Book of Common Prayer
118 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
2 ਇਸਰਾਏਲ ਆਖ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
3 ਜਾਜਕੋ ਆਖੋ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
4 ਯਹੋਵਾਹ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਮੂਹ ਲੋਕੋਂ ਆਖੋ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
5 ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ।
ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ।
6 ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਂ ਨਹੀਂ ਡਰਾਂਗਾ।
ਲੋਕ ਮੇਰਾ ਕੋਈ ਨੁਕਸਾਨ ਨਹੀਂ ਕਰ ਸੱਕਦੇ।
7 ਯਹੋਵਾਹ ਮੇਰਾ ਮਦਦਗਾਰ ਹੈ।
ਮੈਂ ਆਪਣੇ ਦੁਸ਼ਮਣਾਂ ਨੂੰ ਹਾਰਦਿਆਂ ਵੇਖਾਂਗਾ।
8 ਲੋਕਾਂ ਵਿੱਚ ਯਕੀਨ ਰੱਖਣ ਨਾਲੋਂ
ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
9 ਤੁਹਾਡੇ ਸਾਰੇ ਆਗੂਆਂ ਉੱਤੇ ਵਿਸ਼ਵਾਸ ਕਰਨ ਨਾਲੋਂ
ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
10 ਅਨੇਕਾਂ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਸੀ।
ਪਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ।
11 ਦੁਸ਼ਮਣਾਂ ਨੇ ਮੈਨੂੰ ਬਾਰ-ਬਾਰ ਘੇਰਿਆ,
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
12 ਮੈਨੂੰ ਦੁਸ਼ਮਣਾਂ ਨੇ ਮਧੂ ਮੱਖੀਆਂ ਵਾਂਗ ਘੇਰਿਆ।
ਪਰ ਛੇਤੀ ਹੀ ਲਟ-ਲਟ ਬਲਦੀ ਝਾੜੀ ਵਾਂਗ ਉਹ ਭਸਮ ਹੋ ਗਏ।
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
13 ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ।
ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ।
ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ।
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ,
ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ।
17 ਮੈਂ ਜੀਵਾਂਗਾ, ਮਰਾਂਗਾ ਨਹੀਂ
ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ।
ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ।
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ,
ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
20 ਉਹ ਦਰਵਾਜੇ ਯਹੋਵਾਹ ਦੇ ਹਨ।
ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ।
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ।
ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ।
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ
ਕਿ ਇਹ ਗੱਲ ਵਿਸਮਾਦ ਭਰੀ ਹੈ।
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ।
ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ!
25 ਲੋਕਾਂ ਆਖਿਆ, “ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਨੇ ਅਸਾਂ ਨੂੰ ਬਚਾਇਆ!
26 ਯਹੋਵਾਹ ਦਾ ਨਾਮ ਲੈ ਕੇ ਆਉਣ ਵਾਲੇ ਬੰਦੇ ਦਾ ਸਵਾਗਤ ਕਰੋ।”
ਜਾਜਕਾਂ ਨੇ ਜਵਾਬ ਦਿੱਤਾ, “ਅਸੀਂ ਯਹੋਵਾਹ ਦੇ ਘਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ।
27 ਯਹੋਵਾਹ ਹੀ ਪਰਮੇਸ਼ੁਰ ਹੈ।
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ।
ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।”
28 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
ਮੈਂ ਤੁਹਾਡੀ ਉਸਤਤਿ ਕਰਦਾ ਹਾਂ।
29 ਯਹੋਵਾਹ ਦੀ ਉਸਤਤਿ ਕਰੋ ਕਿਉਂ ਕਿ ਉਹ ਭਲਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਦਾਊਦ ਦਾ ਇੱਕ ਗੀਤ।
145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
3 ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
9 ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।
14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।
ਅਹੀਥੋਫ਼ਲ ਦੀ ਦਾਊਦ ਵਾਸਤੇ ਸਲਾਹ
17 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਕਿਹਾ, “ਮੈਨੂੰ ਪਰਵਾਨਗੀ ਦੇਵੋ ਜੋ ਮੈਂ ਹੁਣ 12,000 ਮਨੁੱਖ ਚੁਣ ਲਵਾਂ ਅਤੇ ਅੱਜ ਹੀ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ। 2 ਮੈਂ ਉਸ ਨੂੰ ਉਸ ਵਕਤ ਫ਼ੜਾਂਗਾ ਜਦੋਂ ਕਿ ਉਹ ਥੱਕਿਆ-ਹਾਰਿਆ ਪਿਆ ਹੋਵੇਗਾ। ਮੈਂ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਸਾਰੇ ਲੋਕ ਭੱਜ ਜਾਣਗੇ। ਪਰ ਮੈਂ ਸਿਰਫ਼ ਦਾਊਦ ਪਾਤਸ਼ਾਹ ਨੂੰ ਹੀ ਮਾਰਾਂਗਾ। 3 ਫ਼ਿਰ ਮੈਂ ਸਾਰੇ ਲੋਕਾਂ ਨੂੰ ਤੇਰੇ ਕੋਲ ਵਾਪਸ ਲੈ ਆਵਾਂਗਾ। ਜੇਕਰ ਦਾਊਦ ਮਰ ਗਿਆ ਤਾਂ ਫ਼ਿਰ ਸਾਰੇ ਲੋਕੀ ਸ਼ਾਂਤੀ ’ਚ ਵਾਪਸ ਮੁੜ ਆਉਣਗੇ।”
