Book of Common Prayer
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
147 ਯਹੋਵਾਹ ਦੀ ਉਸਤਤਿ ਕਰੋ ਕਿਉਂਕਿ ਉਹ ਭਲਾ ਹੈ।
ਸਾਡੇ ਪਰਮੇਸ਼ੁਰ ਲਈ, ਉਸਤਤਿ ਦੇ ਗੀਤ ਗਾਵੋ।
ਉਸਦੀ ਉਸਤਤਿ ਕਰਨਾ ਚੰਗਾ ਅਤੇ ਸੁਹਾਨਾ ਹੈ।
2 ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ।
ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ।
ਜਿਹੜੇ ਕੈਦ ਹੋ ਗਏ ਸਨ।
3 ਪਰਮੇਸ਼ੁਰ ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਜੋੜਦਾ ਹੈ।
ਅਤੇ ਉਨ੍ਹਾਂ ਦੇ ਜ਼ਖਮਾ ਉੱਤੇ ਮਰਹਮ ਪੱਟੀ ਕਰਦਾ ਹੈ।
4 ਪਰਮੇਸ਼ੁਰ ਤਾਰਿਆ ਦੀ ਗਿਣਤੀ ਕਰਦਾ ਹੈ
ਅਤੇ ਉਹ ਹਰ ਇੱਕ ਦਾ ਨਾਮ ਜਾਣਦਾ ਹੈ।
5 ਸਾਡਾ ਮਾਲਕ ਬੜਾ ਮਹਾਨ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈ।
ਉਸ ਦੇ ਗਿਆਨ ਦੀ ਕੋਈ ਹੱਦ ਨਹੀਂ।
6 ਯਹੋਵਾਹ ਨਿਆਸਰਿਆ ਦਾ ਆਸਰਾ ਹੈ,
ਪਰ ਉਹ ਮੰਦੇ ਲੋਕਾਂ ਨੂੰ ਨਮੋਸ਼ੀ ਦਿੰਦਾ ਹੈ।
7 ਯਹੋਵਾਹ ਦਾ ਧੰਨਵਾਦ ਕਰੋ ਰਬਾਬ ਵਾਸਤੇ
ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ।
8 ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ।
ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।
9 ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ,
ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।
10 ਯੁੱਧ ਦੇ ਘੋੜੇ ਅਤੇ ਬਲਵਾਨ ਯੋਧੇ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੇ।
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।
12 ਹੇ ਯਰੂਸ਼ਲਮ, ਯਹੋਵਾਹ ਦੀ ਉਸਤਤਿ ਕਰੋ!
ਹੇ ਸੀਯੋਨ, ਪਰਮੇਸ਼ੁਰ ਦੀ ਉਸਤਤਿ ਕਰ।
13 ਹੇ ਯਰੂਸ਼ਲਮ, ਪਰਮੇਸ਼ੁਰ ਤੇਰੇ ਦਰਵਾਜਿਆ ਨੂੰ ਮਜ਼ਬੂਤ ਬਣਾਉਂਦਾ ਹੈ।
ਅਤੇ ਪਰਮੇਸ਼ੁਰ ਤੇਰੇ ਸ਼ਹਿਰ ਦੇ ਲੋਕਾਂ ਨੂੰ ਅਸੀਸ ਦਿੰਦਾ ਹੈ।
14 ਪਰਮੇਸ਼ੁਰ ਨੇ ਸਾਡੇ ਦੇਸ਼ ਵਿੱਚ ਅਮਨ ਲਿਆਂਦਾ, ਇਸ ਲਈ ਸਾਡੇ ਦੁਸ਼ਮਣਾਂ ਯੁੱਧ ਵਿੱਚ ਸਾਡਾ ਅਨਾਜ ਨਹੀਂ ਲੁੱਟਿਆ
ਅਤੇ ਤੇਰੇ ਕੋਲ ਭੋਜਨ ਲਈ ਬਹੁਤ ਅਨਾਜ ਹੈ।
15 ਪਰਮੇਸ਼ੁਰ ਧਰਤੀ ਨੂੰ ਆਦੇਸ਼ ਦਿੰਦਾ ਹੈ,
ਅਤੇ ਇਹ ਛੇਤੀ ਹੀ ਮੰਨ ਲੈਂਦੀ ਹੈ।
16 ਪਰਮੇਸ਼ੁਰ ਓਨਾ ਚਿਰ ਤੱਕ ਬਰਫ਼ਬਾਰੀ ਕਰਦਾ ਹੈ ਜਿੰਨਾ ਚਿਰ ਤੱਕ, ਜ਼ਮੀਨ ਉਨ ਵਾਂਗ ਸਫ਼ੇਦ ਨਹੀਂ ਹੋ ਜਾਂਦੀ,
ਪਰਮੇਸ਼ੁਰ ਕੋਹਰੇ ਨੂੰ ਹਵਾ ਵਿੱਚ ਘੱਟੇ ਵਾਂਗ ਉਡਾਉਂਦਾ ਹੈ।
17 ਪਰਮੇਸ਼ੁਰ ਆਕਾਸ਼ ਉੱਤੋਂ ਪੱਥਰਾ ਵਾਂਗ ਗੜ੍ਹੇਮਾਰ ਕਰਦਾ ਹੈ।
ਕੋਈ ਵੀ ਬੰਦਾ ਉਸ ਵੱਲੋਂ ਭੇਜੀ ਠੰਡ ਨੂੰ ਨਹੀਂ ਝੱਲ ਸੱਕਦਾ।
18 ਫ਼ਿਰ ਪਰਮੇਸ਼ੁਰ ਇੱਕ ਹੋਰ ਆਦੇਸ਼ ਦਿੰਦਾ ਹੈ ਅਤੇ ਗਰਮ ਹਵਾ ਵਗ ਪੈਂਦੀ ਹੈ।
ਫ਼ਿਰ ਬਰਫ਼ ਪਿਘਲਦੀ ਹੈ ਅਤੇ ਪਾਣੀ ਵਗ ਪੈਂਦਾ ਹੈ।
19 ਪਰਮੇਸ਼ੁਰ ਨੇ ਯਾਕੂਬ (ਇਸਰਾਏਲ) ਨੂੰ ਆਦੇਸ਼ ਦਿੱਤਾ,
ਉਸ ਨੇ ਆਪਣੇ ਨੇਮ ਅਤੇ ਅਸੂਲ ਇਸਰਾਏਲ ਨੂੰ ਦਿੱਤੇ।
20 ਪਰਮੇਸ਼ੁਰ ਨੇ ਅਜਿਹਾ ਕਿਸੇ ਹੋਰ ਕੌਮ ਲਈ ਨਹੀਂ ਕੀਤਾ।
ਪਰਮੇਸ਼ੁਰ ਨੇ ਆਪਣੇ ਨੇਮ ਹੋਰਾਂ ਲੋਕਾਂ ਨੂੰ ਨਹੀਂ ਸਿੱਖਾਏ।
ਯਹੋਵਾਹ ਦੀ ਉਸਤਤਿ ਕਰੋ।
111 ਯਹੋਵਾਹ ਦੀ ਉਸਤਤਿ ਕਰੋ।
ਮੈਂ ਸੱਚੇ ਦਿਲੋਂ ਯਹੋਵਾਹ ਦਾ ਉਸ ਸਭਾ ਵਿੱਚ, ਧੰਨਵਾਦ ਕਰਦਾ ਹਾਂ
ਜਿੱਥੇ ਚੰਗੇ ਲੋਕ ਇਕੱਠਾ ਹੁੰਦੇ ਹਨ।
2 ਯਹੋਵਾਹ ਮਹਾਨ ਗੱਲਾਂ ਕਰਦਾ ਹਾਂ।
ਲੋਕੀਂ ਉਹ ਸ਼ੁਭ ਚੀਜ਼ਾਂ ਮੰਗਦੇ ਹਨ ਜਿਹੜੀਆਂ ਪਰਮੇਸ਼ੁਰ ਪਾਸੋਂ ਮਿਲਦੀਆਂ ਹਨ।
3 ਪਰਮੇਸ਼ੁਰ ਸੱਚਮੁੱਚ ਸ਼ਾਨਦਾਰ ਅਤੇ ਮਹਾਨ ਗੱਲਾਂ ਕਰਦਾ ਹੈ।
ਉਸ ਦੀ ਨੇਕੀ ਸਦਾ ਲਈ ਜਾਰੀ ਰਹਿੰਦੀ ਹੈ।
4 ਪਰਮੇਸ਼ੁਰ ਹੈਰਾਨੀ ਭਰੀਆਂ ਗੱਲਾਂ ਕਰਦਾ ਹੈ।
ਤਾਂ ਜੋ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
5 ਪਰਮੇਸ਼ੁਰ ਆਪਣੇ ਪੈਰੋਕਾਰਾਂ ਨੂੰ ਭੋਜਨ ਦਿੰਦਾ ਹੈ।
ਪਰਮੇਸ਼ੁਰ ਸਦਾ ਲਈ ਆਪਣਾ ਕਰਾਰ ਚੇਤੇ ਰੱਖਦਾ ਹੈ।
6 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਨੇ, ਜੋ ਪਰਮੇਸ਼ੁਰ ਨੇ ਕੀਤੀਆਂ ਸਨ ਉਸ ਦੇ ਬੰਦਿਆਂ ਨੂੰ ਦਰਸਾ ਦਿੱਤਾ
ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇ ਰਿਹਾ ਸੀ।
7 ਉਹ ਸਭ ਕੁਝ ਜੋ ਪਮਰੇਸ਼ੁਰ ਕਰਦਾ, ਚੰਗਾ ਅਤੇ ਬੇਲਾਗ ਹੈ।
ਉਸ ਦੇ ਹਰ ਹੁਕਮ ਵਿੱਚ ਯਕੀਨ ਰੱਖਿਆ ਜਾ ਸੱਕਦਾ ਹੈ।
8 ਪਰਮੇਸ਼ੁਰ ਦੇ ਹੁਕਮ ਸਦਾ ਹੀ ਸਥਿਰ ਰਹਿਣਗੇ।
ਉਨ੍ਹਾਂ ਹੁਕਮਾਂ ਨੂੰ ਜਾਰੀ ਕਰਨ ਦੇ ਕਾਰਣ, ਇਮਾਨਦਾਰ ਅਤੇ ਸ਼ੁੱਧ ਸਨ।
9 ਪਰਮੇਸ਼ੁਰ ਨੇ ਕਿਸੇ ਨੂੰ ਆਪਣੇ ਬੰਦਿਆਂ ਨੂੰ ਬਚਾਉਣ ਲਈ ਭੇਜਿਆ।
ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਜਿਹੜਾ ਸਦਾ ਲਈ ਜਾਰੀ ਰਹੇਗਾ।
ਪਰਮੇਸ਼ੁਰ ਦਾ ਨਾਮ ਮਹਾਨ ਅਤੇ ਪਵਿੱਤਰ ਹੈ।
10 ਸਿਆਣਪਤਾ ਯਹੋਵਾਹ ਲਈ ਡਰ ਅਤੇ ਇੱਜ਼ਤ ਨਾਲ ਸ਼ੁਰੂ ਹੁੰਦੀ ਹੈ।
