A A A A A
Bible Book List

2 ਰਾਜਿਆਂ 23 Punjabi Bible: Easy-to-Read Version (ERV-PA)

ਲੋਕਾਂ ਨੇ ਨੇਮ ਸੁਣਿਆ

23 ਯੋਸੀਯਾਹ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਆਗੂਆਂ ਨੂੰ ਮਿਲਣ ਆਉਣ ਲਈ ਆਖਿਆ। ਤਦ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਸਾਰੇ ਉਹ ਲੋਕ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਸਨ ਉਸ ਦੇ ਨਾਲ ਗਏ। ਸਾਰੇ ਜਾਜਕ, ਨਬੀ ਅਤੇ ਸਾਰੇ ਵੱਡੇ ਜਾਂ ਛੋਟੇ ਨਾਮਣੇ ਵਾਲੇ ਮਨੁੱਖ ਵੀ ਉਸ ਦੇ ਨਾਲ ਗਏ। ਤਦ ਉਸ ਨੇ ਬਿਵਸਥਾ ਦੀ ਪੋਥੀ ਨੂੰ ਪੜ੍ਹਿਆ। ਇਹ ਉਹ ਬਿਵਸਥਾ ਦੀ ਪੋਥੀ ਸੀ ਜੋ ਕਿ ਯਹੋਵਾਹ ਦੇ ਮੰਦਰ ਵਿੱਚੋਂ ਪ੍ਰਾਪਤ ਹੋਈ ਸੀ। ਯੋਸੀਯਾਹ ਨੇ ਉੱਚੀ ਜਗ੍ਹਾ ਇਸ ਪੋਥੀ ਨੂੰ ਪੜ੍ਹਿਆ ਤਾਂ ਜੋ ਸਾਰੇ ਇਸ ਨੂੰ ਸੁਣ ਸੱਕਣ।

ਫ਼ੇਰ ਪਾਤਸ਼ਾਹ ਥੰਮ ਤੋਂ ਅਗਾਂਹ ਖਲੋ ਗਿਆ ਅਤੇ ਯਹੋਵਾਹ ਦੇ ਪਿੱਛੇ ਲੱਗਣ ਅਤੇ ਉਸ ਦੇ ਅਸੂਲਾਂ, ਹੁਕਮਾਂ, ਇਕਰਾਰਨਾਮੇ ਅਤੇ ਉਸਦੀਆਂ ਬਿਧੀਆਂ ਨੂੰ ਤਹੇ ਦਿਲੋਂ ਮੰਨਣ ਦਾ ਇਕਰਾਰਨਾਮਾ ਕੀਤਾ। ਉਹ ਪੋਥੀ ਵਿੱਚਲੇ ਇਕਰਾਰਨਾਮੇ ਨੂੰ ਵੀ ਤਹੇ ਦਿਲੋਂ ਮੰਨਣ ਲਈ ਤਿਆਰ ਹੋ ਗਿਆ। ਤਾਂ ਸਾਰੇ ਲੋਕਾਂ ਨੇ ਖੜ੍ਹੇ ਹੋਕੇ ਪਾਤਸ਼ਾਹ ਦੇ ਇਕਰਾਰਨਾਮੇ ਨੂੰ ਕਬੂਲਿਆ।

ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਨੂੰ, ਦੂਜੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਇਹ ਹੁਕਮ ਦਿੱਤਾ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ, ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ, ਯਹੋਵਾਹ ਦੇ ਮੰਦਰ ਵਿੱਚੋਂ ਬਾਹਰ ਕੱਢ ਲਿਆਉਣ। ਤਦ ਯੋਸੀਯਾਹ ਨੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਉਨ੍ਹਾਂ ਨੂੰ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।

ਯਹੂਦਾਹ ਦੇ ਪਾਤਸ਼ਾਹਾਂ ਨੇ ਕੁਝ ਆਮ ਆਦਮੀਆਂ ਨੂੰ ਜਾਜਕ ਹੋਣ ਲਈ ਚੁਣਿਆ ਸੀ। ਇਹ ਆਦਮੀ ਅਰੋਨ ਦੇ ਪਰਿਵਾਰ ਵਿੱਚੋਂ ਨਹੀਂ ਸਨ। ਇਹ ਝੂਠੇ ਜਾਜਕ ਯਹੂਦਾਹ ਵਿੱਚਲੀਆਂ ਸਾਰਿਆਂ ਉੱਚੀਆਂ ਥਾਵਾਂ ਅਤੇ ਯਰੂਸ਼ਲਮ ਦੇ ਆਸ ਪਾਸ ਦੇ ਸਾਰੇ ਸ਼ਹਿਰਾਂ ਵਿੱਚ ਧੂਫ਼ ਧੁਖਾਉਂਦੇ ਸਨ। ਉਹ ਬਾਅਲ, ਸੂਰਜ, ਚੰਦ, ਤਾਰਾ ਮੰਡਲ ਅਤੇ ਸਾਰੇ ਤਾਰਿਆਂ ਲਈ ਧੂਫ਼ ਧੁਪਾਉਂਦੇ ਸਨ। ਪਰ ਯੋਸੀਯਾਹ ਨੇ ਉਨ੍ਹਾਂ ਸਭਨਾਂ ਜਾਜਕਾਂ ਨੂੰ ਹਟਾ ਦਿੱਤਾ

ਯੋਸੀਯਾਹ ਨੇ ਯਹੋਵਾਹ ਦੇ ਮੰਦਰ ਵਿੱਚੋਂ ਅਸ਼ੇਰਾਹ ਦਾ ਥੰਮ ਵੀ ਹਟਾ ਦਿੱਤਾ। ਅਤੇ ਇਸ ਨੂੰ ਕਿਦਰੋਨ ਵਾਦੀ ਵਿੱਚ ਬਾਹਰ ਕੱਢ ਕੇ ਸਾੜ ਦਿੱਤਾ। ਫ਼ੇਰ ਉਸ ਨੇ ਇਸ ਨੂੰ ਮਿੱਟੀ ਵਿੱਚ ਮਿੱਧ ਦਿੱਤਾ ਅਤੇ ਧੂੜ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ।

ਫ਼ੇਰ ਯੋਸੀਯਾਹ ਨੇ ਖੁਸਰਿਆਂ ਦੇ ਘਰ ਢਾਹ ਦਿੱਤੇ ਜੋ ਯਹੋਵਾਹ ਦੇ ਮੰਦਰ ਵਿੱਚ ਸਨ। ਔਰਤਾਂ ਵੀ ਦੇਵੀ ਅਸ਼ੇਰਾਹ ਦਾ ਆਦਰ ਕਰਨ ਲਈ ਇਨ੍ਹਾਂ ਘਰਾਂ ਵਿੱਚ ਪਾਉਣ ਲਈ ਛੋਟੇ-ਛੋਟੇ ਸ਼ਰਾਈਨ ਦੇ ਕੱਜਣ ਬੁਣਦੀਆਂ ਹੁੰਦੀਆਂ ਸਨ।

8-9 ਉਸ ਵਕਤ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗ਼ਬਾ ਤੋਂ ਲੈ ਕੇ ਬਏਰਸ਼ਬਾ ਤੀਕ ਉਨ੍ਹਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਉਨ੍ਹਾਂ ਜਾਜਕਾਂ ਨੇ ਧੂਫ਼ ਧੁਖਾਈ ਸੀ, ਭਰਿਸ਼ਟ ਕਰ ਦਿੱਤਾ। ਉਸ ਨੇ ਪ੍ਰਵੇਸ਼ ਦੁਆਰ ਦੇ ਉੱਚੇ ਸਥਾਨਾਂ ਨੂੰ ਵੀ ਤੋੜ ਦਿੱਤਾ, ਜਿਹੜੇ ਯਹੋਸ਼ੂਆ ਸ਼ਹਿਰ ਦੇ ਆਗੂ ਦੇ ਫ਼ਾਟਕ ਦੇ ਖੁਲ੍ਹਣ ਤੇ ਸਨ, ਜੋ ਕਿ ਕਿਸੇ ਬੰਦੇ ਦੇ ਵੜਦਿਆਂ ਹੀ ਖੱਬੇ ਪਾਸੇ ਸੀ। ਤਦ ਵੀ ਉੱਚੀਆਂ ਥਾਵਾਂ ਦੇ ਜਾਜਕ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ, ਪਰ ਉਹ ਆਪਣੇ ਭਰਾਵਾਂ ਦਰਮਿਆਨ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।

10 ਹਿੰਨੋਮ ਦੇ ਪੁੱਤਰ ਦੀ ਵਾਧੀ ਵਿੱਚ ਤੋਫ਼ਥ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਮਾਰਕੇ ਜਗਵੇਦੀ ਉੱਪਰ ਸਾੜਨ ਲਈ ਚੜ੍ਹਾਉਂਦੇ ਸਨ ਤਾਂ ਜੋ ਉਹ ਝੂਠੇ ਦੇਵਤੇ ਮੋਲਕ ਨੂੰ ਇਉਂ ਖੁਸ਼ ਕਰ ਸੱਕਣ। ਯੋਸੀਯਾਹ ਨੇ ਉਸ ਥਾਂ ਨੂੰ ਨਸ਼ਟ ਕਰ ਦਿੱਤਾ ਤਾਂ ਜੋ ਲੋਕ ਝੂਠੇ ਦੇਵਤੇ ਨੂੰ ਰਿਝਾਉਣ ਲਈ ਆਪਣੇ ਬੱਚਿਆਂ ਨੂੰ ਅੱਗ ਵਿੱਚ ਨਾ ਸਾੜਨ। 11 ਪਹਿਲਾਂ, ਯਹੂਦਾਹ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਮੰਦਰ ਦੇ ਪ੍ਰਵੇਸ਼ ਦਵਾਰ ਦੇ ਕੋਲ ਰੱਥ ਅਤੇ ਘੋੜੇ ਬੰਨੇ ਹੁੰਦੇ ਸਨ। ਇਹ ਨਾਥਾਨ-ਮਲਕ ਜੋ ਦਫ਼ਤਰੀ ਖਾਸ ਬੰਦਾ ਸੀ ਉਸ ਦੇ ਕਮਰੇ ਦੇ ਕੋਲ ਬੰਨ੍ਹੇ ਹੋਏ ਸਨ। ਇਹ ਰੱਥ ਅਤੇ ਘੋੜੇ ਸੂਰਜ ਦੇਵਤੇ ਦੇ ਸਨਮਾਨ ਲਈ ਸਨ। ਯੋਸੀਯਾਹ ਨੇ ਉੱਥੋਂ ਘੋੜਿਆਂ ਨੂੰ ਹਟਾਅ ਦਿੱਤਾ ਅਤੇ ਰੱਥਾਂ ਨੂੰ ਸਾੜ ਦਿੱਤਾ।

12 ਇਸਤੋਂ ਪਹਿਲਾਂ ਯਹੂਦਾਹ ਦੇ ਪਾਤਸਾਹ ਨੇ ਆਹਾਜ਼ ਦੇ ਭਵਨ ਦੀ ਛੱਤ ਉੱਪਰ ਜਗਵੇਦੀਆਂ ਬਣਾਈਆਂ ਹੋਈਆਂ ਸਨ। ਮਨੱਸ਼ਹ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਦੋ ਜਗਵੇਦੀਆਂ ਬਣਵਾਈਆਂ ਪਰ ਯੋਸੀਯਾਹ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਅਤੇ ਉਨ੍ਹਾਂ ਟੁਕੜਿਆਂ ਤੇ ਮੁਲਣਾਂ ਨੂੰ ਕਿਦਰੋਨ ਦੀ ਵਾਦੀ ਵਿੱਚ ਸੁਟਵਾ ਦਿੱਤਾ।

13 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਵੀ ਉੱਚੀਆਂ ਥਾਵਾਂ ਬਣਵਾਈਆਂ ਸਨ ਉਹ ਉਸ ਪਹਾੜੀ ਦੇ ਦੱਖਣ ਵਾਲੇ ਪਾਸੇ ਸਨ। ਇਹ ਇਸਰਾਏਲ ਦੇ ਰਾਜੇ ਸੁਲੇਮਾਨ ਦੁਆਰਾ ਸਿਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ, ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ। ਤਾਂ ਜੋ ਉਹ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਤੇ ਸਨਮਾਨ ਕਰ ਸੱਕਣ। ਪਰ ਯੋਸੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਉਪਾਸਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ। 14 ਯੋਸੀਯਾਹ ਪਾਤਸ਼ਾਹ ਨੇ ਸਾਰੇ ਯਾਦਗਾਰੀ ਥੰਮਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਅਤੇ ਅਸ਼ੇਰਾ ਦੇ ਥੰਮ ਨੂੰ ਵੀ ਢਾਹ ਦਿੱਤਾ ਅਤੇ ਫ਼ਿਰ ਉਸ ਨੇ ਮੁਰਦਿਆਂ ਦੀਆਂ ਹੱਡੀਆਂ ਉਨ੍ਹਾਂ ਉੱਚਿਆਂ ਥਾਵਾਂ ਤੇ ਖਿਲਾਰ ਦਿੱਤੀਆਂ।

15 ਯੋਸੀਯਾਹ ਨੇ ਉਹ ਜਗਵੇਦੀ ਤੇ ਉੱਚੀ ਥਾਂ ਜੋ ਬੈਤਏਲ ਵਿੱਚ ਸੀ ਉਹ ਵੀ ਢਾਹ ਸੁੱਟੀ। ਇਹ ਥਾਂ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਵਾਇਆ ਸੀ ਜਿਸ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ ਤੇ ਯੋਸੀਯਾਹ ਨੇ ਉਹ ਦੋਵੇਂ ਜਗਵੇਦੀ ਤੇ ਉੱਚਾ ਥਾਂ ਢਾਹ ਦਿੱਤਾ। ਅਤੇ ਜਗਵੇਦੀ ਦੇ ਪੱਥਰ ਦੇ ਟੁਕੜੇ-ਟੁਕੜੇ ਕਰਵਾ ਦਿੱਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਚੂਰਾ ਕਰਵਾ ਦਿੱਤਾ। ਉਸ ਨੇ ਅਸ਼ੇਰਾਹ ਦਾ ਥੰਮ ਵੀ ਸਾੜ ਦਿੱਤਾ। 16 ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਤੇ ਪਰਬਤਾਂ ਉੱਪਰ ਦੀਆਂ ਕਬਰਾਂ ਵੱਲ ਨਿਗਾਹ ਮਾਰੀ। ਅਤੇ ਉਸ ਨੇ ਆਦਮੀਆਂ ਨੂੰ ਭੇਜਿਆ। ਉਨ੍ਹਾਂ ਆਦਮੀਆਂ ਜਿਨ੍ਹਾਂ ਨੇ ਉਨ੍ਹਾਂ ਕਬਰਾਂ ਵਿੱਚੋਂ ਹੱਡੀਆਂ ਕੱਢੀਆਂ ਅਤੇ ਯੋਸੀਯਾਹ ਉਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ। ਇਸ ਤਰ੍ਹਾਂ ਯੋਸੀਯਾਹ ਨੇ ਜਗਵੇਦੀ ਨੂੰ ਯਹੋਵਾਹ ਦੇ ਸੰਦੇਸ਼ ਮੁਤਾਬਕ ਭ੍ਰਸ਼ਟ ਕਰ ਦਿੱਤਾ ਜਿਸਦਾ ਪਰਮੇਸ਼ੁਰ ਦੇ ਮਨੁੱਖ ਨੇ ਐਲਾਨ ਕੀਤਾ ਸੀ। ਪਰਮੇਸ਼ੁਰ ਦੇ ਮਨੁੱਖ ਨੇ ਇਨ੍ਹਾਂ ਗੱਲਾਂ ਦਾ ਐਲਾਨ ਉਸ ਵਕਤ ਕੀਤਾ ਸੀ, ਜਦੋਂ ਯਰਾਬੁਆਮ ਜਗਵੇਦੀ ਦੇ ਪਾਸੇ ਖੜ੍ਹਾ ਸੀ।

ਤਦ ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਅਤੇ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਵੇਖੀ।

17 ਯੋਸੀਯਾਹ ਨੇ ਆਖਿਆ, “ਉਹ ਯਾਦਗਾਰੀ ਚਿੰਨ੍ਹ ਜੋ ਮੈਂ ਵੇਖ ਰਿਹਾ ਹਾਂ, ਉਹ ਕੀ ਹੈ?”

ਸ਼ਹਿਰ ਦੇ ਲੋਕਾਂ ਨੇ ਉਸ ਨੂੰ ਕਿਹਾ, “ਇਹ ਯਹੂਦਾਹ ਤੋਂ ਆਏ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਹੈ। ਇਸ ਮਨੁੱਖ ਨੇ ਯਹੂਦਾਹ ਤੋਂ ਆਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਸੀ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ। ਉਸ ਨੇ ਇਹ ਗੱਲਾਂ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤੀਆਂ ਸਨ।”

18 ਯੋਸੀਯਾਹ ਨੇ ਕਿਹਾ, “ਇਸ ਪਰਮੇਸ਼ੁਰ ਦੇ ਮਨੁੱਖ ਨੂੰ ਇੱਕਲਾ ਛੱਡ ਦਿਉ। ਇਸਦੀਆਂ ਹੱਡੀਆਂ ਇੱਥੋਂ ਨਾ ਚੁੱਕੋ ਇਸ ਨੂੰ ਵਿਸ਼ਰਾਮ ਕਰਨ ਦਿਉ।” ਤਾਂ ਉਨ੍ਹਾਂ ਨੇ ਉਸ ਮਨੁੱਖ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਜੋ ਸਾਮਰਿਯਾ ਵਿੱਚੋਂ ਆਇਆ ਸੀ, ਰਹਿਣ ਦਿੱਤੀਆਂ।

19 ਯੋਸੀਯਾਹ ਨੇ ਉਨ੍ਹਾਂ ਉੱਚੀਆਂ ਥਾਵਾਂ ਅਤੇ ਸਾਰੇ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ, ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ। ਅਤੇ ਉਹ ਸਭ ਕੁਝ ਜੋ ਉਸ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਕੀਤਾ।

20 ਯੋਸੀਯਾਹ ਨੇ ਸਾਮਰਿਯਾ ਦੀ ਉਚਿਆਂ ਥਾਵਾਂ ਤੇ ਜਿੰਨੇ ਵੀ ਜਾਜਕ ਸਨ, ਸਭਨਾਂ ਨੂੰ ਮਾਰ ਸੁੱਟਿਆ। ਉਸ ਨੇ ਉਨ੍ਹਾਂ ਆਦਮੀਆਂ ਦੀਆਂ ਹੱਡੀਆਂ ਨੂੰ ਜਗਵੇਦੀਆਂ ’ਚ ਸਾੜਿਆ। ਇਉਂ ਉਸ ਨੇ ਇਨ੍ਹਾਂ ਉਪਾਸਨਾ ਅਸਥਾਨਾਂ ਨੂੰ ਨਸਟ ਕੀਤਾ। ਫ਼ਿਰ ਉਹ ਯਰੂਸ਼ਲਮ ਨੂੰ ਮੁੜ ਗਿਆ।

ਯਹੂਦਾਹ ਦੇ ਲੋਕਾਂ ਨੇ ਪਸਹ ਮਨਾਇਆ

21 ਤਦ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ ਤੇ ਆਖਿਆ, “ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਹ ਮਨਾਓ। ਇਹ ਉਵੇਂ ਹੀ ਮਨਾਓ ਜਿਵੇਂ ਨੇਮ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।”

