ਲੂਕਾ 9:57-10:12
Punjabi Bible: Easy-to-Read Version
ਯਿਸੂ ਦਾ ਅਨੁਸਰਣ ਕਰਨਾ(A)
57 ਜਦੋਂ ਉਹ ਰਾਹ ਤੇ ਚੱਲੇ ਜਾ ਰਹੇ ਸਨ ਤਾਂ ਕਿਸੇ ਨੇ ਯਿਸੂ ਨੂੰ ਕਿਹਾ, “ਜਿੱਥੇ ਕਿਤੇ ਵੀ ਤੁਸੀਂ ਜਾਵੋ, ਮੈਂ ਤੁਹਾਡਾ ਪਿੱਛਾ ਕਰਾਂਗਾ।”
58 ਯਿਸੂ ਨੇ ਆਖਿਆ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ ਅਤੇ ਪੰਛੀਆਂ ਦੇ ਰਹਿਣ ਲਈ ਆਲ੍ਹਣੇ। ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ।”
59 ਯਿਸੂ ਨੇ ਇੱਕ ਹੋਰ ਮਨੁੱਖ ਨੂੰ ਕਿਹਾ, “ਮੇਰੇ ਪਿੱਛੇ ਤੁਰ ਆ!”
ਪਰ ਆਦਮੀ ਨੇ ਆਖਿਆ, “ਪ੍ਰਭੂ ਜੀ! ਕਿਰਪਾ ਕਰਕੇ ਮੈਨੂੰ ਜਾਣ ਦੀ ਆਗਿਆ ਦੇਵੋ ਤਾਂ ਜੋ ਮੈਂ ਪਹਿਲਾਂ ਆਪਣੇ ਪਿਓ ਨੂੰ ਦਫ਼ਨਾ ਆਵਾਂ।”
60 ਪਰ ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਨੂੰ ਆਪਣੇ ਮੁਰਦੇ ਆਪੇ ਦੱਬਣ ਦਿਓ ਪਰ ਤੂੰ ਜਾ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਉਨ੍ਹਾਂ ਨੂੰ ਦੱਸ।”
61 ਦੂਜੇ ਆਦਮੀ ਨੇ ਆਖਿਆ, “ਪ੍ਰਭੂ, ਮੈਂ ਤੁਹਾਡੇ ਮਗਰ ਤੁਰਾਂਗਾ। ਪਰ ਪਹਿਲਾਂ ਮੈਨੂੰ ਆਗਿਆ ਦੇਵੋ ਕਿ ਮੈਂ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਆਵਾਂ।”
62 ਯਿਸੂ ਨੇ ਆਖਿਆ, “ਜੇਕਰ ਕੋਈ ਆਪਣਾ ਹੱਥ ਹੱਲ ਤੇ ਰੱਖਕੇ ਪਿੱਛਾਹਾਂ ਝਾਕਦਾ ਹੈ, ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਲਾਇੱਕ ਨਹੀਂ ਹੈ।”
ਯਿਸੂ ਵੱਲੋਂ 72 ਮਨੁੱਖ ਭੇਜੇ ਜਾਣੇ
10 ਇਸਤੋਂ ਬਾਦ ਪ੍ਰਭੂ ਨੇ 72 [a] ਹੋਰ ਆਦਮੀ ਚੁਣੇ। ਉਸ ਨੇ ਉਨ੍ਹਾਂ ਨੂੰ ਦੋ-ਦੋ ਆਦਮੀਆਂ ਦੇ ਸਮੂਹਾਂ ਵਿੱਚ ਕੀਤਾ। ਅਤੇ ਉਨ੍ਹਾਂ ਨੂੰ ਸਾਰੇ ਨਗਰਾਂ ਅਤੇ ਸਾਰੀਆਂ ਥਾਵਾਂ ਤੇ ਆਪਣੇ ਅੱਗੇ-ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲਾ ਸੀ। 2 ਉਸ ਨੇ ਉਨ੍ਹਾਂ ਨੂੰ ਕਿਹਾ, “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ, ਇਸ ਲਈ ਤੁਸੀਂ ਫ਼ਸਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਵਾਢੇ ਭੇਜੇ।
3 “ਤੁਸੀਂ ਜਾਓ। ਪਰ ਸਾਵੱਧਾਨ ਰਹੋ! ਮੈਂ ਤੁਹਾਨੂੰ ਬਘਿਆੜਾਂ ਵਿੱਚ ਲੇਲਿਆਂ ਵਾਂਗ ਭੇਜ ਰਿਹਾ ਹਾਂ। 4 ਆਪਣੇ ਨਾਲ ਕੋਈ ਪੈਸਾ, ਥੈਲਾ, ਜਾਂ ਜੁੱਤੇ ਵਗੈਰਾ ਨਾ ਲੈਣਾ ਅਤੇ ਨਾ ਹੀ ਰਾਹ ਜਾਂਦੇ ਲੋਕਾਂ ਨਾਲ ਗੱਲੀ ਲੱਗਣਾ। 5 ਜਿਸ ਘਰ ਵਿੱਚ ਵੀ ਤੁਸੀਂ ਜਾਵੋ ਪਹਿਲਾਂ ਇਹ ਆਖੋ ਕਿ ‘ਇਸ ਘਰ ਵਿੱਚ ਸ਼ਾਂਤੀ ਰਹੇ।’ 6 ਜੇਕਰ ਉੱਥੇ ਕੋਈ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ, ਤੁਹਾਡੀ ਸ਼ਾਂਤੀ ਦੀ ਅਸੀਸ ਉਸ ਦੇ ਨਾਲ ਹੋਵੇਗੀ। ਜੇਕਰ ਨਹੀਂ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਤੁਹਾਡੇ ਕੋਲ ਵਾਪਸ ਆ ਜਾਵੇਗੀ। 7 ਉਸ ਘਰ ਵਿੱਚ ਰਹਿਣਾ ਜੋ ਸ਼ਾਂਤੀ ਨੂੰ ਪਿਆਰ ਕਰਦਾ ਹੈ। ਅਤੇ ਉਹ ਜੋ ਖਾਣ-ਪੀਣ ਨੂੰ ਦੇਣ ਉਹੀ ਖਾਣਾ। ਕਿਉਂਕਿ ਇੱਕ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੁੰਦਾ ਹੈ। ਤੁਸੀਂ ਇੱਕ ਘਰ ਛੱਡ ਕੇ ਦੂਜੇ ਘਰ ਨਾ ਜਾਣਾ।
8 “ਅਤੇ ਜਦੋਂ ਤੁਸੀਂ ਇੱਕ ਨਗਰ ਵਿੱਚ ਪ੍ਰਵੇਸ਼ ਕਰੋ ਅਤੇ ਲੋਕ ਤੁਹਾਡਾ ਸੁਆਗਤ ਕਰਨ ਤਾਂ ਉਹੀ ਭੋਜਨ ਖਾਓ ਜੋ ਉਹ ਤੁਹਾਨੂੰ ਦੇਣ। 9 ਅਤੇ ਉੱਥੇ ਦੋ ਬਿਮਾਰ ਲੋਕਾਂ ਨੂੰ ਜਾਕੇ ਰਾਜੀ ਕਰਨਾ ਅਤੇ ਉਨ੍ਹਾਂ ਨੂੰ ਜਾਕੇ ਆਖਣਾ, ‘ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ।’
10 “ਅਤੇ ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਲੋਕ ਤੁਹਾਡਾ ਸੁਆਗਤ ਨਾ ਕਰਨ ਤਾਂ ਉਸ ਸ਼ਹਿਰ ਦੀਆਂ ਗਲੀਆਂ ਵਿੱਚ ਜਾਓ ਅਤੇ ਕਹੋ, 11 ‘ਅਸੀਂ ਤੁਹਾਡੇ ਨਗਰ ਦੀ ਧੂੜ, ਵੀ ਝਾੜ ਰਹੇ ਹਾਂ ਜੋ ਸਾਡੇ ਪੈਰਾਂ ਨਾਲ ਲੱਗ ਗਈ ਸੀ। ਪਰ ਇਹ ਯਾਦ ਰੱਖਣਾ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਆਉਣ ਵਾਲਾ ਹੈ।’ 12 ਮੈਂ ਤੁਹਾਨੂੰ ਦੱਸਦਾ ਹਾਂ, ਕਿ ਨਿਆਂ ਦੇ ਦਿਨ ਸਦੂਮ ਦੇ ਲੋਕਾਂ ਦਾ ਹਾਲ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਚੰਗਾ ਹੋਵੇਗਾ।”
Footnotes
- ਲੂਕਾ 10:1 72 ਲੂਕਾ ਦੀਆਂ ਕੁਝ ਯੂਨਾਨੀ ਨਕਲਾਂ ਵਿੱਚ 70 ਲਿਖਿਆ ਗਿਆ ਹੈ।
2010 by Bible League International