Add parallel Print Page Options

ਪਰਮੇਸ਼ੁਰ ਦੇ ਰਾਜ ਨੂੰ ਪਹਿਲ(A)

25 “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? 26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ। 27 ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।

28 “ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ। 29 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ। 30 ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?

31 “ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’ 32 ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ।

Read full chapter