22 ਲੋਕਾਂ ਨੇ ਨਿਆਂਕਾਰ ਦੇ ਸਮੇਂ ਤੋਂ ਲੈ ਕੇ, ਜਿਸ ਨੇ ਇਸਰਾਏਲ ਨੂੰ ਇਸਦੇ ਦੁਸ਼ਮਣਾਂ ਤੋਂ ਬਚਾਇਆ ਸੀ, ਅਜਿਹਾ ਪਸਾਹ ਕਦੇ ਨਹੀਂ ਮਨਾਇਆ ਸੀ। ਜਿਵੇਂ ਹੁਣ ਮਨਾਇਆ ਗਿਆ ਸੀ । ਨਾ ਹੀ ਕਿਸੇ ਇਸਰਾਏਲ ਦੇ ਪਾਤਸ਼ਾਹ ਅਤੇ ਨਾਹੀ ਯਹੂਦਾਹ ਦੇ ਕਿਸੇ ਪਾਤਸ਼ਾਹ ਨੇ ਅਜਿਹਾ ਪਸਹ ਦਾ ਵੱਡਾ ਜਸ਼ਨ ਕਦੇ ਮਨਾਇਆ ਸੀ। 23 ਉਨ੍ਹਾਂ ਨੇ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਵਿੱਚ ਯਰੂਸ਼ਲਮ ਵਿੱਚ ਯਹੋਵਾਹ ਲਈ ਇਹ ਪਸਹ ਮਨਾਇਆ।

24 ਯੋਸੀਯਾਹ ਨੇ ਪ੍ਰੇਤ ਆਤਮਾਵਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ, ਜਾਦੂਗਰਾਂ, ਘਰੇਲੂ ਦੇਵਤਿਆਂ, ਬੁੱਤਾਂ ਅਤੇ ਹੋਰ ਅਜਿਹੀਆਂ ਸਭ ਭਿਆਨਕ ਚੀਜ਼ਾਂ, ਜਿਨ੍ਹਾਂ ਦੀ ਲੋਕ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਪਾਸਨਾ ਕਰਦੇ ਸਨ, ਨਸ਼ਟ ਕਰ ਦਿੱਤਾ। ਪਾਤਸ਼ਾਹ ਨੇ ਅਜਿਹਾ ਬਿਵਸਥਾ ਦੀ ਪੋਥੀ ਵਿੱਚ ਲਿਖੇ ਨੂੰ ਮੰਨਣ ਲਈ ਕੀਤਾ। ਜਿਹੜੀ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।

25 ਯੋਸ਼ੀਯਾਹ ਵਰਗਾ ਕੋਈ ਹੋਰ ਪਾਤਸ਼ਾਹ ਨਹੀਂ ਸੀ ਉਹ ਯਹੋਵਾਹ ਵੱਲ ਪੂਰੇ ਦਿਲੋਂ, ਆਪਣੀ ਪੂਰੀ ਰੂਹ ਅਤੇ ਆਪਣੇ ਪੂਰੀ ਤਾਕਤ ਨਾਲ ਪਰਤਿਆ ਅਤੇ ਮੂਸਾ ਦੇ ਬਿਵਸਥਾ ਨਾਲ ਅਪਣੇ-ਆਪ ਨੂੰ ਇੰਝ ਬੰਨ੍ਹਿਆ ਜਿਵੇਂ ਕਿ ਕਦੇ ਵੀ ਕਿਸੇ ਹੋਰ ਰਾਜੇ ਨੇ ਨਹੀਂ ਕੀਤਾ ਸੀ। ਉਸ ਦਿਨ ਤਾਈ ਯੋਸ਼ੀਯਾਹ ਵਰਗਾ ਕੋਈ ਪਾਤਸ਼ਾਹ ਨਹੀਂ ਹੋਇਆ ਸੀ।

26 ਪਰ ਤਦ ਵੀ ਯਹੋਵਾਹ ਦੀ ਯਹੂਦਾਹ ਦੇ ਲੋਕਾਂ ਨਾਲ ਨਾਰਾਜ਼ਗੀ ਨਾ ਹਟੀ। ਯਹੋਵਾਹ ਅਜੇ ਵੀ ਉਨ੍ਹਾਂ ਤੇ ਕਰੋਧਿਤ ਸੀ ਕਿਉਂ ਕਿ ਮਨੱਸ਼ਹ ਦੇ ਭੈੜੇ ਕੰਮ ਨੇ ਉਸ ਨੂੰ ਕ੍ਰੋਧਿਤ ਕੀਤਾ ਸੀ। 27 ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਛੱਡਣ ਤੇ ਮਜ਼ਬੂਰ ਕੀਤਾ ਤੇ ਇਵੇਂ ਹੀ ਮੈਂ ਯਹੂਦਾਹ ਨਾਲ ਕਰਾਂਗਾ। ਮੈਂ ਯਹੂਦਾਹ ਨੂੰ ਵੀ ਆਪਣੀਆਂ ਅੱਖਾਂ ਤੋਂ ਦੂਰ ਕਰ ਦੇਵਾਂਗਾ। ਮੈਂ ਯਰੂਸ਼ਲਮ ਨੂੰ ਵੀ ਸਵੀਕਾਰ ਨਹੀਂ ਕਰਾਂਗਾ। ਹਾਂ, ਇਹ ਠੀਕ ਹੈ ਕਿ ਮੈਂ ਉਹ ਸ਼ਹਿਰ ਚੁਣਿਆ ਸੀ। ਜਦੋਂ ਮੈਂ ਇਹ ਆਖਿਆ ਸੀ ਕਿ ਇੱਥੇ ਮੇਰਾ ਨਾਂ ਉੱਚਾ ਹੋਵੇਗਾ ਤਾਂ ‘ਮੈਂ ਯਰੂਸ਼ਲਮ ਬਾਰੇ ਹੀ ਗੱਲ ਕਰ ਰਿਹਾ ਸੀ’ ਪਰ ਹੁਣ ਮੈਂ ਹੁਣੇ ਉਸ ਮੰਦਰ ਨੂੰ ਤਬਾਹ ਕਰਾਂਗਾ ਜਿਹੜਾ ਹੁਣ ਉਸ ਥਾਵੇਂ ਹੈ।”

28 ਯੋਸੀਯਾਹ ਨੇ ਹੋਰ ਜਿਹੜੇ ਵੀ ਕਾਰਜ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

ਯੋਸੀਯਾਹ ਦੀ ਮੌਤ

29 ਯੋਸੀਯਾਹ ਦੇ ਸਮੇਂ ਦੌਰਾਨ, ਮਿਸਰ ਦਾ ਪਾਤਸ਼ਾਹ ਫ਼ਿਰਊਨ ਨਕੋਹ, ਅੱਸ਼ੂਰ ਦੇ ਰਾਜੇ ਦੇ ਖਿਲਾਫ਼ ਲੜਨ ਲਈ ਫ਼ਰਾਤ ਨਦੀ ਵੱਲ ਗਿਆ। ਯੋਸੀਯਾਹ ਉੱਥੇ ਨਕੋਹ ਨੂੰ ਮਿਲਣ ਲਈ ਮਗਿੱਦੋ ਗਿਆ। ਫ਼ਿਰਊਨ ਨੇ ਯੋਸੀਯਾਹ ਨੂੰ ਵੇਖਿਆ ਤਾਂ ਉਸ ਨੂੰ ਵੱਢ ਸੁੱਟਿਆ। 30 ਯੋਸੀਯਾਹ ਦੇ ਅਫ਼ਸਰਾਂ ਨੇ ਉਸਦੀ ਲੋਥ ਨੂੰ ਰੱਥ ਵਿੱਚ ਪਾਇਆ ਤੇ ਉਸ ਨੂੰ ਮਗਿੱਦੋ ਤੋਂ ਯਰੂਸ਼ਲਮ ਵਿੱਚ ਲੈ ਆਏ। ਉਨ੍ਹਾਂ ਨੇ ਯੋਸੀਯਾਹ ਦੀ ਆਪਣੀ ਕਬਰ ਬਣਾਕੇ ਉਸ ਨੂੰ ਦਫ਼ਨਾਇਆ।

ਤਦ ਆਮ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੀ ਜਗ੍ਹਾ ਉਸ ਨੂੰ ਪਾਤਸ਼ਾਹ ਬਣਾਇਆ।

ਯਹੋਆਹਾਜ਼ ਯਹੂਦਾਹ ਦਾ ਪਾਤਸ਼ਾਹ ਬਣ ਗਿਆ

31 ਯਹੋਆਹਾਜ਼ 23 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਹਮੂਟਲ ਸੀ, ਜੋ ਲਿਬਨਾਹ ਦੇ ਯਿਰਮਯਾਹ ਦੀ ਧੀ ਸੀ। 32 ਯਹੋਆਹਾਜ਼ ਨੇ ਯਹੋਵਾਹ ਦੇ ਕਹੇ ਮੁਤਾਬਕ ਕੰਮ ਨਾ ਕੀਤੇ। ਉਸ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਤੇ ਉਹ ਵੀ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਉਲਟ ਕੰਮ ਕਰਦਾ ਰਿਹਾ।

33 ਫ਼ਿਰ ਫ਼ਿਰਊਨ ਨਕੋਹ ਨੇ ਯਹੋਆਹਾਜ਼ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ਼ ਵਿੱਚ ਹੈ ਕੈਦ ਕਰ ਦਿੱਤਾ ਤਾਂ ਜੋ ਉਹ ਯਰੂਸ਼ਲਮ ਵਿੱਚ ਰਾਜ ਨਾ ਕਰ ਸੱਕੇ ਅਤੇ ਉਸ ਨੇ ਉਸ ਦੇ ਦੇਸ਼ ਉੱਪਰ 3,400 ਕਿੱਲੋ ਚਾਂਦੀ ਅਤੇ 34 ਤੌੜੇ ਸੋਨਾ ਸਜ਼ਾ ਵਜੋਂ ਦੰਡ ਲਾ ਦਿੱਤਾ।

34 ਫ਼ਿਰਊਨ ਨਕੋਹ ਨੇ ਯੋਸੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਸ ਦੇ ਪਿਤਾ ਦੀ ਥਾਵੇ ਨਵਾਂ ਪਾਤਸ਼ਾਹ ਠਹਿਰਾਇਆ। ਫ਼ਿਰਊਨ ਨਕੋਹ ਨੇ ਅਲਯਾਕੀਮ ਦਾ ਨਾਂ ਬਦਲ ਕੇ ਯਹੋਯਾਕੀਮ ਧਰ ਦਿੱਤਾ ਪਰ ਉਹ ਯਹੋਆਹਾਜ਼ ਨੂੰ ਮਿਸਰ ਵਿੱਚ ਲੈ ਗਿਆ। ਯਹੋਆਹਾਜ਼ ਮਿਸਰ ਵਿੱਚ ਹੀ ਮਰਿਆ। 35 ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਊਨ ਨੂੰ ਦੇ ਦਿੱਤਾ। ਪਰ ਉਸ ਨੇ ਦੇਸ ਉੱਪਰ ਫ਼ਿਰਊਨ ਦੇ ਹੁਕਮ ਮੁਤਾਬਕ ਕਰ ਲਾ ਦਿੱਤਾ ਉਸ ਨੇ ਦੇਸ ਦੇ ਹਰ ਆਮ ਮਨੁੱਖ ਤੋਂ ਉਸ ਦੇ ਕਰ ਮੁਤਾਬਕ ਚਾਂਦੀ-ਸੋਨਾ ਲਿਆ ਅਤੇ ਫ਼ਿਰ ਯਹੋਯਾਕੀਮ ਨੇ ਇਹ ਪੈਸਾ ਫ਼ਿਰਊਨ ਨਕੋਹ ਨੂੰ ਸੌਂਪਿਆ।

36 ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਯਰੂਸ਼ਲਮ ਵਿੱਚ 11 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਜ਼ਬੂਦਾਹ ਸੀ ਜੋ ਰੂਮਾਹ ਤੋਂ ਪਦਾਯਾਹ ਦੀ ਧੀ ਸੀ। 37 ਇਸਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਆਪਣੇ ਪੁਰਖਿਆਂ ਵਾਂਗ ਹੀ ਯਹੋਯਾਕੀਮ ਨੇ ਵੀ ਮਾੜੇ ਕੰਮ ਹੀ ਕੀਤੇ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes