Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 75-76

ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।

75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
    ਅਸੀਂ ਤੇਰੀ ਉਸਤਤਿ ਕਰਦੇ ਹਾਂ।
    ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।

ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
    ਮੈਂ ਬੇਲਾਗ ਨਿਆਂ ਕਰਾਂਗਾ।
ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
    ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।

“ਕੁਝ ਲੋਕ ਬੜੇ ਗੁਮਾਨੀ ਹਨ।
    ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”

ਧਰਤੀ ਉੱਤੇ ਕੋਈ ਸ਼ਕਤੀ ਨਹੀਂ
    ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
    ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
    ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
    ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
    ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
    ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
    ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ।

76 ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ।
    ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ।
    ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
ਉਸ ਜਗ਼੍ਹਾ ਪਰਮੇਸ਼ੁਰ ਨੇ ਤੀਰ ਕਮਾਨ,
    ਢਾਲਾਂ, ਤਲਵਾਰਾਂ ਅਤੇ ਜੰਗ ਅਤੇ ਹੋਰ ਹਥਿਆਰ ਤੋੜੇ ਸਨ।

ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ
    ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
ਉਨ੍ਹਾਂ ਸਿਪਾਹੀਆਂ ਨੇ ਸੋਚਿਆ ਕਿ ਉਹ ਤਾਕਤਵਰ ਹਨ।
ਪਰ ਹੁਣ ਉਹ ਖੇਤਾਂ ਅੰਦਰ ਮੁਰਦਾ ਪਏ ਹਨ।
    ਉਨ੍ਹਾਂ ਨੇ ਸ਼ਰੀਰ ਉਸ ਸਭ ਕਾਸੇ ਤੋਂ ਸੱਖਣੇ ਪਏ ਹਨ ਉਹ ਜੋ ਸਭ ਕੁਝ ਉਨ੍ਹਾਂ ਦਾ ਸੀ।
    ਉਨ੍ਹਾਂ ਸਿਪਾਹੀਆਂ ਵਿੱਚੋਂ ਕੋਈ ਵੀ ਆਪਣੀ ਰੱਖਿਆ ਨਹੀਂ ਕਰ ਸੱਕਿਆ ਸੀ।
ਯਾਕੂਬ ਦਾ ਪਰਮੇਸ਼ੁਰ ਉਨ੍ਹਾਂ ਸਿਪਾਹੀਆਂ ਉੱਤੇ ਗੱਜਿਆ,
    ਅਤੇ ਉਹ ਸਾਰੀ ਫ਼ੌਜ ਆਪਣੇ ਰੱਥਾਂ ਅਤੇ ਘੋੜਿਆਂ ਨਾਲ ਮੁਰਦਾ ਹੋ ਡਿੱਗੀ।
ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ।
    ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
8-9 ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ।
    ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ।
ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ।
    ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
10 ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ।
    ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।

11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ।
    ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
    ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ।

ਜ਼ਬੂਰ 23

ਦਾਊਦ ਦਾ ਇੱਕ ਗੀਤ।

23 ਯਹੋਵਾਹ ਮੇਰਾ ਆਜੜੀ ਹੈ,
    ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
    ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
    ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
    ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
    ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
    ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
    ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
    ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
    ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।

ਜ਼ਬੂਰ 27

ਦਾਊਦ ਦਾ ਇੱਕ ਗੀਤ।

27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
    ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
    ਪਰ ਉਹ ਔਕੜਨਗੇ ਅਤੇ ਡਿੱਗਣਗੇ।
ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
    ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
    ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”

ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
    ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
    ਅਤੇ ਉਸਦਾ ਮਹਿਲ ਵੇਖ ਸੱਕਾਂ।

ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
    ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
    ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
    ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
    ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।

ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
    ਮੇਰੇ ਤੇ ਦਯਾਵਾਨ ਹੋ।
ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
    ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
    ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
    ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
    ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
    ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
    ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
    ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
    ਮਜ਼ਬੂਤ ਅਤੇ ਬਹਾਦੁਰ ਬਣੋ,
    ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।

2 ਸਮੂਏਲ 5:22-6:11

22 ਫ਼ਲਿਸਤੀ ਫ਼ਿਰ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਫ਼ਿਰ ਤੰਬੂ ਲਾਏ।

23 ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਇਸ ਵਾਰ ਯਹੋਵਾਹ ਨੇ ਦਾਊਦ ਨੂੰ ਕਿਹਾ, “ਉੱਥੇ ਇਸ ਵਾਰ ਨਾ ਜਾਵੀਂ। ਪਰ ਪਿੱਛੇ ਹੋਕੇ ਪਿੱਛੋਂ ਦੀ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰੱਖਾਂ ਦੇ ਸਾਹਮਣੇ ਹੋਕੇ ਉਨ੍ਹਾਂ ਉੱਤੇ ਹਮਲਾ ਕਰ। 24 ਅਤੇ ਇੰਝ ਹੋਵੇ ਕਿ ਜਿਸ ਵਕਤ ਤੂੰ ਤੂਤਾਂ ਦੇ ਬਿਰੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਕਿ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ।”

25 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦਾ ਹੁਕਮ ਹੋਇਆ। ਤਾਂ ਫ਼ਿਰ ਫ਼ਲਿਸਤੀਆਂ ਨੂੰ ਉਸ ਨੇ ਹਾਰ ਦਿੱਤੀ। ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੱਬਾਹ ਤੋਂ ਲੈ ਕੇ ਗਹਰ ਤੱਕ ਪਹੁੰਚਦੇ ਉਨ੍ਹਾਂ ਨੂੰ ਵੱਢ-ਵੱਢ ਕੇ ਮਾਰ ਸੁੱਟਿਆ।

ਯਹੋਵਾਹ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਲਿਆਂਦਾ ਗਿਆ

ਫ਼ਿਰ ਦਾਊਦ ਨੇ ਇਸਰਾਏਲ ਦੇ ਸਭ ਤੋਂ ਵੱਧੀਆ ਚੁਣੇ ਹੋਏ 30,000 ਸਿਪਾਹੀ ਇਕੱਠੇ ਕੀਤੇ। ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ, ਯਹੂਦਾਹ ਵਿੱਚ ਬਆਲੇ ਨੂੰ ਗਏ ਅਤੇ ਉੱਥੋਂ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਨੂੰ ਲੈ ਗਏ। ਲੋਕ ਯਹੋਵਾਹ ਦੀ ਉਪਾਸਨਾ ਕਰਨ ਲਈ ਪਵਿੱਤਰ ਸੰਦੂਕ ਵੱਲ ਆਏ। ਉਹ ਪਵਿੱਤਰ ਸੰਦੂਕ ਯਹੋਵਾਹ ਦੇ ਸਿੰਘਾਸਣ ਦੇ ਬਰਾਬਰ ਹੈ। ਉਸੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਹਨ ਅਤੇ ਯਹੋਵਾਹ ਸਰਬ ਸ਼ਕਤੀਮਾਨ ਇਨ੍ਹਾਂ ਦੂਤਾਂ ਉੱਤੇ, ਪਾਤਸ਼ਾਹ ਬਣਕੇ ਬੈਠਾ ਹੈ। ਸੋ ਉਨ੍ਹਾਂ ਨੇ ਪਵਿੱਤਰ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਸ ਨੂੰ ਅਬੀਨਾਦਾਬ ਦੇ ਘਰੋ ਜੋ ਕਿ ਇੱਕ ਪਹਾੜੀ ਉੱਤੇ ਸੀ, ਲਿਜਾ ਰਹੇ ਸਨ। ਅਬੀਨਾਦਾਬ ਦੇ ਪੁੱਤਰ ਊਜਾਹ ਅਤੇ ਅਹਯੋ ਉਸ ਨਵੀਂ ਗੱਡੀ ਨੂੰ ਚੱਲਾ ਰਹੇ ਸਨ।

ਅਤੇ ਉਨ੍ਹਾਂ ਨੇ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਨਾਲ-ਨਾਲ ਗਏ ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ। ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ। ਜਦੋਂ ਦਾਊਦ ਦੇ ਆਦਮੀ ਨਾਕੋਨ ਦੇ ਪਿੜ ਕੋਲ ਪਹੁੰਚੇ ਤਾਂ ਊਜ਼ਾਹ ਨੇ ਹੱਥ ਲੰਮਾ ਕਰਕੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਫ਼ੜ ਕੇ ਸੰਭਾਲਿਆ ਕਿਉਂ ਕਿ ਗਊਆਂ ਠੋਕਰ ਖਾ ਰਹੀਆਂ ਸਨ। ਪਰ ਯਹੋਵਾਹ ਊਜ਼ਾਹ ਤੇ ਕਰੋਧ ਵਿੱਚ ਆਇਆ ਅਤੇ ਉਸ ਨੂੰ ਮਾਰ ਸੁੱਟਿਆ। [a] ਊਜ਼ਾਹ ਨੇ ਜਦੋਂ ਪਵਿੱਤਰ ਸੰਦੂਕ ਨੂੰ ਛੁਹਿਆ ਤਾਂ ਯਹੋਵਾਹ ਨੂੰ ਕੋਈ ਸੰਮਾਨ ਨਾ ਦਰਸਾਇਆ ਤਾਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਕੋਲ ਹੀ ਡਿੱਗ ਪਿਆ ਅਤੇ ਮਰ ਗਿਆ। ਦਾਊਦ ਉਦਾਸ ਹੋ ਗਿਆ ਕਿਉਂ ਕਿ ਯਹੋਵਾਹ ਨੇ ਊਜ਼ਾਹ ਨੂੰ ਮਾਰ ਸੁੱਟਿਆ ਸੀ। ਉਸ ਨੇ ਉਸ ਥਾਂ ਦਾ ਨਾਂ “ਪਰਸ-ਊਜ਼ਾਹ” ਰੱਖਿਆ।

ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਕਹਿਣ ਲੱਗਾ, “ਹੁਣ ਇੱਥੇ ਮੈਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਕਿਵੇਂ ਲਿਆ ਸੱਕਦਾ ਹਾਂ?” 10 ਸੋ ਦਾਊਦ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈਜਾਕੇ ਆਪਣੇ ਕੋਲ ਨਾ ਰੱਖ ਸੱਕਿਆ ਤਾਂ ਦਾਊਦ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ। 11 ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ ਅਤੇ ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।

ਰਸੂਲਾਂ ਦੇ ਕਰਤੱਬ 17:16-34

ਪੌਲੁਸ ਅਥੇਨੈ ਵਿੱਚ

16 ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬੜਾ ਦੁੱਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ। 17 ਪ੍ਰਾਰਥਨਾ ਸਥਾਨ ਵਿੱਚ, ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸ ਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿੱਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ। 18 ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ।

ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।”

19 ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ। 20 ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹੜੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।” 21 (ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿੱਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।)

22 ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੇ ਆਖਿਆ, “ਹੇ ਅਥੈਨੇ ਦੇ ਪੁਰੱਖੋ। ਮੈਂ ਵੇਖ ਸੱਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬੜੇ ਧਾਰਮਿਕ ਹੋ। 23 ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, ‘ ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।’ ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ।

24 “ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿੱਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। 25 ਇਹ ਉਹ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸ ਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋੜ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸ ਨੂੰ ਜ਼ਰੂਰਤ ਹੈ। 26 ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।

27 “ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ। 28 ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’

29 “ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ। 30 ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ। 31 ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸ ਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸ ਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸ ਨੇ ਇਉਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।”

32 ਜਦੋਂ ਲੋਕਾਂ ਨੇ ਯਿਸੂ ਦਾ ਮੁਰਦਿਆਂ ਚੋਂ ਜੀ ਉੱਠਣ ਬਾਰੇ ਸੁਣਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮਖੌਲ ਕੀਤਾ। ਲੋਕਾਂ ਕਿਹਾ, “ਅਸੀਂ ਇਸ ਬਾਰੇ ਹੋਰ ਵਿਸਤਾਰ ਤੇਰੇ ਕੋਲੋਂ ਬਾਅਦ ਵਿੱਚ ਸੁਣਾਂਗੇ।” 33 ਇਸ ਲਈ ਪੌਲੁਸ ਉੱਥੋਂ ਦੂਰ ਚੱਲਿਆ ਗਿਆ। 34 ਪਰ ਕੁਝ ਲੋਕ ਉਸ ਦੇ ਸੰਗ ਹੋ ਗਏ ਅਤੇ ਨਿਹਚਾਵਾਨ ਬਣ ਗਏ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ ਸੀ, ਜੋ ਅਰਿਯੁਪਗੀ ਸਭਾ ਦਾ ਇੱਕ ਸਦੱਸ ਸੀ। ਇੱਕ ਦਾਮਰਿਸ ਨਾਂ ਦੀ ਔਰਤ ਅਤੇ ਕੁਝ ਹੋਰ ਲੋਕਾਂ ਨੇ ਵੀ ਨਿਹਚਾ ਕੀਤਾ।

ਮਰਕੁਸ 8:1-10

ਯਿਸੂ ਦਾ ਚਾਰ ਹਜ਼ਾਰ ਤੋਂ ਵੱਧੀਕ ਨੂੰ ਭੋਜਨ ਕਰਾਉਣਾ(A)

