Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 18:1-20

ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ।

18 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ,
    ਮੈਂ ਤੁਹਾਨੂੰ ਪਿਆਰ ਕਰਦਾ ਹਾਂ।”

ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ।
    ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
    ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
    ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ।

ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ।
    ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ
    ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ।
ਮੇਰੇ ਦੁਸ਼ਮਣ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮੇਰੇ ਆਲੇ-ਦੁਆਲੇ ਮੌਤ ਦੇ ਸ਼ਿਕੰਜੇ ਸਨ।
    ਮੈਂ ਉਸ ਹੜ੍ਹ ਅੰਦਰ ਰੁੜ੍ਹ ਚੱਲਿਆ ਸਾਂ ਜਿਹੜਾ ਮੈਨੂੰ ਮ੍ਰਿਤੂ ਲੋਕ ਵੱਲ ਲਿਜਾ ਰਿਹਾ ਸੀ।
ਕਬਰ ਦੇ ਰੱਸੇ ਮੈਨੂੰ ਘੇਰੀ ਹੋਏ ਸਨ,
    ਮੌਤ ਦੇ ਜਾਲ ਮੇਰੇ ਅੱਗੇ ਵਿਛੇ ਹੋਏ ਸਨ।
ਇੱਥੋਂ ਤੀਕ ਕਿ ਮੈਂ ਘੇਰਿਆ ਗਿਆ ਸਾਂ, ਫ਼ੇਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।
    ਹਾਂ, ਹਾਂ ਮੈਂ ਆਪਣੇ ਪਰਮੇਸ਼ੁਰ ਨੂੰ ਚੀਕਿਆ
ਪਰਮੇਸ਼ੁਰ ਆਪਣੇ ਮੰਦਰ ਅੰਦਰ ਸੀ। ਉਸ ਨੇ ਮੇਰੀ ਚੀਕ ਸੁਣੀ।
    ਉਸ ਨੇ ਮਦਦ ਲਈ ਮੇਰੀ ਅਵਾਜ਼ ਨੂੰ ਸੁਣਿਆ।
ਧਰਤੀ ਹਿਲੀ ਅਤੇ ਕੰਬੀ;
    ਸਵਰਗ ਦੇ ਥਮਲੇ ਵੀ ਹਿੱਲ ਗਏ।
    ਕਿਉਂਕਿ ਯਹੋਵਾਹ ਗੁੱਸੇ ਸੀ।
ਪਰਮੇਸ਼ੁਰ ਦੇ ਨੱਕ ਵਿੱਚੋਂ ਧੂਆਂ ਨਿਕਲਿਆ।
    ਪਰਮੇਸ਼ੁਰ ਦੇ ਮੁੱਖ ਵਿੱਚੋਂ ਬਲਦੀਆਂ ਲਾਟਾਂ ਨਿਕਲੀਆਂ,
    ਉਸ ਪਾਸੋਂ ਬਲਦੇ ਹੋਏ ਚੰਗਿਆੜੇ ਉੱਡੇ।
ਯਹੋਵਾਹ ਨੇ ਆਕਾਸ਼ ਨੂੰ ਪਾੜ ਸੁੱਟਿਆ ਅਤੇ ਉਹ ਹੇਠਾ ਆਇਆ।
    ਉਹ ਗਹਿਰੇ ਕਾਲੇ ਬੱਦਲ ਉੱਤੇ ਖਲੋਤਾ ਸੀ।
10 ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ।
ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ।
    ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।
11 ਯਹੋਵਾਹ ਹਨੇਰੇ ਬੱਦਲਾਂ ਵਿੱਚ ਛੁਪਿਆ ਹੋਇਆ ਸੀ, ਜਿਹੜੇ ਉਸ ਨੂੰ ਤੰਬੂਆਂ ਵਾਂਗ ਘੇਰੇ ਹੋਏ ਸਨ।
    ਉਹ ਆਪਣੇ-ਆਪ ਨੂੰ ਬੱਦਲਾਂ ਅੰਦਰ ਛੁਪਾ ਰਿਹਾ ਸੀ।
12 ਫ਼ੇਰ, ਯਹੋਵਾਹ ਦੀ ਚਮਕਦੀ ਰੌਸ਼ਨੀ ਬੱਦਲਾਂ ਨੂੰ ਪਾੜਦੀ ਹੋਈ ਬਾਹਰ ਨਿੱਕਲੀ।
    ਇਸਨੇ ਗੜ੍ਹੇਮਾਰ ਕੀਤੀ ਅਤੇ ਬਿਜਲੀ ਲਸ਼ਕਾਈ।
13 ਯਹੋਵਾਹ ਆਕਾਸ਼ ਵਿੱਚੋਂ ਗਰਜਿਆ।
    ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ।
    ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ।
14 ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ।
    ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ।

