A A A A A
Bible Book List

2 ਸਮੂਏਲ 20 Punjabi Bible: Easy-to-Read Version (ERV-PA)

ਸ਼ਬਾ ਇਸਰਾਏਲ ਨੂੰ ਦਾਊਦ ਤੋਂ ਦੂਰ ਕਰ ਦਿੰਦੀ ਹੈ

20 ਉਸੇ ਜਗ੍ਹਾ ਬਿਕਰੀ ਨਾਂ ਦੇ ਮਨੁੱਖ ਦਾ ਪੁੱਤਰ ਸ਼ਬਾ ਸੀ। ਉਹ ਬਿਨਯਾਮੀਨ ਘਰਾਣੇ ਵਿੱਚੋਂ ਇੱਕ ਵਾਹਿਯਾਤ ਕਿਸਮ ਦਾ ਮਨੁੱਖ ਸੀ। ਉਸ ਨੇ ਤੁਰ੍ਹੀ ਵਜਾਕੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਖਿਆ,

“ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਲੱਗਦਾ
    ਨਾ ਹੀ ਸਾਡੀ ਵੰਡ ਯੱਸੀ ਦੇ ਪੁੱਤਰ ਨਾਲ ਲੱਗਦੀ ਹੈ
ਇਸਰਾਏਲ! ਚਲੋ ਸਭ ਆਪੋ-ਆਪਣੇ ਤੰਬੂਆਂ ਨੂੰ ਚੱਲੀਏ!”

ਸੋ ਸਾਰੇ ਇਸਰਾਏਲੀ ਦਾਊਦ ਨੂੰ ਛੱਡ ਕੇ ਬਿਕਰੀ ਦੇ ਪੁੱਤਰ ਸ਼ਬਾ ਨਾਲ ਤੁਰ ਪਏ। ਪਰ ਯਹੂਦਾਹ ਦੇ ਲੋਕ ਯਰਦਨ ਤੋਂ ਲੈ ਕੇ ਯਰੂਸ਼ਲਮ ਤੀਕ ਪਾਤਸ਼ਾਹ ਦੇ ਨਾਲ ਹੀ ਰਹੇ।

ਦਾਊਦ ਯਰੂਸ਼ਲਮ ਵਿੱਚ ਆਪਣੇ ਘਰ ਨੂੰ ਪਰਤਿਆ। ਉਹ ਆਪਣੇ ਪਿੱਛੇ ਘਰ ਦੀ ਰੱਖਵਾਲੀ ਲਈ ਦਸ ਪਤਨੀਆਂ ਛੱਡ ਕੇ ਗਿਆ ਸੀ। ਉਨ੍ਹਾਂ ਦਸ ਸੁਰੀਤਾਂ ਨੂੰ ਜਿਨ੍ਹਾਂ ਨੂੰ ਉਹ ਆਪਣੇ ਘਰ ਦੀ ਰਾਖੀ ਲਈ ਛੱਡ ਕੇ ਗਿਆ ਸੀ, ਫ਼ੜਕੇ ਕੈਦ ਕਰ ਦਿੱਤਾ ਅਤੇ ਉਨ੍ਹਾਂ ਲਈ ਰਸਤ ਠਹਿਰਾ ਦਿੱਤੀ ਪਰ ਫ਼ਿਰ ਕਦੇ ਉਨ੍ਹਾਂ ਨਾਲ ਸੰਭੋਗ ਨਾ ਕੀਤਾ, ਸੋ ਉਹ ਆਪਣੇ ਮਰਨ ਸਮੇਂ ਤੀਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਹੀ ਰਹੀਆਂ।

ਪਾਤਸ਼ਾਹ ਨੇ ਅਮਾਸਾ ਨੂੰ ਆਖਿਆ, “ਯਹੂਦਾਹ ਦੇ ਲੋਕਾਂ ਨੂੰ ਆਖਦੇ ਕਿ ਤਿੰਨ ਦਿਨਾਂ ਵਿੱਚ ਮੈਨੂੰ ਮਿਲਣ, ਅਤੇ ਤੈਨੂੰ ਵੀ ਉਨ੍ਹਾਂ ਦੇ ਨਾਲ ਹੋਣਾ ਚਾਹੀਦਾ ਹੈਂ।”

ਤਦ ਅਮਾਸਾ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕਰਨ ਗਿਆ ਪਰ ਪਾਤਸ਼ਾਹ ਦੇ ਠਹਿਰਾਏ ਸਮੇਂ ਤੋਂ ਉਸ ਨੂੰ ਲੋਕਾਂ ਨੂੰ ਇਕੱਠਾ ਕਰਨ ਵਿੱਚ ਵੱਧ ਸਮਾਂ ਲੱਗ ਗਿਆ।

ਦਾਊਦ ਨੇ ਅਬੀਸ਼ਈ ਨੂੰ ਸ਼ਬਾ ਨੂੰ ਵੱਢਣ ਲਈ ਆਖਿਆ

ਦਾਊਦ ਨੇ ਅਬੀਸ਼ਈ ਨੂੰ ਆਖਿਆ, “ਬਿਕਰੀ ਦਾ ਪੁੱਤਰ ਸ਼ਬਾ ਸਾਡੇ ਲਈ ਅਬਸ਼ਾਲੋਮ ਤੋਂ ਵੀ ਵੱਧ ਖਤਰਨਾਕ ਹੈ। ਇਸ ਲਈ ਮੇਰੇ ਅਫ਼ਸਰਾਂ ਨਾਲ ਜਾਕੇ ਇਸ ਦਾ ਪਿੱਛਾ ਕਰੋ। ਜਲਦੀ ਕਰੋ, ਕਿਤੇ ਐਸਾ ਨਾ ਹੋਵੇ ਕਿ ਉਹ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜਕੇ ਸਾਡੇ ਵੇਖਣ ਤੋਂ ਬਚ ਜਾਵੇ।”

ਇਸ ਲਈ ਉਸ ਦੇ ਪਿੱਛੇ ਯੋਆਬ ਦੇ ਲੋਕ ਅਤੇ ਕਰੇਤੀ, ਫ਼ਲੇਤੀ ਅਤੇ ਸਾਰੇ ਸੂਰਮੇ ਨਿਕਲੇ ਅਤੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਯਰੂਸ਼ਲਮ ਤੋਂ ਬਾਹਰ ਆਏ।

ਯੋਆਬ ਦਾ ਅਮਾਸਾ ਨੂੰ ਮਾਰਨਾ

ਜਦੋਂ ਯੋਆਬ ਅਤੇ ਉਸਦੀ ਫ਼ੌਜ ਗਿਬਓਨ ਦੇ ਵੱਡੇ ਪੱਥਰ ਕੋਲ ਪਹੁੰਚੇ ਤਾਂ ਅਮਾਸਾ ਉਨ੍ਹਾਂ ਨੂੰ ਮਿਲਣ ਲਈ ਬਾਹਰ ਨਿਕਲਿਆ। ਯੋਆਬ ਨੇ ਆਪਣੀ ਵਰਦੀ ਪਾਈ ਹੋਈ ਸੀ। ਉਸ ਨੇ ਪੇਟੀ ਬੰਨ੍ਹੀ ਹੋਈ ਸੀ ਜਿਸ ਦੀ ਮਿਆਨ ਵਿੱਚ ਤਲਵਾਰ ਵੀ ਕਸੀ ਹੋਈ ਸੀ। ਜਿਸ ਵਕਤ ਯੋਆਬ ਅਮਾਸਾ ਨੂੰ ਮਿਲਣ ਲਈ ਅੱਗੇ ਵੱਧ ਰਿਹਾ ਸੀ ਤਾਂ ਉਸਦੀ ਤਲਵਾਰ ਮਿਆਨ ਵਿੱਚੋਂ ਡਿੱਗ ਪਈ। ਯੋਆਬ ਨੇ ਉਸ ਨੂੰ ਭੁੰਜਿਓਁ ਚੁੱਕਿਆ ਅਤੇ ਆਪਣੇ ਹੱਥ ਵਿੱਚ ਲੈ ਲਿਤੀ। ਯੋਆਬ ਨੇ ਅਮਾਸਾ ਨੂੰ ਕਿਹਾ, “ਹੇ ਮੇਰੇ ਭਾਈ! ਤੂੰ ਸੁੱਖ-ਸਾਂਦ ਨਾਲ ਹੈਂ?” ਤਾਂ ਯੋਆਬ ਨੇ ਅਮਾਸਾ ਦੀ ਦਾਹੜੀ ਆਪਣੇ ਸੱਜੇ ਹੱਥ ਨਾਲ ਫ਼ੜ ਲਈ ਤਾਂ ਜੋ ਉਸ ਨੂੰ ਚੁੰਮ ਕੇ ਵੇਖੋ ਆਖ ਸੱਕੇ। 10 ਪਰ ਅਮਾਸਾ ਨੇ ਉਸ ਤਲਵਾਰ ਵੱਲ ਜੋ ਯੋਆਬ ਦੇ ਹੱਥ ਵਿੱਚ ਸੀ ਕੁਝ ਧਿਆਨ ਨਾ ਕੀਤਾ ਸੋ ਯੋਆਬ ਨੇ ਉਸ ਨੂੰ ਤਲਵਾਰ ਨਾਲ ਉਸਦੀ ਪੰਜਵੀਂ ਪੱਸਲੀ ਵਿੱਚ ਅਜਿਹਾ ਮਾਰਿਆ ਜੋ ਉਸ ਦੀਆਂ ਆਂਦਰਾਂ ਧਰਤੀ ਉੱਤੇ ਜਾ ਡਿੱਗੀਆਂ। ਫ਼ਿਰ ਯੋਆਬ ਨੂੰ ਦੂਜੀ ਵਾਰ ਉਸਤੇ ਵਾਰ ਨਾ ਕਰਨਾ ਪਿਆ ਕਿਉਂ ਕਿ ਉਹ ਪਹਿਲਾਂ ਹੀ ਖਤਮ ਹੋ ਗਿਆ ਸੀ।

ਦਾਊਦ ਦੇ ਆਦਮੀ ਸ਼ਬਾ ਦੀ ਭਾਲ ਜਾਰੀ ਰੱਖਦੇ ਹਨ

ਤਦ ਯੋਆਬ ਅਤੇ ਉਸਦਾ ਭਰਾ ਅਬੀਸ਼ਈ ਫ਼ੇਰ ਸ਼ਬਾ ਦਾ ਪਿੱਛਾ ਕਰਨ ਲੱਗ ਪਏ। 11 ਤਦ ਯੋਆਬ ਦੇ ਜੁਆਨਾਂ ਵਿੱਚੋਂ ਇੱਕ ਬੰਦਾ ਅਮਾਸਾ ਦੇ ਕੋਲ ਖਲੋਤਾ ਰਿਹਾ। ਉਸ ਜੁਆਨ ਨੇ ਕਿਹਾ, “ਜੋ ਕੋਈ ਯੋਆਬ ਦੇ ਨਾਲ ਰਾਜ਼ੀ ਹੈ ਅਤੇ ਦਾਊਦ ਦੇ ਵੱਲ ਹੈ, ਉਹ ਯੋਆਬ ਨਾਲ ਤੁਰੇ।”

12 ਅਮਾਸਾ ਸੜਕ ਦੇ ਵਿੱਚਕਾਰ ਖੂਨ ਨਾਲ ਲੱਥਪੱਥ ਪਿਆ ਸੀ। ਉਸ ਜੁਆਨ ਨੇ ਵੇਖਿਆ ਕਿ ਸਾਰੇ ਰਾਹਗੀਰ ਉਸ ਲੋਥ ਵੇਖਕੇ ਖਲੋਂਦੇ ਜਾਂਦੇ ਹਨ ਤਾਂ ਉਸ ਨੇ ਉਸ ਲੋਥ ਨੂੰ ਸੜਕ ਤੋਂ ਰੇੜ ਕੇ ਪੈਲੀ ਵਿੱਚ ਸੁੱਟ ਦਿੱਤਾ ਅਤੇ ਉਸ ਲੋਥ ਨੂੰ ਇੱਕ ਕੱਪੜੇ ਨਾਲ ਢੱਕ ਦਿੱਤਾ। 13 ਜਦੋਂ ਅਮਾਸਾ ਦੀ ਲੋਥ ਉੱਥੋਂ ਚੁੱਕੀ ਗਈ ਤਾਂ ਸਾਰੇ ਲੋਕ ਯੋਆਬ ਦੇ ਨਾਲ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਨੂੰ ਤੁਰ ਪਏ।

ਸ਼ਬਾ ਦਾ ਆਬੇਲ ਬੈਤ-ਮਅਕਾਹ ਵੱਲ ਬਚ ਨਿਕਲਣਾ

14 ਬਿਕਰੀ ਦਾ ਪੁੱਤਰ ਸ਼ਬਾ ਸਾਰੇ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹੋਕੇ ਆਬੇਲ ਅਤੇ ਬੈਤ-ਮਅਕਾਹ ਤੀਕ ਗਿਆ ਅਤੇ ਸਾਰੇ ਬੇਰੀ ਇਕੱਠੇ ਹੋਕੇ ਉਸ ਦੇ ਪਿੱਛੇ ਤੁਰ ਪਏ।

15 ਯੋਆਬ ਅਤੇ ਉਸ ਦੇ ਆਦਮੀ ਅਬੇਲ, ਬੈਤ-ਮਅਕਾਹ ਤੀਕ ਪਹੁੰਚੇ। ਯੋਆਬ ਦੀ ਸੈਨਾ ਨੇ ਨਗਰ ਨੂੰ ਘੇਰ ਲਿਆ ਅਤੇ ਸ਼ਹਿਰ ਦੇ ਸਾਹਮਣੇ ਦੀਵਾਰ ਨਾਲ ਇੱਕ ਢੇਰ ਬਣਾਇਆ। ਅਤੇ ਸਭ ਲੋਕ ਜੋ ਯੋਆਬ ਦੇ ਨਾਲ ਸਨ ਉਹ ਕੰਧ ਨੂੰ ਢਾਹੁਣ ਦੀ ਕੋਸ਼ਿਸ਼ ਕਰਨ ਲੱਗੇ।

16 ਪਰ ਉਸ ਸ਼ਹਿਰ ਵਿੱਚ ਇੱਕ ਬੜੀ ਸਿਆਣੀ ਔਰਤ ਸੀ। ਉਸ ਨੇ ਸ਼ਹਿਰ ਵਿੱਚੋਂ ਉੱਚੀ-ਉੱਚੀ ਕਹਿਣ ਲਗੀ, “ਮੇਰੀ ਗੱਲ ਸੁਣੋ! ਯੋਆਬ ਨੂੰ ਆਖੋ ਕਿ ਇੱਥੇ ਆਵੇ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਹਾਂ।”

17 ਯੋਆਬ ਉਸ ਔਰਤ ਨਾਲ ਗੱਲ ਕਰਨ ਲਈ ਗਿਆ। ਉਸ ਔਰਤ ਨੇ ਉਸ ਨੂੰ ਪੁੱਛਿਆ, “ਕੀ ਤੂੰ ਯੋਆਬ ਹੈਂ?”

ਯੋਆਬ ਨੇ ਕਿਹਾ, “ਹਾਂ, ਮੈਂ ਯੋਆਬ ਹਾਂ।”

ਤਾਂ ਉਸ ਔਰਤ ਨੇ ਆਖਿਆ, “ਮੇਰੀ ਗੱਲ ਸੁਣ।”

ਯੋਆਬ ਨੇ ਕਿਹਾ, “ਮੈਂ ਸੁਣ ਰਿਹਾ ਹਾਂ।”

18 ਤਾਂ ਉਸ ਔਰਤ ਨੇ ਕਿਹਾ, “ਪਿੱਛਲੇ ਸਮੇਂ ਵਿੱਚ ਲੋਕ ਇਹ ਕਹਾਵਤ ਆਖਦੇ ਸਨ, ‘ਅਬੇਲ ਵਿੱਚ ਮਦਦ ਲਈ ਪੁੱਛੋ ਤਾਂ ਤੁਸੀਂ ਜੋ ਮੰਗੋ ਤੁਹਾਨੂੰ ਮਿਲਦਾ ਹੈ।’ 19 ਮੈਂ ਇਸਰਾਏਲ ਵਿੱਚ ਸ਼ਾਂਤ ਅਤੇ ਭਲੇ ਮਾਣਸ ਲੋਕਾਂ ਵਿੱਚੋਂ ਹਾਂ। ਤੁਸੀਂ ਇਸਰਾਏਲ ਦਾ ਇੱਕ ਮਹੱਤਵਪੂਰਣ ਸ਼ਹਿਰ ਉਜਾੜਨ ਲਈ ਆਏ ਹੋ। ਭਲਾ ਤੁਸੀਂ ਉਸ ਚੀਜ਼ ਨੂੰ ਨਸ਼ਟ ਕਰਕੇ ਕੀ ਕਰੋਂਗੇ ਜੋ ਯਹੋਵਾਹ ਦੀ ਹੈ?”

20 ਯੋਆਬ ਨੇ ਜਵਾਬ ’ਚ ਕਿਹਾ, “ਸੁਣ! ਮੈਂ ਕੁਝ ਨਸ਼ਟ ਨਹੀਂ ਕਰਨਾ ਚਾਹੁੰਦਾ ਅਤੇ ਨਾ ਹੀ ਤੁਹਾਡੇ ਸ਼ਹਿਰ ਨੂੰ ਬਰਬਾਦ ਕਰਨਾ ਚਾਹੁੰਦਾ ਹਾਂ। 21 ਪਰ ਤੁਹਾਡੇ ਇਸ ਸ਼ਹਿਰ ਵਿੱਚ ਇਫ਼ਰਾਈਮ ਦੇ ਪਹਾੜ ਦਾ ਇੱਕ ਮਨੁੱਖ ਜੋ ਕਿ ਬਿਕਰੀ ਦਾ ਪੁੱਤਰ ਸ਼ਬਾ ਹੈ, ਇੱਥੇ ਆਣ ਲੁਕਿਆ ਹੈ। ਉਸ ਨੇ ਪਾਤਸ਼ਾਹ ਦਾਊਦ ਦੇ ਵਿਰੁੱਧ ਵਿਦਰੋਹ ਕੀਤਾ ਹੈ, ਜੇਕਰ ਉਸ ਨੂੰ ਮੇਰੇ ਹਵਾਲੇ ਕਰ ਦੇਵੋਁ ਤਾਂ ਮੈਂ ਤੁਹਾਡਾ ਸ਼ਹਿਰ ਇੰਝ ਹੀ ਛੱਡ ਜਾਵਾਂਗਾ।”

ਉਸ ਔਰਤ ਨੇ ਯੋਆਬ ਨੂੰ ਕਿਹਾ, “ਠੀਕ ਹੈ। ਉਸਦਾ ਸਿਰ ਕੰਧ ਉੱਪਰੋਂ ਤੇਰੇ ਕੋਲ ਸੁੱਟਿਆ ਜਾਵੇਗਾ।”

22 ਤਦ ਉਹ ਔਰਤ ਆਪਣੀ ਸਿਆਣਪ ਨਾਲ ਸਭਨਾਂ ਲੋਕਾਂ ਨੂੰ ਸਮਝਾਉਣ ਲਗੀ ਤਾਂ ਉਨ੍ਹਾਂ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਸਿਰ ਵੱਢਕੇ ਯੋਆਬ ਵੱਲ ਬਾਹਰ ਨੂੰ ਸੁੱਟ ਦਿੱਤਾ।

ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜ ਉਸ ਸ਼ਹਿਰ ਤੋਂ ਮੁੜ ਪਈ। ਸੂਰਮੇ ਆਪਣੇ ਘਰਾਂ ਵੱਲ ਪਰਤ ਗਏ ਅਤੇ ਯੋਆਬ ਵਾਪਸ ਯਰੂਸ਼ਲਮ ਵਿੱਚ ਪਾਤਸ਼ਾਹ ਕੋਲ ਪਰਤ ਗਿਆ।

ਦਾਊਦ ਦੀ ਫ਼ੌਜ ਵਿੱਚ ਨਿਯੁਕਤੀ

23 ਯੋਆਬ ਇਸਰਾਏਲ ਦੀ ਸੈਨਾ ਦਾ ਕਪਤਾਨ ਬਣਿਆ। ਯੋਨਾਦਾਬ ਦਾ ਪੁੱਤਰ ਬਨਾਯਾਹ ਕਰੇਤੀਆਂ ਦਾ ਅਤੇ ਫ਼ਲੇਤੀਆਂ ਦਾ ਆਗੂ ਬਣਿਆ। 24 ਅਦੋਰਾਮ ਬੇਗਾਰੀਆਂ ਉੱਪਰ ਸੀ ਅਤੇ ਅਹੀਲਦ ਦਾ ਪੁੱਤਰ ਯਹੋਸਫ਼ਾਟ ਇਤਹਾਸੱਕਾਰ ਸੀ। 25 ਸ਼ਿਵਾ ਸਕੱਤਰ ਸੀ। ਸਾਦੋਕ ਅਤੇ ਅਬਿਯਾਥਰ ਜਾਜਕ ਠਹਿਰਾਏ ਗਏ। 26 ਅਤੇ ਈਰਾ ਵੀ ਦਾਊਦ ਦਾ ਇੱਕ ਮੁੱਖ ਸੇਵਕ [a] ਸੀ।

Footnotes:

  1. 2 ਸਮੂਏਲ 20:26 ਮੁੱਖ ਸੇਵਕ ਮੂਲਅਰਥ “ਜਾਜਕ”
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes