Book of Common Prayer
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
ਦਾਊਦ ਦੀ ਪ੍ਰਾਰਥਨਾ।
17 ਯਹੋਵਾਹ, ਨਿਆਂ ਲਈ ਮੇਰੀ ਪ੍ਰਾਰਥਨਾ ਨੂੰ ਸੁਣ।
ਮੈਂ ਉੱਚੀ-ਉੱਚੀ ਤੁਹਾਨੂੰ ਹਾਕਾਂ ਮਾਰ ਰਿਹਾ ਹਾਂ।
ਮੈਂ ਉਸ ਵਿੱਚ ਇਮਾਨਦਾਰ ਹਾਂ ਜੋ ਮੈਂ ਆਖਦਾ ਹਾਂ,
ਇਸ ਲਈ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ।
2 ਕਿਉਂਕਿ ਤੁਸੀਂ ਸੱਚ ਨੂੰ ਵੇਖ ਸੱਕਦੇ ਹੋਂ,
ਤੁਸੀਂ ਮੈਨੂੰ ਸੱਚ ਪ੍ਰਦਾਨ ਕਰੋਂਗੇ।
3 ਤੁਸੀਂ ਮੇਰੇ ਦਿਲ ਦੀ ਡੂੰਘਾਈ ਅੰਦਰ ਵੇਖਿਆ ਹੈ।
ਤੁਸੀਂ ਸਾਰੀ ਰਾਤ ਮੇਰੇ ਨਾਲ ਸੀ।
ਤੁਸੀਂ ਮੈਨੂੰ ਪਰੱਖਿਆ ਹੈ ਤੁਸੀਂ ਮੇਰੇ ਵਿੱਚ ਕੁਝ ਵੀ ਬੁਰਾਈ ਨਹੀਂ ਲੱਭੀ
ਨਾ ਹੀ ਮੈਂ ਕੋਈ ਵੀ ਮੰਦੀ ਵਿਉਂਤ ਬਣਾਈ ਸੀ।
4 ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਲਈ ਜਿੰਨੀ ਮਨੁੱਖੀ ਤੌਰ ਤੇ ਸੰਭਵ ਸੀ, ਕੋਸ਼ਿਸ਼ ਕੀਤੀ ਹੈ।
ਮੈਂ ਤੇਰੇ ਸਾਰੇ ਆਦੇਸ਼ਾਂ ਨੂੰ ਮੰਨਿਆ ਹੈ।
5 ਮੈਂ ਤੁਹਾਡੇ ਰਸਤਿਆਂ ਤੇ ਚੱਲਿਆ ਹਾਂ।
ਮੇਰੇ ਪਗ ਤੁਹਾਡੇ ਦੁਆਰਾ ਦੱਸੇ ਜੀਵਨ ਦੇ ਰਾਹ ਤੋਂ ਕਦੇ ਨਹੀਂ ਥਿੜਕੇ।
6 ਹਰ ਵਾਰੀ ਮੈਂ ਤੁਹਾਨੂੰ ਅਵਾਜ਼ ਦਿੱਤੀ, ਪਰਮੇਸ਼ੁਰ।
ਤੇ ਤੁਸੀਂ ਹੁਂਗਾਰਾ ਭਰਿਆ, ਇਸ ਲਈ ਹੁਣ ਕਿਰਪਾ ਕਰਕੇ ਮੈਨੂੰ ਸੁਣੋ।
7 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਮਦਦ ਕਰੋ
ਜਿਹੜੇ ਤੁਸਾਂ ਵਿੱਚ ਆਸਥਾ ਰੱਖਦੇ ਹਨ ਉਹ ਲੋਕ ਆਉਂਦੇ ਹਨ
ਅਤੇ ਤੁਹਾਡੇ ਸੱਜੇ ਪਾਸੇ ਖਲੋਂਦੇ ਹਨ।
ਇਸ ਲਈ ਇਸ ਪ੍ਰਾਰਥਨਾ ਨੂੰ ਸੁਣੋ, ਜਿਹੜੀ ਤੁਹਾਡੇ ਇੱਕ ਚੇਲੇ ਵੱਲੋਂ ਹੈ।
8 ਮੇਰੀ ਰੱਖਿਆ ਆਪਣੀ ਅੱਖ ਦੀ ਗੁਠਲੀ ਵਾਂਗ ਕਰੋ।
ਮੈਨੂੰ ਆਪਣੇ ਖੰਬਾਂ ਦੀ ਛੱਤ ਹੇਠਾਂ ਛੁਪਾ ਲਵੋ।
9 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਲੋਕਾਂ ਪਾਸੋਂ ਬਚਾਵੋ, ਜਿਹੜੇ ਮੇਰੀ ਬਰਬਾਦੀ ਲਈ ਕੰਮ ਕਰਦੇ ਹਨ।
ਹੇ ਪਰਮੇਸ਼ੁਰ ਮੈਨੂੰ ਘੇਰੀ ਹੋਏ ਲੋਕਾਂ ਤੋਂ ਮੇਰੀ ਰੱਖਿਆ ਕਰੋ, ਜਿਹੜੇ ਮੈਨੂੰ ਦੁੱਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
10 ਉਹ ਦੁਸ਼ਟ ਲੋਕ ਇੰਨੇ ਘਮੰਡੀ ਹਨ ਕਿ ਉਹ ਪਰਮੇਸ਼ੁਰ ਨੂੰ ਵੀ ਨਹੀਂ ਸੁਣਦੇ।
ਅਤੇ ਉਹ ਸਿਰਫ਼ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਦੇ ਹਨ।
11 ਉਨ੍ਹਾਂ ਨੇ ਬੇਚੈਨੀ ਨਾਲ ਮੇਰੀ ਭਾਲ ਕੀਤੀ।
ਉਨ੍ਹਾਂ ਨੇ ਮੈਨੂੰ ਘੇਰ ਲਿਆ,
ਅਤੇ ਹੁਣ ਹਮਲਾ ਕਰਨ ਲਈ ਤਿਆਰ ਹਨ।
12 ਉਹ ਮੰਦੇ ਲੋਕ ਸ਼ੇਰਾਂ ਵਰਗੇ ਹਨ, ਜਿਹੜੇ ਹੋਰਾਂ ਜਾਨਵਰਾਂ ਨੂੰ ਮਾਰ ਖਾਣ ਦੀ ਉਡੀਕ ਵਿੱਚ ਹਨ।
ਉਹ ਹਮਲਾ ਕਰਨ ਲਈ ਸ਼ੇਰਾਂ ਵਾਂਗ ਲੁਕਦੇ ਹਨ।
13 ਯਹੋਵਾਹ ਉੱਠੋ, ਅਤੇ ਦੁਸ਼ਮਣ ਵੱਲ ਜਾਵੋ,
ਉਨ੍ਹਾਂ ਕੋਲੋਂ ਸਮਰਪਣ ਕਰਾਉ।
ਆਪਣੀ ਤਲਵਾਰ ਵਰਤੋਂ ਅਤੇ ਉਨ੍ਹਾਂ ਦੁਸ਼ਟ ਲੋਕਾਂ ਕੋਲੋਂ ਮੇਰੀ ਰੱਖਿਆ ਕਰੋ।
14 ਹੇ ਯਹੋਵਾਹ, ਆਪਣੀ ਸ਼ਕਤੀ ਵਰਤੋਂ
ਤੇ ਜਿਉਂਦਿਆਂ ਲੋਕਾਂ ਦੀ ਧਰਤੀ ਤੋਂ ਬਦ ਰੂਹਾਂ ਨੂੰ ਦੂਰ ਕਰੋ।
ਯਹੋਵਾਹ, ਬਹੁਤ ਸਾਰੇ ਲੋਕ ਤੁਹਾਡੇ ਕੋਲ ਸਹਾਇਤਾ ਲਈ ਆਉਂਦੇ ਹਨ, ਉਨ੍ਹਾਂ ਲੋਕਾਂ ਕੋਲ ਆਪਣੇ ਜੀਵਨ ਵਿੱਚ ਬਹੁਤ ਕੁਝ ਨਹੀਂ ਹੈ।
ਉਨ੍ਹਾਂ ਨੂੰ ਕਾਫ਼ੀ ਭੋਜਨ ਦਿਉ।
ਉਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਉਹ ਦਿਉ ਜੋ ਵੀ ਉਹ ਚਾਹੁੰਦੇ ਹਨ।
ਬੱਚਿਆਂ ਨੂੰ ਇੰਨਾ ਸਾਰਾ ਭੋਜਨ ਦਿਉ, ਕਿ ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਬੱਚਿਆਂ ਲਈ ਵੀ ਬਚ ਜਾਵੇ।
15 ਹੇ ਪਰਮੇਸ਼ੁਰ, ਮੈਂ ਤੁਹਾਨੂੰ ਇਨਸਾਫ਼ ਲਈ ਪ੍ਰਾਰਥਨਾ ਕੀਤੀ ਸੀ।
ਉਸ ਵਾਸਤੇ, ਮੈਂ ਤੁਹਾਨੂੰ ਵੇਖਾਂਗਾ।
ਅਤੇ ਤੁਹਾਨੂੰ ਵੇਖਕੇ, ਹੇ ਪਰਮੇਸ਼ੁਰ, ਮੈਂ ਪੂਰਨ ਸੰਤੁਸ਼ਟ ਹੋ ਜਾਵਾਂਗਾ।
ਨਿਰਦੇਸ਼ਕ ਲਈ: “ਸਵੇਰ ਦਾ ਹਿਰਨ” ਦੀ ਧੁਨੀ। ਦਾਊਦ ਦਾ ਇੱਕ ਗੀਤ।
22 ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ। ਤੁਸਾਂ ਮੈਨੂੰ ਕਿਉਂ ਛੱਡ ਦਿੱਤਾ?
ਤੁਸੀਂ ਮੈਨੂੰ ਬਚਾਉਣ ਤੋਂ ਬਹੁਤ ਦੂਰ ਹੋਂ।
ਤੁਸੀਂ ਮਦਦ ਲਈ ਮੇਰੀ ਪੁਕਾਰ ਸੁਣਨ ਲਈ ਬਹੁਤ ਦੂਰ ਹੋਂ।
2 ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੁਹਾਨੂੰ ਅਵਾਜ਼ ਦਿੱਤੀ।
ਪਰ ਤੁਸੀਂ ਹੁਗਾਰਾ ਨਹੀਂ ਭਰਿਆ।
ਅਤੇ ਮੈਂ ਤੁਹਾਨੂੰ ਰਾਤ ਵੇਲੇ ਵੀ ਪੁਕਾਰਦਾ ਰਿਹਾ।
3 ਹੇ ਪਰਮੇਸ਼ੁਰ ਤੁਸੀਂ ਹੀ ਪਵਿੱਤਰ ਹੋ ਅਤੇ ਤੁਸੀਂ ਰਾਜੇ ਵਾਂਗ ਬਿਰਾਜਮਾਨ ਹੋ।
ਇਸਰਾਏਲ ਦੀਆਂ ਉਸਤਤਾਂ ਤੁਹਾਡਾ ਤਖਤ ਹਨ।
4 ਸਾਡੇ ਪੂਰਵਜਾਂ ਨੇ ਤੇਰੇ ਤੇ ਯਕੀਨ ਰੱਖਿਆ।
ਹਾਂ ਉਨ੍ਹਾਂ ਨੇ ਤੁਸਾਂ ਉੱਤੇ ਭਰੋਸਾ ਰੱਖਿਆ, ਪਰਮੇਸ਼ੁਰ, ਅਤੇ ਤੁਸਾਂ ਉਨ੍ਹਾਂ ਨੂੰ ਬਚਾਇਆ।
5 ਹੇ ਪਰਮੇਸ਼ੁਰ, ਸਾਡੇ ਪੂਰਵਜਾਂ ਨੇ ਤੁਹਾਨੂੰ ਪੁਕਾਰ ਕੀਤੀ ਅਤੇ ਉਹ ਆਪਣਿਆਂ ਦੁਸ਼ਮਣਾਂ ਤੋਂ ਬਚ ਗਏ ਸਨ।
ਉਨ੍ਹਾਂ ਨੇ ਤੇਰੇ ਉੱਤੇ ਯਕੀਨ ਕੀਤਾ, ਅਤੇ ਉਹ ਨਿਰਾਸ਼ ਨਹੀਂ ਸਨ।
6 ਇਸ ਲਈ, ਕੀ ਮੈਂ ਨਿਰਾ ਕੀੜਾ ਹੀ ਹਾਂ ਅਤੇ ਇੱਕ ਬੰਦਾ ਨਹੀਂ?
