Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 101

ਦਾਊਦ ਦਾ ਇੱਕ ਗੀਤ।

101 ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ।
    ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।
ਮੈਂ ਹੁਸ਼ਿਆਰੀ ਨਾਲ ਸਾਫ਼ ਸੁਥਰਾ ਜੀਵਨ ਜੀਵਾਂਗਾ।
    ਮੈਂ ਆਪਣੇ ਘਰ ਵਿੱਚ ਪਵਿੱਤਰ ਜੀਵਨ ਜੀਵਾਂਗਾ।
    ਯਹੋਵਾਹ, ਤੁਸੀਂ ਮੇਰੇ ਕੋਲ ਕਦੋਂ ਆਵੋਂਗੇ?
ਮੈਂ ਆਪਣੇ ਸਾਹਮਣੇ ਕੋਈ ਵੀ ਮੂਰਤੀ ਨਹੀਂ ਰੱਖਾਂਗਾ।
    ਮੈਂ ਤੁਹਾਡੇ ਵਿਰੋਧੀ ਲੋਕਾਂ ਨੂੰ ਨਫ਼ਰਤ ਕਰਦਾ ਹਾਂ।
    ਮੈਂ ਇਹ ਨਹੀਂ ਕਰਾਂਗਾ।
ਮੈਂ ਇਮਾਨਦਾਰ ਬਣਾਂਗਾ।
    ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।
ਜੇ ਕੋਈ ਪਿੱਠ ਪਿੱਛੇ ਆਪਣੇ ਗੁਆਂਢੀ ਬਾਰੇ ਮੰਦਾ ਬੋਲਦਾ ਹੈ।
    ਮੈਂ ਉਸ ਆਦਮੀ ਨੂੰ ਇਜਾਜ਼ਤ ਨਹੀਂ ਦਿਆਂਗਾ।
ਮੈਂ ਘਮੰਡੀਆਂ ਨੂੰ ਕਬੂਲ ਨਹੀਂ ਕਰ ਸੱਕਦਾ
    ਜਿਹੜੇ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਬਿਹਤਰ ਹਨ।

ਮੈਂ ਦੇਸ਼ ਭਰ ਵਿੱਚ ਉਨ੍ਹਾਂ ਲੋਕਾਂ ਦੀ ਭਾਲ ਕਰਾਂਗਾ ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ,
    ਅਤੇ ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਹੀ ਆਪਣੀ ਸੇਵਾ ਕਰਾਵਾਂਗਾ।
    ਸਿਰਫ਼ ਉਹੀ ਲੋਕ ਜਿਹੜੇ ਪਵਿੱਤਰ ਜੀਵਨ ਜਿਉਂਦੇ ਹਨ ਮੇਰੇ ਸੇਵਕ ਹੋ ਸੱਕਦੇ ਹਨ।
ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ।
    ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ।
ਮੈਂ ਇਸ ਦੇਸ਼ ਵਿੱਚ ਰਹਿਣ ਵਾਲੇ ਮੰਦੇ ਲੋਕਾਂ ਦਾ ਹਮੇਸ਼ਾ ਨਾਸ਼ ਕਰਾਂਗਾ।
    ਮੈਂ ਮੰਦੇ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਹਿਰ ਛੱਡਣ ਤੇ ਮਜਬੂਰ ਕਰ ਦਿਆਂਗਾ।

ਜ਼ਬੂਰ 109:1-30

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

109 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਬਦਕਾਰ ਲੋਕ ਮੇਰੇ ਬਾਰੇ ਝੂਠ ਬੋਲ ਰਹੇ ਹਨ।
    ਉਹ ਉਹੀ ਗੱਲਾਂ ਆਖ ਰਹੇ ਹਨ ਜਿਹੜੀਆਂ ਸੱਚ ਨਹੀਂ ਹਨ।
ਲੋਕੀ ਮੇਰੇ ਬਾਰੇ ਨਫ਼ਰਤ ਭਰੀਆਂ ਗੱਲਾਂ ਆਖ ਰਹੇ ਹਨ।
    ਲੋਕ ਮੇਰੇ ਉੱਤੇ ਬਿਨਾ ਕਾਰਣ ਹਮਲਾ ਕਰ ਰਹੇ ਹਨ।
ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ।
ਪਰ ਉਹ ਮੇਰੇ ਨਾਲ ਨਫ਼ਰਤ ਕਰਦੇ ਹਨ।
    ਇਸ ਲਈ ਹੁਣ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ, ਹੇ ਪਰਮੇਸ਼ੁਰ।
ਮੈਂ ਉਨ੍ਹਾਂ ਲੋਕਾਂ ਨਾਲ ਨੇਕੀ ਕੀਤੀ ਸੀ,
    ਪਰ ਉਹ ਮੇਰੇ ਨਾਲ ਬੁਰਾ ਕਰ ਰਹੇ ਹਨ।
ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ,
    ਪਰ ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।

ਮੇਰੇ ਦੁਸ਼ਮਣਾਂ ਨੂੰ ਉਸ ਦੇ ਮੰਦੇ ਅਮਲਾਂ ਲਈ ਦੰਡ ਦਿਉ।
    ਉਸ ਨੂੰ ਗਲਤ ਸਾਬਤ ਕਰਨ ਲਈ ਕੋਈ ਬੰਦਾ ਲੱਭ ਲਵੋ।
ਮੁਨਸਫ਼ ਨੂੰ ਨਿਆਂ ਕਰਨ ਦਿਉ ਕਿ ਮੇਰੇ ਦੁਸ਼ਮਣਾਂ ਨੇ ਮੰਦਾ ਕੰਮ ਕੀਤਾ ਸੀ ਅਤੇ ਉਹ ਦੋਸ਼ੀ ਹਨ।
    ਮੇਰੇ ਦੁਸ਼ਮਣ ਦੀ ਕਹੀ ਹਰ ਗੱਲ ਨੂੰ ਉਸ ਦਾ ਜੀਵਨ ਦੁਸ਼ਵਾਰ ਬਨਾਉਣ ਦਿਉ।
ਮੇਰੇ ਦੁਸ਼ਮਣ ਨੂੰ ਛੇਤੀ ਮਰ ਜਾਣ ਦਿਉ।
    ਕਿਸੇ ਹੋਰ ਨੂੰ ਉਸਦਾ ਕੰਮ ਮਿਲਣ ਦਿਉ।
ਮੇਰੇ ਦੁਸ਼ਮਣ ਦੇ ਬੱਚਿਆਂ ਨੂੰ ਯਤੀਮ ਬਣਾ ਦਿਉ।
ਅਤੇ ਉਸਦੀ ਪਤਨੀ ਨੂੰ ਵਿਧਵਾ ਬਣਾ ਦਿਉ।
10 ਉਨ੍ਹਾਂ ਦਾ ਘਰ ਖੁਸ ਜਾਵੇ।
    ਅਤੇ ਉਹ ਮੰਗਤੇ ਬਣ ਜਾਣ।
11 ਮੇਰੇ ਦੁਸ਼ਮਣ ਦੇ ਲੈਣਦਾਰਾਂ ਨੂੰ ਉਸਦਾ ਉਹ ਸਭ ਲੈ ਲੈਣ, ਜਿਸਦਾ ਉਹ ਕਬਜ਼ੇ ਦਾਰ ਹੈ।
    ਅਜਨਬੀ ਉਸਦੀ ਕਮਾਈ ਹੋਈ ਹਰ ਸ਼ੈਅ ਲੈ ਜਾਣ।
12 ਮੈਨੂੰ ਉਮੀਦ ਹੈ ਕਿ ਕੋਈ ਵੀ ਬੰਦਾ ਮੇਰੇ ਦੁਸ਼ਮਣਾਂ ਉੱਤੇ ਮਿਹਰਬਾਨ ਨਹੀਂ ਹੈ।
    ਮੈਨੂੰ ਆਸ ਹੈ ਕਿ ਕੋਈ ਵੀ ਬੰਦਾ ਉਸ ਦੇ ਬੱਚਿਆਂ ਉੱਤੇ ਤਰਸ ਨਹੀਂ ਕਰੇਗਾ।
13 ਮੇਰੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
    ਅਗਲੀ ਪੀੜੀ ਨੂੰ ਉਨ੍ਹਾਂ ਦਾ ਨਾਮ ਹਰ ਸ਼ੈਅ ਉੱਤੋਂ ਮਿਟਾ ਲੈਣ ਦਿਉ।
14 ਮੈਨੂੰ ਆਸ ਹੈ ਕਿ ਯਹੋਵਾਹ ਨੂੰ ਮੇਰੇ ਦੁਸ਼ਮਣ ਦੇ ਪਿਤਾ ਦੇ ਗੁਨਾਹ ਯਾਦ ਹਨ।
    ਅਤੇ ਮੈਨੂੰ ਉਮੀਦ ਹੈ ਕਿ ਉਸਦੀ ਮਾਂ ਦੇ ਗੁਨਾਹ ਵੀ ਕਦੇ ਨਹੀਂ ਮਿਟੇ।
15 ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਗੁਨਾਹਾਂ ਨੂੰ ਸਦਾ ਲਈ ਯਾਦ ਰੱਖੇਗਾ।
    ਅਤੇ ਮੈਨੂੰ ਆਸ ਹੈ ਕਿ ਉਹ ਲੋਕਾਂ ਨੂੰ ਮੇਰੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਭੁੱਲਾਉਣ ਲਈ ਮਜ਼ਬੂਰ ਕਰੇਗਾ।
16 ਕਿਉਂ? ਕਿਉਂ ਕਿ ਉਸ ਬਦਕਾਰ ਬੰਦੇ ਨੇ ਕਦੀ ਵੀ ਕੋਈ ਸ਼ੁਭ ਕੰਮ ਨਹੀਂ ਕੀਤਾ।
    ਉਸ ਨੇ ਕਦੇ ਵੀ ਕਿਸੇ ਨੂੰ ਪਿਆਰ ਨਹੀਂ ਕੀਤਾ।
    ਉਸ ਨੇ ਗਰੀਬ ਨਿਮਾਣੇ ਲੋਕਾਂ ਲਈ ਮੁਸੀਬਤਾਂ ਖੜੀਆਂ ਕੀਤੀਆਂ।
17 ਉਸ ਬਦਕਾਰ ਬੰਦੇ ਨੂੰ ਹੋਰਾਂ ਦਾ ਬੁਰਾ ਮੰਗਣ ਵਿੱਚ ਖੁਸ਼ੀ ਮਿਲਦੀ ਸੀ।
    ਇਸ ਲਈ ਉਸ ਨਾਲ ਉਹੀ ਮੰਦਾ ਹੋਣ ਦਿਉ।
ਉਸ ਬਦਕਾਰ ਵਿਅਕਤੀ ਨੇ ਕਦੇ ਵੀ ਲੋਕਾਂ ਨਾਲ ਚੰਗਾ ਨਾ ਵਾਪਰੇ, ਮੰਗਿਆ।
    ਇਸ ਲਈ ਉਸਦਾ ਭਲਾ ਨਾ ਹੋਣ ਦਿਉ।
18 ਸਰਾਪ ਹੀ ਉਸ ਦੇ ਕੱਪੜੇ ਹੋਣ।
    ਜਿਹੜਾ ਪਾਣੀ ਉਹ ਪੀਂਦਾ ਹੈ ਇੱਕ ਸਰਾਪ ਹੋਵੇ।
ਉਸ ਦੇ ਪਿੰਡੇ ਉਤਲਾ ਤੇਲ
    ਉਸ ਉੱਪਰ ਇੱਕ ਸਰਾਪ ਹੋਵੇ।
19 ਸਰਾਪ ਨੂੰ ਉਸ ਦੇ ਕੱਪੜੇ ਹੋਣ ਦਿਉ ਜਿਹੜੇ ਉਹ ਦੁਸ਼ਟ ਵਿਅਕਤੀ ਦੁਆਲੇ ਲਵੇਟਣ ਲਈ ਵਰਤਦਾ।
    ਸਰਾਪਾਂ ਨੂੰ ਉਸ ਦੇ ਲੱਕ ਦੇ ਦੁਆਲੇ ਦੀ ਪੇਟੀ ਹੋਣ ਦਿਉ।

20 ਮੈਨੂੰ ਆਸ ਹੈ ਕਿ ਯਹੋਵਾਹ ਮੇਰੇ ਦੁਸ਼ਮਣ ਨਾਲ ਇਹ ਸਾਰੀਆਂ ਗੱਲਾਂ ਕਰੇਗਾ।
    ਮੈਨੂੰ ਆਸ ਹੈ ਕਿ ਯਹੋਵਾਹ ਉਨ੍ਹਾਂ ਨਾਲ ਇਹੋ ਗੱਲਾਂ ਕਰੇਗਾ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
21 ਯਹੋਵਾਹ, ਤੁਸੀਂ ਮੇਰੇ ਮਾਲਕ ਹੋ, ਇਸ ਲਈ ਮੇਰੇ ਨਾਲ ਅਜਿਹਾ ਵਿਹਾਰ ਕਰੋ ਜਿਸ ਨਾਲ ਤੁਹਾਡੇ ਨਾਮ ਦੀ ਸ਼ੋਭਾ ਹੋਵੇ।
    ਤੁਹਾਡੇ ਅੰਦਰ ਕਿੰਨਾ ਜ਼ਿਆਦਾ ਪਿਆਰ ਹੈ, ਇਸ ਲਈ ਮੈਨੂੰ ਬਚਾਉ।
22 ਮੈਂ ਇੱਕ ਗਰੀਬ ਨਿਤਾਣਾ ਆਦਮੀ ਹਾਂ,
    ਮੈਂ ਸੱਚਮੁੱਚ ਉਦਾਸ ਹਾਂ, ਮੇਰਾ ਦਿਲ ਟੁੱਟਿਆ ਹੋਇਆ ਹੈ।
23 ਮੈਨੂੰ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਮੁੱਕ ਗਈ ਹੈ, ਜਿਵੇਂ ਸ਼ਾਮ ਵੇਲੇ ਪਰਛਾਵੇਂ ਹੁੰਦੇ ਹਨ।
    ਮੈਂ ਉਸ ਪਿੱਸੂ ਵਰਗਾ ਮਹਿਸੂਸ ਕਰਦਾ ਹਾਂ ਜਿਸ ਨੂੰ ਕਿਸੇ ਨੇ ਝਾੜਕੇ ਸੁੱਟ ਦਿੱਤਾ ਹੋਵੇ।
24 ਮੇਰੇ ਗੋਡੇ ਕਮਜ਼ੋਰ ਹਨ ਕਿਉਂਕਿ ਮੈਂ ਭੁੱਖਾ ਹਾਂ।
    ਮੇਰਾ ਭਾਰ ਘਟ ਰਿਹਾ ਹੈ ਅਤੇ ਮੈਂ ਪਤਲਾ ਹੋ ਰਿਹਾ ਹਾਂ।
25 ਬੁਰੇ ਆਦਮੀ ਮੇਰਾ ਅਪਮਾਨ ਕਰ ਰਹੇ ਹਨ।
    ਉਹ ਮੇਰੇ ਵੱਲ ਵੇਖਦੇ ਹਨ ਅਤੇ ਸਿਰ ਹਿਲਾਉਂਦੇ ਹਨ।
26 ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰੋ।
    ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਬਚਾਉ।
27 ਉਹ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੀ ਸਹਾਇਤਾ ਕੀਤੀ ਸੀ।
    ਫ਼ੇਰ ਉਹ ਜਾਣ ਲੈਣਗੇ ਕਿ ਇਹ ਤੁਹਾਡੀ ਹੀ ਸ਼ਕਤੀ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ।
28 ਉਹ ਬੁਰੇ ਆਦਮੀ ਮੈਨੂੰ ਸਰਾਪ ਦਿੰਦੇ ਹਨ,
    ਪਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋ।
ਯਹੋਵਾਹ, ਉਨ੍ਹਾਂ ਨੇ ਮੇਰੇ ਉੱਪਰ ਹਮਲਾ ਕੀਤਾ ਇਸ ਲਈ ਉਨ੍ਹਾਂ ਨੂੰ ਹਰਾਉ।
    ਫ਼ੇਰ, ਮੈਂ ਤੁਹਾਡਾ ਸੇਵਕ, ਪ੍ਰਸੰਨ ਹੋਵਾਂਗਾ।
29 ਮੇਰੇ ਦੁਸ਼ਮਣਾਂ ਨੂੰ ਨਮੋਸ਼ੀ ਦਿਉ!
    ਉਨ੍ਹਾਂ ਨੂੰ ਸ਼ਰਮਿੰਦਗੀ ਕੁੜਤੇ ਵਾਂਗ ਪਹਿਨਣ ਦਿਉ।
30 ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ।
    ਮੈਂ ਬਹੁਤ ਲੋਕਾਂ ਅੱਗੇ ਉਸਦੀ ਉਸਤਤਿ ਕਰਦਾ ਹਾਂ।

ਜ਼ਬੂਰ 119:121-144

ਆਇਨ

121 ਮੈਂ ਉਹੀ ਕੁਝ ਕੀਤਾ ਜੋ ਸਹੀ ਅਤੇ ਸ਼ੁਭ ਹੈ।
    ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਾ ਕਰੋ ਜਿਹੜੇ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
122 ਵਾਅਦਾ ਕਰੋ ਕਿ ਤੁਸੀਂ ਮੇਰੇ ਲਈ ਚੰਗੇ ਹੋਵੋਂਗੇ।
    ਮੈਂ ਤੁਹਾਡਾ ਸੇਵਕ ਹਾਂ।
    ਯਹੋਵਾਹ, ਗੁਮਾਨੀ ਲੋਕਾਂ ਨੂੰ ਮੇਰਾ ਨੁਕਸਾਨ ਨਾ ਕਰਨ ਦੇਵੋ।
123 ਯਹੋਵਾਹ, ਮੇਰੀਆਂ ਅੱਖਾਂ ਤੁਹਾਡੀ ਸਹਾਇਤਾ ਲਈ,
    ਤੁਹਾਡੇ ਵੱਲੋਂ ਇੱਕ ਚੰਗੇ ਸ਼ਬਦ ਲਈ ਤੱਕਦੀਆਂ ਥੱਕ ਗਈਆਂ ਹਨ।
124 ਮੈਂ ਤੁਹਾਡਾ ਸੇਵਕ ਹਾਂ।
ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ,
    ਆਪਣੇ ਨੇਮ ਮੈਨੂੰ ਸਿੱਖਾਉ।
125 ਮੈਂ ਤੁਹਾਡਾ ਸੇਵਕ ਹਾਂ
    ਮੇਰੀ ਸਮਝਣ ਵਿੱਚ ਮਦਦ ਕਰੋ ਤਾਂ ਜੋ ਮੈਂ ਤੁਹਾਡੇ ਕਰਾਰ ਬਾਰੇ ਜਾਣ ਜਾਵਾ।
126 ਯਹੋਵਾਹ, ਤੁਹਾਡੇ ਲਈ ਕੁਝ ਕਰਨ ਦਾ ਇਹੀ ਵੇਲਾ ਹੈ।
    ਲੋਕਾਂ ਨੇ ਤੁਹਾਡੇ ਨੇਮਾਂ ਨੂੰ ਤੋੜ ਦਿੱਤਾ ਹੈ।
127 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਨੂੰ
    ਸ਼ੁੱਧਤਮ ਸੋਨੇ ਨਾਲੋਂ ਵੱਧੇਰੇ ਪਿਆਰ ਕਰਦਾ ਹਾਂ।
128 ਮੈਂ ਧਿਆਨ ਨਾਲ ਤੁਹਾਡੇ ਸਾਰੇ ਆਦੇਸ਼ਾ ਨੂੰ ਮੰਨਦਾ ਹਾਂ
    ਮੈਂ ਝੂਠੀਆਂ ਸਿੱਖਿਆਵਾਂ ਨੂੰ ਨਫ਼ਰਤ ਕਰਦਾ ਹਾਂ।

ਪੇ

129 ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ।
    ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ।
130 ਜਦੋਂ ਲੋਕ ਤੁਹਾਡੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ।
ਉਦੋਂ ਲੱਗਦਾ ਹੈ ਜਿਵੇਂ ਕੋਈ ਰੌਸ਼ਨੀ ਉਨ੍ਹਾਂ ਨੂੰ ਸਹੀ ਜੀਵਨ ਢੰਗ ਸਿੱਖਾ ਰਹੀ ਹੋਵੇ।
    ਤੁਹਾਡਾ ਸ਼ਬਦ ਸਿੱਧੜ ਬੰਦੇ ਨੂੰ ਵੀ ਸਿਆਣਾ ਬਣਾ ਦਿੰਦਾ ਹੈ।
131 ਯਹੋਵਾਹ, ਮੈਂ ਸੱਚਮੁੱਚ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ।
    ਮੈਂ ਉਸੇ ਬੰਦੇ ਵਰਗਾ ਹਾਂ ਜਿਹੜਾ ਔਖੇ ਸਾਹ ਲੈ ਰਿਹਾ ਹੁੰਦਾ ਹੈ ਅਤੇ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਹੁੰਦਾ ਹੈ।
132 ਹੇ ਪਰਮੇਸ਼ੁਰ ਮੇਰੇ ਵੱਲ ਤੱਕੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਉਹੀ ਕਰੋ ਜੋ ਉਨ੍ਹਾਂ ਲੋਕਾਂ ਲਈ ਉਚਿਤ ਹੈ।
    ਜਿਹੜੇ ਤੁਹਾਡੇ ਨਾਮ ਨੂੰ ਪਿਆਰ ਕਰਦੇ ਹਨ।
133 ਹੇ ਯਹੋਵਾਹ, ਮੇਰੀ ਰਾਹਨੁਮਾਈ ਕਰੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
    ਪਾਪ ਨੂੰ ਮੇਰੇ ਉੱਤੇ ਸ਼ਾਸਨ ਨਾ ਕਰਨ ਦਿਉ।
134 ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੈਨੂੰ ਦੁੱਖ ਦਿੰਦੇ ਹਨ।
    ਅਤੇ ਮੈਂ ਤੁਹਾਡੇ ਆਦੇਸ਼ ਮੰਨਾਗਾ।
135 ਯਹੋਵਾਹ, ਆਪਣੇ ਸੇਵਕ ਨੂੰ ਪ੍ਰਵਾਨ ਕਰੋ
    ਅਤੇ ਮੈਨੂੰ ਆਪਣੇ ਨੇਮ ਸਿੱਖਾਉ।
136 ਮੈਂ ਅੱਥਰੂਆਂ ਦੇ ਦਰਿਆ ਵਹਾਏ ਹਨ
    ਕਿਉਂਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ।

ਸਾਦੇ

137 ਯਹੋਵਾਹ, ਤੁਸੀਂ ਸ਼ੁਭ ਹੋ।
    ਅਤੇ ਤੁਹਾਡੇ ਨੇਮ ਨਿਰਪੱਖ ਹਨ।
138 ਤੁਸੀਂ ਕਰਾਰ ਵਿੱਚ ਸ਼ੁਭ ਨੇਮ ਦਿੱਤੇ ਹਨ।
    ਅਸੀਂ ਸੱਚਮੁੱਚ ਉਨ੍ਹਾਂ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
139 ਮੇਰੀਆਂ ਤੀਬ੍ਰ ਭਾਵਨਾਵਾ ਮੈਨੂੰ ਤਬਾਹ ਕਰ ਰਹੀਆਂ ਹਨ।
    ਮੈਂ ਬਹੁਤ ਉਦਾਸ ਹਾਂ, ਕਿਉਂਕਿ ਮੇਰੇ ਦੁਸ਼ਮਣਾ ਨੇ ਤੁਹਾਡੇ ਆਦੇਸ਼ ਭੁਲਾ ਦਿੱਤੇ ਹਨ।
140 ਸਾਡੇ ਕੋਲ ਪ੍ਰਮਾਣ ਹੈ ਕਿ ਅਸੀਂ ਤੁਹਾਡੇ ਸ਼ਬਦ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ, ਹੇ ਯਹੋਵਾਹ।
    ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।
141 ਮੈਂ ਇੱਕ ਨੌਜਵਾਨ ਹਾਂ, ਅਤੇ ਲੋਕ ਮੇਰਾ ਆਦਰ ਨਹੀਂ ਕਰਦੇ
    ਪਰ ਮੈਂ ਤੁਹਾਡੇ ਆਦੇਸ਼ਾ ਨੂੰ ਨਹੀਂ ਭੁੱਲਦਾ।
142 ਯਹੋਵਾਹ, ਤੁਹਾਡੀ ਨੇਕੀ ਸਦਾ ਲਈ ਹੈ।
    ਅਤੇ ਤੁਹਾਡੀਆਂ ਸਿੱਖਿਆਵਾਂ ਉੱਪਰ ਵਿਸ਼ਵਾਸ ਕੀਤਾ ਜਾ ਸੱਕਦਾ ਹੈ।
143 ਮੈਂ ਮੁਸੀਬਤਾਂ ਅਤੇ ਔਖੇ ਵੇਲਿਆਂ ਵਿੱਚੋਂ ਦੀ ਨਿਕਲਿਆ ਹਾਂ।
    ਫ਼ੇਰ ਵੀ ਮੈਂ ਤੁਹਾਡੇ ਹੁਕਮਾਂ ਦਾ ਆਨੰਦ ਮਾਣਦਾ ਹਾਂ।
144 ਤੁਹਾਡਾ ਕਰਾਰ ਸਦਾ ਲਈ ਸ਼ੁਭ ਹੈ।
    ਇਸ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ।
    ਤਾਂ ਜੋ ਮੈਂ ਜਿਉ ਸੱਕਾ।

ਯਸਾਯਾਹ 63:15-64:9

ਪਰਮੇਸ਼ੁਰ ਅੱਗੇ ਪ੍ਰਾਰਥਨਾ ਆਪਣੇ ਲੋਕਾਂ ਦੀ ਸਹਾਇਤਾ ਲਈ

15 ਯਹੋਵਾਹ ਜੀ, ਆਪਣੇ ਉੱਚੇ ਅਕਾਸ਼ਾਂ ਤੋਂ ਹੇਠਾਂ ਵੱਲ ਦੇਖੋ।
    ਦੇਖੋ ਕਿ ਹੁਣ ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ!
ਅਕਾਸ਼ ਵਿੱਚਲੇ ਆਪਣੇ ਮਹਾਨ ਅਤੇ ਪਵਿੱਤਰ ਘਰ ਵਿੱਚੋਂ, ਸਾਡੇ ਵੱਲ ਦੇਖੋ।
    ਸਾਡੇ ਲਈ ਤੁਹਾਡਾ ਗੂਹੜਾ ਪਿਆਰ ਕਿੱਥੋ ਹੈ?
ਤੁਹਾਡੇ ਤਾਕਤਵਰ ਕੰਮ ਕਿੱਥੋ ਨੇ ਜਿਹੜੇ ਤੁਹਾਡੇ ਧੁਰ ਅੰਦਰੋਂ ਆਉਂਦੇ ਨੇ?
    ਮੇਰੇ ਲਈ ਤੁਹਾਡੀ ਦਇਆ ਕਿੱਥੋ ਹੈ?
ਤੁਸੀਂ ਆਪਣੇ ਮਿਹਰ ਭਰੇ ਪਿਆਰ ਨੂੰ ਮੇਰੇ ਕੋਲੋਂ ਕਿੱਥੋ ਛੁਪਾ ਰਹੇ ਹੋ?
16 ਦੇਖੋ, ਤੁਸੀਂ ਸਾਡੇ ਪਿਤਾ ਹੋ!
    ਅਬਰਾਹਾਮ ਸਾਨੂੰ ਨਹੀਂ ਜਾਣਦਾ।
    ਇਸਰਾਏਲ (ਯਾਕੂਬ) ਸਾਨੂੰ ਨਹੀਂ ਪਛਾਣਦਾ।
ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ,
    ਤੁਸੀਂ ਹੀ ਹੋ ਜਿਸਨੇ ਸਾਨੂੰ ਸਦਾ ਬਚਾਇਆ ਹੈ।
17 ਯਹੋਵਾਹ ਜੀ, ਤੁਸੀਂ ਸਾਨੂੰ ਆਪਣੇ ਤੋਂ ਦੂਰ ਕਿਉਂ ਧੱਕ ਰਹੇ ਹੋਂ?
    ਸਾਡੇ ਲਈ ਤੁਹਾਡੇ ਪੈਰੋਕਾਰ ਬਣਨ ਨੂੰ ਮੁਸ਼ਕਿਲ ਕਿਉਂ ਬਣਾ ਰਹੇ ਹੋ?
ਯਹੋਵਾਹ ਜੀ, ਸਾਡੇ ਵੱਲ ਪਰਤ ਆਓ!
    ਅਸੀਂ ਤੁਹਾਡੇ ਸੇਵਕ ਹਾਂ।
ਸਾਡੇ ਵੱਲ ਆ ਜਾਓ ਅਤੇ ਸਾਡੇ ਸਹਾਇਤਾ ਕਰੋ!
    ਤੁਹਾਡੇ ਪਰਿਵਾਰ ਹੀ ਸਾਡੇ ਨੇ।
18 ਤੁਹਾਡੇ ਲੋਕਾਂ ਨੇ ਤੁਹਾਡੀ ਪਵਿੱਤਰ ਜ਼ਮੀਨ ਉੱਤੇ ਸਿਰਫ ਬੋੜੇ ਹੀ ਸਮੇਂ ਲਈ ਕਬਜ਼ਾ ਕੀਤਾ
    ਅਤੇ ਹੁਣ ਸਾਡੇ ਦੁਸ਼ਮਣਾ ਨੇ ਤੁਹਾਡੇ ਮੰਦਰ ਨੂੰ ਮਿਧਿਆ ਹੈ।
19 ਕੁਝ ਲੋਕਾਂ ਉੱਤੇ ਤੇਰਾ ਸ਼ਾਸਨ ਨਹੀਂ ਸੀ।
    ਉਹ ਤੁਹਾਡਾ ਨਾਮ ਕਬੂਲ ਨਹੀਂ ਕਰਦੇ।
ਅਤੇ ਅਸੀਂ ਵੀ ਉਨ੍ਹਾਂ ਲੋਕਾਂ ਵਰਗੇ ਸਾਂ।

64 ਜੇ ਕਿਤੇ ਤੁਸੀਂ ਅਕਾਸ਼ਾਂ ਨੂੰ ਚੀਰਕੇ ਖੋਲ੍ਹ ਦਿੰਦੇ
    ਅਤੇ ਹੇਠਾਂ ਧਰਤੀ ਉੱਤੇ ਆ ਜਾਂਦੇ, ਫ਼ੇਰ ਹਰ ਸ਼ੈਅ ਬਦਲ ਜਾਂਦੀ।
    ਤੁਹਾਡੇ ਸਾਹਮਣੇ ਪਰਬਤ ਪਿਘਲ ਜਾਂਦੇ।
ਪਰਬਤ ਬਲਦੀਆਂ ਝਾੜੀਆਂ ਵਾਂਗ ਲ-ਲਟ ਕਰਕੇ ਬਲਦੇ ਨੇ।
    ਜਿਵੇਂ ਪਾਣੀ ਨੂੰ ਅੱਗ ਲਗੀ ਹੋਵੇ ਪਰਬਤ ਉਬਲਦੇ ਨੇ।
ਫ਼ੇਰ ਤੁਹਾਡੇ ਦੁਸ਼ਮਣ ਤੁਹਾਡੇ ਬਾਰੇ ਜਾਣ ਜਾਂਦੇ।
    ਫ਼ੇਰ ਸਾਰੀਆਂ ਕੌਮਾਂ ਡਰ ਨਾਲ ਕੰਬਦੀਆਂ, ਜਦੋਂ ਉਹ ਤੁਹਾਨੂੰ ਦੇਖਦੀਆਂ।
ਜਦੋਂ ਤੂੰ ਭੈ-ਦਾਇੱਕ ਕਰਨੀਆਂ ਕੀਤੀਆਂ ਜਿਨ੍ਹਾਂ ਦੀ ਅਸੀਂ ਆਸ ਨਹੀਂ ਕੀਤੀ ਸੀ,
    ਪਰਬਤ ਤੇਰੇ ਅੱਗੇ ਪਿਘਲ ਗਏ।
ਤੁਹਾਡੇ ਲੋਕਾਂ ਨੇ ਅਸਲ ਵਿੱਚ ਕਦੇ ਤੁਹਾਡੀ ਗੱਲ ਸੁਣੀ ਨਹੀਂ।
    ਤੁਹਾਡੇ ਲੋਕਾਂ ਨੇ ਕਦੇ ਵੀ ਨਹੀਂ ਸੁਣੀਆਂ ਜੋ ਗੱਲਾਂ ਤੁਸੀਂ ਆਖੀਆਂ।
ਕਿਸੇ ਨੇ ਵੀ ਤੁਹਾਡੇ ਜਿਹਾ ਪਰਮੇਸ਼ੁਰ ਨਹੀਂ ਦੇਖਿਆ ਹੈ।
    ਤੁਹਾਡੇ ਸਿਵਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ।
ਜੇ ਲੋਕ ਧੀਰਜਵਾਨ ਹੋਣ ਅਤੇ ਸਹਾਇਤਾ ਲਈ ਤੁਹਾਡਾ ਇੰਤਜ਼ਾਰ ਕਰਨ,
    ਫ਼ੇਰ ਤੁਸੀਂ ਉਨ੍ਹਾਂ ਲਈ ਮਹਾਨ ਗੱਲਾਂ ਕਰੋਂਗੇ।

ਤੁਸੀਂ ਉਨ੍ਹਾਂ ਲੋਕਾਂ ਸੰਗ ਹੋ ਜਿਹੜੇ ਨੇਕੀ ਕਰਨੀ ਪਸੰਦ ਕਰਦੇ ਨੇ।
    ਉਹ ਲੋਕ ਉਸ ਢੰਗ ਨਾਲ ਜਿਉਂਦੇ ਹੋਏ, ਜਿਹੋ ਜਿਹਾ ਤੁਸੀਂ ਚਾਹੁੰਦੇ ਹੋ, ਤੁਹਾਨੂੰ ਚੇਤੇ ਕਰਦੇ ਨੇ।
ਪਰ ਅਤੀਤ ਵਿੱਚ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਸੀ।
    ਤੁਸੀਂ ਸਾਡੇ ਉੱਤੇ ਕਹਿਰਵਾਨ ਹੋ ਗਏ ਸੀ,
    ਇਸ ਲਈ ਹੁਣ ਅਸੀਂ ਕਿਵੇਂ ਬਚਾਂਗੇ?
ਅਸੀਂ ਸਾਰੇ ਹੀ ਪਾਪ ਨਾਲ ਨਾਪਾਕ ਹਾਂ।
    ਸਾਡੇ ਨੇਕ ਅਮਲ ਵੀ ਪਵਿੱਤਰ ਨਹੀਂ ਹਨ ਉਹ ਖੂਨ ਨਾਲ ਭਰੇ ਗੋਦੜੇ ਵਰਗੇ ਹਨ।
ਅਸੀਂ ਸਾਰੇ ਹੀ ਮੁਰਦਾ ਪਤਿਆਂ ਵ੍ਵਰਗੇ ਹਾਂ।
    ਸਾਡੇ ਪਾਪਾਂ ਨੇ ਸਾਨੂੰ ਹਵਾ ਵਾਂਗ ਉਡਾਇਆ ਹੈ।
ਅਸੀਂ ਤੁਹਾਡੀ ਉਪਾਸਨਾ ਨਹੀਂ ਕਰਦੇ।
    ਅਸੀਂ ਤੁਹਾਡੇ ਨਾਮ ਉੱਤੇ ਯਕੀਨ ਨਹੀਂ ਕਰਦੇ।
ਸਾਡੇ ਅੰਦਰ ਤੁਹਾਡੇ ਪੈਰੋਕਾਰ ਬਣਨ ਦਾ ਉਤਸਾਹ ਨਹੀਂ।
    ਇਸ ਲਈ ਤੁਸੀਂ ਸਾਡੇ ਕੋਲੋਂ ਮੂੰਹ ਮੋੜ ਲਿਆ ਹੈ।
ਅਸੀਂ ਤੁਹਾਡੇ ਸਾਹਮਣੇ ਮਜ਼ਬੂਰ ਹਾਂ
    ਕਿਉਂ ਕਿ ਅਸੀਂ ਪਾਪ ਨਾਲ ਭਰੇ ਹੋਏ ਹਾਂ।
ਪਰ ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ।
    ਅਸੀਂ ਮਿੱਟੀ ਵਾਂਗ ਹਾਂ ਅਤੇ ਤੁਸੀਂ ਕੁਂਭਕਾਰ ਹੋ।
    ਸਾਨੂੰ ਸਾਰਿਆਂ ਨੂੰ ਤੁਹਾਡੇ ਹੱਥਾਂ ਨੇ ਸਾਜਿਆ।
ਯਹੋਵਾਹ ਜੀ, ਸਾਡੇ ਨਾਲ ਨਾਰਾਜ਼ ਨਾ ਰਹੋ!
    ਸਾਡੇ ਪਾਪ ਸਦਾ ਲਈ ਚੇਤੇ ਨਾ ਰੱਖੋ!
ਮਿਹਰ ਕਰਕੇ ਸਾਡੇ ਵੱਲ ਦੇਖੋ!
    ਅਸੀਂ ਤੁਹਾਡੇ ਬੰਦੇ ਹਾਂ।

1 ਤਿਮੋਥਿਉਸ ਨੂੰ 3

ਕਲੀਸਿਯਾ ਦੇ ਆਗੂ

ਜੋ ਮੈਂ ਕਹਿੰਦਾ ਹਾਂ ਉਹ ਸੱਚ ਹੈ; ਜੇ ਕੋਈ ਵਿਅਕਤੀ ਕਲੀਸਿਯਾ ਦਾ ਬਜ਼ੁਰਗ ਬਣਨਾ ਚਾਹੁੰਦਾ ਹੈ ਤਾਂ ਉਹ ਚੰਗਾ ਕੰਮ ਕਰਨਾ ਚਾਹ ਰਿਹਾ ਹੈ। ਬਜ਼ੁਰਗ ਨੂੰ ਇਸ ਹੱਦ ਤੱਕ ਚੰਗਾ ਹੋਣਾ ਚਾਹੀਦਾ ਹੈ ਕਿ ਲੋਕ ਉਸ ਨੂੰ ਹੱਕੀ ਤੌਰ ਤੇ ਗਲਤ ਨਾ ਕਹਿ ਸੱਕਣ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਬਜ਼ੁਰਗ ਨੂੰ ਆਪਣੇ ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ ਅਤੇ ਸਿਆਣਾ ਹੋਣਾ ਚਾਹੀਦਾ ਹੈ। ਉਸ ਨੂੰ ਚੰਗਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਨੂੰ ਇੱਜ਼ਤ ਦੇ ਸੱਕਣ। ਉਸ ਨੂੰ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਆਪਣੇ ਘਰ ਵਿੱਚ ਪ੍ਰਵਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹ ਇੱਕ ਚੰਗਾ ਉਪਦੇਸ਼ਕ ਹੋਣਾ ਚਾਹੀਦਾ ਹੈ। ਉਸ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ। ਉਸ ਨੂੰ ਆਪਣੇ ਘਰ ਦਾ ਇੱਕ ਚੰਗਾ ਆਗੂ ਹੋਣਾ ਚਾਹੀਦਾ। ਇਸਦਾ ਅਰਥ ਇਹ ਹੈ ਕਿ ਉਸ ਦੇ ਬੱਚੇ ਪੂਰੀ ਇੱਜ਼ਤ ਨਾਲ ਉਸਦਾ ਆਖਾ ਮੰਨਦੇ ਹੋਣ। ਜੇ ਕਿਸੇ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਆਗੂ ਨਹੀਂ ਬਣਨਾ ਆਉਂਦਾ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦਾ ਧਿਆਨ ਰੱਖਣ ਦੇ ਯੋਗ ਨਹੀਂ ਹੋ ਸੱਕਦਾ।

ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸੱਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ। ਇੱਕ ਬਜ਼ੁਰਗ ਨੂੰ ਉਨ੍ਹਾਂ ਲੋਕਾਂ ਵੱਲੋਂ ਵੀ ਇੱਜ਼ਤ ਮਿਲਣੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧ ਨਹੀਂ ਰੱਖਦੇ। ਫ਼ੇਰ ਉਸ ਦੀ ਆਲੋਚਨਾ, ਹੋਰਨਾਂ ਦੁਆਰਾ ਨਹੀਂ ਹੋਵੇਗੀ ਅਤੇ ਉਹ ਸ਼ੈਤਾਨ ਦੁਆਰਾ ਨਹੀਂ ਫ਼ਸਾਇਆ ਜਾ ਸੱਕਦਾ।

ਕਲੀਸਿਯਾ ਦੇ ਸਹਾਇਕ

ਇਸੇ ਢੰਗ ਨਾਲ, ਜਿਹੜੇ ਆਦਮੀ ਕਲੀਸਿਯਾ ਵਿੱਚ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਦੇ ਹਨ, ਇੱਜ਼ਤ ਦੇ ਭਾਗੀ ਵਿਅਕਤੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਉਹ ਗੱਲਾਂ ਨਹੀਂ ਆਖਣੀਆਂ ਚਾਹੀਦੀਆਂ ਜਿਨ੍ਹਾਂ ਦਾ ਕੋਈ ਅਰਥ ਨਹੀਂ, ਅਤੇ ਉਨ੍ਹਾਂ ਨੂੰ ਆਪਣਾ ਸਮਾਂ ਸ਼ਰਾਬ ਪੀਣ ਵਿੱਚ ਨਹੀਂ ਬਿਤਾਉਣਾ ਚਾਹੀਦਾ। ਉਹ ਅਜਿਹੇ ਵਿਅਕਤੀ ਨਹੀਂ ਹੋਣੇ ਚਾਹੀਦੇ ਜਿਹੜੇ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਚੱਲਣਾ ਚਾਹੀਦਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ। ਅਤੇ ਉਨ੍ਹਾਂ ਨੂੰ ਹਮੇਸ਼ਾ ਉਸੇ ਆਧਾਰ ਤੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਸ ਨੂੰ ਉਹ ਸਹੀ ਸਮਝਦੇ ਹਨ। 10 ਤੁਹਾਨੂੰ ਇਨ੍ਹਾਂ ਲੋਕਾਂ ਦੀ ਪਰੱਖ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਉਨ੍ਹਾਂ ਵਿੱਚ ਕੋਈ ਨੁਕਸ ਦਿਖਾਈ ਨਾ ਦੇਵੇ ਤਾਂ ਉਹ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰ ਸੱਕਦੇ ਹਨ।

11 ਇਸੇ ਤਰ੍ਹਾਂ ਹੀ ਔਰਤਾਂ ਨੂੰ ਵੀ ਹੋਰਨਾਂ ਲੋਕਾਂ ਪਾਸੋਂ ਇੱਜ਼ਤ ਦੇ ਯੋਗ ਹੋਣਾ ਚਾਹੀਦਾ ਹੈ। ਉਹ ਅਜਿਹੀਆਂ ਔਰਤਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਦੂਸਰਿਆਂ ਬਾਰੇ ਮੰਦਾ ਬੋਲਦੀਆਂ ਹਨ। ਉਨ੍ਹਾਂ ਨੂੰ ਆਪਣੇ ਆਪ ਉੱਤੇ ਸੰਜਮ ਹੋਣ ਚਾਹੀਦਾ ਹੈ ਅਤੇ ਅਜਿਹੀਆਂ ਔਰਤਾਂ ਬਣਨਾ ਚਾਹੀਦਾ ਹੈ ਜਿਨ੍ਹਾਂ ਉੱਪਰ ਹਰ ਗੱਲੋਂ ਇਤਬਾਰ ਕੀਤਾ ਜਾ ਸੱਕੇ।

12 ਜਿਹੜੇ ਆਦਮੀ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕੇਵਲ ਇੱਕ ਪਤਨੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੇ ਚੰਗੇ ਆਗੂ ਹੋਣਾ ਚਾਹੀਦਾ ਹੈ। 13 ਉਹ ਜਿਹੜੇ ਸਹੀ ਢੰਗ ਨਾਲ ਸੇਵਾ ਕਰਦੇ ਹਨ ਆਪਣੇ ਆਪ ਲਈ ਸਨਮਾਨ ਯੋਗ ਥਾਂ ਬਣਾ ਰਹੇ ਹਨ ਅਤੇ ਉਹ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੀ ਨਿਸ਼ਚਿਤਤਾ ਪਾਉਣਗੇ।

ਸਾਡੀ ਜ਼ਿੰਦਗੀ ਦਾ ਰਹੱਸ

14 ਮੈਨੂੰ ਉਮੀਦ ਹੈ ਕਿ ਮੈਂ ਛੇਤੀ ਹੀ ਤੁਹਾਡੇ ਵੱਲ ਆ ਸੱਕਦਾ ਹਾਂ। ਪਰ ਹੁਣ ਮੈਂ ਤੁਹਾਨੂੰ ਇਹ ਗੱਲਾਂ ਲਿਖ ਰਿਹਾ ਹਾਂ। 15 ਤਾਂ ਫ਼ੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸੱਕਿਆ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣ ਲਵੋ ਜਿਹੜੀਆਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜ਼ਰੂਰੀ ਹਨ। ਇਹ ਪਰਿਵਾਰ ਜਿਉਂਦੇ ਜਾਗਦੇ ਪਰਮੇਸ਼ੁਰ ਦੀ ਕਲੀਸਿਯਾ ਹੈ। ਅਤੇ ਪਰਮੇਸ਼ੁਰ ਦੀ ਕਲੀਸਿਯਾ ਸੱਚ ਦਾ ਸਹਾਰਾ ਤੇ ਬੁਨਿਆਦ ਹੈ। 16 ਬਿਨਾ ਕਿਸੇ ਸ਼ੱਕ, ਸਾਡੀ ਰੱਬੀ ਜ਼ਿੰਦਗੀ ਦਾ ਰਹੱਸ ਮਹਾਨ ਹੈ:

ਉਹ ਸਾਨੂੰ ਮਨੁੱਖੀ ਸਰੀਰ ਦੇ ਰੂਪ ਵਿੱਚ ਦਰਸ਼ਾਇਆ ਗਿਆ ਸੀ;
ਆਤਮਾ ਨੇ ਇਹ ਪ੍ਰਮਾਣ ਦਿੱਤਾ ਕਿ ਉਹ ਸਹੀ ਸੀ;
ਉਸ ਨੂੰ ਦੂਤਾਂ ਨੇ ਦੇਖਿਆ।
ਉਸ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਹੋਰਾਂ ਕੌਮਾਂ ਵਿੱਚ ਕੀਤਾ ਗਿਆ;
ਦੁਨੀਆਂ ਦੇ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ
ਉਸ ਨੂੰ ਪੂਰੀ ਮਹਿਮਾ ਨਾਲ ਸਵਰਗਾਂ ਵਿੱਚ ਲਿਜਾਇਆ ਗਿਆ।

ਮਰਕੁਸ 11:27-12:12

ਯਹੂਦੀ ਆਗੂਆਂ ਨੂੰ ਯਿਸੂ ਦੇ ਅਧਿਕਾਰ ਤੇ ਸ਼ੰਕਾ(A)

27 ਯਿਸੂ ਅਤੇ ਉਸ ਦੇ ਚੇਲੇ ਫ਼ਿਰ ਯਰੂਸ਼ਲਮ ਨੂੰ ਆਏ ਅਤੇ ਜਦੋਂ ਉਹ ਮੰਦਰ ਵਿੱਚ ਘੁੰਮ ਰਿਹਾ ਸੀ, ਪ੍ਰਧਾਣ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਉਸ ਕੋਲ ਆਏ। 28 ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਦੱਸੋ, ਇਹ ਸਭ ਕੁਝ ਕਰਨ ਦਾ ਤੇਰੇ ਕੋਲ ਕੀ ਅਧਿਕਾਰ ਹੈ? ਇਹ ਗੱਲਾਂ ਕਰਨ ਦਾ ਅਧਿਕਾਰ ਤੈਨੂੰ ਕਿਸਨੇ ਦਿੱਤਾ?”

29 ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ, ਮੈਨੂੰ ਉਸਦਾ ਜਵਾਬ ਦੇਵੋ। ਤਾਂ ਫ਼ੇਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸਭ ਕਰਨ ਦਾ ਅਧਿਕਾਰ ਮੈਨੂੰ ਕਿਸਨੇ ਦਿੱਤਾ ਹੈ। 30 ਮੇਰੇ ਸਵਾਲ ਦਾ ਉੱਤਰ ਦਿਓ, ਕੀ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”

31 ਇਨ੍ਹਾਂ ਯਹੂਦੀ ਆਗੂਆਂ ਨੇ ਉਸ ਦੇ ਸਵਾਲ ਬਾਰੇ ਆਪਸ ਵਿੱਚ ਵਿੱਚਾਰ ਕੀਤੀ ਅਤੇ, ਇੱਕ-ਦੂਜੇ ਨੂੰ ਕਿਹਾ, “ਜੇਕਰ ਅਸੀਂ ਇਹ ਕਹੀਏ ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਤਾਂ ਉਹ ਕਹੇਗਾ, ਤੇ, ਫ਼ੇਰ ਤੁਸੀਂ ਯੂਹੰਨਾ ਨੂੰ ਕਿਉਂ ਨਹੀਂ ਮੰਨਦੇ? 32 ਪਰ ਜੇਕਰ ਅਸੀਂ ਕਹਿੰਦੇ ਹਾਂ, ਉਸਦਾ ਬਪਤਿਸਮਾ ਮਨੁੱਖ ਵੱਲੋਂ ਸੀ ਤਾਂ ਲੋਕ ਸਾਡੇ ਤੇ ਨਰਾਜ਼ ਹੋਣਗੇ।” (ਕਿਉਂਕਿ ਸਭ ਲੋਕਾਂ ਦਾ ਵਿਸ਼ਵਾਸ ਸੀ ਕਿ ਯੂਹੰਨਾ ਇੱਕ ਸੱਚਾ ਨਬੀ ਸੀ, ਇਸ ਲਈ ਆਗੂ ਉਨ੍ਹਾਂ ਤੋਂ ਡਰਦੇ ਸਨ।)

33 ਇਸ ਲਈ ਆਗੂਆਂ ਨੇ ਯਿਸੂ ਨੂੰ ਕਿਹਾ, “ਸਾਨੂੰ ਇਸਦਾ ਜਵਾਬ ਨਹੀਂ ਪਤਾ।”

ਯਿਸੂ ਨੇ ਆਖਿਆ, “ਤਾਂ ਨਾ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਗੱਲਾਂ ਕਰ ਰਿਹਾ ਹਾਂ।”

ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ(B)

12 ਯਿਸੂ ਲੋਕਾਂ ਨੂੰ ਦ੍ਰਿਸ਼ਟਾਤਾਂ ਵਿੱਚ ਸਮਝਾਉਣ ਲੱਗਾ ਅਤੇ ਆਖਿਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਗਾਇਆ। ਉਸ ਨੇ ਬਾਗ ਦੇ ਆਲੇ-ਦੁਆਲੇ ਬਾੜ ਕੀਤੀ, ਅਤੇ ਰਸ ਪ੍ਰਾਪਤ ਕਰਨ ਲਈ ਇੱਕ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ। ਉਹ ਆਦਮੀ ਇਹ ਬਾਗ ਕਿਰਾਏ ਤੇ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਯਾਤਰਾ ਤੇ ਚੱਲਾ ਗਿਆ।

“ਉਸਨੇ ਫ਼ਲ ਦੀ ਰੁੱਤ ਵੇਲੇ, ਆਪਣੇ ਨੋਕਰ ਨੂੰ ਕਿਸਾਨਾਂ ਕੋਲੋਂ ਆਪਣਾ ਅੰਗੂਰਾਂ ਦਾ ਹਿੱਸਾ ਲੈਣ ਵਾਸਤੇ ਭੇਜਿਆ। ਪਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਕੁਟਿਆ ਅਤੇ ਬਿਨਾ ਕੁਝ ਦਿੱਤੇ ਵਾਪਸ ਭੇਜ ਦਿੱਤਾ। ਫ਼ਿਰ ਉਸ ਆਦਮੀ ਨੇ ਉਨ੍ਹਾਂ ਕੋਲ ਆਪਣੇ ਇੱਕ ਹੋਰ ਨੋਕਰ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਸੱਟ ਮਾਰੀ ਅਤੇ ਉਸਦੀ ਵੀ ਬੇਇੱਜ਼ਤੀ ਕੀਤੀ। ਤਾਂ ਫ਼ਿਰ ਉਸ ਆਦਮੀ ਨੇ ਇੱਕ ਹੋਰ ਨੋਕਰ ਨੂੰ ਭੇਜਿਆ। ਉਨ੍ਹਾਂ ਇਸ ਨੂੰ ਜਾਨੋ ਹੀ ਮਾਰ ਦਿੱਤਾ। ਉਹ ਆਦਮੀ ਹੋਰ ਵੀ ਬਹੁਤ ਸਾਰੇ ਨੋਕਰਾਂ ਨੂੰ ਭੇਜਦਾ ਰਿਹਾ ਪਰ ਉਨ੍ਹਾਂ ਨੇ ਕਈਆਂ ਨੂੰ ਕੁਟਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਨੋ ਮਾਰ ਦਿੱਤਾ।

“ਹੁਣ ਉਸ ਆਦਮੀ ਕੋਲ ਇੱਕ ਹੀ ਬੰਦਾ ਰਹਿ ਗਿਆ ਸੋ ਵੀ ਉਸ ਨੇ ਉਨ੍ਹਾਂ ਕੋਲ ਭੇਜਿਆ। ਇਹ ਬੰਦਾ ਉਸਦਾ ਆਪਣਾ ਪੁੱਤਰ ਸੀ ਅਤੇ ਉਸ ਨੂੰ ਉਹ ਬਹੁਤ ਪਿਆਰ ਕਰਦਾ ਸੀ, ਪਰ ਫ਼ਿਰ ਵੀ ਉਸ ਨੇ ਆਪਣੇ ਪੁੱਤਰ ਨੂੰ ਕਿਸਾਨਾਂ ਕੋਲ ਇਹ ਕਹਿੰਦਿਆਂ ਭੇਜਿਆ ਕਿ ‘ਕਿਸਾਨ ਮੇਰੇ ਪੁੱਤਰ ਦਾ ਸਤਿਕਾਰ ਕਰਣਗੇ।’

“ਪਰ ਕਿਸਾਨਾਂ ਨੇ ਆਪਸ ਚ ਵਿੱਚਾਰ ਕੀਤੀ ਅਤੇ ਆਖਿਆ, ‘ਇਹ ਮਾਲਕ ਦਾ ਪੁੱਤਰ ਹੈ। ਬਾਗ ਉਸਦਾ ਹੋਵੇਗਾ। ਅਸੀਂ ਇਸ ਨੂੰ ਮਾਰ ਦੇਈਏ ਅਤੇ ਇਹ ਬਾਗ ਸਾਡਾ ਹੋ ਜਾਵੇਗਾ।’ ਤਾਂ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਵੀ ਫੜਿਆ ਅਤੇ ਜਾਨੋ ਮਾਰਕੇ ਖੇਤੋਂ ਪਾਰ ਸੁੱਟ ਦਿੱਤਾ।

“ਸੋ ਹੁਣ ਬਾਗ ਦਾ ਮਾਲਕ ਕੀ ਕਰੇਗਾ? ਹੁਣ ਉਹ ਬਾਗ ਵਿੱਚ ਆਵੇਗਾ ਅਤੇ ਸਾਰੇ ਕਿਸਾਨਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਹੋਰਨਾਂ ਨੂੰ ਸੌਂਪੇਗਾ। 10 ਤੁਸੀਂ ਇਹ ਅਵਸ਼ ਪੋਥੀ ਵਿੱਚ ਪੜ੍ਹਿਆ ਹੋਵੇਗਾ:

‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕਿਤਾ
    ਸੋ ਖੂੰਜੇ ਦਾ ਸਿਰਾ ਹੋ ਗਿਆ।
11 ਪ੍ਰਭੂ ਨੇ ਇਹ ਸਾਰਾ ਭਾਣਾ ਵਰਤਾਇਆ ਤੇ
    ਸਾਡੀ ਨਜ਼ਰ ਵਿੱਚ ਇਹ ਅਚਰਜ ਹੈ।’” (C)

12 ਉਨ੍ਹਾਂ ਯਹੂਦੀ ਆਗੂਆਂ ਨੇ ਵੀ ਇਹ ਦ੍ਰਿਸ਼ਟਾਂਤ ਸੁਣੀ ਅਤੇ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਹੀ ਸੀ। ਇਸ ਲਈ ਉਹ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਵਸਰ ਲੱਭ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸ ਨੂੰ ਉੱਥੇ ਹੀ ਛੱਡ ਕੇ ਚੱਲੇ ਗਏ।

Punjabi Bible: Easy-to-Read Version (ERV-PA)

2010 by World Bible Translation Center