15 ਯਹੋਵਾਹ, ਜਦੋਂ ਤੁਸੀਂ ਉੱਚੀ ਅਵਾਜ਼ ਨਾਲ ਹੁਕਮ ਦਿੱਤਾ,
    ਪਾਣੀ ਪਿੱਛਾਹਾਂ ਧੱਕਿਆ ਗਿਆ ਸੀ।
ਅਸੀਂ ਸਮੁੰਦਰ ਦਾ ਤਲਾ ਵੇਖ ਸੱਕਦੇ ਸਾਂ।
    ਅਸੀਂ ਧਰਤੀ ਦੀਆਂ ਬੁਨਿਆਦਾਂ ਵੀ ਦੇਖ ਸੱਕਦੇ ਸਾਂ।

16 ਯਹੋਵਾਹ, ਉਚਾਈ ’ਚੋਂ ਹੇਠਾ ਆਇਆ ਅਤੇ ਮੈਨੂੰ ਬਚਾ ਲਿਆ।
    ਉਸ ਨੇ ਮੈਨੂੰ ਫ਼ੜ ਲਿਆ ਅਤੇ ਮੈਨੂੰ ਡੂੰਘੇ ਪਾਣੀ (ਮੁਸੀਬਤ) ਵਿੱਚੋਂ ਆਪਣੇ ਵੱਲ ਖਿੱਚਿਆ।
17 ਮੇਰੇ ਦੁਸ਼ਮਣ ਮੇਰੇ ਨਾਲੋਂ ਸ਼ਕਤੀਸ਼ਾਲੀ ਸਨ।
    ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
ਮੇਰੇ ਦੁਸ਼ਮਣ ਮੇਰੇ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਸਨ।
    ਇਸੇ ਲਈ ਪਰਮੇਸ਼ੁਰ ਨੇ ਮੈਨੂੰ ਬਚਾ ਲਿਆ।
18 ਮੈਂ ਵੱਡੇ ਸੰਕਟ ਵਿੱਚ ਸਾਂ, ਤੇ ਮੇਰੇ ਉੱਤੇ ਮੇਰਿਆਂ ਦੁਸ਼ਮਣਾਂ ਦੁਆਰਾ ਹਮਲਾ ਕੀਤਾ ਹੋਇਆ ਸੀ।
    ਪਰ ਯਹੋਵਾਹ ਮੇਰੀ ਮਦਦ ਲਈ ਆਇਆ।
19 ਯਹੋਵਾਹ ਮੈਨੂੰ ਪਿਆਰ ਕਰਦਾ ਹੈ।
ਇਸੇ ਲਈ ਉਸ ਨੇ ਮੈਨੂੰ ਬਚਾਇਆ।
    ਉਹ ਮੈਨੂੰ ਇੱਕ ਸੁਰੱਖਿਅਤ ਸਥਾਨ ਉੱਤੇ ਲੈ ਗਿਆ।
20 ਮੈਂ ਬੇਗੁਨਾਹ ਹਾਂ, ਇਸੇ ਲਈ ਯਹੋਵਾਹ ਮੈਨੂੰ ਇਨਾਮ ਦੇਵੇਗਾ।
    ਮੈਂ ਕੋਈ ਵੀ ਬਦੀ ਨਹੀਂ ਕੀਤੀ ਇਸੇ ਲਈ ਉਹ ਮੇਰਾ ਭਲਾ ਕਰੇਗਾ।

ਜ਼ਬੂਰ 23

ਦਾਊਦ ਦਾ ਇੱਕ ਗੀਤ।

23 ਯਹੋਵਾਹ ਮੇਰਾ ਆਜੜੀ ਹੈ,
    ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
    ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
    ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
    ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
    ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
    ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
    ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
    ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
    ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।

ਜ਼ਬੂਰ 27

ਦਾਊਦ ਦਾ ਇੱਕ ਗੀਤ।

27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
    ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
    ਪਰ ਉਹ ਔਕੜਨਗੇ ਅਤੇ ਡਿੱਗਣਗੇ।
ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
    ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
    ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”

ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
    ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
    ਅਤੇ ਉਸਦਾ ਮਹਿਲ ਵੇਖ ਸੱਕਾਂ।

ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
    ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
    ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
    ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
    ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।

ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
    ਮੇਰੇ ਤੇ ਦਯਾਵਾਨ ਹੋ।
ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
    ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
    ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
    ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
    ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
    ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
    ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
    ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
    ਮਜ਼ਬੂਤ ਅਤੇ ਬਹਾਦੁਰ ਬਣੋ,
    ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।

ਯਸਾਯਾਹ 12

ਪਰਮੇਸ਼ੁਰ ਦੀ ਉਸਤਤ ਦਾ ਗੀਤ

12 ਉਸ ਸਮੇਂ ਤੁਸੀਂ ਆਖੋਗੇ:
“ਯਹੋਵਾਹ ਮੈਂ ਤੇਰਾ ਧੰਨਵਾਦ ਅਤੇ ਉਸਤਤ ਕਰਦਾ ਹਾਂ।
    ਭਾਵੇਂ ਤੂੰ ਮੇਰੇ ਨਾਲ ਨਾਰਾਜ਼ ਰਿਹਾ ਹੈਂ ਹੁਣ ਤੇਰਾ ਗੁੱਸਾ ਜਾ ਚੁੱਕਿਆ ਹੈ
ਅਤੇ ਤੂੰ ਮੈਨੂੰ ਅਰਾਮ ਦੇ
    ਅਤੇ ਮੈਨੂੰ ਆਪਣਾ ਪਿਆਰ ਦਰਸਾ।”
ਮੈਨੂੰ ਉਸ ਉੱਤੇ ਭਰੋਸਾ ਹੈ।
    ਮੈਂ ਭੈਭੀਤ ਨਹੀਂ ਹਾਂ।
    ਉਹ ਮੈਨੂੰ ਬਚਾਉਂਦਾ ਹੈ।
ਯਹੋਵਾਹ ਯਾਹ ਮੇਰੀ ਸ਼ਕਤੀ ਹੈ।
    ਉਹ ਮੈਨੂੰ ਬਚਾਉਂਦਾ ਹੈ।
    ਅਤੇ ਮੈਂ ਉਸ ਬਾਰੇ ਉਸਤਤ ਦੇ ਗੀਤ ਗਾਉਂਦਾ ਹਾਂ।

ਮੁਕਤੀ ਦੇ ਚਸ਼ਮੇ ਤੋਂ ਆਪਣਾ ਪਾਣੀ ਭਰ ਲਵੋ।
    ਫ਼ੇਰ ਤੁਸੀਂ ਖੁਸ਼ ਹੋਵੋਂਗੇ।
ਫ਼ੇਰ ਤੁਸੀਂ ਆਖੋਗੇ,
    “ਯਹੋਵਾਹ ਦੀ ਉਸਤਤ ਹੋਵੇ!
ਉਸ ਦੇ ਨਾਮ ਦੀ ਉਪਾਸਨਾ ਕਰੋ!
    ਉਸ ਦੇ ਕਾਰਨਾਮਿਆਂ ਬਾਰੇ ਸਮੂਹ ਲੋਕਾਂ ਨੂੰ ਦੱਸੋ!”
ਯਹੋਵਾਹ ਦੀ ਉਸਤਤ ਦੇ ਗੀਤ ਗਾਵੋ!
    ਕਿਉਂ ਕਿ ਉਸ ਨੇ ਮਹਾਨ ਕੰਮ ਕੀਤੇ ਹਨ!
ਪਰਮੇਸ਼ੁਰ ਬਾਰੇ ਇਹ ਖਬਰ ਸਾਰੀ ਦੁਨੀਆਂ ਅੰਦਰ ਫ਼ੈਲਾ ਦੇਵੋ।
    ਸਾਰੇ ਲੋਕ ਇਹ ਗੱਲਾਂ ਜਾਣ ਲੈਣ।
ਸੀਯੋਨ ਦੇ ਲੋਕੋ, ਇਨ੍ਹਾਂ ਗੱਲਾਂ ਬਾਰੇ ਨਾਹਰੇ ਮਾਰੋ!
    ਇਸਰਾਏਲ ਦਾ ਪਵਿੱਤਰ ਪੁਰੱਖ ਸ਼ਕਤੀਸ਼ਾਲੀ ਢੰਗ ਨਾਲ ਤੁਹਾਡੇ ਨਾਲ ਹੈ।
    ਏਸ ਲਈ ਪ੍ਰਸੰਨ ਹੋਵੋ!

ਪਰਕਾਸ਼ ਦੀ ਪੋਥੀ 1:1-8

ਯੂਹੰਨਾ ਇਸ ਪੁਸਤਕ ਬਾਰੇ ਦੱਸਦਾ

ਇਹ ਯਿਸੂ ਮਸੀਹ ਦਾ ਪਰਕਾਸ਼ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਹ ਗੱਲਾਂ ਦਿੱਤੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦਰਸ਼ਾ ਸੱਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਦਾਸ ਯੂਹੰਨਾ ਨੂੰ ਦਰਸ਼ਾਉਣ ਲਈ ਆਪਣੇ ਦੂਤ ਨੂੰ ਘੱਲਿਆ। ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸ ਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹੜਾ ਯਿਸੂ ਮਸੀਹ ਨੇ ਉਸ ਨੂੰ ਦੱਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ। ਧੰਨ ਹੈ ਉਹ ਜਿਹੜਾ ਪਰਮੇਸ਼ੁਰ ਦੇ ਇਸ ਸੰਦੇਸ਼ ਦੇ ਸ਼ਬਦ ਸੰਗਤ ਨੂੰ ਪੜ੍ਹਕੇ ਸੁਣਾਉਂਦਾ ਹੈ। ਅਤੇ ਧੰਨ ਹਨ ਉਹ, ਜਿਹੜੇ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ, ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਬਚਿਆ।

ਯੂਹੰਨਾ ਯਿਸੂ ਦੇ ਸੰਦੇਸ਼ਾਂ ਨੂੰ ਕਲੀਸਿਯਾ ਲਈ ਲਿਖਦਾ ਹੈ

ਯੂਹੰਨਾ ਵੱਲੋਂ,

ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ:

ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ। ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਜਿਵਾਲਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ।

ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ। ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸ ਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹੜੇ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇੱਥੇ ਉਸ ਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ।

ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸ ਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸ ਨੂੰ ਛੇਕਿਆ [a] ਸੀ। ਧਰਤੀ ਦੇ ਸਾਰੇ ਲੋਕ ਉਸ ਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ।

ਪ੍ਰਭੂ ਪਰਮੇਸ਼ੁਰ ਆਖਦਾ ਹੈ, “ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹੜਾ ਹਮੇਸ਼ਾ ਸੀ ਅਤੇ ਜਿਹੜਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।”

ਯੂਹੰਨਾ 7:37-52

ਯਿਸੂ ਦੇ ਪਵਿੱਤਰ ਆਤਮਾ ਬਾਰੇ ਉਪਦੇਸ਼

37 ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖਾਸ ਦਿਨ ਸੀ। ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਖਲੋ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਸ ਨੂੰ ਮੇਰੇ ਕੋਲ ਆਕੇ ਪੀਣ ਦਿਉ। 38 ਇਹ ਪੋਥੀਆਂ ਵਿੱਚ ਲਿਖਿਆ ਹੈ ਕੋ ਜੋ ਮੇਰੇ ਵਿੱਚ ਵਿਸ਼ਵਾਸ ਕਰੇਗਾ ਅਮ੍ਰਿਤ ਜਲ ਦੇ ਦਰਿਆ ਉਸ ਦੇ ਦਿਲ ਵੱਲੋਂ ਵਹਿਣਗੇ।” 39 ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸੱਕਣਗੇ। ਕਿਉਂ ਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂ ਕਿ ਹਾਲੇ ਯਿਸੂ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ।

ਲੋਕਾਂ ਦਾ ਯਿਸੂ ਬਾਰੇ ਵਿਵਾਦ

40 ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ। ਕੁਝ ਇੱਕ ਨੇ ਕਿਹਾ, “ਸੱਚ-ਮੁੱਚ ਹੀ ਇਹ ਮਨੁੱਖ ਨਬੀ ਹੈ।”

41 ਕੁਝ ਹੋਰਾਂ ਨੇ ਆਖਿਆ, “ਉਹ ਮਸੀਹਾ ਹੈ।”

ਕੁਝ ਹੋਰਨਾਂ ਨੇ ਆਖਿਆ, “ਮਸੀਹਾ ਗਲੀਲ ਵਿੱਚ ਨਹੀਂ ਆਵੇਗਾ। 42 ਇਹ ਪੋਥੀ ਵਿੱਚ ਲਿਖਿਆ ਹੋਇਆ ਹੈ ਕਿ ਮਸੀਹਾ ਦਾਊਦ ਦੇ ਪਰਿਵਾਰ ਵਿੱਚੋਂ ਆਵੇਗਾ। ਅਤੇ ਬੈਤਲਹਮ ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ।” 43 ਇਸ ਲਈ ਲੋਕਾਂ ਦਾ ਯਿਸੂ ਬਾਰੇ ਆਪਸ ਵਿੱਚ ਮਤਭੇਦ ਸੀ। 44 ਕੁਝ ਲੋਕ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ।

ਯਹੂਦੀ ਆਗੂਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ

45 ਇਸ ਲਈ ਮੰਦਰ ਦੇ ਪਹਿਰੇਦਾਰ, ਫ਼ਰੀਸੀਆਂ ਅਤੇ ਪਰਧਾਨ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪੁੱਛਿਆ, “ਤੁਸੀਂ ਯਿਸੂ ਨੂੰ ਗਿਰਫ਼ਤਾਰ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ?”

46 ਮੰਦਰ ਦੇ ਪਹਿਰੇਦਾਰਾਂ ਨੇ ਅੱਗੋਂ ਆਖਿਆ, “ਇਸਦੇ ਬਰਾਬਰ ਦੇ ਕਦੇ ਕਿਸੇ ਹੋਰ ਮਨੁੱਖ ਨੇ ਬਚਨ ਨਹੀਂ ਕੀਤੇ ਹਨ।”

47 ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਭਾਵ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ। 48 ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ? ਨਹੀਂ! 49 ਪਰ ਇਹ ਲੋਕ, ਜਿਨ੍ਹਾਂ ਨੂੰ ਸ਼ਰ੍ਹਾ ਦਾ ਨਹੀਂ ਪਤਾ, ਪਰਮੇਸ਼ੁਰ ਦੇ ਸ਼ਰਾਪ ਹੇਠਾਂ ਹਨ।”

50 ਉਸ ਨੇ ਉਨ੍ਹਾਂ ਨੂੰ ਆਖਿਆ, ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ। 51 ਕੀ ਸਾਡੀ ਸ਼ਰ੍ਹਾ ਕਿਸੇ ਨੂੰ ਉਸ ਨੂੰ ਸੁਣੇ ਅਤੇ ਜਾਣੇ ਬਿਨਾ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ?

52 ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਵਿੱਚੋਂ ਹੈ? ਪੋਥੀਆਂ ਪੜ੍ਹੋ ਫ਼ਿਰ ਤੁਸੀਂ ਵੇਖੋਂਗੇ ਕਿ ਕੋਈ ਨਬੀ ਗਲੀਲ ਤੋਂ ਨਹੀਂ ਆਉਂਦਾ।”

Punjabi Bible: Easy-to-Read Version (ERV-PA)

2010 by World Bible Translation Center