ਲੋਕੀਂ ਮੇਰੇ ਉੱਤੇ ਸ਼ਰਮਸਾਰ ਹਨ।
ਲੋਕੀਂ ਮੈਨੂੰ ਨਫ਼ਰਤ ਕਰਦੇ ਹਨ।
7 ਹਰ ਕੋਈ, ਜੋ ਮੇਰੇ ਵੱਲ ਵੇਖਦਾ ਹੈ ਮੇਰਾ ਮਜ਼ਾਕ ਉਡਾਉਂਦਾ।
ਉਹ ਆਪਣੇ ਸਿਰ ਫ਼ੇਰਨ ਅਤੇ ਮੈਨੂੰ ਦੰਦੀਆਂ ਚਿੜ੍ਹਾਵਨ।
8 ਉਹ ਮੈਨੂੰ ਆਖਦੇ ਹਨ: “ਯਹੋਵਾਹ ਨੂੰ ਮਦਦ ਲਈ ਬੁਲਾ,
ਸ਼ਾਇਦ ਉਹ ਤੈਨੂੰ ਬਚਾ ਸੱਕੇ।
ਜੇ ਉਹ ਤੈਨੂੰ ਇੰਨਾ ਚਾਹੁੰਦਾ, ਤਾਂ ਅਵੱਸ਼ ਹੀ ਤੇਰਾ ਨਿਸਤਾਰਾ ਕਰੇਗਾ।”
9 ਹੇ ਪਰਮੇਸ਼ੁਰ, ਸੱਚ ਤਾਂ ਇਹ ਹੈ ਕਿ ਤੁਸੀਂ ਹੀ ਹੋ ਜਿਸ ਉੱਪਰ ਮੈਂ ਨਿਰਭਰ ਹਾਂ।
ਤੁਸੀਂ ਹੀ ਉਸ ਦਿਨ ਤੋਂ ਮੇਰਾ ਧਿਆਨ ਰੱਖਿਆ ਹੈ ਜਦੋਂ ਮੈਂ ਜਨਮਿਆ ਸਾਂ।
ਤੁਸੀਂ ਹੀ ਮੈਨੂੰ ਉਦੋਂ ਹੌਂਸਲਾ ਤੇ ਸੁਕੂਨ ਦਿੱਤਾ, ਜਦੋਂ ਮੈਂ ਹਾਲੇ ਦੁੱਧ ਚੁੰਘਦਾ ਬੱਚਾ ਸਾਂ।
10 ਤੁਸੀਂ ਹੀ ਉਸ ਦਿਨ ਤੋਂ ਮੇਰੇ ਪਰਮੇਸ਼ੁਰ ਰਹੇ ਹੋ ਜਿਸ ਦਿਨ ਤੋਂ ਮੈਂ ਜੰਮਿਆ ਹਾਂ।
ਮੈਨੂੰ ਤੁਹਾਡੀ ਨਿਗਰਾਨੀ ਵਿੱਚ ਸੌਂਪ ਦਿੱਤਾ ਗਿਆ ਸੀ ਜਦੋਂ ਮੈਂ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਸੀ।
11 ਇਸ ਲਈ ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਵੋ।
ਸੰਕਟ ਨੇੜੇ ਹੈ।
ਅਤੇ ਇੱਥੇ ਕੋਈ ਮੇਰੀ ਮਦਦ ਕਰਨ ਵਾਲਾ ਨਹੀਂ ਹੈ।
12 ਲੋਕੀਂ ਮੈਨੂੰ ਘੇਰਾ ਪਾ ਰਹੇ ਹਨ,
ਉਹ ਤਕੜੇ ਸਾਨਾਂ ਵਾਂਗ ਮੈਨੂੰ ਘੇਰੇ ਹੋਏ ਹਨ।
13 ਉਨ੍ਹਾਂ ਦੇ ਮੂੰਹ ਖੁਲ੍ਹੇ ਹੋਏ ਹਨ ਜਿਵੇਂ ਕੋਈ ਬੱਬਰ ਦਹਾੜੇ
ਅਤੇ ਕਿਸੇ ਜਾਨਵਰ ਤਾਈਂ ਪਾੜੇ।
14 ਮੇਰੀ ਤਾਕਤ ਮੁੱਕ ਗਈ ਹੈ,
ਜਿਵੇਂ ਧਰਤੀ ਤੇ ਪਾਣੀ ਡੁੱਲ੍ਹ ਜਾਂਦਾ ਹੈ।
ਮੇਰੀਆਂ ਸਾਰੀਆਂ ਹੱਡੀਆਂ ਅਲੱਗ-ਅਲੱਗ ਕਰ ਦਿੱਤੀਆਂ ਗਈਆਂ ਹਨ
ਅਤੇ ਮੇਰਾ ਹੌਂਸਲਾ ਚੱਲਿਆ ਗਿਆ ਹੈ। [a]
15 ਮੇਰਾ ਮੂੰਹ [b] ਵੀ ਟੁੱਟੇ ਹੋਏ ਗਮਲੇ ਦੇ ਟੋਟਿਆਂ ਵਾਂਗ ਸੁੱਕ ਗਿਆ ਹੈ।
ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ।
ਤੂੰ ਮੈਨੂੰ “ਮੌਤ ਦੀ ਮਿੱਟੀ” ਵਿੱਚ ਰੱਖਿਆ ਹੈ।
16 ਦੁਸ਼ਟ ਲੋਕਾਂ ਦੇ ਸਮੂਹ ਨੇ,
ਮੈਨੂੰ ਕੁੱਤਿਆਂ ਵਾਂਗ ਘੇਰ ਲਿਆ ਹੈ।
ਉਨ੍ਹਾਂ ਨੇ ਸ਼ੇਰਾਂ ਵਾਂਗ [c] ਮੇਰੇ ਹੱਥ ਅਤੇ ਪੈਰ ਵਿੰਨ੍ਹ ਦਿੱਤੇ ਹਨ।
17 ਮੈਂ ਆਪਣੀਆਂ ਹੱਡੀਆਂ ਨੂੰ ਵੇਖ ਸੱਕਦਾ ਹਾਂ।
ਤੇ ਲੋਕੀਂ ਮੈਨੂੰ ਬਿਟਰ-ਬਿਟਰ ਤਕਦੇ ਹਨ।
ਉਹ ਮੇਰੇ ਵੱਲ ਹੀ ਦੇਖੀ ਜਾਂਦੇ ਹਨ।
18 ਉਹ ਲੋਕ ਆਪਣੇ ਦਰਮਿਆਨ ਮੇਰੇ ਕੱਪੜੇ ਵੰਡ ਰਹੇ ਹਨ
ਅਤੇ ਉਹ ਮੇਰੇ ਚੋਲੇ ਲਈ ਗੁਣੇ [d] ਪਾ ਰਹੇ ਹਨ।
19 ਯਹੋਵਾਹ, ਮੈਨੂੰ ਛੱਡ ਕੇ ਨਾ ਜਾਵੋ।
ਤੁਸੀਂ ਮੇਰੀ ਸ਼ਕਤੀ ਹੋ।
ਛੇਤੀ ਬਹੁੜੋ ਮੇਰੀ ਮਦਦ ਕਰੋ।
20 ਯਹੋਵਾਹ, ਮੇਰੀ ਜਿੰਦ ਨੂੰ ਤਲਵਾਰ ਕੋਲੋਂ ਬਚਾ ਲਵੋ।
ਮੇਰੀ ਕੀਮਤੀ ਜਿੰਦ ਉਨ੍ਹਾਂ ਕੁਤਿਆਂ ਕੋਲੋਂ ਬਚਾ ਲਵੋ।
21 ਮੈਨੂੰ ਬੱਬਰ ਸ਼ੇਰਾਂ ਦੇ ਜਬਾੜਿਆਂ ਵਿੱਚੋਂ ਕੱਢ ਲਵੋ,
ਮੈਨੂੰ ਸਾਨ੍ਹ ਦੇ ਸਿੰਗਾ ਤੋਂ ਬਚਾਉ।
22 ਯਹੋਵਾਹ, ਮੈਂ ਆਪਣੇ ਭਰਾਵਾਂ ਨੂੰ ਤੁਹਾਡੇ ਬਾਰੇ ਦੱਸਾਂਗਾ।
ਮੈਂ ਵੱਡੀ ਸੰਗਤ ਵਿੱਚ ਤੁਹਾਡੀ ਉਸਤਤਿ ਕਰਾਂਗਾ।
23 ਯਹੋਵਾਹ, ਦੀ ਉਸਤਤਿ ਕਰੋ, ਸਮੂਹ ਲੋਕੋ ਤੁਸੀਂ ਜਿਹੜੇ ਉਸਦੀ ਉਪਾਸਨਾ ਕਰਦੇ ਹੋਂ।
ਤੁਸੀਂ ਇਸਰਾਏਲ ਦੀਉ ਔਲਾਦੋ, ਯਹੋਵਾਹ ਦੀ ਇੱਜ਼ਤ ਕਰੋ।
ਤੁਸੀਂ ਯਹੋਵਾਹ ਤੋਂ ਡਰੋ ਇਸਰਾਏਲ ਦੇ ਸਮੂਹ ਲੋਕੋ ਤੁਸੀਂ ਯਹੋਵਾਹ ਦੀ ਇੱਜ਼ਤ ਕਰੋ।
24 ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਗਰੀਬਾਂ ਦੀ ਮਦਦ ਕਰਦਾ ਹੈ ਜਿਹੜੇ ਸੰਕਟ ਵਿੱਚ ਹਨ।
ਯਹੋਵਾਹ ਉਨ੍ਹਾਂ ਤੋਂ ਸ਼ਰਮਸਾਰ ਨਹੀਂ ਹੈ, ਤੇ ਨਾ ਹੀ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
ਜੇ ਲੋਕੀ ਯਹੋਵਾਹ ਵਲੋ ਮਦਦ ਲਈ ਪੁਕਾਰ ਕਰਨਗੇ
ਉਹ ਆਪਣੇ-ਆਪ ਨੂੰ ਲੋਕਾਂ ਤੋਂ ਨਹੀਂ ਛੁੱਪੇਗਾ।
25 ਯਹੋਵਾਹ, ਵੱਡੀ ਸਭਾ ਵਿੱਚ ਮੇਰੀ ਉਸਤਤਿ ਤੁਹਾਡੇ ਵੱਲੋਂ ਆਉਂਦੀ ਹੈ।
ਪਰਮੇਸ਼ੁਰ ਦੇ ਇਨ੍ਹਾਂ ਸਭ ਉਪਾਸੱਕਾਂ ਦੇ ਸਾਹਮਣੇ, ਮੈਂ ਬਲੀਆਂ ਭੇਟ ਕਰਾਂਗਾ ਜਿਹੜੀਆਂ ਮੈਂ ਦੇਣ ਦਾ ਵਾਅਦਾ ਕੀਤਾ ਸੀ।
26 ਗਰੀਬ ਲੋਕੋ, ਆਉ ਭੋਜਨ ਕਰੋ ਤੇ ਸੰਤੁਸ਼ਟ ਹੋ ਜਾਵੋ।
ਤੁਸੀਂ ਸਾਰੇ, ਜਿਹੜੇ ਯਹੋਵਾਹ ਨੂੰ ਲੱਭਦੇ ਆਏ ਹੋ ਉਸਦੀ ਉਸਤਤਿ ਕਰੋ।
ਤੁਹਾਡੇ ਦਿਲ ਸਦਾ ਲਈ ਪ੍ਰਸੰਨ ਰਹਿਣ।
27 ਦੂਰ ਦੁਰਾਡੇ ਦੇ ਸਭ ਦੇਸ਼ਾਂ ਦੇ ਲੋਕ, ਯਹੋਵਾਹ ਨੂੰ ਚੇਤੇ ਕਰਨ, ਤੇ ਵਾਪਸ ਉਸ ਕੋਲ ਆ ਜਾਣ।
ਅਤੇ ਵਿਦੇਸ਼ਾਂ ਦੇ ਸਾਰੇ ਪਰਿਵਾਰਿਕ ਸਮੂਹ ਉਸਦੀ ਉਪਾਸਨਾ ਕਰਨ।
28 ਕਿਉਂਕਿ ਯਹੋਵਾਹ ਹੀ ਰਾਜਾ ਹੈ।
ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
29 ਤਕੜੇ, ਨਿਰੋਗ ਬੰਦਿਆਂ ਨੇ ਭੋਜਨ ਕੀਤਾ ਹੈ
ਅਤੇ ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਇਆ।
ਅਸਲ ਵਿੱਚ, ਸਮੂਹ ਲੋਕ, ਉਹ ਜਿਹੜੇ ਮਰ ਜਾਣਗੇ
ਅਤੇ ਉਹ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ, ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਉਣਗੇ।
30 ਅਤੇ ਭਵਿੱਖ ਵਿੱਚ, ਸਾਡੀ ਔਲਾਦ ਯਹੋਵਾਹ ਦੀ ਸਹਾਇਤਾ ਕਰੇਗੀ।
ਲੋਕੀ ਸਦਾ ਹੀ ਉਸ ਦੀਆਂ ਉਸਤਤਾਂ ਕਰਨਗੇ।
31 ਹਰੇਕ ਪੀੜੀ ਪਰਮੇਸ਼ੁਰ ਦੁਆਰਾ ਕੀਤੀਆਂ ਚੰਗੀਆਂ ਗੱਲਾਂ ਬਾਰੇ
ਆਪਣੇ ਬੱਚਿਆਂ ਨੂੰ ਦਸੇਗੀ।
ਸੁਲੇਮਾਨ, ਮੰਦਰ ਨੂੰ ਉਸਾਰਦਾ
5 ਸੂਰ ਦਾ ਰਾਜਾ ਹੀਰਾਮ ਸੀ, ਅਤੇ ਹਮੇਸ਼ਾ ਦਾਊਦ ਦਾ ਮਿੱਤਰ ਰਿਹਾ। ਜਦੋਂ ਉਸ ਨੇ ਸੁਣਿਆ ਕਿ ਦਾਊਦ ਤੋਂ ਬਾਅਦ ਉਸਦਾ ਪੁੱਤਰ ਸੁਲੇਮਾਨ ਪਾਤਸ਼ਾਹ ਬਣ ਗਿਆ ਹੈ ਤਾਂ ਉਸ ਨੇ ਅਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਭੇਜਿਆ। 2 ਤਾਂ ਸੁਲੇਮਾਨ ਪਾਤਸ਼ਾਹ ਨੇ ਹੀਰਾਮ ਰਾਜੇ ਨੂੰ ਇਉਂ ਆਖਿਆ:
3 “ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸੱਕਿਆ, ਕਿਉਂ ਜੋ ਉਹ ਆਪਣੇ ਆਲੇ-ਦੁਆਲੇ ਲੜਾਈਆਂ ’ਚ ਘਿਰਿਆ ਰਿਹਾ। ਉਹ ਉਨੀਂ ਦੇਰ ਲੜਾਈਆਂ ਲੜਦਾ ਰਿਹਾ ਜਦ ਤੀਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਸ ਦੇ ਪੈਰਾਂ ਹੇਠ ਨਾ ਕੀਤਾ। 4 ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓ ਆਰਾਮ ਦਿੱਤਾ ਹੈ ਕਿਉਂ ਜੋ ਹੁਣ ਨਾ ਕੋਈ ਮੇਰਾ ਵਿਰੋਧੀ ਹੈ ਅਤੇ ਨਾ ਹੀ ਹੁਣ ਕੋਈ ਖਤਰਾ ਹੈ।
5 “ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਕਰਾਰ ਕਰਕੇ ਆਖਿਆ ਸੀ, ‘ਮੈਂ ਤੇਰੇ ਉਪਰੰਤ ਤੇਰੇ ਪੁੱਤਰ ਨੂੰ ਪਾਤਸ਼ਾਹ ਠਹਿਰਾਵਾਂਗਾ ਅਤੇ ਉਹ ਮੈਨੂੰ ਸਤਿਕਾਰਨ ਲਈ ਇੱਕ ਮੰਦਰ ਦਾ ਨਿਰਮਾਣ ਕਰੇਗਾ।’ ਹੁਣ, ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਸਤਿਕਾਰ ਕਰਨ ਲਈ ਉਸ ਮੰਦਰ ਦਾ ਨਿਰਮਾਣ ਕਰਨ ਦੀ ਵਿਉਂਤ ਬਣਾਈ ਹੈ। 6 ਇਸ ਲਈ ਮੈਂ ਤੇਰੀ ਮਦਦ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪਣੇ ਸੇਵਕਾਂ ਨੂੰ ਲਬਾਨੋਨ ਭੇਜ ਓੱਥੇ ਉਹ ਮੇਰੇ ਲਈ ਦਿਆਰ ਦੇ ਰੁੱਖ ਵੱਢਣ। ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਕੰਮ ਕਰਨਗੇ। ਜੋ ਮਜਦੂਰੀ ਤੂੰ ਆਪਣੇ ਸੇਵਕਾਂ ਲਈ ਠਹਿਰਾਵੇਂਗਾ ਮੈਂ ਅਦਾ ਕਰਾਂਗਾ। ਮੇਰੇ ਤਰਖਾਣ ਸਿਦੋਨ ਦੇ ਤਰਖਾਣਾਂ ਜਿੰਨੇ ਕੁਸ਼ਲ ਨਹੀਂ ਹਨ।”
7 ਜਦੋਂ ਹੀਰਾਮ ਨੇ ਸੁਲੇਮਾਨ ਦਾ ਆਖਿਆ ਸੁਣਿਆ, ਤਾਂ ਉਹ ਬੜਾ ਖੁਸ਼ ਸੀ। ਅਤੇ ਕਿਹਾ, “ਅੱਜ, ਮੈਂ ਯਹੋਵਾਹ ਦਾ, ਦਾਊਦ ਨੂੰ ਇਸ ਮਹਾਨ ਕੌਮ ਉੱਤੇ ਸ਼ਾਸਨ ਕਰਨ ਲਈ ਅਜਿਹਾ ਸਿਆਣਾ ਪੁੱਤਰ ਦੇਣ ਲਈ ਧੰਨਵਾਦ ਕਰਦਾ ਹਾਂ।” 8 ਤਦ ਹੀਰਾਮ ਨੇ ਸੁਲੇਮਾਨ ਨੂੰ ਇੱਕ ਸੁਨੇਹਾ ਭੇਜਿਆ ਅਤੇ ਆਖਿਆ,
“ਜੋ ਤੂੰ ਮੈਥੋਂ ਮੰਗਿਆ ਮੈਂ ਸੁਣ ਲਿਆ ਹੈ। ਮੈਂ ਤੈਨੂੰ ਲੋੜੀਂਦੇ ਦਿਆਰ ਅਤੇ ਚੀਲ ਦੀਆਂ ਸ਼ਤੀਰਾਂ ਦੇਵਾਂਗਾ। 9 ਮੇਰੇ ਨੌਕਰ ਲਬਾਨੋਨ ਤੋਂ ਸਮੁੰਦਰ ਤੀਕ ਲੱਕੜ ਲਿਆਉਣਗੇ। ਫ਼ਿਰ ਮੈਂ ਉਨ੍ਹਾਂ ਨੂੰ ਇਕੱਠੀਆਂ ਬੰਨ੍ਹਵਾ ਕੇ ਜਿਸ ਥਾਂ ਤੇ ਤੂੰ ਚਾਹੇਂ ਉੱਥੇ ਪਹੁੰਚਦਾ ਕਰ ਦੇਵਾਂਗਾ। ਉਥੇ ਮੈਂ ਉਨ੍ਹਾਂ ਨੂੰ ਤੋੜ ਦਿਵਾਂਗਾ ਤਾਂ ਜੋ ਤੂੰ ਉਹ ਦਰੱਖਤ ਪ੍ਰਾਪਤ ਕਰ ਸੱਕੇਂ। ਬਦਲੇ ’ਚ, ਤੂੰ ਮੈਨੂੰ ਮੇਰੇ ਮਹਿਲ ਲਈ ਲੋੜੀਂਦੇ ਭੋਜਨ ਦੀ ਪੂਰਤੀ ਕਰੇਂਗਾ।”
10 ਹੀਰਾਮ ਨੇ ਸੁਲੇਮਾਨ ਨੂੰ ਦਿਆਰ ਅਤੇ ਚੀਲ ਕੇ ਰੁੱਖ ਉਸਦੀ ਜਰੂਰਤ ਅਨੁਸਾਰ ਦਿੱਤੇ।
11 ਸੁਲੇਮਾਨ ਨੇ 12,000 ਬੁਸ਼ਲ [a] ਕਣਕ ਅਤੇ 12,000 ਗੈਲਣ [b] ਸ਼ੁੱਧ ਜ਼ੈਤੂਨ ਦਾ ਤੇਲ ਹੀਰਾਮ ਨੂੰ ਉਸ ਦੇ ਪਰਿਵਾਰ ਦੇ ਵਰਤੋਂ ਲਈ ਹਰ ਸਾਲ ਭੇਜਦਾ ਹੁੰਦਾ ਸੀ।
12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ ਜਿਵੇਂ ਉਸ ਨੇ ਉਸ ਨਾਲ ਇਕਰਾਰ ਕੀਤਾ ਸੀ, ਅਤੇ ਇਉਂ ਹੀਰਾਮ ਅਤੇ ਸੁਲੇਮਾਨ ਆਪਸ ਵਿੱਚ ਸ਼ਾਂਤੀ ਵਿੱਚ ਸਨ। ਇਨ੍ਹਾਂ ਦੋਨਾਂ ਪਾਤਸ਼ਾਹਾਂ ਨੇ ਆਪਸ ਵਿੱਚਕਾਰ ਸੰਧੀ ਕੀਤੀ ਹੋਈ ਸੀ।