ਉਹ ਲੋਕ ਜਿਹੜੇ ਪਰਮੇਸ਼ੁਰ ਦਾ ਹੁਕਮ ਮੰਨਦੇ ਹਨ ਬਹੁਤ ਸਿਆਣੇ ਹਨ।
ਪਰਮੇਸ਼ੁਰ ਦੀ ਉਸਤਤਿ ਸਦਾ-ਸਦਾ ਲਈ ਗਾਈ ਜਾਵੇਗੀ।
112 ਯਹੋਵਾਹ ਦੀ ਉਸਤਤਿ ਕਰੋ!
ਉਹ ਬੰਦਾ ਜਿਹੜਾ ਡਰਦਾ ਅਤੇ ਯਹੋਵਾਹ ਦਾ ਆਦਰ ਕਰਦਾ ਹੈ ਬਹੁਤ ਪ੍ਰਸੰਨ ਹੋਵੇਗਾ।
ਉਹ ਬੰਦਾ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪਿਆਰ ਕਰਦਾ ਹੈ।
2 ਉਸਦੀ ਔਲਾਦ ਧਰਤੀ ਅਤੇ ਮਹਾਨ ਹੋਵੇਗੀ।
ਚੰਗੇ ਲੋਕਾਂ ਦੀ ਔਲਾਦ ਸੱਚਮੁੱਚ ਸੁਭਾਗੀ ਹੋਵੇਗੀ।
3 ਉਸ ਬੰਦੇ ਦਾ ਪਰਿਵਾਰ ਬਹੁਤ ਅਮੀਰ ਹੋਵੇਗਾ
ਅਤੇ ਉਸਦੀ ਚੰਗਿਆਈ ਸਦਾ ਰਹੇਗੀ।
4 ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ।
ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
5 ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ।
ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
6 ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ।
ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
7 ਉਹ ਮਾੜੇ ਸਮਾਚਾਰਾ ਤੋਂ ਯਾਦ ਨਹੀਂ ਰਹੇਗਾ।
ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਕਿਉਂਕਿ ਉਹ ਯਹੋਵਾਹ ਉੱਤੇ ਯਕੀਨ ਰੱਖਦਾ ਹੈ।
8 ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਉਹ ਡਰੇਗਾ ਨਹੀਂ।
ਉਹ ਆਪਣੇ ਦੁਸ਼ਮਣਾਂ ਨੂੰ ਹਰਾ ਦੇਵੇਗਾ।
9 ਉਹ ਬੰਦਾ ਖੁਲ੍ਹਦਿਲੀ ਨਾਲ ਗਰੀਬਾਂ ਨੂੰ ਦਾਨ ਕਰਦਾ ਹੈ।
ਅਤੇ ਉਸਦੀ ਨੇਕੀ ਸਦਾ ਰਹੇਗੀ।
10 ਬਦਚਲਣ ਬੰਦੇ ਇਸ ਨੂੰ ਦੇਖਦੇ ਹਨ ਅਤੇ ਕ੍ਰੋਧਵਾਨ ਹੋ ਜਾਂਦੇ ਹਨ।
ਉਹ ਗੁੱਸੇ ਨਾਲ ਆਪਣੇ ਦੰਦ ਕਰੀਚਣਗੇ, ਪਰ ਫ਼ੇਰ ਉਹ ਅਲੋਪ ਹੋ ਜਾਣਗੇ।
ਬਦਚਲਣ ਲੋਕਾਂ ਨੂੰ ਕਦੀ ਵੀ ਉਹ ਨਹੀਂ ਮਿਲੇਗਾ ਜਿਸਦੀ ਇੱਛਾ ਉਹ ਬੁਰੀ ਤਰ੍ਹਾਂ ਕਰਦੇ ਹਨ।
113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
2 ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
3 ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
4 ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
5 ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
6 ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
