Book of Common Prayer
ਇੱਕ ਦੁੱਖੀ ਬੰਦੇ ਦੀ ਉਸ ਵੇਲੇ ਦੀ ਪ੍ਰਾਰਥਨਾ, ਜਦੋਂ ਉਹ ਆਪਣੇ-ਆਪ ਨੂੰ ਨਿਮਾਣਾ ਸਮਝਦਾ ਅਤੇ ਯਹੋਵਾਹ ਅੱਗੇ ਸ਼ਿਕਾਇਤ ਕਰਨੀ ਚਾਹੁੰਦਾ ਹੈ।
102 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਸਹਾਇਤਾ ਲਈ ਮੇਰੀ ਪ੍ਰਾਰਥਨਾ ਸੁਣੋ।
2 ਯਹੋਵਾਹ, ਮੇਰੇ ਕੋਲੋਂ ਮੁੱਖ ਨਾ ਮੋੜੋ ਜਦੋਂ ਕਿ ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ।
ਜਦੋਂ ਵੀ ਮੈਂ ਸਹਾਇਤਾ ਲਈ ਪੁਕਾਰ ਕਰਾ ਸੁਣੋ ਅਤੇ ਛੇਤੀ ਹੀ ਇਸਦਾ ਉੱਤਰ ਦਿਉ।
3 ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ।
ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
4 ਮੇਰੀ ਸ਼ਕਤੀ ਜਾਂਦੀ ਰਹੀ ਹੈ।
ਮੈਂ ਸੁੱਕੇ ਮਰ ਰਹੇ ਘਾਹ ਵਰਗਾ ਹਾਂ।
ਮੈਂ ਆਪਣਾ ਭੋਜਨ ਕਰਨਾ ਵੀ ਭੁੱਲ ਜਾਦਾਂ ਹਾਂ।
5 ਮੇਰੀ ਉਦਾਸੀ ਦੇ ਕਾਰਣ ਮੇਰਾ ਭਾਰ ਘਟ ਰਿਹਾ ਹੈ।
6 ਮੈਂ ਉਜਾੜ ਵਿੱਚ ਰਹਿਣ ਵਾਲੇ ਉੱਲੂ ਵਾਂਗ ਇੱਕਲਾ ਹਾਂ।
ਮੈਂ ਉਸ ਉੱਲੂ ਵਾਂਗ ਇੱਕਲਾ ਹਾਂ ਜੋ ਖੰਡਰਾਂ ਵਿੱਚ ਰਹਿੰਦਾ ਹੈ।
7 ਮੈਨੂੰ ਨੀਂਦ ਨਹੀਂ ਆਉਂਦੀ।
ਮੈਂ ਛੱਤ ਉੱਤੇ ਬੈਠੇ ਪੰਛੀ ਵਾਂਗ ਹਾਂ।
8 ਮੇਰੇ ਦੁਸ਼ਮਣ ਹਮੇਸ਼ਾ ਮੇਰਾ ਨਿਰਾਦਰ ਕਰਦੇ ਹਨ।
ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਮੈਨੂੰ ਸਰਾਪ ਦਿੰਦੇ ਹਨ।
9 ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ।
ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।
10 ਕਿਉਂਕਿ ਯਹੋਵਾਹ ਤੁਸੀਂ ਮੇਰੇ ਨਾਲ ਨਾਰਾਜ਼ ਹੋ।
ਤੁਸਾਂ ਮੈਨੂੰ ਉਤਾਹਾਂ ਚੁੱਕਿਆ ਅਤੇ ਫ਼ੇਰ ਤੁਸਾਂ ਮੈਨੂੰ ਦੂਰ ਸੁੱਟ ਦਿੱਤਾ।
11 ਮੇਰੀ ਜ਼ਿੰਦਗੀ ਆਥਣ ਦੇ ਲੰਮਿਆਂ ਪਰਛਾਵਿਆਂ ਵਾਂਗ ਮੁੱਕਣ ਹੀ ਵਾਲੀ ਹੈ।
ਮੈਂ ਸੁੱਕੇ ਅਤੇ ਮਰ ਰਹੇ ਘਾਹ ਵਾਂਗ ਹਾਂ।
12 ਪਰ ਯਹੋਵਾਹ, ਤੁਸੀਂ ਸਦਾ ਲਈ ਰਹੋਂਗੇ।
ਤੁਹਾਡਾ ਨਾਮ ਸਦਾ-ਸਦਾ ਲਈ ਰਹੇਗਾ।
13 ਤੁਸੀਂ ਉੱਠੋਂਗੇ ਅਤੇ ਸੀਯੋਨ ਨੂੰ ਅਰਾਮ ਦਿਉਂਗੇ।
