ਲੂਕਾ 22:21-38
Punjabi Bible: Easy-to-Read Version
ਯਿਸੂ ਦਾ ਵੈਰੀ ਕੌਣ ਬਣੇਗਾ
21 ਯਿਸੂ ਨੇ ਆਖਿਆ, “ਪਰ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਧੋਖਾ ਦੇਵੇਗਾ। ਉਸਦਾ ਹੱਥ ਮੇਰੇ ਨਾਲ ਮੇਜ ਉੱਤੇ ਹੀ ਹੈ। 22 ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ ਆਖਿਆ ਗਿਆ ਹੈ, ਪਰ ਇਹ ਉਸ ਵਿਅਕਤੀ ਲਈ ਭਿਆਨਕ ਹੋਵੇਗਾ ਜੋ ਉਸ ਨੂੰ ਧੋਖਾ ਦੇਵੇਗਾ।”
23 ਤਾਂ ਰਸੂਲ ਆਪਸ ਵਿੱਚ ਇਹ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਕਰੇਗਾ?
ਸੇਵਕ ਵਾਂਗ ਰਹੋ
24 ਉਸਤੋਂ ਬਾਦ ਰਸੂਲਾਂ ਨੇ ਆਪਸ ਵਿੱਚ ਇਹ ਆਖਦਿਆਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਕੌਣ ਮਹਾਨ ਹੈ? 25 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਦੁਨੀਆਂ ਦੇ ਰਾਜੇ ਪ੍ਰਭੂਆਂ ਵਾਂਗ ਆਪਣੇ ਲੋਕਾਂ ਤੇ ਸ਼ਾਸਨ ਕਰਦੇ ਹਨ। ਜਿਨ੍ਹਾਂ ਕੋਲ ਦੂਸਰਿਆਂ ਉੱਪਰ ਇਖਤਿਆਰ ਹੈ ਉਹ ‘ਆਪਣੇ-ਆਪ ਨੂੰ ਲੋਕਾਂ ਦੇ ਮਦਦਗਾਰ ਕਹਾਉਂਦੇ ਹਨ।’ 26 ਪਰ ਤੁਹਾਨੂੰ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ। ਇਸਦੀ ਜਗ੍ਹਾ ਤੁਹਾਡੇ ਵਿੱਚੋਂ ਮਹਾਨ ਆਦਮੀ ਨੂੰ ਸਭ ਤੋਂ ਛੋਟੇ ਵਰਗਾ ਬਣ ਜਾਣਾ ਚਾਹੀਦਾ ਹੈ। ਆਗੂਆਂ ਨੂੰ ਸੇਵਕਾਂ ਵਾਂਗ ਹੋਣਾ ਚਾਹੀਦਾ ਹੈ। 27 ਤੁਹਾਡੀ ਰਾਇ ਵਿੱਚ ਕੌਣ ਵੱਧ ਮਹੱਤਵਯੋਗ ਹੈ: ਜੋ ਵਿਅਕਤੀ ਖਾਣੇ ਦੀ ਮੇਜ ਤੇ ਬੈਠਾ ਜਾਂ ਜਿਹੜਾ ਵਿਅਕਤੀ ਉਸਦੀ ਸੇਵਾ ਕਰ ਰਿਹਾ ਹੈ? ਤੁਹਾਡੇ ਖਿਆਲ ਵਿੱਚ ਜਿਹੜਾ ਮੇਜ ਤੇ ਬੈਠਾ ਹੈ ਮਹਾਨ ਹੈ ਮੈਂ ਤੁਹਾਡੇ ਵਿੱਚੋਂ ਸੇਵਕਾਂ ਵਰਗਾ ਹਾਂ।
28 “ਤੁਸੀਂ ਹੀ ਹੋ ਜੋ ਮੇਰੇ ਪਰਤਿਆਵਿਆਂ ਦੌਰਾਨ ਮੇਰੇ ਨਾਲ ਰਹੇ। 29 ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਰਾਜ ਦਿੱਤਾ ਹੈ, ਮੈਂ ਵੀ ਤੁਹਾਨੂੰ ਇੱਕ ਰਾਜ ਦੇਵਾਂਗਾ। 30 “ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ ਤੇ ਬੈਠੋਂਗੇ। ਅਤੇ ਤੁਸੀਂ ਸਿੰਘਾਸਨ ਤੇ ਬੈਠਕੇ ਇਸਰਾਏਲ ਦੀਆਂ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਂਗੇ।
