Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 5-6

ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।

ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
    ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
    ਮੇਰੀ ਪ੍ਰਾਰਥਨਾ ਨੂੰ ਸੁਣ।
ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
    ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।

ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
    ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
    ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
    ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।

ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
    ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
    ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
ਉਹ ਲੋਕ ਸੱਚ ਨਹੀਂ ਆਖਦੇ।
    ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
    ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
    ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
    ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
    ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
    ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।

ਨਿਰਦੇਸ਼ਕ ਲਈ। ਸੇਮਿਨਿਥ [a] ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ।

ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ।
    ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।
ਯਹੋਵਾਹ, ਮੇਰੇ ਉੱਤੇ ਦਯਾ ਕਰੋ,
    ਮੈਂ ਬਿਮਾਰ ਤੇ ਕਮਜ਼ੋਰ ਹਾਂ।
ਮੈਨੂੰ ਤੰਦਰੁਸਤੀ ਬਖਸ਼ੋ!
    ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।
    ਮੇਰਾ ਸਾਰਾ ਸ਼ਰੀਰ ਕੰਬ ਰਿਹਾ ਹੈ।
ਯਹੋਵਾਹ, ਮੈਨੂੰ ਚੰਗਾ ਕਰਨ ਲਈ ਤੁਸੀਂ ਕਿੰਨਾ ਸਮਾਂ ਲਵੋਂਗੇ?
ਯਹੋਵਾਹ ਕਿਰਪਾ ਕਰਕੇ ਜਾਉ, ਅਤੇ ਮੈਨੂੰ ਸਵਸਥ ਬਣਾਉ!
    ਤੁਸੀਂ ਬਹੁਤ ਕ੍ਰਿਪਾਲੂ ਹੋ, ਇਸ ਲਈ ਮੇਰੀ ਰੱਖਿਆ ਕਰੋ।
ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ।
    ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ।

ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ
    ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ।
ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ।
    ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ।
ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ।
    ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।

ਤੁਸੀਂ ਬਦ ਲੋਕੋ, ਦੂਰ ਚੱਲੇ ਜਾਉ।
    ਕਿਉਂਕਿ ਯਹੋਵਾਹ ਨੇ ਮੇਰੀਆਂ ਚੀਕਾਂ ਸੁਣ ਲਈਆਂ ਹਨ।
ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ
ਅਤੇ ਸੁਣਨ ਤੋਂ ਬਾਅਦ ਯਹੋਵਾਹ ਨੇ ਸੁਣਕੇ ਮੇਰੀ ਪ੍ਰਾਰਥਨਾ ਕਬੂਲ ਕਰ ਲਈ ਹੈ।

10 ਮੇਰੇ ਸਾਰੇ ਦੁਸ਼ਮਣ ਦੁੱਖੀ ਤੇ ਨਾਉੱਮੀਦ ਹੋਣਗੇ।
    ਨਿਸ਼ਚਿਤ ਹੀ ਅਚਾਨਕ ਕੁਝ ਵਾਪਰੇਗਾ, ਅਤੇ ਉਹ ਸਾਰੇ ਲੋਕ ਸ਼ਰਮਸਾਰ ਹੋਕੇ ਮੁੜ ਜਾਣਗੇ।