7 ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
8 ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
9 ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
ਦਾਊਦ ਨੇ ਸੈਨਾ ਦੀ ਗਿਣਤੀ ਕਰਨ ਦਾ ਫੈਸਲਾ ਕੀਤਾ
24 ਇੱਕ ਵਾਰ ਫੇਰ ਯਹੋਵਾਹ ਇਸਰਾਏਲ ਉੱਪਰ ਬਹੁਤ ਕ੍ਰੋਧਿਤ ਸੀ ਅਤੇ ਦਾਊਦ ਨੂੰ ਇਸਰਾਏਲ ਦੇ ਖਿਲਾਫ਼ ਮੋੜ ਦਿੱਤਾ, “ਯਹੋਵਾਹ ਨੇ ਆਖਿਆ, ਜਾ ਅਤੇ ਜਾਕੇ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੀ ਗਿਣਤੀ ਕਰ।”
2 ਦਾਊਦ ਪਾਤਸ਼ਾਹ ਨੇ ਯੋਆਬ ਨੂੰ ਜੋ ਕਿ ਸੈਨਾਪਤੀ ਸੀ ਉਸ ਨੂੰ ਜੋ ਉਸ ਦੇ ਨਾਲ ਸੀ ਕਿਹਾ, “ਇਸਰਾਏਲ ਦੇ ਸਾਰੇ ਪਰਿਵਾਰ ਸਮੂਹਾਂ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਲੰਘ ਜਾ ਅਤੇ ਜਾਕੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਮੈਨੂੰ ਪਤਾ ਚੱਲੇ ਕਿ ਲੋਕਾਂ ਦੀ ਗਿਣਤੀ ਕਿੰਨੀ ਹੈ?”
ਯਹੋਵਾਹ ਦਾ ਦਾਊਦ ਨੂੰ ਸਜ਼ਾ ਦੇਣਾ
10 ਲੋਕਾਂ ਦੀ ਗਿਣਤੀ ਗਿਣਨ ਤੋਂ ਬਾਅਦ ਦਾਊਦ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਇਆ। ਦਾਊਦ ਨੇ ਯਹੋਵਾਹ ਨੂੰ ਕਿਹਾ, “ਇਹ ਕੰਮ ਜੋ ਮੈਂ ਕੀਤਾ ਹੈ, ਮੇਰੇ ਤੋਂ ਵੱਡਾ ਪਾਪ ਹੋਇਆ ਹੈ। ਸੋ ਹੁਣ ਹੇ ਯਹੋਵਾਹ, ਕਿਰਪਾ ਕਰਕੇ ਆਪਣੇ ਦਾਸ ਦੇ ਪਾਪ ਨੂੰ ਦੂਰ ਕਰ ਦੇਵੋ, ਮੈਂ ਵੱਡੀ ਮੂਰਖਤਾਈ ਕਰ ਬੈਠਾ ਹਾਂ।”
11 ਜਦੋਂ ਦਾਊਦ ਸਵੇਰੇ ਉੱਠਿਆ, ਉਸ ਦੇ ਨਬੀ ਗਾਦ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 12 ਯਹੋਵਾਹ ਨੇ ਗਾਦ ਨੂੰ ਆਖਿਆ, “ਜਾ, ਅਤੇ ਜਾਕੇ ਦਾਊਦ ਨੂੰ ਆਖ ਕਿ ਯਹੋਵਾਹ ਨੇ ਇਉਂ ਆਖਿਆ ਹੈ: ਮੈਂ ਤੇਰੇ ਅੱਗੇ ਤਿੰਨ ਵਸਤਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਪਰ ਪਾਵਾਂ।”
13 ਗਾਦ ਦਾਊਦ ਕੋਲ ਗਿਆ ਅਤੇ ਜਾਕੇ ਉਸ ਨੂੰ ਕਿਹਾ, “ਇਨ੍ਹਾਂ ਤਿੰਨਾਂ ਵਸਤਾਂ ਵਿੱਚੋਂ ਇੱਕ ਨੂੰ ਚੁਣ ਲੈ: (1)ਇੱਕ ਤਾਂ ਕੀ ਤੂੰ ਚਾਹੁੰਦਾ ਹੈਂ ਕਿ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਅੰਨ ਦਾ ਕਾਲ ਪਵੇ। (2)ਜਾਂ ਤਿੰਨਾਂ ਮਹੀਨਿਆਂ ਤੀਕ ਤੂੰ ਆਪਣੇ ਵੈਰੀਆਂ ਤੋਂ ਭੱਜਦਾ ਫ਼ਿਰੇਂ ਤੇ ਉਹ ਤੇਰੇ ਮਗਰ ਪਏ ਰਹਿਣ। (3)ਜਾਂ ਤੇਰੇ ਦੇਸ਼ ਵਿੱਚ ਤਿੰਨਾਂ ਦਿਨਾਂ ਲਈ ਮਹਾਮਾਰੀ ਪਵੇ। ਹੁਣ ਇਸ ਬਾਰੇ ਸੋਚ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਚੁਣ ਲੈ ਅਤੇ ਮੈਂ ਯਹੋਵਾਹ ਨੂੰ ਜਾਕੇ ਤੇਰੀ ਮਰਜ਼ੀ ਬਾਰੇ ਦੱਸ ਦੇਵਾਂਗਾ। ਯਹੋਵਾਹ ਨੇ ਇਸੇ ਵਾਸਤੇ ਮੈਨੂੰ ਤੇਰੇ ਕੋਲ ਭੇਜਿਆ ਹੈ।”
14 ਦਾਊਦ ਨੇ ਗਾਦ ਨੂੰ ਕਿਹਾ, “ਮੈਂ ਸੱਚਮੁੱਚ ਵੱਡੀ ਮੁਸੀਬਤ ਵਿੱਚ ਫ਼ਸਿਆ ਹੋਇਆ ਹਾਂ ਪਰ ਯਹੋਵਾਹ ਬੜਾ ਦਿਆਲੂ ਹੈ। ਇਸ ਲਈ ਯਹੋਵਾਹ ਨੂੰ ਹੀ ਮੈਨੂੰ ਦੰਡ ਦੇਣ ਦੇ ਇਹ ਨਾ ਹੋਵੇ ਕਿ ਮੈਨੂੰ ਲੋਕਾਂ ਵੱਲੋਂ ਦੰਡਿਤ ਹੋਣਾ ਪਵੇ ਸੋ ਚੰਗਾ ਹੈ ਕਿ ਇਸ ਕੋਲੋਂ ਮੈਂ ਯਹੋਵਾਹ ਦੇ ਹੱਥੋਂ ਹੀ ਦੰਡਿਤ ਹੋਵਾਂ।”
15 ਤਾਂ ਫ਼ਿਰ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਹਾਮਾਰੀ ਭੇਜੀ ਜੋ ਉਸ ਸਵੇਰ ਤੋਂ ਲੈ ਕੇ ਠਹਿਰਾਏ ਹੋਏ ਵਕਤ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਲੋਕਾਂ ਵਿੱਚੋਂ 70,000 ਮਨੁੱਖ ਮਰ ਗਏ। 16 ਜਦੋਂ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ ਤਾਂ ਯਹੋਵਾਹ ਬੁਰਿਆਈ ਕਰਨ ਤੋਂ ਹਟ ਗਿਆ। ਜਿਸ ਦੂਤ ਨੇ ਲੋਕਾਂ ਨੂੰ ਨਸ਼ਠ ਕੀਤਾ ਉਸ ਨੂੰ ਯਹੋਵਾਹ ਨੇ ਆਖਿਆ, “ਬਸ ਕਰ, ਬਹੁਤ ਹੋ ਗਿਆ, ਆਪਣਾ ਹੱਥ ਨੀਵੇਂ ਕਰ ਲੈ।” ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਖਲਵਾੜੇ [a] ਕੋਲ ਖੜੋਤਾ ਸੀ।
ਦਾਊਦ ਦਾ ਅਰਵਨਾਹ ਦਾ ਪਿੜ ਖਰੀਦ ਲੈਣਾ
17 ਜਦੋਂ ਦਾਊਦ ਨੇ ਲੋਕਾਂ ਨੂੰ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਦਾਊਦ ਨੇ ਯਹੋਵਾਹ ਨੂੰ ਕਿਹਾ, “ਮੈਂ ਪਾਪੀ, ਮੈਂ ਭੁੱਲ ਕੀਤੀ! ਇਨ੍ਹਾਂ ਲੋਕਾਂ ਨੇ ਤਾਂ ਸਿਰਫ਼ ਉਹੀ ਕੀਤਾ ਜੋ ਮੈਂ ਇਨ੍ਹਾਂ ਨੂੰ ਹੁਕਮ ਕੀਤਾ, ਉਹ ਤਾਂ ਇੱਜੜਾਂ ਵਾਂਗ ਸਿਰਫ਼ ਮੇਰੇ ਪਿੱਛੇ ਲੱਗੇ, ਅਤੇ ਮੇਰਾ ਆਖਾ ਮੰਨਿਆ। ਇਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇਸ ਲਈ ਕਿਰਪਾ ਕਰਕੇ ਤੁਸੀਂ ਜੋ ਵੀ ਸਜ਼ਾ ਦੇਣੀ ਹੈ ਉਹ ਇਨ੍ਹਾਂ ਮਾਸੂਮ ਲੋਕਾਂ ਨੂੰ ਨਹੀਂ ਸਗੋਂ ਮੈਨੂੰ ਦੇਵੋ ਜਾਂ ਮੇਰੇ ਪਿਤਾ ਦੇ ਘਰਾਣੇ ਨੂੰ।”
18 ਉਸ ਦਿਨ ਗਾਦ ਦਾਉਦ ਕੋਲ ਆਇਆ ਅਤੇ ਆਕੇ ਉਸ ਨੂੰ ਕਿਹਾ, “ਜਾ ਅਤੇ ਜਾਕੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਉਸਾਰ।” 19 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਗਾਦ ਨੇ ਕਿਹਾ ਅਤੇ ਦਾਊਦ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਚਾਹੁੰਦਾ ਸੀ। ਦਾਊਦ ਅਰਵਨਾਹ ਨੂੰ ਵੇਖਣ ਗਿਆ। 20 ਅਰਵਨਾਹ ਨੇ ਵੇਖਿਆ ਅਤੇ ਪਾਤਸ਼ਾਹ ਅਤੇ ਉਸ ਦੇ ਅਫ਼ਸਰ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਅਰਵਨਾਹ ਬਾਹਰ ਨਿਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਪਰ ਮੂੰਹ ਪਰਨੇ ਮੱਥਾ ਟੇਕਿਆ। 21 ਅਰਵਨਾਹ ਨੇ ਆਖਿਆ, “ਕੀ ਗੱਲ ਮੇਰੇ ਮਾਹਾਰਾਜ ਅਤੇ ਪਾਤਸ਼ਾਹ ਅੱਜ ਮੇਰੇ ਵੱਲ ਤਸ਼ਰੀਫ਼ ਲਿਆਏ ਹਨ?”
ਦਾਊਦ ਨੇ ਆਖਿਆ, “ਮੈਂ ਤੇਰੇ ਕੋਲੋਂ ਇਹ ਪਿੜ ਖਰੀਦਣ ਆਇਆ ਹਾਂ ਤਾਂ ਜੋ ਇੱਥੇ ਮੈਂ ਯਹੋਵਾਹ ਲਈ ਜਗਵੇਦੀ ਬਣਾ ਸੱਕਾਂ। ਤਦ ਇਸ ਦੇਸ਼ ਵਿੱਚੋਂ ਮਹਾਮਾਰੀ ਖਤਮ ਹੋ ਜਾਵੇਗੀ।”
22 ਅਰਵਨਾਹ ਨੇ ਦਾਊਦ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ ਬਲੀ ਚੜ੍ਹਾਉਣ ਲਈ ਜੋ ਕੁਝ ਵੀ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤੁਸੀਂ ਲੈਜਾ ਸੱਕਦੇ ਹੋ। ਵੇਖੋ! ਇੱਥੇ ਹੋਮ ਦੀ ਭੇਟ ਲਈ ਕੁਝ ਗਊਆਂ ਵੀ ਹਨ, ਬਲਦਾਂ ਦੇ ਵਲੇਵੇ ਸਣੇ ਇਹ ਸਭ ਲੱਕੜ ਦੇ ਲਈ ਹੈ। 23 ਹੇ ਪਾਤਸ਼ਾਹ! ਮੈਂ ਇਹ ਸਭ ਕੁਝ ਤੁਹਾਨੂੰ ਭੇਟ ਕਰਦਾ ਹਾਂ!” ਅਰਵਨਾਹ ਨੇ ਇਹ ਵੀ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਉੱਤੇ ਪ੍ਰਸੰਨ ਹੋਵੇ।”
24 ਪਰ ਪਾਤਸ਼ਾਹ ਨੇ ਅਰਵਨਾਹ ਨੂੰ ਕਿਹਾ, “ਨਹੀਂ! ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੈਨੂੰ ਇਸ ਜ਼ਮੀਨ ਦਾ ਮੁੱਲ ਚੁਕਾਵਾਂਗਾ ਕਿਉਂ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਹੋਮ ਦੀ ਭੇਟ ਨਹੀਂ ਚੜ੍ਹਾਵਾਂਗਾ ਜਿਸਦੇ ਉੱਪਰ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ।”
ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲਦ ਚਾਂਦੀ ਦੇ 50 ਸ਼ੈਕਲ ਦੇਕੇ ਮੁੱਲ ਲੈ ਲਿਆ। 25 ਤਦ ਦਾਊਦ ਨੇ ਉੱਥੇ ਯਹੋਵਾਹ ਵਾਸਤੇ ਜਗਵੇਦੀ ਬਣਾਈ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਿਮਾਰੀ ਹਟ ਗਈ।
23 ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਨੇਮ ਦੇ ਕੈਦੀ ਬਣੇ ਹੋਏ ਸਾਂ ਅਤੇ ਨੇਮ ਦੀ ਨਿਗਰਾਨੀ ਹੇਠ ਸਾਂ। ਸਾਨੂੰ ਉਦੋਂ ਤੱਕ ਕੋਈ ਅਜ਼ਾਦੀ ਨਹੀਂ ਸੀ ਜਦੋਂ ਤੱਕ ਪਰਮੇਸ਼ੁਰ ਨੇ ਸਾਡੇ ਤੇ ਵਿਸ਼ਵਾਸ ਦਾ ਉਹ ਮਾਰਗ, ਪਰਗਟ ਨਹੀਂ ਕੀਤਾ, ਜਿਹੜਾ ਆ ਰਿਹਾ ਸੀ। 24 ਇਸੇ ਲਈ ਮਸੀਹ ਦੇ ਆਉਣ ਤੱਕ ਨੇਮ ਸਾਡਾ ਨਿਗਹਬਾਨ ਸੀ। ਮਸੀਹ ਦੇ ਆਉਣ ਤੋਂ ਮਗਰੋਂ ਅਸੀਂ ਵਿਸ਼ਵਾਸ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਏ ਜਾ ਸੱਕਾਂਗੇ। 25 ਹੁਣ ਵਿਸ਼ਵਾਸ ਦਾ ਮਾਰਗ ਆ ਚੁੱਕਿਆ ਹੈ। ਇਸੇ ਲਈ, ਅਸੀਂ ਹੁਣ ਨੇਮ ਦੇ ਨਿਯੰਤ੍ਰਣ ਹੇਠਾਂ ਨਹੀਂ ਜਿਉਂਦੇ।
26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ। 27 ਕਿਉਂ ਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢੱਕ ਲਿਆ ਹੈ। 28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਇੱਥੇ ਗੁਲਾਮਾਂ ਅਤੇ ਆਜ਼ਾਦਾਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂ ਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। 29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।
4 ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, “ਜਦੋਂ ਤੱਕ ਇੱਕ ਵਾਰਸ ਨਾਬਾਲਗ ਹੁੰਦਾ ਹੈ ਉਹ ਗੁਲਾਮ ਨਾਲੋਂ ਬਹੁਤਾ ਵੱਖਰਾ ਨਹੀਂ ਹੁੰਦਾ। ਜੇਕਰ ਵਾਰਸ ਹਰ ਚੀਜ਼ ਦਾ ਮਾਲਕ ਬਣ ਜਾਂਦਾ ਹੈ ਤਾਂ ਵੀ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ। 2 ਕਿਉਂ? ਕਿਉਂ ਕਿ ਉਸ ਦੇ ਬਚਪਨੇ ਵੇਲੇ, ਉਸ ਨੂੰ ਆਪਣੀ ਦੇਖ ਭਾਲ ਕਰਨ ਵਾਲਿਆਂ ਦੇ ਆਦੇਸ਼ ਨੂੰ ਮੰਨਣਾ ਪੈਂਦਾ ਹੈ। ਪਰ ਜਦੋਂ ਉਹ ਆਪਣੇ ਪਿਤਾ ਦੁਆਰਾ ਨਿਰਧਾਰਿਤ ਉਮਰ ਵਿੱਚ ਪਹੁੰਚਦਾ ਹੈ, ਉਹ ਆਜ਼ਾਦ ਹੋ ਜਾਂਦਾ ਹੈ। 3 ਸਾਡੇ ਨਾਲ ਵੀ ਇਵੇਂ ਹੀ ਹੈ। ਅਸੀਂ ਵੀ ਕਦੇ ਬੱਚਿਆਂ ਵਰਗੇ ਸਾਂ। ਅਸੀਂ ਇਸ ਦੁਨੀਆਂ ਦੇ ਵਿਅਰਥ ਰਿਵਾਜ਼ਾਂ ਦੇ ਗੁਲਾਮ ਸਾਂ। ਪਰ ਜਦੋਂ ਠੀਕ ਸਮਾਂ ਆਇਆ ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲ ਦਿੱਤਾ। 4 ਪਰਮੇਸ਼ੁਰ ਦਾ ਪੁੱਤਰ ਇੱਕ ਔਰਤ ਤੋਂ ਜੰਮਿਆ ਸੀ। ਪਰਮੇਸ਼ੁਰ ਦਾ ਪੁੱਤਰ ਨੇਮ ਦੇ ਨਿਯੰਤ੍ਰਣ ਹੇਠ ਜੰਮਿਆਂ। 5 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਨੇਮ ਦੇ ਅਧੀਨ ਰਹਿ ਰਹੇ ਲੋਕਾਂ ਲਈ ਆਜ਼ਾਦੀ ਲਿਆ ਸੱਕੇ ਪਰਮੇਸ਼ੁਰ ਦਾ ਮੰਤਵ ਸਾਨੂੰ ਆਪਣੇ ਬੱਚੇ ਬਨਾਉਣਾ ਸੀ।
6 ਤੁਸੀਂ ਪਰਮੇਸ਼ੁਰ ਦੇ ਬੱਚੇ ਹੋ ਉਸੇ ਲਈ ਪਰਮੇਸ਼ੁਰ ਨੇ ਸਾਡੇ ਹਿਰਦਿਆਂ ਵਿੱਚ ਆਪਣੇ ਪੁੱਤਰ ਦੇ ਆਤਮਾ ਨੂੰ ਘੱਲਿਆ। ਆਤਮਾ ਕੁਰਲਾਉਂਦਾ ਹੈ, “ਅੱਬਾ, ਪਿਆਰੇ ਪਿਤਾ।” 7 ਇਸ ਲਈ ਤੁਸੀਂ ਹੁਣ ਅਤੀਤ ਦੀ ਤਰ੍ਹਾਂ ਗੁਲਾਮ ਨਹੀਂ ਹੋ। ਤੁਸੀਂ ਪਰਮੇਸ਼ੁਰ ਦੇ ਬੱਚੇ ਹੋ। ਪਰਮੇਸ਼ੁਰ ਤੁਹਾਨੂੰ ਉਹ ਚੀਜ਼ਾਂ ਦੇਵੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ। ਕਿਉਂ ਕਿ ਤੁਸੀਂ ਉਸ ਦੇ ਬੱਚੇ ਹੋ।
