Book of Common Prayer
93 ਯਹੋਵਾਹ ਰਾਜਾ ਹੈ।
ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
2 ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
3 ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
4 ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
5 ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਨਿਰਦੇਸ਼ਕ ਲਈ: ਉਸਤਤਿ ਦਾ ਇੱਕ ਗੀਤ।
66 ਧਰਤੀ ਉਤਲੀ ਹਰ ਸ਼ੈਅ, ਪਰਮੇਸ਼ੁਰ ਅੱਗੇ ਖੁਸ਼ੀ ਨਾਲ ਕੂਕਦੀ ਹੈ।
2 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
ਉਸਤਤਿ ਦੇ ਗੀਤਾਂ ਨਾਲ ਉਸਦਾ ਸਤਿਕਾਰ ਕਰੋ।
3 ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ।
ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ।
4 ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ,
ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।”
5 ਉਨ੍ਹਾਂ ਚੀਜ਼ਾਂ ਵੱਲ ਵੇਖੋ ਜਿਹੜੀਆਂ ਪਰਮੇਸ਼ੁਰ ਨੇ ਸਾਜੀਆਂ।
ਉਹ ਚੀਜ਼ਾਂ ਸਾਨੂੰ ਹੈਰਾਨ ਕਰਦੀਆਂ ਹਨ।
6 ਉਸ ਦੇ ਲੋਕ ਤੁਰਕੇ ਦਰਿਆ ਪਾਰ ਕਰ ਗਏ
ਅਤੇ ਉਨ੍ਹਾਂ ਨੇ ਉਸਦੀ ਕੀਤੀ ਮਹਾਨ ਗੱਲ ਬਾਰੇ ਆਨੰਦ ਮਾਣਿਆ।
7 ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ;
ਉਹ ਹਰ ਜਗ਼੍ਹਾ ਲੋਕਾਂ ਨੂੰ ਤੱਕਦਾ ਹੈ।
ਕੋਈ ਅਜਿਹਾ ਬੰਦਾ ਨਹੀਂ ਜੋ ਉਸ ਦੇ ਖਿਲਾਫ਼ ਵਿਦ੍ਰੋਹ ਕਰ ਸੱਕੇ।
8 ਲੋਕੋ, ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ;
ਉਸ ਨੂੰ ਉੱਚੀ-ਉੱਚੀ ਉਸਤਤਿ ਦੇ ਗੀਤ ਗਾਵੋ।
9 ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ,
ਅਤੇ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ।
10 ਪਰਮੇਸ਼ੁਰ ਨੇ ਸਾਡੀ ਪਰੱਖ ਕੀਤੀ, ਜਿਵੇਂ ਲੋਕੀਂ ਚਾਂਦੀ ਅੱਗ ਨਾਲ ਪਰੱਖਦੇ ਹਨ।
11 ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ,
ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ।
12 ਸਾਡੇ ਵੈਰੀਆਂ ਨੂੰ ਸਾਡੇ ਉੱਪਰੋਂ ਦੀ ਤੋਂਰਿਆ,
ਤੁਸਾਂ ਸਾਨੂੰ ਅੱਗ ਅਤੇ ਪਾਣੀ ਵਿੱਚ ਦੀ ਧੂਹਿਆ।
ਪਰ ਤੁਸੀਂ ਅਸਾਂ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਲੈ ਆਏ।
13-14 ਇਸ ਲਈ ਮੈਂ ਤੁਹਾਡੇ ਮੰਦਰ ਵਿੱਚ ਬਲੀਆਂ ਲੈ ਆਵਾਂਗਾ।
ਜਦੋਂ ਮੈਂ ਮੁਸੀਬਤ ਵਿੱਚ ਸਾਂ ਮੈਂ ਤੁਹਾਡੇ ਅੱਗੇ ਸਹਾਇਤਾ ਲਈ ਪੁਕਾਰ ਕੀਤੀ।
ਹੁਣ ਮੈਂ ਤੁਹਾਡੇ ਨਾਲ ਬਹੁਤ ਇਕਰਾਰ ਕੀਤੇ,
ਮੈਂ ਉਹ ਚੀਜ਼ਾਂ ਭੇਟ ਕਰ ਰਿਹਾ ਜਿਨ੍ਹਾਂ ਦਾ ਇਕਰਾਰ ਕੀਤਾ ਸੀ।
15 ਮੈਂ ਤੁਹਾਨੂੰ ਆਪਣੇ ਪਾਪ ਲਈ ਚੜ੍ਹਾਵੇ ਭੇਟ ਕਰ ਰਿਹਾ ਹਾਂ।
ਮੈਂ ਤੁਹਾਨੂੰ ਭੇਡੂਆਂ ਨਾਲ ਧੂਪ ਭੇਟ ਕਰ ਰਿਹਾ ਹਾਂ।
ਮੈਂ ਤੁਹਾਨੂੰ ਸਾਂਨ੍ਹ ਅਤੇ ਬੱਕਰੀ ਭੇਟ ਕਰ ਰਿਹਾ ਹਾਂ।
16 ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਾਰੇ ਲੋਕੋ,
ਆਉ ਅਤੇ ਮੈਂ ਤੁਹਾਨੂੰ ਦੱਸਾਂਗਾ ਜੋ ਕੁਝ ਪਰਮੇਸ਼ੁਰ ਨੇ ਮੇਰੇ ਲਈ ਕੀਤਾ।
17-18 ਮੈਂ ਉਸ ਅੱਗੇ ਪ੍ਰਾਰਥਨਾ ਕੀਤੀ,
ਮੈਂ ਉਸਦੀ ਉਸਤਤਿ ਕੀਤੀ।
ਮੇਰਾ ਹਿਰਦਾ ਸ਼ੁੱਧ ਸੀ,
ਇਸ ਲਈ ਮੇਰੇ ਮਾਲਕ ਨੇ ਮੇਰੀ ਗੱਲ ਸੁਣੀ।
19 ਪਰਮੇਸ਼ੁਰ ਨੇ ਮੈਨੂੰ ਸੁਣਿਆ,
ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣੀ।
20 ਪਰਮੇਸ਼ੁਰ ਦੀ ਉਸਤਤਿ ਕਰੋ।
ਪਰਮੇਸ਼ੁਰ ਮੇਰੇ ਕੋਲੋਂ ਦੂਰ ਨਹੀਂ ਗਿਆ। ਉਸ ਨੇ ਮੇਰੀ ਪ੍ਰਾਰਥਨਾ ਸੁਣੀ।
ਪਰਮੇਸ਼ੁਰ ਨੇ ਮੇਰੇ ਨਾਲ ਆਪਣਾ ਪਿਆਰ ਦਰਸਾਇਆ।
2 ਜਦੋਂ ਯੂਨਾਹ ਅਜੇ ਮੱਛੀ ਦੇ ਢਿੱਡ ਵਿੱਚ ਸੀ ਤਾਂ ਉਸ ਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ,
2 “ਮੈਂ ਆਪਣੀ ਮੁਸੀਬਤ ਵਿੱਚ ਯਹੋਵਾਹ ਨੂੰ ਪੁਕਾਰਿਆ
ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।
ਯਹੋਵਾਹ, ਜਦੋਂ ਮੈਂ ਤੈਨੂੰ ਸ਼ਿਓਲ ਦੀ
ਗਹਿਰਾਈ ਵਿੱਚੋਂ ਪੁਕਾਰਿਆ, ਤੂੰ ਮੈਨੂੰ ਸੁਣਿਆ।
3 “ਤੂੰ ਮੈਨੂੰ ਡੂੰਘੇ ਸਮੁੰਦਰ ਵਿੱਚ ਸੁੱਟ ਦਿੱਤਾ,
ਭਿਅੰਕਰ ਲਹਿਰਾਂ ਨੇ ਮੈਨੂੰ ਘੇਰ ਲਿਆ।
ਮੈਂ ਹੇਠਾਂ ਸਮੁੰਦਰ ਵਿੱਚ ਲਹਿਂਦਾ ਗਿਆ,
ਮੇਰੇ ਚਾਰ-ਚੁਫ਼ੇਰੇ ਪਾਣੀ ਸੀ।
4 ਫ਼ਿਰ ਮੈਂ ਸੋਚਿਆ, ‘ਮੈਂ ਤੇਰੀ ਦ੍ਰਿਸ਼ਟੀ ਚੋ ਕੱਢ ਦਿੱਤਾ ਗਿਆ ਹਾਂ,’
ਪਰ ਤਾਂ ਵੀ, ਮੈਂ ਲਗਾਤਾਰ ਤੇਰੇ ਪਵਿੱਤਰ ਮੰਦਰ ਵੱਲ ਤੱਕਦਾ ਰਹਾਂਗਾ।
5 “ਪਾਣੀਆਂ ਨੇ ਮੈਨੂੰ ਢੱਕੱ ਲਿਆ ਕਿ ਮੈਂ ਲਗਭੱਗ
ਮਰਨ ਵਾਲਾ ਸੀ ਇਸ ਨੇ ਮੇਰਾ ਮੂੰਹ ਢੱਕ ਲਿਆ ਤੇ ਮੈਂ ਸਾਹ ਨਾ ਲੈ ਸੱਕਿਆ।
ਮੈਂ ਸਮੁੰਦਰ ਦੇ ਤਲ ’ਚ ਡੁੱਬ ਗਿਆ
ਅਤੇ ਸਾਗਰੀ ਝਾੜੀਆਂ ’ਚ ਵਲੇਟਿਆ ਗਿਆ ਸਾਂ।
6 ਮੈਂ ਹੇਠਾਂ ਸਮੁੰਦਰ ਦੇ ਤਲ ’ਚ ਜਿੱਥੇ ਪਰਬਤ ਸ਼ੁਰੂ ਹੁੰਦੇ ਨੇ, ਚੱਲਾ ਗਿਆ।
ਮੈਂ ਸੋਚਿਆ ਮੈਂ ਹਮੇਸ਼ਾ ਲਈ ਇਸ ਕੈਦ ਵਿੱਚ ਬੰਦ ਹੋ ਗਿਆ ਹਾਂ,
ਪਰ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਮੇਰੀ ਕਬਰ ਵਿੱਚੋਂਕੱਢ ਲਿਆ।
ਹੇ ਪਰਮੇਸ਼ੁਰ, ਤੂੰ ਮੈਨੂੰ ਫ਼ਿਰ ਤੋਂ ਜੀਵਨ ਦਿੱਤਾ।
7 “ਮੇਰਾ ਆਤਮਾ ਨੇ ਸਭ ਉਮੀਦਾਂ ਛੱਡ ਦਿੱਤੀਆਂ
ਪਰ ਫ਼ਿਰ ਮੈਂ ਯਹੋਵਾਹ ਨੂੰ ਧਿਆਇਆ।
ਹੇ ਯਹੋਵਾਹ! ਮੈਂ ਤੇਰੇ ਅੱਗੇ ਪ੍ਰਾਰਥਨਾ ਕੀਤੀ ਤਾਂ ਤੂੰ
ਆਪਣੇ ਪਵਿੱਤਰ ਮੰਦਰ ਵਿੱਚ ਮੇਰੀ ਪੁਕਾਰ ਸੁਣੀ।
8 “ਕੁਝ ਲੋਕ ਵਿਅਰਬ ਬੁੱਤਾਂ ਦੀ ਉਪਾਸਨਾ ਕ੍ਰੋਧ ਹਨ,
ਪਰ ਉਹ ਮੂਰਤੀਆਂ ਕਦੇ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀਆਂ।
9 ਮੁਕਤੀ ਸਿਰਫ਼ ਯਹੋਵਾਹ ਕੋਲੋਂ ਹੀ ਆਉਂਦੀ ਹੈ।
ਹੇ ਯਹੋਵਾਹ, ਮੈਂ ਉਸਤਤ ਦੇ ਸ਼ੁਕਰਾਨਿਆਂ ਨਾਲ ਤੈਨੂੰ ਬਲੀਆਂ ਚੜ੍ਹਾਵਾਂਗਾ।
ਮੈਂ ਖਾਸ ਇਕਰਾਰ ਕਰਾਂਗਾ
ਅਤੇ ਉਨ੍ਹਾਂ ਨੂੰ ਪੂਰਿਆਂ ਕਰਾਂਗਾ।”
ਪਤਰਸ ਨੇ ਲੋਕਾਂ ਨੂੰ ਕਿਹਾ
14 ਤਦ ਪਤਰਸ ਉਨ੍ਹਾਂ ਗਿਆਰਾਂ ਰਸੂਲਾਂ ਦੇ ਨਾਲ ਖੜੋ ਕੇ ਉੱਚੀ ਆਵਾਜ਼ ਨਾਲ ਆਖਣ ਲੱਗਾ, “ਹੇ ਮੇਰੇ ਯਹੂਦੀ ਭਰਾਵੋ ਅਤੇ ਸਾਰੇ ਯਰੂਸ਼ਲਮ ਨਿਵਾਸੀਓ, ਮੇਰੀ ਗੱਲ ਧਿਆਨ ਨਾਲ ਸੁਣੋ ਕਿਉਂਕਿ ਮੈਂ ਤੁਹਾਨੂੰ ਉਹ ਦੱਸਾਂਗਾ ਜੋ ਤੁਹਾਨੂੰ ਜਾਨਣਾ ਚਾਹੀਦਾ ਹੈ।
22 “ਮੇਰੇ ਯਹੂਦੀ ਭਰਾਵੋ; ਇਨ੍ਹਾਂ ਵਚਨਾਂ ਨੂੰ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਸਦੇ ਸੱਚਾ ਹੋਣ ਦਾ ਸਬੂਤ ਪਰਮੇਸ਼ੁਰ ਦੀ ਤਰਫ਼ੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ੁਰ ਨੇ ਉਸ ਵੱਲੋਂ ਤੁਹਾਡੇ ਵਿੱਚ ਵਿਖਲਾਈਆਂ। 23 ਤੁਹਾਡੇ ਲਈ ਯਿਸੂ ਭੇਜਿਆ ਗਿਆ ਅਤੇ ਤੁਸੀਂ ਉਸ ਨੂੰ ਜਾਨੋ ਮਾਰ ਦਿੱਤਾ। ਦੁਸ਼ਟ ਲੋਕਾਂ ਦੀ ਸਹਾਇਤਾ ਨਾਲ, ਤੁਸੀਂ ਉਸ ਨੂੰ ਸਲੀਬ ਦੇਕੇ ਮਾਰ ਦਿੱਤਾ। ਪਰ ਪਰਮੇਸ਼ੁਰ, ਪਹਿਲਾਂ ਤੋਂ ਹੀ ਇਹ ਸਭ ਜਾਣਦਾ ਸੀ ਕਿ ਅਜਿਹਾ ਹੋਵੇਗਾ। ਇਹ ਪਰਮੇਸ਼ੁਰ ਦੀ ਹੀ ਵਿਉਂਤ ਸੀ, ਜੋ ਕਿ ਉਸ ਨੇ ਬਹੁਤ ਚਿਰ ਪਹਿਲਾਂ ਸੋਚ ਲਾਈ ਸੀ। 24 ਯਿਸੂ ਨੇ ਮੌਤ ਦੀ ਪੀੜ ਸਹੀ ਪਰ ਪਰਮੇਸ਼ੁਰ ਨੇ, ਉਸ ਨੂੰ ਆਜ਼ਾਦ ਕਰ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਬੰਧਨ ਖੋਲਕੇ ਜੀਵਤ ਕਰ ਦਿੱਤਾ। ਮੌਤ ਉਸ ਨੂੰ ਕਸ ਨਹੀਂ ਸੱਕੀ। 25 ਦਾਊਦ ਨੇ ਉਸ ਬਾਰੇ ਆਖਿਆ,
‘ਮੈਂ ਹਮੇਸ਼ਾ ਪ੍ਰਭੂ ਨੂੰ ਆਪਣੇ ਸਨਮੁੱਖ ਵੇਖਿਆ ਹੈ;
ਉਹ ਮੇਰੇ ਸੱਜੇ ਪਾਸੇ ਹੈ। ਕੁਝ ਵੀ ਮੈਨੂੰ ਨਹੀਂ ਹਿਲਾ ਸੱਕਦਾ।
26 ਇਸ ਲਈ ਮੇਰਾ ਦਿਲ ਖੁਸ਼ ਹੈ
ਅਤੇ ਮੇਰੀ ਜ਼ੁਬਾਨ ਹਮੇਸ਼ਾ ਖੁਸ਼ੀ ਵਿੱਚ ਬੋਲਦੀ ਹੈ।
ਮੇਰਾ ਸਰੀਰ ਵੀ ਉਮੀਦ ਵਿੱਚ ਜੀਵੇਗਾ।
27 ਕਿਉਂਕਿ, ਤੂੰ ਮੈਨੂੰ ਮੌਤ ਦੀ ਜਗ਼੍ਹਾ ਨਹੀਂ ਛੱਡੇਗਾ।
ਤੂੰ ਕਦੇ ਵੀ ਆਪਣੇ ਪਵਿੱਤਰ ਪੁਰੱਖ ਦੇ ਸਰੀਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਗਾ।
28 ਤੂੰ ਮੈਨੂੰ ਸਿੱਖਾਇਆ ਕਿ ਕਿਵੇਂ ਜਿਉਣਾ ਹੈ।
ਸੋ ਤੂੰ ਮੇਰੇ ਕਰੀਬ ਆਵੇਂਗਾ ਅਤੇ ਮੈਨੂੰ ਅੰਤਾਂ ਦੀ ਖੁਸ਼ੀ ਦੇਵੇਂਗਾ।’ (A)
29 “ਹੇ ਮੇਰੇ ਭਰਾਵੋ, ਨਿਰਭੈ ਹੋਕੇ, ਮੈਂ ਤੁਹਾਨੂੰ ਸਾਡੇ ਵਡੇਰੇ ਦਾਊਦ ਦੇ ਬਾਰੇ ਦੱਸ ਸੱਕਦਾ ਹਾਂ। ਉਹ ਮਰਿਆ ਅਤੇ ਦਫ਼ਨਾਇਆ ਗਿਆ। ਉਸਦੀ ਕਬਰ, ਇੱਥੇ ਅੱਜ ਦਿਨ ਤੱਕ, ਸਾਡੇ ਨਾਲ ਹੈ। 30 ਦਾਊਦ ਨਬੀ ਸੀ ਅਤੇ ਉਹ ਇਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਵਚਨ ਦਿੱਤਾ ਸੀ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਿਠਾਵਾਂਗਾ। [a] 31 ਦਾਊਦ ਜਾਣਦਾ ਸੀ ਕਿ ਭਵਿੱਖ ਵਿੱਚ ਕੀ ਵਾਪਰ ਸੱਕਦਾ ਹੈ ਇਸ ਲਈ ਉਹ ਮਸੀਹ ਦੇ ਜੀ ਉੱਠਣ ਬਾਰੇ ਬੋਲਿਆ:
‘ਉਹ ਮੌਤ ਦੀ ਜਗ਼੍ਹਾ ਨਹੀਂ ਛੱਡਿਆ ਗਿਆ ਸੀ,
ਅਤੇ ਉਸਦਾ ਸਰੀਰ ਨਹੀਂ ਸੜਿਆ।’
32 ਸੋ ਇਹ ਯਿਸੂ ਹੀ ਹੈ ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ। ਅਸੀਂ ਸਭ ਇਸਦੇ ਚਸ਼ਮਦੀਦ ਗਵਾਹ ਹਾਂ।
ਯਿਸੂ ਦਾ ਆਪਣੇ ਚੇਲਿਆਂ ਨੂੰ ਦਿਲਾਸਾ ਦੇਣਾ
14 ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾਂ ਘਬਰਾਏ, ਪਰਮੇਸ਼ੁਰ ਵਿੱਚ ਭਰੋਸਾ ਕਰੋ ਅਤੇ ਮੇਰੇ ਵਿੱਚ ਭਰੋਸਾ ਕਰੋ। 2 ਮੇਰੇ ਪਿਤਾ ਦੇ ਘਰ ਵਿੱਚ ਬਹੁਤ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਿਹਾ ਹੁੰਦਾ। ਮੈਂ ਉੱਥੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। 3 ਉੱਥੇ ਜਾਣ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਦ, ਮੈਂ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ। 4 ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ।”
5 ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਜੇ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਸਤਾ ਕਿੱਥੋਂ ਜਾਣ ਸੱਕਦੇ ਹਾਂ?”
6 ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸੱਕਦਾ। 7 ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੁੰਦੇ। ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖਿਆ ਹੈ।”
8 ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ! ਸਾਨੂੰ ਪਿਤਾ ਦੇ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਕਾਫ਼ੀ ਹੈ।”
9 ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹਾਲੇ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਨਾ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾ?’ 10 ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸ ਰਿਹਾ ਹਾਂ ਮੇਰੇ ਵੱਲੋਂ ਨਹੀਂ ਆ ਰਹੀਆਂ। ਪਿਤਾ ਜੋ ਮੇਰੇ ਅੰਦਰ ਨਿਵਾਸ ਕਰਦਾ ਆਪਣੇ ਕੰਮ ਕਰ ਰਿਹਾ ਹੈ। 11 ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਜਾਂ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੀਆਂ ਕਰਾਮਾਤਾਂ ਕਾਰਣ ਮੇਰੇ ਵਿੱਚ ਵਿਸ਼ਵਾਸ ਕਰ।
12 “ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਵਿੱਚ ਨਿਹਚਾ ਰੱਖੇਗਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ। ਸਿਰਫ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਵੱਧ ਮਹਾਨ ਕੰਮ ਕਰੇਗਾ, ਕਿਉਂ ਕਿ ਮੈਂ ਵਾਪਸ ਪਿਤਾ ਕੋਲ ਜਾ ਰਿਹਾ ਹਾਂ। 13 ਜੇਕਰ ਤੁਸੀਂ ਮੇਰੇ ਨਾਂ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਮਹਿਮਾ ਹੋਵੇਗੀ। 14 ਜੇਕਰ ਤੁਸੀਂ ਮੇਰੇ ਨਾਂ ਉੱਤੇ ਕੁਝ ਮੰਗੋਗੇ ਮੈਂ ਉਹੀ ਦੇਵਾਂਗਾ।
2010 by World Bible Translation Center