ਜ਼ਬੂਰ 10-11

10 ਹੇ ਯਹੋਵਾਹ, ਤੁਸੀਂ ਇੰਨੇ ਦੂਰ ਕਿਉਂ ਹੋ?
    ਮੁਸੀਬਤਾਂ ਵਿੱਚ ਘਿਰੇ ਲੋਕ ਤੈਨੂੰ ਵੇਖਣ ਯੋਗ ਨਹੀਂ ਹਨ।
ਦੁਸ਼ਟ ਲੋਕ ਜਿਹੜੇ ਘਮੰਡੀ ਹਨ ਦੁਸ਼ਟ ਵਿਉਂਤਾ ਬਣਾਉਂਦੇ ਹਨ
    ਅਤੇ ਨਿਮ੍ਰ ਲੋਕਾਂ ਨੂੰ ਦੁੱਖ ਪਹੁੰਚਾਉਂਦੇ ਹਨ।
ਦੁਸ਼ਟ ਲੋਕੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੇਖੀ ਮਾਰਦੇ ਨੇ ਜਿਨ੍ਹਾਂ ਦੀ ਉਹ ਇੱਛਾ ਕਰਦੇ ਨੇ ਅਤੇ ਉਹ ਲੋਭੀ ਲੋਕੀਂ ਪਰਮੇਸ਼ੁਰ ਦੀ ਬੁਰਾਈ ਕਰਦੇ ਹਨ।
    ਇਸ ਤੋਂ ਇਲਾਵਾ ਇਸ ਤਰ੍ਹਾਂ ਉਹ ਬੁਰੇ ਲੋਕ ਦਰਸ਼ਾਉਂਦੇ ਹਨ ਕਿ ਉਹ ਯਹੋਵਾਹ ਨੂੰ ਵੀ ਨਫ਼ਰਤ ਕਰਦੇ ਹਨ।
ਬੁਰੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਜਿਵੇਂ ਕਿ ਉਹ ਬਹੁਤ ਅਭਿਮਾਨੀ ਹਨ।
    ਉਹ ਆਪਣੀਆਂ ਮੰਦੀਆਂ ਯੋਜਨਾਵਾਂ ਬਣਾਉਂਦੇ ਨੇ ਅਤੇ ਇਸ ਤਰ੍ਹਾਂ ਵਿਹਾਰ ਕਰਦੇ ਨੇ, ਜਿਵੇਂ ਪਰਮੇਸ਼ੁਰ ਮੌਜੁਦ ਹੀ ਨਹੀਂ ਹੁੰਦਾ।
ਬੁਰੇ ਲੋਕ ਹਮੇਸ਼ਾ ਵਿੰਗੀਆਂ ਗੱਲਾਂ ਕਰਦੇ ਹਨ।
    ਉਹ ਪਰਮੇਸ਼ੁਰ ਦੇ ਨੇਮਾਂ ਅਤੇ ਉਸ ਦੇ ਸਿਆਣੇ ਉਪਦੇਸ਼ਾਂ ਦਾ ਨਿਰੀਖਣ ਕਰਦੇ ਹਨ।
    ਪਰਮੇਸ਼ੁਰ ਦੇ ਦੁਸ਼ਮਣ ਉਸ ਦੇ ਉਪਦੇਸ਼ਾਂ ਦੀ ਅਣਗਹਿਲੀ ਕਰਦੇ ਹਨ।
ਉਹ ਮਹਿਸੂਸ ਕਰਦੇ ਹਨ ਉਨ੍ਹਾਂ ਲਈ ਕੁਝ ਵੀ ਬੁਰਾ ਨਹੀਂ ਵਾਪਰਨ ਵਾਲਾ।
    ਉਹ ਆਖਦੇ ਹਨ, “ਅਸੀਂ ਹਮੇਸ਼ਾ ਖੁਸ਼ ਹੋਵਾਂਗੇ ਤੇ ਸਾਡੇ ਲਈ ਕਦੀ ਵੀ ਕੋਈ ਸਜ਼ਾ ਨਹੀਂ ਆਵੇਗੀ।”
ਉਹ ਹਮੇਸ਼ਾ ਸਰਾਪਦੇ ਹਨ। ਉਹ ਹਮੇਸ਼ਾ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
    ਇਸਤੋਂ ਇਲਾਵਾ ਉਹ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ।
ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ
    ਅਤੇ ਪਰਤੱਖ ਥਾਵਾਂ ਤੇ ਦਿਖਾਈ ਨਹੀਂ ਦਿੰਦੇ।
    ਉਹ ਬੇਕਸੂਰ ਲੋਕਾਂ ਨੂੰ ਫ਼ੜਕੇ ਮਾਰਨ ਲਈ ਇੰਤਜ਼ਾਰ ਕਰਦੇ ਹਨ।
ਉਹ ਬੁਰੇ ਬੰਦੇ ਉਨ੍ਹਾਂ ਤਕੜੇ ਸ਼ੇਰਾਂ ਵਰਗੇ ਹਨ
    ਜਿਹੜੇ ਜਾਨਵਰਾਂ ਦੇ ਸ਼ਿਕਾਰ ਲਈ ਇੰਤਜ਼ਾਰ ਕਰਦੇ ਰਹਿੰਦੇ ਹਨ।
ਉਹ ਮਸੱਕੀਨ ਲੋਕਾਂ ਦੇ ਇੰਤਜ਼ਾਰ ਵਿੱਚ ਲਿਟ ਜਾਂਦੇ ਹਨ
    ਅਤੇ ਉਹ ਉਨ੍ਹਾਂ ਦੇ ਜਾਲ ਵਿੱਚ ਫ਼ਸ ਜਾਂਦੇ ਹਨ।
10 ਉਹ ਮਸੱਕੀਨ ਲੋਕਾਂ ਨੂੰ ਦੁੱਖੀ ਕਰਦੇ ਰਹਿੰਦੇ ਹਨ।
    ਉਹ ਬੁਰੇ ਲੋਕ ਇਨਸਾਨੀਅਤ ਨੂੰ ਉਦਾਸ ਬਣਾਉਂਦੇ ਹਨ।
11 ਇਸੇ ਲਈ, ਬੇਬਸ ਲੋਕ ਸੋਚਣ ਲੱਗੇ ਹਨ, “ਕਿ ਪਰਮੇਸ਼ੁਰ ਸਾਨੂੰ ਸਦਾ ਲਈ ਭੁੱਲ ਗਿਆ ਹੈ,
    ਉਹ ਸਾਥੋਂ ਬੇਮੁੱਖ ਹੋ ਗਿਆ ਹੈ,
    ਉਹ ਇਹ ਵੀ ਨਹੀਂ ਵੇਖਦਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”

12 ਯਹੋਵਾਹ ਉੱਠੋ, ਕੁਝ ਤਾਂ ਕਰੋ।
    ਹੇ ਪਰਮੇਸ਼ੁਰ, ਉਨ੍ਹਾਂ ਦੁਸ਼ਟ ਲੋਕਾਂ ਨੂੰ ਦੰਡ ਦੇਵੋ
    ਅਤੇ ਗਰੀਬ ਲੋਕਾਂ ਨੂੰ ਨਾ ਭੁੱਲੋ।

13 ਬੁਰੇ ਲੋਕ ਪਰਮੇਸ਼ੁਰ ਦੇ ਖਿਲਾਫ਼ ਕਿਉਂ ਹੋ ਜਾਂਦੇ ਹਨ?
    ਕਿਉਂਕਿ ਉਹ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦੇਵੇਗਾ।
14 ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ
    ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ।
    ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ।
ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ।
    ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ।
    ਇਸ ਲਈ ਉਨ੍ਹਾਂ ਦਾ ਧਿਆਨ ਰੱਖੋ।

