Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 55

ਨਿਰਦੇਸ਼ਕ ਲਈ: ਸਾਜਾਂ ਨਾਲ ਦਾਊਦ ਦਾ ਇੱਕ ਭੱਗਤੀ ਗੀਤ।

55 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ।
    ਕਿਰਪਾ ਕਰਕੇ ਦਯਾ ਲਈ ਮੇਰੀ ਪ੍ਰਾਰਥਨਾ ਨੂੰ ਅਣਡਿਠ ਨਾ ਕਰੋ।
ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣੋ ਅਤੇ ਜਵਾਬ ਦਿਉ।
    ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਉ ਅਤੇ ਤੁਹਾਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਦਿਉ।
ਮੇਰੇ ਵੈਰੀਆਂ ਨੇ ਮੈਨੂੰ ਮੰਦਾ ਆਖਿਆ।
    ਉਹ ਬਦਚਲਣ ਬੰਦਾ ਮੇਰੇ ਉੱਤੇ ਚੀਕਿਆ।
ਮੇਰੇ ਵੈਰੀ ਕ੍ਰੋਧ ਵਿੱਚ ਸਨ ਅਤੇ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ।
    ਉਨ੍ਹਾਂ ਨੇ ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਲਿਆਂਦੇ।
ਮੇਰਾ ਦਿਲ ਮੇਰੇ ਅੰਦਰ ਬੁਰੀ ਤਰ੍ਹਾਂ ਧੜਕ ਰਿਹਾ ਹੈ।
    ਮੈਂ ਮੌਤ ਕੋਲੋਂ ਸਹਿਮ ਗਿਆ ਹਾਂ।
ਮੈਂ ਸਹਿਮਿਆ ਹਾਂ ਅਤੇ ਕੰਬ ਰਿਹਾ ਹਾਂ।
    ਮੈਂ ਭੈਭੀਤ ਹਾਂ।
ਹਾਏ, ਜੇ ਕਿਧਰੇ ਮੇਰੇ ਕਬੂਤਰੀ ਵਾਂਗ ਖੰਭ ਹੁੰਦੇ।
    ਮੈਂ ਦੂਰ ਉੱਡ ਜਾਂਦਾ ਅਤੇ ਸੱਕੂਨ ਲਈ ਥਾਂ ਲੱਭ ਲੈਂਦਾ।
    ਮੈਂ ਦੂਰ ਬਹੁਤ ਦੂਰ ਮਾਰੂਥਲ ਅੰਦਰ ਚੱਲਿਆ ਜਾਂਦਾ।

ਮੈਂ ਦੌੜ ਜਾਂਦਾ ਮੈਂ ਬਚ ਨਿਕਲਦਾ
    ਮੈਂ ਮੁਸੀਬਤਾਂ ਦੇ ਇਸ ਤੂਫ਼ਾਨ ਤੋਂ ਦੂਰ ਨੱਸ ਜਾਂਦਾ।
ਮੇਰੇ ਮਾਲਕ ਇਨ੍ਹਾਂ ਦੇ ਝੂਠ ਨੂੰ ਰੋਕੋ।
    ਮੈਂ ਇਸ ਸ਼ਹਿਰ ਅੰਦਰ ਹਿੰਸਾ ਅਤੇ ਲੜਾਈ ਦੇਖਦਾ ਹਾਂ।
10 ਰਾਤ ਦਿਨ ਹਰ ਇਲਾਵੇ ਵਿੱਚ ਸ਼ਹਿਰ,
    ਜ਼ੁਰਮ ਅਤੇ ਬਦਨਾਮੀ ਨਾਲ ਭਰਿਆ ਪਿਆ ਹੈ।
11 ਮੁਹੱਲਿਆਂ ਵਿੱਚ ਬਹੁਤ ਹੀ ਜੁਰਮ ਹੁੰਦਾ ਹੈ।
    ਲੋਕ ਹਰ ਥਾਂ ਝੂਠ ਬੋਲਦੇ ਹਨ ਅਤੇ ਧੋਖਾ ਦਿੰਦੇ ਹਨ।

12 ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ,
    ਮੈਂ ਬਰਦਾਸ਼ਤ ਕਰ ਸੱਕਦਾ ਹਾਂ।
ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ
    ਮੈਂ ਛੁਪ ਸੱਕਦਾ ਸਾਂ।
13 ਪਰ ਇਹ ਤਾਂ ਤੁਸੀਂ ਹੋ, ਮੇਰੇ ਸਾਥੀ ਮੇਰੇ ਸਹਿਯੋਗੀ ਮੇਰੇ ਮਿੱਤਰ,
    ਤੁਸੀਂ ਹੀ ਮੈਨੂੰ ਤਕਲੀਫ਼ਾਂ ਦੇ ਰਹੇ ਹੋ।
14 ਅਸੀਂ ਇੱਕ ਦੂਸਰੇ ਨਾਲ ਭੇਤ ਸਾਂਝੇ ਕਰਦੇ ਹੁੰਦੇ ਸਾਂ,
    ਜਦੋਂ ਅਸੀਂ ਭੀੜਾਂ ਵਿੱਚ ਤੁਰਕੇ ਇਕੱਠੇ ਪਰਮੇਸ਼ੁਰ ਦੇ ਮੰਦਰ ਵੱਲ ਜਾਂਦੇ ਸਾਂ।

15 ਮੈਂ ਚਾਹੁੰਦਾ ਹਾਂ ਕਿ ਮੌਤ ਮੇਰੇ ਵੈਰੀਆਂ ਨੂੰ ਹੈਰਾਨ ਕਰ ਦੇਵੇ।
    ਮੈਂ ਚਾਹੁੰਦਾ ਹਾਂ ਕਿ ਧਰਤੀ ਦਾ ਮੂੰਹ ਖੁਲ੍ਹ ਜਾਵੇ ਅਤੇ ਉਹ ਉਨ੍ਹਾਂ ਨੂੰ ਜਿਉਂਦਿਆਂ ਨਿਗਲ ਲਵੇ।
    ਕਿਉਂਕਿ ਉਹ ਇਕੱਠੇ ਅਜਿਹੀਆਂ ਭਿਆਨਕ ਗੱਲਾਂ ਦੀਆਂ ਵਿਉਂਤਾਂ ਬਣਾਉਂਦੇ ਹਨ,

16 ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ,
    ਯਹੋਵਾਹ ਮੈਨੂੰ ਉੱਤਰ ਦੇਵੇਗਾ।
17 ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ।
    ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
18 ਮੈਂ ਬਹੁਤ ਲੜਾਈਆਂ ਵਿੱਚ ਲੜਿਆ ਹਾਂ।
    ਪਰ ਪਰਮੇਸ਼ੁਰ ਨੇ ਸਦਾ ਮੈਨੂੰ ਬਚਾਇਆ ਹੈ ਅਤੇ ਸੁਰੱਖਿਅਤ ਵਾਪਸ ਲਿਆਂਦਾ ਹੈ।
19 ਪਰਮੇਸ਼ੁਰ ਮੇਰੀ ਗੱਲ ਸੁਣਦਾ ਹੈ।
    ਸਦੀਵੀ ਰਾਜਾ ਮੇਰੀ ਸਹਾਇਤਾ ਕਰੇਗਾ।

ਮੇਰੇ ਵੈਰੀ ਆਪਣਾ ਜੀਵਨ ਢੰਗ ਨਹੀਂ ਬਦਲਣਗੇ,
    ਉਹ ਪਰਮੇਸ਼ੁਰ ਕੋਲੋਂ ਨਹੀਂ ਡਰਨਗੇ ਅਤੇ ਨਾ ਆਦਰ ਕਰਨਗੇ।
20 ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ।
    ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।
21 ਮੇਰੇ ਵੈਰੀ ਅਸਲ ਵਿੱਚ ਬਹੁਤ ਖੁਸ਼ਾਮਦੀ ਗਾਲੜੀ ਹਨ, ਉਹ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ,
    ਪਰ ਅਸਲੀਅਤ ਵਿੱਚ ਉਹ ਯੁੱਧ ਲਈ ਵਿਉਂਤਾਂ ਘੜਦੇ ਹਨ।
ਉਨ੍ਹਾਂ ਦੇ ਸ਼ਬਦ ਤੇਲ ਵਰਗੇ ਹਨ ਚਿਕਨੇ ਹਨ
    ਪਰ ਉਹ ਸ਼ਬਦ ਚਾਕੂ ਵਾਂਗ ਹਮਲਾ ਕਰਦੇ ਹਨ।

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।

23 ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ,
    ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ।
ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਜ਼ਬੂਰ 138:1-139:23

ਦਾਊਦ ਦਾ ਇੱਕ ਗੀਤ।

138 ਹੇ ਪਰਮੇਸ਼ੁਰ, ਮੈਂ ਪੂਰੇ ਦਿਲ ਨਾਲ ਤੇਰੀ ਉਸਤਤਿ ਕਰਦਾ ਹਾਂ।
    ਮੈਂ ਸਾਰੇ ਦੇਵਤਿਆ ਸਾਹਮਣੇ ਤੇਰੇ ਗੀਤ ਗਾਵਾਂਗਾ।
ਹੇ ਪਰਮੇਸ਼ੁਰ, ਮੈਂ ਤੇਰੇ ਪਵਿੱਤਰ ਮੰਦਰ ਨੂੰ ਸਿਜਦਾ ਕਰਦਾ ਹਾਂ।
    ਮੈਂ ਤੇਰੇ ਨਾਮ ਦੀ, ਤੇਰੇ ਸੱਚੇ ਪਿਆਰ ਦੀ, ਅਤੇ ਤੇਰੀ ਵਫ਼ਾਦਾਰੀ ਦੀ ਉਸਤਤਿ ਕਰਦਾ ਹਾਂ।
ਤੂੰ ਆਪਣੇ ਸ਼ਬਦ ਦੀ ਸ਼ਕਤੀ ਲਈ ਮਸ਼ਹੂਰ ਹੈਂ ਹੁਣ ਤੂੰ ਇਸ ਨੂੰ ਹੋਰ ਵੀ ਮਹਾਨ ਬਣਾ ਦਿੱਤਾ ਹੈ।
ਹੇ ਪਰਮੇਸ਼ੁਰ, ਮੈਂ ਤੈਨੂੰ ਮਦਦ ਲਈ ਪੁਕਾਰਿਆ।
    ਅਤੇ ਤੁਸੀਂ ਮੈਨੂੰ ਉੱਤਰ ਦਿੱਤਾ! ਤੁਸੀਂ ਮੈਨੂੰ ਸ਼ਕਤੀ ਦਿੱਤੀ।

ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੁਹਾਡੀ ਉਸਤਤਿ ਕਰਨਗੇ।
    ਜਦੋਂ ਜੋ ਤੁਸੀਂ ਆਖੋਂਗੇ ਉਹ ਸੁਣਨਗੇ।
ਉਹ ਯਹੋਵਾਹ ਦੇ ਰਸਤੇ ਬਾਰੇ ਗਾਉਣਗੇ।
    ਕਿਉਂਕਿ ਯਹੋਵਾਹ ਦੀ ਮਹਿਮਾ ਬਹੁਤ ਮਹਾਨ ਹੈ।
ਪਰਮੇਸ਼ੁਰ ਬਹੁਤ ਮਹੱਤਵਪੂਰਣ ਹੈ।
    ਪਰ ਫ਼ੇਰ ਵੀ ਉਹ ਨਿਮਾਣੇ ਲੋਕਾਂ ਦੀ ਪਾਲਣਾ ਕਰਦਾ ਹੈ।
ਜੋ ਗੁਮਾਨੀ ਲੋਕ ਕਰਦੇ ਹਨ ਉਹ ਜਾਣਦਾ ਹੈ।
    ਪਰ ਉਹ ਉਨ੍ਹਾਂ ਤੋਂ ਦੂਰ ਰਹਿੰਦਾ ਹੈ।
ਹੇ ਪਰਮੇਸ਼ੁਰ, ਜੇ ਮੈਂ ਮੁਸੀਬਤਾਂ ਵਿੱਚ ਹੋਵਾਂ ਤਾਂ ਮੈਨੂੰ ਜਿੰਦਾ ਰੱਖੀਂ।
    ਜੋ ਮੇਰੇ ਦੁਸ਼ਮਣ ਮੇਰੇ ਉੱਤੇ ਕ੍ਰੋਧਵਾਨ ਹੋਣ ਤਾਂ ਮੈਨੂੰ ਉਨ੍ਹਾਂ ਕੋਲੋਂ ਬਚਾਈ।
ਯਹੋਵਾਹ, ਮੈਨੂੰ ਉਹ ਚੀਜ਼ਾਂ ਦੇਵੋ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ।
    ਯਹੋਵਾਹ, ਤੁਹਾਡਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਯਹੋਵਾਹ, ਤੁਸੀਂ ਸਾਨੂੰ ਸਾਜਿਆ, ਇਸ ਲਈ ਸਾਨੂੰ ਨਾ ਛੱਡੋ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

139 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
    ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਜਾਣਦੇ ਹੋ ਮੈਂ ਕਦੋਂ ਬੈਠਦਾ ਹਾਂ ਅਤੇ ਕਦੋਂ ਉੱਠਦਾ ਹਾਂ।
    ਤੁਸੀਂ ਦੂਰੋ ਹੀ ਮੇਰੇ ਵਿੱਚਾਰ ਜਾਣਦੇ ਹੋ।
ਯਹੋਵਾਹ, ਤੁਸੀਂ ਮੈਨੂੰ ਜਾਣਦੇ ਹੋ ਮੈਂ ਕਿੱਥੇ ਜਾ ਰਿਹਾ ਹਾਂ।
    ਅਤੇ ਮੈਂ ਕਦੋਂ ਲੇਟਿਆ ਹੁੰਦਾ ਹਾਂ।
    ਤੁਸੀਂ ਸਭ ਕੁਝ ਜਾਣਦੇ ਹੋ ਜੋ ਮੈਂ ਕਰਦਾ ਹਾਂ।
ਯਹੋਵਾਹ, ਤੁਸੀਂ ਮੇਰੇ ਮੂੰਹ ਵਿੱਚੋਂ
    ਸ਼ਬਦ ਨਿਕਲਣ ਤੋਂ ਵੀ ਪਹਿਲਾ ਚਾਰ-ਚੁਫ਼ੇਰੇ ਹੋ।
ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਹਮਣੇ ਅਤੇ ਮੇਰੇ ਪਿੱਛੇ ਹੋ।
    ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰੱਖਦੇ ਹੋ।
ਮੈਂ ਹੈਰਾਨ ਹਾ ਕਿ ਤੁਸੀਂ ਕੀ ਕੁਝ ਜਾਣਦੇ ਹੋ।
    ਮੇਰੇ ਲਈ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।
ਤੁਹਾਡੀ ਆਤਮਾ ਹਰ ਥਾਂ ਹੁੰਦੀ ਹੈ ਜਿੱਥੇ ਵੀ ਮੈਂ ਜਾਂਦਾ ਹਾਂ।
    ਯਹੋਵਾਹ, ਮੈਂ ਤੁਹਾਡੇ ਕੋਲੋਂ ਨਹੀਂ ਬਚ ਸੱਕਦਾ।
ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
    ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ।
ਯਹੋਵਾਹ, ਜੇ ਮੈਂ ਪੂਰਬ ਵਿੱਚ ਜਾਂਦਾ ਹਾਂ, ਜਿੱਥੇ ਸੂਰਜ ਉੱਗਦਾ ਹੈ। ਤੁਸੀਂ ਉੱਥੇ ਹੁੰਦੇ ਹੋ।
    ਜੇ ਮੈਂ ਸਮੁੰਦਰ ਵੱਲ ਪੱਛਮ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ।
10 ਉੱਥੇ ਵੀ ਤੁਹਾਡਾ ਸੱਜਾ ਹੱਥ ਮੈਨੂੰ ਫ਼ੜ ਲੈਂਦਾ ਹੈ।
    ਅਤੇ ਤੁਸੀਂ ਹੱਥ ਰਾਹੀ ਮੇਰੀ ਅਗਵਾਈ ਕਰਦੇ ਹੋ।

11 ਯਹੋਵਾਹ, ਭਾਵੇਂ ਮੈਂ ਤੁਹਾਡੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰਾਂ ਅਤੇ ਆਖਾਂ,
    “ਦਿਨ ਰਾਤ ਵਿੱਚ ਬਦਲ ਗਿਆ ਹੈ।
    ਅਵੱਸ਼ ਹੀ ਹਨੇਰਾ ਮੈਨੂੰ ਛੁਪਾ ਲਵੇਗਾ।”
12 ਪਰ ਹਨੇਰਾ ਵੀ ਤੁਹਾਡੇ ਲਈ ਹਨੇਰਾ ਨਹੀਂ ਹੈ, ਯਹੋਵਾਹ।
    ਰਾਤ ਤੁਹਾਡੇ ਲਈ ਦਿਨ ਵਾਂਗ ਹੀ ਚਮਕਦੀ ਹੈ।
13 ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ
    ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ।
14 ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ!
    ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ।
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ।
    ਇਹ ਬਹੁਤ ਅਦਭੁਤ ਹੈ।

15 ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।
ਤੁਸੀਂ ਮੇਰੀਆਂ ਹੱਡੀਆਂ ਨੂੰ ਵੱਧਦਿਆਂ ਵੇਖਿਆ ਹੈ,
    ਜਦੋਂ ਹਾਲੇ ਮੈਂ ਮਾਂ ਦੇ ਗਰਭ ਵਿੱਚ ਛੁਪਿਆ ਹੋਇਆ ਮੇਰਾ ਸ਼ਰੀਰ ਰੂਪ ਧਾਰ ਰਿਹਾ ਸੀ।
16 ਤੁਸੀਂ ਮੇਰੇ ਸ਼ਰੀਰ ਦੇ ਅੰਗਾ ਨੂੰ ਵੱਧਦਿਆਂ ਵੇਖਿਆ ਹੈ।
ਤੁਸੀਂ ਉਨ੍ਹਾਂ ਸਾਰਿਆ ਨੂੰ ਆਪਣੀ ਕਿਤਾਬ ਅੰਦਰ ਦਰਜ ਕਰ ਲਿਆ।
    ਤੁਸੀਂ ਮੈਨੂੰ ਹਰ-ਰੋਜ਼ ਵੇਖਿਆ ਉਨ੍ਹਾਂ ਵਿੱਚੋਂ ਕੋਈ ਵੀ ਗੁੰਮ ਨਹੀਂ ਹੈ।
17 ਮੇਰੇ ਲਈ ਤੁਹਾਡੇ ਵਿੱਚਾਰ ਮਹੱਤਵਪੂਰਣ ਹਨ।
    ਹੇ ਪਰਮੇਸ਼ੁਰ, ਤੁਸੀਂ ਇੰਨਾ ਜਾਣਦੇ ਹੋ!
18 ਜੇ ਕਿਤੇ ਮੈਂ ਉਨ੍ਹਾਂ ਦੀ ਗਿਣਤੀ ਕਰ ਸੱਕਦਾ।
    ਉਹ ਸਾਰੇ ਰੇਤ ਦੇ ਕਣਾਂ ਨਾਲੋ ਵੀ ਵੱਧੇਰੇ ਹੁੰਦੇ।

19 ਹੇ ਪਰਮੇਸ਼ੁਰ, ਬਦ ਲੋਕਾਂ ਨੂੰ ਮਾਰ ਮੁਕਾਉ।
ਉਨ੍ਹਾਂ ਕਾਤਿਲਾਂ ਨੂੰ ਮੇਰੇ ਕੋਲੋਂ ਦੂਰ ਲੈ ਜਾਵੋ।
20     ਉਹ ਬਦ ਲੋਕ ਤੁਹਾਡੇ ਬਾਰੇ ਮੰਦਾ ਬੋਲਦੇ ਹਨ।
    ਉਹ ਤੁਹਾਡੇ ਨਾਮ ਬਾਰੇ ਮੰਦਾ ਬੋਲਦੇ ਹਨ।
21 ਯਹੋਵਾਹ, ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਤੁਹਾਨੂੰ ਨਫ਼ਰਤ ਕਰਦੇ ਹਨ।
    ਮੈਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜਿਹੜੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ।
22 ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਫ਼ਰਤ ਕਰਦਾ ਹਾਂ।
    ਤੁਹਾਡੇ ਦੁਸ਼ਮਣ ਮੇਰੇ ਵੀ ਦੁਸ਼ਮਣ ਹਨ।
23 ਯਹੋਵਾਹ, ਮੇਰੇ ਵੱਲ ਵੇਖੋ ਅਤੇ ਮੇਰੇ ਦਿਲ ਦੀਆਂ ਬੁੱਝ ਲਵੋ।
    ਮੇਰੀ ਪਰੱਖ ਕਰੋ ਅਤੇ ਮੇਰੇ ਵਿੱਚਾਰ ਜਾਣ ਲਵੋ।

Error: Book name not found: Sir for the version: Punjabi Bible: Easy-to-Read Version
ਪਰਕਾਸ਼ ਦੀ ਪੋਥੀ 13:11-18

ਧਰਤੀ ਤੋਂ ਨਿਕਲਦਾ ਜਾਨਵਰ

11 ਫ਼ਿਰ ਮੈਂ ਧਰਤੀ ਤੋਂ ਨਿੱਕਲਦੇ ਹੋਏ ਇੱਕ ਹੋਰ ਜਾਨਵਰ ਨੂੰ ਦੇਖਿਆ। ਉਸ ਦੇ ਲੇਲੇ ਵਾਂਗ ਦੋ ਸਿੰਗ ਸਨ, ਪਰ ਉਹ ਅਜਗਰ ਵਾਂਗ ਗੱਲਾਂ ਕਰਦਾ ਸੀ। 12 ਇਹ ਜਾਨਵਰ ਵੀ ਪਹਿਲੇ ਜਾਨਵਰ ਦੇ ਸਾਹਮਣੇ ਖਲੋਂਦਾ ਅਤੇ ਉਸੇ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹੜੀ ਪਹਿਲੇ ਜਾਨਵਰ ਕੋਲ ਸੀ। ਉਹ ਇਸ ਸ਼ਕਤੀ ਦੀ ਵਰਤੋਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਪਹਿਲੇ ਜਾਨਵਰ ਦੀ ਪੂਜਾ ਕਰਾਉਣ ਲਈ ਕਰਦਾ ਹੈ। ਪਹਿਲਾ ਜਾਨਵਰ ਹੀ ਹੈ ਉਹ ਜਿਸ ਨੂੰ ਮੌਤ ਦਾ ਜ਼ਖਮ ਸੀ ਜਿਹੜਾ ਭਰ ਚੁੱਕਿਆ ਸੀ। 13 ਇਹ ਦੂਜਾ ਜਾਨਵਰ ਵੱਡੇ ਕਰਿਸ਼ਮੇ ਕਰਦਾ ਹੈ। ਉਹ ਲੋਕਾਂ ਦੇ ਵੱਡਿਆਂ ਆਗੂਆਂ ਨੂੰ ਸਵਰਗ ਤੋਂ ਧਰਤੀ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਅੱਗ ਨੂੰ ਅਕਾਸ਼ੋਂ ਥੱਲੇ ਲਿਆਉਂਦਾ ਜਦੋਂ ਕਿ ਲੋਕ ਵੇਖ ਰਹੇ ਹੁੰਦੇ ਹਨ।

14 ਇਹ ਦੂਸਰਾ ਜਾਨਵਰ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਅਜਿਹੇ ਕਰਿਸ਼ਮਿਆਂ ਰਾਹੀਂ ਮੂਰਖ ਬਣਾਉਂਦਾ ਹੈ ਜਿਸਦੀ ਸ਼ਕਤੀ ਉਸ ਨੂੰ ਪ੍ਰਦਾਨ ਕੀਤੀ ਗਈ ਹੈ। ਉਹ ਇਹ ਕਰਿਸ਼ਮੇ ਪਹਿਲੇ ਜਾਨਵਰ ਦੀ ਸੇਵਾ ਕਰਨ ਲਈ ਕਰਦਾ ਹੈ। ਇਸਨੇ ਲੋਕਾਂ ਨੂੰ ਪਹਿਲੇ ਜਾਨਵਰ ਦੀ ਮੂਰਤ ਬਨਾਉਣ ਦਾ ਹੁਕਮ ਦਿੱਤਾ ਜੋ ਕਿ ਤਲਵਾਰ ਨਾਲ ਜ਼ਖਮੀ ਹੋ ਗਿਆ ਸੀ ਪਰ ਮਰਿਆ ਨਹੀਂ ਸੀ। 15 ਦੂਸਰੇ ਜਾਨਵਰ ਨੂੰ ਇਹ ਸ਼ਕਤੀ ਦਿੱਤੀ ਗਈ ਸੀ ਕਿ ਉਹ ਪਹਿਲੇ ਜਾਨਵਰ ਦੀ ਮੂਰਤ ਵਿੱਚ ਜਾਨ ਪਾ ਸੱਕੇ। ਫ਼ਿਰ ਉਹ ਮੂਰਤ ਬੋਲ ਸੱਕਦੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਦਾ ਆਦੇਸ਼ ਦੇ ਸੱਕਦੀ ਸੀ ਜਿਨ੍ਹਾਂ ਨੇ ਇਸ ਦੀ ਪੂਜਾ ਨਹੀਂ ਕੀਤੀ ਸੀ। 16 ਦੂਸਰੇ ਜਾਨਵਰ ਨੇ ਸਾਰੇ ਲੋਕਾਂ ਨੂੰ ਛੋਟੇ ਅਤੇ ਵੱਡੇ, ਅਮੀਰਾਂ ਅਤੇ ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਆਪਣੇ ਸੱਜੇ ਹੱਥ ਜਾ ਆਪਣੇ ਮੱਥੇ ਉੱਤੇ ਇੱਕ ਨਿਸ਼ਾਨ ਲਾਉਣ ਲਈ ਮਜ਼ਬੂਰ ਕੀਤਾ। 17 ਕੋਈ ਵੀ ਵਿਅਕਤੀ ਇਸ ਨਿਸ਼ਾਨ ਤੋਂ ਬਿਨਾ ਖਰੀਦੋ ਫ਼ਰੋਖਤ ਨਹੀਂ ਕਰ ਸੱਕਦਾ ਸੀ। ਇਹ ਨਿਸ਼ਾਨ ਉਸ ਜਾਨਵਰ ਦਾ ਨਾਂ ਜਾਂ ਉਸ ਦੇ ਨਾਂ ਦੀ ਸੰਖਿਆ ਹੈ।

18 ਇਹ ਸਮਝਣ ਲਈ ਤੁਹਾਨੂੰ ਸਿਆਣਪ ਦੀ ਲੋੜ ਹੈ। ਕੋਈ ਵੀ ਵਿਅਕਤੀ ਜੋ ਸਿਆਣਾ ਹੈ ਇਸ ਜਾਨਵਰ ਦੀ ਸੰਖਿਆ ਨੂੰ ਕੱਢ ਸੱਕਦਾ ਹੈ। ਸੰਖਿਆ ਇੱਕ ਆਦਮੀ ਦੀ ਸੰਖਿਆ ਹੈ। ਸੰਖਿਆ 666 ਹੈ।

ਲੂਕਾ 12:32-48

ਧਨ ਉੱਤੇ ਨਿਰਭਰ ਨਾ ਹੋਵੋ

32 “ਛੋਟੇ ਇੱਜੜ, ਡਰ ਨਾ! ਕਿਉਂਕਿ ਤੇਰਾ ਪਿਤਾ ਤਾਂ ਤੈਨੂੰ ਰਾਜ ਦੇਣਾ ਚਾਹੁੰਦਾ ਹੈ। 33 ਇਸ ਲਈ ਆਪਣੀ ਸਾਰੀ ਸੰਪੰਤੀ ਵੇਚ ਦੇ ਅਤੇ ਧਨ ਗਰੀਬਾਂ ਵਿੱਚ ਵੰਡ ਦੇ। ਇਸ ਸੰਸਾਰ ਦੀ ਅਮੀਰੀ ਬਹੁਤੇ ਲੰਬੇ ਸਮੇਂ ਤੱਕ ਨਹੀਂ ਰਹਿੰਦੀ। ਇਸ ਲਈ ਆਪਣੇ ਖਜਾਨੇ ਸੁਰਗ ਵਿੱਚ ਰੱਖੋ। ਇਹ ਹਮੇਸ਼ਾ ਲਈ ਰਹਿੰਦਾ ਹੈ ਕਿਉਂਕਿ ਸੁਰਗ ਵਿੱਚ ਨਾ ਤਾਂ ਇਸ ਨੂੰ ਚੋਰ ਚੁਰਾ ਸੱਕਦਾ ਹੈ ਅਤੇ ਨਾ ਹੀ ਇਸ ਨੂੰ ਕੀੜੇ ਨਸ਼ਟ ਕਰ ਸੱਕਦੇ ਹਨ। 34 ਕਿਉਂਕਿ ਜਿੱਥੇ ਤੁਹਾਡਾ ਖਜਾਨਾ ਹੋਵੇਗਾ ਤੁਹਾਡਾ ਦਿਲ ਵੀ ਉੱਥੇ ਹੀ ਹੋਵੇਗਾ।

ਹਮੇਸ਼ਾ ਤਿਆਰ ਰਹੋ(A)

35 “ਹਮੇਸ਼ਾ ਸੇਵਾ ਕਰਨ ਲਈ ਤਿਆਰ ਰਹੋ ਅਤੇ ਆਪਣੀ ਰੋਸ਼ਨੀ ਚਮਕਦੀ ਰੱਖੋ। 36 ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਦੀ ਕਿਸੇ ਵਿਆਹ ਦੀ ਦਾਅਵਤ ਤੋਂ ਵਾਪਸ ਆਉਣ ਦੀ ਉਡੀਕ ਵਿੱਚ ਹੁੰਦੇ ਹਨ। ਜਦੋਂ ਮਾਲਕ ਆਉਂਦਾ ਹੈ ਤਾਂ ਬੂਹਾ ਖੜਕਾਉਂਦਾ ਹੈ ਅਤੇ ਨੌਕਰ ਝੱਟ ਆਪਣੇ ਮਾਲਕ ਨੂੰ ਬੂਹਾ ਖੋਲ ਦਿੰਦਾ ਹੈ। 37 ਧੰਨ ਹਨ ਅਜਿਹੇ ਨੌਕਰ ਜਿਨ੍ਹਾਂ ਨੂੰ ਜਦੋਂ ਉਨ੍ਹਾਂ ਦਾ ਮਾਲਕ ਆਉਂਦਾ ਤਿਆਰ ਅਤੇ ਉਸਦਾ ਇੰਤਜਾਰ ਕਰਦੇ ਹੋਏ ਪਾਉਂਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਾਲਕ ਖੁਦ ਲੱਕ ਬੰਨ੍ਹਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਖੁਦ ਉਨ੍ਹਾਂ ਦੀ ਟਹਿਲ ਕਰੇਗਾ। 38 ਇਨ੍ਹਾਂ ਨੌਕਰਾਂ ਨੂੰ ਭਾਵੇਂ ਅੱਧੀ ਰਾਤ ਤੱਕ ਜਾਂ ਉਸਤੋਂ ਦੇਰ ਤੱਕ ਵੀ ਆਪਣੇ ਮਾਲਕ ਦੇ ਆਉਣ ਦੀ ਉਡੀਕ ਕਰਨੀ ਪਵੇ। ਪਰ ਉਹ ਬੜੇ ਖੁਸ਼ ਹੋਣਗੇ ਜੇਕਰ ਉਨ੍ਹਾਂ ਦਾ ਮਾਲਕ ਆਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਉਡੀਕ ਵਿੱਚ ਪਾਉਂਦਾ ਹੈ।

39 “ਹਮੇਸ਼ਾ ਇਹ ਗੱਲ ਯਾਦ ਰੱਖਣਾ: ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਕਿਸ ਵਕਤ ਚੋਰ ਨੇ ਘਰ ਵਿੱਚ ਆਉਣਾ ਹੈ, ਤਾਂ ਉਹ ਉਸ ਚੋਰ ਨੂੰ ਆਪਣੇ ਘਰ ਅੰਦਰ ਵੜਨ ਹੀ ਨਾ ਦਿੰਦਾ। 40 ਇਸੇ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਮਨੁੱਖ ਦਾ ਪੁੱਤਰ ਉਸ ਵੇਲੇ ਆ ਜਾਵੇਗਾ ਜਿਸ ਵਕਤ ਤੁਹਾਨੂੰ ਉਸ ਦੇ ਆਉਣ ਦੀ ਕੋਈ ਆਸ ਵੀ ਨਹੀਂ ਹੋਵੇਗੀ।”

ਵਫਾਦਾਰ ਸੇਵਕ ਕੌਣ ਹੈ?(B)

41 ਪਤਰਸ ਨੇ ਕਿਹਾ, “ਪ੍ਰਭੂ! ਕੀ ਇਹ ਸਿਰਫ਼ ਸਾਡੇ ਲਈ ਆਖ ਰਿਹਾ ਹੈਂ ਜਾਂ ਸਭਨਾ ਲਈ।”

42 ਤਾਂ ਪ੍ਰਭੂ ਨੇ ਆਖਿਆ, “ਉਹ ਕਿਹੜਾ ਸਿਆਣਾ ਅਤੇ ਵਿਸ਼ਵਾਸਯੋਗ ਨੌਕਰ ਹੈ ਜਿਸ ਨੂੰ ਮਾਲਕ ਦੂਜੇ ਨੌਕਰਾਂ ਉੱਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਸਮਗਰੀ ਦੀ ਪੂਰਤੀ ਲਈ ਨਿਯੁਕਤ ਕਰੇਗ਼ਾ? 43 ਧੰਨ ਹੈ ਉਹ ਨੌਕਰ ਜਿਸ ਨੂੰ ਜਦੋਂ ਉਸਦਾ ਮਾਲਕ ਆਵੇ ਤਾਂ ਦਿੱਤਾ ਹੋਇਆ ਕੰਮ ਕਰਦਾ ਪਾਵੇ। 44 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਦਾ ਨਿਗਰਾਨ ਨਿਯੁਕਤ ਕਰੇਗ਼ਾ।

45 “ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹੜਾ ਇਹ ਸੋਚਦਾ ਹੈ ਕਿ ਨਿਕਟ ਭੱਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁੱਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ? 46 ਅਤੇ ਫ਼ੇਰ ਉਸਦਾ ਮਾਲਕ ਉਦੋਂ ਵਾਪਸ ਆਵੇਗਾ ਜਦੋਂ ਉਸ ਨੂੰ ਉਸਦੀ ਉਡੀਕ ਵੀ ਨਹੀਂ ਹੋਵੇਗੀ ਅਤੇ ਵਕਤ ਤੋਂ ਅਵੇਸਲਾ ਹੋਵੇਗਾ। ਫ਼ਿਰ ਮਾਲਕ ਉਸ ਨੌਕਰ ਨੂੰ ਸਖਤ ਸਜ਼ਾ ਦੇਵੇਗਾ ਅਤੇ ਉਸ ਨੂੰ ਦੂਜੇ ਵਿਸ਼ਵਾਸ ਘਾਤੀ ਨੌਕਰਾਂ ਨਾਲ ਰਹਿਣ ਲਈ ਭੇਜ ਦੇਵੇਗਾ।

47 “ਜਿਹੜਾ ਨੌਕਰ ਇਹ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ੇਰ ਵੀ ਉਹ ਆਪਣੇ-ਆਪ ਨੂੰ ਤਿਆਰ ਨਹੀਂ ਕਰਦਾ ਅਤੇ ਜੋ, ਉਸਦਾ ਮਾਲਕ ਚਾਹੁੰਦਾ ਸੀ ਉਹ ਨਹੀਂ ਕਰਦਾ, ਤਾਂ ਉਸ ਨੌਕਰ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। 48 ਪਰ ਜਿਹੜਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸ ਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸ ਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸ ਨੂੰ ਵੱਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵੱਧੇਰੇ ਮੰਗਿਆ ਜਾਵੇਗਾ।”

Punjabi Bible: Easy-to-Read Version (ERV-PA)

2010 by World Bible Translation Center