Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 148

148 ਯਹੋਵਾਹ ਦੀ ਉਸਤਤਿ ਕਰੋ।
ਉਤਲੇ ਦੂਤੋਂ, ਸਵਰਗ ਵਿੱਚੋਂ ਯਹੋਵਾਹ ਦੀ ਉਸਤਤਿ ਕਰੋ।
ਤੁਸੀਂ ਸਾਰੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ।
    ਉਸਦੀ ਸਾਰੀ ਫ਼ੌਜ ਵਾਲਿਉ, ਉਸਦੀ ਉਸਤਤਿ ਕਰੋ।
ਸੂਰਜ ਅਤੇ ਚੰਨ, ਯਹੋਵਾਹ ਦੀ ਉਸਤਤਿ ਕਰੋ।
    ਤਾਰਿਉ ਅਤੇ ਆਕਾਸ਼ ਦੀਉ ਰੌਸ਼ਨੀਉ, ਉਸਦੀ ਉਸਤਤਿ ਕਰੋ।
ਯਹੋਵਾਹ ਦੀ ਉਸਤਤਿ ਕਰੋ,
    ਸਭ ਤੋਂ ਉੱਚੇ ਸਵਰਗ ਵਿੱਚ ਆਕਾਸ਼ ਉਤਲੇ ਪਾਣੀਉ, ਉਸਦੀ ਉਸਤਤਿ ਕਰੋ।
ਯਹੋਵਾਹ ਦੇ ਨੇਮ ਦੀ ਉਸਤਤਿ ਕਰੋ।
    ਕਿਉਂ? ਕਿਉਂਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਅਤੇ ਸਾਡੇ ਸਾਰਿਆਂ ਦੀ ਸਾਜਨਾ ਹੋਈ।
ਪਰਮੇਸ਼ੁਰ ਨੇ ਇਹ ਚੀਜ਼ਾਂ ਸਦਾ ਵਾਸਤੇ ਰਹਿਣ ਲਈ ਬਣਾਈਆ।
    ਪਰਮੇਸ਼ੁਰ ਨੇ ਨੇਮ ਬਣਾਏ ਜਿਹੜੇ ਕਦੀ ਨਹੀਂ ਮੁੱਕਣਗੇ।
ਧਰਤੀ ਉਤਲੀ ਹਰ ਸ਼ੈਅ, ਯਹੋਵਾਹ ਦੀ ਉਸਤਤਿ ਕਰੋ।
    ਮਹਾ ਸਾਗਰ ਅਤੇ ਉਸ ਵਿੱਚਲੇ ਜਾਨਵਰੋ, ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਨੇ ਅੱਗ ਅਤੇ ਗੜ੍ਹਿਆਂ ਨੂੰ ਬਰਫ਼
    ਅਤੇ ਧੂੰਏ ਨੂੰ ਅਤੇ ਸਾਰੀਆ ਤੂਫ਼ਾਨੀ ਹਵਾਵਾਂ ਨੂੰ ਬਣਾਇਆ।
ਪਰਮੇਸ਼ੁਰ ਨੇ, ਪਹਾੜ ਅਤੇ ਪਹਾੜੀਆਂ ਨੂੰ,
    ਫ਼ਲਦਾਰ ਰੁੱਖਾ ਅਤੇ ਦਿਉਦਾਰ ਦੇ ਰੁੱਖਾਂ ਨੂੰ ਬਣਾਇਆ।
10 ਪਰਮੇਸ਼ੁਰ ਨੇ ਜੰਗਲੀ ਜਾਨਵਰਾਂ, ਪਸ਼ੂਆਂ ਅਤੇ ਪੰਛੀਆ, ਰੀਂਗਣ ਵਾਲੇ ਜੀਵਾਂ ਅਤੇ ਪਰਿੰਦਿਆਂ ਨੂੰ ਸਾਜਿਆ।
11 ਪਰਮੇਸ਼ੁਰ ਨੇ ਧਰਤੀ ਉੱਤੇ ਰਾਜਿਆਂ ਅਤੇ ਕੌਮਾਂ ਨੂੰ ਬਣਾਇਆ
    ਪਰਮੇਸ਼ੁਰ ਨੇ ਆਗੂਆਂ ਅਤੇ ਨਿਆਕਾਰਾਂ ਨੂੰ ਬਣਾਇਆ।
12 ਪਰਮੇਸ਼ੁਰ ਨੇ, ਜਵਾਨ ਆਦਮੀ ਅਤੇ ਔਰਤ ਨੂੰ ਬਣਾਇਆ।
    ਪਰਮੇਸ਼ੁਰ ਨੇ ਬੁੱਢੇ ਅਤੇ ਜਵਾਨ ਲੋਕਾਂ ਨੂੰ ਬਣਾਇਆ।
13 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
    ਸਦਾ ਹੀ ਉਸ ਦੇ ਨਾਮ ਦੀ ਉਸਤਤਿ ਕਰੋ!
ਸਵਰਗ ਅਤੇ ਧਰਤੀ ਦੀ ਹਰ ਸ਼ੈਅ,
    ਉਸਦੀ ਉਸਤਤਿ ਕਰੇ।
14 ਪਰਮੇਸ਼ੁਰ ਆਪਣੇ ਲੋਕਾ ਨੂੰ ਮਜ਼ਬੂਤ ਬਣਾਵੇਗਾ।
    ਲੋਕ ਪਰਮੇਸ਼ੁਰ ਦੇ ਅਨੁਯਾਈਆਂ ਦੀ ਉਸਤਤਿ ਕਰਨਗੇ।
ਲੋਕ ਇਸਰਾਏਲ ਦੀ ਉਸਤਤਿ ਕਰਨਗੇ।
    ਉਹੀ ਲੋਕ ਹਨ ਜਿਨ੍ਹਾਂ ਲਈ ਯਹੋਵਾਹ ਲੜਦਾ ਹੈ।

ਜ਼ਬੂਰ 150

150 ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
    ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
    ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ।
    ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ।
    ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ।
    ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।

ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!

ਯਹੋਵਾਹ ਦੀ ਉਸਤਤਿ ਕਰੋ!

ਜ਼ਬੂਰ 91-92

91 ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ।
    ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।
    ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
ਪਰਮੇਸ਼ੁਰ ਤੁਹਾਨੂੰ ਛੁੱਪੇ ਖਤਰਿਆਂ ਕੋਲੋਂ
    ਅਤੇ ਖਤਰਨਾਕ ਬਿਮਾਰੀਆਂ ਕੋਲੋਂ ਬਚਾਵੇਗਾ।
ਸੁਰੱਖਿਆ ਲਈ ਤੁਸੀਂ ਪਰਮੇਸ਼ੁਰ ਵੱਲ ਜਾ ਸੱਕਦੇ ਹੋ।
    ਉਹ ਤੁਹਾਡੀ ਰੱਖਿਆ ਕਰੇਗਾ, ਜਿਵੇਂ ਇੱਕ ਪੰਛੀ ਆਪਣੇ ਬੱਚਿਆਂ ਉੱਤੇ ਖੰਭ ਖਿਲਾਰ ਲੈਂਦਾ ਹੈ।
    ਪਰਮੇਸ਼ੁਰ ਇੱਕ ਢਾਲ ਹੋਵੇਗਾ ਅਤੇ ਤੁਹਾਡੀ ਰੱਖਿਆ ਲਈ ਇੱਕ ਕੰਧ।
ਤੁਹਾਨੂੰ ਰਾਤ ਵੇਲੇ ਕੋਈ ਡਰ ਨਹੀਂ ਹੋਵੇਗਾ।
    ਅਤੇ ਦਿਨ ਵੇਲੇ ਵੀ ਤੁਹਾਨੂੰ ਆਪਣੇ ਵੈਰੀ ਦੇ ਤੀਰਾਂ ਤੋਂ ਕੋਈ ਡਰ ਨਹੀਂ ਹੋਵੇਗਾ।
ਤੁਹਾਨੂੰ ਉਨ੍ਹਾਂ ਬਿਮਾਰੀਆਂ ਦਾ ਡਰ ਨਹੀਂ ਹੋਵੇਗਾ ਜਿਹੜੀਆਂ ਹਨੇਰੇ ਵਿੱਚ ਆਉਂਦੀਆਂ ਹਨ
    ਜਾਂ ਉਨ੍ਹਾਂ ਭਿਆਨਕ ਬਿਮਾਰੀਆਂ ਦਾ, ਜਿਹੜੀਆਂ ਦੁਪਿਹਰ ਵੇਲੇ ਹਮਲਾ ਕਰਦੀਆਂ ਹਨ।
ਤੁਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿਉਂਗੇ।
    ਤੁਹਾਡਾ ਆਪਣਾ ਸੱਜਾ ਹੱਥ ਦੁਸ਼ਮਣ ਦੇ 10,000 ਸੈਨਕਾਂ ਨੂੰ ਹਰਾਵੇਗਾ।
    ਤੁਹਾਡੇ ਦੁਸ਼ਮਣ ਤੁਹਾਨੂੰ ਹੱਥ ਵੀ ਨਹੀਂ ਲਗਾ ਸੱਕਦੇ।
ਤੁਸੀਂ ਦੇਖੋਂਗੇ ਕਿ ਉਨ੍ਹਾਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
    ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
    ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
    ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
    ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
    ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
    ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
    ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
    ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”

ਸਬਤ ਲਈ ਉਸਤਤਿ ਦਾ ਗੀਤ।

92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
    ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
    ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
    ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
    ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
ਯਹੋਵਾਹ, ਤੁਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਸਨ।
    ਸਾਡੇ ਲਈ ਤੁਹਾਡੇ ਵਿੱਚਾਰ ਸਮਝਣੇ ਬਹੁਤ ਮੁਸ਼ਕਿਲ ਹਨ।
ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ।
    ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
ਦੁਸ਼ਟ ਲੋਕ ਘਾਹ-ਫ਼ੂਸ ਦੀ ਤਰ੍ਹਾਂ ਜਿਉਂਦੇ ਅਤੇ ਮਰ ਜਾਂਦੇ ਹਨ।
    ਅਤੇ ਜਿਹੜੀਆਂ ਨਿਰਾਰਥਕ ਗੱਲਾਂ ਉਹ ਕਰਦੇ ਹਨ
    ਹਮੇਸ਼ਾ ਲਈ ਨਸ਼ਟ ਕਰ ਦਿੱਤੀਆਂ ਜਾਣਗੀਆਂ।
ਪਰ ਹੇ ਪਰਮੇਸ਼ੁਰ, ਤੁਸੀਂ ਹਮੇਸ਼ਾ ਲਈ ਸਤਿਕਾਰੇ ਜਾਵੋਂਗੇ।
ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
    ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
10 ਪਰ ਤੁਸੀਂ ਮੈਨੂੰ ਤਾਕਤਵਰ ਬਣਾ ਦਿਉਂਗੇ।
    ਮੈਂ ਮਜ਼ਬੂਤ ਸਿੰਗਾਂ ਵਾਲੇ ਇੱਕ ਸਾਨ੍ਹ ਵਰਗਾ ਹੋਵਾਂਗਾ।
ਤੁਸੀਂ ਮੈਨੂੰ ਮੇਰੇ ਖਾਸ ਕਾਰਜ ਲਈ ਚੁਣਿਆ ਸੀ।
    ਤੁਸੀਂ ਮੇਰੇ ਉੱਤੇ ਤਾਜ਼ਗੀ ਦੇਣ ਵਾਲਾ ਤੇਲ ਮਲਿਆ ਸੀ।
11 ਮੈਂ ਆਪਣੇ ਚਾਰ-ਚੁਫ਼ੇਰੇ ਦੁਸ਼ਮਣਾਂ ਨੂੰ ਦੇਖਦਾ ਹਾਂ।
ਉਹ ਮੋਟੇ ਝੋਟਿਆਂ ਵਰਗੇ ਮੇਰੇ ਉੱਤੇ ਹਮਲਾ ਕਰਨ ਲਈ ਤਿਆਰ ਹਨ।
    ਮੈਂ ਉਹ ਸੁਣ ਰਿਹਾ ਹਾਂ ਜੋ ਉਹ ਮੇਰੇ ਬਾਰੇ ਆਖ ਰਹੇ ਹਨ।

12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13     ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
    ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
    ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
    ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।

ਯਸਾਯਾਹ 65:13-16

13 ਇਸ ਲਈ, ਮੇਰੇ ਮਾਲਿਕ, ਯਹੋਵਾਹ ਨੇ ਇਹ ਗੱਲਾਂ ਆਖੀਆਂ,
“ਮੇਰੇ ਸੇਵਕ ਖਾਣਗੇ
    ਪਰ ਤੁਸੀਂ ਮੰਦੇ ਲੋਕ, ਭੁੱਖੇ ਹੋਵੋਗੇ।
ਮੇਰੇ ਸੇਵਕ ਪੀਣਗੇ,
    ਪਰ ਤੁਸੀਂ ਮੰਦੇ ਲੋਕ, ਪਿਆਸੇ ਹੋਵੋਗੇ।
ਮੇਰੇ ਸੇਵਕ ਪ੍ਰਸੰਨ ਹੋਣਗੇ,
    ਪਰ ਤੁਸੀਂ ਮੰਦੇ ਲੋਕ, ਸ਼ਰਮਸਾਰ ਹੋਵੋਗੇ।
14 ਮੇਰੇ ਸੇਵਕ ਆਨੰਦ ਨਾਲ ਪ੍ਰਸੰਨ ਹੋਣਗੇ
    ਪਰ ਤੁਸੀਂ ਮੰਦੇ ਲੋਕ, ਰੋਵੋਗੇ ਉਦਾਸੀ ਨਾਲ।
ਤੁਹਾਡੇ ਹੌਸਲੇ ਟੁੱਟ ਜਾਣਗੇ
    ਅਤੇ ਤੁਸੀਂ ਬਹੁਤ ਉਦਾਸ ਹੋਵੋਗੇ।
15 ਮੇਰੇ ਸੇਵਕਾਂ ਲਈ ਤੁਹਾਡੇ ਨਾਮ ਮੰਦੇ ਸ਼ਬਦਾਂ ਵਰਗੇ ਹੋਣਗੇ।”
    ਮੇਰਾ ਪ੍ਰਭੂ ਯਹੋਵਾਹ ਤੁਹਾਨੂੰ ਮਾਰ ਦੇਵੇਗਾ।
    ਅਤੇ ਉਹ ਆਪਣੇ ਸੇਵਕਾਂ ਨੂੰ ਨਵੇਂ ਨਾਮਾਂ ਨਾਲ ਸੱਦੇਗਾ।
16 ਜਿਹੜੇ ਲੋਕ ਜ਼ਮੀਨ ਪਾਸੋਂ ਅਸੀਸਾਂ ਮੰਗਦੇ ਹਨ,
    ਉਹ ਵਫ਼ਾਦਾਰ ਪਰਮੇਸ਼ੁਰ ਕੋਲੋਂ ਅਸੀਸਾਂ ਮੰਗਣਗੇ।
ਜਿਹੜੇ ਲੋਕੀ ਹੁਣ ਧਰਤੀ ਦੀ ਸ਼ਕਤੀ ਦੀਆਂ ਸੌਹਾਂ ਖਾਂਦੇ ਹਨ
    ਉਹ ਵਫ਼ਾਦਾਰ ਪਰਮੇਸ਼ੁਰ ਦੀਆਂ ਸੌਹਾਂ ਖਾਣਗੇ।
ਕਿਉਂਕਿ ਅਤੀਤ ਦੀਆਂ ਸਾਰੀਆਂ ਮੁਸੀਬਤਾਂ ਭੁੱਲ ਜਾਣਗੀਆਂ।
    ਮੇਰੇ ਲੋਕ ਫ਼ੇਰ ਕਦੇ ਵੀ ਉਨ੍ਹਾਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।”

ਪਰਕਾਸ਼ ਦੀ ਪੋਥੀ 3:7-13

ਯਿਸੂ ਦਾ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਪੱਤਰ

“ਫ਼ਿਲਦਲਫ਼ੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:

“ਉਹ ਜਿਹੜਾ ਪਵਿੱਤਰ ਅਤੇ ਸੱਚਾ ਹੈ ਇਹ ਦੱਸ ਰਿਹਾ ਹੈ। ਉਸ ਦੇ ਕੋਲ ਦਾਊਦ ਦੀ ਕੁੰਜੀ ਹੈ। ਜਦੋਂ ਉਹ ਕੁਝ ਖੋਲ੍ਹਦਾ ਹੈ, ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸੱਕਦਾ। ਜਦੋਂ ਉਹ ਕੁਝ ਬੰਦ ਕਰਦਾ ਹੈ, ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸੱਕਦਾ। ਮੈਂ ਜਾਣਦਾ ਹਾਂ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਮੈਂ ਤੁਹਾਡੇ ਸਾਹਮਣੇ ਇੱਕ ਖੁਲ੍ਹਾ ਦਰਵਾਜ਼ਾ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬੰਦ ਨਹੀਂ ਕਰ ਸੱਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਕਮਜ਼ੋਰ ਹੋ। ਪਰ ਤੁਸੀਂ ਮੇਰੀ ਸਿੱਖਿਆ ਤੇ ਅਮਲ ਕੀਤਾ ਹੈ। ਤੁਸੀਂ ਮੇਰਾ ਨਾਮ ਲੈਣ ਤੋਂ ਨਹੀਂ ਡਰਦੇ ਸੀ। ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ।

11 “ਮੈਂ ਜਲਦੀ ਹੀ ਆ ਰਿਹਾ ਹਾਂ। ਉਸੇ ਨੂੰ ਫ਼ੜੀ ਰੱਖੋ ਜੋ ਹੁਣ ਤੁਹਾਡੇ ਕੋਲ ਹੈ। ਫ਼ੇਰ ਕੋਈ ਵੀ ਵਿਅਕਤੀ ਤੁਹਾਡਾ ਤਾਜ ਨਹੀਂ ਖੋਹ ਸੱਕੇਗਾ। 12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। 13 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸਦਾ ਹੈ।

ਯੂਹੰਨਾ 6:15-27

15 ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸ ਨੂੰ ਆਪਣਾ ਬਾਦਸ਼ਾਹ ਬਨਾਉਣਾ ਚਾਹੁੰਦੇ ਹਨ। ਤਾਂ ਯਿਸੂ ਉੱਥੋਂ ਵਿਦਾ ਹੋਕੇ ਇੱਕਲਾ ਹੀ ਪਹਾੜਾਂ ਵੱਲ ਚੱਲਿਆ ਗਿਆ।

ਯਿਸੂ ਦਾ ਪਾਣੀ ਉੱਤੇ ਚੱਲਣਾ(A)

16 ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਨੂੰ ਚੱਲੇ ਗਏ। 17 ਪਹਿਲਾਂ ਤੋਂ ਹੀ ਹਨੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਰਤਿਆ ਸੀ। ਚੇਲੇ ਕਿਸ਼ਤੀ ਵਿੱਚ ਬੈਠੇ ਅਤੇ ਕਫਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਦੂਜੇ ਪਾਰ ਸੀ। 18 ਤੇਜ਼ ਹਵਾ ਚੱਲ ਰਹੀ ਸੀ। ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ। 19 ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਦੇ ਅਗ੍ਹਾਂ ਜਾ ਚੁੱਕੇ ਸਨ। ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ। ਉਹ ਪਾਣੀ ਉੱਤੇ ਚੱਲ ਰਿਹਾ ਸੀ। ਚੇਲੇ ਯਿਸੂ ਨੂੰ ਕਿਸ਼ਤੀ ਦੇ ਨੇੜੇ ਆਉਂਦਾ ਵੇਖ ਡਰ ਗਏ। 20 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਹਾਂ ਡਰੋ ਨਾ।” 21 ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇੜੀ ਅੰਦਰ ਚੜ੍ਹਾ ਕੇ ਖੁਸ਼ ਹੋ ਗਏ। ਉਸਤੋਂ ਬਾਦ ਜਿੱਥੇ ਉਨ੍ਹਾਂ ਨੇ ਪੁੱਜਣਾ ਸੀ, ਬੇੜੀ ਉੱਥੇ ਪਹੁੰਚੀ।

ਲੋਕ ਯਿਸੂ ਨੂੰ ਭਾਲਦੇ ਹਨ

22 ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇੱਕਲੇ ਹੀ ਬੇੜੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉੱਥੇ ਕੇਵਲ ਇਹੀ ਇੱਕ ਬੇੜੀ ਸੀ। 23 ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇੜੀਆਂ ਉਸ ਥਾਂ ਤੇ ਆਈਆਂ ਜਿੱਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਦ ਰੋਟੀ ਖਾਧੀ ਸੀ। 24 ਫਿਰ ਭੀੜ ਨੇ ਉੱਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸ ਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚੜ੍ਹ੍ਹੇ ਅਤੇ ਯਿਸੂ ਨੂੰ ਲੱਭਣ ਲਈ ਕਫਰਨਾਹੂਮ ਨੂੰ ਆ ਗਏ।

ਯਿਸੂ ਜੀਵਨ ਦੀ ਰੋਟੀ

25 ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਰਲੇ ਪਾਰ ਲੱਭਿਆ, ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ?”

26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ। 27 ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”

Punjabi Bible: Easy-to-Read Version (ERV-PA)

2010 by World Bible Translation Center