15 ਯਹੋਵਾਹ ਬਦ ਲੋਕਾਂ ਨੂੰ ਨਸ਼ਟ ਕਰ ਦੇਵੋ।
16 ਉਨ੍ਹਾਂ ਨੂੰ ਆਪਣੀ ਧਰਤੀ ਤੋਂ ਲਾਹ ਦਿਉ।
17 ਪਰਮੇਸ਼ੁਰ, ਤੁਸੀਂ ਸੁਣਿਆ ਹੈ ਕਿ ਉਹ ਮਸੱਕੀਨ ਲੋਕ ਕੀ ਚਾਹੁੰਦੇ ਹਨ।
    ਉਨ੍ਹਾਂ ਦੀਆਂ ਪ੍ਰਾਰਥਨਾ ਸੁਣ ਤੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੋ।
18 ਯਹੋਵਾਹ, ਉਨ੍ਹਾਂ ਦੀ ਰੱਖਿਆ ਕਰੋ ਜਿਨ੍ਹਾਂ ਦੇ ਮਾਪੇ ਨਹੀਂ ਹਨ ਅਤੇ ਜਿਹੜੇ ਸਤਾਏ ਹੋਏ ਹਨ।
    ਉਦਾਸ ਲੋਕਾਂ ਨੂੰ ਹੋਰ ਵੱਧੇਰੇ ਮੁਸੀਬਤਾਂ ਤੋਂ ਬਚਾ, ਤਾਂ ਕਿ ਤਾਕਤਵਰ ਲੋਕ ਉਨ੍ਹਾਂ ਨੂੰ ਜ਼ਮੀਨ ਵਿੱਚੋਂ ਜ਼ਬਰਦਸਤੀ ਕੱਢਣ ਲਈ ਜ਼ੁਲਮ ਨਾ ਕਰ ਸੱਕਣ।

ਨਿਰਦੇਸ਼ਕ ਲਈ। ਦਾਊਦ ਦਾ ਇੱਕ ਗੀਤ।

11 ਮੈਂ ਯਹੋਵਾਹ ਵਿੱਚ ਯਕੀਨ ਰੱਖਦਾ ਹਾਂ।
ਫ਼ਿਰ ਤੁਸੀਂ ਕਿਉਂ ਆਖਦੇ ਹੋ ਕਿ ਮੈਨੂੰ ਭੱਜਕੇ ਲੁਕ ਜਾਣਾ ਚਾਹੀਦਾ ਹੈ।
    ਤੁਸੀਂ ਮੈਨੂੰ ਕਿਹਾ ਸੀ, “ਪੰਛੀ ਵਾਂਗ ਉੱਡਕੇ ਆਪਣੇ ਪਰਬਤ ਤੇ ਪਹੁੰਚੋ।”

ਮੰਦੇ ਆਦਮੀ ਸ਼ਿਕਾਰੀ ਵਾਂਗ ਹਨ, ਜਿਹੜੇ ਆਪਣੇ-ਆਪ ਨੂੰ ਹਨੇਰੇ ਦੀ ਚਾਦਰ ਹੇਠਾਂ ਲੁਕੋ ਲੈਂਦੇ ਹਨ
    ਅਤੇ ਹਮਲਾ ਕਰਨ ਲਈ ਵਾਪਸ ਮੁੜਦੇ ਹਨ।
    ਉਹ ਆਪਣੀ ਕਮਾਣ ਉੱਤੇ ਝੁਕ ਕੇ ਤੀਰਾਂ ਦਾ ਨਿਸ਼ਾਨਾਂ ਸਿੱਧਾ ਨੇਕ ਇਨਸਾਨਾਂ, ਅਤੇ ਇਮਾਨਦਾਰ ਲੋਕਾਂ ਦੇ ਦਿਲਾਂ ਤੇ ਸਾਧਦੇ ਹਨ।
ਕੀ ਹੋਵੇਗਾ ਜੇਕਰ ਉਹ ਸਭ ਕੁਝ ਤਬਾਹ ਕਰ ਦੇਣ ਜੋ ਚੰਗਾ ਹੈ?
    ਤਦ ਚੰਗੇ ਲੋਕ ਕੀ ਕਰਨਗੇ?

ਯਹੋਵਾਹ ਆਪਣੇ ਪਵਿੱਤਰ ਮਹਿਲ ਵਿੱਚ ਹਾਜਰ ਹੈ।
    ਉਹ ਸਵਰਗ ਅੰਦਰ ਆਪਣੇ ਤਖਤ ਉੱਤੇ ਬੈਠਾ ਹੈ
ਅਤੇ ਜੋ ਕੁਝ ਵੀ ਵਾਪਰੇ ਉਹ ਵੇਖਦਾ ਹੈ।
    ਉਹ ਲੋਕਾਂ ਦਾ ਨਿਆਂ ਕਰਨ ਲਈ, ਤੱਕਦਾ ਹੈ ਕਿ ਉਹ ਚੰਗੇ ਹਨ ਜਾਂ ਬੁਰੇ।
ਪਰਮੇਸ਼ੁਰ ਚੰਗੇ ਲੋਕਾਂ ਨੂੰ ਤਲਾਸ਼ਦਾ ਹੈ,
    ਪਰ ਜ਼ਾਲਮ ਅਤੇ ਦੁਸ਼ਟ ਲੋਕਾਂ ਨੂੰ ਨਾਮੰਜ਼ੂਰ ਕਰਦਾ ਹੈ।
ਉਹ ਭਖਦੇ ਹੋਏ ਕੋਲਿਆਂ ਅਤੇ ਬਲਦੀ ਹੋਈ ਗੰਧਕ ਦੀ ਵਰੱਖਾ ਬਦ ਰੂਹਾਂ ਉੱਤੇ ਕਰੇਗਾ।
    ਇਸ ਲਈ ਇਨ੍ਹਾਂ ਬਦ ਰੂਹਾਂ ਨੂੰ ਤਪਦੀਆਂ ਸੜਦੀਆਂ ਲਹਿਰਾਂ ਬਾਝੋਂ ਕੁਝ ਨਹੀਂ ਮਿਲੇਗਾ।
ਪਰਮੇਸ਼ੁਰ ਚੰਗਾ ਹੈ।
ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜਿਹੜੇ ਨੇਕ ਕਰਨੀਆਂ ਕਰਦੇ ਹਨ।
    ਇਹ ਨੇਕ ਰੂਹਾਂ ਹਮੇਸ਼ਾ ਪਰਮੇਸ਼ੁਰ ਦੇ ਨਾਲ ਰਹਿਣਗੀਆਂ ਅਤੇ ਪਰਮੇਸ਼ੁਰ ਦੇ ਮੁੱਖ ਨੂੰ ਵੇਖਣਗੀਆਂ।

1 ਰਾਜਿਆਂ 1:38-2:4

38 ਤਦ ਸਾਦੋਕ ਜਾਜਕ, ਨਾਥਾਨ ਨਬੀ ਅਤੇ ਯਹੋਯਦਾ ਦਾ ਪੁੱਤਰ ਬਨਾਯਾਹ, ਕਰੇਤੀ ਅਤੇ ਪਲੇਤੀ ਨੇ ਪਾਤਸ਼ਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਸੁਲੇਮਾਨ ਨੂੰ ਦਾਊਦ ਦੇ ਖੱਚਰ ਤੇ ਬਿਠਾਇਆ ਅਤੇ ਉਸ ਨਾਲ ਗਿਹੋਨ ਚਸ਼ਮੇ ਵੱਲ ਗਏ। 39 ਸਾਦੋਕ ਜਾਜਕ ਨੇ ਪਵਿੱਤਰ ਤੰਬੂ ਵਿੱਚੋਂ ਤੇਲ ਲਿਆ ਅਤੇ ਸੁਲੇਮਾਨ ਦੇ ਸਿਰ ਤੇ ਮਸਹ ਕੀਤਾ, ਇਹ ਦਰਸਾਉਣ ਲਈ ਕਿ ਉਹ ਪਾਤਸ਼ਾਹ ਬਣ ਗਿਆ ਸੀ। ਫ਼ੇਰ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਸਭ ਨੇ ਰੌਲਾ ਪਾਇਆ, “ਤੇਰੀ ਉਮਰ ਵੱਡੀ ਹੋਵੇ ਪਾਤਸ਼ਾਹ ਸੁਲੇਮਾਨ!” 40 ਤਦ ਸਭ ਨੇ ਸ਼ਹਿਰ ਤਾਈ ਸੁਲੇਮਸ਼ਨ ਦਾ ਪਿੱਛਾ ਕੀਤਾ। ਉਹ ਬੜੇ ਖੁਸ਼ ਅਤੇ ਉਤਸਾਹਿਤ ਸਨ। ਉਹ ਬੰਸਰੀਆਂ ਵਜਾ ਰਹੇ ਸਨ ਅਤੇ ਉਨ੍ਹਾਂ ਦੀ ਆਵਾਜ਼ ਨਾਲ ਧਰਤੀ ਪਾਟ ਗਈ।

41 ਤਦ ਅਦੋਨੀਯਾਹ ਅਤੇ ਉਸ ਦੇ ਨਾਲ ਦੇ ਸਾਰੇ ਪਰਾਹੁਣੇ ਜਦੋਂ ਰੋਟੀ ਖਾਕੇ ਹਟੇ ਤਾਂ ਉਨ੍ਹਾਂ ਨੇ ਤੁਰ੍ਹੀ ਦੀਆਂ ਆਵਾਜ਼ਾਂ ਸੁਣੀਆਂ ਤਾਂ ਯੋਆਬ ਨੇ ਆਖਿਆ, “ਇਹ ਆਵਾਜ਼ਾਂ ਕੈਸੀਆਂ ਹਨ? ਸ਼ਹਿਰ ਵਿੱਚ ਕੀ ਹੋ ਰਿਹਾ ਹੈ?”

42 ਜਦੋਂ ਯੋਆਬ ਅਜੇ ਬੋਲ ਹੀ ਰਿਹਾ ਸੀ, ਜਾਜਕ ਅਬਯਾਥਾਰ ਦਾ ਪੁੱਤਰ ਯੋਨਾਥਾਨ ਓੱਥੇ ਆਇਆ ਅਦੋਨੀਯਾਹ ਨੇ ਆਖਿਆ, “ਇੱਥੇ ਆ ਜਾ! ਤੂੰ ਇੱਕ ਚੰਗਾ ਆਦਮੀ ਹੈਂ ਅਤੇ ਤੂੰ ਮੇਰੇ ਲਈ ਕੋਈ ਚੰਗੀ ਖਬਰ ਲੈ ਕੇ ਆਇਆ ਹੋਵੇਂਗਾ।”

43 ਪਰ ਯੋਨਾਥਾਨ ਨੇ ਕਿਹਾ, “ਨਹੀਂ ਇਹ ਤੁਹਾਡੇ ਲਈ ਚੰਗੀ ਖਬਰ ਨਹੀਂ। ਦਾਊਦ ਪਾਤਸ਼ਾਹ ਨੇ ਸੁਲੇਮਾਨ ਨੂੰ ਨਵਾਂ ਪਾਤਸ਼ਾਹ ਬਾਪਿਆ ਹੈ। 44 ਅਤੇ ਪਾਤਸ਼ਾਹ ਨੇ ਸਾਦੋਕ ਜਾਜਕ, ਨਾਥਾਨ ਨਬੀ, ਯਹੋਯਦਾ ਦੇ ਪੁੱਤਰ ਬਨਾਯਾਹ ਅਤੇ ਸਾਰੇ ਪਾਤਸ਼ਾਹ ਦੇ ਅਫ਼ਸਰਾਂ ਨੂੰ ਉਸ ਦੇ ਨਾਲ ਭੇਜਿਆ। ਉਨ੍ਹਾਂ ਨੇ ਉਸ ਨੂੰ ਪਾਤਸ਼ਾਹ ਦੇ ਖੱਚਰ ਉੱਪਰ ਚੜ੍ਹਾਇਆ। 45 ਤਦ ਸਾਦੋਕ ਜਾਜਕ ਅਤੇ ਨਾਥਾਨ ਨਬੀ ਨੇ ਗਿਹੋਨ ਝਰਨੇ ਤੇ ਉਸ ਨੂੰ ਪਾਤਸ਼ਾਹ ਵਜੋਂ ਮਸਹ ਕੀਤਾ। ਓਹ ਖੁਸ਼ੀ ਮਨਾਉਂਦੇ ਹੋਏ ਚੱਲੇ ਰਹੇ ਹਨ ਅਤੇ ਸ਼ਹਿਰ ਇਸ ਨਾਲ ਗੂੰਜ ਰਿਹਾ ਹੈ। ਇਹ ਉਹੀ ਆਵਾਜ਼ਾਂ ਅਤੇ ਸ਼ੋਰ ਹੈ ਜੋ ਤੁਸੀਂ ਸੁਣ ਰਹੇ ਹੋਂ। 46-47 ਸੁਲੇਮਾਨ ,ਪਾਤਸ਼ਾਹ ਦੇ ਸਿੰਘਾਸਣ ਤੇ ਬੈਠਾ ਹੋਇਆ ਹੈ। ਪਾਤਸ਼ਾਹ ਦੇ ਸਾਰੇ ਅਧਿਕਾਰੀ ਪਾਤਸ਼ਾਹ ਦਾਊਦ ਨੂੰ ਮੁਬਾਰਕਾਂ ਦੇਕੇ ਆਖ ਰਹੇ ਹਨ, ‘ਪਾਤਸ਼ਾਹ ਦਾਊਦ, ਤੂੰ ਇੱਕ ਮਹਾਨ ਰਾਜਾ ਹੈਂ! ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਪਰਮੇਸ਼ੁਰ ਸੁਲੇਮਾਨ ਨੂੰ ਤੈਥੋਂ ਵੀ ਵੱਧ ਪ੍ਰਸਿੱਧ ਕਰੇ! ਉਸਦਾ ਰਾਜ ਤੇਰੇ ਰਾਜ ਤੋਂ ਵੀ ਵੱਧੇਰੇ ਸ਼ਕਤੀਸਾਲੀ ਹੋਵੇ।’ ਪਾਤਸ਼ਾਹ ਦਾਊਦ ਵੀ ਉੱਥੇ ਹੀ ਸੀ ਅਤੇ ਉਹ ਆਪਣੇ ਮੰਜੇ ਤੋਂ ਹੀ ਹੇਠਾਂ ਝੁਕ ਗਿਆ। 48 ਅਤੇ ਆਖਿਆ, ‘ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰੋ, ਜਿਸਨੇ ਅੱਜ ਦੇ ਦਿਨ ਮੇਰੇ ਪੁੱਤਰ ਨੂੰ ਮੇਰੇ ਸਿੰਘਾਸਣ ਤੇ ਬਿਠਾਇਆ ਅਤੇ ਮੈਨੂੰ ਇਹ ਸਭ ਕੁਝ ਵੇਖਣ ਲਈ ਜਿਉਂਦਾ ਰੱਖਿਆ।’”

49 ਤਦ ਅਦੋਨੀਯਾਹ ਦੇ ਸਾਰੇ ਮਹਿਮਾਨ ਡਰ ਗਏ ਅਤੇ ਆਪੋ-ਆਪਣੇ ਰਾਹ ਤੁਰ ਪਏ। 50 ਅਦੋਨੀਯਾਹ ਵੀ ਸੁਲੇਮਾਨ ਤੋਂ ਡਰ ਗਿਆ। ਇਸ ਲਈ ਉਹ ਉੱਠਿਆ ਅਤੇ ਉਸ ਨੇ ਉੱਠ ਕੇ ਜਗਵੇਦੀ ਦੇ ਸਿੰਗਾਂ ਨੂੰ ਘੁੱਟ ਕੇ ਜਾ ਫ਼ੜਿਆ [a] ਕਿ ਉਹ ਉਸਤੇ ਰਹਿਮ ਕਰੇ। 51 ਤਦ ਕਿਸੇ ਨੇ ਸੁਲੇਮਾਨ ਨੂੰ ਕਿਹਾ, “ਅਦੋਨੀਯਾਹ ਤੇਰੇ ਤੋਂ ਡਰ ਰਿਹਾ ਹੈ। ਸੁਲੇਮਾਨ ਪਾਤਸ਼ਾਹ! ਅਦੋਨੀਯਾਹ ਇਸ ਵਕਤ ਪਵਿੱਤਰ ਤੰਬੂ ਵਿੱਚ ਜਗਵੇਦੀ ਦੇ ਕਿਨਾਰਿਆਂ ਨੂੰ ਫ਼ੜ ਕੇ ਖਲੋਤਾ, ਰਹਿਮ ਦੀ ਭੀਖ ਮੰਗਦਾ, ਉੱਥੇ ਹੀ ਅੜਿਆ ਹੋਇਆ, ਜਾਣ ਤੋਂ ਇਨਕਾਰੀ ਹੈ ਅਤੇ ਆਖਦਾ ਹੈ, ‘ਪਾਤਸ਼ਾਹ ਸੁਲੇਮਾਨ ਨੂੰ ਜਾਕੇ ਆਖੋ ਕਿ ਉਹ ਇਕਰਾਰ ਕਰੇ ਕਿ ਉਹ ਮੈਨੂੰ ਜਾਨੋਂ ਨਹੀਂ ਮਾਰੇਗਾ।’”

52 ਤਦ ਸੁਲੇਮਾਨ ਨੇ ਆਖਿਆ, “ਜੇਕਰ ਅਦੋਨੀਯਾਹ ਇੱਕ ਚੰਗਾ ਵਿਅਕਤੀ ਬਣ ਜਾਵੇ, ਉਸਦਾ ਇੱਕ ਵਾਲ ਵੀ ਧਰਤੀ ਉੱਪਰ ਨਾ ਡਿੱਗੇਗਾ ਪਰ ਜੇਕਰ ਉਹ ਕੁਝ ਗ਼ਲਤ ਕਰੇਗਾ, ਉਹ ਮਰ ਜਾਵੇਗਾ।” 53 ਫ਼ੇਰ ਸੁਲੇਮਾਨ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਅਦੋਨੀਯਾਹ ਨੂੰ ਲਿਆਉਣ ਲਈ ਭੇਜਿਆ, ਇਸ ਲਈ ਉਹ ਉਸ ਨੂੰ ਜਗਵੇਦੀ ਤੋਂ ਹੇਠਾਂ ਲਿਆਏ ਅਤੇ ਉਸ ਨੂੰ ਸੁਲੇਮਾਨ ਕੋਲ ਲੈ ਗਏ। ਅਦੋਨੀਯਾਹ ਸੁਲੇਮਾਨ ਕੋਲ ਆਇਆ ਅਤੇ ਝੁਕ ਗਿਆ। ਸੁਲੇਮਾਨ ਨੇ ਉਸ ਨੂੰ ਆਖਿਆ, “ਘਰ ਚੱਲਾ ਜਾ।”

ਪਾਤਸ਼ਾਹ ਦਾਊਦ ਦੀ ਮੌਤ

ਦਾਊਦ ਦਾ ਅੰਤ ਨੇੜੇ ਆਇਆ ਤਾਂ ਉਸ ਨੇ ਸੁਲੇਮਾਨ ਨੂੰ ਆਪਣੇ ਕੋਲ ਬੁਲਾ ਕੇ ਕਿਹਾ, “ਹਰ ਇਨਸਾਨ ਦੀ ਤਰ੍ਹਾਂ, ਮੈਂ ਵੀ ਮਰਨ ਹੀ ਵਾਲਾ ਹਾਂ। ਪਰ ਤੂੰ ਤਕੜਾ ਹੋ ਰਿਹਾ ਹੈ ਅਤੇ ਆਦਮੀ ਬਣ ਰਿਹਾ ਹੈ। ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸ ਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਥਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ। ਜੇਕਰ ਤੂੰ ਯਹੋਵਾਹ ਨੂੰ ਮੰਨੇਗਾ, ਤਾਂ ਯਹੋਵਾਹ ਮੇਰੇ ਬਾਰੇ ਕੀਤੇ ਇਸ ਇਕਰਾਰ ਨੂੰ ਨਿਭਾਵੇਗਾ: ਯਹੋਵਾਹ ਨੇ ਆਖਿਆ, ‘ਜੇਕਰ ਤੇਰੇ ਪੁੱਤਰ ਮੇਰੀਆਂ ਬਿਧੀਆਂ ਨੂੰ ਇਮਾਨਦਾਰੀ ਅਤੇ ਤਹੇ ਦਿਲੋਂ ਮੰਨਣਗੇ, ਤੇਰੇ ਘਰਾਣੇ ਵਿੱਚੋਂ ਇੱਕ ਆਦਮੀ ਹਮੇਸ਼ਾ ਇਸਰਾਏਲ ਉੱਪਰ ਰਾਜ ਕਰੇਗਾ।’”

ਰਸੂਲਾਂ ਦੇ ਕਰਤੱਬ 26:24-27:8

ਪੌਲੁਸ ਦੀ ਅਗ੍ਰਿਪਾ ਨੂੰ ਮਨਾਉਣ ਦੀ ਕੋਸ਼ਿਸ਼

24 ਜਦੋਂ ਪੌਲੁਸ ਅਪਣੀ ਰੱਖਿਆ ਕਰਨ ਲਈ ਇਹ ਗੱਲਾਂ ਆਖ ਰਿਹਾ ਸੀ ਤਾਂ ਫ਼ੇਸਤੁਸ ਨੇ ਰੌਲਾ ਪਾਇਆ, “ਪੌਲੁਸ। ਤੂੰ ਪਾਗਲ ਹੈਂ। ਬਹੁਤ ਜ਼ਿਆਦਾ ਵਿਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ।”

25 ਪੌਲੁਸ ਨੇ ਆਖਿਆ, “ਹੇ ਫ਼ੇਸਤੁਸ ਬਹਾਦੁਰ। ਮੈਂ ਕਮਲਾ ਨਹੀਂ। ਜੋ ਮੈਂ ਕਹਿ ਰਿਹਾ ਹਾਂ ਸਗੋਂ ਉਹ ਸੱਚ ਹੈ। ਮੇਰੇ ਸ਼ਬਦ ਕਿਸੇ ਮੂਰਖ ਦੇ ਸ਼ਬਦ ਨਹੀਂ ਹਨ। ਜੋ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਤਰਕ ਪੂਰਣ ਹੈ। 26 ਰਾਜਾ ਅਗ੍ਰਿਪਾ ਇਨ੍ਹਾਂ ਗੱਲਾਂ ਬਾਰੇ ਜਾਣਦਾ ਹੈ ਅਤੇ ਮੈਂ ਉਸ ਨਾਲ ਖੁਲ੍ਹੇਆਮ ਬੋਲ ਸੱਕਦਾ ਹਾਂ, ਉਸ ਲਈ ਇਨ੍ਹਾਂ ਵਿੱਚੋਂ ਕੁਝ ਵੀ ਨਵਾਂ ਨਹੀਂ ਹੈ। ਕਿਉਂਕਿ ਇਹ ਸਭ ਗੱਲਾਂ ਸਭ ਦੀ ਹਾਜਰੀ ਵਿੱਚ ਹੋਈਆਂ ਨਾ ਕਿ ਗੁਪਤ ਤੌਰ ਤੇ। 27 ਰਾਜਾ ਅਗ੍ਰਿਪਾ, ਕੀ ਤੂੰ ਨਬੀਆਂ ਦੀਆਂ ਲਿਖਤਾਂ ਵਿੱਚ ਨਿਹਚਾ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਨਿਹਚਾ ਰੱਖਦਾ ਹੈਂ।”

28 ਰਾਜਾ ਅਗ੍ਰਿਪਾ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਸੋਚਦਾ ਹੈਂ ਕਿ ਤੂੰ ਮੈਨੂੰ ਇੰਨੀ ਸੌਖੀ ਤਰ੍ਹਾਂ ਮਸੀਹੀ ਹੋਣ ਲਈ ਉਕਸਾ ਲਵੇਂਗਾ?”

29 ਪੌਲੁਸ ਨੇ ਆਖਿਆ, “ਇਹ ਔਖਾ ਹੋਵੇ ਜਾਂ ਸੌਖਾ, ਪਰ ਇਹ ਮਾਮਲਾ ਨਹੀਂ ਹੈ; ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਹੀ ਨਹੀਂ ਸਗੋਂ ਉਹ ਸਭ ਜੋ ਅੱਜ ਮੈਨੂੰ ਸੁਣ ਰਹੇ ਹਨ, ਮੇਰੇ ਵਾਂਗ ਬਚਾਏ ਜਾ ਸੱਕਣ, ਸਿਵਾਏ ਇਨ੍ਹਾਂ ਜੰਜ਼ੀਰਾਂ ਦੇ।”

30 ਰਾਜਾ ਅਗ੍ਰਿਪਾ, ਫ਼ੇਸਤੁਸ ਹਾਕਮ, ਬਰਨੀਕੇ ਅਤੇ ਸਾਰੇ ਉਨ੍ਹਾਂ ਨਾਲ ਬੈਠੇ ਹੋਏ ਲੋਕ ਖਲੋ ਗਏ ਅਤੇ ਕਚਿਹਰੀ ਚੋਂ ਉੱਠ ਕੇ ਚੱਲੇ ਗਏ। 31 ਜਾਂਦੇ ਹੋਏ ਉਹ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਆਖ ਰਹੇ ਸਨ, “ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਜੋ ਇਹ ਮੌਤ ਜਾਂ ਕੈਦ ਦਾ ਅਧਿਕਾਰੀ ਹੋਵੇ। ਸੱਚਮੁੱਚ ਇਸਨੇ ਕੁਝ ਵੀ ਬੁਰਾ ਨਹੀਂ ਕੀਤਾ।” 32 ਤਾਂ ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਜੇਕਰ ਇਸਨੇ ਕੈਸਰ ਨੂੰ ਬੇਨਤੀ ਨ ਕੀਤੀ ਹੁੰਦੀ, ਤਾਂ ਉਸ ਨੂੰ ਅਜ਼ਾਦ ਕੀਤਾ ਜਾ ਸੱਕਦਾ ਸੀ।”

