Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 30

ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।

30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
    ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
    ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
    ਤੇ ਤੁਸਾਂ ਮੈਨੂੰ ਨਿਰੋਗ ਕੀਤਾ।
ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
    ਤੁਸਾਂ ਮੈਨੂੰ ਜੀਣ ਦਿੱਤਾ।
    ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।

ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
    ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
    ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
    ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।

ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
    ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
    ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
    ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
    ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
    ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
    ਉਹ ਤੇਰੀ ਉਸਤਤਿ ਨਹੀਂ ਕਰਦੇ।
    ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
    ਹੇ ਯਹੋਵਾਹ, ਮੇਰੀ ਮਦਦ ਕਰੋ।”

11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
    ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
    ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
    ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।

ਜ਼ਬੂਰ 32

ਦਾਊਦ ਦਾ ਇੱਕ ਭੱਗਤੀ ਗੀਤ।

32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
    ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
    ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
ਉਹ ਵਿਅਕਤੀ ਵੜਭਾਗਾ ਹੈ
    ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
    ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।

ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
    ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
    ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
    ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।

ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
    ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
    ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।

ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
    ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
    ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
    ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।

ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
    ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
    ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ।
ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ।
    ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।”

10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ।
    ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ।
ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।

ਜ਼ਬੂਰ 42-43

ਦੂਜਾ ਭਾਗ

(ਜ਼ਬੂਰ 42-72)

ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ।

42 ਇੱਕ ਹਿਰਨ ਨੂੰ ਵੱਗਦੀ ਧਾਰਾ ਦੇ ਪਾਣੀ ਦੀ ਪਿਆਸ ਲਗਦੀ ਹੈ।
    ਹੇ ਪਰਮੇਸ਼ੁਰ, ਇਸੇ ਤਰ੍ਹਾਂ ਹੀ ਮੇਰੀ ਰੂਹ ਤੁਹਾਡੇ ਲਈ ਪਿਆਸੀ ਹੈ।
ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ।
    ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?
ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ।
    ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ।
ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ।
    ਮੈਂ ਇੰਨਾ ਉਦਾਸ ਹਾਂ।
    ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।

ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ।
    ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂ
ਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂ
    ਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।

5-6 ਮੈਨੂੰ ਇੰਨਾ ਉਦਾਸ ਕਿਉਂ ਹੋਣਾ ਚਾਹੀਦਾ ਹੈ?
    ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ।
    ਮੈਨੂੰ ਹਾਲੇ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
    ਉਹ ਮੈਨੂੰ ਬਚਾ ਲਵੇਗਾ।
ਮੇਰੇ ਪਰਮੇਸ਼ੁਰ, ਮੈਂ ਕਿੰਨਾ ਉਦਾਸ ਹਾਂ।
ਇਸੇ ਲਈ ਮੈਂ ਯਰਦਨ ਘਾਟੀ ਤੋਂ,
    ਹਰਮੋਨ ਦੇ ਪਰਬਤਾਂ ਤੋਂ ਅਤੇ ਮਿਸਰ ਪਰਬਤ ਤੋਂ ਤੁਹਾਡੇ ਲਈ ਪੁਕਾਰਿਆ।
ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ।
    ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ।

ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ,
    ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।
ਮੈਂ ਪਰਮੇਸ਼ੁਰ ਨੂੰ ਆਪਣੀ ਚੱਟਾਨ ਆਖਦਾ ਹਾਂ,
    “ਤੁਸਾਂ ਮੈਨੂੰ ਕਿਉਂ ਭੁਲਾ ਦਿੱਤਾ ਹੈ।
    ਮੈਂ ਆਪਣੇ ਦੁਸ਼ਮਣਾਂ ਦੇ ਇੰਨੇ ਜ਼ੁਲਮ ਕਿਉਂ ਝੱਲਾ?”
10 ਮੇਰਾ ਦੁਸ਼ਮਣ ਲਗਾਤਾਰ ਮੈਨੂੰ ਜ਼ਲੀਲ ਕਰਦਾ ਹੈ ਅਤੇ ਮਾਰੂ ਵਾਰ ਕਰਦਾ ਹੈ।
    ਜਦੋਂ ਉਹ ਆਖਦਾ ਤੇਰਾ ਪਰਮੇਸ਼ੁਰ ਕਿੱਥੇ ਹੈ?
    “ਉਹ ਅਜੇ ਤੱਕ ਤੈਨੂੰ ਬਚਾਉਣ ਆਇਆ ਹੈ?”

11 ਮੈਂ ਇੰਨਾ ਉਦਾਸ ਕਿਉਂ ਹੋਵਾਂ?
    ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕਣਾ ਚਾਹੀਦਾ ਹੈ।
    ਅਜੇ ਮੈਨੂੰ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
    ਉਹ ਮੈਨੂੰ ਬਚਾ ਲਵੇਗਾ।

43 ਪਰਮੇਸ਼ੁਰ, ਇੱਕ ਬੰਦਾ ਹੈ, ਜਿਹੜਾ ਤੁਹਾਡਾ ਵਫ਼ਾਦਾਰ ਚੇਲਾ ਨਹੀਂ ਹੈ।
ਉਹ ਕਪਟੀ ਹੈ ਅਤੇ ਉਹ ਝੂਠ ਬੋਲਦਾ ਹੈ।
ਹੇ ਪਰਮੇਸ਼ੁਰ, ਮੈਨੂੰ ਉਸ ਬੰਦੇ ਤੋਂ ਬਚਾਵੀਂ।
ਮੇਰੀ ਰੱਖਿਆ ਕਰੀਂ ਅਤੇ ਸਾਬਤ ਕਰ ਦੇਵੀਂ ਕਿ ਮੈਂ ਸਹੀ ਹਾਂ।
ਹੇ ਪਰਮੇਸ਼ੁਰ ਤੁਸੀਂ ਮੇਰੀ ਓਟ ਹੋ।
    ਤੁਸੀਂ ਮੈਨੂੰ ਕਿਉਂ ਛੱਡ ਦਿੱਤਾ।
ਆਪਣੇ ਦੁਸ਼ਮਣ ਦੇ ਜ਼ੁਲਮ ਸਦਕਾ
    ਮੈਂ ਇੰਨੀ ਉਦਾਸੀ ਕਿਉਂ ਝੱਲਾਂ?
ਹੇ ਪਰਮੇਸ਼ੁਰ, ਆਪਣੇ ਨੂਰ ਅਤੇ ਸੱਚ ਨੂੰ ਮੇਰੇ ਉੱਪਰ ਚਮਕਣ ਦਿਉ।
ਤੁਹਾਡਾ ਨੂਰ ਅਤੇ ਸੱਚ ਮੈਨੂੰ ਰਾਹ ਦਿਖਾਵੇਗਾ।
    ਉਹ ਤੁਹਾਡੇ ਪਵਿੱਤਰ ਪਹਾੜ ਵੱਲ ਮੇਰੀ ਅਗਵਾਈ ਕਰਨਗੇ।
ਮੈਂ ਪਰਮੇਸ਼ੁਰ ਦੀ ਜਗਵੇਦੀ ਉੱਪਰ ਆਵਾਂਗਾ।
    ਮੈਂ ਉਸ ਪਰਮੇਸ਼ੁਰ ਵੱਲ ਆਵਾਂਗਾ ਜਿਹੜਾ ਮੈਨੂੰ ਬਹੁਤ ਖੁਸ਼ ਕਰਦਾ ਹੈ।
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ
    ਰਬਾਬ ਨਾਲ ਤੇਰੀ ਉਸਤਤਿ ਕਰਾਂਗਾ।

ਮੈਂ ਇੰਨਾ ਉਦਾਸ ਕਿਉਂ ਹਾਂ?
    ਮੈਂ ਇੰਨਾ ਪਰੇਸ਼ਾਨ ਕਿਉਂ ਹਾਂ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕ ਕਰਨੀ ਚਾਹੀਦੀ ਹੈ।
    ਮੈਨੂੰ ਅਜੇ ਪਰਮੇਸ਼ੁਰ ਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
    ਉਹ ਮੈਨੂੰ ਬਚਾ ਲਵੇਗਾ।

ਯਸਾਯਾਹ 46

ਝੂਠੇ ਦੇਵਤੇ ਬੇਕਾਰ ਹਨ

46 ਬੇਲ ਅਤੇ ਨੇਬੋ ਮੇਰੇ ਅੱਗੇ ਝੁਕਣਗੇ। ਉਹ ਝੂਠੇ ਦੇਵਤੇ ਸਿਰਫ਼ ਮੂਰਤੀਆਂ ਹੀ ਹਨ।

“ਲੋਕਾਂ ਨੇ ਉਨ੍ਹਾਂ ਮੂਰਤੀਆਂ ਨੂੰ ਜਾਨਵਰਾਂ ਦੀਆਂ ਪਿੱਠਾ ਉੱਤੇ ਲਦਿਆ ਉਹ ਮੂਰਤੀਆਂ ਸਿਰਫ਼ ਚੁੱਕਣ ਵਾਲਾ ਵੱਡਾ ਭਾਰ ਹਨ। ਝੂਠੇ ਦੇਵਤੇ ਹੋਰ ਕੁਝ ਨਹੀਂ ਕਰਦੇ ਸਿਰਫ਼ ਲੋਕਾਂ ਨੂੰ ਬਕਾਉਂਦੇ ਹਨ। ਉਹ ਸਾਰੇ ਝੂਠੇ ਦੇਵਤੇ ਝੁਕ ਜਾਣਗੇ-ਉਹ ਸਾਰੇ ਹੀ ਡਿੱਗ ਪੈਣਗੇ। ਉਹ ਝੂਠੇ ਦੇਵਤੇ ਬਚ ਕੇ ਨਹੀਂ ਜਾ ਸੱਕਦੇ-ਉਨ੍ਹਾਂ ਸਾਰਿਆਂ ਨੂੰ ਕੈਦੀਆਂ ਵਾਂਗ ਲਿਜਾਇਆ ਜਾਵੇਗਾ।

“ਯਾਕੂਬ ਦੇ ਪਰਿਵਾਰ ਵਾਲਿਓ, ਸੁਣੋ ਮੇਰੀ ਗੱਲ! ਇਸਰਾਏਲ ਦੇ ਤੁਸੀਂ ਸਾਰੇ ਲੋਕੋ ਜਿਹੜੇ ਹਾਲੇ ਤੱਕ ਜਿਉਂਦੇ ਹੋ, ਸੁਣੋ! ਮੈਂ ਤੁਹਾਨੂੰ ਚੁੱਕਦਾ ਰਿਹਾ ਹਾਂ। ਮੈਂ ਤੁਹਾਨੂੰ ਉਦੋਂ ਤੋਂ ਚੁੱਕਿਆ ਹੈ ਜਦੋਂ ਤੁਸੀਂ ਆਪਣੀ ਮਾਂ ਦੇ ਗਰਭ ਵਿੱਚ ਸੀ। ਮੈਂ ਤੁਹਾਨੂੰ ਓਦੋਁ ਚੁੱਕਿਆ ਜਦੋਂ ਤੁਸੀਂ ਜੰਮੇ ਸੀ, ਅਤੇ ਮੈਂ ਤੁਹਾਨੂੰ ਉਦੋਂ ਵੀ ਚੁੱਕਾਂਗਾ ਜਦੋਂ ਤੁਸੀਂ ਬੁੱਢੇ ਹੋ ਜਾਵੋਗੇ। ਤੁਹਾਡੇ ਵਾਲ ਸਫ਼ੇਦ ਹੋ ਜਾਣਗੇ, ਅਤੇ ਮੈਂ ਫ਼ੇਰ ਵੀ ਤੁਹਾਨੂੰ ਚੁੱਕਾਂਗਾ, ਕਿਉਂਕਿ ਮੈਂ ਹੀ ਤੁਹਾਨੂੰ ਸਾਜਿਆ ਸੀ। ਮੈਂ ਤੁਹਾਨੂੰ ਚੁੱਕਦਾ ਰਹਾਂਗਾ ਅਤੇ ਮੈਂ ਤੁਹਾਨੂੰ ਬਚਾਵਾਂਗਾ।

“ਕੀ ਤੁਸੀਂ ਮੇਰਾ ਮੁਕਾਬਲਾ ਕਿਸੇ ਹੋਰ ਨਾਲ ਕਰ ਸੱਕਦੇ ਹੋ? ਨਹੀਂ! ਕੋਈ ਬੰਦਾ ਮੇਰੇ ਬਰਾਬਰ ਨਹੀਂ ਹੈ। ਮੇਰੇ ਵਰਗਾ ਕੋਈ ਨਹੀਂ। ਕੁਝ ਲੋਕ ਸੋਨੇ ਚਾਂਦੀ ਨਾਲ ਅਮੀਰ ਹੁੰਦੇ ਹਨ। ਸੋਨਾ ਉਨ੍ਹਾਂ ਦੀਆਂ ਬੈਲੀਆਂ ਵਿੱਚੋਂ ਡਿਗਦਾ ਹੈ ਅਤੇ ਉਹ ਆਪਣੀ ਚਾਂਦੀ ਨੂੰ ਤਕੜੀ ਵਿੱਚ ਤੋਂਲਦੇ ਹਨ। ਉਹ ਬੰਦੇ ਕਿਸੇ ਕਲਾਕਾਰ ਨੂੰ ਮੁੱਲ ਤਾਰ ਕੇ ਲਕੜੀ ਦਾ ਝੂਠਾ ਦੇਵਤਾ ਬਣਵਾਉਂਦੇ ਹਨ। ਫ਼ੇਰ ਉਹ ਲੋਕ ਸਿਜਦਾ ਕਰਦੇ ਹਨ ਅਤੇ ਉਸ ਝੂਠੇ ਦੇਵਤੇ ਦੀ ਉਪਾਸਨਾ ਕਰਦੇ ਹਨ। ਉਹ ਲੋਕ ਉਸ ਝੂਠੇ ਦੇਵਤੇ ਨੂੰ ਆਪਣੇ ਮੋਢਿਆਂ ਉੱਤੇ ਚੁਕੱਦੇ ਹਨ। ਉਹ ਝੂਠਾ ਦੇਵਤਾ ਬੇਕਾਰ ਹੈ-ਲੋਕਾਂ ਨੂੰ ਉਸ ਨੂੰ ਚੁੱਕਣਾ ਪੈਂਦਾ ਹੈ! ਲੋਕ ਮੂਰਤੀ ਨੂੰ ਧਰਤੀ ਉੱਤੇ ਸਬਾਪਤ ਕਰਦੇ ਹਨ, ਅਤੇ ਉਹ ਝੂਠਾ ਦੇਵਤਾ ਹਿੱਲ ਨਹੀਂ ਸੱਕਦਾ। ਉਹ ਝੂਠਾ ਦੇਵਤਾ ਕਦੇ ਵੀ ਆਪਣੀ ਥਾਂ ਤੋਂ ਤੁਰਕੇ ਨਹੀਂ ਜਾਂਦਾ। ਲੋਕ ਉਸ ਨੂੰ ਚੀਕਾਂ ਮਾਰ ਕੇ ਬੁਲਾ ਸੱਕਦੇ ਹਨ, ਪਰ ਇਹ ਜਵਾਬ ਨਹੀਂ ਦੇਵੇਗਾ। ਉਹ ਝੂਠਾ ਦੇਵਤਾ ਸਿਰਫ਼ ਇੱਕ ਮੂਰਤੀ ਹੈ-ਇਹ ਲੋਕਾਂ ਨੂੰ ਉਨ੍ਹਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸੱਕਦਾ।

“ਤੁਸੀਂ ਲੋਕਾਂ ਨੇ ਪਾਪ ਕੀਤਾ ਹੈ। ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਫ਼ੇਰ ਸੋਚਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਚੇਤੇ ਕਰੋ ਅਤੇ ਮਜ਼ਬੂਤ ਬਣੋ। ਉਨ੍ਹਾਂ ਗੱਲਾਂ ਨੂੰ ਚੇਤੇ ਕਰੋ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ। ਚੇਤੇ ਰੱਖੋ ਕਿ ਮੈਂ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਉਹ ਝੂਠੇ ਦੇਵਤੇ ਮੇਰੇ ਵਾਂਗ ਨਹੀਂ ਹਨ।

10 “ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ-ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ। 11 ਅਤੇ ਮੈਂ ਪੂਰਬ ਵੱਲੋਂ ਇੱਕ ਬੰਦੇ ਨੂੰ ਬੁਲਾ ਰਿਹਾ ਹਾਂ। ਉਹ ਬੰਦਾ ਬਾਜ਼ ਵਰਗਾ ਹੋਵੇਗਾ। ਉਹ ਦੂਰ ਦੁਰਾਡੇ ਦੇਸੋਂ ਆਵੇਗਾ, ਅਤੇ ਉਹ ਉਹੀ ਗੱਲਾਂ ਕਰੇਗਾ ਜਿਹੜੀਆਂ ਮੈਂ ਕਰਨ ਦਾ ਨਿਆਂ ਕਰਾਂਗਾ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੈਂ ਇਹ ਕਰਾਂਗਾ, ਅਤੇ ਮੈਂ ਇਹ ਕਰਾਂਗਾ। ਮੈਂ ਉਸ ਨੂੰ ਸਾਜਿਆ ਸੀ, ਅਤੇ ਮੈਂ ਉਸ ਨੂੰ ਲਿਆਵਾਂਗਾ!

12 “ਤੁਹਾਡੇ ਵਿੱਚੋਂ ਕੁਝ ਇਹ ਸੋਚਦੇ ਹੋ ਕਿ ਤੁਹਾਡੇ ਕੋਲ ਬਹੁਤ ਤਾਕਤ ਹੈ-ਪਰ ਤੁਸੀਂ ਨੇਕ ਕੰਮ ਨਹੀਂ ਕਰਦੇ। ਮੇਰੀ ਗੱਲ ਸੁਣੋ! 13 ਮੈਂ ਨੇਕ ਕੰਮ ਕਰਾਂਗਾ। ਛੇਤੀ ਹੀ ਮੈਂ ਆਪਣੇ ਲੋਕਾਂ ਨੂੰ ਬਚਾਵਾਂਗਾ। ਮੈਂ ਸੀਯੋਨ ਨੂੰ ਮੁਕਤੀ ਦਿਵਾਵਾਂਗਾ ਅਤੇ ਆਪਣੇ ਅਦਭੁਤ ਇਸਰਾਏਲ ਨੂੰ ਵੀ।”

ਅਫ਼ਸੀਆਂ ਨੂੰ 6:10-24

ਪਰਮੇਸ਼ੁਰ ਦੀ ਢਾਲ ਪਹਿਨ ਲਵੋ

10 ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ। 11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸੱਕੋ। 12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ। 13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ।

14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ। 15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸੱਕਦੇ ਹੋ। 16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸੱਕਦੇ ਹੋ। 17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ। 18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।

19 ਮੇਰੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਜਦੋਂ ਮੈਂ ਬੋਲਾਂ ਪਰਮੇਸ਼ੁਰ ਮੈਨੂੰ ਸ਼ਬਦ ਪ੍ਰਦਾਨ ਕਰੇ। ਤਾਂ ਕਿ ਮੈਂ ਬਿਨਾ ਕਿਸੇ ਡਰ ਦੇ ਖੁਸ਼ਖਬਰੀ ਦੇ ਗੁਪਤ ਸੱਚ ਬਾਰੇ ਦੱਸ ਸੱਕਾਂ। 20 ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇੱਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸੱਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।

ਅੰਤਿਮ ਸ਼ੁਭਕਾਮਨਾਵਾਂ

21 ਮੈਂ ਤੁਹਾਡੇ ਕੋਲ ਤੁਖਿਕੁਸ ਸਾਡੇ ਭਰਾ ਨੂੰ ਭੇਜ ਰਿਹਾ ਹਾਂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਉਹ ਪ੍ਰਭੂ ਦੇ ਕਾਰਜ ਦਾ ਵਫ਼ਾਦਾਰ ਨੌਕਰ ਹੈ। ਉਹ ਤੁਹਾਨੂੰ ਉਸ ਹਰ ਗੱਲ ਦੀ ਜਾਣਕਾਰੀ ਦੇਵੇਗਾ ਜਿਹੜੀ ਮੇਰੇ ਨਾਲ ਇੱਥੇ ਵਾਪਰ ਰਹੀ ਹੈ। ਫ਼ੇਰ ਤੁਹਾਨੂੰ ਮੇਰੀ ਸੁੱਖ ਸਾਂਦ ਬਾਰੇ ਪਤਾ ਲੱਗੇਗਾ ਅਤੇ ਮੈਂ ਕੀ ਕਰ ਰਿਹਾ। 22 ਇਹੀ ਕਾਰਣ ਹੈ ਕਿ ਮੈਂ ਉਸ ਨੂੰ ਘੱਲ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਸੁੱਖਸਾਂਦ ਬਾਰੇ ਜਾਣ ਲਵੋ। ਮੈਂ ਉਸ ਨੂੰ ਤੁਹਾਨੂੰ ਹੌਂਸਲਾ ਦੇਣ ਲਈ ਘੱਲ ਰਿਹਾ ਹਾਂ।

23 ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ ਅਤੇ ਪਿਆਰ ਵਿਸ਼ਵਾਸ ਸਮੇਤ ਤੁਹਾਡੇ ਨਾਲ ਹੋਵੇ। 24 ਪਰਮੇਸ਼ੁਰ ਦੀ ਕਿਰਪਾ ਉਨ੍ਹਾਂ ਸਾਰਿਆਂ ਨਾਲ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਦੇ ਹਨ, ਉਹ ਪਿਆਰ ਜੋ ਕਦੀ ਨਹੀਂ ਮੁੱਕਦਾ।

ਮਰਕੁਸ 5:1-20

ਯਿਸੂ ਦਾ ਇੱਕ ਆਦਮੀ ਨੂੰ ਭਰਿਸ਼ਟ ਆਤਮਾ ਤੋਂ ਮੁਕਤ ਕਰਨਾ(A)

ਯਿਸੂ ਅਤੇ ਉਸ ਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ। ਜਦੋਂ ਯਿਸੂ ਬੇੜੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਕੋਲ ਆਇਆ। ਇਹ ਮਨੁੱਖ ਕਬਰਾਂ ਵਿੱਚਕਾਰ ਰਹਿੰਦਾ ਸੀ। ਕੋਈ ਉਸ ਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸੱਕਦਾ ਸੀ। ਕਈ ਵਾਰ ਉਸ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਸੱਕਦਾ। ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।

ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸ ਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ। ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”

ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?”

ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।” 10 ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕੱਢੇ।

11 ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ। 12 ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।” 13 ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵੜੇ। ਅਤੇ ਇੱਜੜ ਪਹਾੜੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜੜ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।

14 ਜਿਹੜੇ ਆਦਮੀ ਉੱਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰੱਖਵਾਲੀ ਕਰ ਰਹੇ ਸਨ ਨੱਸ ਗਏ ਅਤੇ ਨੱਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ। 15 ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉੱਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ। 16 ਕੁਝ ਲੋਕ ਉੱਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ। 17 ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡ ਕੇ ਚੱਲੇ ਜਾਣ ਲਈ ਮਿੰਨਤ ਕੀਤੀ।

18 ਜਿਉਂ ਹੀ ਯਿਸੂ ਬੇੜੀ ਵਿੱਚ ਚੜ੍ਹ੍ਹਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸ ਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ। 19 ਪਰ ਯਿਸੂ ਨੇ ਉਸ ਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”

20 ਉਹ ਆਦਮੀ ਚੱਲਿਆ ਗਿਆ। ਉਸ ਨੇ ਦਿਕਾਪੁਲਿਸ ਦੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।

Punjabi Bible: Easy-to-Read Version (ERV-PA)

2010 by World Bible Translation Center