ਵਕਤ ਆ ਰਿਹਾ ਹੈ ਜਦੋਂ ਤੁਸੀਂ ਸੀਯੋਨ ਉੱਤੇ ਮਿਹਰਬਾਨ ਹੋਵੋਂਗੇ।
14 ਤੁਹਾਡੇ ਸੇਵਕ ਉਸ ਸੀਯੋਨ ਪੱਥਰ ਨੂੰ ਪਿਆਰ ਕਰਦੇ ਹਨ।
ਉਹ ਉਸ ਸ਼ਹਿਰ ਦੀ ਮਿੱਟੀ ਨੂੰ ਵੀ ਪਿਆਰ ਕਰਦੇ ਹਨ।
15 ਲੋਕ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨਗੇ।
ਹੇ ਪਰਮੇਸ਼ੁਰ, ਧਰਤੀ ਦੇ ਸਾਰੇ ਰਾਜੇ ਤੁਹਾਨੂੰ ਸਤਿਕਾਰਨਗੇ।
16 ਯਹੋਵਾਹ ਫ਼ੇਰ ਸੀਯੋਨ ਦੀ ਉਸਾਰੀ ਕਰੇਗਾ।
ਲੋਕ ਉਸਦੀ ਮਹਿਮਾ ਨੂੰ ਫ਼ੇਰ ਵੇਖਣਗੇ।
17 ਪਰਮੇਸੁਰ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾ ਸੁਣੇਗਾ
ਜਿਨ੍ਹਾਂ ਨੂੰ ਉਸ ਨੇ ਜਿਉਂਦਿਆਂ ਛੱਡ ਦਿੱਤਾ।
18 ਇਨ੍ਹਾਂ ਗੱਲਾਂ ਨੂੰ ਆਉਣ ਵਾਲੀ ਪੀੜੀ ਲਈ ਲਿਖੋ।
ਅਤੇ ਭਵਿੱਖ ਵਿੱਚ ਉਹ ਲੋਕ ਯਹੋਵਾਹ ਦੀ ਉਸਤਤਿ ਕਰਨਗੇ।
19 ਯਹੋਵਾਹ ਸਵਰਗ ਵਿੱਚੋਂ ਹੇਠਾਂ ਧਰਤੀ ਉੱਤੇ ਵੇਖੇਗਾ।
20 ਅਤੇ ਉਹ ਬੰਦੀਵਾਨਾਂ ਦੀਆਂ ਪ੍ਰਾਰਥਨਾ ਸੁਣੇਗਾ।
ਉਹ ਉਨ੍ਹਾਂ ਲੋਕਾਂ ਨੂੰ ਮੁਕਤ ਕਰ ਦੇਵੇਗਾ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ।
21 ਫ਼ੇਰ ਸੀਯੋਨ ਦੇ ਲੋਕ ਯਹੋਵਾਹ ਬਾਰੇ ਦੱਸਣਗੇ।
ਉਹ ਯਰੂਸ਼ਲਮ ਵਿੱਚ ਉਸ ਦੇ ਨਾਮ ਦੀ ਉਸਤਤਿ ਕਰਨਗੇ।
22 ਕੌਮਾਂ ਆਪਸ ਵਿੱਚ ਇਕੱਠੀਆਂ ਹੋਣਗੀਆਂ
ਬਾਦਸ਼ਾਹੀਆਂ ਯਹੋਵਾਹ ਦੀ ਸੇਵਾ ਕਰਨ ਲਈ ਆਉਣਗੀਆਂ।
23 ਮੇਰੀ ਤਾਕਤ ਹੀਣ ਹੋ ਗਈ ਹੈ।
ਮੇਰੀ ਜ਼ਿੰਦਗੀ ਛੋਟੀ ਬਣਾ ਦਿੱਤੀ ਗਈ ਹੈ।
24 ਇਸ ਲਈ ਮੈਂ ਆਖਿਆ, “ਮੈਨੂੰ ਉਦੋਂ ਤੱਕ ਨਾ ਮਰਨ ਦਿਉ ਜਦੋਂ ਤੱਕ ਮੈਂ ਜਵਾਨ ਹਾਂ।
ਹੇ ਪਰਮੇਸ਼ੁਰ ਤੁਸੀਂ ਸਦਾ-ਸਦਾ ਲਈ ਰਹੋਂਗ਼ੇ।
25 ਤੁਸੀਂ ਬਹੁਤ ਪਹਿਲਾਂ ਦੁਨੀਆਂ ਸਾਜੀ ਸੀ।
ਤੁਸੀਂ ਆਪਣੇ ਹੱਥੀਂ ਅਕਾਸ਼ ਬਣਾਇਆ ਸੀ।
26 ਦੁਨੀਆਂ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਤੁਸੀਂ ਸਦਾ ਲਈ ਰਹੋਂਗੇ।
ਉਹ ਪੁਰਾਣੇ ਕੱਪੜਿਆਂ ਵਾਂਗ ਹੰਡ ਜਾਵਣਗੇ।
ਅਤੇ ਤੁਸੀਂ ਉਨਾਂ ਨੂੰ ਕੱਪੜਿਆਂ ਵਾਂਗ ਹੀ ਬਦਲ ਦਿਉਂਗੇ।
ਉਹ ਸਾਰੇ ਹੀ ਬਦਲੇ ਜਾਣਗੇ।
27 ਪਰ ਤੁਸੀਂ ਪਰਮੇਸ਼ੁਰ, ਕਦੇ ਨਹੀਂ ਬਦਲੋਂਗੇ।
ਤੁਸੀਂ ਸਦਾ ਲਈ ਰਹੋਂਗੇ।
28 ਅੱਜ ਅਸੀਂ ਤੁਹਾਡੇ ਸੇਵਕ ਹਾਂ।