ਪੌਲੁਸ ਦਾ ਰੋਮ ਨੂੰ ਜਾਣਾ

27 ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ। ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।

ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬੜਾ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਉੱਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤੱਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ। ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇੜਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ। ਉੱਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚੜ੍ਹਾ ਦਿੱਤਾ।

ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ। ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।

ਮਰਕੁਸ 13:28-37

28 “ਅੰਜੀਰ ਦਾ ਰੁੱਖ ਸਾਨੂੰ ਇੱਕ ਸਬਕ ਸਿੱਖਾਉਂਦਾ ਹੈ। ਜਦੋਂ ਅੰਜੀਰ ਦੇ ਰੁੱਖ ਦੀਆਂ ਟਹਿਣੀਆਂ ਹਰੀਆਂ ਅਤੇ ਕੋਮਲ ਹੁੰਦੀਆਂ ਹਨ, ਅਤੇ ਨਵੇਂ ਪੱਤੇ ਉੱਗਣੇ ਸ਼ੁਰੂ ਹੁੰਦੇ ਹਨ, ਫ਼ਿਰ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਆਉਣ ਵਾਲੀ ਹੈ। 29 ਇਸੇ ਤਰ੍ਹਾਂ ਤੁਸੀਂ ਜਦੋਂ ਵੇਖੋਂ ਕਿ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਮਾਂ ਨੇੜੇ ਹੀ ਨਹੀਂ ਸਗੋਂ ਬੂਹੇ ਉੱਤੇ ਹੈ। 30 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਹ ਸਭ ਗੱਲਾਂ ਇਸ ਪੀੜ੍ਹੀ ਦੇ ਜਿਉਂਦੇ ਜੀ ਵਾਪਰਨਗੀਆਂ। 31 ਸਾਰੀ ਦੁਨੀਆਂ, ਅਕਾਸ਼ ਅਤੇ ਧਰਤੀ ਸਭ ਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।

32 “ਕੋਈ ਨਹੀਂ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ ਹੀ ਇਹ ਜਾਣਦਾ ਕਿ ਉਹ ਵਕਤ ਕਦੋਂ ਆਵੇਗਾ। ਪਰ ਸਿਰਫ਼ ਪਿਤਾ ਜਾਣਦਾ ਹੈ। 33 ਚੌਕਸ ਰਹੋ! ਅਤੇ ਹਰ ਸਮੇਂ ਤਿਆਰ ਰਹੋ! ਪਤਾ ਨਹੀਂ ਉਹ ਘੜੀ ਕਿਸ ਵੇਲੇ ਆ ਜਾਵੇ।

34 “ਇਹ ਜਮਾਂ ਮਨੁੱਖ ਦੀ ਯਾਤਰਾ ਵਾਂਗ ਹੈ। ਉਸ ਨੇ ਆਪਣਾ ਘਰ ਛੱਡਿਆ। ਉਹ ਆਪਣੇ ਘਰ ਦਾ ਧਿਆਨ ਰੱਖਣ ਲਈ ਆਪਣੇ ਨੋਕਰਾਂ ਨੂੰ ਨਿਯੁਕਤ ਕਰਦਾ ਹੈ। ਹਰ ਨੋਕਰ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਹੈ। ਉਹ ਇੱਕ ਦਰਬਾਨ ਨੂੰ ਦਰਵਾਜ਼ੇ ਤੇ ਨਿਯੁਕਤ ਕਰਦਾ ਹੈ ਅਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹਿਣ ਲਈ ਆਖਦਾ ਹੈ। 35 ਇਸ ਲਈ ਤੁਸੀਂ ਹਮੇਸ਼ਾ ਤੱਤਪਰ ਰਹਿਣਾ। ਤੁਸੀਂ ਨਹੀਂ ਜਾਣਦੇ ਕਦੋਂ ਘਰ ਦਾ ਮਾਲਕ ਵਾਪਸ ਮੁੜ ਆਵੇ। ਕੋਈ ਨਹੀਂ ਜਾਣਦਾ ਕਿ ਕੀ ਉਹ ਆਥਣ ਵੇਲੇ ਜਾਂ ਅੱਧੀ ਰਾਤ ਵੇਲੇ ਜਾਂ ਬਹੁਤ ਹੀ ਤੜਕੇ ਜਾਂ ਸੂਰਜ ਚੜ੍ਹ੍ਹਨ ਤੋਂ ਬਾਦ ਆਵੇਗਾ। 36 ਉਹ ਝੱਟ ਹੀ ਵਾਪਸ ਆ ਸੱਕਦਾ ਹੈ। ਜੇਕਰ ਤੁਸੀਂ ਹਮੇਸ਼ਾ ਚੌਕਸ ਰਹੋ ਜਦੋਂ ਉਹ ਆਵੇ ਤਾਂ ਤੁਸੀਂ ਸੁੱਤੇ ਨਾ ਹੋਵੋ। 37 ਮੈਂ ਇਹ ਤੁਹਾਨੂੰ ਵੀ ਅਤੇ ਹਰ ਮਨੁੱਖ ਨੂੰ ਵੀ ਕਹਿੰਦਾ ਹਾਂ ਕਿ ‘ਜਾਗਦੇ ਰਹੋ।’”

Punjabi Bible: Easy-to-Read Version (ERV-PA)

2010 by World Bible Translation Center