Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 131-135

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
    ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
    ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
    ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
    ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।

ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
    ਹੁਣ ਉਸ ਉੱਤੇ ਵਿਸ਼ਵਾਸ ਕਰ ਅਤੇ ਸਦਾ ਲਈ ਵਿਸ਼ਵਾਸ ਕਰ।

ਮੰਦਰ ਜਾਣ ਵੇਲੇ ਦਾ ਇੱਕ ਗੀਤ।

132 ਯਹੋਵਾਹ, ਯਾਦ ਕਰੋ ਕਿ ਦਾਊਦ ਨੇ ਕਿਵੇਂ ਦੁੱਖ ਭੋਗਿਆ ਸੀ।
ਦਾਊਦ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ।
    ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਨਾਲ ਖਾਸ ਇਕਰਾਰ ਕੀਤਾ ਸੀ।
ਦਾਊਦ ਨੇ ਆਖਿਆ, “ਮੈਂ ਆਪਣੇ ਘਰ ਅੰਦਰ ਨਹੀਂ ਜਾਵਾਂਗਾ,
    ਮੈਂ ਆਪਣੇ ਬਿਸਤਰ ਉੱਤੇ ਨਹੀਂ ਲੇਟਾਗਾ।
ਮੈਂ ਸੌਵਾਂਗਾ ਨਹੀਂ
    ਮੈਂ ਆਪਣੀਆਂ ਅੱਖਾਂ ਨੂੰ ਅਰਾਮ ਨਹੀਂ ਦੇਵਾਂਗਾ।
ਮੈਂ ਉਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਾਂਗਾ ਜਦੋਂ ਤੀਕ ਮੈਂ ਯਹੋਵਾਹ ਲਈ ਘਰ ਨਹੀਂ ਲੱਭਦਾ।
    ਯਾਕੂਬ ਦੇ ਪਰਮੇਸ਼ੁਰ ਲਈ ਇੱਕ ਸ਼ਕਤੀਸ਼ਾਲੀ ਘਰ!”

ਅਸੀਂ ਇਸ ਬਾਰੇ ਅਫ਼ਰਾਥਾਹ ਵਿੱਚ ਸੁਣਿਆ।
    ਅਸੀਂ ਕਰਾਰ ਦੇ ਪਵਿੱਤਰ ਸੰਦੂਕ ਨੂੰ ਕਿਰਯਥ-ਯਾਅਰ ਦੇ ਪਹਾੜੀ ਖੇਤਾਂ ਵਿੱਚ ਲੱਭ ਲਿਆ।
ਆਓ ਅਸੀਂ ਪਵਿੱਤਰ ਤੰਬੂ ਅੰਦਰ ਚੱਲੀਏ।
    ਅਸੀਂ ਉਸ ਚੌਂਕੀ ਕੋਲ ਉਪਾਸਨਾ ਕਰੀਏ ਜਿੱਥੇ ਪਰਮੇਸ਼ੁਰ ਆਪਣੇ ਕਦਮ ਰੱਖਦਾ ਹੈ।
ਯਹੋਵਾਹ, ਆਪਣੇ ਆਸਣ ਤੋਂ ਉੱਠੋ!
    ਯਹੋਵਾਹ, ਤੁਸੀਂ ਅਤੇ ਤੁਹਾਡਾ ਸ਼ਕਤੀਸ਼ਾਲੀ ਬਕਸਾ ਉੱਠੇ।
ਹੇ ਪਰਮੇਸ਼ੁਰ, ਤੁਹਾਡੇ ਜਾਜਕ ਚੰਗਿਆਈ ਨਾਲ ਸੱਜੇ ਹੋਏ ਹੋਣ।
    ਤੁਹਾਡੇ ਵਫ਼ਾਦਾਰ ਚੇਲੇ ਬਹੁਤ ਪ੍ਰਸੰਨ ਹਨ।
10 ਆਪਣੇ ਸੇਵਕ ਦਾਊਦ ਦੇ ਭਲੇ ਲਈ,
    ਆਪਣੇ ਚੁਣੇ ਹੋਏ ਰਾਜੇ ਨੂੰ ਰੱਦ ਨਾ ਕਰੋ।
11 ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ।
ਯਹੋਵਾਹ ਨੇ ਦਾਊਦ ਨਾਲ ਵਫ਼ਾਦਾਰ ਹੋਣ ਦਾ ਇਕਰਾਰ ਕੀਤਾ।
    ਯਹੋਵਾਹ ਨੇ ਇਕਰਾਰ ਕੀਤਾ ਕਿ ਦਾਊਦ ਦੇ ਪਰਿਵਾਰ ਵਿੱਚੋਂ ਰਾਜੇ ਹੋਣਗੇ।
12 ਯਹੋਵਾਹ ਨੇ ਆਖਿਆ, “ਦਾਊਦ, ਜੇ ਤੇਰੇ ਬੱਚੇ ਮੇਰੇ ਕਰਾਰ ਨੂੰ ਅਤੇ ਉਨ੍ਹਾਂ ਨੇਮਾ ਨੂੰ ਮੰਨਣਗੇ ਜਿਨ੍ਹਾਂ ਦੀ ਮੈਂ ਸਿੱਖਿਆ ਦਿੰਦਾ ਹਾਂ।
    ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਸਦਾ ਕੋਈ ਨਾ ਕੋਈ ਰਾਜਾ ਹੋਵੇਗਾ।”

13 ਯਹੋਵਾਹ ਨੇ ਸੀਯੋਨ ਨੂੰ ਆਪਣੇ ਮੰਦਰ ਸਥਾਨ ਵਜੋਂ ਚੁਣਿਆ।
    ਇਹ ਉਹੀ ਥਾਂ ਹੈ ਜਿਹੜੀ ਉਹ ਆਪਣੇ ਘਰ ਵਾਸਤੇ ਚਾਹੁੰਦਾ ਸੀ।
14 ਯਹੋਵਾਹ ਨੇ ਆਖਿਆ, “ਸਦਾ-ਸਦਾ ਲਈ ਮੇਰਾ ਇਹੀ ਸਥਾਨ ਹੋਵੇਗਾ
    ਮੈਂ ਇਸ ਥਾਂ ਨੂੰ ਚੁਣਦਾ ਹਾਂ ਜਿੱਥੇ ਮੈਂ ਹੋਵਾਂਗਾ।
15 ਮੈਂ ਇਸ ਸ਼ਹਿਰ ਨੂੰ ਚੋਖੇ ਭੋਜਨ ਦੀ ਅਸੀਸ ਦੇਵਾਂਗਾ।
    ਤਾਂ ਜੋ ਗਰੀਬ ਲੋਕਾਂ ਕੋਲ ਖਾਣ ਲਈ, ਚੋਖਾ ਹੋਵੇਗਾ।
16 ਮੈਂ ਜਾਜਕਾ ਨੂੰ ਮੁਕਤੀ ਦੇ ਵਸਤਰ ਪਹਿਨਾਵਾਂਗਾ।
    ਅਤੇ ਮੇਰੇ ਅਨੁਯਾਈ ਉੱਥੇ ਬਹੁਤ ਖੁਸ਼ ਹੋਣਗੇ।
17 ਇਸ ਥਾਂ ਅੰਦਰ, ਮੈਂ ਦਾਊਦ ਨੂੰ ਬਲਵਾਨ ਬਣਾਵਾਂਗਾ।
    ਮੈਂ ਆਪਣੇ ਚੁਣੇ ਹੋਏ ਰਾਜੇ ਨੂੰ ਇੱਕ ਦੀਪਕ ਪ੍ਰਦਾਨ ਕਰਾਂਗਾ।
18 ਮੈਂ ਦਾਊਦ ਦੇ ਦੁਸ਼ਮਣਾਂ ਨੂੰ ਸ਼ਰਮ ਨਾਲ ਢੱਕ ਦਿਆਂਗਾ।
    ਪਰ ਮੈਂ ਦਾਊਦ ਦੇ ਪਰਿਵਾਰ ਨੂੰ ਵੱਧਾ ਦੇਵਾਂਗਾ।”

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

133 ਆਹਾ, ਇਹ ਕਿੰਨੀ ਚੰਗੀ ਅਤੇ ਪ੍ਰਸੰਨਤਾ ਭਰੀ ਗੱਲ ਹੈ
    ਜਦੋਂ ਸੱਚਮੁੱਚ ਭਰਾ ਇਕੱਠੇ ਹੋਕੇ ਮਿਲ-ਬੈਠਦੇ ਹਨ।
ਇਹ ਹਾਰੂਨ ਦੇ ਸਿਰ ਉੱਤੇ ਪਾਏ ਹੋਏ ਮਿੱਠੀ ਸੁਗੰਧ ਵਾਲੇ ਤੇਲ ਵਾਂਗ ਹੈ,
    ਅਤੇ ਉਸਦੀ ਦਾਹੜੀ ਵਿੱਚੋਂ ਹੇਠਾ ਤਿਲਕਦੇ ਹੋਏ ਜਿਹੜਾ ਉਸ ਦੇ ਖਾਸ ਵਸਤਰਾਂ ਵਿੱਚ ਵੱਗਦਾ ਹੈ।
ਇਹ ਵਰਖਾ ਵਾਂਗ ਨਰਮ ਹੈ ਜੋ ਹਰਮੋਨ ਪਰਬਤ ਤੋਂ ਸੀਯੋਨ ਪਰਬਤ ਉੱਤੇ ਹੋ ਰਹੀ ਹੈ।
    ਕਿਉਂਕਿ ਇਹ ਸੀਯੋਨ ਹੀ ਸੀ ਜਿਸ ਨੂੰ ਯਹੋਵਾਹ ਨੇ ਅਸੀਸ ਪ੍ਰਦਾਨ ਕੀਤੀ ਸੀ। ਸਦੀਵੀ ਜੀਵਨ ਦੀ ਅਸੀਸ।

ਮੰਦਰ ਜਾਣ ਵੇਲੇ ਦਾ ਇੱਕ ਗੀਤ।

134 ਯਹੋਵਾਹ ਦੀ ਉਸਤਤਿ ਕਰੋ, ਉਸ ਦੇ ਸਾਰੇ ਸੇਵਕੋ!
    ਤੁਹਾਡੇ ਸੇਵਕਾਂ ਨੇ ਤੁਹਾਡੇ ਮੰਦਰ ਵਿੱਚ ਸੇਵਾ ਕੀਤੀ ਸੀ।
ਸੇਵਕੋ, ਆਪਣੇ ਹੱਥ ਉੱਠਾਉ
    ਅਤੇ ਯਹੋਵਾਹ ਨੂੰ ਅਸੀਸ ਦੇਵੋ।
ਅਤੇ ਯਹੋਵਾਹ ਤੁਹਾਨੂੰ ਸੀਯੋਨ ਤੋਂ ਅਸੀਸ ਦੇਵੇ
    ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।

135 ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ!
    ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਉਸਦੀ ਉਸਤਤਿ ਕਰੋ, ਤੁਸੀਂ ਲੋਕ ਜਿਹੜੇ ਯਹੋਵਾਹ ਦੇ ਮੰਦਰ ਵਿੱਚ,
    ਸਾਡੇ ਪਰਮੇਸ਼ੁਰ ਦੇ ਮੰਦਰ ਦੇ ਵਰਾਂਡੇ ਵਿੱਚ ਖਲੋਤੇ ਹੋਏ ਹੋ।
ਯਹੋਵਾਹ ਦੀ ਉਸਤਤਿ ਕਰੋ, ਕਿਉਂ ਕਿ ਉਹ ਨੇਕ ਹੈ।
    ਉਸ ਦੇ ਨਾਮ ਦੀ ਉਸਤਤਿ ਕਰੋ, ਕਿਉਂਕਿ ਇਹ ਖੁਸ਼ੀ ਭਰਿਆ ਹੈ।