ਉਨ੍ਹਾਂ ਦਿਨਾਂ ਵਿੱਚ ਹੀ, ਯਿਸੂ ਦੇ ਦੁਆਲੇ ਬਹੁਤ ਸਾਰੇ ਲੋਕ ਫ਼ੇਰ ਇਕੱਠੇ ਹੋਏ। ਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਮੈਨੂੰ ਇਨ੍ਹਾਂ ਲੋਕਾਂ ਤੇ ਤਰਸ ਆਉਂਦਾ ਹੈ ਕਿਉਂਕਿ ਇਹ ਪਿੱਛਲੇ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿ ਰਹੇ ਹਨ ਅਤੇ ਹੁਣ ਇਨ੍ਹਾਂ ਕੋਲ ਖਾਣ ਨੂੰ ਕੁਝ ਵੀ ਨਹੀਂ ਹੈ। ਜੇਕਰ ਮੈਂ ਇਨ੍ਹਾਂ ਨੂੰ ਭੁੱਖਿਆਂ ਭੇਜਦਾ ਹਾਂ। ਇਹ ਰਾਹ ਵਿੱਚ ਹੀ ਬੇਹੋਸ਼ ਹੋ ਜਾਣਗੇ। ਕੁਝ ਲੋਕ ਇਨ੍ਹਾਂ ਵਿੱਚੋਂ ਇੱਥੋਂ ਕਾਫ਼ੀ ਦੂਰ ਰਹਿੰਦੇ ਹਨ।”

ਯਿਸੂ ਦੇ ਚੇਲਿਆਂ ਨੇ ਆਖਿਆ, “ਪਰ ਅਸੀਂ ਇੱਥੇ ਕਿਸੇ ਵੀ ਸ਼ਹਿਰ ਤੋਂ ਬਹੁਤ ਦੂਰ ਹਾਂ ਅਤੇ ਅਸੀਂ ਇਸ ਲਈ ਇੰਨੇ ਸਾਰੇ ਲੋਕਾਂ ਲਈ ਖਾਣ ਦਾ ਇੰਤਜ਼ਾਮ ਕਿੱਥੋਂ ਕਰ ਸੱਕਦੇ ਹਾਂ?”

ਫ਼ੇਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”

ਚੇਲਿਆਂ ਨੇ ਕਿਹਾ, “ਸਾਡੇ ਕੋਲ ਸਿਰਫ਼ ਸੱਤ ਰੋਟੀਆਂ ਹਨ।”

ਯਿਸੂ ਨੇ ਲੋਕਾਂ ਨੂੰ ਜ਼ਮੀਨ ਤੇ ਬੈਠਣ ਲਈ ਕਿਹਾ। ਉਸ ਨੇ ਸੱਤ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਕਿਹਾ ਕਿ ਇਹ ਰੋਟੀਆਂ ਇਕੱਠੀ ਹੋਈ ਭੀੜ ਨੂੰ ਵੰਡ ਦੇਵੋ। ਚੇਲਿਆਂ ਨੇ ਉਵੇਂ ਕੀਤਾ ਜਿਵੇਂ ਉਸ ਨੇ ਆਖਿਆ ਸੀ। ਚੇਲਿਆਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ ਅਤੇ ਉਸ ਨੇ ਮੱਛੀ ਵੀ ਲਈ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਅਤੇ ਉਸ ਨੇ ਉਨ੍ਹਾਂ ਨੂੰ ਮੱਛੀਆਂ ਵੀ ਲੋਕਾਂ ਵਿੱਚ ਵੰਡਣ ਲਈ ਕਿਹਾ।

ਸਭ ਲੋਕਾਂ ਨੇ ਢਿੱਡ ਭਰਕੇ ਖਾਧਾ। ਇਸਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਭੋਜਨ ਦੇ ਟੁਕੜਿਆਂ ਨਾਲ ਸੱਤ ਟੋਕਰੇ ਭਰੇ। ਤਕਰੀਬਨ ਚਾਰ ਹਜ਼ਾਰ ਲੋਕਾਂ ਨੇ ਭੋਜਨ ਕੀਤਾ, ਜਦੋਂ ਉਹ ਖਾ ਚੁੱਕੇ ਤਾਂ ਯਿਸੂ ਨੇ ਉਨ੍ਹਾਂ ਨੂੰ ਘਰ ਜਾਣ ਨੂੰ ਕਿਹਾ। 10 ਤਦ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।

Punjabi Bible: Easy-to-Read Version (ERV-PA)

2010 by World Bible Translation Center