4 ਸੋ ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਆਗੂਆਂ ਨੂੰ ਚੰਗੀ ਲਗੀ। 5 ਪਰ ਅਬਸ਼ਾਲੋਮ ਨੇ ਆਖਿਆ, “ਹੁਣ ਹੂਸ਼ਈ ਅਰਕੀ ਨੂੰ ਵੀ ਸੱਦ ਲਵੋ! ਮੈਂ ਉਸ ਦੇ ਮੂੰਹੋਂ ਵੀ ਕੁਝ ਸੁਣਨਾ ਚਾਹੁੰਦਾ ਹਾਂ।”
ਹੂਸ਼ਈ ਦਾ ਅਹੀਥੋਫ਼ਲ ਦੀ ਸਲਾਹ ਨੂੰ ਗਰਕ ਕਰਨਾ
6 ਹੂਸ਼ਈ ਅਬਸ਼ਾਲੋਮ ਕੋਲ ਆਇਆ ਅਤੇ ਅਬਸ਼ਾਲੋਮ ਨੇ ਹੂਸ਼ਈ ਨੂੰ ਕਿਹਾ, “ਇਹ ਹੈ ਅਹੀਥੋਫ਼ਲ ਦੀ ਸਲਾਹ, ਕੀ ਸਾਨੂੰ ਉਸ ਤੇ ਅਮਲ ਕਰਨਾ ਚਾਹੀਦਾ ਹੈ? ਜੇਕਰ ਨਹੀਂ ਤਾਂ ਸਾਨੂੰ ਦੱਸੋ?”
7 ਹੂਸ਼ਈ ਨੇ ਅਬਸ਼ਾਲੋਮ ਨੂੰ ਕਿਹਾ, “ਅਹੀਥੋਫ਼ਲ ਨੇ ਜੋ ਇਹ ਸਲਾਹ ਇਸ ਵਕਤ ਦੱਸੀ ਹੈ ਉਹ ਚੰਗੀ ਨਹੀਂ।” 8 ਨਾਲ ਹੀ ਹੂਸ਼ਈ ਨੇ ਇਹ ਵੀ ਕਿਹਾ, “ਤੁਸੀਂ ਆਪਣੇ ਪਿਤਾ ਅਤੇ ਉਸ ਦੇ ਆਦਮੀਆਂ ਨੂੰ ਵੀ ਜਾਣਦੇ ਹੀ ਹੋ ਕਿ ਉਹ ਕਿੰਨੇ ਸੂਰਮੇ ਹਨ। ਉਹ ਇੰਨੇ ਖਤਰਨਾਕ ਹਨ ਜਿੰਨੇ ਕਿ ਜੰਗਲੀ ਰਿੱਛ ਜਿਵੇਂ ਉਸ ਦੇ ਬੱਚੇ ਨੂੰ ਉਜਾੜ ਵਿੱਚ ਖੁਸ ਜਾਣ ਤਾਂ ਹੁੰਦਾ ਹੈ। ਤੁਹਾਡੇ ਪਿਤਾ ਇੱਕ ਯੋਧਾ ਵੀਰ ਹਨ ਅਤੇ ਉਹ ਸਾਰੀ ਰਾਤ ਲੋਕਾਂ ਨਾਲ ਨਹੀਂ ਠਹਿਰੇਗਾ। 9 ਹੁਣ ਵੀ ਸ਼ਾਇਦ ਉਹ ਕਿਸੇ ਖੁੱਡ ਜਾਂ ਗੁਫ਼ਾ ਵਿੱਚ ਲੁਕਿਆ ਹੋਵੇ। ਜੇਕਰ ਤੁਹਾਡਾ ਪਿਤਾ ਪਹਿਲਾਂ ਤੁਹਾਡੇ ਤੋਂ ਤੁਹਾਡੇ ਤੇ ਹਮਲਾ ਬੋਲੇ ਤਾਂ ਲੋਕਾਂ ਵਿੱਚ ਖਬਰ ਫ਼ੈਲ ਜਾਵੇਗੀ ਅਤੇ ਉਹ ਸੋਚਣਗੇ, ‘ਅਬਸ਼ਾਲੋਮ ਦੇ ਆਦਮੀ ਹਾਰ ਰਹੇ ਹਨ!’ 10 ਤਾਂ ਫ਼ਿਰ ਭਾਵੇਂ ਜਿਹੜੇ ਸ਼ੇਰ ਵਰਗੇ ਬਹਾਦੁਰ ਸੂਰਮੇ ਵੀ ਹਨ ਉਹ ਵੀ ਡਰ ਜਾਣਗੇ ਕਿਉਂ ਕਿ ਸਾਰੇ ਇਸਰਾਏਲੀ ਜਾਣਦੇ ਹਨ ਕਿ ਤੁਹਾਡੇ ਪਿਤਾ ਵੱਡੇ ਵੀਰ ਯੋਧਾ ਹਨ ਅਤੇ ਉਸ ਦੇ ਆਦਮੀ ਵੀ ਬੜੇ ਬਹਾਦੁਰ ਸੂਰਮੇ ਹਨ।
11 “ਮੈਂ ਤਾਂ ਤੁਹਾਨੂੰ ਇਹੀ ਸੁਝਾਅ ਦਿੰਦਾ ਹਾਂ ਕਿ ਤੁਸੀਂ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕਰੋ। ਤਦ ਉੱਥੇ ਇੰਨੇ ਲੋਕ ਹੋਣ ਜਿਵੇਂ ਸਮੁੰਦਰ ਕੰਢੇ ਰੇਤ। ਤਦ ਤੁਸੀਂ ਲੜਾਈ ਵਿੱਚ ਜ਼ਰੂਰ ਉੱਤਰੋ। 12 ਅਤੇ ਅਸੀਂ ਦਾਊਦ ਨੂੰ ਜਿੱਥੇ ਉਹ ਲੁਕਿਆ ਹੋਵੇਗਾ, ਫ਼ੜ ਲਵਾਂਗੇ। ਅਸੀਂ ਬਹੁਤ ਸਾਰੇ ਸਿਪਾਹੀਆਂ ਨਾਲ ਦਾਊਦ ਤੇ ਹਮਲਾ ਬੋਲਾਂਗੇ ਅਸੀਂ ਉਸ ਵਕਤ ਘਾਹ ਤੇ ਪਈ ਬਹੁਤ ਸਾਰੀ ਤਰੇਲ ਵਾਂਗ ਹੋਵਾਂਗੇ ਅਤੇ ਅਸੀਂ ਦਾਊਦ ਅਤੇ ਉਸ ਦੇ ਸਾਰੇ ਆਦਮੀਆਂ ਨੂੰ ਮਾਰ ਮੁਕਾਵਾਂਗੇ। ਉਸਦਾ ਕੋਈ ਵੀ ਮਨੁੱਖ ਜਿਉਂਦਾ ਨਹੀਂ ਬਚੇਗਾ। 13 ਜੇਕਰ ਦਾਊਦ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਉਸ ਸ਼ਹਿਰ ਵਿੱਚ ਰੱਸੀਆਂ ਲੈ ਕੇ ਚੜ੍ਹ ਜਾਣਗੇ ਅਤੇ ਅਸੀਂ ਉਸ ਸ਼ਹਿਰ ਦੀਆਂ ਸਾਰੀਆਂ ਦੀਵਾਰਾਂ ਭੰਨ ਸੁੱਟਾਂਗੇ। ਅਸੀਂ ਉਸ ਨੂੰ ਖੱਡ ਜਾਂ ਵਾਦੀ ਵਿੱਚ ਅਜਿਹਾ ਸੁੱਟਾਂਗੇ ਕਿ ਉਸ ਸ਼ਹਿਰ ਵਿੱਚ ਤੁਹਾਨੂੰ ਇੱਕ ਕੰਕਰ ਵੀ ਨਾ ਲੱਭੇਗਾ।”
14 ਅਬਸ਼ਾਲੋਮ ਅਤੇ ਸਾਰੇ ਇਸਰਾਏਲੀਆਂ ਨੇ ਕਿਹਾ, “ਹੂਸ਼ਈ ਅਰਕੀ ਦੀ ਸਲਾਹ ਅਹੀਥੋਫ਼ਲ ਦੀ ਸਲਾਹ ਕੋਲੋਂ ਚੰਗੀ ਹੈ।” ਉਨ੍ਹਾਂ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਇਹ ਯਹੋਵਾਹ ਦੀ ਵਿਉਂਤ ਸੀ। ਯਹੋਵਾਹ ਨੇ ਅਹੀਥੋਫ਼ਲ ਦੀ ਸਲਾਹ ਨੂੰ ਨਕਾਰਾ ਸਿੱਧ ਕਰਨ ਦੀ ਸਲਾਹ ਦਿੱਤੀ ਸੀ ਕਿਉਂ ਕਿ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਨੂੰ ਉਲਟਾ ਪਾਉਣ ਲਈ ਅੱਗੇ ਹੀ ਠਹਿਰਾ ਦਿੱਤਾ ਸੀ ਕਿ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।
ਹੂਸ਼ਈ ਨੇ ਦਾਊਦ ਨੂੰ ਖਬਰਦਾਰ ਕੀਤਾ
15 ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ ਕਿ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਆਗੂਆਂ ਨੂੰ ਇਉਂ ਸਲਾਹ ਦਿੱਤੀ ਹੈ ਅਤੇ ਮੈਂ ਇਉਂ ਇਹ-ਇਹ ਸਲਾਹ ਦਿੱਤੀ ਹੈ। ਤਦ ਹੂਸ਼ਈ ਨੇ ਕਿਹਾ, 16 “ਜਲਦੀ ਹੀ ਦਾਊਦ ਨੂੰ ਇਹ ਸੁਨੇਹਾ ਭੇਜੋ। ਉਸ ਨੂੰ ਆਖੋ ਕਿ ਅੱਜ ਰਾਤ ਉਸ ਜਗ੍ਹਾ ਦੇ ਕਰੀਬ ਨਾ ਰਹੇ ਜਿਥੋਂ ਦੀ ਲੋਕ ਮਾਰੂਥਲ ਅੰਦਰ ਜਾਂਦੇ ਹਨ। ਇਸਦੀ ਬਜਾਇ, ਉਸ ਨੂੰ ਕਿਸੇ ਵੀ ਕੀਮਤ ਤੇ ਪਾਰ ਲੰਘ ਜਾਣਾ ਚਾਹੀਦਾ ਹੈ ਨਹੀਂ ਤਾਂ ਉਸ ਉੱਤੇ ਅਤੇ ਉਸ ਦੇ ਸਾਰੇ ਲੋਕਾਂ ਉੱਤੇ ਹਮਲਾ ਹੋਵੇਗਾ ਅਤੇ ਉਹ ਤਬਾਹ ਹੋ ਜਾਣਗੇ।”
17 ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਜਾਜਕ ਦੇ ਪੁੱਤਰ ਰਹਿੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਉਣਾ ਜਾਣਾ ਸ਼ਹਿਰ ਵਿੱਚ ਜਾਣਿਆ ਜਾਵੇ ਤਾਂ ਇੱਕ ਨੌਕਰਾਨੀ ਨੇ ਉਨ੍ਹਾਂ ਨੂੰ ਜਾਕੇ ਦੱਸਿਆ ਅਤੇ ਸਾਰੀ ਖਬਰ ਦਿੱਤੀ ਤਾਂ ਫ਼ਿਰ ਯੋਨਾਥਾਨ ਅਤੇ ਅਹੀਮਅਸ ਉੱਥੋਂ ਗਏ ਅਤੇ ਇਹ ਸਾਰੀ ਖਬਰ ਦਾਊਦ ਪਾਤਸ਼ਾਹ ਨੂੰ ਜਾ ਦੱਸੀ।
18 ਪਰ ਇੱਕ ਮੁੰਡੇ ਨੇ ਯੋਨਾਥਾਨ ਅਤੇ ਅਹੀਮਅਸ ਨੂੰ ਜਾਂਦਿਆਂ ਵੇਖ ਲਿਆ ਅਤੇ ਉਹ ਅਬਸ਼ਾਲੋਮ ਨੂੰ ਖਬਰ ਦੇਣ ਲਈ ਦੌੜਿਆ। ਯੋਨਾਥਾਨ ਅਤੇ ਅਬਸ਼ਾਲੋਮ ਉੱਥੋਂ ਬੜੀ ਤੇਜ਼ੀ ਨਾਲ ਭੱਜੇ ਅਤੇ ਬਹੁਰੀਮ ਵਿੱਚ ਇੱਕ ਆਦਮੀ ਦੇ ਘਰ ਆਣ ਵੜੇ। ਉਸ ਆਦਮੀ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਵਿੱਚ ਉਤਰ ਗਏ। 19 ਉਸ ਆਦਮੀ ਦੀ ਪਤਨੀ ਨੇ ਖੂਹ ਉੱਪਰ ਇੱਕ ਚਾਦਰ ਵਿਛਾਅ ਦਿੱਤੀ ਅਤੇ ਉਸ ਉੱਪਰ ਅਨਾਜ ਖਲਾਰ ਦਿੱਤਾ। ਇਸ ਨਾਲ ਖੂਹ ਕਣਕ ਦੀ ਖੇਹੀ ਜਿਹੀ ਲੱਗਣ ਲੱਗਾ। ਇਉਂ ਕਿਸੇ ਨੂੰ ਵੀ ਇਹ ਪਤਾ ਨਾ ਲੱਗਿਆ ਕਿ ਉਹ ਦੋਵੇਂ ਇੱਥੇ ਲੁਕੇ ਹੋਏ ਹਨ। 20 ਅਬਸ਼ਾਲੋਮ ਦੇ ਆਦਮੀ ਨੌਕਰ ਉਸ ਔਰਤ ਦੇ ਘਰ ਆਏ ਅਤੇ ਉਨ੍ਹਾਂ ਪੁੱਛਿਆ, “ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ?”
ਉਸ ਔਰਤ ਨੇ ਅਬਸ਼ਾਲੋਮ ਦੇ ਸੇਵਕਾਂ ਨੂੰ ਕਿਹਾ, “ਉਹ ਤਾਂ ਹੁਣ ਤੀਕ ਨਦੀਓ ਵੀ ਪਾਰ ਲੰਘ ਗਏ ਹੋਣਗੇ।”
ਤਦ ਅਬਸ਼ਾਲੋਮ ਦੇ ਸੇਵਕਾਂ ਨੇ ਉਨ੍ਹਾਂ ਦੋਨਾਂ ਨੂੰ ਇੱਧਰ ਉੱਧਰ ਲੱਭਿਆ, ਪਰ ਜਦੋਂ ਉਨ੍ਹਾਂ ਨੂੰ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਵਾਪਸ ਮੁੜ ਗਏ।
21 ਜਦੋਂ ਉਸ ਦੇ ਨੌਕਰ ਵਾਪਸ ਚੱਲੇ ਗਏ ਤਾਂ ਯੋਨਾਥਾਨ ਅਤੇ ਅਹੀਮਅਸ ਖੂਹ ਚੋ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਜਾਕੇ ਦਾਊਦ ਨੂੰ ਦੱਸਿਆ, “ਜਲਦੀ ਕਰ! ਜਲਦੀ ਦਰਿਆ ਪਾਰ ਕਰ ਕਿਉਂ ਕਿ ਅਹੀਥੋਫ਼ਲ ਤੇਰੇ ਖਿਲਾਫ਼ ਇਹ ਸਲਾਹ ਕਰ ਰਿਹਾ ਹੈ।”
22 ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੋਂ ਪਾਰ ਲੰਘ ਗਏ। ਸਵੇਰ ਹੋਣ ਤੋਂ ਪਹਿਲਾਂ ਉਹ ਤੇ ਉਸ ਦੇ ਆਦਮੀ ਦਰਿਆ ਪਾਰ ਕਰ ਚੁੱਕੇ ਸਨ।
ਅਹੀਥੋਫ਼ਲ ਦਾ ਖੁਦਕੁਸ਼ੀ ਕਰਨਾ
23 ਜਦੋਂ ਅਹੀਥੋਫ਼ਲ ਨੇ ਵੇਖਿਆ ਕਿ ਇਸਰਾਏਲੀਆਂ ਨੇ ਉਸਦੀ ਸਲਾਹ ਨੂੰ ਨਹੀਂ ਮੰਨਿਆ ਤਾਂ ਉਸ ਨੇ ਆਪਣੇ ਖੋਤੇ ਨੂੰ ਕਸਿਆ ਅਤੇ ਆਪਣੇ ਖੋਤੇ ਤੇ ਕਾਠੀ ਪਾਕੇ ਉਸ ਉੱਪਰ ਚੜ੍ਹ ਕੇ ਆਪਣੇ ਸ਼ਹਿਰ ਵਿੱਚ ਆਪਣੇ ਘਰ ਨੂੰ ਵਾਪਸ ਮੁੜ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਸੁਧਾਰ ਕੇ ਆਪਣੇ ਆਪਨੂੰ ਫ਼ਾਹਾ ਦੇ ਦਿੱਤਾ। ਜਦੋਂ ਅਹੀਥੋਫ਼ਲ ਮਰ ਗਿਆ ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦੀ ਸਮਾਧ ਵਿੱਚ ਹੀ ਦੱਬ ਦਿੱਤਾ।
6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [a] 7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ। 8 ਪੋਥੀਆਂ ਨੇ ਆਖਿਆ ਕਿ ਭਵਿੱਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।” [b] 9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹੋ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ।
10 ਪਰ ਜਿਹੜੇ ਲੋਕ ਧਰਮੀ ਬਨਣ ਲਈ ਨੇਮ ਉੱਤੇ ਨਿਰਭਰ ਕਰਦੇ ਹਨ ਉਹ ਸਰਾਪੇ ਹੋਏ ਹਨ। ਕਿਉਂ? ਕਿਉਂਕਿ ਪੋਥੀਆਂ ਆਖਦੀਆਂ ਹਨ, “ਇੱਕ ਵਿਅਕਤੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਨੇਮ ਵਿੱਚ ਲਿਖਿਆ ਹੋਇਆ ਹੈ। ਜੋ ਉਹ ਹਮੇਸ਼ਾ ਇਸਦਾ ਪਾਲਣ ਨਹੀਂ ਕਰਦਾ ਤਾਂ ਉਹ ਵਿਅਕਤੀ ਸਰਾਪਿਆ ਹੋਇਆ ਹੈ।” [c] 11 ਇਸੇ ਲਈ ਇਹ ਬਹੁਤ ਸਪੱਸ਼ਟ ਹੈ ਕਿ ਨੇਮ ਦੁਆਰਾ ਕੋਈ ਵੀ ਧਰਮੀ ਨਹੀਂ ਬਣਾਇਆ ਜਾ ਸੱਕਦਾ। ਪੋਥੀਆਂ ਆਖਦੀਆਂ ਹਨ, “ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਉਸਦੀ ਨਿਹਚਾ ਕਾਰਣ ਧਰਮੀ ਹੈ ਉਹ ਸਦਾ ਜੀਵੇਗਾ।” [d]
12 ਨੇਮ ਵਿਸ਼ਵਾਸ ਦੀ ਵਰਤੋਂ ਨਹੀਂ ਕਰਦਾ ਇਹ ਵੱਖਰਾ ਢੰਗ ਅਪਨਾਉਂਦਾ ਹੈ। ਨੇਮ ਆਖਦਾ ਹੈ: ਜਿਹੜਾ, “ਵਿਅਕਤੀ ਨੇਮਾਂ ਦਾ ਅਨੁਸਰਣ ਕਰਕੇ ਜੀਵਨ ਪਾਉਣਾ ਚਾਹੁੰਦਾ ਹੈ ਉਸ ਨੂੰ ਉਹ ਸਭ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਨੇਮ ਆਖਦਾ ਹੈ।” [e] 13 ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰੱਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸ ਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।” [f] 14 ਯਿਸੂ ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਅਸੀਸ ਮਿਲ ਸੱਕੇ, ਪਰਮੇਸ਼ੁਰ ਨੇ ਇਸ ਅਸੀਸ ਦਾ ਵਚਨ ਅਬਰਾਹਾਮ ਨੂੰ ਦਿੱਤਾ ਸੀ। ਇਹੀ ਅਸੀਸ ਯਿਸੂ ਮਸੀਹ ਰਾਹੀਂ ਆਉਂਦੀ ਹੈ। ਯਿਸੂ ਇਸ ਲਈ ਕੁਰਬਾਨ ਹੋਇਆ ਕਿ ਅਸੀਂ ਉਸ ਪਵਿੱਤਰ ਆਤਮਾ ਨੂੰ ਪ੍ਰਾਪਤ ਕਰ ਸੱਕੀਏ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। ਇਹ ਵਾਇਦਾ ਸਾਡੇ ਵਿਸ਼ਵਾਸ ਕਾਰਣ ਸਾਨੂੰ ਪ੍ਰਾਪਤ ਹੋਇਆ ਹੈ।
30 “ਮੈਂ ਆਪਣੇ-ਆਪ ਕੁਝ ਨਹੀਂ ਕਰ ਸੱਕਦਾ। ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਪਾਸੋਂ ਸੁਣਦਾ ਹਾਂ। ਇਸ ਲਈ ਮੇਰਾ ਨਿਆਂ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸਨੇ ਮੈਨੂੰ ਭੇਜਿਆ ਹੈ।
ਯਿਸੂ ਦਾ ਯਹੂਦੀਆਂ ਨਾਲ ਸੰਵਾਦ ਜਾਰੀ ਰੱਖਣਾ
31 “ਜੇਕਰ ਮੈਂ ਆਪਣੇ ਬਾਰੇ ਸਾਖੀ ਦੇਵਾਂ, ਤਾਂ ਮੇਰੀ ਸਾਖੀ ਦੀ ਕੋਈ ਕੀਮਤ ਨਹੀਂ ਹੈ। 32 ਪਰ ਇੱਕ ਹੋਰ ਆਦਮੀ ਹੈ ਜੋ ਮੇਰੇ ਬਾਰੇ ਸਾਖੀ ਦਿੰਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਉਸਦੀ ਮੇਰੇ ਬਾਰੇ ਸਾਖੀ ਸੱਚੀ ਹੈ।
