Add parallel Print Page Options

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

124 ਸਾਡੇ ਨਾਲ ਕੀ ਵਾਪਰਦਾ ਜੇ ਯਹੋਵਾਹ ਸਾਡੇ ਵੱਲ ਨਾ ਹੁੰਦਾ?
    ਇਸਰਾਏਲ, ਜਵਾਬ ਦਿਉ।
ਸਾਡੇ ਨਾਲ ਕੀ ਵਾਪਰਦਾ, ਜੇ ਉਦੋਂ ਯਹੋਵਾਹ ਸਾਡੇ ਵੱਲ ਨਾ ਹੁੰਦਾ
    ਜਦੋਂ ਲੋਕ ਸਾਡੇ ਉੱਤੇ ਹਮਲਾ ਕਰਦੇ ਹਨ?
ਸਾਡੇ ਦੁਸ਼ਮਣ ਸਾਡੇ ਉੱਤੇ ਕ੍ਰੋਧਵਾਨ ਹੁੰਦੇ
    ਸਾਨੂੰ ਜਿਉਂਦਿਆ ਨੂੰ ਨਿਗਲ ਜਾਂਦੇ।
ਸਾਡੇ ਦੁਸ਼ਮਣਾ ਦੀਆਂ ਫ਼ੌਜਾਂ
    ਸਾਨੂੰ ਹੜ੍ਹ ਵਾਂਗ ਰੋੜ੍ਹ ਦਿੰਦੀਆਂ,
    ਸਾਨੂੰ ਦਰਿਆ ਵਾਂਗ ਡੋਬ ਦਿੰਦੀਆਂ।
ਉਹ ਲੋਕ ਸਾਡੀ ਧੌਣ ਤੱਕ ਚੜ੍ਹਦੇ ਪਾਣੀ ਵਾਂਗ ਹੁੰਦੇ
    ਅਤੇ ਸਾਨੂੰ ਡੋਬ ਦਿੰਦੇ।

ਯਹੋਵਾਹ ਦੀ ਉਸਤਤਿ ਕਰੋ!
    ਯਹੋਵਾਹ ਨੇ ਸਾਨੂੰ ਸਾਡੇ ਦੁਸ਼ਮਣਾ ਹੱਥੋਂ ਫ਼ੜੇ ਜਾਣ ਅਤੇ ਸਾਨੂੰ ਮਾਰਨ ਨਹੀਂ ਦਿੱਤਾ।

ਅਸੀਂ ਉਸ ਪੰਛੀ ਵਾਂਗ ਹਾਂ ਜਿਹੜਾ ਜਾਲ ਵਿੱਚ ਫ਼ਸ ਗਿਆ ਅਤੇ ਫ਼ੇਰ ਛੁੱਟ ਗਿਆ।
    ਜਾਲ ਟੁੱਟ ਗਿਆ ਅਤੇ ਅਸੀਂ ਛੁੱਟ ਗਏ।
ਸਾਨੂੰ ਯਹੋਵਾਹ ਕੋਲੋਂ ਮਦਦ ਮਿਲੀ।
    ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।

ਹੜਾਂ ਦੀ ਸਮਾਪਤੀ

ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਸਮੂਹ ਜਾਨਵਰਾਂ ਨੂੰ ਚੇਤੇ ਰੱਖਿਆ। ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ। ਇਸ ਨਾਲ ਸਾਰਾ ਪਾਣੀ ਘਟਣਾ ਸ਼ੁਰੂ ਹੋ ਗਿਆ।

ਅਕਾਸ਼ ਵਿੱਚੋਂ ਬਾਰਿਸ਼ ਹੋਣੀ ਬੰਦ ਹੋ ਗਈ ਅਤੇ ਧਰਤੀ ਹੇਠੋਂ ਪਾਣੀ ਵਗਣਾ ਬੰਦ ਹੋ ਗਿਆ। 3-4 ਜਿਸ ਪਾਣੀ ਨੇ ਧਰਤੀ ਨੂੰ ਕਜਿਆ ਹੋਇਆ ਸੀ, ਉਹ ਹੇਠਾਂ ਜਾਣਾ ਸ਼ੁਰੂ ਹੋ ਗਿਆ। 150 ਦਿਨਾਂ ਮਗਰੋਂ ਪਾਣੀ ਇੰਨਾ ਘਟ ਗਿਆ ਕਿ ਕਿਸ਼ਤੀ ਫ਼ੇਰ ਇੱਕ ਵਾਰੀ ਧਰਤੀ ਨੂੰ ਛੂਹਣ ਲਗੀ। ਕਿਸ਼ਤੀ ਅਰਾਰਾਤ ਦੇ ਪਰਬਤ ਦੀ ਇੱਕ ਚੋਟੀ ਉੱਤੇ ਰੁਕ ਗਈ। ਇਹ ਸੱਤਵੇਂ ਮਹੀਨੇ ਦਾ ਸਤਾਰਵਾਂ ਦਿਨ ਸੀ। ਪਾਣੀ ਹੇਠਾਂ ਉੱਤਰਦਾ ਰਿਹਾ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਪਰਬਤਾਂ ਦੀਆਂ ਚੋਟੀਆਂ ਦਿਸਣ ਲੱਗ ਪਈਆਂ।

ਚਾਲੀ ਦਿਨਾਂ ਮਗਰੋਂ, ਨੂਹ ਨੇ ਉਹ ਖਿੜਕੀ ਖੋਲ੍ਹੀ, ਜਿਹੜੀ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ। ਫ਼ੇਰ ਨੂਹ ਨੇ ਇੱਕ ਕਾਂ ਨੂੰ ਛੱਡਿਆ। ਪੰਛੀ ਧਰਤੀ ਦੇ ਸੁੱਕ ਜਾਣ ਅਤੇ ਪਾਣੀ ਦੇ ਚੱਲੇ ਜਾਣ ਤੀਕ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡਦਾ ਰਿਹਾ। ਨੂਹ ਨੇ ਇੱਕ ਘੁੱਗੀ ਵੀ ਛੱਡੀ। ਨੂਹ ਚਾਹੁੰਦਾ ਸੀ ਕਿ ਘੁੱਗੀ ਸੁੱਕੀ ਧਰਤੀ ਲੱਭ ਲਵੇ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਪਾਣੀ ਅਜੇ ਵੀ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਸੀ।

ਘੁੱਗੀ ਨੂੰ ਟਿਕਾਣੇ ਵਾਲੀ ਕੋਈ ਥਾਂ ਨਹੀਂ ਲੱਭੀ ਕਿਉਂਕਿ ਪਾਣੀ ਨੇ ਹਾਲੇ ਵੀ ਧਰਤੀ ਨੂੰ ਢੱਕਿਆ ਹੋਇਆ ਸੀ, ਇਸ ਲਈ ਘੁੱਗੀ ਕਿਸ਼ਤੀ ਵਿੱਚ ਵਾਪਸ ਪਰਤ ਆਈ। ਨੂਹ ਨੇ ਹੱਥ ਵੱਧਾਕੇ ਘੁੱਗੀ ਨੂੰ ਫ਼ੜ ਲਿਆ ਅਤੇ ਇਸ ਨੂੰ ਕਿਸ਼ਤੀ ਵਿੱਚ ਲੈ ਆਂਦਾ।

10 ਸੱਤਾਂ ਦਿਨਾਂ ਬਾਦ, ਨੂਹ ਨੇ ਇੱਕ ਵਾਰ ਫ਼ੇਰ ਘੁੱਗੀ ਨੂੰ ਛੱਡਿਆ। 11 ਅਤੇ ਉਸ ਸ਼ਾਮ ਨੂੰ ਘੁੱਗੀ ਨੂਹ ਕੋਲ ਵਾਪਸ ਪਰਤ ਆਈ। ਘੁੱਗੀ ਦੀ ਚੁੰਜ ਵਿੱਚ ਜੈਤੂਨ ਦਾ ਇੱਕ ਤਾਜ਼ਾ ਪੱਤਾ ਸੀ। ਇਹ ਨੂਹ ਨੂੰ ਇਹ ਦਰਸਾਉਣ ਦਾ ਸੰਕੇਤ ਸੀ ਕਿ ਧਰਤੀ ਉੱਤੇ ਸੁੱਕੀ ਜ਼ਮੀਨ ਸੀ। 12 ਉਸ ਨੇ ਸੱਤਾਂ ਦਿਨਾਂ ਮਗਰੋਂ ਘੁੱਗੀ ਨੂੰ ਫ਼ੇਰ ਛੱਡਿਆ। ਪਰ ਇਸ ਵਾਰੀ ਘੁੱਗੀ ਵਾਪਸ ਨਹੀਂ ਪਰਤੀ।

13 ਇਸਤੋਂ ਮਗਰੋਂ, ਨੂਹ ਨੇ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨੂਹ ਨੇ ਨਜ਼ਰ ਮਾਰੀ ਅਤੇ ਦੇਖਿਆ ਕਿ ਧਰਤੀ ਸੁੱਕੀ ਸੀ। ਇਹ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। ਨੂਹ 601 ਵਰ੍ਹਿਆਂ ਦਾ ਸੀ। 14 ਦੂਸਰੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕੀ ਸੀ।

15 ਫ਼ੇਰ ਪਰਮੇਸ਼ੁਰ ਨੇ ਨੂਹ ਨੂੰ ਆਖਿਆ, 16 “ਕਿਸ਼ਤੀ ਵਿੱਚੋਂ ਬਾਹਰ ਆ ਜਾ। ਤੈਨੂੰ, ਤੇਰੀ ਪਤਨੀ, ਤੇਰੇ ਪੁੱਤਰਾਂ ਅਤੇ ਤੇਰੀ ਨੂਹਾਂ ਨੂੰ ਹੁਣ ਬਾਹਰ ਆ ਜਾਣਾ ਚਾਹੀਦਾ ਹੈ। 17 ਕਿਸ਼ਤੀ ਵਿੱਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ-ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।”

18 ਇਸ ਲਈ ਨੂਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਬਾਹਰ ਆ ਗਿਆ। 19 ਸਮੂਹ ਜਾਨਵਰ, ਰੀਂਗਣ ਵਾਲੇ ਜੀਵ ਅਤੇ ਹਰ ਪੰਛੀ ਅਤੇ ਹਰ ਜੀਵਿਤ ਪ੍ਰਾਣੀ ਜੋ ਧਰਤੀ ਉੱਤੇ ਚਲਦਾ ਕਿਸ਼ਤੀ ਵਿੱਚੋਂ ਪਰਿਵਾਰਾਂ ਨਾਲ ਬਾਹਰ ਆ ਗਏ।

Read full chapter

ਪਾਪ ਵੱਲੋਂ ਮਰ ਕੇ ਪਰ ਮਸੀਹ ਲਈ ਜਿਉਣਾ

ਤਾਂ ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਪਾਪ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਰਮੇਸ਼ੁਰ ਸਾਨੂੰ ਵੱਧ ਤੋਂ ਵੱਧ ਕਿਰਪਾ ਦੇਵੇ। ਨਿਸ਼ਚਿਤ ਹੀ ਨਹੀਂ। ਅਸੀਂ ਆਪਣੀ ਪੁਰਾਣੀ ਪਾਪ ਦੀ ਜ਼ਿੰਦਗੀ ਲਈ ਮਰ ਚੁੱਕੇ ਹਾਂ। ਤਾਂ ਹੁਣ ਅਸੀਂ ਪਾਪ ਨਾਲ ਜਿਉਣਾ ਜਾਰੀ ਕਿਵੇਂ ਰੱਖ ਸੱਕਦੇ ਹਾਂ? ਕੀ ਤੁਸੀਂ ਭੁੱਲ ਗਏ ਹੋ ਕਿ ਅਸੀਂ ਸਾਰੇ, ਜਿਨ੍ਹਾਂ ਨੂੰ ਮਸੀਹ ਯਿਸੂ ਵਿੱਚ ਬਪਤਿਸਮਾ ਦਿੱਤਾ ਗਿਆ ਸੀ, ਉਸਦਾ ਇੱਕ ਅੰਗ ਬਣ ਚੁੱਕੇ ਹਾਂ। ਅਸੀਂ ਉਸ ਦੇ ਬਪਤਿਸਮੇ ਰਾਹੀਂ ਉਸਦੀ ਮੌਤ ਨੂੰ ਸਾਂਝਾ ਕੀਤਾ ਹੈ ਜਿਹੜਾ ਅਸਾਂ ਲਿਆ ਸੀ। ਇਸ ਲਈ ਜਦੋਂ ਸਾਨੂੰ ਬਪਤਿਸਮਾ ਦਿੱਤਾ ਗਿਆ ਸੀ, ਅਸੀਂ ਮਸੀਹ ਦੇ ਨਾਲ ਹੀ ਦਫ਼ਨਾਏ ਗਏ ਸਾਂ ਅਤੇ ਉਸ ਨਾਲ ਮੌਤ ਸਾਂਝੀ ਕੀਤੀ। ਅਸੀਂ ਮਸੀਹ ਨਾਲ ਇਸ ਲਈ ਦਫ਼ਨਾਏ ਗਏ ਤਾਂ ਜੋ ਅਸੀਂ ਜਿਵਾਲੇ ਜਾਈਏ ਅਤੇ ਇੱਕ ਨਵਾਂ ਜੀਵਨ ਜੀਵੀਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਮਸੀਹ ਨੂੰ ਪਿਤਾ ਦੀ ਮਹਾਨ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ।

ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁੜ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸ ਦੇ ਪੁਨਰ ਉਥਾਨ ਵਿੱਚ ਉਸ ਦੇ ਨਾਲ ਜੁੜਾਂਗੇ। ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਪਾਪੀ ਸੁਭਾਅ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਇਆ ਗਿਆ ਸੀ। ਇਹ ਇਸ ਲਈ ਵਾਪਰਿਆ ਤਾਂ ਜੋ ਸਾਡੇ ਪਾਪੀ ਸੁਭਾਅ ਦਾ ਸਾਡੇ ਉੱਤੇ ਕੋਈ ਇਖਤਿਆਰ ਨਾ ਹੋਵੇ। ਅਸੀਂ ਪਾਪ ਦੇ ਹੋਰ ਗੁਲਾਮ ਨਾ ਹੋਈਏ। ਕੋਈ ਵੀ ਮਨੁੱਖ ਜੋ ਮਰ ਗਿਆ ਹੈ ਪਾਪ ਦੀ ਸ਼ਕਤੀ ਤੋਂ ਆਜ਼ਾਦ ਹੈ।

ਜੇ ਅਸੀਂ ਮਸੀਹ ਨਾਲ ਮਰੇ, ਤਾਂ ਸਾਡਾ ਵਿਸ਼ਵਾਸ ਹੈ ਕਿ ਅਸੀਂ ਵੀ ਉਸ ਦੇ ਨਾਲ ਜੀਵਾਂਗੇ। ਸਾਨੂੰ ਪਤਾ ਹੈ ਕਿ ਮਸੀਹ ਮੁਰਦਿਆਂ ਤੋਂ ਜਿਵਾਲਿਆ ਗਿਆ ਸੀ, ਇਸ ਲਈ ਉਹ ਦੁਬਾਰਾ ਨਹੀਂ ਮਰ ਸੱਕਦਾ। ਹੁਣ ਮੌਤ ਦਾ ਉਸ ਉੱਪਰ ਕੋਈ ਵੱਸ ਨਹੀਂ। 10 ਹਾਂ, ਮਸੀਹ ਸਾਡੇ ਪਾਪਾਂ ਲਈ ਇੱਕੋ ਵਾਰ ਮਰ ਗਿਆ ਸੀ। ਅਤੇ ਜਿਹੜੀ ਜ਼ਿੰਦਗੀ ਉਹ ਹੁਣ ਜਿਉਂ ਰਿਹਾ ਹੈ ਉਹ ਪਰਮੇਸ਼ੁਰ ਲਈ ਹੈ। 11 ਇਸੇ ਤਰ੍ਹਾਂ, ਤੁਸੀਂ ਵੀ ਆਪਣੇ-ਆਪ ਨੂੰ ਪਾਪ ਵੱਲੋਂ ਮਰੇ ਹੋਏ ਸਮਝੋ। ਪਰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਲਈ ਜਿਉਂਦੇ ਸਮਝੋ।

Read full chapter