Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 72

ਸੁਲੇਮਾਨ ਨੂੰ।

72 ਹੇ ਪਰਮੇਸੁਰ, ਰਾਜੇ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੇ ਵਾਂਗ ਸਿਆਣੇ ਨਿਆਂ ਕਰੇ।
    ਅਤੇ ਰਾਜੇ ਦੇ ਪੁੱਤਰ ਦੀ ਸਹਾਇਤਾ ਕਰੋ ਤਾਂ ਜੋ ਉਹ ਤੁਹਾਡੀ ਚੰਗਿਆਈ ਬਾਰੇ ਜਾਣ ਜਾਵੇ।
ਰਾਜੇ ਦੀ ਸਹਾਇਤਾ ਕਰੋ ਕਿ ਉਹ ਤੁਹਾਡੇ ਲੋਕਾਂ ਬਾਰੇ ਨਿਰਪੱਖ ਨਿਆਂ ਕਰੇ।
    ਰਾਜੇ ਦੀ ਸਹਾਇਤਾ ਕਰੇ ਕਿ ਉਹ ਤੁਹਾਡੇ ਗਰੀਬ ਲੋਕਾਂ ਬਾਰੇ ਸਿਆਣੇ ਨਿਆਂ ਕਰੇ।
ਇਸ ਪੂਰੀ ਧਰਤੀ ਉੱਤੇ ਅਮਨ ਤੇ ਇਨਸਾਫ਼ ਹੋਵੇ।
ਰਾਜੇ ਨੂੰ ਆਪਣੇ ਗਰੀਬ ਲੋਕਾਂ ਲਈ ਨਿਰਪੱਖ ਹੋਣ ਦਿਉ।
    ਉਸ ਨੂੰ ਬੇਸਹਾਰਿਆਂ ਦੀ ਸਹਾਇਤਾ ਕਰਨ ਦਿਉ ਉਸ ਨੂੰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਦਿਉ ਜਿਹੜੇ ਉਨ੍ਹਾਂ ਉੱਤੇ ਜ਼ੁਲਮ ਕਰਦੇ ਹਨ।
ਲੋਕਾਂ ਨੂੰ ਰਾਜੇ ਦਾ ਡਰ ਹੋਵੇ ਅਤੇ ਉਹ ਉਸਦੀ ਇੱਜ਼ਤ ਕਰਨ, ਜਿੰਨਾ ਚਿਰ ਸੂਰਜ ਚਮਕ ਰਿਹਾ ਅਤੇ ਚੰਨ ਅਕਾਸ਼ ਵਿੱਚ ਹੈ।
    ਲੋਕ ਡਰਨ ਅਤੇ ਸਦਾ ਉਸਦੀ ਇੱਜ਼ਤ ਕਰਨ।
ਰਾਜੇ ਦੀ ਸਹਾਇਤਾ ਕਰੋ ਕਿ ਉਹ ਉਸ ਵਰੱਖਾ ਵਾਂਗ ਹੋਵੇ ਜਿਹੜੀ ਖੇਤਾਂ ਉੱਤੇ ਵਰ੍ਹਦੀ ਹੈ,
    ਜਿਵੇਂ ਧਰਤੀ ਉੱਤੇ ਫ਼ੁਹਾਰ ਪੈਂਦੀ ਹੈ।
ਨੇਕੀ ਨੂੰ ਖਿੜਨ ਦਿਉ ਜਦੋਂ ਤੱਕ ਕਿ ਉਹ ਰਾਜਾ ਹੈ,
    ਅਮਨ ਨੂੰ ਜਾਰੀ ਰਹਿਣ ਦਿਉ ਜਿੰਨਾ ਚਿਰ ਕਿ ਚੰਨ ਹੈ।
ਉਸ ਦੇ ਰਾਜ ਨੂੰ ਸਾਗਰ ਤੋਂ ਸਾਗਰ,
    ਫ਼ਰਾਤ ਨਦੀ ਤੋਂ ਲੈ ਕੇ ਧਰਤੀ ਦੀਆਂ ਦੁਰਾਡੀਆਂ ਥਾਵਾਂ ਤੱਕ ਫ਼ੈਲਣ ਦਿਉ।
ਮਾਰੂਥਲ ਦੇ ਸਾਰੇ ਵਿਰਸੇ ਉਸ ਨੂੰ ਝੁਕਣ।
    ਉਸ ਦੇ ਸਾਰੇ ਦੁਸ਼ਮਣ ਗੰਦਗੀ ਵਿੱਚ ਉਨ੍ਹਾਂ ਦੇ ਮੂੰਹਾਂ ਨਾਲ ਉਸ ਦੇ ਅੱਗੇ ਝੁਕਣ।
10 ਤਾਰਸ਼ਿਸ਼ ਦੇ ਰਾਜੇ ਅਤੇ ਦੂਰ ਦੁਰਾਡੇ ਦੇ ਸਾਰੇ ਦੇਸ਼ ਉਸ ਲਈ ਸੁਗਾਤਾਂ ਲਿਆਉਣ।
    ਸ਼ੇਬਾ ਅਤੇ ਸ਼ੇਬਾ ਦੇ ਰਾਜੇ ਉਸ ਨੂੰ ਆਪਣੀ ਸ਼ਰਧਾਂਜਲੀ ਲਿਆਉਣ।
11 ਸਾਡੇ ਰਾਜੇ ਨੂੰ ਸਾਰੇ ਰਾਜੇ ਝੁਕਣ ਸਾਰੀਆਂ ਕੌਮਾਂ ਉਸਦੀ ਸੇਵਾ ਕਰਨ।
12 ਸਾਡਾ ਰਾਜਾ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ।
    ਸਾਡਾ ਰਾਜਾ ਗਰੀਬ ਬੇਸਹਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ।
13 ਗਰੀਬ ਬੇਸਹਾਰੇ ਲੋਕ ਉਸ ਉੱਤੇ ਨਿਰਭਰ ਕਰਦੇ ਹਨ,
    ਰਾਜਾ ਉਨ੍ਹਾਂ ਨੂੰ ਜਿਉਂਦਿਆਂ ਰੱਖਦਾ ਹੈ।
14 ਰਾਜਾ ਉਨ੍ਹਾਂ ਨੂੰ ਜ਼ਾਲਮ ਲੋਕਾਂ ਤੋਂ ਬਚਾਉਂਦਾ ਹੈ, ਜਿਹੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
    ਰਾਜੇ ਲਈ ਉਨ੍ਹਾਂ ਲੋਕਾਂ ਦਾ ਜੀਵਨ ਬਹੁਤ ਮਹੱਤਵਪੂਰਣ ਹੈ।
15 ਰਾਜਾ ਅਮਰ ਰਹੇ।
    ਅਤੇ ਉਸ ਨੂੰ ਸ਼ੀਬਾ ਪਾਸੋਂ ਸੋਨਾ ਪ੍ਰਾਪਤ ਹੋਵੇ,
ਰਾਜੇ ਲਈ ਪ੍ਰਾਰਥਨਾ ਕਰੋ,
    ਉਸ ਨੂੰ ਹਰ ਰੋਜ਼ ਅਸੀਸ ਦਿਉ।
16 ਖੇਤ ਵੱਧੇਰੇ ਅਨਾਜ ਪੈਦਾ ਕਰਨ।
    ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਲਹਿਲਹਾਉਣ।
ਖੇਤ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਵਾਂਗ ਸੰਘਣੇ ਹੋਣ।
    ਸ਼ਹਿਰ ਲੋਕਾਂ ਨਾਲ ਭਰੇ ਹੋਣ ਜਿਵੇਂ ਖੇਤਾਂ ਵਿੱਚ ਘਾਹ ਹੁੰਦਾ ਹੈ।
17 ਰਾਜਾ ਸਦਾ ਲਈ ਪ੍ਰਸਿਧ ਹੋਵੇ।
    ਲੋਕ ਉਸਦਾ ਨਾਮ ਓਨਾ ਚਿਰ ਚੇਤੇ ਰੱਖਣ ਜਿੰਨਾ ਚਿਰ ਸੂਰਜ ਚਮਕਦਾ।
ਲੋਕ ਉਸ ਦੇ ਨਾਮ ਨੂੰ ਇੱਕ ਅਸੀਸ ਵਾਂਗ ਇਸਤੇਮਾਲ ਕਰਦੇ ਰਹਿਣ।
    ਉਹ ਉਸ ਦੇ ਕਾਰਣ ਆਪਣੇ-ਆਪ ਨੂੰ ਖੁਸ਼-ਕਿਸਮਤ ਸਮਝਣ।

18 ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ, ਇਸਰਾਏਲ ਦੇ ਪਰਮੇਸ਼ੁਰ ਦੀ।
    ਸਿਰਫ਼ ਪਰਮੇਸ਼ੁਰ ਹੀ ਅਜਿਹੀਆਂ ਅਦਭੁਤ ਗੱਲਾਂ ਕਰ ਸੱਕਦਾ ਹੈ।
19 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
    ਸਦਾ-ਸਦਾ ਲਈ ਉਸਦੀ ਮਹਿਮਾ ਸਾਰੀ ਦੁਨੀਆਂ ਅੰਦਰ ਭਰ ਜਾਵੇ।
ਆਮੀਨ ਫੇਰ ਆਮੀਨ।

20 (ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖਤਮ ਹੁੰਦੀਆਂ ਹਨ।)

ਜ਼ਬੂਰ 119:73-96

ਯੋਧ

73 ਯਹੋਵਾਹ, ਤੁਸੀਂ ਮੈਨੂੰ ਸਾਜਿਆ ਅਤੇ ਤੁਸੀਂ ਮੈਨੂੰ ਆਪਣੇ ਹਥਾ ਨਾਲ ਆਸਰਾ ਦਿੰਦੇ ਹੋ।
    ਆਪਣੇ ਆਦੇਸ਼ਾ ਨੂੰ ਸਿੱਖਣ ਤੇ ਸਮਝਣ ਵਿੱਚ ਮੇਰੀ ਮਦਦ ਕਰੋ।
74 ਯਹੋਵਾਹ, ਤੁਹਾਡੇ ਅਨੁਯਾਈ ਮੈਨੂੰ ਵੇਖਦੇ ਹਨ ਅਤੇ ਮੇਰਾ ਆਦਰ ਕਰਦੇ ਹਨ।
    ਉਹ ਖੁਸ਼ ਹਨ ਕਿਉਂਕਿ ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ।
75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੁਹਾਡੇ ਫ਼ੈਸਲੇ ਨਿਆਂਈ ਹਨ
    ਅਤੇ ਮੈਨੂੰ ਤਸੀਹੇ ਦੇਣ ਵਿੱਚ ਤੁਸੀਂ ਸਹੀ ਸੀ।
76 ਹੁਣ, ਮੈਨੂੰ ਆਪਣੇ ਸੱਚੇ ਪਿਆਰ ਨਾਲ ਸੁਕੂਨ ਪਹੁੰਚਾ।
    ਮੈਨੂੰ ਸੁਕੂਨ ਪਹੁੰਚਾਉ ਜਿਵੇਂ ਤੁਸੀਂ ਵਾਅਦਾ ਕੀਤਾ ਸੀ।
77 ਯਹੋਵਾਹ, ਮੈਨੂੰ ਸੱਕੂਨ ਪਹੁੰਚਾਉ ਅਤੇ ਮੈਨੂੰ ਜਿਉਣ ਦਿਉ।
    ਮੈਂ ਸੱਚਮੁੱਚ ਤੁਹਾਡੇ ਉਪਦੇਸ਼ਾਂ ਵਿੱਚ ਆਨੰਦ ਮਾਣਦਾ ਹਾਂ।
78 ਉਨ੍ਹਾਂ ਲੋਕਾਂ, ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ, ਮੇਰੇ ਬਾਰੇ ਝੂਠ ਬੋਲਿਆ।
    ਮੈਨੂੰ ਆਸ ਹੈ ਕਿ ਉਹ ਲੋਕ ਸ਼ਰਮਸਾਰ ਹਨ। ਯਹੋਵਾਹ, ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।
79 ਮੈਨੂੰ ਆਸ ਹੈ ਕਿ ਤੁਹਾਡੇ ਅਨੁਯਾਈ ਵਾਪਸ ਮੇਰੇ ਕੋਲ ਆਵਣਗੇ,
    ਤਾਂ ਜੋ ਉਹ ਤੁਹਾਡੇ ਕਰਾਰ ਬਾਰੇ ਜਾਣ ਸੱਕਣ।
80 ਯਹੋਵਾਹ, ਮੈਨੂੰ ਪੂਰੀ ਤਰ੍ਹਾਂ ਤੁਹਾਡੇ ਆਦੇਸ਼ ਮੰਨਣ ਦਿਉ।
    ਤਾਂ ਜੋ ਮੈਂ ਸ਼ਰਮਸਾਰ ਨਾ ਹੋਵਾਂ।

ਕਾਫ਼

81 ਤੁਹਾਡੇ ਇੰਤਜ਼ਾਰ ਵਿੱਚ ਮੈਂ ਮਰਨ ਕੰਢੇ ਹਾਂ ਕਿ ਤੁਸੀਂ ਮੈਨੂੰ ਬਚਾਉ।
    ਪਰ ਹੇ ਯਹੋਵਾਹ ਮੈਂ ਤੁਹਾਡੇ ਬਚਨਾਂ ਵਿੱਚ ਯਕੀਨ ਰੱਖਦਾ ਹਾਂ।
82 ਮੈ ਉਨ੍ਹਾਂ ਚੀਜ਼ਾਂ ਲਈ ਤੱਕਦਾ ਰਹਿੰਦਾ ਹਾਂ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ।
    ਪਰ ਮੇਰੀਆਂ ਅੱਖਾਂ ਥੱਕ ਜਾਂਦੀਆਂ ਹਨ।
    ਯਹੋਵਾਹ, ਤੁਸੀਂ ਮੈਨੂੰ ਕਦੋਂ ਸੁਕੂਨ ਪਹੁੰਚਾਉਂਗੇ।
83 ਭਾਵੇਂ ਮੈਂ ਕੂੜੇ ਵਿੱਚ ਸੁੱਟੀ ਹੋਈ ਮਸੱਕ ਹਾਂ।
84 ਮੈਂ ਹੋਰ ਕਿੰਨਾ ਕੁ ਚਿਰ ਜੀਵਾਂਗਾ?
    ਹੇ ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਕਦੋਂ ਸਜ਼ਾ ਦੇਵੋਂਗੇ ਜਿਹੜੇ ਮੈਨੂੰ ਦੰਡ ਦੇ ਰਹੇ ਹਨ।
85 ਕੁਝ ਗੁਮਾਨੀ ਬੰਦਿਆਂ ਨੇ ਆਪਣੀਆਂ ਝੂਠੀਆਂ ਤੋਂਹਮਤਾਂ ਨਾਲ ਮੈਨੂੰ ਕੋਹਿਆ।
    ਅਤੇ ਇਹ ਤੁਹਾਡੀਆਂ ਸਿੱਖਿਆਵਾਂ ਦੇ ਖਿਲਾਫ਼ ਹੈ।
86 ਯਹੋਵਾਹ, ਲੋਕ ਤੁਹਾਡੇ ਸਾਰੇ ਹੁਕਮਾਂ ਉੱਤੇ ਭਰੋਸਾ ਕਰ ਸੱਕਦੇ ਹਨ।
    ਉਹ ਲੋਕ ਮੈਨੂੰ ਦੰਡ ਦੇਣ ਵਿੱਚ ਗਲਤ ਹਨ
    ਮੇਰੀ ਮਦਦ ਕਰੋ।
87 ਉਨ੍ਹਾਂ ਲੋਕਾਂ ਨੇ ਮੈਨੂੰ ਤਬਾਹ ਹੀ ਕਰ ਦਿੱਤਾ ਸੀ।
    ਪਰ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਤੋਂ ਨਹੀਂ ਰੁਕਿਆ।
88 ਯਹੋਵਾਹ, ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਜਿਉਣ ਦਿਉ।
    ਮੈਂ ਉਹੀ ਕਰਾਂਗਾ ਜੋ ਤੁਸੀਂ ਆਖੋਂਗੇ।

ਲਾਮਦ

89 ਯਹੋਵਾਹ, ਤੁਹਾਡਾ ਸ਼ਬਦ ਸਦਾ ਰਹਿੰਦਾ ਹੈ।
    ਤੁਹਾਡਾ ਸ਼ਬਦ ਹਮੇਸ਼ਾ ਸਵਰਗ ਵਿੱਚ ਰਹਿੰਦਾ ਹੈ।
90 ਤੁਸੀਂ ਸਦਾ-ਸਦਾ ਲਈ ਵਫ਼ਾਦਾਰ ਹੋ।
    ਯਹੋਵਾਹ, ਤੁਸੀਂ ਧਰਤੀ ਨੂੰ ਸਾਜਿਆ ਅਤੇ ਇਹ ਹਾਲੇ ਵੀ ਖਲੋਤੀ ਹੈ।
91 ਇਹ ਹਾਲੇ ਵੀ ਤੁਹਾਡੇ ਨੇਮਾਂ ਕਾਰਣ ਖਲੋਤੀ ਹੈ।
    ਕਿਉਂਕਿ ਇਹ ਉਨ੍ਹਾਂ ਨੂੰ ਇੱਕ ਗੁਲਾਮ ਵਾਂਗ ਮੰਨਦੀ ਹੈ।
92 ਜੇ ਤੁਹਾਡੀਆਂ ਸਿੱਖਿਆਵਾਂ ਮੇਰੇ ਲਈ ਦੋਸਤਾਂ ਵਾਂਗ ਨਾ ਹੁੰਦੀਆਂ।
    ਤਾਂ ਮੇਰੇ ਦੁੱਖਾਂ ਨੇ ਮੈਨੂੰ ਤਬਾਹ ਕਰ ਦਿੱਤਾ ਹੁੰਦਾ।
93 ਯਹੋਵਾਹ, ਮੈਂ ਕਦੇ ਵੀ ਤੁਹਾਡੇ ਆਦੇਸ਼ਾਂ ਨੂੰ ਨਹੀਂ ਭੁੱਲਾਂਗਾ
    ਕਿਉਂਕਿ ਇਹ ਮੈਨੂੰ ਜਿਉਣ ਦਿੰਦੇ ਹਨ।
94 ਯਹੋਵਾਹ, ਮੈਂ ਤੁਹਾਡਾ ਹਾਂ, ਇਸ ਲਈ ਮੈਨੂੰ ਬਚਾਉ!
    ਕਿਉਂਕਿ ਮੈਂ ਤੁਹਾਡੇ ਆਦੇਸ਼ ਮੰਨਣ ਦੀਆਂ ਸਖਤ ਕੋਸ਼ਿਸ਼ਾਂ ਕਰਦਾ ਹਾਂ।
95 ਬੁਰੇ ਲੋਕਾਂ ਨੇ ਮੈਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ।
    ਪਰ ਤੁਹਾਡੇ ਕਰਾਰ ਨੇ ਮੈਨੂੰ ਸਿਆਣਾ ਬਣਾ ਦਿੱਤਾ।
96 ਹਰ ਚੀਜ਼ ਦੀ ਹਦ ਹੁੰਦੀ ਹੈ,
    ਪਰ ਤੁਹਾਡੇ ਨੇਮ ਦੀ ਨਹੀਂ।

ਯਿਰਮਿਯਾਹ 3:6-18

ਦੋ ਬੁਰੀਆਂ ਭੈਣਾਂ: ਇਸਰਾਏਲ ਅਤੇ ਯਹੂਦਾਹ

ਯਹੋਵਾਹ ਨੇ ਰਾਜੇ ਯੋਸ਼ੀਯਾਹ ਦੇ ਸ਼ਾਸਨਕਾਲ ਦੇ ਸਮੇਂ ਦੌਰਾਨ ਮੈਨੂੰ ਆਖਿਆ, “ਯਿਰਮਿਯਾਹ ਕੀ ਤੂੰ ਦੇਖੀਆਂ ਨੇ ਉਹ ਮੰਦੀਆਂ ਗੱਲਾਂ ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ? ਤੂੰ ਦੇਖਿਆ ਹੀ ਹੈ ਕਿਵੇਂ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਉਸ ਨੇ ਹਰ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਦੀ ਛਾਂ ਹੇਠਾਂ ਵਿਭਚਾਰ ਕੀਤਾ ਹੈ। ਮੈਂ ਆਪਣੇ-ਆਪ ਨੂੰ ਆਖਿਆ, ‘ਇਸਰਾਏਲ ਇਹ ਮੰਦੀਆਂ ਗੱਲਾਂ ਕਰਨ ਤੋਂ ਮਗਰੋਂ ਮੇਰੇ ਵੱਲ ਪਰਤ ਆਵੇਗਾ।’ ਪਰ ਨਹੀਂ ਪਰਤਿਆ ਉਹ ਮੇਰੇ ਕੋਲ। ਅਤੇ ਇਸਰਾਏਲ ਦੀ ਬੇਵਫ਼ਾ ਭੈਣ, ਯਹੂਦਾਹ ਨੇ ਉਸ ਦੇ ਅਮਲਾਂ ਨੂੰ ਦੇਖਿਆ। ਇਸਰਾਏਲ ਬੇਵਫ਼ਾ ਸੀ ਅਤੇ ਇਸਰਾਏਲ ਨੂੰ ਪਤਾ ਸੀ ਕਿ ਮੈਂ ਕਿਉਂ ਉਸ ਨੂੰ ਦੂਰ ਕੀਤਾ ਹੈ। ਇਸਰਾਏਲ ਨੂੰ ਪਤਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ ਕਿਉਂ ਕਿ ਉਸ ਨੇ ਵਿਭਚਾਰ ਦਾ ਪਾਪ ਕੀਤਾ ਹੈ। ਪਰ ਇਸ ਗੱਲ ਨੇ ਉਸਦੀ ਬੇਵਫ਼ਾ ਭੈਣ ਨੂੰ ਭੈਭੀਤ ਨਹੀਂ ਕੀਤਾ। ਯਹੂਦਾਹ ਭੈਭੀਤ ਨਹੀਂ ਹੋਈ। ਯਹੂਦਾਹ ਨੇ ਵੀ ਬਾਹਰ ਜਾਕੇ ਵੇਸਵਾ ਵਾਲੇ ਕਰਮ ਕੀਤੇ। ਯਹੂਦਾਹ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਵੇਸਵਾ ਵਰਗੇ ਕੰਮ ਕਰ ਰਹੀ ਸੀ। ਇਸ ਲਈ ਉਸ ਨੇ ਆਪਣੇ ਦੇਸ ਨੂੰ ‘ਨਾਪਾਕ’ ਕਰ ਦਿੱਤਾ। ਉਸ ਨੇ ਪੱਥਰ ਅਤੇ ਲਕੜੀ ਦੇ ਬਣੇ ਬੁੱਤਾਂ ਦੀ ਉਪਾਸਨਾ ਕਰਕੇ ਵਿਭਚਾਰ ਦਾ ਪਾਪ ਕੀਤਾ। 10 ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸ ਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

11 ਯਹੋਵਾਹ ਨੇ ਮੈਨੂੰ ਆਖਿਆ, “ਇਸਰਾਏਲ ਨੇ ਮੇਰੇ ਨਾਲ ਵਫ਼ਾ ਨਹੀਂ ਕੀਤੀ। ਪਰ ਉਸ ਦੇ ਕੋਲ ਬੇਵਫ਼ਾ ਯਹੂਦਾਹ ਨਾਲੋਂ ਬਿਹਤਰ ਬਹਾਨਾ ਸੀ। 12 ਯਿਰਮਿਯਾਹ, ਉੱਤਰ ਵੱਲ ਦੇਖ ਅਤੇ ਇਹ ਸੰਦੇਸ਼ ਸੁਣਾ:

“‘ਇਸਰਾਏਲ ਦੇ ਬੇਵਫ਼ਾ ਲੋਕੋ, ਤੁਸੀਂ ਵਾਪਸ ਪਰਤ ਆਓ।’
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
‘ਮੈਂ ਤੁਹਾਡੇ ਨਾਲ ਨਰਾਜ਼ ਹੋਣਾ ਛੱਡ ਦਿਆਂਗਾ।
    ਮੈਂ ਰਹਿਮ ਨਾਲ ਭਰਪੂਰ ਹਾਂ।’
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
    ‘ਮੈਂ ਹਮੇਸ਼ਾ ਲਈ ਤੁਹਾਡੇ ਨਾਲ ਨਰਾਜ਼ ਨਹੀਂ ਹੋਵਾਂਗਾ।
13 ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ।
    ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ।
    ਇਹ ਤੁਹਾਡਾ ਪਾਪ ਹੈ।
ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ।
    ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ।
ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।’”
    ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

14 “ਤੁਸੀਂ ਲੋਕੀ ਬੇਵਫ਼ਾ ਹੋ। ਪਰ ਮੇਰੇ ਵੱਲ ਵਾਪਸ ਪਰਤ ਆਓ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਮੈਂ ਤੁਹਾਡਾ ਮਾਲਕ ਹਾਂ। ਮੈਂ ਹਰ ਸ਼ਹਿਰ ਵਿੱਚੋਂ ਇੱਕ ਬੰਦਾ ਅਤੇ ਹਰ ਪਰਿਵਾਰ ਵਿੱਚੋਂ ਦੋ ਬੰਦੇ ਲਵਾਂਗਾ ਅਤੇ ਤੁਹਾਨੂੰ ਸੀਯੋਨ ਵਾਪਸ ਲਿਆਵਾਂਗਾ। 15 ਫ਼ੇਰ ਮੈਂ ਤੁਹਾਨੂੰ ਨਵੇਂ ਹਾਕਮ ਦੇਵਾਂਗਾ। ਉਹ ਹਾਕਮ ਮੇਰੇ ਵਫ਼ਾਦਾਰ ਹੋਣਗੇ। ਉਹ ਤੁਹਾਡੀ ਗਿਆਨ ਅਤੇ ਸਮਝਦਾਰੀ ਨਾਲ ਅਗਵਾਈ ਕਰਨਗੇ। 16 ਉਨ੍ਹਾਂ ਦਿਨਾਂ ਅੰਦਰ, ਦੇਸ਼ ਵਿੱਚ ਤੁਸੀਂ ਬਹੁਤ ਗਿਣਤੀ ਵਿੱਚ ਹੋਵੋਂਗੇ।” ਇਹ ਯਹੋਵਾਹ ਵੱਲੋਂ ਸੰਦੇਸ਼ ਸੀ।

“ਉਸ ਸਮੇਂ ਲੋਕ ਇਹ ਕਦੇ ਨਹੀਂ ਆਖਣਗੇ, ‘ਮੈਨੂੰ ਉਹ ਦਿਨ ਯਾਦ ਹਨ ਜਦੋਂ ਸਾਡੇ ਕੋਲ ਯਹੋਵਾਹ ਦੇ ਨੇਮ ਦਾ ਸੰਦੂਕ ਸੀ।’ ਉਹ ਪਵਿੱਤਰ ਸੰਦੂਕ ਬਾਰੇ ਮੁੜਕੇ ਸੋਚਣਗੇ ਵੀ ਨਹੀਂ। ਉਹ ਉਸ ਨੂੰ ਚੇਤੇ ਵੀ ਨਹੀਂ ਕਰਨਗੇ ਅਤੇ ਨਾ ਉਸਦਾ ਵਿਗੋਚਾ ਮਹਿਸੂਸ ਕਰਨਗੇ। ਉਹ ਫ਼ੇਰ ਕਦੇ ਪਵਿੱਤਰ ਸੰਦੂਕ ਨਹੀਂ ਬਨਾਉਣਗੇ। 17 ਉਸ ਸਮੇਂ, ਯਰੂਸ਼ਲਮ ਦਾ ਸ਼ਹਿਰ ‘ਯਹੋਵਾਹ ਦਾ ਸਿੰਘਾਸਣ’ ਸਦਾਵੇਗਾ। ਸਾਰੀਆਂ ਕੌਮਾਂ ਇਕੱਠੀਆਂ ਹੋਕੇ ਯਰੂਸ਼ਲਮ ਸ਼ਹਿਰ ਵਿੱਚ ਯਹੋਵਾਹ ਦੇ ਨਾਮ ਦਾ ਆਦਰ ਕਰਨ ਲਈ ਆਉਣਗੀਆਂ। ਉਹ ਹੁਣ ਆਪਣੇ ਜ਼ਿੱਦੀ ਮੰਦੇ ਦਿਲਾਂ ਦੇ ਪਿੱਛੇ ਨਹੀਂ ਲੱਗਣਗੇ। 18 ਉਨ੍ਹਾਂ ਦਿਨਾਂ ਅੰਦਰ, ਯਹੂਦਾਹ ਦਾ ਪਰਿਵਾਰ ਇਸਰਾਏਲ ਦੇ ਪਰਿਵਾਰ ਨਾਲ ਆ ਮਿਲੇਗਾ। ਉਹ ਉੱਤਰ ਦੇ ਕਿਸੇ ਦੇਸ ਵੱਲੋਂ ਇਕੱਠੇ ਹੋਕੇ ਆਉਣਗੇ। ਉਹ ਉਸ ਧਰਤੀ ਉੱਤੇ ਆਉਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।”

ਰੋਮੀਆਂ ਨੂੰ 1:28-2:11

28 ਲੋਕਾਂ ਨੇ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪਾਉਣਾ ਜ਼ਰੂਰੀ ਨਾ ਸਮਝਿਆ, ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਕੰਮੀਆਂ ਸੋਚਾਂ ਤੇ ਛੱਡ ਦਿੱਤਾ। ਤਾਂ ਲੋਕ ਉਹ ਕੰਮ ਕਰਨ ਲੱਗ ਪਏ ਜਿਹੜੇ ਕਿ ਉਨ੍ਹਾਂ ਨੂੰ ਨਹੀਂ ਕਰਨੇ ਚਾਹੀਦੇ ਸਨ। 29 ਉਹ ਲੋਕ ਹਰ ਤਰ੍ਹਾਂ ਦੇ ਪਾਪਾਂ, ਬਦੀ, ਸੁਆਰਥ, ਨਫ਼ਰਤ, ਦੁਸ਼ਮਣੀ, ਕਤਲ, ਲੜਾਈ, ਬੇਈਮਾਨੀ ਨਾਲ ਭਰੇ ਹੋਏ ਹਨ ਅਤੇ ਉਹ ਦੂਜਿਆਂ ਬਾਰੇ ਭੈੜੀਆਂ ਗੱਲਾਂ ਸੋਚਦੇ ਹਨ। 30 ਉਹ ਲੋਕ ਅਫ਼ਵਾਹਾਂ ਫ਼ੈਲਾਉਂਦੇ ਗੱਪਾਂ ਮਾਰਦੇ ਅਤੇ ਇੱਕ ਦੂਜੇ ਬਾਰੇ ਨਿੰਦਾ ਕਰਦੇ ਰਹਿੰਦੇ ਹਨ। ਉਹ ਪਰਮੇਸ਼ੁਰ ਨੂੰ ਘਿਰਣਾ ਕਰਦੇ ਹਨ। ਉਹ ਢੀਠ, ਹੰਕਾਰੀ, ਸ਼ੇਖੀਬਾਜ਼, ਹਨ ਅਤੇ ਉਹ ਬਦਕਰਨੀਆਂ ਕਰਨ ਲਈ ਨਿੱਤ ਨਵੇਂ ਰਾਹਾਂ ਦੀ ਈਜਾਦ ਕਰਦੇ ਹਨ। ਉਹ ਆਪਣੇ ਮਾਪਿਆਂ ਦੇ ਆਗਿਆਕਾਰੀ ਵੀ ਨਹੀਂ। 31 ਉਹ ਮੂਰਖ ਹਨ। ਉਹ ਆਪਣੇ ਵਚਨ ਵੀ ਨਹੀਂ ਨਿਭਾਉਂਦੇ ਤੇ ਨਾ ਹੀ ਦੂਜੇ ਲੋਕਾਂ ਲਈ ਕੋਈ ਦਯਾ ਭਾਵਨਾ ਜਾਂ ਨਿਮਰਤਾ ਰੱਖਦੇ ਹਨ। 32 ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਬਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰੱਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।

ਤੁਸੀਂ ਯਹੂਦੀ ਵੀ ਪਾਪੀ ਹੋ

ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਦੁਨੀਆਂ ਦਾ ਨਿਆਂ ਕਰ ਸੱਕਦੇ ਹੋ, ਤੁਸੀਂ ਗਲਤ ਕਰ ਰਹੇ ਹੋ। ਤੁਸੀਂ ਖੁਦ ਵੀ ਪਾਪ ਕਰਨ ਦੇ ਕਸੂਰਵਾਰ ਹੋ ਅਰ ਤੁਸੀਂ ਉਨ੍ਹਾਂ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋ, ਪਰ ਖੁਦ ਵੀ ਉਹੀ ਕਰਦੇ ਹੋ, ਜੋ ਉਹ ਕਰਦੇ ਹਨ। ਇਸ ਲਈ ਜਦੋਂ ਤੁਸੀਂ ਦੂਜਿਆਂ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ ਅਸਲ ਵਿੱਚ ਤੁਸੀਂ ਆਪਣੇ ਆਪ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ। ਪਰਮੇਸ਼ੁਰ ਉਨ੍ਹਾਂ ਦਾ ਨਿਆਂ ਖੁਦ ਕਰਦਾ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਮੰਦੇ ਕੰਮ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਹਮੇਸ਼ਾ ਸਹੀ ਹੁੰਦਾ ਹੈ। ਤੁਸੀਂ ਉਨ੍ਹਾਂ ਲੋਕਾਂ ਦਾ ਨਿਆਂ ਕਰਦੇ ਹੋ ਜੋ ਅਜਿਹੇ ਮੰਦੇ ਕਰਦੇ ਹਨ, ਪਰ ਤੁਸੀਂ ਖੁਦ ਵੀ ਉਹੀ ਗੱਲਾਂ ਕਰ ਰਹੇ ਹੋ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਸ਼ਚਿਤ ਹੀ ਪਰਮੇਸ਼ੁਰ ਤੁਹਾਡਾ ਵੀ ਨਿਆਂ ਕਰੇਗਾ। ਉਦੋਂ ਤੁਸੀਂ ਨਹੀਂ ਬਚ ਸੱਕੋਂਗੇ। ਪਰਮੇਸ਼ੁਰ ਤੁਹਾਡੇ ਤੇ ਬਹੁਤ ਦਿਆਲੂ ਰਿਹਾ ਹੈ ਅਤੇ ਉਸ ਨੇ ਤੁਹਾਡੇ ਨਾਲ ਬੜੇ ਸਬਰ ਤੋਂ ਕੰਮ ਲਿਆ ਹੈ। ਉਹ ਤੁਹਾਡੇ ਬਦਲਣ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਤੁਸੀਂ ਉਸਦੀ ਦਯਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹੋ। ਤੁਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਪਰਮੇਸ਼ੁਰ ਦੀ ਦਯਾ, ਦਾ ਉਦੇਸ਼ ਤੁਹਾਡੇ ਦਿਲ ਅਤੇ ਜੀਵਨ ਨੂੰ ਬਦਲਣ ਵਿੱਚ ਤੁਹਾਡੀ ਮਦਦ ਕਰਨ ਦਾ ਹੈ।

ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ। ਉਸ ਦਿਨ ਪਰਮੇਸ਼ੁਰ ਹਰ ਇੱਕ ਨੂੰ ਉਸ ਦੇ ਕੀਤੇ ਅਨੁਸਾਰ ਸਜ਼ਾ ਜਾਂ ਫ਼ਲ ਦੇਵੇਗਾ। ਜਿਹੜੇ ਮਨੁੱਖ ਪਰਮੇਸ਼ੁਰ ਦੀ ਮਹਿਮਾ, ਸਤਿਕਾਰ ਅਤੇ ਸਦੀਪਕ ਜੀਵਨ ਵਾਸਤੇ ਜਿਉਂਦੇ ਹਨ ਉਹ ਨਿਰੰਤਰ ਚੰਗੇ ਕੰਮ ਕਰਦੇ ਹਨ। ਉਹ ਪਰਮੇਸ਼ੁਰ ਤੋਂ ਸਦੀਪਕ ਜੀਵਨ ਪ੍ਰਾਪਤ ਕਰਨਗੇ। ਪਰ ਕੁਝ ਲੋਕ ਸੁਆਰਥੀ ਹਨ ਅਤੇ ਉਹ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ। ਉਹ ਲੋਕ ਦੁਸ਼ਟਤਾ ਦੇ ਰਾਹ ਦਾ ਅਨੁਸਰਣ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦੇਵੇਗਾ ਤੇ ਆਪਣਾ ਕਰੋਧ ਵਿਖਾਵੇਗਾ। ਪਰਮੇਸ਼ੁਰ ਹਰੇਕ ਉਸ ਮਨੁੱਖ ਨੂੰ ਪਹਿਲਾਂ ਯਹੂਦੀ ਨੂੰ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਉਦਾਸੀ ਅਤੇ ਕਸ਼ਟ ਦੇਵੇਗਾ ਜਿਹੜਾ ਬੁਰਿਆਈ ਕਰਦਾ ਹੈ। 10 ਪਰਮੇਸ਼ੁਰ ਹਰੇਕ ਮਨੁੱਖ ਨੂੰ ਪਹਿਲਾਂ ਯਹੂਦੀ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਮਹਿਮਾ, ਸਤਿਕਾਰ ਅਤੇ ਸ਼ਾਂਤੀ ਦੇਵੇਗਾ ਜਿਹੜੇ ਚੰਗੇ ਕੰਮ ਕਰਦਾ ਹੈ। 11 ਪਰਮੇਸ਼ੁਰ ਸਭ ਲੋਕਾਂ ਦਾ ਨਿਆਂ ਬਿਨਾ ਪੱਖਪਾਤ ਤੋਂ ਕਰਦਾ ਹੈ।

ਯੂਹੰਨਾ 5:1-18

ਯਿਸੂ ਨੇ ਇੱਕ ਆਦਮੀ ਨੂੰ ਤਲਾ ਉੱਤੇ ਰਾਜੀ ਕੀਤਾ

ਇਸਤੋਂ ਬਾਦ ਯਿਸੂ ਇੱਕ ਵਿਸ਼ੇਸ਼ ਯਹੂਦੀ ਤਿਉਹਾਰ ਲਈ ਯਰੂਸ਼ਲਮ ਗਿਆ। ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢੱਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜਿੱਥੇਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇੜੇ ਹੈ। ਬਹੁਤ ਸਾਰੇ ਬਿਮਾਰ ਲੋਕ ਤਲਾ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ ਸਨ ਕੁਝ ਲੰਗੜ੍ਹੇ ਤੇ ਕੁਝ ਅਧਰੰਗੀ ਸਨ। 4-5 ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ ਜੋ 38 ਵਰ੍ਹਿਆਂ ਤੋਂ ਬਿਮਾਰ ਸੀ। ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਦੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”

ਉਸ ਬਿਮਾਰ ਆਦਮੀ ਨੇ ਆਖਿਆ, “ਸ਼੍ਰੀਮਾਨ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਲਾ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।”

ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।” ਉਹ ਤੁਰੰਤ ਹੀ ਰਾਜੀ ਕੀਤਾ ਗਿਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਚੱਲਣਾ ਸ਼ੁਰੂ ਕਰ ਦਿੱਤਾ।

ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ। 10 ਇਸ ਲਈ ਯਹੂਦੀਆਂ ਨੇ ਉਸ ਰਾਜੀ ਹੋ ਜਾਣ ਵਾਲੇ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ ਤੇ ਤੇਰਾ ਬਿਸਤਰਾ ਚੁੱਕਣਾ ਨੇਮ ਦੇ ਖਿਲਾਫ਼ ਹੈ।”

11 ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸਨੇ ਮੈਨੂੰ ਚੰਗਾ ਕੀਤਾ ਹੈ, ਉਸ ਨੇ ਮੈਨੂੰ ਆਖਿਆ, ‘ਆਪਣਾ ਬਿਸਤਰਾ ਚੁੱਕ ਤੇ ਤੁਰ।’”

12 ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ?”

13 ਪਰ ਜੋ ਆਦਮੀ ਰਾਜੀ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਜਾ ਚੁੱਕਿਆ ਸੀ।

14 ਬਾਦ ਵਿੱਚ ਯਿਸੂ ਨੇ ਉਸ ਨੂੰ ਮੰਦਰ ਵਿੱਚ ਵੇਖਿਆ। ਅਤੇ ਉਸ ਨੂੰ ਅਖ਼ਿਆ, “ਵੇਖ ਹੁਣ ਤੂੰ ਰਾਜੀ ਹੋ ਗਿਆ ਹੈ ਪਾਪ ਕਰਨੇ ਬੰਦ ਕਰਦੇ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸੱਕਦੀ ਹੈ।”

15 ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸਨੇ ਮੈਨੂੰ ਰਾਜੀ ਕੀਤਾ ਸੀ, ਉਹ ਯਿਸੂ ਸੀ।

16 ਇਸ ਤਰ੍ਹਾਂ ਦੀਆਂ ਗੱਲਾਂ ਯਿਸੂ ਸਬਤ ਵਾਲੇ ਦਿਨ ਕਰ ਰਿਹਾ ਸੀ। ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ। 17 ਪਰ ਯਿਸੂ ਨੇ ਯਹੂਦੀਆਂ ਨੂੰ ਆਖਿਆ, “ਮੇਰਾ ਪਿਤਾ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।”

18 ਇਹ ਸੁਣਨ ਤੋਂ ਬਾਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੱਧੇਰੇ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ!”

Punjabi Bible: Easy-to-Read Version (ERV-PA)

2010 by World Bible Translation Center