ਯਹੋਵਾਹ ਨੇ ਯਾਕੂਬ ਨੂੰ ਚੁਣਿਆ ਹੈ।
    ਇਸਰਾਏਲ ਪਰਮੇਸ਼ੁਰ ਦਾ ਹੈ।
ਮੈਂ ਜਾਣਦਾ ਯਹੋਵਾਹ ਮਹਾਨ ਹੈ!
    ਸਾਡਾ ਮਾਲਕ ਸਾਰੇ ਦੇਵਤਿਆ ਨਾਲੋਂ ਵੱਧੇਰੇ ਮਹਾਨ ਹੈ।
ਯਹੋਵਾਹ ਕੋਈ ਵੀ ਗੱਲ ਕਰਦਾ ਹੈ, ਜੋ ਵੀ ਉਹ ਸਵਰਗ ਅਤੇ ਧਰਤੀ ਉੱਤੇ,
    ਸਾਗਰਾਂ ਤੋਂ ਡੂੰਘੇ ਸਮੁੰਦਰਾ ਵਿੱਚ ਚਾਹੁੰਦਾ ਹੈ।
ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ।
    ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ।
    ਯਹੋਵਾਹ ਹਵਾ ਨੂੰ ਸਾਜਦਾ ਹੈ।
ਪਰਮੇਸ਼ੁਰ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਬੰਦਿਆ ਨੂੰ ਅਤੇ ਸਾਰੇ ਜਾਨਵਰਾਂ ਨੂੰ ਤਬਾਹ ਕਰ ਦਿੱਤਾ ਹੈ।
ਪਰਮੇਸ਼ੁਰ ਨੇ ਮਿਸਰ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਕਰਿਸ਼ਮੇ ਕੀਤੇ।
    ਪਰਮੇਸ਼ੁਰ ਨੇ ਇਹ ਗੱਲਾਂ ਫ਼ਿਰਊਨ ਅਤੇ ਉਸ ਦੇ ਅਫ਼ਸਰਾਂ ਨਾਲ ਵਾਪਰਨ ਦਾ ਕਾਰਣ ਬਣਾਇਆ।
10 ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ
    ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
11 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾ ਦਿੱਤਾ,
    ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾ ਦਿੱਤਾ,
    ਪਰਮੇਸ਼ੁਰ ਨੇ ਕਨਾਨ ਦੀਆਂ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ।
12 ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
    ਪਰਮੇਸ਼ੁਰ ਨੇ ਉਹ ਧਰਤੀ ਆਪਣੇ ਲੋਕਾਂ ਨੂੰ ਦੇ ਦਿੱਤੀ।

13 ਯਹੋਵਾਹ, ਤੁਹਾਡਾ ਨਾਮ ਸਦਾ ਲਈ ਰੌਸ਼ਨ ਰਹੇਗਾ।
    ਯਹੋਵਾਹ ਲੋਕ ਤੁਹਾਨੂੰ ਸਦਾ-ਸਦਾ ਲਈ ਯਾਦ ਕਰਨਗੇ।
14 ਯਹੋਵਾਹ ਨੇ ਕੌਮਾ ਨੂੰ ਸਜ਼ਾ ਦਿੱਤੀ
    ਪਰ ਯਹੋਵਾਹ ਆਪਣੇ ਨੌਕਰਾ ਲਈ ਦਯਾਵਾਨ ਸੀ।
15 ਪਰਾਈਆਂ ਕੌਮਾਂ ਦੇ ਲੋਕ ਸਿਰਫ਼ ਸੋਨੇ-ਚਾਂਦੀ ਦੇ ਦੇਵਤੇ ਹੀ ਸਨ,
    ਉਨ੍ਹਾਂ ਦੇ ਦੇਵਤੇ ਬੰਦਿਆ ਦੇ ਬਣਾਏ ਹੋਏ ਸਿਰਫ਼ ਬੁੱਤ ਸਨ।
16 ਬੁੱਤਾਂ ਦੇ ਮੂੰਹ ਸਨ ਪਰ ਉਹ ਬੋਲ ਨਹੀਂ ਸੱਕਦੇ ਸਨ,
    ਬੁੱਤਾਂ ਦੀਆਂ ਅੱਖਾਂ ਸਨ ਪਰ ਉਹ ਦੇਖ ਨਹੀਂ ਸੱਕਦੀਆਂ ਸਨ।
17 ਬੁੱਤਾਂ ਦੇ ਕੰਨ ਸਨ ਪਰ ਸੁਣ ਨਹੀਂ ਸੱਕਦੇ ਸਨ,
    ਬੁੱਤਾਂ ਦੇ ਨੱਕ ਸਨ ਪਰ ਸੁੰਘ ਨਹੀਂ ਸੱਕਦੇ ਸਨ।
18 ਉਹ ਜਿਨ੍ਹਾਂ ਨੇ ਬੁੱਤ ਬਣਾਏ ਸਨ, ਉਹ ਉਨ੍ਹਾਂ ਜਿਹੇ ਹੀ ਹੋਣਗੇ।
    ਕਿਉਂ? ਕਿਉਂਕਿ ਉਨ੍ਹਾਂ ਨੇ ਸਹਾਇਤਾ ਲਈ ਬੁੱਤਾ ਉੱਤੇ ਵਿਸ਼ਵਾਸ ਕੀਤਾ।

19 ਇਸਰਾਏਲ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
    ਹਾਰੂਨ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
20 ਲੇਵੀ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
    ਯਹੋਵਾਹ ਦੇ ਚੇਲਿਉ, ਯਹੋਵਾਹ ਨੂੰ ਅਸੀਸ ਦੇਵੋ।
21 ਯਹੋਵਾਹ ਨੂੰ ਸੀਯੋਨ ਤੋਂ ਅਸੀਸ ਹੈ,
    ਉਸ ਦੇ ਘਰ, ਯਰੂਸ਼ਲਮ ਤੋਂ

ਯਹੋਵਾਹ ਦੀ ਉਸਤਤਿ ਕਰੋ।

2 ਸਮੂਏਲ 19:1-23

ਯੋਆਬ ਦਾ ਦਾਊਦ ਨੂੰ ਮੰਦਾ ਆਖਣਾ

19 ਲੋਕਾਂ ਨੇ ਇਹ ਖਬਰ ਯੋਆਬ ਨੂੰ ਸੁਣਾਈ। ਉਨ੍ਹਾਂ ਆਖਿਆ, “ਵੇਖ, ਪਾਤਸ਼ਾਹ ਅਬਸ਼ਾਲੋਮ ਲਈ ਕੁਰਲਾਅ ਰਿਹਾ ਹੈ ਅਤੇ ਬੜਾ ਉਦਾਸ ਹੈ।” ਉਸ ਦਿਨ ਦਾਊਦ ਦੀ ਫ਼ੌਜ ਦੀ ਜਿੱਤ ਹੋਈ, ਪਰ ਉਸ ਦਿਨ ਦੀ ਇਹ ਖਬਰ ਸਭਨਾਂ ਲੋਕਾਂ ਲਈ ਦੁੱਖ ਦਾ ਦਿਹਾੜਾ ਬਣੀ। ਇਹ ਸਭਨਾਂ ਲਈ ਸ਼ੋਕ ਦਾ ਦਿਹਾੜਾ ਸੀ ਕਿਉਂ ਕਿ ਲੋਕਾਂ ਨੇ ਸੁਣਿਆ ਕਿ, “ਪਾਤਸ਼ਾਹ ਆਪਣੇ ਪੁੱਤਰ ਲਈ ਬੜਾ ਦੁੱਖੀ ਹੈ।”

ਲੋਕ ਚੁੱਪ-ਚੁਪੀਤਾ ਸ਼ਹਿਰ ਵਿੱਚ ਆ ਵੜੇ। ਉਹ ਇੰਝ ਪ੍ਰਵੇਸ਼ ਕੀਤੇ ਜਿਵੇਂ ਲੋਕ ਲੜਾਈ ਵਿੱਚੋਂ ਹਾਰ ਖਾਕੇ ਸ਼ਰਮ ਦੇ ਮਾਰੇ ਆਉਂਦੇ ਹਨ। ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉੱਚੀ-ਉੱਚੀ ਕੁਰਲਾਅ ਰਿਹਾ ਸੀ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਅਬਸ਼ਾਲੋਮ, ਮੇਰੇ ਪੁੱਤਰ, ਹਾਏ ਮੇਰੇ ਪੁੱਤਰ।”

ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ। ਪਰ ਤੁਸੀਂ ਤਾਂ ਸਗੋਂ ਆਪਣੇ ਦੁਸ਼ਮਣਾਂ ਨਾਲ ਪ੍ਰੀਤ ਕਰ ਰਹੇ ਹੋ ਅਤੇ ਜੋ ਤੁਹਾਨੂੰ ਪ੍ਰੀਤ ਕਰਦੇ ਹਨ ਉਨ੍ਹਾਂ ਨਾਲ ਘਿਰਣਾ ਕਰ ਰਹੇ ਹੋ। ਅੱਜ ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡੇ ਲਈ ਤੁਹਾਡੇ ਅਫ਼ਸਰਾਂ ਅਤੇ ਲੋਕਾਂ ਦਾ ਕੋਈ ਮੁੱਲ ਨਹੀਂ। ਇਹ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਅਬਸ਼ਾਲੋਮ ਜਿਉਂਦਾ ਰਹਿੰਦਾ ਅਤੇ ਉਸਦੀ ਜਗ੍ਹਾ ਅੱਜ ਅਸੀਂ ਮਾਰੇ ਗਏ ਹੁੰਦੇ ਤਾਂ ਤੁਸੀਂ ਪੂਰੇ ਖੁਸ਼ ਹੋਣਾ ਸੀ। ਸੋ ਹੁਣ ਉੱਠੋ ਅਤੇ ਉੱਠ ਕੇ ਆਪਣੇ ਅਫ਼ਸਰਾਂ ਨੂੰ ਧੀਰਜ ਦੇਵੋ ਕਿਉਂ ਕਿ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਜੇ ਤੁਸੀਂ ਬਾਹਰ ਨਹੀਂ ਨਿਕਲੋਂਗੇ ਤਾਂ ਰਾਤ ਤੀਕ ਤੁਹਾਡੇ ਨਾਲ ਇੱਕ ਵੀ ਬੰਦਾ ਨਹੀਂ ਰਹੇਗਾ ਅਤੇ ਇਹ ਤੁਹਾਡੇ ਲਈ ਉਨ੍ਹਾਂ ਸਾਰੀਆਂ ਬੁਰਿਆਈਆਂ ਨਾਲੋਂ ਜੋ ਜੁਆਨੀ ਦੀ ਉਮਰ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਤੁਹਾਡੇ ਉੱਪਰ ਆਈਆਂ, ਤੋਂ ਵੱਧੀਕ ਬੁਰੀ ਹੋਵੇਗੀ।”

ਤਦ ਪਾਤਸ਼ਾਹ ਸ਼ਹਿਰ ਦੇ ਦੁਆਰ ਤੀਕ ਗਿਆ ਤੇ ਇਹ ਖਬਰ ਝਟ ਫ਼ੈਲ ਗਈ ਕਿ ਪਾਤਸ਼ਾਹ ਦੁਆਰ ਤੇ ਖੜ੍ਹਾ ਹੈ ਤਾਂ ਸਾਰੇ ਲੋਕ ਪਾਤਸ਼ਾਹ ਨੂੰ ਮਿਲਣ ਲਈ ਆਏ। ਕਿਉਂ ਕਿ ਸਾਰੇ ਇਸਰਾਏਲੀ ਜਿਨ੍ਹਾਂ ਅਬਸ਼ਾਲੋਮ ਨੂੰ ਚੁਣਿਆ ਸੀ ਆਪਣੇ ਘਰੋ-ਘਰੀਁ ਭੱਜ ਗਏ ਸਨ।

ਦਾਊਦ ਦਾ ਮੁੜ ਪਾਤਸ਼ਾਹ ਠਹਿਰਨਾ

ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਸਭ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਕਿ, “ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਹਿਆ ਅਤੇ ਫ਼ਲਿਸਤੀਆਂ ਤੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਹੱਥੋਂ ਦੇਸੋਂ ਭੱਜ ਗਿਆ ਹੈ। 10 ਇਸ ਲਈ ਅਸੀਂ ਅਬਸ਼ਾਲੋਮ ਨੂੰ ਰਾਜ ਕਰਨ ਲਈ ਚੁਣਿਆ। ਪਰ ਹੁਣ ਅਬਸ਼ਾਲੋਮ ਵੀ ਮਰ ਗਿਆ ਹੈ। ਉਹ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਅਸੀਂ ਦਾਊਦ ਨੂੰ ਮੁੜ ਪਾਤਸ਼ਾਹ ਥਾਪਦੇ ਹਾਂ।”

11 ਦਾਊਦ ਪਾਤਸ਼ਾਹ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੁਨੇਹਾ ਭੇਜਿਆ ਅਤੇ ਕਿਹਾ, “ਯਹੂਦਾਹ ਦੇ ਬਜ਼ੁਰਗਾਂ ਨਾਲ ਗੱਲ ਕਰੋ। ਆਖੋ, ਤੁਸੀਂ ਦਾਊਦ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਪਿੱਛੇ ਰਹਿ ਗਏ ਹੋਂ?” 12 ਤੁਸੀਂ ਮੇਰੇ ਭਰਾ ਭਾਈ ਅਤੇ ਮੇਰਾ ਪਰਿਵਾਰ ਹੋ ਤਾਂ ਫ਼ਿਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ। 13 ਅਮਾਸਾ ਨੂੰ ਆਖੋ, “ਤੂੰ ਮੇਰੇ ਹੀ ਪਰਿਵਾਰ ਦਾ ਅੰਗ ਹੈਂ। ਸੋ ਜੇਕਰ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੇ ਅੱਗੇ ਸੇਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਸ ਤੋਂ ਵੀ ਵੱਧੀਕ ਕਰੇ।”

14 ਦਾਊਦ ਨੇ ਯਹੂਦਾਹ ਦੇ ਸਾਰੇ ਲੋਕਾਂ ਦੇ ਦਿਲਾਂ ’ਚ ਘਰ ਕਰ ਲਿਆ ਇਸ ਲਈ ਉਹ ਸਾਰੇ ਇੱਕ ਰਾਇ ਹੋ ਗਏ। ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਕਿ, “ਆਪਣੇ ਸਾਰੇ ਅਫ਼ਸਰਾਂ ਸਮੇਤ ਤੁਸੀਂ ਮੁੜ ਆਵੋ।”

15 ਤਦ ਦਾਊਦ ਪਾਤਸ਼ਾਹ ਯਰਦਨ ਨਦੀ ਦੇ ਕੰਢੇ ਆਇਆ। ਯਹੂਦਾਹ ਦੇ ਲੋਕ ਉਸ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੀਕ ਆਏ।

ਸ਼ਿਮਈ ਨੇ ਦਾਊਦ ਤੋਂ ਖਿਮਾ ਮੰਗੀ

16 ਗੇਰਾ ਦਾ ਪੁੱਤਰ ਸ਼ਿਮਈ ਬਿਨਯਾਮੀਨੀ ਬਹੁਰੀਮ ਤੋਂ ਕਾਹਲੀ ਨਾਲ ਤੁਰਿਆ ਅਤੇ ਯਹੂਦਾਹ ਦੇ ਲੋਕਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਨੂੰ ਮਿਲਣ ਲਈ ਆਇਆ। 17 ਤਕਰੀਬਨ 1,000 ਦੇ ਕਰੀਬ ਲੋਕ ਬਿਨਯਾਮੀਨ ਤੋਂ ਸ਼ਿਮਈ ਦੇ ਨਾਲ ਤੁਰੇ। ਦਾਊਦ ਦੇ ਪਰਿਵਾਰ-ਸਮੂਹ ਵਿੱਚੋਂ ਸੀਬਾ ਨਾਂ ਦਾ ਸੇਵਕ ਵੀ ਆਇਆ ਅਤੇ ਉਹ ਆਪਣੇ ਨਾਲ ਆਪਣੇ 15 ਪੁੱਤਰ ਅਤੇ 20 ਨੌਕਰ ਵੀ ਲੈ ਕੇ ਆਇਆ। ਫ਼ਿਰ ਸਾਰੇ ਲੋਕ ਬੜੀ ਕਾਹਲੀ ਨਾਲ ਯਰਦਨ ਦਰਿਆ ਕੋਲ ਦਾਊਦ ਪਾਤਸ਼ਾਹ ਦੇ ਮਿਲਣ ਲਈ ਆਏ।

18 ਪਾਤਸ਼ਾਹ ਦੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਲੋਕਾਂ ਨੇ ਯਰਦਨ ਦਰਿਆ ਪਾਰ ਕੀਤਾ। ਲੋਕਾਂ ਨੇ ਉਹੀ ਕੀਤਾ ਜੋ ਰਾਜਾ ਚਾਹੁੰਦਾ ਸੀ, ਜਦੋਂ ਰਾਜਾ ਦਰਿਆ ਪਾਰ ਕਰ ਰਿਹਾ ਸੀ ਗੇਰਾ ਦਾ ਪੁੱਤਰ ਸ਼ਿਮਈ ਉਸ ਨੂੰ ਵੇਖਣ ਲਈ ਆਇਆ। ਸ਼ਿਮਈ ਦਾ ਅਭਿਵਾਦਨ ਕਰਨ ਲਈ ਧਰਤੀ ਤੇ ਝੁਕ ਗਿਆ।। 19 ਸ਼ਿਮਈ ਨੇ ਪਾਤਸ਼ਾਹ ਨੂੰ ਕਿਹਾ, “ਮੇਰੇ ਮਹਾਰਾਜ, ਮੇਰੀਆਂ ਗ਼ਲਤ ਕਰਨੀਆਂ ਨੂੰ ਚੇਤੇ ਨਾ ਕਰੋ! ਮੇਰੇ ਮਹਾਰਾਜ, ਉਨ੍ਹਾਂ ਮੰਦੀਆਂ ਗੱਲਾਂ ਨੂੰ ਭੁੱਲ ਜਾ ਜੋ ਮੈਂ ਉਦੋਂ ਕੀਤੀਆਂ ਸਨ ਜਦੋਂ ਤੂੰ ਯਰੂਸ਼ਲਮ ਛੱਡਿਆ ਸੀ। 20 ਤੁਸੀਂ ਜਾਣਦੇ ਹੋ ਕਿ ਮੈਂ ਪਾਪ ਕੀਤਾ ਹੈ ਇਸੇ ਲਈ ਵੇਖੋ! ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਨੂੰ ਮਿਲਣ ਲਈ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿਕਲਿਆ ਹਾਂ।”

21 ਫ਼ਿਰ ਲੇਕਿਨ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਕਿਹਾ, “ਸ਼ਿਮਈ ਨੂੰ ਜ਼ਰੂਰ ਮੌਤ ਮਿਲਣੀ ਚਾਹੀਦੀ ਹੈ ਜਿਸਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ।”

22 ਦਾਊਦ ਨੇ ਆਖਿਆ, “ਹੇ ਸਰੂਯਾਹ ਦੇ ਪੁੱਤਰੋ! ਭਲਾ ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਵੋਂ? ਇਸਰਾਏਲ ਦੇ ਵਿੱਚ ਕੋਈ ਵੀ ਮਨੁੱਖ ਅੱਜ ਦੇ ਦਿਨ ਵੱਢਿਆ ਨਹੀਂ ਜਾਵੇਗਾ! ਭਲਾ ਮੈਂ ਇਹ ਨਹੀਂ ਜਾਣਦਾ ਕਿ ਅੱਜ ਦੇ ਦਿਨ ਮੈਂ ਇਸਰਾਏਲ ਦਾ ਪਾਤਸ਼ਾਹ ਬਣਿਆ ਹਾਂ?”

23 ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, “ਤੂੰ ਨਹੀਂ ਮਾਰਿਆ ਜਾਵੇਂਗਾ!” ਅਤੇ ਇਕਰਾਰ ਕੀਤਾ ਕਿ ਉਹ ਆਪਣੀ ਜ਼ਿੰਦਗੀ ਨਹੀਂ ਗੁਆਵੇਗਾ। [a]

ਰਸੂਲਾਂ ਦੇ ਕਰਤੱਬ 24:1-23

ਯਹੂਦੀਆਂ ਨੇ ਪੌਲੁਸ ਨੂੰ ਮੁਲਜਮ ਠਹਿਰਾਇਆ

24 ਪੰਜਾਂ ਦਿਨਾਂ ਬਾਅਦ ਹਨਾਨਿਯਾਹ ਨਾਂ ਦਾ ਸਰਦਾਰ ਜਾਜਕ ਕੈਸਰਿਯਾ ਵਿੱਚ ਆਇਆ ਅਤੇ ਆਪਣੇ ਨਾਲ ਕੁਝ ਬਜ਼ੁਰਗ ਯਹੂਦੀ ਆਗੂਆਂ ਅਤੇ ਤਰਤੁੱਲੁਸ ਨਾਂ ਦੇ ਇੱਕ ਵਕੀਲ ਨੂੰ ਵੀ ਲਿਆਇਆ। ਉਹ ਕੈਸਰਿਯਾ ਨੂੰ ਪੌਲੁਸ ਦੇ ਖਿਲਾਫ਼ ਰਾਜਪਾਲ ਅੱਗੇ ਦੋਸ਼ ਦੱਸਣ ਲਈ ਗਏ। ਜਦੋਂ ਪੌਲੁਸ ਨੂੰ ਅੰਦਰ ਬੁਲਾਇਆ ਗਿਆ, ਤਰਤੁੱਲੁਸ ਨੇ ਪੌਲੁਸ ਦੇ ਵਿਰੁੱਧ ਇਲਜਾਮ ਦੱਸਣੇ ਸ਼ੁਰੂ ਕੀਤੇ।

ਤਰਤੁੱਲੁਸ ਨੇ ਕਿਹਾ, “ਹੇ ਫ਼ੇਲਿਕਸ ਬਹਾਦੁਰ। ਅਸੀਂ ਤੇ ਸਾਡੇ ਲੋਕ ਤੁਹਾਡੇ ਕਾਰਣ ਬੜੀ ਸ਼ਾਂਤੀ ਭੋਗਦੇ ਹਾਂ ਅਤੇ ਸਾਡੇ ਦੇਸ਼ ਵਿੱਚ ਬਹੁਤ ਸਾਰੇ ਗਲਤ ਕੰਮ ਤੁਹਾਡੀ ਸਿਆਣਪ ਦੇ ਕਦਮਾਂ ਕਰਕੇ ਠੀਕ ਕੀਤੇ ਜਾਂਦੇ ਹਨ। ਹਰ ਜਗ਼੍ਹਾ ਅਤੇ ਹਰ ਵੇਲੇ ਅਸੀਂ ਇਹ ਗੱਲਾਂ ਵੱਡੀ ਸ਼ੁਕਰਗੁਜ਼ਾਰੀ ਨਾਲ ਲੈਂਦੇ ਹਾਂ। ਪਰ ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਿਰਫ਼ ਕੁਝ ਸ਼ਬਦ ਕਹਾਂਗਾ, ਕਿਰਪਾ ਕਰਕੇ ਸਹਿਜਤਾ ਨਾਲ ਸੁਣੋ। ਇਹ ਆਦਮੀ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ। ਇਹ ਦੁਨੀਆਂ ਭਰ ਵਿੱਚ ਜਿੱਥੇ ਵੀ ਯਹੂਦੀ ਵੱਸਦੇ ਹਨ, ਜਾਕੇ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਇਹ ਨਾਸਰੀਆਂ ਦੇ ਧੜੇ ਦਾ ਆਗੂ ਹੈ। 6-8 ਇਹ ਮੰਦਰ ਨੂੰ ਵੀ ਅਪਵਿੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਸੀਂ ਇਸ ਨੂੰ ਗਿਰਫ਼ਤਾਰ ਕਰ ਲਿਆ।” [a] ਬਾਕੀ ਯਹੂਦੀ ਵੀ ਸਹਿਮਤ ਹੋਏ ਅਤੇ ਆਖਿਆ ਕਿ ਜੋ ਗੱਲਾਂ ਤਰਤੁਮਸ ਨੇ ਆਖੀਆਂ ਸਨ ਉਹ ਸੱਚ ਸਨ।

ਫ਼ੇਲਿਕੁਸ ਅੱਗੇ ਪੌਲੁਸ ਆਪਣੇ ਆਪ ਨੂੰ ਬਚਾਉਂਦਾ

10 ਫ਼ੇਰ ਹਾਕਮ ਨੇ ਪੌਲੁਸ ਨੂੰ ਬੋਲਣ ਲਈ ਇਸ਼ਾਰਾ ਕੀਤਾ। ਪੌਲੁਸ ਨੇ ਆਖਿਆ, “ਰਾਜਪਾਲ ਫ਼ੇਲਿਕੁਸ, ਮੈਨੂੰ ਪਤਾ ਹੈ ਕਿ ਤੂੰ ਬਹੁਤ ਸਾਲਾਂ ਤੋਂ ਇਸ ਦੇਸ਼ ਦੇ ਮੁਨਸਫ਼ ਹੈਂ, ਇਸ ਲਈ ਮੈਂ ਤੇਰੇ ਅੱਗੇ ਆਪਣੀ ਸਫ਼ਾਈ ਪੇਸ਼ ਕਰਨ ਲਈ ਖੁਸ਼ ਹਾਂ। 11 ਮੈਂ ਯਰੂਸ਼ਲਮ ਵਿੱਚ ਸਿਰਫ਼ ਬਾਰ੍ਹਾਂ ਦਿਨ ਪਹਿਲੇ ਉਪਾਸਨਾ ਕਰਨ ਗਿਆ ਤੁਸੀਂ ਇਹ ਜਾਣ ਸੱਕਦੇ ਹੋ ਕਿ ਇਹ ਗੱਲ ਸੱਚ ਹੈ। 12 ਇਹ ਯਹੂਦੀ ਜੋ ਮੈਨੂੰ ਦੋਸ਼ੀ ਠਹਿਰਾ ਰਹੇ ਹਨ ਇਨ੍ਹਾਂ ਨੇ ਮੈਨੂੰ ਕਦੇ ਵੀ ਕਿਸੇ ਨਾਲ ਮੰਦਰ ਵਿੱਚ ਵਿਵਾਦ ਕਰਦਿਆਂ, ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰਦਿਆਂ, ਪ੍ਰਾਰਥਨਾ ਸਥਾਨਾਂ ਵਿੱਚ ਜਾਂ ਕਿਸੇ ਸਥਾਨ ਤੇ ਕੁਝ ਕਰਦਿਆਂ ਨਹੀਂ ਵੇਖਿਆ। 13 ਇਹ ਜੋ ਹੁਣ ਮੇਰੇ ਸਿਰ ਦੋਸ਼ ਮੜ੍ਹ ਰਹੇ ਹਨ, ਇਹ ਸਾਬਿਤ ਨਹੀਂ ਕਰ ਸੱਕਦੇ।

14 “ਪਰ ਮੈਂ ਤੁਹਾਡੇ ਸਾਹਮਣੇ ਸਵੀਕਾਰਦਾ ਹਾਂ; ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਪਾਸਨਾ, ਚੇਲੇ ਦੀ ਤਰ੍ਹਾਂ, ਯਿਸੂ ਦੇ ਤਰੀਕੇ ਨਾਲ, ਕਰਦਾ ਹਾਂ। ਉਹ ਆਖਦੇ ਹਨ ਕਿ ਯਿਸੂ ਦਾ ਰਾਹ ਸਹੀ ਰਾਹ ਨਹੀਂ ਹੈ। ਪਰ ਮੈਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਕਿ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖੀਆਂ ਹੋਈਆਂ ਹਨ। 15 ਮੈਂ ਵੀ ਪਰਮੇਸ਼ੁਰ ਤੋਂ ਉਹੀ ਆਸ ਰੱਖਦਾ ਹਾਂ ਜਿਸਦੀ ਇਹ ਖੁਦ ਰੱਖਦੇ ਹਨ ਕਿ ਧਰਮੀ ਜਾਂ ਕੁਧਰਮੀ ਸਭ ਦਾ ਮੌਤ ਤੋਂ ਜੀ ਉੱਠਣਾ ਹੋਵੇਗਾ। 16 ਇਸ ਲਈ ਮੈਂ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ।

17 “ਬਹੁਤ ਸਾਲ ਮੈਂ ਇੱਥੋਂ, ਯਰੂਸ਼ਲਮ ਤੋਂ ਦੂਰ ਰਿਹਾ ਹਾਂ। ਮੈਂ ਇੱਥੇ ਆਪਣੇ ਲੋਕਾਂ ਨੂੰ ਪੈਸੇ ਦੇਣ ਅਤੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਲਈ ਆਇਆ ਹਾਂ। 18 ਕੁਝ ਯਹੂਦੀਆਂ ਨੇ ਮੈਨੂੰ ਮੰਦਰ ਤੇ ਵੇਖਿਆ, ਜਦੋਂ ਅਜੇ ਮੈਂ ਸ਼ੁੱਧਤਾ ਦੀ ਰਸਮ ਪੂਰੀ ਕਰ ਰਿਹਾ ਸੀ। ਮੈਂ ਕੋਈ ਵੀ ਫ਼ਸਾਦ ਖੜ੍ਹਾ ਨਹੀਂ ਸੀ ਕੀਤਾ ਅਤੇ ਨਾ ਹੀ ਮੇਰੇ ਆਸ-ਪਾਸ ਭੀੜ ਇਕੱਠੀ ਹੋਈ ਸੀ। 19 ਪਰ ਉੱਥੇ ਕੁਝ ਯਹੂਦੀ ਅਸਿਯਾ ਤੋਂ ਸਨ। ਉਨ੍ਹਾਂ ਨੂੰ ਪਹਿਲਾਂ ਮੇਰੇ ਤੇ ਇਲਜ਼ਾਮ ਲਾਉਣ ਲਈ ਇੱਥੇ ਹੋਣਾ ਚਾਹੀਦਾ ਸੀ, ਜੇਕਰ ਸੱਚ ਮੁੱਚ ਹੀ ਮੈਂ ਕੁਝ ਵੀ ਗਲਤ ਕੀਤਾ ਹੈ। ਕਿਉਂਕਿ ਸਿਰਫ਼ ਉਹੀ ਉਸ ਵਕਤ ਉੱਥੇ ਮੌਜ਼ੂਦ ਸਨ। 20 ਇਨ੍ਹਾਂ ਯਹੂਦੀਆਂ ਨੂੰ ਇੱਥੇ ਪੁੱਛੋ ਕਿ ਭਲਾ ਉਨ੍ਹਾਂ ਨੇ ਯਰੂਸ਼ਲਮ ਵਿੱਚ ਜਦੋਂ ਮੈਂ ਸਭਾ ਦੇ ਅੱਗੇ ਹਾਜ਼ਰ ਸਾਂ ਤਾਂ ਕੀ ਮੇਰੇ ਵਿੱਚ ਕੋਈ ਬੁਰਿਆਈ ਵੇਖੀ ਸੀ? 21 ਉਹ ਮੇਰੇ ਉੱਤੇ ਸਿਰਫ਼ ਇੱਕੋ ਗੱਲ ਦਾ ਇਲਜ਼ਾਮ ਲਾ ਸੱਕਦੇ ਹਨ, ‘ਜੋ ਮੈਂ ਉਨ੍ਹਾਂ ਅੱਗੇ ਖਲੋਤਿਆਂ ਆਖਿਆ। ਤੁਸੀਂ ਅੱਜ ਮੇਰਾ ਨਿਆਂ ਕਰ ਰਹੇ ਹੋ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਲੋਕਾਂ ਦਾ ਜੀ ਉੱਠਣਾ ਹੋਵੇਗਾ।’”

22 ਫ਼ੇਲਿਕੁਸ ਜੋ ਕਿ ਖੁਦ ਇਸ ਯਿਸੂ ਦੇ ਰਾਹ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਦਾ ਸੀ ਉਸ ਨੇ ਕਾਰਵਾਈ ਰੋਕ ਦਿੱਤੀ ਤੇ ਕਿਹਾ, “ਮੈਂ ਇਸ ਮਾਮਲੇ ਦਾ ਫ਼ੈਸਲਾ ਉਦੋਂ ਕਰਾਂਗਾ ਜਦੋਂ ਸਰਦਾਰ ਲਿਸਿਯਾਸ ਇੱਥੇ ਆਵੇਗਾ।” 23 ਫ਼ਿਰ ਉਸ ਨੇ ਅਧਿਕਾਰੀ ਨੂੰ ਪੌਲੁਸ ਨੂੰ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ। ਪਰ ਉਸ ਨੂੰ ਥੋੜੀ ਅਜ਼ਾਦੀ ਦੇਣ ਲਈ ਕਿਹਾ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਦਿਓ।

ਮਰਕੁਸ 12:28-34

ਕਿਹੜਾ ਹੁਕਮ ਵੱਧ ਮਹੱਤਵਪੂਰਣ ਹੈ(A)

28 ਇੱਕ ਨੇਮ ਦਾ ਉਪਦੇਸ਼ਕ ਯਿਸੂ ਕੋਲ ਆਇਆ। ਉਸ ਨੇ ਯਿਸੂ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਨਾਲ ਬਹਿਸ ਕਰਦੇ ਸੁਣਿਆ। ਉਸ ਨੇ ਵੇਖਿਆ ਕਿ ਯਿਸੂ ਨੇ ਉਨ੍ਹਾਂ ਦੇ ਸਵਾਲਾਂ ਦੇ ਬੜੇ ਵੱਧੀਆ ਜਵਾਬ ਦਿੱਤੇ ਹਨ, ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਕਿਹੜਾ ਹੁਕਮ ਸਭ ਤੋਂ ਵੱਧ ਮਹੱਤਵਯੋਗ ਹੈ?”

29 ਯਿਸੂ ਨੇ ਆਖਿਆ, “ਸਭ ਤੋਂ ਮੁਖ ਇਹੀ ਹੈ ਕਿ: ‘ਹੇ ਇਸਰਾਏਲ ਦੇ ਲੋਕੋ, ਸੁਣੋ! ਸਾਡਾ ਪ੍ਰਭੂ ਪਰਮੇਸ਼ੁਰ ਹੀ ਇੱਕੋ ਪ੍ਰਭੂ ਹੈ। 30 ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਦਿਲ ਜਾਨ ਨਾਲ ਪਿਆਰ ਕਰ। ਤੂੰ ਆਪਣੀ ਪੂਰੀ ਰੂਹ, ਪੂਰੇ ਦਿਮਾਗ ਪੂਰੀ ਤਾਕਤ ਨਾਲ ਉਸ ਨਾਲ ਪਿਆਰ ਕਰ।’ [a] 31 ਦੂਜਾ ਮਹੱਤਵਪੂਰਨ ਹੁਕਮ ਇਹ ਹੈ ਕਿ, ‘ਜਿਵੇਂ ਤੂੰ ਆਪਣੇ-ਆਪ ਨਾਲ ਪਿਆਰ ਕਰਦਾ ਹੈ ਇਵੇਂ ਹੀ ਦੂਜਿਆਂ ਨੂੰ ਵੀ ਪਿਆਰ ਕਰ।’ [b] ਇਹੀ ਹੁਕਮ ਸਭ ਤੋਂ ਵੱਧ ਮਹੱਤਵਪੂਰਣ ਹਨ।”

32 ਤਦ ਉਸ ਆਦਮੀ ਨੇ ਕਿਹਾ, “ਗੁਰੂ ਜੀ! ਤੁਸੀਂ ਬਿਲਕੁਲ ਠੀਕ ਆਖਿਆ ਹੈ ਕਿ ਪਰਮੇਸ਼ੁਰ ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼ੁਰ ਕੋਈ ਨਹੀਂ ਹੈ। 33 ਅਤੇ ਮਨੁੱਖ ਨੂੰ ਪਰਮੇਸ਼ੁਰ ਨੂੰ ਪੂਰੇ ਦਿਲ ਜਾਨ ਨਾਲ, ਪੂਰੀ ਰੂਹ, ਪੂਰੇ ਦਿਮਾਗ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਤੇ ਮਨੁੱਖ ਨੂੰ ਆਪਣੇ ਵਾਂਗ ਹੀ ਦੂਜਿਆਂ ਨੂੰ ਜਾਨਣਾ ਤੇ ਪਿਆਰ ਕਰਨਾ ਚਾਹੀਦਾ ਹੈ। ਇਹ ਦੋ ਹੁਕਮ ਸਾਰੇ ਹੋਮਾਂ ਅਤੇ ਬਲੀਦਾਨਾਂ ਤੋਂ, ਜੋ ਅਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹਾਂ, ਵੱਧ ਮਹੱਤਵਪੂਰਣ ਹਨ।”

34 ਜਦ ਯਿਸੂ ਨੇ ਵੇਖਿਆ ਕਿ ਉਸ ਆਦਮੀ ਨੇ ਸਿਆਣਪ ਨਾਲ ਉੱਤਰ ਦਿੱਤਾ ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਤੂੰ ਪਰਮੇਸ਼ੁਰ ਦੇ ਰਾਜ ਦੇ ਨੇੜੇ ਹੈਂ।” ਅਤੇ ਇਸਤੋਂ ਬਾਦ ਕਿਸੇ ਦਾ ਹੌਂਸਲਾ ਨਾ ਪਿਆ ਜੋ ਉਸ ਕੋਲੋ ਕੁਝ ਹੋਰ ਸੁਆਲ ਕਰੇ।

Punjabi Bible: Easy-to-Read Version (ERV-PA)

2010 by World Bible Translation Center