A A A A A
Bible Book List

2 ਇਤਹਾਸ 28 Punjabi Bible: Easy-to-Read Version (ERV-PA)

ਯਹੂਦਾਹ ਦਾ ਪਾਤਸ਼ਾਹ ਆਹਾਜ਼

28 ਆਹਾਜ਼ 20 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ 16 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਆਹਾਜ਼ ਨੇ ਪਰ ਉਹ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਕਿ ਉਸ ਦੇ ਪੁਰਖਿਆਂ ਚੋ ਦਾਊਦ ਨੇ ਕੀਤਾ। ਸਗੋਂ ਆਹਾਜ਼ ਨੇ ਇਸਰਾਏਲ ਦੇ ਮਾੜੇ ਰਾਹ ਚੱਲਣ ਵਾਲੇ ਪਾਤਸ਼ਾਹਾਂ ਦਾ ਅਨੁਸਰਣ ਕੀਤਾ ਅਤੇ ਬਆਲ ਦੇਵਤਿਆਂ ਦੇ ਢਾਲੇ ਹੋਏ ਬੁੱਤ ਵੀ ਬਣਵਾਏ। ਆਹਾਜ਼ ਨੇ ਬਿਨ ਹੀਨੋਮ ਦੀ ਵਾਦੀ ਵਿੱਚ ਧੂਪਾਂ ਧੁਖਾਈਆਂ ਅਤੇ ਆਪਣੇ ਹੀ ਪੁੱਤਰਾਂ ਨੂੰ ਅੱਗ ਵਿੱਚ ਸਾੜ ਕੇ ਉਨ੍ਹਾਂ ਦੀ ਬਲੀ ਦਿੱਤੀ। ਉਸ ਨੇ ਉੱਥੋਂ ਦੇ ਨਿਵਾਸੀਆਂ ਵਰਗੇ ਹੀ ਘਿਨਾਉਣੇ ਕੰਮ ਕੀਤੇ ਜੋ ਉਹ ਲੋਕ ਕਰਦੇ ਸਨ। ਜਦੋਂ ਇਸਰਾਏਲੀਆਂ ਨੇ ਉਸ ਧਰਤੀ ਵਿੱਚ ਪ੍ਰਵੇਸ਼ ਕੀਤਾ ਤਾਂ ਯਹੋਵਾਹ ਨੇ ਉੱਥੋਂ ਦੇ ਨਿਵਾਸੀਆਂ ਨੂੰ ਉਸ ਧਰਤੀ ਤੋਂ ਕੱਢ ਦਿੱਤਾ ਸੀ। ਆਹਾਜ਼ ਨੇ ਉਚਿਆਂ ਥਾਵਾਂ, ਟਿਲਿਆਂ ਉੱਪਰ ਅਤੇ ਹਰੇ ਰੁੱਖਾਂ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪਾਂ ਧੁਖਾਈਆਂ।

5-6 ਆਹਾਜ਼ ਨੇ ਬੁਰੇ ਕੰਮ ਕੀਤੇ ਇਸ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਅਰਾਮ ਦੇ ਪਾਤਸ਼ਾਹ ਤੋਂ ਆਹਾਜ਼ ਨੂੰ ਹਾਰ ਦਿੱਤੀ। ਅਰਾਮ ਦੇ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਆਹਾਜ਼ ਨੂੰ ਹਰਾਇਆ। ਅਤੇ ਬਹੁਤ ਸਾਰੇ ਯਹੂਦੀਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਕੈਦੀਆਂ ਨੂੰ ਅਰਾਮ ਪਾਤਸ਼ਾਹ ਦੰਮਿਸਕ ਵਿੱਚ ਲੈ ਆਇਆ। ਯਹੋਵਾਹ ਨੇ ਫ਼ਕਹ ਪਾਤਸ਼ਾਹ ਤੋਂ ਵੀ ਆਹਾਜ਼ ਨੂੰ ਹਾਰ ਦਿੱਤੀ। ਫ਼ਕਹ ਇਸਰਾਏਲ ਦਾ ਪਾਤਸ਼ਾਹ ਅਤੇ ਰਮਲਯਾਹ ਦਾ ਪੁੱਤਰ ਸੀ। ਫ਼ਕਹ ਅਤੇ ਉਸ ਦੀ ਫ਼ੌਜ ਨੇ ਇੱਕੋ ਦਿਨ ਵਿੱਚ ਯਹੂਦਾਹ ਦੀ 1,20,000 ਸੈਨਾ ਨੂੰ ਕਤਲ ਕਰ ਦਿੱਤਾ। ਫ਼ਕਹ ਨੇ ਉਨ੍ਹਾਂ ਫ਼ੌਜਾਂ ਨੂੰ ਇਸ ਲਈ ਕਤਲ ਕੀਤਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਜੋ ਉਨ੍ਹਾਂ ਦੇ ਪੁਰਖਿਆਂ ’ਚ ਉਨ੍ਹਾਂ ਦੇ ਪੁਰਖਿਆਂ ਤੋਂ ਸੀ ਉਸ ਨੂੰ ਛੱਡ ਦਿੱਤਾ ਸੀ। ਜ਼ਿਕਰੀ ਅਫ਼ਰਾਈਮ ਦਾ ਬਹਾਦੁਰ ਸਿਪਾਹੀ ਸੀ। ਜ਼ਿਕਰੀ ਨੇ ਮਆਸੀਯਾਹ ਰਾਜਕੁਮਾਰ ਨੂੰ ਅਤੇ ਮਹਿਲ ਦੇ ਹਾਕਮ ਅਜ਼ਰੀਕਾਮ ਅਤੇ ਪਾਤਸ਼ਾਹ ਦੇ ਵਜ਼ੀਰ ਅਲਕਾਨਾਹ ਨੂੰ ਮਾਰ ਸੁੱਟਿਆ।

