Book of Common Prayer
97 ਯਹੋਵਾਹ ਰਾਜ ਕਰਦਾ ਹੈ ਅਤੇ ਧਰਤੀ ਖੁਸ਼ ਹੈ।
ਦੂਰ ਦੁਰਾਡੇ ਦੇ ਸਾਰੇ ਦੇਸ਼, ਖੁਸ਼ ਹਨ।
2 ਘਨਘੋਰ ਬੱਦਲਾਂ ਨੇ ਯਹੋਵਾਹ ਨੂੰ ਘੇਰਿਆ ਹੋਇਆ ਹੈ।
ਚੰਗਿਆਈ ਅਤੇ ਇਨਸਾਫ਼ ਉਸ ਦੇ ਰਾਜ ਨੂੰ ਮਜ਼ਬੂਤ ਬਣਾਉਂਦੇ ਹਨ।
3 ਯਹੋਵਾਹ ਦੇ ਸਾਹਮਣੇ ਅੱਗ ਬਲਦੀ ਹੈ
ਅਤੇ ਉਸ ਦੇ ਦੁਸ਼ਮਣਾਂ ਨੂੰ ਤਬਾਹ ਕਰਦੀ ਹੈ।
4 ਉਸਦੀ ਬਿਜਲੀ ਚਮਕ ਆਕਾਸ਼ ਵਿੱਚ ਚਮਕਦੀ ਹੈ
ਲੋਕ ਇਸ ਨੂੰ ਵੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ।
5 ਧਰਤੀ ਦੇ ਮਾਲਕ ਯਹੋਵਾਹ ਦੇ ਸਾਹਮਣੇ
ਪਰਬਤ ਮੋਮ ਵਾਂਗ ਪਿਘਲਦੇ ਹਨ।
6 ਹੇ ਸਵਰਗਾ, ਉਸਦੀ ਚੰਗਿਆਈ ਬਾਰੇ ਦੱਸ।
ਹਰ ਆਦਮੀ ਨੂੰ ਪਰਮੇਸ਼ੁਰ ਦੀ ਮਹਿਮਾ ਵੇਖਣ ਦਿਉ।
7 ਲੋਕ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ।
ਉਹ ਆਪਣੇ “ਦੇਵਤਿਆਂ” ਬਾਰੇ ਡੀਂਗਾ ਮਾਰਦੇ ਹਨ।
ਪਰ ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ।
ਉਨ੍ਹਾਂ ਦੇ “ਦੇਵਤੇ” ਝੁਕ ਜਾਵਣਗੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
8 ਹੇ ਸੀਯੋਨ ਹੁਣ ਖੁਸ਼ ਹੋ।
ਯਹੂਦਾਹ ਦੇ ਸ਼ਹਿਰੋ ਖੁਸ਼ ਹੋਵੋ।
ਕਿਉਂਕਿ ਯਹੋਵਾਹ ਸਿਆਣੇ ਨਿਆਂ ਕਰਦਾ ਹੈ।
9 ਹੇ ਸਭ ਤੋਂ ਉੱਚੇ ਯਹੋਵਾਹ ਅਸਲ ਵਿੱਚ ਤੁਸੀਂ ਹੀ ਧਰਤੀ ਦੇ ਹਾਕਮ ਹੋ।
ਤੁਸੀਂ ਬਹੁਤਿਆਂ “ਦੇਵਤਿਆਂ” ਨਾਲੋਂ ਵੱਧੀਆ ਹੋ।
10 ਜਿਹੜੇ ਬੰਦੇ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਉਹ ਬਦੀ ਨੂੰ ਨਫ਼ਰਤ ਕਰਦੇ ਹਨ।
ਇਸ ਲਈ ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬਚਾਉਂਦਾ ਹੈ।
ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬੁਰੇ ਵਿਅਕਤੀਆਂ ਤੋਂ ਬਚਾਉਂਦਾ ਹੈ।
11 ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
12 ਚੰਗੇ ਲੋਕੋ, ਯਹੋਵਾਹ ਵਿੱਚ ਖੁਸ਼ ਹੋਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
99 ਯਹੋਵਾਹ ਰਾਜਾ ਹੈ।
ਇਸ ਲਈ ਕੌਮਾਂ ਨੂੰ ਡਰ ਨਾਲ ਕੰਬਣ ਦਿਉ।
ਪਰਮੇਸ਼ੁਰ ਤੇਜ਼ ਦੇ ਕਰੂਬੀਆਂ ਉੱਤੇ ਰਾਜੇ ਵਾਂਗ ਬੈਠਾ ਹੈ।
ਇਸ ਲਈ ਦੁਨੀਆਂ ਨੂੰ ਡਰ ਨਾਲ ਕੰਬਣ ਦਿਉ।
2 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਮਹਾਨ ਹੈ।
ਉਹ ਸਾਰੇ ਲੋਕਾਂ ਦਾ ਮਹਾਨ ਆਗੂ ਹੈ।
3 ਸਾਰੇ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਪਰਮੇਸ਼ੁਰ ਦਾ ਨਾਮ ਭਰਮ ਭਰਿਆ ਹੈ।
ਪਰਮੇਸ਼ੁਰ ਪਵਿੱਤਰ ਹੈ।
4 ਸ਼ਕਤੀਸ਼ਾਲੀ ਰਾਜਾ ਇਨਸਾਫ਼ ਨੂੰ ਪਿਆਰ ਕਰਦਾ ਹੈ।
ਹੇ ਪਰਮੇਸ਼ੁਰ ਤੁਸੀਂ ਚੰਗਿਆਈ ਬਣਾਈ।
ਤੁਸੀਂ ਇਸਰਾਏਲ ਵਿੱਚ ਨਿਆਂ ਅਤੇ ਨਿਰਪੱਖਤਾ ਲਿਆਂਦੀ।
5 ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤਿ ਕਰੋ,
ਅਤੇ ਉਸ ਦੇ ਪਵਿੱਤਰ ਚਰਨਾਂ ਦੀ ਚੌਂਕੀ [a] ਉੱਤੇ ਉਪਾਸਨਾ ਕਰੋ।
6 ਮੂਸਾ ਅਤੇ ਹਾਰੂਨ ਉਸ ਦੇ ਕੁਝ ਜਾਜਕ ਸਨ।
ਅਤੇ ਸਮੂਏਲ ਉਨ੍ਹਾਂ ਵਿੱਚੋਂ ਇੱਕ ਸੀ ਜਿਸਨੇ ਪਰਮੇਸ਼ੁਰ ਦੇ ਨਾਮ ਤੇ ਪੁਕਾਰਿਆ ਸੀ।
ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ
ਅਤੇ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ।
7 ਪਰਮੇਸ਼ੁਰ ਬੱਦਲ ਦੇ ਥੰਮ ਵਿੱਚੋਂ ਬੋਲਿਆ
ਉਨ੍ਹਾਂ ਨੇ ਉਸ ਦੇ ਹੁਕਮ ਮੰਨੇ
ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੇਮ ਪ੍ਰਦਾਨ ਕੀਤਾ।
8 ਹੇ ਪਰਮੇਸ਼ੁਰ ਸਾਡੇ ਯਹੋਵਾਹ, ਤੁਸੀਂ ਉਨ੍ਹਾਂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ।
ਤੁਸੀਂ ਉਨ੍ਹਾਂ ਨੂੰ ਦਰਸਾ ਦਿੱਤਾ ਕਿ ਤੁਸੀਂ ਬਖਸ਼ਣ ਹਾਰ ਪਰਮੇਸ਼ੁਰ ਹੋ।
ਅਤੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਵਾਸਤੇ ਦੰਡ ਦਿੰਦੇ ਹੋ।
9 ਸਾਡੇ ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ,
ਉਸ ਦੇ ਪਵਿੱਤਰ ਪਰਬਤ ਵੱਲ ਸਿਜਦਾ ਕਰੋ ਅਤੇ ਉਸਦੀ ਉਪਾਸਨਾ ਕਰੋ।
ਪਰਮੇਸ਼ੁਰ ਸੱਚਮੁੱਚ ਪਵਿੱਤਰ।
ਧੰਨਵਾਦ ਦਾ ਗੀਤ।
100 ਹੇ ਧਰਤੀ ਯਹੋਵਾਹ ਦੇ ਗੀਤ ਗਾ।
2 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
3 ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
ਅਸੀਂ ਉਸ ਦੀਆਂ ਭੇਡਾਂ ਹਾਂ।
4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
5 ਯਹੋਵਾਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
94 ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ
ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ।
2 ਤੁਸੀਂ ਸਾਰੀ ਧਰਤੀ ਦੇ ਮੁਨਸਫ਼ ਹੋ।
ਗੁਮਾਨੀ ਲੋਕਾਂ ਨੂੰ ਸਜ਼ਾ ਦਿਉ, ਜਿਸਦੇ ਉਹ ਅਧਿਕਾਰੀ ਹਨ।
3 ਯਹੋਵਾਹ, ਮੰਦੇ ਲੋਕ ਕਿੰਨਾ ਕੁ ਚਿਰ ਖੁਸ਼ੀ ਮਨਾਉਣਗੇ?
ਹੋਰ ਕਿੰਨਾ ਕੁ ਚਿਰ, ਯਹੋਵਾਹ।
4 ਉਹ ਦੋਸ਼ੀ ਹੋਰ ਕਿੰਨਾ ਕੁ ਚਿਰ,
ਆਪਣੇ ਮੰਦੇ ਕਾਰਿਆਂ ਦੀਆਂ ਫ਼ੜਾਂ ਮਾਰਨਗੇ?
5 ਯਹੋਵਾਹ, ਉਹ ਤੁਹਾਡੇ ਬੰਦਿਆਂ ਨੂੰ ਦੁੱਖ ਦਿੰਦੇ ਹਨ,
ਉਨ੍ਹਾਂ ਤੁਹਾਡੇ ਬੰਦਿਆਂ ਨੂੰ ਦੰਡ ਦਿੱਤਾ ਹੈ।
6 ਉਹ ਮੰਦੇ ਲੋਕ ਵਿਧਵਾਵਾਂ ਨੂੰ ਅਤੇ ਸਾਡੇ ਦੇਸ਼ ਵਿੱਚ ਰਹਿੰਦੇ ਪਰਦੇਸੀਆਂ ਨੂੰ ਮਾਰਦੇ ਹਨ।
ਉਹ ਯਤੀਮ ਬੱਚਿਆਂ ਨੂੰ ਮਾਰਦੇ ਹਨ।
7 ਅਤੇ ਉਹ ਆਖਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਇਹ ਮੰਦੇ ਕਾਰੇ ਕਰਦਿਆਂ ਨਹੀਂ ਦੇਖਦਾ।
ਉਹ ਆਖਦੇ ਹਨ ਕਿ ਇਸਰਾਏਲ ਦੇ ਪਰਮੇਸ਼ੁਰ ਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਹੈ।
8 ਮੰਦੇ ਲੋਕੋ ਤੁਸੀਂ ਬਹੁਤ ਮੂਰਖ ਹੋ,
ਤੁਸੀਂ ਆਪਣਾ ਸਬਕ ਕਦੋਂ ਸਿਖੋਂਗੇ?
ਤੁਸੀਂ, ਮੰਦੇ ਲੋਕੋ ਕਿੰਨੇ ਬੁੱਧੂ ਹੋ।
ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
9 ਪਰਮੇਸ਼ੁਰ ਨੇ ਸਾਡੇ ਕੰਨ ਬਣਾਏ, ਇਸ ਲਈ ਉਸ ਦੇ ਕੰਨ ਵੀ ਜ਼ਰੂਰ ਹੋਣਗੇ।
ਉਹ ਸੁਣ ਸੱਕਦਾ ਕਿ ਕੀ ਹੋ ਰਿਹਾ ਹੈ।
ਪਰਮੇਸ਼ੁਰ ਨੇ ਸਾਡੀਆਂ ਅੱਖਾਂ ਬਣਾਈਆਂ, ਇਸ ਲਈ ਉਸ ਦੀਆਂ ਅੱਖਾਂ ਵੀ ਜ਼ਰੂਰ ਹੋਣਗੀਆਂ,
ਉਹ ਜੋ ਵੀ ਹੋ ਰਿਹਾ ਦੇਖ ਸੱਕਦਾ ਹੈ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ।
11 ਪਰਮੇਸ਼ੁਰ ਲੋਕਾਂ ਦੀਆਂ ਸੋਚਾਂ ਨੂੰ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਲੋਕ ਹਵਾ ਦੇ ਬੁੱਲੇ ਵਾਂਗੂ ਹਨ।
12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ।
ਉਹ ਬਹੁਤ ਖੁਸ਼ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ।
ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ।
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ।
ਉਹ ਉਨ੍ਹਾਂ ਨੂੰ ਸਹਾਇਤਾ ਤੋਂ ਬਿਨਾ ਨਹੀਂ ਛੱਡੇਗਾ।
15 ਫ਼ੇਰ ਇਨਸਾਫ਼ ਹੋਵੇਗਾ, ਅਤੇ ਇਸ ਨਾਲ ਨਿਰਪੱਖਤਾ ਆਵੇਗੀ,
ਅਤੇ ਫ਼ਿਰ ਇੱਥੇ ਚੰਗੇ ਅਤੇ ਇਮਾਨਦਾਰ ਲੋਕ ਹੋਣਗੇ।
16 ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ।
ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ।
17 ਅਤੇ ਜੇ ਯਹੋਵਾਹ ਨੇ ਮੇਰੀ ਸਹਾਇਤਾ ਨਾ ਕੀਤੀ ਹੁੰਦੀ,
ਮੈਨੂੰ ਮੌਤ ਨੇ ਖਾਮੋਸ਼ ਕਰ ਦਿੱਤਾ ਹੋਣਾ ਸੀ।
18 ਮੈਂ ਜਾਣਦਾ ਹਾਂ ਕਿ ਮੈਂ ਡਿੱਗਣ ਵਾਲਾ ਸਾਂ,
ਪਰ ਯਹੋਵਾਹ ਨੇ ਆਪਣੇ ਪੈਰੋਕਾਰਾਂ ਨੂੰ ਸਹਾਰਾ ਦਿੱਤਾ।
19 ਮੈਂ ਬਹੁਤ ਫ਼ਿਕਰਮੰਦ ਅਤੇ ਬੇਚੈਨ ਸਾਂ।
ਪਰ ਹੇ ਯਹੋਵਾਹ, ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਅਤੇ ਮੈਨੂੰ ਪ੍ਰਸੰਨ ਕਰ ਦਿੱਤਾ।
20 ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ।
ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
21 ਉਹ ਨਿਆਂਕਾਰ ਨੇਕ ਬੰਦਿਆਂ ਉੱਤੇ ਹਮਲਾ ਕਰਦੇ ਹਨ।
ਉਹ ਮਾਸੂਮ ਲੋਕਾਂ ਨੂੰ ਦੋਸ਼ੀ ਆਖਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ ਹਨ।
22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ।
ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ।
23 ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦੇਵੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਕਿਉਂਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ।
ਯਹੋਵਾਹ, ਸਾਡਾ ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਦਾ ਨਾਸ਼ ਕਰੇਗਾ।
95 ਆਉ, ਅਸੀਂ ਪਰਮੇਸ਼ੁਰ ਦੀ ਉਸਤਤਿ ਕਰੀਏ।
ਆਉ, ਉਸ ਚੱਟਾਨ ਲਈ, ਉਸਤਤਿ ਦੇ ਜੈਕਾਰੇ ਗਾਈਏ।
ਜਿਹੜੀ ਸਾਡੀ ਰੱਖਿਆ ਕਰਦੀ ਹੈ।
2 ਆਉ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਈਏ
ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।
3 ਕਿਉਂਕਿ ਯਹੋਵਹ ਹੀ ਮਹਾਨ ਪਰਮੇਸ਼ੁਰ ਹੈ।
ਉਹੀ ਮਹਾਨ ਰਾਜਾ ਹੈ ਜਿਹੜਾ “ਹੋਰਨਾਂ ਸਾਰੇ ਦੇਵਤਿਆਂ” ਉੱਤੇ ਹਕੂਮਤ ਕਰਦਾ ਹੈ।
4 ਸਭ ਤੋਂ ਡੂੰਘੀਆਂ ਗੁਫ਼ਾਵਾਂ ਅਤੇ ਉੱਚੇ ਤੋਂ ਉੱਚਾ ਪਹਾੜ ਯਹੋਵਾਹ ਦੇ ਹਨ।
5 ਸਾਗਰ ਉਸਦਾ ਹੈ ਉਸ ਨੇ ਇਸ ਨੂੰ ਸਾਜਿਆ ਸੀ।
ਪਰਮੇਸ਼ੁਰ ਨੇ ਆਪਣਿਆਂ ਹੱਥਾਂ ਨਾਲ ਸੁੱਕੀ ਧਰਤੀ ਬਣਾਈ ਸੀ।
6 ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ।
ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
7 ਉਹ ਹੀ ਸਾਡਾ ਪਰਮੇਸ਼ੁਰ ਹੈ।
ਅਤੇ ਅਸੀਂ ਉਸ ਦੇ ਬੰਦੇ ਹਾਂ।
ਅਸੀਂ ਉਸ ਦੀਆਂ ਭੇਡਾਂ ਹਾਂ
ਜੇ ਅੱਜ ਅਸੀਂ ਉਸਦੀ ਅਵਾਜ਼ ਸੁਣੀਏ।
8 ਪਰਮੇਸ਼ੁਰ ਆਖਦਾ ਹੈ, “ਜ਼ਿੱਦੀ ਨਾ ਬਣੋ ਜਿਵੇਂ ਤੁਸੀਂ ਮਰੀਬਾਹ ਵਿੱਚ ਸੀ,
ਜਿਵੇਂ ਤੁਸੀਂ ਮਾਰੂਥਲ ਅੰਦਰ ਮਾਸਾ ਵਿਖੇ ਸੀ।
9 ਤੁਹਾਡੇ ਪੁਰਖਿਆਂ ਨੇ ਮੇਰੀ ਪਰੱਖ ਕੀਤੀ ਸੀ, ਉਨ੍ਹਾਂ ਨੇ ਮੈਨੂੰ ਪਰੱਖਿਆ,
ਉਨ੍ਹਾਂ ਨੇ ਦੇਖ ਲਿਆ, ਕਿ ਮੈਂ ਕੀ ਕਰ ਸੱਕਦਾ ਸਾਂ।
10 ਮੈਂ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨਾਲ ਸਬਰ ਨਾਲ ਰਿਹਾ।
ਅਤੇ ਮੈਂ ਜਾਣਦਾ ਹਾਂ ਕਿ, ‘ਉਹ ਵਫ਼ਾਦਾਰ ਨਹੀਂ ਹਨ,
ਕਿਉਂਕਿ ਉਨ੍ਹਾਂ ਲੋਕਾਂ ਨੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਤੋਂ ਇਨਕਾਰ ਕਰ ਦਿੱਤਾ।’
11 ਇਸ ਲਈ ਮੈਂ ਗੁੱਸੇ ਸਾਂ, ਅਤੇ ਮੈਂ ਸੌਂਹ ਖਾਧੀ ਕਿ,
‘ਉਹ ਮੇਰੀ ਅਰਾਮ ਦੀ ਜ਼ਮੀਨ ਵਿੱਚ ਦਾਖਲ ਨਹੀਂ ਹੋਣਗੇ।’”
ਯੋਆਬ ਵੱਲੋਂ ਦਾਊਦ ਕੋਲ ਇੱਕ ਸਿਆਣੀ ਔਰਤ ਨੂੰ ਭੇਜਣਾ
14 ਸਰੂਯਾਹ ਦੇ ਪੁੱਤਰ ਯੋਆਬ ਨੂੰ ਜਦੋਂ ਪਤਾ ਲੱਗਾ ਕਿ ਦਾਊਦ ਪਾਤਸ਼ਾਹ ਆਪਣੇ ਪੁੱਤਰ ਅਬਸ਼ਾਲੋਮ ਨੂੰ ਬਹੁਤ ਯਾਦ ਕਰਦਾ ਹੈ ਤਾਂ 2 ਯੋਆਬ ਨੇ ਤਕੋਆਹ ਵਿੱਚ ਸੰਦੇਸ਼ਵਾਹਕ ਭੇਜਕੇ ਉੱਥੋਂ ਇੱਕ ਸਿਆਣੀ ਔਰਤ ਬੁਲਵਾਈ ਅਤੇ ਉਸ ਨੂੰ ਆਖਿਆ, “ਤੂੰ ਸੋਗੀ ਪਹਿਰਾਵਾ ਪਾਕੇ ਸੋਗ ਦਾ ਸਾਂਗ ਰਚਾਅ ਅਤੇ ਇਉਂ ਸਾਂਗ ਕਰ ਜਿਵੇਂ ਇੱਕ ਔਰਤ ਕਿਸੇ ਦੇ ਮਰਨ ਉਪਰੰਤ ਉਸ ਲਈ ਕਿੰਨੇ ਦਿਨ ਵੈਣ ਪਾਉਂਦੀ ਤੇ ਰੋਂਦੀ-ਪਿੱਟਦੀ ਹੈ। 3 ਤੂੰ ਪਾਤਸ਼ਾਹ ਕੋਲ ਜਾ ਅਤੇ ਜਿਵੇਂ ਮੈਂ ਤੈਨੂੰ ਸਮਝਾਵਾਂ ਉਸ ਨੂੰ ਉਵੇਂ ਹੀ ਜਾਕੇ ਆਖ।” ਤਦ ਯੋਆਬ ਨੇ ਉਸ ਸਿਆਣੀ ਔਰਤ ਨੂੰ ਸਮਝਾਇਆ ਕਿ ਜਾਕੇ ਕੀ ਆਖਣਾ ਹੈ।
4 ਤਦ ਤਕੋਆਹ ਦੀ ਉਹ ਔਰਤ ਨੇ ਜਾਕੇ ਪਾਤਸ਼ਾਹ ਨਾਲ ਗੱਲ ਕੀਤੀ। ਉਸ ਨੇ ਜਾਕੇ ਆਪਣਾ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਆਖਣ ਲਗੀ, “ਹੇ ਪਾਤਸ਼ਾਹ! ਮੇਰੀ ਮਦਦ ਕਰ!”
5 ਦਾਊਦ ਪਾਤਸ਼ਾਹ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?”
ਉਸ ਔਰਤ ਨੇ ਕਿਹਾ, “ਮੈਂ ਵਿੱਧਵਾ ਔਰਤ ਹਾਂ। ਮੇਰਾ ਪਤੀ ਮਰ ਗਿਆ ਹੈ। 6 ਮੇਰੇ ਦੋ ਪੁੱਤਰ ਸਨ, ਉਹ ਦੋਨੋ ਖੇਤ ਵਿੱਚ ਆਪਸ ਵਿੱਚ ਲੜ ਪਏ ਅਤੇ ਉੱਥੇ ਉਨ੍ਹਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਸੀ ਤਾਂ ਇੱਕ ਪੁੱਤਰ ਨੇ ਦੂਜੇ ਨੂੰ ਮਾਰ ਦਿੱਤਾ। 7 ਹੁਣ ਸਾਰਾ ਪਰਿਵਾਰ ਮੇਰੇ ਵਿਰੁੱਧ ਹੋ ਗਿਆ ਹੈ। ਉਨ੍ਹਾਂ ਮੈਨੂੰ ਆਖਿਆ, ‘ਜਿਸਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਜੋ ਅਸੀਂ ਉਸ ਦੇ ਮਾਰੇ ਹੋਏ ਭਰਾ ਦੇ ਬਦਲੇ ਉਸ ਨੂੰ ਵੱਢ ਸੁੱਟੀਏ ਕਿਉਂ ਕਿ ਉਸ ਨੇ ਆਪਣੇ ਭਰਾ ਨੂੰ ਮਾਰਿਆ ਹੈ।’ ਮੇਰਾ ਉਹ ਬੱਚਿਆਂ ਹੋਇਆ ਪੁੱਤਰ ਅੱਗ ਦੀ ਅਖੀਰੀ ਚਿੰਗਾਰੀ ਵਰਗਾ ਹੈ, ਜੇਕਰ ਉਹ ਉਸ ਨੂੰ ਮਾਰ ਦੇਣਗੇ ਤਾਂ ਉਹ ਅੱਗ ਵੀ ਬਲਦੀ ਬੁਝ ਜਾਵੇਗੀ। ਸਿਰਫ਼ ਉਹੀ ਪੁੱਤਰ ਬੱਚਿਆਂ ਹੈ ਜੋ ਆਪਣੇ ਪਿਤਾ ਦੀ ਜਾਇਦਾਦ ਦਾ ਹੱਕਦਾਰ ਹੈ। ਤਾਂ ਫ਼ਿਰ ਮੇਰੇ ਮਰੇ ਹੋਏ ਪਤੀ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਹੋ ਜਾਵੇਗੀ ਅਤੇ ਉਸਦਾ ਨਾਂ ਹੀ ਧਰਤੀ ਤੋਂ ਖਤਮ ਹੋ ਜਾਵੇਗਾ।”
8 ਤਾਂ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੂੰ ਆਪਣੇ ਘਰ ਜਾ ਮੈਂ ਤੇਰੇ ਲਈ ਆਗਿਆ ਦੇਵਾਂਗਾ।”
9 ਤਾਂ ਉਸ ਤਕੋਆਹ ਦੀ ਔਰਤ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ, ਪਾਤਸ਼ਾਹ! ਤੁਸੀਂ ਇਹ ਸਾਰਾ ਦੋਸ਼ ਮੇਰੇ ਉੱਪਰ ਰਹਿਣ ਦੇਵੋ। ਤੁਸੀਂ ਤੇ ਤੁਹਾਡਾ ਰਾਜ ਬੇਦੋਸ਼ਾ ਹੋਵੇ।”
10 ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਕੋਈ ਮਨੁੱਖ ਤੈਨੂੰ ਕੁਝ ਬੁਰਾ-ਭਲਾ ਕਹੇ, ਉਸ ਨੂੰ ਮੇਰੇ ਕੋਲ ਲੈ ਆ, ਕੀ ਮਜਾਲ ਉਹ ਤੈਨੂੰ ਦੋਬਾਰਾ ਕੁਝ ਆਖ ਸੱਕੇ।”
11 ਉਸ ਔਰਤ ਨੇ ਆਖਿਆ, “ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ! ਯਹੋਵਾਹ, ਆਪਣੇ ਪਰਮੇਸ਼ੁਰ ਵੱਲ ਧਿਆਨ ਲਾਕੇ ਕਤਲ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦੇਵੋ। ਉਹ ਮੇਰੇ ਪੁੱਤਰ ਨੂੰ ਆਪਣੇ ਭਰਾ ਦੇ ਕਤਲ ਕਾਰਣ ਸਜ਼ਾ ਦੇਣਾ ਚਾਹੁੰਦੇ ਹਨ। ਵਚਨ ਦਿਓ ਕਿ ਤੁਸੀਂ ਉਨ੍ਹਾਂ ਨੂੰ ਮੇਰੇ ਪੁੱਤਰ ਨੂੰ ਖਤਮ ਨਾ ਕਰਨ ਦੇਵੋਂਗੇ।”
ਦਾਊਦ ਨੇ ਕਿਹਾ, “ਯਹੋਵਾਹ ਦੀ ਸੌਂਹ! ਤੇਰੇ ਪੁੱਤਰ ਦਾ ਧਰਤੀ ਤੇ ਇੱਕ ਵਾਲ ਵੀ ਨਾ ਡਿੱਗੇਗਾ।”
12 ਉਸ ਔਰਤ ਨੇ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਨੂੰ ਕੁਝ ਹੋਰ ਵੀ ਆਖਣ ਦੀ ਇਜਾਜ਼ਤ ਦੇ।”
ਪਾਤਸ਼ਾਹ ਨੇ ਕਿਹਾ, “ਬੋਲ!”
13 ਤਾਂ ਉਸ ਔਰਤ ਨੇ ਕਿਹਾ, “ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਇਹੋ ਜਿਹਾ ਕਿਸ ਲਈ ਧਿਆਨ ਕੀਤਾ ਹੈ? ਹਾਂ! ਜਦੋਂ ਤੁਸੀਂ ਅਜਿਹਾ ਆਖਦੇ ਹੋ ਤਾਂ ਇਉਂ ਜਾਪਦੇ ਕਿ ਤੁਸੀਂ ਦੋਸ਼ੀ ਹੋ! ਕਿਉਂ ਕਿ ਜਿਸ ਪੁੱਤਰ ਨੂੰ ਤੁਸੀਂ ਜਬਰਦਸਤੀ ਘਰੋ ਕੱਢਿਆ ਸੀ ਉਸ ਨੂੰ ਵਾਪਸ ਨਹੀਂ ਸੱਦਿਆ। 14 ਅਸੀਂ ਸਭਨਾਂ ਨੇ ਇੱਕ ਨਾ ਇੱਕ ਦਿਨ ਮਰਨਾ ਹੈ। ਅਸੀਂ ਉਸ ਪਾਣੀ ਵਰਗੇ ਹਾਂ ਜੋ ਧਰਤੀ ਤੇ ਡੋਲ੍ਹਿਆ ਜਾਂਦਾ ਹੈ, ਤੇ ਫ਼ਿਰ ਧਰਤੀ ਤੇ ਡੁਲ੍ਹੇ ਪਾਣੀ ਨੂੰ ਕੋਈ ਮੁੜ ਇਕੱਠਾ ਨਹੀਂ ਕਰ ਸੱਕਦਾ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਸਗੋਂ ਜਿਹੜੇ ਘਰੋ ਜਬਰਦਸਤੀ ਕੱਢੇ ਜਾਂਦੇ ਹਨ, ਪਰਮੇਸ਼ੁਰ ਉਨ੍ਹਾਂ ਦੀ ਸੁਰੱਖਿਆ ਦੀ ਵਿਉਂਤ ਬਣਾਉਂਦਾ ਹੈ-ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਨਜ਼ਰ ਤੋਂ ਦੂਰ ਕਰਨ ਦਾ ਹੁਕਮ ਨਹੀਂ ਦਿੰਦਾ। 15 ਮੇਰੇ ਮਹਾਰਾਜ ਅਤੇ ਪਾਤਸ਼ਾਹ, ਮੈਂ ਤੁਹਾਨੂੰ ਇਹ ਗੱਲ ਆਖਣ ਇਸ ਲਈ ਆਈ ਹਾਂ ਕਿਉਂ ਕਿ ਲੋਕਾਂ ਨੇ ਮੈਨੂੰ ਡਰਾਇਆ ਤਾਂ ਮੈਂ ਆਪਣੇ-ਆਪ ਨੂੰ ਕਿਹਾ, ‘ਮੈਂ ਪਾਤਸ਼ਾਹ ਅੱਗੇ ਫ਼ਰਿਆਦ ਕਰਾਂਗੀ, ਹੋ ਸੱਕਦਾ ਪਾਤਸ਼ਾਹ ਮੇਰੀ ਫ਼ਰਿਆਦ ਸੁਣੇ ਤੇ ਮੇਰੀ ਮਦਦ ਕਰੇ। 16 ਪਾਤਸ਼ਾਹ ਮੇਰੀ ਸੁਣੇਗਾ ਅਤੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਮਾਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਸਾਡੀ ਸੁਰੱਖਿਆ ਕਰੇਗਾ। ਜੋ ਮਨੁੱਖ ਸਾਨੂੰ ਪਰਮੇਸ਼ੁਰ ਦੀ ਦਿੱਤੀ ਦਾਤ ਤੋਂ ਵਾਂਝਾ ਰੱਖ ਕੇ ਮਾਰਨਾ ਚਾਹੁੰਦਾ ਹੈ, ਪਾਤਸ਼ਾਹ ਸਾਨੂੰ ਉਸਤੋਂ ਬਚਾਵੇਗਾ।’ 17 ਮੈਨੂੰ ਪਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਸ਼ਬਦ ਸੁੱਖ-ਸ਼ਾਂਤੀ ਦੇਣਗੇ ਕਿਉਂ ਕਿ ਤੂੰ ਪਰਮੇਸ਼ੁਰ ਦੇ ਦੂਤ ਵਰਗਾ ਹੈਂ। ਤੂੰ ਚੰਗੇ ਬੁਰੇ ਦੀ ਪਛਾਣ ਰੱਖਦਾ ਹੈਂ ਅਤੇ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ।”
18 ਦਾਊਦ ਪਾਤਸ਼ਾਹ ਨੇ ਉਸ ਔਰਤ ਨੂੰ ਆਖਿਆ, “ਤੈਨੂੰ ਮੈਂ ਜੋ ਗੱਲਾਂ ਪੁੱਛਾਂ ਤੂੰ ਸਿਰਫ਼ ਉਸਦਾ ਜਵਾਬ ਦੇਵੀਂ।”
ਔਰਤ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਕਿਰਪਾ ਕਰਕੇ ਸਵਾਲ ਪੁੱਛੋ।”
19 ਪਾਤਸ਼ਾਹ ਨੇ ਆਖਿਆ, “ਕੀ ਯੋਆਬ ਨੇ ਇਹ ਸਭ ਕੁਝ ਮੈਨੂੰ ਆਖਣ ਲਈ ਤੈਨੂੰ ਨਹੀਂ ਸਿੱਖਾਇਆ?”
ਔਰਤ ਨੇ ਜਵਾਬ ਦਿੱਤਾ, “ਤੇਰੀ ਜਾਨ ਦੀ ਸੌਂਹ! ਮੇਰੇ ਮਹਾਰਾਜ ਅਤੇ ਪਾਤਸ਼ਾਹ! ਤੂੰ ਬਿਲਕੁਲ ਠੀਕ ਆਖਿਆ ਹੈ। ਤੇਰੇ ਅਫ਼ਸਰ ਯੋਆਬ ਨੇ ਹੀ ਇਹ ਸਭ ਕੁਝ ਮੈਨੂੰ ਤੈਨੂੰ ਆਖਣ ਲਈ ਕਿਹਾ ਸੀ। 20 ਅਤੇ ਤੇਰੇ ਸੇਵਕ ਯੋਆਬ ਨੇ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਤੇ ਹੁੰਦਾ ਹੈ ਉਸ ਦੇ ਜਾਨਣ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ।”
ਪੌਲੁਸ ਦਾ ਯਰੂਸ਼ਲਮ ਨੂੰ ਜਾਣਾ
21 ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਅਲਵਿਦਾ ਆਖਕੇ ਜਹਾਜ਼ ਵਿੱਚ ਚੱਲੇ ਗਏ। ਅਸੀਂ ਸਿੱਧਾ ਕੋਸ ਟਾਪੂ ਵੱਲ ਆਏ। ਅਗਲੇ ਦਿਨ ਅਸੀਂ ਰੋਦੁਸ ਟਾਪੂ ਵੱਲ ਗਏ ਅਤੇ ਰੋਦੁਸ ਤੋਂ ਪਾਤਰਾ ਵੱਲ ਨੂੰ। 2 ਪਾਤ੍ਰਾ ਵਿੱਚ ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਵੱਲ ਦੇ ਇਲਾਕੇ ਨੂੰ ਜਾ ਰਿਹਾ ਸੀ, ਅਸੀਂ ਉਸ ਜਹਾਜ਼ ਤੇ ਸਵਾਰ ਹੋਏ ਅਤੇ ਸਫ਼ਰ ਲਈ ਤੁਰ ਪਏ।
3 ਅਸੀਂ ਕੁਪਰੁਸ ਟਾਪੂ ਕੋਲ ਪਹੁੰਚੇ। ਇਹ ਸਾਨੂੰ ਉੱਤਰੀ ਦਿਸ਼ਾ ਵੱਲ ਵਿਖਾਈ ਦੇ ਰਿਹਾ ਸੀ, ਪਰ ਅਸੀਂ ਉੱਥੇ ਰੁਕੇ ਨਹੀਂ। ਅਸੀਂ ਉੱਥੋਂ ਸੁਰਿਯਾ ਵੱਲ ਨੂੰ ਚੱਲੇ ਗਏ। ਅਸੀਂ ਉੱਥੇ ਸੂਰ ਵਿੱਚ ਜਾ ਉੱਤਰੇ ਕਿਉਂਕਿ ਉੱਥੇ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। 4 ਉੱਥੇ ਅਸੀਂ ਕੁਝ ਯਿਸੂ ਦੇ ਚੇਲਿਆਂ ਨੂੰ ਲੱਭਿਆ ਅਤੇ ਉਨ੍ਹਾਂ ਕੋਲ ਅਸੀਂ ਸੱਤ ਦਿਨਾਂ ਲਈ ਠਹਿਰੇ। ਉਨ੍ਹਾਂ ਨੇ ਪਵਿੱਤਰ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ। 5 ਪਰ ਜਦੋਂ ਅਸੀਂ ਆਪਣੀ ਫ਼ੇਰੀ ਖਤਮ ਕੀਤੀ ਤਾਂ ਅਸੀਂ ਉੱਥੋਂ ਤੁਰ ਪਏ। ਅਸੀਂ ਆਪਣੀ ਯਾਤਰਾ ਜਾਰੀ ਰੱਖੀ। ਉੱਥੋਂ ਦੇ ਸਾਰੇ ਮਰਦ-ਔਰਤਾਂ ਅਤੇ ਬੱਚੇ ਸਾਨੂੰ ਸ਼ਹਿਰੋਂ ਬਾਹਰ ਤੱਕ ਅਲਵਿਦਾ ਆਖਣ ਸਾਡੇ ਨਾਲ ਆਏ। ਅਸੀਂ ਸਾਰਿਆਂ ਨੇ ਉੱਥੇ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। 6 ਫ਼ਿਰ ਅਸੀਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਜਹਾਜ਼ ਉੱਪਰ ਚੜ੍ਹ੍ਹ ਗਏ ਅਤੇ ਉਹ ਲੋਕ ਆਪਣੇ ਘਰਾਂ ਨੂੰ ਪਰਤ ਗਏ।
7 ਅਸੀਂ ਸੂਰ ਤੋਂ ਅੱਗੇ ਆਪਣੀ ਜਲ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਪਹੁੰਚੇ। ਅਸੀਂ ਉੱਥੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਇੱਕ ਦਿਨ ਠਹਿਰੇ। 8 ਅਗਲੇ ਦਿਨ ਤੁਸੀਂ ਤੁਲਮਾਇਸ ਤੋਂ ਕੈਸਰਿਯਾ ਵੱਲ ਆਏ। ਅਸੀਂ ਫ਼ਿਲਿਪੁੱਸ ਦੇ ਘਰ ਅੰਦਰ ਗਏ ਅਤੇ ਉਸ ਦੇ ਨਾਲ ਠਹਿਰੇ। ਫ਼ਿਲਿਪੁੱਸ ਖੁਸ਼ਖਬਰੀ ਦਾ ਪ੍ਰਚਾਰਕ ਸੀ ਅਤੇ ਉਨ੍ਹਾਂ ਸੱਤ ਮਦਦਗਾਰਾਂ ਵਿੱਚੋਂ ਇੱਕ ਸੀ। 9 ਉਸ ਦੀਆਂ ਚਾਰ ਕੁੜੀਆਂ ਸਨ ਇਨ੍ਹਾਂ ਦੇ ਹਾਲੇ ਵਿਆਹ ਨਹੀਂ ਹੋਏ ਸਨ। ਇਨ੍ਹਾਂ ਕੁੜੀਆਂ ਕੋਲ ਅਗੰਮ ਵਾਕ ਕਰਨ ਦੀ ਬਖਸ਼ਸ਼ ਸੀ।
10 ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਸੀ ਤਾਂ ਉੱਥੇ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਤਰ ਆਇਆ। 11 ਉਹ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਕੋਲੋਂ ਪੌਲੁਸ ਦੀ ਕਮਰ ਪੇਟੀ ਲੈ ਲਈ। ਅਤੇ ਉਸ ਕਮਰਪਟੇ ਨਾਲ ਆਪਣੇ ਹੱਥ-ਪੈਰ ਬੰਨ੍ਹ ਕੇ ਆਖਣ ਲੱਗਾ, “ਪਵਿੱਤਰ ਆਤਮਾ ਮੈਨੂੰ ਦੱਸਦਾ ਹੈ, ਕਿ ‘ਯਰੂਸ਼ਲਮ ਵਿੱਚ ਯਹੂਦੀ ਉਸ ਮਨੁੱਖ ਨੂੰ ਇਸੇ ਤਰ੍ਹਾਂ ਬੰਨ੍ਹ ਦੇਣਗੇ ਜਿਸ ਦਾ ਇਹ ਕਮਰਪਟਾ ਹੈ, ਅਤੇ ਉਸਤੋਂ ਬਾਅਦ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”
12 ਜਦੋਂ ਅਸੀਂ ਇਹ ਬਚਨ ਸੁਣੇ, ਤਾਂ ਅਸੀਂ ਅਤੇ ਆਮ ਨਿਹਚਾਵਾਨਾਂ ਨੇ ਪੌਲੁਸ ਅੱਗੇ ਯਰੂਸ਼ਲਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 13 ਪਰ ਪੌਲੁਸ ਨੇ ਕਿਹਾ, “ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਮੇਰਾ ਦਿਲ ਕਿਉਂ ਤੋੜ ਰਹੇ ਹੋ। ਮੈਂ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਨੂੰ ਤਿਆਰ ਹਾਂ ਇਹੀ ਨਹੀਂ ਸਗੋਂ ਮੈਂ ਤਾਂ ਪ੍ਰਭੂ ਯਿਸੂ ਦੇ ਨਾਂ ਤੇ ਮਰ ਮਿਟਣ ਨੂੰ ਵੀ ਤਿਆਰ ਹਾਂ।”
14 ਅਸੀਂ ਉਸ ਨੂੰ ਯਰੂਸ਼ਲਮ ਨੂੰ ਨਾ ਜਾਣ ਲਈ ਨਾ ਮਨਵਾ ਸੱਕੇ। ਇਸ ਲਈ ਅਸੀਂ ਅਰਜੋਈ ਬੰਦ ਕਰਕੇ ਉਸ ਨੂੰ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”
ਯਿਸੂ ਦਾ ਤਲਾਕ ਬਾਰੇ ਉਪਦੇਸ਼(A)
10 ਫ਼ੇਰ ਯਿਸੂ ਉੱਥੋਂ ਉੱਠ ਕੇ ਯਹੂਦਿਯਾ ਦੀਆਂ ਹਦਾਂ ਵਿੱਚ ਅਤੇ ਯਰਦਨ ਨਦੀ ਦੇ ਪਾਰ ਪਹੁੰਚਿਆ। ਉੱਥੇ ਫ਼ਿਰ ਲੋਕ ਇੱਕਤ੍ਰ ਹੋਏ ਅਤੇ ਹਮੇਸ਼ਾ ਵਾਂਗ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
2 ਕੁਝ ਫ਼ਰੀਸੀ ਉਸ ਕੋਲ ਆਏ। ਉਨ੍ਹਾਂ ਕੋਸ਼ਿਸ਼ ਕੀਤੀ ਕਿ ਉਹ ਆਪਣੇ ਮੂੰਹੋ ਕੁਝ ਗਲਤ ਆਖੇ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਕੀ ਮਨੁੱਖ ਲਈ ਇਹ ਵਾਜਿਬ ਹੈ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਵੇ?”
3 ਯਿਸੂ ਨੇ ਜਵਾਬ ਦਿੱਤਾ, “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ ਹੈ?”
4 ਫ਼ਰੀਸੀਆਂ ਨੇ ਕਿਹਾ, “ਮੂਸਾ ਨੇ ਤਾਂ ਪਰਵਾਨਗੀ ਦਿੱਤੀ ਹੈ ਕਿ ਕੋਈ ਵੀ ਮਨੁੱਖ ਆਪਣੀ ਪਤਨੀ ਨੂੰ ਤਲਾਕਨਾਮਾ ਲਿਖਕੇ ਤਲਾਕ ਦੇ ਸੱਕਦਾ ਹੈ।” [a]
5 ਯਿਸੂ ਨੇ ਆਖਿਆ, “ਮੂਸਾ ਨੇ ਤੁਹਾਨੂੰ ਇਹ ਹੁਕਮ ਇਸ ਲਈ ਲਿਖਿਆ ਕਿਉਂਕਿ ਤੁਹਾਡੇ ਦਿਲ ਸਖ਼ਤ ਸਨ। 6 ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਨੂੰ ਸਿਰਜਿਆ, ‘ਉਸਨੇ ਲੋਕਾਂ ਨੂੰ ਨਰ ਅਤੇ ਨਾਰੀ ਬਣਾਇਆ।’ [b] 7 ‘ਇਸੇ ਲਈ, ਮਰਦ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਵੇਗਾ। 8 ਅਤੇ ਉਹ ਇੱਕ ਸਰੀਰ ਹੋ ਜਾਵਣਗੇ। ਇਸ ਲਈ ਉਹ ਦੋ ਨਹੀਂ ਸਗੋਂ ਇੱਕ ਹੋਣਗੇ।’ [c] 9 ਇਸ ਲਈ ਜੋ ਵੀ ਪਰਮੇਸ਼ੁਰ ਨੇ ਇਕੱਠਿਆਂ ਕੀਤਾ ਹੈ, ਮਨੁੱਖ ਨੂੰ ਉਹ ਵੱਖਰਾ ਨਹੀਂ ਕਰਨਾ ਚਾਹੀਦਾ।”
10 ਬਾਦ ਵਿੱਚ ਜਦੋਂ ਚੇਲੇ ਘਰ ਵਿੱਚ ਸਨ ਤਾਂ ਉਨ੍ਹਾਂ ਫ਼ੇਰ ਉਸ ਨੂੰ ਤਲਾਕ ਬਾਰੇ ਪੁੱਛਿਆ ਤਾਂ 11 ਯਿਸੂ ਨੇ ਆਖਿਆ, “ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਾਉਂਦਾ ਹੈ, ਉਹ ਆਪਣੀ ਪਤਨੀ ਵਿਰੁੱਧ ਬਦਕਾਰੀ ਦਾ ਪਾਪ ਕਰਦਾ ਹੈ। 12 ਅਤੇ ਜੇਕਰ ਕੋਈ ਔਰਤ ਆਪਣੇ ਮਰਦ ਨੂੰ ਤਲਾਕ ਦਿੰਦੀ ਹੈ ਅਤੇ ਦੂਜੇ ਮਰਦ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਵੀ ਪਤੀ ਨਾਲ ਬਦਕਾਰੀ ਦਾ ਪਾਪ ਕਰਦੀ ਹੈ।”
ਯਿਸੂ ਦਾ ਬੱਚਿਆਂ ਨੂੰ ਸਵੀਕਾਰਨਾ(B)
13 ਲੋਕੀ ਆਪਣੇ ਛੋਟੇ ਬੱਚਿਆਂ ਨੂੰ ਉਸ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਨ੍ਹਾਂ ਨੂੰ ਛੋਹਵੇ ਪਰ ਉਸ ਦੇ ਚੇਲਿਆਂ ਨੇ ਉਨ੍ਹਾਂ ਲੋਕਾਂ ਨੂੰ ਬੱਚਿਆਂ ਨੂੰ ਉਸ ਕੋਲ ਲਿਆਉਣ ਤੋਂ ਵਰਿਜਆ। 14 ਜਦੋਂ ਯਿਸੂ ਨੇ ਚੇਲਿਆਂ ਨੂੰ ਇਉਂ ਕਰਦਿਆਂ ਵੇਖਿਆ ਤਾਂ ਉਸ ਨੂੰ ਇਹ ਮਾੜਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ। ਉਨ੍ਹਾਂ ਨੂੰ ਰੋਕੋ ਨਾ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲਈ ਹੈ ਜੋ ਇਹੋ ਜਿਹੇ ਬੱਚਿਆਂ ਵਰਗੇ ਹਨ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮਨੁੱਖ ਪਰਮੇਸ਼ੁਰ ਦੇ ਰਾਜ ਨੂੰ ਬਾਲਕ ਵਾਂਗ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ।” 16 ਤਾਂ ਯਿਸੂ ਨੇ ਉਨ੍ਹਾਂ ਨੂੰ ਕੁਛੜ ਚੁੱਕਿਆ, ਉਨ੍ਹਾਂ ਤੇ ਹੱਥ ਰੱਖਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ।
2010 by World Bible Translation Center