ਆਪਣਾ ਵਿਸ਼ਵਾਸ ਨਾ ਛੱਡੋ(A)
31 “ਆਓ ਸ਼ਮਊਨ, ਸ਼ਮਊਨ ਸ਼ੈਤਾਨ ਨੇ ਤੈਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ। 32 ਮੈਂ ਪ੍ਰਾਰਥਨਾ ਤੇਰੇ ਲਈ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਕਾਇਮ ਰਹੇ। ਅਤੇ ਜਦੋਂ ਤੂੰ ਵਾਪਸ ਮੇਰੇ ਕੋਲ ਮੁੜੇਂ ਤਾ ਆਪਣੇ ਭਾਈਆਂ ਨੂੰ ਵੀ ਤਕੜਾ ਕਰੀਂ।”
33 ਪਰ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ! ਮੈਂ ਤੇਰੇ ਨਾਲ ਕੈਦ ਹੋਣ ਨੂੰ ਵੀ ਤਿਆਰ ਹਾਂ, ਅਤੇ ਤੇਰੇ ਨਾਲ ਮਰਨ ਨੂੰ ਵੀ।”
34 ਪਰ ਯਿਸੂ ਨੇ ਕਿਹਾ, “ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਹੀਂ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੇ ਕਿ ਮੈਂ ਤੈਨੂੰ ਨਹੀਂ ਜਾਣਦਾ।”
ਬਿਪਤਾ ਲਈ ਤਿਆਰ ਰਹੋ
35 ਤਦ ਯਿਸੂ ਨੇ ਰਸੂਲਾਂ ਨੂੰ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਦੇਣ ਲਈ ਭੇਜਿਆ। ਮੈਂ ਤੁਹਾਨੂੰ ਬਿਨਾ ਪੈਸੇ, ਥੈਲੇ ਅਤੇ ਜੁਤਿਆਂ ਦੇ ਭੇਜ ਦਿੱਤਾ। ਪਰ ਕੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆਈ?”
ਰਸੂਲਾਂ ਨੇ ਆਖਿਆ, “ਨਹੀਂ।”
36 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜੇਕਰ ਤੁਹਾਡੇ ਕੋਲ ਪੈਸੇ ਤੇ ਇੱਕ ਝੋਲਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲਵੋ। ਜੇਕਰ ਤੁਹਾਡੇ ਕੋਲ ਇੱਕ ਤਲਵਾਰ ਨਹੀਂ ਹੈ, ਤਾਂ ਆਪਣਾ ਕੁੜਤਾ ਵੇਚਕੇ ਇੱਕ ਖਰੀਦ ਲਵੋ।” 37 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:
‘ਲੋਕਾਂ ਆਖਿਆ ਕਿ ਉਹ ਇੱਕ ਅਪਰਾਧੀ ਹੈ।’ (B)
ਇਹ ਗੱਲ ਜਿਹੜੀ ਮੇਰੇ ਬਾਰੇ ਲਿਖੀ ਗਈ ਸੀ ਵਾਪਰਨੀ ਚਾਹੀਦੀ ਹੈ। ਅਤੇ ਅਸਲ ਵਿੱਚ ਹੁਣ ਵਾਪਰ ਰਹੀ ਹੈ”
38 ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ, ਇੱਥੇ ਦੋ ਤਲਵਾਰਾਂ ਹਨ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਹ ਕਾਫ਼ੀ ਹਨ।”
Read full chapter2010 by Bible League International