ਯਿਸੂ ਦੁਨੀਆਂ ਦਾ ਚਾਨਣ ਹੈ
12 ਬਾਦ ਵਿੱਚ ਯਿਸੂ ਨੇ ਮੁੜ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਦੁਨੀਆਂ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਉਹ ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦੀ ਰੋਸ਼ਨੀ ਹੋਵੇਗੀ।”
13 ਪਰ ਫਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ-ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾ ਸਿਰਫ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹੈ, ਇਸ ਲਈ ਅਸੀਂ ਉਹ ਨਹੀਂ ਕਬੂਲ ਸੱਕਦੇ ਜੋ ਤੂੰ ਆਖ ਰਿਹਾ ਹੈਂ।”
14 ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਨੇ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਵਾਂਗਾ। 15 ਤੁਸੀਂ ਲੋਕ ਮਾਨਵੀ ਦਰਜੇ ਦੇ ਆਧਾਰ ਤੇ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ। 16 ਪਰ ਜੇ ਮੈਂ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ, ਕਿਉਂ ਕਿ ਮੈਂ ਇੱਕਲਾ ਨਹੀਂ ਹਾਂ, ਪਿਤਾ ਜਿਸ ਨੇ ਮੈਨੂੰ ਭੇਜਿਆ ਮੇਰੇ ਨਾਲ ਹੈ। 17 ਤੁਹਾਡੀ ਸ਼ਰ੍ਹਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਜਾਇਜ਼ ਹੈ। 18 ਮੈਂ ਆਪਣੇ ਪੱਖ ਉੱਤੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸਨੇ ਮੈਨੂੰ ਭੇਜਿਆ ਹੈ, ਵੀ ਮੇਰੇ ਪੱਖ ਉੱਤੇ ਗਵਾਹੀ ਦਿੰਦਾ ਹੈ।”
19 ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?”
ਯਿਸੂ ਨੇ ਆਖਿਆ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।” 20 ਯਿਸੂ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਮੰਦਰ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਚੜ੍ਹਾਵੇ ਦੀ ਪੇਟੀ ਕੋਲ ਪ੍ਰਚਾਰ ਕਰ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸ ਨੂੰ ਗਿਰਫਤਾਰ ਨਹੀਂ ਕੀਤਾ ਕਿਉਂ ਕਿ ਅਜੇ ਯਿਸੂ ਦਾ ਸਹੀ ਵੇਲਾ ਨਹੀਂ ਸੀ ਆਇਆ।
2010 by World Bible Translation Center