33 “ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਸਾਖੀ ਦਿੱਤੀ। 34 ਪਰ ਮੈਂ ਇੱਕ ਆਦਮੀ ਦੀ ਸਾਖੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸੱਕੋਂ। 35 ਯੂਹੰਨਾ ਇੱਕ ਦੀਵੇ ਵਾਂਗ ਸੀ ਜੋ ਬਲਿਆ ਤੇ ਜਿਸਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।
36 “ਪਰ ਜੋ ਸਾਖੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਸਾਖੀ ਨਾਲੋਂ ਵਡੇਰੀ ਹੈ। ਜੋ ਕਾਰਜ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ ਉਹ ਮੇਰੇ ਬਾਰੇ ਸਾਖੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37 ਅਤੇ ਉਹ ਪਿਤਾ ਜਿਸਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਸਾਖ਼ੀ ਦਿੱਤੀ। ਪਰ ਤੁਸੀਂ ਕਦੇ ਉਸਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ। 38 ਉਸ ਪਿਤਾ ਦੇ ਉਪਦੇਸ਼ ਵੀ ਤੁਹਾਡੇ ਅੰਦਰ ਨਹੀਂ ਹਨ। ਕਿਉਂਕਿ, ਤੁਸੀਂ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39 ਤੁਸੀਂ ਇਹ ਸੋਚਕੇ ਪੋਥੀਆਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੋਥੀਆਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ! 40 ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ।
41 “ਮੈਨੂੰ ਲੋਕਾਂ ਤੋਂ ਉਸਤਤਿ ਕਰਾਉਣ ਦੀ ਲੋੜ ਨਹੀਂ। 42 ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਨਹੀਂ। 43 ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਵੋਂਗੇ। 44 ਤੁਸੀਂ ਇੱਕ ਦੂਜੇ ਤੋਂ ਉਸਤਤਿ ਚਾਹੁੰਦੇ ਹੋ। ਪਰ ਤੁਸੀਂ ਉਸ ਉਸਤਤਿ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸੱਕਦੇ ਹੋ? 45 ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਵਿੱਚ ਰੱਖੀ ਹੋਈ ਹੈ। 46 ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ। ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ। 47 ਕਿਉਂਕਿ ਤੁਸੀਂ ਉਸ ਦੀਆਂ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਕਰੋਂਗੇ।”
2010 by World Bible Translation Center