ਉਸਦਾ ਕੰਨ ਵੱਢ ਦਿੱਤਾ।
48 ਤਦ ਯਿਸੂ ਨੇ ਕਿਹਾ, “ਕੀ ਤੁਸੀਂ ਮੈਨੂੰ ਮੁਜਰਮ ਕਰਾਰ ਦਿੰਦੇ ਹੋ ਅਤੇ ਮੈਨੂੰ ਤਲਵਾਰਾਂ ਅਤੇ ਡਾਂਗਾ ਨਾਲ ਗਿਰਫ਼ਤਾਰ ਕਰਨ ਆਏ ਹੋ? 49 ਪਰ ਰੋਜ਼ ਮੈਂ ਮੰਦਰ ਵਿੱਚ ਉਪਦੇਸ਼ ਦਿੰਦਾ, ਤੁਹਾਡੇ ਨਾਲ ਹੁੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਇਹ ਸਭ ਇਸ ਲਈ ਹੋਇਆ ਕਿ ਪੋਥੀਆਂ ਪੂਰੀਆਂ ਹੋਣ।” 50 ਫ਼ਿਰ ਉਸ ਦੇ ਸਾਰੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਨੱਸ ਗਏ।
51 ਇੱਕ ਜਵਾਨ ਆਦਮੀ ਯਿਸੂ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਸਿਰਫ਼ ਇੱਕ ਪਤਲਾ ਕੱਪੜਾ ਲਿਆ ਹੋਇਆ ਸੀ। ਲੋਕਾਂ ਨੇ ਉਸ ਨੂੰ ਵੀ ਫ਼ੜਨ ਦੀ ਕੋਸ਼ਿਸ਼ ਕੀਤੀ। 52 ਪਰ ਉਸ ਨੇ ਆਪਣਾ ਪਤਲਾ ਕੱਪੜਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਅਤੇ ਨੰਗਾ ਹੀ ਉੱਥੋਂ ਭੱਜ ਗਿਆ।
2010 by World Bible Translation Center