13 ਤਾਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਵਿੱਚੋਂ 30,000 ਮਨੁੱਖਾਂ ਨੂੰ ਆਪਣੇ ਕੰਮ ਵਿੱਚ ਮਦਦ ਲਈ ਮਜ਼ਬੂਰ ਕੀਤਾ। 14 ਸੁਲੇਮਾਨ ਪਾਤਸ਼ਾਹ ਨੇ ਇਨ੍ਹਾਂ ਸਾਰੇ ਮਨੁੱਖਾਂ ਦੇ ਮੁਖੀਆ ਅਦੋਨੀਰਾਮ ਨੂੰ ਠਹਰਾਇਆ। ਸੁਲੇਮਾਨ ਨੇ ਇਨ੍ਹਾਂ 30,000 ਮਨੁੱਖਾਂ ਨੂੰ ਤਿੰਨਾਂ ਟੁਕੜੀਆਂ ਵਿੱਚ ਵੰਡਿਆ। ਹਰ ਧੜੇ ਵਿੱਚ 10,000 ਆਦਮੀ ਰੱਖੇ। ਹਰ ਧੜਾ ਇੱਕ ਮਹੀਨੇ ਲਈ ਲਬਾਨੋਨ ਵਿੱਚ ਕੰਮ ਕਰਦਾ ਅਤੇ ਫ਼ਿਰ ਦੋ ਮਹੀਨਿਆਂ ਲਈ ਘਰ ਨੂੰ ਜਾਂਦਾ। 15 ਸੁਲੇਮਾਨ ਨੇ 80,000 ਆਦਮੀਆਂ ਨੂੰ ਪਹਾੜੀ ਇਲਾਕੇ ਵਿੱਚ ਕੰਮ ਲਾਇਆ ਜਿਹੜੇ ਕਿ ਪਹਾੜੀ ਚੱਟਾਨਾਂ ਨੂੰ ਕੱਟਣ ਦਾ ਕੰਮ ਕਰਦੇ ਸਨ ਅਤੇ 70,000 ਉਹ ਕਾਮੇ ਸਨ ਜਿਹੜੇ ਕਿ ਉਸ ਪੱਥਰ ਨੂੰ ਢੋਁਦੇ ਸਨ। 16 3,300 ਕਰਮਚਾਰੀ ਕੰਮ ਕਰ ਰਹੇ ਲੋਕਾਂ ਦੀ ਨਿਗਰਾਨੀ ਕਰਨ ਲਈ ਰੱਖੇ ਗਏ ਸਨ। 17 ਸੁਲੇਮਾਨ ਪਾਤਸ਼ਾਹ ਨੇ ਮੰਦਰ ਦੀ ਨੀਹ ਲਈ ਉਨ੍ਹਾਂ ਨੂੰ ਵੱਡੇ ਅਤੇ ਵੱਧੀਆ ਕਿਸਮ ਦੇ ਪੱਥਰ ਕੱਟਣ ਲਈ ਕਿਹਾ ਸੀ। ਇਹ ਪੱਥਰ ਧਿਆਨ ਨਾਲ ਕੱਟੇ ਗਏ ਸਨ। 18 ਤਾਂ ਸੁਲੇਮਾਨ ਅਤੇ ਹੀਰਾਮ ਦੇ ਆਦਮੀਆਂ ਅਤੇ ਗਬਿਲੀਆਂ ਦੇ ਆਦਮੀਆਂ ਨੇ ਪੱਥਰ ਨੂੰ ਤਰਾਸ਼ਿਆ। ਅਤੇ ਉਨ੍ਹਾਂ ਨੇ ਮੰਦਰ ਦੀ ਉਸਾਰੀ ਲਈ ਪੱਥਰ ਲੱਕੜ ਦੀਆਂ ਸ਼ਤੀਰਾਂ ਅਤੇ ਤਿਆਰ ਕਰ ਲਏ।
ਸੁਲੇਮਾਨ ਦਾ ਮੰਦਰ ਉਸਾਰਣਾ
6 ਇਉਂ ਸੁਲੇਮਾਨ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਇਹ ਇਸਰਾਏਲੀਆਂ ਦੇ ਮਿਸਰ ਨੂੰ ਛੱਡਣ ਤੋਂ 480 ਵਰ੍ਹੇ ਬਾਦ ਹੋਇਆ। ਇਹ ਰਾਜੇ ਸੁਲੇਮਾਨ ਦੇ ਇਸਰਾਏਲ ਉੱਤੇ ਚੌਥੇ ਵਰ੍ਹੇ ਵਿੱਚ ਜ਼ਿਵ ਦੇ ਮਹੀਨੇ ਦੋਰਾਨ, ਵਰ੍ਹੇ ਦੇ ਦੂਸਰੇ ਮਹੀਨੇ ਦੌਰਾਨ ਵਿੱਚ ਸੀ।
7 ਕਾਮਿਆਂ ਨੇ ਕੰਧਾਂ ਬਨਾਉਣ ਲਈ ਵੱਡੇ ਪੱਥਰ ਦਾ ਇਸਤੇਮਾਲ ਕੀਤਾ, ਪੱਥਰ ਓੱਥੇ ਹੀ ਕੱਟੇ ਗਏ ਸਨ, ਜਿੱਥੇ ਉਹ ਮਿਲੇ ਸਨ। ਇਸ ਲਈ ਮੰਦਰ ਵਿੱਚ ਹਥੌੜੇ, ਕੁਹਾੜੀ ਜਾਂ ਕਿਸੇ ਹੋਰ ਲੋਹੇ ਦੇ ਔਜਾਰ ਦੀ ਆਵਾਜ਼ ਨਹੀਂ ਸੀ।
ਪੌਲੁਸ ਮਾਲਟਾ ਟਾਪੂ ਵਿੱਚ
28 ਜਦੋਂ ਅਸੀਂ ਧਰਤੀ ਤੇ ਬਚ ਨਿਕਲੇ ਤਾਂ ਸਾਨੂੰ ਮਾਲੂਮ ਹੋਇਆ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ। 2 ਬਾਰਸ਼ ਹੋ ਰਹੀ ਸੀ ਅਤੇ ਬਹੁਤ ਠੰਡਾ ਮੌਸਮ ਸੀ। ਪਰ ਜਿਹੜੇ ਉੱਥੋਂ ਦੇ ਵਸਨੀਕ ਸਨ ਉਨ੍ਹਾਂ ਦਾ ਸਾਡੇ ਨਾਲ ਸਲੂਕ ਬੜਾ ਵੱਧੀਆ ਸੀ। ਉਨ੍ਹਾਂ ਸਾਡੇ ਲਈ ਅੱਗ ਬਾਲੀ ਅਤੇ ਸਾਡਾ ਸਾਰਿਆਂ ਦਾ ਸਵਾਗਤ ਕੀਤਾ। 3 ਪੌਲੁਸ ਨੇ ਬਹੁਤ ਸਾਰੀਆਂ ਲਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਅੱਗ ਦੇ ਸੇਕ ਕਾਰਣ ਉਨ੍ਹਾਂ ਲੱਕੜਾਂ ਵਿੱਚੋਂ ਇੱਕ ਜ਼ਹਰੀਲਾ ਸੱਪ ਨਿਕਿਲਆ ਅਤੇ ਉਸ ਨੇ ਪੌਲੁਸ ਦੇ ਹੱਥ ਤੇ ਵੱਢਿਆ ਅਤੇ ਉਸ ਦੇ ਹੱਥ ਨਾਲ ਚਿੰਬੜ ਗਿਆ। 4 ਜਦੋਂ ਉੱਥੋਂ ਦੇ ਲੋਕਾਂ ਨੇ ਇਹ ਵੇਖਿਆ ਤਾਂ ਆਖਣ ਲੱਗੇ, “ਉਹ ਮਨੁੱਖ ਜ਼ਰੂਰ ਖੂਨੀ ਹੋਵੇਗਾ। ਉਹ ਸਮੁੰਦਰ ਵਿੱਚ ਨਹੀਂ ਮਰਿਆ, ਪਰ ਦੈਵੀ ਇਨਸਾਫ਼ ਨੇ ਇਸ ਨੂੰ ਜਿਉਂਦਾ ਨਹੀਂ ਛੱਡਿਆ।”
5 ਪਰ ਪੌਲੁਸ ਨੇ ਸੱਪ ਨੂੰ ਹੱਥ ਤੋਂ ਛਟਕ ਕੇ ਅੱਗ ਵਿੱਚ ਸੁੱਟ ਦਿੱਤਾ। ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ। 6 ਲੋਕਾਂ ਨੇ ਸੋਚਿਆ ਸ਼ਾਇਦ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ। ਉਹ ਬੜੀ ਦੇਰ ਤੱਕ ਪੌਲੁਸ ਨੂੰ ਵੇਖਦੇ ਰਹੇ, ਪਰ ਉਸ ਨਾਲ ਕੁਝ ਵੀ ਬੁਰਾ ਨਾ ਵਾਪਰਿਆ। ਤਾਂ ਉਨ੍ਹਾਂ ਨੇ ਉਸ ਬਾਰੇ ਆਪਣੀਆਂ ਸੋਚਾਂ ਬਦਲ ਲਈਆਂ ਅਤੇ ਆਖਿਆ, “ਇਹ ਇੱਕ ਦੇਵਤਾ ਹੈ।”
7 ਉਸ ਇਲਾਕੇ ਦੇ ਆਸ-ਪਾਸ ਛੋਟੇ-ਛੋਟੇ ਖੇਤ ਸਨ। ਉਹ ਜਾਇਦਾਦ ਪੁਬਲਿਯੁਸ ਨਾਮੀਂ ਟਾਪੂ ਦੇ ਸਰਦਾਰ ਦੀ ਸੀ। ਉਸ ਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨਾਂ ਦਿਨਾਂ ਤੱਕ ਸਾਡੇ ਨਾਲ ਬਹੁਤ ਦਿਆਮਈ ਵਿਹਾਰ ਕੀਤਾ। 8 ਪੁਬਲਿਯੁਸ ਦਾ ਪਿਉ ਬੁਖਾਰ ਤੋਂ ਅਤੇ ਮਰੋੜਾਂ ਤੋਂ ਬੜਾ ਪੀੜਤ ਸੀ ਤੇ ਮੰਜੇ ਤੇ ਪਿਆ ਸੀ। ਪਰ ਪੌਲੁਸ ਉਸ ਕੋਲ ਗਿਆ ਅਤੇ ਉਸ ਲਈ ਪ੍ਰਾਰਥਨਾ ਕੀਤੀ। ਪੌਲੁਸ ਨੇ ਆਪਣੇ ਹੱਥ ਉਸ ਉੱਪਰ ਰੱਖੇ ਤੇ ਉਸ ਨੂੰ ਚੰਗਾ ਕੀਤਾ। 9 ਇਹ ਵਾਪਰਨ ਤੋਂ ਬਾਅਦ ਉਸ ਟਾਪੂ ਦੇ ਹੋਰ ਸਾਰੇ ਰੋਗੀ ਪੌਲੁਸ ਕੋਲ ਆਏ, ਪੌਲੁਸ ਨੇ ਉਨ੍ਹਾਂ ਨੂੰ ਵੀ ਠੀਕ ਕੀਤਾ।
10-11 ਉਸ ਟਾਪੂ ਦੇ ਲੋਕਾਂ ਨੇ, ਬਹੁਤ ਸਾਰੇ ਢੰਗਾਂ ਨਾਲ, ਆਪਣਾ ਸਤਿਕਾਰ ਸਾਨੂੰ ਵਿਖਾਇਆ। ਅਸੀਂ ਉੱਥੇ ਤਿੰਨ ਮਹੀਨੇ ਤੱਕ ਰਹੇ। ਜਦੋਂ ਅਸੀਂ ਉੱਥੋਂ ਜਾਣ ਦੀ ਤਿਆਰੀ ਕੀਤੀ ਤਾਂ ਉੱਥੋਂ ਦੇ ਲੋਕਾਂ ਨੇ ਸਾਡੀ ਜ਼ਰੂਰਤ ਦਾ ਬਹੁਤ ਸਾਰਾ ਸਮਾਨ ਸਾਨੂੰ ਦਿੱਤਾ।
ਪੌਲੁਸ ਰੋਮ ਨੂੰ ਗਿਆ
ਫ਼ਿਰ ਸਾਨੂੰ ਸਿਕੰਦਰਿਯਾ ਸ਼ਹਿਰ ਦਾ ਇੱਕ ਜਹਾਜ਼ ਮਿਲਿਆ। ਸਿਆਲਾਂ ਵਿੱਚ ਇਹ ਜਹਾਜ਼ ਮਾਲਟਾ ਟਾਪੂ ਤੇ ਰੁਕਿਆ। ਜਹਾਜ਼ ਦੇ ਅਗਲੇ ਹਿੱਸੇ ਵੱਲ ਦੋ ਜੋੜੇ ਦੇਵਾਂ ਦਾਂ ਪ੍ਰਤੀਕ ਸੀ। 12 ਅਸੀਂ ਸੈਰਾਕੁਸ ਸ਼ਹਿਰ ਵਿੱਚ ਰੁਕੇ। ਇੱਥੇ ਅਸੀਂ ਤਿੰਨਾਂ ਦਿਨਾਂ ਤੱਕ ਰੁਕੇ ਤੇ ਫ਼ਿਰ ਚੱਲ ਪਏ। 13 ਫ਼ਿਰ ਅਸੀਂ ਰੇਗਿਯੁਨ ਸ਼ਹਿਰ ਵਿੱਚ ਪਹੁੰਚੇ। ਇੱਕ ਦਿਨ ਬਾਅਦ, ਜਦੋਂ ਦੱਖਣੀ ਹਵਾ ਵਗੀ, ਅਸੀਂ ਤੁਰ ਪਏ। ਅਗਲੇ ਦਿਨ ਅਸੀਂ ਪਤਿਯੁਲੇ ਪਹੁੰਚੇ। 14 ਉੱਥੇ ਅਸੀਂ ਕੁਝ ਭਰਾਵਾਂ ਨੂੰ ਮਿਲੇ। ਉਨ੍ਹਾਂ ਸਾਨੂੰ ਇੱਕ ਹਫ਼ਤਾ ਉੱਥੇ ਰਹਿਣ ਦੀ ਮਿੰਨਤ ਕੀਤੀ। ਅਖੀਰ ਅਸੀਂ ਰੋਮ ਪਹੁੰਚੇ। 15 ਜਦੋਂ ਉੱਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉੱਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਸਰਾਵਾਂ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸ ਨੂੰ ਹੌਂਸਲਾ ਹੋਇਆ ਅਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
ਪੌਲੁਸ ਰੋਮ ਵਿੱਚ
16 ਫ਼ਿਰ ਅਸੀਂ ਰੋਮ ਵਿੱਚ ਚੱਲੇ ਗਏ। ਪੌਲੁਸ ਨੂੰ ਰੋਮ ਵਿੱਚ ਇੱਕਲੇ ਰਹਿਣ ਦੀ ਆਗਿਆ ਸੀ। ਪਰ ਇੱਕ ਸਿਪਾਹੀ ਉਸਦੀ ਨਿਗਰਾਨੀ ਲਈ ਉਸ ਦੇ ਨਾਲ ਸੀ।
ਯਿਸੂ ਦੇ ਸਾਰੇ ਚੇਲੇ ਉਸ ਨੂੰ ਛੱਡ ਜਾਣਗੇ(A)
27 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਸਾਰੇ ਆਪਣਾ ਵਿਸ਼ਵਾਸ ਗੁਆ ਲਵੋਂਗੇ। ਇਉਂ ਪੋਥੀਆਂ ਵਿੱਚ ਲਿਖਿਆ ਹੋਇਆ ਹੈ:
‘ਮੈਂ ਆਜੜੀ ਨੂੰ ਮਾਰਾਂਗਾ
ਅਤੇ ਭੇਡਾਂ ਖਿੱਲਰ ਜਾਣਗੀਆਂ।’ (B)
28 ਪਰ ਮੈਂ ਮਰਨ ਉਪਰੰਤ ਮੁੜ ਜਿਉਣ ਦੇ ਬਾਦ ਗਲੀਲ ਨੂੰ ਜਾਵਾਂਗਾ। ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਹੋਵਾਂਗਾ।”
29 ਤਾਂ ਪਤਰਸ ਨੇ ਕਿਹਾ, “ਭਾਵੇ ਸਾਰੇ ਚੇਲੇ ਤੇਰੇ ਤੇ ਵਿਸ਼ਵਾਸ ਛੱਡ ਦੇਣ ਪਰ ਮੈਂ ਨਹੀਂ ਛੱਡਾਂਗਾ।”
30 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅੱਜ ਹੀ, ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ?”
31 ਪਰ ਪਤਰਸ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ, “ਮੈਂ ਇਹ ਕਦੇ ਵੀ ਨਹੀਂ ਕਹਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਉਸ ਨੂੰ ਇੰਝ ਹੀ ਆਖਿਆ।
ਯਿਸੂ ਦਾ ਇੱਕਲਿਆਂ ਪ੍ਰ੍ਰਾਰਥਨਾ ਕਰਨਾ(C)
32 ਫ਼ੇਰ ਯਿਸੂ ਆਤੇ ਉਸ ਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸ ਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ।” 33 ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਆਉਣ ਨੂੰ ਕਿਹਾ। ਉਹ ਬੜਾ ਦੁੱਖੀ ਅਤੇ ਦਿਲਗੀਰ ਸੀ। 34 ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਆਤਮਾ ਬੜਾ ਉਦਾਸ ਬਲਕਿ ਮਰਨ ਤੀਕਰ ਉਦਾਸ ਹੈ। ਇੱਥੇ ਠਹਿਰੋ ਅਤੇ ਜਾਗਦੇ ਰਹੋ।”
35 ਯਿਸੂ ਉਨ੍ਹਾਂ ਤੋਂ ਥੋੜੀ ਹੋਰ ਅੱਗੇ ਗਿਆ ਅਤੇ ਜ਼ਮੀਨ ਤੇ ਡਿੱਗਕੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਦੁੱਖਾਂ ਦਾ ਇਹ ਸਮਾਂ ਉਸ ਤੋਂ ਟਲ ਜਾਵੇ। 36 ਉਸ ਨੇ ਪ੍ਰਾਰਥਨਾ ਕੀਤੀ, “ਅੱਬਾ, ਹੇ ਪਿਤਾ, ਤੂੰ ਸਭ ਕੁਝ ਕਰ ਸੱਕਦਾ ਹੈਂ। ਇਹ ਦੁੱਖਾਂ ਦਾ ਪਿਆਲਾ ਮੈਥੋਂ ਲੈ ਲਵੋ, ਤਾਂ ਵੀ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਉਹੀ ਹੋਵੇ ਜੋ ਤੈਨੂੰ ਭਾਵੇ।”
37 ਤਾਂ ਉਹ ਵਾਪਸ ਆਪਣੇ ਚੇਲਿਆਂ ਕੋਲ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਸ ਨੇ ਪਤਰਸ ਨੂੰ ਕਿਹਾ, “ਹੇ ਸ਼ਮਊਨ! ਕੀ ਤੂੰ ਸੌਂ ਰਿਹਾ ਹੈ? ਕੀ ਤੂੰ ਇੱਕ ਘੜੀ ਵਾਸਤੇ ਨਹੀਂ ਜਾਗ ਸੱਕਦਾ? 38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਇਛੁਕ ਹੈ, ਪਰ ਤੁਹਾਡਾ ਸਰੀਰ ਕਮਜ਼ੋਰ ਹੈ”
39 ਯਿਸੂ ਫ਼ਿਰ ਉੱਥੇ ਗਿਆ ਅਤੇ ਉਹੋਂ ਗੱਲਾਂ ਆਖਕੇ ਪ੍ਰਾਰਥਨਾ ਕੀਤੀ। 40 ਫ਼ਿਰ ਉਹ ਚੇਲਿਆਂ ਕੋਲ ਵਾਪਸ ਆਇਆ ਅਤੇ ਉਸ ਨੇ ਫ਼ਿਰ ਉਨ੍ਹਾਂ ਨੂੰ ਸੁੱਤਿਆਂ ਪਾਇਆ। ਉਨ੍ਹਾਂ ਦੀਆਂ ਅੱਖਾਂ ਬੜੀਆਂ ਥੱਕੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਉਸ ਨੂੰ ਕੀ ਜਵਾਬ ਦੇਣ।
41 ਜਦੋਂ ਯਿਸੂ ਤੀਜੀ ਵਾਰ ਪ੍ਰਾਰਥਨਾ ਕਰਕੇ ਆਪਣੇ ਚੇਲਿਆਂ ਕੋਲ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜੇ ਵੀ ਸੌ ਰਹੇ ਤੇ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ। ਮਨੁੱਖ ਦੇ ਪੁੱਤਰ ਦਾ ਪਾਪੀਆਂ ਹੱਥੀ ਫ਼ੜਵਾਏ ਜਾਣ ਦਾ ਵਕਤ ਆ ਗਿਆ ਹੈ। 42 ਉੱਠੋ, ਸਾਨੂੰ ਚੱਲਣਾ ਚਾਹੀਦਾ ਹੈ! ਵੇਖੋ! ਮੇਰਾ ਫ਼ੜਵਾਉਣ ਵਾਲਾ ਨੇੜੇ ਆ ਗਿਆ ਹੈ!”
2010 by World Bible Translation Center