ਇਸਰਾਏਲੀ ਆਪਣੇ ਰਿਸ਼ਤੇਦਾਰਾਂ ਵਿੱਚੋਂ 2,00,000 ਸੰਬੰਧੀਆਂ ਨੂੰ ਜੋ ਯਹੂਦਾਹ ਵਿੱਚ ਰਹਿੰਦੇ ਸਨ ਪਕੜ ਕੇ ਲੈ ਗਏ। ਉਹ ਯਹੂਦਾਹ ਵਿੱਚੋਂ ਔਰਤਾਂ ਬੱਚਿਆਂ ਅਤੇ ਬਹੁਤ ਸਾਰੇ ਕੀਮਤੀ ਸਮਾਨ ਨੂੰ ਵੀ ਲੈ ਗਏ ਅਤੇ ਇਸ ਸਾਰੇ ਲੁੱਟ ਦੇ ਸਮਾਨ ਨੂੰ ਸਾਮਰਿਯਾ ਵਿੱਚ ਲੈ ਆਏ। ਪਰ ਉੱਥੇ ਯਹੋਵਾਹ ਦਾ ਇੱਕ ਨਬੀ ਸੀ, ਜਿਸ ਦਾ ਨਾਉਂ ਓਦੇਦ ਸੀ। ਓਦੇਦ ਉਸ ਇਸਰਾਏਲੀ ਫ਼ੌਜ ਨੂੰ ਮਿਲਿਆ ਜੋ ਸਾਮਰਿਯਾ ਵਿੱਚ ਆਈ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, “ਵੇਖੋ, ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਯਹੂਦਾਹ ਤੋਂ ਨਾਰਾਜ਼ ਸੀ, ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਦੇ ਦਿੱਤਾ ਪਰ ਤੁਸੀਂ ਉਨ੍ਹਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਮਾਰਿਆ ਹੈ ਕਿ ਉਨ੍ਹਾਂ ਦੀ ਦੁਹਾਈ ਅਕਾਸ਼ ਤਾਈਂ ਪਹੁੰਚੀ ਹੈ ਸੋ ਪਰਮੇਸ਼ੁਰ ਹੁਣ ਤੁਹਾਡੇ ਨਾਲ ਨਾਰਾਜ਼ ਹੈ। 10 ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਗੁਲਾਮ ਬਨਾਉਣ ਦਾ ਮਤਾ ਪਕਾਇਆ ਹੈ ਪਰ ਤੁਸੀਂ ਵੀ ਯਹੋਵਾਹ ਆਪਣੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਹਨ। 11 ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਜਿਹੜੇ ਆਪਣੇ ਭੈਣਾਂ-ਭਰਾਵਾਂ ਨੂੰ ਤੁਸੀਂ ਫ਼ੜਕੇ ਲਿਆਏ ਹੋ ਉਨ੍ਹਾਂ ਨੂੰ ਵਾਪਸ ਭੇਜ ਦੇਵੋ। ਇਉਂ ਇਸ ਲਈ ਕਰਨਾ ਹੈ ਕਿਉਂ ਕਿ ਯਹੋਵਾਹ ਤੁਹਾਡੇ ਤੇ ਬਹੁਤ ਕ੍ਰੋਧਿਤ ਹੈ।”

12 ਤਦ ਇਫ਼ਰਾਈਮ ਦੇ ਕੁਝ ਆਗੂਆਂ ਨੇ ਕੁਝ ਇਸਰਾਏਲੀ ਸਿਪਾਹੀਆਂ ਨੂੰ ਲੜਾਈ ਤੋਂ ਵਾਪਸ ਆਉਂਦਿਆਂ ਵੇਖਿਆ। ਉਨ੍ਹਾਂ ਆਗੂਆਂ ਨੇ ਇਸਰਾਏਲੀ ਫ਼ੌਜ ਨੂੰ ਮਿਲਕੇ ਖਬਰਦਾਰ ਕੀਤਾ। ਉਨ੍ਹਾਂ ਆਗੂਆਂ ਵਿੱਚ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ ਅਤੇ ਸ਼ਲੂਮ ਦਾ ਪੁੱਤਰ ਯਾਹਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਸੀ। 13 ਉਨ੍ਹਾਂ ਆਗੂਆਂ ਨੇ ਇਸਰਾਏਲੀ ਸਿਪਾਹੀਆਂ ਨੂੰ ਕਿਹਾ, “ਯਹੂਦਾਹ ਤੋਂ ਬੰਦੀਆਂ ਨੂੰ ਇੱਥੇ ਫ਼ੜ ਕੇ ਨਾ ਲਿਆਵੋ। ਜੇਕਰ ਤੁਸੀਂ ਅਜਿਹਾ ਕੀਤਾ ਤਾਂ ਅਸੀਂ ਯਹੋਵਾਹ ਦੇ ਅੱਗੇ ਪਾਪੀ ਹੋਵਾਂਗੇ ਅਤੇ ਸਾਡੀਆਂ ਭੁੱਲਾਂ ਅਤੇ ਪਾਪ ਵੱਧ ਜਾਣਗੇ, ਕਿਉਂ ਕਿ ਸਾਡੀ ਵੱਡੀ ਭੁੱਲ ਹੋਵੇਗੀ ਅਤੇ ਯਹੋਵਾਹ ਇਸਰਾਏਲ ਉੱਪਰ ਵੱਡਾ ਕਹਿਰ ਢਾਵੇਗਾ।”

14 ਤਦ ਸਿਪਾਹੀਆਂ ਨੇ ਇਸਰਾਏਲੀਆਂ ਦੇ ਸਾਹਮਣੇ ਅਤੇ ਉਨ੍ਹਾਂ ਆਗੂਆਂ ਦੇ ਸਾਹਮਣੇ ਉਹ ਕੀਮਤੀ ਸਾਮਾਨ ਅਤੇ ਕੈਦੀਆਂ ਨੂੰ ਛੱਡ ਦਿੱਤਾ। 15 ਤਦ ਆਗੂਆਂ (ਅਜ਼ਰਯਾਹ, ਬਰਕਯਾਹ, ਯਾਜ਼ਕੀਯਾਹ ਅਤੇ ਅਮਾਸਾ) ਨੇ ਉੱਠ ਕੇ ਕੈਦੀਆਂ ਦੀ ਮਦਦ ਕੀਤੀ। ਇਨ੍ਹਾਂ ਚਾਰਾਂ ਆਗੂਆਂ ਨੇ ਉਹ ਕੱਪੜੇ ਜਿਹੜੇ ਇਸਰਾਏਲੀ ਚੁੱਕ ਕੇ ਲਿਆਏ ਸਨ ਉਨ੍ਹਾਂ ਨੰਗੇ ਕੈਦੀਆਂ ਨੂੰ ਦਿੱਤੇ ਅਤੇ ਉਨ੍ਹਾਂ ਨੂੰ ਪੈਰੀ ਪਾਣ ਲਈ ਜੁੱਤੇ ਵੀ ਦਿੱਤੇ। ਅਤੇ ਯਹੂਦੀ ਕੈਦੀਆਂ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਵੀ ਦਿੱਤਾ। ਜਿਹੜੇ ਉਨ੍ਹਾਂ ਚੋ ਜ਼ਖਮੀ ਸਨ ਉਨ੍ਹਾਂ ਦੇ ਜ਼ਖਮਾਂ ਤੇ ਤੇਲ ਦੀ ਮਾਲਿਸ਼ ਕੀਤੀ। ਉਨ੍ਹਾਂ ਕੈਦੀਆਂ ਵਿੱਚੋਂ ਜਿਹੜੇ ਕਮਜ਼ੋਰ ਸਨ ਉਨ੍ਹਾਂ ਨੂੰ ਖੋਤਿਆਂ ਤੇ ਚੜ੍ਹਾਕੇ ਖਜ਼ੂਰਾਂ ਦੇ ਬਿਰਛਾਂ ਦੇ ਸ਼ਹਿਰ ਯਰੀਹੋ ਵਿੱਚ ਉਨ੍ਹਾਂ ਦੇ ਘਰਾਂ ਵਿੱਚ, ਉਨ੍ਹਾਂ ਦੇ ਪਰਿਵਾਰਾਂ ਵਿੱਚ ਭੇਜ ਦਿੱਤਾ। ਫ਼ਿਰ ਉਹ ਚਾਰੋ ਆਗੂ ਸਾਮਰਿਯਾ ਵਿੱਚ ਆਪਣੇ ਘਰ ਨੂੰ ਮੁੜ ਗਏ।

16-17 ਉਸੇ ਵਕਤ ਅਦੋਮੀਆਂ ਨੇ ਫ਼ਿਰ ਤੋਂ ਹਮਲਾ ਕਰਕੇ ਯਹੂਦਾਹ ਦੇ ਲੋਕਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਕੈਦੀ ਬਣਾ ਕੇ ਲੈ ਗਏ। ਉਸ ਵਕਤ ਆਹਾਜ਼ ਪਾਤਸ਼ਾਹ ਨੇ ਅੱਸ਼ੂਰ ਦੇ ਪਾਤਸ਼ਾਹ ਕੋਲੋਂ ਮਦਦ ਮੰਗੀ। 18 ਫ਼ਲਿਸਤੀਆਂ ਨੇ ਮੈਦਾਨਾਂ ਵਿੱਚਲੇ ਨਗਰਾਂ ਅਤੇ ਯਹੂਦਾਹ ਦੇ ਦੱਖਣੀ ਸ਼ਹਿਰਾਂ ਉੱਤੇ ਹਮਲਾ ਕਰਕੇ ਬੈਤ-ਸ਼ਮਸ਼, ਅਯਾਲੋਨ, ਗਦੇਰੋਥ, ਸੋਕੋ, ਤਿਮਨਾਹ, ਗਿਮਜ਼ੋ ਅਤੇ ਉਸ ਦੇ ਨੇੜੇ ਦੇ ਪਿੰਡਾਂ ਨੂੰ ਲੈ ਲਿਆ। ਫ਼ੇਰ ਫ਼ਲਿਸਤੀਆਂ ਨੇ ਉੱਥੇ ਰਹਿਣਾ ਵੀ ਸ਼ੁਰੂ ਕਰ ਦਿੱਤਾ। 19 ਯਹੋਵਾਹ ਨੇ ਯਹੂਦਾਹ ਉੱਪਰ ਕਹਿਰ ਕੀਤਾ ਕਿਉਂ ਕਿ ਯਹੂਦਾਹ ਦੇ ਪਾਤਸ਼ਾਹ ਆਹਾਜ਼ ਨੇ ਯਹੂਦੀਆਂ ਨੂੰ ਪਾਪ ਕਰਨ ਲਈ ਪ੍ਰੇਰਿਆ। ਉਸ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ। 20 ਅੱਸ਼ੂਰ ਦਾ ਪਾਤਸ਼ਾਹ ਤਿਗਲਥ-ਪਿਲਨਾਸਰ ਉਸ ਕੋਲ ਆਇਆ ਪਰ ਉਸ ਨੇ ਆਹਾਜ਼ ਦੀ ਮਦਦ ਕਰਨ ਦੀ ਥਾਵੇਂ ਸਗੋਂ ਉਸ ਨੂੰ ਤੰਗ ਕੀਤਾ। 21 ਭਾਵੇਂ ਆਹਾਜ਼ ਨੇ ਯਹੋਵਾਹ ਦੇ ਮੰਦਰ ਅਤੇ ਰਾਜਕੁਮਾਰ ਦੇ ਮਹਿਲ ਵਿੱਚੋਂ ਕੀਮਤੀ ਵਸਤਾਂ ਚੁੱਕ ਕੇ ਅੱਸ਼ੂਰ ਦੇ ਪਾਤਸ਼ਾਹ ਨੂੰ ਦਿੱਤੀਆਂ ਪਰ ਤਾਂ ਵੀ ਉਸ ਨੇ ਆਹਾਜ਼ ਦੀ ਮਦਦ ਨਾ ਕੀਤੀ।

22 ਆਪਣੀ ਮੁਸੀਬਤ ਦੀ ਘੜੀ ਵਿੱਚ ਉਹ ਯਹੋਵਾਹ ਨਾਲ ਹੋਰ ਵੀ ਬੁਰਾ ਅਤੇ ਬੇਵਫ਼ਾ ਹੋ ਗਿਆ। 23 ਉਸ ਨੇ ਜਿਨ੍ਹਾਂ ਦੇਵਤਿਆਂ ਦੀ ਉਪਾਸਨਾ ਦੰਮਿਸ਼ਕ ਦੇ ਲੋਕ ਕਰਦੇ ਸਨ, ਉਨ੍ਹਾਂ ਨੂੰ ਬਲੀਆਂ ਚੜ੍ਹਾਈਆਂ। ਦੰਮਿਸਕ ਦੇ ਲੋਕਾਂ ਨੇ ਉਸ ਨੂੰ ਹਰਾਇਆ ਸੀ। ਤਾਂ ਉਸ ਨੇ ਆਪਣੇ ਮਨ ਵਿੱਚ ਸੋਚਿਆ, “ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਆਂ ਚੜ੍ਹਾਵਾਂਗਾ ਤਾਂ ਕਿ ਉਹ ਮੇਰੀ ਵੀ ਮਦਦ ਕਰਨ।” ਪਰ ਉਹ ਆਹਾਜ਼ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਣ ਬਣੇ।

24 ਤਦ ਆਹਾਜ਼ ਨੇ ਪਰਮੇਸ਼ੁਰ ਦੇ ਮੰਦਰ ਦੀਆਂ ਵਸਤਾਂ ਨੂੰ ਚੁੱਕ ਕੇ ਸੁੱਟਿਆ ਅਤੇ ਟੁਕੜੇ-ਟੁਕੜੇ ਕਰ ਦਿੱਤੇ ਫ਼ਿਰ ਉਸ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਉਸ ਨੇ ਜਗਵੇਦੀਆਂ ਬਣਵਾ ਕੇ ਯਰੂਸ਼ਲਮ ਦੀ ਹਰ ਗਲੀ ਦੇ ਨੁਕਰ ਵਿੱਚ ਰੱਖੀਆਂ। 25 ਯਹੂਦਾਹ ਦੇ ਹਰ ਸ਼ਹਿਰ ਵਿੱਚ ਉਸ ਨੇ ਉੱਚੀਆਂ ਥਾਵਾਂ ਬਣਵਾਈਆਂ ਤਾਂ ਕਿ ਦੂਜੇ ਦੇਵਤਿਆਂ ਦੀ ਉਪਾਸਨਾ ਕੀਤੀ ਜਾ ਸੱਕੇ ਅਤੇ ਧੂਪ ਧੁਖਾਈ ਜਾ ਸੱਕੇ। ਜਿਸ ਯਹੋਵਾਹ ਪਰਮੇਸ਼ੁਰ ਦੀ ਆਹਾਜ਼ ਦੇ ਪੁਰਖੇ ਉਪਾਸਨਾ ਕਰਦੇ ਸਨ, ਉਸ ਨੂੰ ਆਹਾਜ਼ ਨੇ ਕ੍ਰੋਧਿਤ ਕਰ ਦਿੱਤਾ।

26 ਸ਼ੁਰੂ ਤੋਂ ਲੈ ਕੇ ਅਖੀਰ ਤੀਕ ਜੋ ਕਾਰਨਾਮੇ ਆਹਾਜ਼ ਨੇ ਕੀਤੇ ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 27 ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਆਹਾਜ਼ ਨੂੰ ਯਰੂਸ਼ਲਮ ਵਿੱਚ ਦਫ਼ਨਾਇਆ। ਪਰ ਉਨ੍ਹਾਂ ਨੇ ਆਹਾਜ਼ ਨੂੰ ਉੱਥੇ ਨਾ ਦਫ਼ਨਾਇਆ ਜਿੱਥੇ ਕਿ ਇਸਰਾਏਲ ਦੇ ਬਾਕੀ ਪਾਤਸ਼ਾਹਾਂ ਨੂੰ ਦਫ਼ਨਾਇਆ ਗਿਆ ਸੀ। ਆਹਾਜ਼ ਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes