A A A A A
Bible Book List

ਮੱਤੀ 8 Punjabi Bible: Easy-to-Read Version (ERV-PA)

ਯਿਸੂ ਦਾ ਰੋਗੀ ਨੂੰ ਚੰਗਾ ਕਰਨਾ

ਜਦੋਂ ਉਹ ਪਹਾੜੀ ਤੋਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ। ਇੱਕ ਕੋੜ੍ਹੀ ਨੇ ਯਿਸੂ ਕੋਲ ਆਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਠੀਕ ਕਰ ਸੱਕਦੇ ਹੋਂ।”

ਯਿਸੂ ਨੇ ਆਪਣਾ ਹੱਥ ਫ਼ੈਲਾਇਆ ਅਤੇ ਉਸ ਆਦਮੀ ਨੂੰ ਛੋਹਿਆ ਅਤੇ ਆਖਿਆ, “ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ।” ਅਤੇ ਉਸੇ ਵੇਲੇ ਕੋੜ੍ਹੀ ਦਾ ਕੋੜ੍ਹ ਜਾਂਦਾ ਰਿਹਾ। ਤਾਂ ਯਿਸੂ ਨੇ ਉਸ ਨੂੰ ਆਖਿਆ, “ਹੁਣੇ ਜੋ ਕੁਝ ਵਾਪਰਿਆ ਹੈ ਜਾਕੇ ਕਿਸੇ ਨੂੰ ਨਾ ਦੱਸੀਂ, ਪਰ ਜਾਕੇ ਆਪਣੇ ਜਾਜਕ ਨੂੰ ਵਿਖਾਈਂ ਅਤੇ ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਜਾਕੇ ਭੇਟਾ ਚੜ੍ਹਾ ਲੋਕਾਂ ਲਈ ਇਹ ਇੱਕ ਸਾਖੀ ਹੋਵੇਗੀ।”

ਯਿਸੂ ਦਾ ਸੂਬੇਦਾਰ ਦੇ ਨੌਕਰ ਨੂੰ ਠੀਕ ਕਰਨਾ

ਜਦੋਂ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਗਿਆ, ਤਾਂ ਸੂਬੇਦਾਰ ਉਸ ਕੋਲ ਇੱਕ ਬੇਨਤੀ ਲੈ ਕੇ ਆਇਆ, “ਪ੍ਰਭੂ ਜੀ ਮੇਰਾ ਨੌਕਰ ਅਧਰੰਗ ਤੇ ਦਰਦ ਦਾ ਮਾਰਿਆ ਘਰ ਵਿੱਚ ਮੰਜੇ ਤੇ ਬਿਮਾਰ ਪਿਆ ਹੈ।”

ਫ਼ੇਰ ਉਸ ਨੇ ਸੂਬੇਦਾਰ ਨੂੰ ਆਖਿਆ, “ਮੈਂ ਆਣਕੇ ਉਸ ਨੂੰ ਚੰਗਾ ਕਰ ਦਿਆਂਗਾ।”

ਪਰ ਸੂਬੇਦਾਰ ਨੇ ਉੱਤਰ ਦਿੱਤਾ, “ਪ੍ਰਭੂ ਜੀ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਜੇਕਰ ਤੁਸੀਂ ਸਿਰਫ਼ ਬਚਨ ਵੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। ਕਿਉਂਕਿ ਮੈਂ ਵੀ ਦੂਜਿਆਂ ਦੇ ਅਧਿਕਾਰ ਹੇਠਾਂ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧਿਕਾਰ ਵਿੱਚ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ‘ਜਾ!’ ਤਾਂ ਉਹ ਜਾਂਦਾ ਹੈ ਅਤੇ ਜਦ ਦੂਜੇ ਨੂੰ ਕਹਾਂ, ‘ਆ!’ ਤਾਂ ਉਹ ਆਉਂਦਾ ਹੈ, ਅਤੇ ਜਦ ਅਪਣੇ ਨੌਕਰ ਨੂੰ ਕਹਿੰਦਾ ਹਾਂ ਇੰਝ ਕਰ ਤਾਂ ਉਹ ਉਵੇਂ ਕਰਦਾ ਹੈ।”

10 ਯਿਸੂ ਨੇ ਇਹ ਸੁਣਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ-ਮਗਰ ਆਉਂਦੇ ਸਨ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਆਦਮੀ ਵਿੱਚ ਇਸਰਾਏਲ ਦੇ ਕਿਸੇ ਵੀ ਆਦਮੀ ਨਾਲੋਂ ਵੱਧ ਵਿਸ਼ਵਾਸ ਹੈ। 11 ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਵਿੱਚੋਂ ਆਉਣਗੇ। ਉਹ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਕੇ ਖਾਣਗੇ। 12 ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”

13 ਤਦ ਯਿਸੂ ਨੇ ਸੂਬੇਦਾਰ ਨੂੰ ਆਖਿਆ, “ਤੂੰ ਘਰ ਜਾ, ਜਿਵੇਂ ਤੂੰ ਵਿਸ਼ਵਾਸ ਕੀਤੀ ਹੈ ਉਹ ਉਵੇਂ ਹੀ ਚੰਗਾ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ।

ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ

14 ਯਿਸੂ ਨੇ ਪਤਰਸ ਦੇ ਘਰ ਆਕੇ ਉਸਦੀ ਸੱਸ ਨੂੰ ਤਾਪ ਨਾਲ ਪਈ ਵੇਖਿਆ। 15 ਤਾਂ ਯਿਸੂ ਨੇ ਉਸਦਾ ਹੱਥ ਛੋਹਿਆ ਅਤੇ ਉਸਦਾ ਤਾਪ ਲਹਿ ਗਿਆ, ਫ਼ੇਰ ਉਸ ਨੇ ਉੱਠ ਕੇ ਉਸਦੀ ਖਾਤਿਰ ਕੀਤੀ।

16 ਜਦੋਂ ਸ਼ਾਮ ਹੋਈ ਤਾਂ ਉਸ ਕੋਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਲਿਆਇਆ ਗਿਆ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਯਿਸੂ ਨੇ ਆਪਣੇ ਬਚਨਾਂ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਯਿਸੂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੰਗਿਆਂ ਕਰ ਦਿੱਤਾ ਜੋ ਬਿਮਾਰ ਸਨ। 17 ਉਸ ਨੇ ਇਹ ਨਬੀ ਯਸਾਯਾਹ ਦੇ ਬਚਨਾਂ ਨੂੰ ਪੂਰਾ ਕਰਨ ਲਈ ਕੀਤਾ:

“ਉਸਨੇ ਖੁਦ ਸਾਡੀਆਂ ਬਿਮਾਰੀਆਂ ਲੈ ਲਈਆਂ
    ਅਤੇ ਰੋਗਾਂ ਨੂੰ ਚੁੱਕ ਲਿਆ।”

ਯਿਸੂ ਦਾ ਅਨੁਸਰਣ

18 ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਵੇਖੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਝੀਲ ਦੇ ਪਰਲੇ ਪਾਰ ਜਾਣ ਲਈ ਕਿਹਾ। 19 ਫ਼ੇਰ ਇੱਕ ਨੇਮ ਦੇ ਉਪਦੇਸ਼ਕ ਨੇ ਯਿਸੂ ਨੂੰ ਕੋਲ ਆਕੇ ਕਿਹਾ, “ਗੁਰੂ ਜੀ ਜਿੱਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਪਿੱਛੇ ਚੱਲਾਂਗਾ।”

20 ਤਾਂ ਯਿਸੂ ਨੇ ਉਸ ਨੂੰ ਆਖਿਆ, “ਲੂੰਬੜੀਆਂ ਦੇ ਘੁਰਨੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਨੂੰ ਸਿਰ ਰੱਖ ਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ ਹੈ।”

21 ਉਸ ਦੇ ਇੱਕ ਦੂਜੇ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ, ਮੈਨੂੰ ਪਰਵਾਨਗੀ ਦਿਓ ਕਿ ਮੈਂ ਪਹਿਲਾਂ ਜਾਕੇ ਆਪਣੇ ਪਿਉ ਨੂੰ ਦਫ਼ਨਾਵਾਂ ਫੇਰ ਮੈਂ ਤੁਹਾਡਾ ਅਨੁਸਰਣ ਕਰਾਂਗਾ।”

22 ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਖੁਦ ਦੱਬਣ ਦੇ।”

ਯਿਸੂ ਦਾ ਤੂਫਾਨ ਨੂੰ ਰੋਕਣਾ

23 ਜਦੋਂ ਯਿਸੂ ਬੇੜੀ ਉੱਤੇ ਚੜ੍ਹ੍ਹਿਆ ਤਾਂ ਉਸ ਦੇ ਚੇਲੇ ਉਸ ਦੇ ਮਗਰ ਆਏ। 24 ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇੜੀ ਲਹਿਰਾਂ ਵਿੱਚ ਹੀ ਲੁੱਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ। 25 ਚੇਲੇ ਉਸ ਕੋਲ ਆਏ ਅਤੇ ਉਸ ਨੂੰ ਜਗਾਇਆ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਸਾਨੂੰ ਬਚਾਓ, ਅਸੀਂ ਡੁੱਬ ਰਹੇ ਹਾਂ।”

26 ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨਾ ਕਿਉਂ ਡਰਦੇ ਹੋ? ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈ।” ਤਦ ਉਸ ਨੇ ਉੱਠ ਕੇ ਹਵਾ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਫਿਰ ਇੱਕਦਮ ਚੈਨ ਹੋ ਗਿਆ।

27 ਤਾਂ ਉਹ ਮਨੁੱਖ ਹੈਰਾਨ ਹੋਕੇ ਬੋਲੇ, “ਇਹ ਕਿਹੋ ਜਿਹਾ ਪੁਰੱਖ ਹੈ ਕਿ ਹਵਾ ਅਤੇ ਲਹਿਰਾਂ ਵੀ ਇਸਦੀ ਗੱਲ ਮੰਨ ਲੈਦੀਆਂ ਹਨ!”

ਯਿਸੂ ਨੇ ਦੋ ਮਨੁੱਖਾਂ ਵਿੱਚੋਂ ਭੂਤ ਕੱਢੇ

28 ਜਦੋਂ ਯਿਸੂ ਝੀਲ ਦੇ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਕਬਰਾਂ ਵਿੱਚੋਂ ਨਿਕਲ ਕੇ ਯਿਸੂ ਕੋਲ ਆਏ ਅਤੇ ਉਹ ਇੰਨੇ ਖਤਰਨਾਕ ਸਨ ਕਿ ਉਸ ਰਸਤੇ ਤੋਂ ਕੋਈ ਲੰਘ ਨਹੀਂ ਸੀ ਸੱਕਦਾ। 29 ਉਨ੍ਹਾਂ ਦੋ ਮਨੁੱਖਾਂ ਨੇ ਉਸ ਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈ?”

30 ਉਨ੍ਹਾਂ ਤੋਂ ਕੁਝ ਦੂਰ, ਉੱਥੇ ਸੂਰਾਂ ਦਾ ਬਹੁਤ ਵੱਡਾ ਇੱਜ਼ੜ ਚਰ ਰਿਹਾ ਸੀ। 31 ਭੂਤਾਂ ਨੇ ਉਸਦੀਆਂ ਮਿੰਨਤਾਂ ਕਰਕੇ ਆਖਿਆ, “ਜੇਕਰ ਤੂੰ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘਲ ਦੇ।”

32 ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ” ਤਾਂ ਭੂਤ ਨਿਕਲ ਕੇ ਸੂਰਾਂ ਵਿੱਚ ਜਾ ਵੜੇ, ਉਹ ਸੂਰਾਂ ਦਾ ਇੱਜ਼ੜ ਪਹਾੜੀ ਦੀ ਢਲਾਣ ਤੋਂ ਭੱਜਿਆ ਅਤੇ ਝੀਲ ਵਿੱਚ ਡਿੱਗ ਪਿਆ ਅਤੇ ਡੁੱਬ ਗਿਆ। 33 ਤਦ ਸੂਰਾਂ ਦੇ ਇਜ਼ੜ ਦੇ ਰੱਖਵਾਲੇ ਸ਼ਹਿਰ ਅੰਦਰ ਨੂੰ ਭੱਜੇ। ਉਨ੍ਹਾਂ ਨੇ ਸੂਰਾਂ ਅਤੇ ਭੂਤਾਂ ਦੇ ਕਾਬਿਜ਼ ਲੋਕਾਂ ਨਾਲ ਵਾਪਰਨ ਵਾਲੀ ਘਟਨਾ ਦਾ ਵਰਨਣ ਕਰ ਦਿੱਤਾ। 34 ਤਦ ਸਾਰਾ ਨਗਰ ਯਿਸੂ ਨੂੰ ਮਿਲਣ ਲਈ ਆਇਆ ਅਤੇ ਉਸ ਨੂੰ ਉਨ੍ਹਾਂ ਦਾ ਇਲਾਕਾ ਛੱਡਣ ਲਈ ਬੇਨਤੀ ਕੀਤੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes