Add parallel Print Page Options

ਕੁਆਰੀ ਮਰਿਯਮ

26-27 ਜਦੋਂ ਇਲੀਸਬਤ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾਏਲ ਦੂਤ ਨੂੰ ਪਰਮੇਸ਼ੁਰ ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਆਰੀ ਕੁੜੀ ਕੋਲ ਭੇਜਿਆ ਗਿਆ। ਉਸ ਕੁੜੀ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸੁਫ਼ ਨਾਉਂ ਦੇ ਇੱਕ ਆਦਮੀ ਨਾਲ ਕੁੜਮਾਈ ਹੋਈ ਸੀ, ਅਤੇ ਉਸ ਕੁੜੀ ਦਾ ਨਾਮ ਮਰਿਯਮ ਸੀ। 28 ਦੂਤ ਉਸ ਕੁੜੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।”

29 ਜਦੋਂ ਉਸ ਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।”

30 ਦੂਤ ਨੇ ਉਸ ਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂ ਕਿ ਪਰਮੇਸ਼ੁਰ ਤੇਰੇ ਤੇ ਬੜਾ ਪ੍ਰਸੰਨ ਹੈ। 31 ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਜਣੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ। 32 ਉਹ ਮਹਾਨ ਹੋਵੇਗਾ ਅਤੇ ਲੋਕ ਉਸ ਨੂੰ ਅੱਤ ਉੱਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ। 33 ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।”

34 ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!”

35 ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਉੱਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਛਾਇਆ ਕਰੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। 36 ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬੜੀ ਬੁੱਢੀ ਹੈ ਪਰ ਉਸ ਨੂੰ ਬੱਚਾ ਹੋਣ ਵਾਲਾ ਹੈ। ਉਹ ਔਰਤ, ਜਿਸ ਨੂੰ ਲੋਕ ਬਾਂਝ ਆਖਦੇ ਸਨ, ਇਸ ਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ! 37 ਕਿਉਂ ਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।”

38 ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤਦ ਦੂਤ ਉਸ ਪਾਸੋਂ ਚੱਲਾ ਗਿਆ।

Read full chapter

ਯਿਸੂ ਦਾ ਜਨਮ(A)

ਉਸ ਸਮੇਂ ਔਗੁਸਤੁਸ ਕੈਸਰ ਵੱਲੋਂ ਇਹ ਆਦੇਸ਼ ਹੋਇਆ ਕਿ ਸਾਰੇ ਰੋਮ ਵਾਸੀਆਂ ਨੂੰ ਮਰਦੁਮ-ਸ਼ੁਮਾਰੀ ਵਾਸਤੇ ਆਪਣੇ ਨਾਮ ਦਰਜ ਕਰਾਉਣੇ ਚਾਹੀਦੇ ਹਨ। ਇਹ ਪਹਿਲੀ ਵਾਰੀ ਸੀ, ਜੋ ਮਰਦੁਮ-ਸ਼ੁਮਾਰੀ ਦੀਆਂ ਕਿਤਾਬਾਂ ਵਿੱਚ ਸਾਰੇ ਲੋਕਾਂ ਨੂੰ ਦਰਜ ਕੀਤਾ ਜਾਣਾ ਸੀ। ਇਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੂਰੀਆਂ ਦਾ ਰਾਜਪਾਲ ਕੁਰੇਨਯੁਸ ਸੀ। ਇਸ ਲਈ ਹਰ ਕੋਈ ਆਪੋ-ਆਪਣੇ ਨਗਰ ਵਿੱਚ ਆਪਣਾ ਨਾਉਂ ਦਰਜ ਕਰਵਾਉਣ ਲਈ ਗਿਆ।

ਤਾਂ ਯੂਸੁਫ਼ ਗਲੀਲ ਦੇ ਸ਼ਹਿਰ ਨਾਸਰਤ ਤੋਂ ਵਿਦਾ ਹੋਇਆ। ਉਹ ਯਹੂਦਿਯਾ ਵਿੱਚ ਬੈਤਲਹਮ ਦੇ ਨਗਰ ਨੂੰ ਗਿਆ। ਇਹ ਨਗਰ ਦਾਊਦ ਦਾ ਨਗਰ ਕਹਾਉਂਦਾ ਸੀ। ਯੂਸੁਫ਼ ਉੱਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। ਤਾਂ ਉਹ ਵੀ ਮਰਿਯਮ ਨਾਲ ਆਪਣੇ ਨਾਮ ਦਰਜ ਕਰਵਾਉਣ ਗਿਆ ਕਿਉਂਕਿ ਮਰਿਯਮ ਉਸ ਨਾਲ ਵਿਆਹ ਲਈ ਮੰਗੀ ਹੋਈ ਸੀ ਪਰ ਹੁਣ ਮਰਿਯਮ ਗਰਭਵਤੀ ਸੀ। ਜਦੋਂ ਯੂਸੁਫ਼ ਅਤੇ ਮਰਿਯਮ ਬੈਤਲਹਮ ਵਿੱਚ ਸਨ ਤਾਂ ਮਰਿਯਮ ਦਾ ਬੱਚਾ ਜਣਨ ਦਾ ਸਮੇਂ ਆ ਗਿਆ। ਉਸ ਨੇ ਆਪਣੇ ਪਹਿਲੇ ਪੁੱਤਰ ਯਿਸੂ ਨੂੰ ਉੱਥੇ ਜਨਮ ਦਿੱਤਾ। ਪਰ ਉਸ ਘਰ ਵਿੱਚ ਉਨ੍ਹਾਂ ਦੇ ਰਹਿਣ ਲਈ ਕਾਫ਼ੀ ਜਗ੍ਹਾ ਨਹੀਂ ਸੀ, ਮਰਿਯਮ ਨੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਲਕ ਨੂੰ ਇੱਕ ਬਕਸੇ ਵਿੱਚ ਪਾਕੇ ਜਿੱਥੇ ਪਸ਼ੂਆਂ ਨੂੰ ਚਾਰਾ ਖੁਆਇਆ ਜਾਂਦਾ ਸੀ ਉੱਥੇ ਇੱਕ ਖੁਰਲੀ ਵਿੱਚ ਰੱਖਿਆ।

ਕੁਝ ਆਜੜੀਆਂ ਨੇ ਯਿਸੂ ਬਾਰੇ ਸੁਣਿਆ

ਉਸੇ ਰਾਤ, ਉਸ ਇਲਾਕੇ ਵਿੱਚ ਕੁਝ ਆਜੜੀ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। ਪ੍ਰਭੂ ਦਾ ਦੂਤ ਆਜੜੀਆਂ ਦੇ ਸਾਹਮਣੇ ਆਕੇ ਖੜ੍ਹਾ ਹੋ ਗਿਆ। ਪ੍ਰਭੂ ਦੀ ਮਹਿਮਾ ਉਨ੍ਹਾਂ ਦੇ ਚੁਫ਼ੇਰੇ ਚਮਕੀ ਤਾਂ ਆਜੜੀ ਬਹੁਤ ਡਰ ਗਏ। 10 ਦੂਤ ਨੇ ਉਨ੍ਹਾਂ ਨੂੰ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। 11 ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹਾ ਪ੍ਰਭੂ ਹੈ। 12 ਤੁਸੀਂ ਉਸਦੀ ਪਛਾਣ ਇਸ ਤਰ੍ਹਾਂ ਕਰ ਸੱਕਦੇ ਹੋ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਪਾਵੋਗੇ।”

13 ਉੱਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖੜ੍ਹੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ:

14 “ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤਿ ਹੋਵੇ,
    ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।”

15 ਦੂਤ ਆਜੜੀਆਂ ਨੂੰ ਛੱਡ ਕੇ ਫ਼ੇਰ ਸੁਰਗ ਨੂੰ ਵਾਪਸ ਮੁੜ ਗਏ। ਆਜੜੀ ਇੱਕ ਦੂਜੇ ਨੂੰ ਆਖਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ, ਅਤੇ ਉਸ ਗੱਲ ਨੂੰ ਵੇਖੀਏ ਜਿਸਦੀ ਖਬਰ ਸਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ।”

16 ਉਹ ਛੇਤੀ ਹੀ ਚੱਲੇ ਗਏ ਅਤੇ ਉੱਥੇ ਉਨ੍ਹਾਂ ਨੇ ਯੂਸੁਫ਼ ਅਤੇ ਮਰਿਯਮ ਨੂੰ ਵੇਖਿਆ ਅਤੇ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਵੇਖਿਆ। 17 ਜਦੋਂ ਆਜੜੀਆਂ ਨੇ ਉਸ ਬਾਲਕ ਨੂੰ ਵੇਖਿਆ ਤਾਂ ਉਨ੍ਹਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬਾਲਕ ਬਾਰੇ ਉਨ੍ਹਾਂ ਨੂੰ ਦਿੱਤਾ ਗਿਆ ਸੀ। 18 ਉਹ ਸਾਰੇ ਲੋਕ ਜਿਨ੍ਹਾਂ ਨੇ ਆਜੜੀਆਂ ਦਾ ਸੰਦੇਸ਼ ਸੁਣਿਆ, ਹੈਰਾਨ ਸਨ। 19 ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ, ਅਤੇ ਉਨ੍ਹਾਂ ਬਾਰੇ ਲਗਾਤਾਰ ਸੋਚਣਾ ਜਾਰੀ ਰੱਖਿਆ। 20 ਆਜੜੀ ਉਹ ਸਭ ਗੱਲਾਂ ਬਾਰੇ ਵੇਖ-ਸੁਣਕੇ ਪਰਮੇਸ਼ੁਰ ਦਾ ਧੰਨਵਾਦ ਤੇ ਉਸਤਤਿ ਕਰਦੇ ਹੋਏ ਆਪਣੇ ਘਰਾਂ ਵੱਲ ਵਾਪਸ ਮੁੜ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ।

Read full chapter