ਸਾਡੇ ਬੱਚੇ ਇੱਥੇ ਰਹਿਣਗੇ।
ਅਤੇ ਉਨ੍ਹਾਂ ਦੀ ਉਲਾਦ ਵੀ ਤੁਹਾਡੀ ਉਪਾਸਨਾ ਕਰਨ ਲਈ ਇੱਥੇ ਹੀ ਹੋਵੇਗੀ।”
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਦਾਊਦ ਦਾ ਇੱਕ ਉਸਤਤਿ ਗੀਤ।
143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
2 ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
3 ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
4 ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
5 ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
6 ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
7 ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
8 ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
9 ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।
ਯਿਰਮਿਯਾਹ ਦੀ ਪੰਜਵੀਂ ਸ਼ਿਕਾਇਤ
7 ਯਹੋਵਾਹ ਜੀ, ਤੁਸੀਂ ਮੇਰੇ ਨਾਲ ਚਲਾਕੀ ਕੀਤੀ, ਅਤੇ ਯਕੀਨਨ ਮੈਂ ਮੂਰਖ ਬਣਿਆ।
ਤੁਸੀਂ ਮੇਰੇ ਨਾਲੋਂ ਤਾਕਤਵਰ ਹੋ ਇਸ ਲਈ ਤੁਸੀਂ ਜਿੱਤ ਗਏ।
ਮੈਂ ਇੱਕ ਮਜ਼ਾਕ ਬਣ ਗਿਆ ਹਾਂ।
ਲੋਕ ਮੇਰੇ ਉੱਤੇ ਹੱਸਦੇ ਨੇ ਅਤੇ ਦਿਨ ਭਰ ਮੇਰਾ ਮਜ਼ਾਕ ਉਡਾਉਂਦੇ ਨੇ।
8 ਹਰ ਵਾਰੀ ਜਦੋਂ ਮੈਂ ਬੋਲਦਾ ਹਾਂ, ਮੈਂ ਕੂਕਦਾ ਹਾਂ।
ਮੈਂ ਹਮੇਸ਼ਾ, ਹਿੰਸਾ ਅਤੇ ਤਬਾਹੀ ਬਾਰੇ ਕੂਕਦਾ ਰਹਿੰਦਾ ਹਾਂ।
ਮੈਂ ਲੋਕਾਂ ਨੂੰ ਉਸ ਸੰਦੇਸ਼ ਬਾਰੇ ਦੱਸਦਾ ਹਾਂ, ਜਿਹੜਾ ਮੈਨੂੰ ਯਹੋਵਾਹ ਕੋਲੋਂ ਮਿਲਿਆ ਸੀ।
ਪਰ ਲੋਕ ਸਿਰਫ਼ ਮੈਨੂੰ ਬੇਇੱਜ਼ਤ ਕਰਦੇ ਨੇ ਅਤੇ ਮੇਰਾ ਮਜ਼ਾਕ ਉਡਾਉਂਦੇ ਨੇ।
9 ਕਦੇ-ਕਦੇ ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਮੈਂ ਯਹੋਵਾਹ ਬਾਰੇ ਭੁੱਲ ਜਾਵਾਂਗਾ।
ਮੈਂ ਫ਼ੇਰ ਕਦੇ ਯਹੋਵਾਹ ਦੇ ਨਾਮ ਉੱਤੇ ਨਹੀਂ ਬੋਲਾਂਗਾ।”
ਪਰ ਜਦੋਂ ਮੈਂ ਇਹ ਆਖਦਾ ਹਾਂ, ਯਹੋਵਾਹ ਦਾ ਸੰਦੇਸ਼, ਮੇਰੇ ਅੰਦਰ ਅੱਗ ਵਰਗਾ ਬਲਦਾ ਹੋਇਆ ਹੁੰਦਾ ਹੈ!
ਇਹ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮੇਰੀਆਂ ਹੱਡੀਆਂ ਅੰਦਰ ਡੂੰਘਾ ਬਲ ਰਿਹਾ ਹੋਵੇ!
ਮੈਂ ਯਹੋਵਾਹ ਦੇ ਸੰਦੇਸ਼ ਨੂੰ ਆਪਣੇ ਅੰਦਰ ਰੋਕ ਕੇ ਰੱਖਦਿਆਂ ਬਕੱ ਜਾਂਦਾ ਹਾਂ।
ਅਤੇ ਆਖਰਕਾਰ ਮੈਂ ਇਸ ਨੂੰ ਅੰਦਰ ਨਹੀਂ ਰੋਕ ਸੱਕਦਾ।
10 ਮੈਂ ਲੋਕਾਂ ਨੂੰ ਮੇਰੇ ਵਿਰੁੱਧ ਕਾਨਾਫ਼ੂਸੀ ਕਰਦਿਆਂ ਸੁਣਦਾ ਹਾਂ।
ਮੈਂ ਹਰ ਥਾਂ ਉਹ ਗੱਲਾਂ ਸੁਣਦਾ ਹਾਂ, ਜੋ ਮੈਨੂੰ ਭੈਭੀਤ ਕਰਦੀਆਂ ਨੇ।
ਮੇਰੇ ਦੋਸਤ ਵੀ ਮੇਰੇ ਖਿਲਾਫ਼ ਗੱਲਾਂ ਕਰ ਰਹੇ ਨੇ।
ਲੋਕ ਬਸ ਮੇਰੇ ਕੋਲੋਂ ਕਿਸੇ ਗੱਲ ਦੀ ਭੁੱਲ ਕਰਨ ਦੀ ਉਡੀਕ ਕਰ ਰਹੇ ਨੇ।
ਉਹ ਆਖ ਰਹੇ ਨੇ, “ਆਓ ਝੂਠ ਬੋਲੀਏ ਅਤੇ ਆਖੀਏ ਕਿ ਉਸ ਨੇ ਕੁਝ ਮੰਦਾ ਕੀਤਾ ਸੀ,
ਸ਼ਾਇਦ ਅਸੀਂ ਯਿਰਮਿਯਾਹ ਨਾਲ ਚਲਾਕੀ ਕਰ ਲਈਏ।
ਫ਼ੇਰ ਅਸੀਂ ਉਸ ਨੂੰ ਕਾਬੂ ਕਰ ਲਵਾਂਗੇ।
ਆਖਰਕਾਰ ਅਸੀਂ ਉਸ ਕੋਲੋਂ ਛੁਟਕਾਰਾ ਪਾ ਲਵਾਂਗੇ।
ਫ਼ੇਰ ਅਸੀਂ ਉਸ ਨੂੰ ਫ਼ੜ ਲਵਾਂਗੇ ਅਤੇ ਉਸ ਕੋਲੋਂ ਬਦਲਾ ਲਵਾਂਗੇ।”
11 ਪਰ ਯਹੋਵਾਹ ਮੇਰੇ ਅੰਗ-ਸੰਗ ਹੈ।
ਯਹੋਵਾਹ ਮਜ਼ਬੂਤ ਸਿਪਾਹੀ ਵਰਗਾ ਹੈ।
ਇਸ ਲਈ ਉਹ ਲੋਕ ਡਿੱਗ ਪੈਣਗੇ ਜਿਹੜੇ ਮੇਰਾ ਪਿੱਛਾ ਕਰ ਰਹੇ ਨੇ।
ਉਹ ਲੋਕ ਮੈਨੂੰ ਹਰਾਉਣਗੇ ਨਹੀਂ।
ਉਹ ਲੋਕ ਅਸਫ਼ਲ ਹੋ ਜਾਣਗੇ।
ਉਹ ਲੋਕ ਨਿਰਾਸ਼ ਹੋਣਗੇ।
ਉਹ ਲੋਕ ਸ਼ਰਮਸਾਰ ਹੋ ਜਾਣਗੇ।
ਅਤੇ ਲੋਕ ਉਸ ਸ਼ਰਮਿੰਦਗੀ ਨੂੰ ਕਦੇ ਵੀ ਨਹੀਂ ਭੁੱਲਣਗੇ।
14 ਇਸ ਲਈ ਮੇਰੇ ਪਿਆਰੇ ਮਿੱਤਰੋ, ਮੂਰਤੀਆਂ ਦੀ ਉਪਾਸਨਾ ਤੋਂ ਦੂਰ ਰਹੋ। 15 ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਹਾਂ ਜਿਵੇਂ ਤੁਸੀਂ ਬੁੱਧੀਮਾਨ ਲੋਕ ਹੋ; ਜੋ ਮੈਂ ਆਖਦਾ ਹਾਂ ਉਸਦਾ ਖੁਦ ਨਿਰਨਾ ਕਰੋ। 16 ਅਸੀਸਾਂ ਦਾ ਉਹ ਪਿਆਲਾ ਜਿਸ ਵਾਸਤੇ ਅਸੀਂ ਧੰਨਵਾਦ ਅਦਾ ਕਰਦੇ ਹਾਂ ਅਤੇ ਜਿਸ ਵਿੱਚੋਂ ਪੀਂਦੇ ਹਾਂ; ਕੀ ਇਹ ਸਾਨੂੰ ਮਸੀਹ ਦੇ ਲਹੂ ਵਿੱਚ ਸਾਂਝੀਵਾਨ ਨਹੀਂ ਬਣਾਉਂਦਾ? ਅਤੇ ਜਿਹੜੀ ਰੋਟੀ ਅਸੀਂ ਤੋੜਦੇ ਹਾਂ ਅਤੇ ਖਾਂਦੇ ਹਾਂ, ਕੀ ਇਹ ਸਾਨੂੰ ਮਸੀਹ ਦੇ ਸਰੀਰ ਵਿੱਚ ਸਾਂਝੀਵਾਨ ਨਹੀਂ ਬਣਾਉਂਦੀ? 17 ਇੱਥੇ ਇੱਕ ਹੀ ਰੋਟੀ ਹੈ ਅਤੇ ਹਾਲਾਂ ਕਿ ਅਸੀਂ ਬਹੁਤ ਸਾਰੇ ਹਾਂ, ਅਸੀਂ ਸਾਰੇ ਇੱਕ ਸਰੀਰ ਹਾਂ ਕਿਉਂਕਿ ਅਸੀਂ ਸਾਰੇ ਉਸ ਇੱਕ ਰੋਟੀ ਨੂੰ ਸਾਂਝਾ ਕਰਦੇ ਹਾਂ।
27 ਇਸ ਲਈ ਜੇਕਰ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਪ੍ਰਭੂ ਦੇ ਪਿਆਲੇ ਨੂੰ ਅਯੋਗ ਢੰਗ ਨਾਲ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖਿਲਾਫ਼ ਪਾਪ ਕਰਦਾ ਹੈ। 28 ਹਰ ਵਿਅਕਤੀ ਨੂੰ ਆਪਣੇ ਦਿਲ ਅੰਦਰ ਦੇਖਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਉਹ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ। 29 ਜੇ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਇਸ ਪਿਆਲੇ ਵਿੱਚੋਂ ਸਰੀਰ ਨੂੰ ਮਹਿਸੂਸ ਕੀਤੇ ਬਿਨਾ ਪੀਂਦਾ ਹੈ, ਫ਼ੇਰ ਉਹ ਖਾਣ ਅਤੇ ਪੀਣ ਵਿੱਚ ਦੋਸ਼ੀ ਪਰੱਖਿਆ ਜਾਵੇਗਾ। 30 ਇਹੀ ਕਾਰਣ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਕਮਜ਼ੋਰ ਅਤੇ ਬਿਮਾਰ ਹਨ। ਅਤੇ ਬਹੁਤ ਸਾਰੇ ਮਰ ਚੁੱਕੇ ਹਨ। 31 ਪਰ ਜੇਕਰ ਅਸੀਂ ਸਹੀ ਢੰਗ ਨਾਲ ਆਪਣੇ ਆਪ ਨੂੰ ਪਰੱਖਿਆ ਹੁੰਦਾ, ਤਾਂ ਪਰਮੇਸ਼ੁਰ ਸਾਨੂੰ ਨਹੀਂ ਪਰੱਖੇਗਾ। 32 ਪਰ ਜਦੋਂ ਪ੍ਰਭੂ ਸਾਡਾ ਨਿਆਂ ਕਰਦਾ ਹੈ, ਉਹ ਸਾਨੂੰ ਅਨੁਸ਼ਾਸਿਤ ਕਰਦਾ ਹੈ ਤਾਂ ਜੋ ਅਸੀਂ ਸਹੀ ਰਸਤੇ ਉੱਤੇ ਚੱਲ ਸੱਕੀਏ। ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਅਸੀਂ ਦੁਨੀਆਂ ਦੇ ਹੋਰਨਾਂ ਲੋਕਾਂ ਵਾਂਗ ਨਾ ਨਿੰਦੇ ਜਾਈਏ।
ਯਿਸੂ ਦਾ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਨਾ
17 ਇਹ ਸਾਰੀਆਂ ਗੱਲਾਂ ਆਖਕੇ ਯਿਸੂ ਨੇ ਅਕਾਸ਼ ਵੱਲ ਤੱਕਿਆ ਅਤੇ ਪ੍ਰਾਰਥਨਾ ਕੀਤੀ, “ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਮਹਿਮਾ ਦੇ ਤਾਂ ਜੋ ਪੁੱਤਰ ਤੈਨੂੰ ਮਹਿਮਾ ਦੇ ਸੱਕੇ। 2 ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਪਰ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ। 3 ਸਦੀਪਕ ਜੀਵਨ ਇਹ ਹੈ ਕਿ: ਸੱਚੇ ਪਰਮੇਸ਼ੁਰ ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਭੇਜਿਆ ਹੈ ਜਾਣਨ। 4 ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਤੈਨੂੰ ਧਰਤੀ ਉੱਤੇ ਮਹਿਮਾਮਈ ਕੀਤਾ ਹੈ। 5 ਹੇ ਪਿਤਾ, ਹੁਣ ਤੂੰ ਆਪਣੀ ਹਜ਼ੂਰੀ ਵਿੱਚ ਮੈਨੂੰ ਮਹਿਮਾਮਈ ਕਰ। ਉਸ ਨਾਂ ਦੀ ਮਹਿਮਾ ਨਾਲ ਜਿਹੜੀ ਇਸ ਦੁਨੀਆਂ ਦੀ ਸਿਰਜਣਾ ਤੋਂ ਪਹਿਲਾਂ ਮੇਰੇ ਕੋਲ ਸੀ।
6 “ਤੂੰ ਮੈਨੂੰ ਇਸ ਵਿੱਚੋਂ ਕੁਝ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਸੰਬੰਧਿਤ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ। 7 ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਬਖਸ਼ਿਆ ਹੈ ਤੈਥੋਂ ਹੀ ਆਇਆ ਹੈ। 8 ਮੈਂ ਉਨ੍ਹਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲਿਆ। ਉਨ੍ਹਾਂ ਨੇ ਸੱਚਮੁੱਚ ਇਹ ਨਿਹਚਾ ਕਰ ਲਿਆ ਕਿ ਉਹ ਉਪਦੇਸ਼ ਤੇਰੇ ਤੋਂ ਆਏ ਹਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ। 9 ਹੁਣ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਦੇ ਲੋਕਾਂ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂ ਕਿ ਉਹ ਤੇਰੇ ਹੀ ਹਨ। 10 ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ। ਅਤੇ ਮੈਂ ਉਨ੍ਹਾਂ ਰਾਹੀਂ ਮਹਿਮਾਮਈ ਹੋਇਆ ਹਾਂ।
11 “ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਹੁਣ ਮੈਂ ਇਸ ਜਗਤ ਵਿੱਚ ਨਹੀਂ ਠਹਿਰਣਾ ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਂ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ। ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਮੁੱਠ ਰਹਿ ਸੱਕਣ ਜਿਵੇਂ ਕਿ ਤੂੰ ਤੇ ਮੈਂ ਹਾਂ। 12 ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਨੂੰ ਸੁੱਰੱਖਿਅਤ ਰੱਖਿਆ। ਮੈਂ ਉਨ੍ਹਾਂ ਨੂੰ ਤੇਰੇ ਨਾਮ ਦੀ ਸ਼ਕਤੀ ਦੁਆਰਾ ਸੁੱਰੱਖਿਅਤ ਰੱਖਿਆ। ਤੇਰੇ ਦਿੱਤੇ ਹੋਏ ਨਾਂ ਦੁਆਰਾ ਮੈਂ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚਿਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ। ਉਹ ਗੁਆਚ ਗਿਆ ਸੀ। ਕਿਉਂ ਕਿ ਪੋਥੀ ਵਿੱਚ ਇਉਂ ਵਾਪਰਨ ਬਾਰੇ ਲਿਖਿਆ ਸੀ।
13 “ਹੁਣ ਮੈਂ ਤੇਰੇ ਕੋਲ ਆ ਗਿਆ ਹਾਂ। ਮੈਂ ਇਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜਦ ਕਿ ਅਜੇ ਮੈਂ ਇਸ ਦੁਨੀਆਂ ਵਿੱਚ ਹੀ ਹਾਂ। ਤਾਂ ਜੋ ਉਹ ਆਪਣੇ ਅੰਦਰ ਮੇਰੀ ਪੂਰੀ ਖੁਸ਼ੀ ਰੱਖ ਸੱਕਣ। 14 ਮੈਂ ਉਨ੍ਹਾਂ ਨੂੰ ਤੇਰਾ ਉਪਦੇਸ਼ ਦਿੱਤਾ ਹੈ ਅਤੇ ਦੁਨੀਆਂ ਨੇ ਇਨ੍ਹਾਂ ਆਦਮੀਆਂ ਨੂੰ ਨਫ਼ਰਤ ਕੀਤੀ ਹੈ। ਜਿਵੇਂ ਕਿ ਮੈਂ ਇਸ ਦੁਨੀਆਂ ਦਾ ਨਹੀਂ ਹਾਂ, ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ।
15 “ਮੈਂ ਤੈਥੋਂ ਇਹ ਨਹੀਂ ਮੰਗਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਜੱਗਤ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ। 16 ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ ਜਿਵੇਂ ਕਿ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ। 17 ਉਨ੍ਹਾਂ ਨੂੰ ਸੱਚ ਦੁਆਰਾ ਆਪਣੀ ਸੇਵਾ ਲਈ ਤਿਆਰ ਕਰ। ਤੇਰੀਆਂ ਸਿੱਖਿਆਵਾਂ ਸੱਚ ਹਨ। 18 ਜਿਵੇਂ ਕਿ ਤੂੰ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ। 19 ਮੈਂ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕੀਤਾ ਹੈ, ਤਾਂ ਜੋ ਉਹ ਵੀ ਆਪਣੇ-ਆਪ ਨੂੰ ਸੇਵਾ ਲਈ ਸੱਚਮੁੱਚ ਤਿਆਰ ਕਰ ਸੱਕਣ।
20 “ਮੈਂ ਇਨ੍ਹਾਂ ਮਨੁੱਖਾਂ ਲਈ ਪ੍ਰਾਰਥਨਾ ਕਰਦਾ ਹਾਂ ਪਰ ਮੈਂ ਉਨ੍ਹਾਂ ਸਾਰੇ ਲੋਕਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜੋ ਇਨ੍ਹਾਂ ਲੋਕਾਂ ਦੀਆਂ ਸਿੱਖਿਆਵਾਂ ਸਦਕਾ ਮੇਰੇ ਵਿੱਚ ਨਿਹਚਾ ਰੱਖਣਗੇ। 21 ਪਿਤਾ ਮੈਂ ਪ੍ਰਾਰਥਨਾ ਕਰਦਾ ਕਿ ਲੋਕ ਮੇਰੇ ਵਿੱਚ ਨਿਹਚਾ ਰੱਖਣ। ਉਹ ਇੱਕ ਜੁਟ ਹੋਕੇ ਰਹਿਣ। ਤੂੰ ਮੇਰੇ ਵਿੱਚ ਹੈਂ ਤੇ ਮੈਂ ਤੇਰੇ ਵਿੱਚ। ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਲੋਕ ਵੀ ਸਾਡੇ ਵਿੱਚ ਇੱਕ ਹੋਕੇ ਰਹਿਣ। ਇਸ ਤਰ੍ਹਾਂ ਦੁਨੀਆਂ ਵਿਸ਼ਵਾਸ ਕਰੇਗੀ ਕਿ ਤੂੰ ਮੈਨੂੰ ਭੇਜਿਆ ਹੈ। 22 ਮੈਂ ਉਨ੍ਹਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਤੂੰ ਮੈਨੂੰ ਦਿੱਤੀ ਹੈ ਤਾਂ ਜੋ ਉਹ ਇੱਕ ਹੋ ਸੱਕਣ। ਜਿਵੇਂ ਕਿ ਤੂੰ ਤੇ ਮੈਂ ਇੱਕ ਹਾਂ। 23 ਮੈਂ ਉਨ੍ਹਾਂ ਵਿੱਚ ਨਿਵਾਸ ਕਰਾਂਗਾ ਅਤੇ ਤੂੰ ਮੇਰੇ ਵਿੱਚ। ਇਸ ਤਰੀਕੇ ਨਾਲ ਇਹ ਸਭ ਸੰਪੂਰਣ ਇੱਕਤਰਤਾ ਵਿੱਚ ਰਹਿਣਗੇ ਅਤੇ ਫਿਰ ਦੁਨੀਆਂ ਜਾਣ ਜਾਵੇਗੀ ਕਿ ਤੂੰ ਹੀ ਹੈ ਜਿਸ ਨੇ ਮੈਨੂੰ ਭੇਜਿਆ ਹੈ। ਅਤੇ ਤੂੰ ਉਨ੍ਹਾਂ ਨੂੰ ਪਿਆਰ ਕੀਤਾ ਹੈ। ਜਿਵੇਂ ਤੂੰ ਮੈਨੂੰ ਪਿਆਰ ਕਰਦਾ ਹੈਂ।
24 “ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਮਹਿਮਾ ਵੇਖ ਸੱਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਜੱਗਤ ਦੀ ਸਿਰਜਣਾ ਤੋਂ ਵੀ ਪਹਿਲਾਂ ਪਿਆਰ ਕੀਤਾ। 25 ਧਰਮੀ ਪਿਤਾ, ਦੁਨੀਆਂ ਤੈਨੂੰ ਨਹੀਂ ਜਾਣਦੀ ਪਰ ਮੈਂ ਤੈਨੂੰ ਜਾਣਦਾ ਹਾਂ। ਅਤੇ ਇਹ ਲੋਕ ਜਾਣਦੇ ਹਨ ਕਿ ਤੂੰ ਹੀ ਮੈਨੂੰ ਭੇਜਣ ਵਾਲਾ ਹੈਂ। 26 ਮੈਂ ਉਨ੍ਹਾਂ ਨੂੰ ਵਿਖਾਇਆ ਕਿ ਤੂੰ ਕਿਸ ਤਰ੍ਹਾਂ ਦਾ ਹੈਂ ਅਤੇ ਮੈਂ ਅਜੇ ਫੇਰ ਉਨ੍ਹਾਂ ਨੂੰ ਵਿਖਾਵਾਂਗਾ ਕਿ ਜਿਹੜਾ ਪਿਆਰ ਤੈਨੂੰ ਮੇਰੇ ਵਿੱਚ ਹੈ, ਉਹੀ ਪਿਆਰ ਉਨ੍ਹਾਂ ਨੂੰ ਆਪਣੇ ਵਿੱਚ ਹੋਵੇਗਾ ਅਤੇ ਮੈਂ ਉਨ੍ਹਾਂ ਵਿੱਚ ਹੋਵਾਂਗਾ।”
2010 by World Bible Translation Center