A A A A A
Bible Book List

2 ਇਤਹਾਸ 20 Punjabi Bible: Easy-to-Read Version (ERV-PA)

ਯਹੋਸ਼ਾਫ਼ਾਟ ਲੜਾਈ ਦਾ ਸਾਹਮਣਾ ਕਰਦਾ ਹੋਇਆ

20 ਇਸ ਤੋਂ ਬਾਅਦ ਮੋਆਬੀ, ਅਮੋਨੀ ਅਤੇ ਉਨ੍ਹਾਂ ਨਾਲ ਕਈ ਹੋਰ ਅੰਮੋਨੀਆਂ ਤੋਂ ਛੁੱਟ ਹੋਰ ਲੋਕ ਯਹੋਸ਼ਾਫ਼ਾਟ ਨਾਲ ਲੜਨ ਲਈ ਆਏ। ਕੁਝ ਮਨੁੱਖਾਂ ਨੇ ਯਹੋਸ਼ਾਫ਼ਾਟ ਨੂੰ ਆ ਕੇ ਕਿਹਾ, “ਇੱਕ ਵੱਡੀ ਭਾਰੀ ਸੈਨਾ ਸਮੁੰਦਰ ਦੇ ਪਾਰ ਅਦੋਮ ਵੱਲੋਂ ਤੇਰੇ ਵਿਰੁੱਧ ਟਾਕਰੇ ਲਈ ਆ ਰਹੀ ਹੈ, ਅਤੇ ਵੇਖ ਉਹ ਹਸਸੋਨ-ਤਾਮਾਰ ਵਿੱਚ ਹਨ।” (ਹਸਸੋਨ-ਤਾਮਾਰ ਏਨ-ਗਦੀ ਵੀ ਅਖਵਾਉਂਦਾ ਹੈ।) ਤਾਂ ਯਹੋਸ਼ਾਫ਼ਾਟ ਨੇ ਭੈਅ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਯਹੂਦਾਹ ਵਿੱਚ ਸਾਰਿਆਂ ਲਈ ਇਹ ਸਮਾਂ ਵਰਤ ਰੱਖਣ ਦੀ ਡੌਁਡੀ ਪਿਟਵਾਈ। ਯਹੂਦਾਹ ਦੇ ਲੋਕ ਇੱਕਤਰ ਹੋ ਕੇ ਯਹੋਵਾਹ ਅੱਗੇ ਬੇਨਤੀ ਕਰਨ ਆਏ। ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਚੋ ਇਕੱਠੇ ਹੋ ਕੇ ਯਹੋਵਾਹ ਦੀ ਮਦਦ ਲੈਣ ਲਈ ਬੇਨਤੀ ਕਰਨ ਆਏ। ਤਦ ਯਹੋਸ਼ਾਫ਼ਾਟ ਯਹੂਦਾਹ ਅਤੇ ਯਰੂਸ਼ਲਮ ਦੀ ਸਭਾ ਦੇ ਵਿੱਚ ਨਵੇਂ ਵਿਹੜੇ ਦੇ ਅੱਗੇ ਯਹੋਵਾਹ ਦੇ ਮੰਦਰ ਵਿੱਚ ਖਲੋਤਾ ਸੀ। ਉਸ ਨੇ ਕਿਹਾ,

“ਸਾਡੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਹੇ ਅਕਾਸ਼ਾਂ ਦੇ ਯਹੋਵਾਹ! ਤੂੰ ਸਾਰੀ ਸ਼੍ਰਿਸ਼ਟੀ ਦਾ ਪਾਤਸ਼ਾਹ! ਤੂੰ ਸਰਬ ਸ਼ਕਤੀਮਾਨ ਹੈਂ! ਕੋਈ ਮਨੁੱਖ ਤੇਰਾ ਟਾਕਰਾ ਕਰਨ ਤੋਂ ਅਸਮਰੱਥ ਹੈ। ਤੂੰ ਸਾਡਾ ਪਰਮੇਸ਼ੁਰ ਹੈਂ! ਤੂੰ ਇੱਥੋਂ ਦੇ ਰਾਜ ਦੇ ਲੋਕਾਂ ਨੂੰ ਇੱਥੋਂ ਦੇ ਵਸਨੀਕਾਂ ਨੂੰ ਇਥੋਂ ਕੱਢਿਆ ਅਤੇ ਇਹ ਸਭ ਕੁਝ ਤੂੰ ਆਪਣੀ ਪਰਜਾ ਇਸਰਾਏਲੀਆਂ ਦੇ ਸਾਹਮਣੇ ਕੀਤਾ ਅਤੇ ਇਹ ਧਰਤੀ ਨੂੰ ਆਪਣੇ ਮਿੱਤਰ ਅਬਰਾਹਾਮ ਦੇ ਉੱਤਰਾਧਿਕਾਰੀਆਂ ਨੂੰ ਸਦਾ-ਸਦਾ ਲਈ ਦੇ ਦਿੱਤੀ। ਅਬਰਾਹਾਮ ਦੇ ਉੱਤਰਾਧਿਕਾਰੀ ਇਸ ਧਰਤੀ ਤੇ ਰਹੇ ਤੇ ਤੇਰੇ ਨਾਂ ਦਾ ਉਨ੍ਹਾਂ ਇੱਥੇ ਮੰਦਰ ਥਾਪਿਆ। ਉਨ੍ਹਾਂ ਕਿਹਾ, ‘ਜਦੋਂ ਕੋਈ ਵੀ ਮੁਸ਼ਕਿਲ ਜਾਂ ਬਦੀ ਸਾਡੇ ਤੇ ਆਵੇ ਜਿਵੇਂ ਤਲਵਾਰ ਜਾਂ ਨਿਆਂ, ਬੀਮਾਰੀ ਜਾਂ ਕਾਲ ਤਾਂ ਜੇਕਰ ਅਸੀਂ ਇਸ ਮੰਦਰ ਦੇ ਅੱਗੇ ਤੇਰੇ ਸਾਹਮਣੇ ਖੜ੍ਹੇ ਹੋਈੇਏ, ਕਿਉਂ ਕਿ ਤੇਰਾ ਨਾਉਂ ਇਸ ਮੰਦਰ ਵਿੱਚ ਹੈ, ਆਪਣੀ ਬਿਪਤਾ ਵੇਲੇ ਤੇਰੇ ਅੱਗੇ ਪ੍ਰਾਰਥਨਾ ਕਰੀਏ ਤਾਂ ਤੂੰ ਸਾਡੀ ਫ਼ਰਿਆਦ ਸੁਣ ਕੇ ਸਾਨੂੰ ਬਚਾਅ ਲਵੇਂਗਾ।’

10 “ਪਰ ਹੁਣ ਤੂੰ ਵੇਖ ਕਿ ਅੰਮੋਨੀ, ਮੋਆਬੀ ਅਤੇ ਸੇਈਰ ਪਹਾੜ ਦੇ ਲੋਕ, ਜਿਨ੍ਹਾਂ ਤੋਂ ਤੂੰ ਇਸਰਾਏਲ ਨੂੰ ਜਦ ਉਹ ਮਿਸਰ ਤੋਂ ਨਿਕਲ ਕੇ ਆ ਰਹੇ ਸੀ ਹੱਲਾ ਨਾ ਕਰਨ ਦਿੱਤਾ, ਸਗੋਂ ਉਹ ਉਨ੍ਹਾਂ ਵੱਲੋਂ ਮੁੜ ਗਏ ਤੇ ਉਨ੍ਹਾਂ ਦਾ ਨਾਸ਼ ਨਹੀਂ ਕੀਤਾ। 11 ਪਰ ਵੇਖ ਉਨ੍ਹਾਂ ਸਾਨੂੰ ਕਿਹੋ ਜਿਹਾ ਬਦਲੇ ’ਚ ਇਨਾਮ ਦਿੱਤਾ ਕਿ ਜਿਹੜਾ ਦੇਸ ਤੂੰ ਸਾਨੂੰ ਮਿਲਖ ਵਿੱਚ ਦਿੱਤਾ ਸੀ, ਉਹ ਸਾਨੂੰ ਉੱਥੋਂ ਕੱਢਣ ਲਈ ਆ ਰਹੇ ਹਨ। 12 ਹੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਦਾ ਨਿਆਂ ਨਹੀਂ ਕਰੇਂਗਾ? ਉਹ ਜੋ ਵੱਡੀ ਫ਼ੌਜ ਸਾਡੇ ਵਿਰੋਧ ਆ ਰਹੀ ਹੈ ਅਸੀਂ ਉਸਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹਾਂ! ਅਸੀਂ ਲਾਚਾਰ ਹਾਂ ਅਤੇ ਨਹੀਂ ਜਾਣਦੇ ਕਿ ਕੀ ਕਰੀਏ? ਇਸੇ ਲਈ, ਅਸੀਂ ਤੈਥੋਂ ਮਦਦ ਮੰਗ ਰਹੇ ਹਾਂ!”

13 ਸਾਰੇ ਯਹੂਦੀ ਯਹੋਵਾਹ ਦੇ ਅੱਗੇ ਆਪਣੇ ਛੋਟੇ ਬੱਚੇ, ਪਤਨੀਆਂ ਅਤੇ ਬਾਲਾਂ ਸੰਗ ਖੜ੍ਹੇ ਹੋ ਗਏ। 14 ਤਦ ਸਭਾ ਵਿੱਚੋਂ ਯਹਜ਼ੀਏਲ ਉੱਤੇ ਜੋ ਕਿ ਲੇਵੀ ਸੀ ਅਤੇ ਆਸ਼ਫ਼ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ, ਉਹ ਜ਼ਕਰਯਾਹ ਦਾ ਪੁੱਤਰ, ਬਨਾਯਾਹ ਦਾ ਪੋਤਾ ਸੀ। ਬਨਾਯਾਹ ਯੀਏਲ ਦਾ ਪੁੱਤਰ ਸੀ ਅਤੇ ਯੀਏਲ ਮਤਨਯਾਹ ਦਾ ਪੁੱਤਰ ਇਉਂ ਯਹਜ਼ੀਏਲ ਉੱਪਰ ਯਹੋਵਾਹ ਦਾ ਆਤਮਾ ਪ੍ਰਗਟ ਹੋਇਆ। 15 ਯਹਜ਼ੀਏਲ ਨੇ ਕਿਹਾ, “ਹੇ ਪਾਤਸ਼ਾਹ ਯਹੋਸ਼ਾਫ਼ਾਟ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕੋ ਸੁਣੋ। ਯਹੋਵਾਹ ਤੁਹਾਨੂੰ ਇਉਂ ਆਖਦਾ ਹੈ ਕਿ: ‘ਇਸ ਵੱਡੀ ਭਾਰੀ ਫ਼ੌਜ ਦੀ ਨਾ ਚਿੰਤਾ ਕਰੋ ਤੇ ਨਾ ਹੀ ਘਬਰਾਓ, ਕਿਉਂ ਕਿ ਇਹ ਲੜਾਈ ਤੁਹਾਡੀ ਲੜਾਈ ਨਹੀਂ ਸਗੋਂ ਯਹੋਵਾਹ ਦੀ ਹੈ। 16 ਸਗੋਂ ਕੱਲ ਤੁਸੀਂ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਹੇਠਾਂ ਉਤਰਨਾ। ਉਹ ਲੋਕ ਸੀਸ ਦੀ ਚੜ੍ਹਾਈ ਵੱਲੋਂ ਆ ਰਹੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਯਰੂਏਲ ਦੀ ਉਜਾੜ ਸਾਹਮਣੇ ਵਾਦੀ ਦੇ ਸਿਰੇ ਉੱਪਰ ਪਾਵੋਂਗੇ। 17 ਤਹੁਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ ਬਸ ਤੁਸੀਂ ਆਪਣੀ-ਆਪਣੀ ਥਾਂ ਤੇ ਡਟੇ ਰਹੋ ਤੇ ਤੁਸੀਂ ਵੇਖੋਂਗੇ ਕਿ ਕਿਵੇਂ ਯਹੋਵਾਹ ਤੁਹਾਡੀ ਰੱਖਿਆ ਕਰਦਾ ਹੈ। ਹੇ ਯਹੂਦਾਹ ਤੇ ਯਰੂਸ਼ਲਮ ਤੁਸੀਂ ਘਬਰਾਓ ਨਾ ਤੇ ਨਾ ਹੀ ਚਿੰਤਾ ਕਰੋ। ਯਹੋਵਾਹ ਤੁਹਾਡੇ ਅੰਗ-ਸੰਗ ਹੈ, ਇਸ ਲਈ ਕੱਲ ਤੁਸੀਂ ਇਨ੍ਹਾਂ ਦੇ ਟਾਕਰੇ ਲਈ ਤੁਰ ਪੈਣਾ।’”

18 ਯਹੋਸ਼ਾਫ਼ਾਟ ਨੇ ਸਿਰ ਝੁਕਾਇਆ ਤੇ ਉਸਨੇ ਸ਼ੀਸ਼ ਧਰਤੀ ਤੇ ਨਿਵਾਇਆ। ਸਾਰੇ ਯਹੂਦਾਹ ਅਤੇ ਯਰੂਸਲਮ ਦੇ ਵਸਨੀਕਾਂ ਨੇ ਵੀ ਯਹੋਵਾਹ ਨੂੰ ਝੁਕ ਕੇ ਪ੍ਰਣਾਮ ਕੀਤਾ। 19 ਕਹਾਥੀਆਂ ਅਤੇ ਕੋਰਾਹੀਆਂ ਦੇ ਲੇਵੀਆਂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕੀਤੀ।

20 ਯਹੋਸ਼ਾਫ਼ਾਟ ਦੀ ਫ਼ੌਜ ਸਵੇਰੇ ਤੜਕੇ ਉੱਠ ਕੇ ਤਕੌਅ ਦੀ ਉਜਾੜ ਵਿੱਚ ਚੱਲੇ ਗਈ। ਉਨ੍ਹਾਂ ਦੇ ਜਾਣ ਲੱਗਿਆਂ ਯਹੋਸ਼ਾਫ਼ਾਟ ਨੇ ਖਲੋਅ ਕੇ ਆਖਿਆ, “ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ, ਸੁਣੋ! ਯਹੋਵਾਹ ਆਪਣੇ ਪਰਮੇਸ਼ੁਰ ਉੱਪਰ ਭਰੋਸਾ ਰੱਖੋ, ਤਾਂ ਤੁਸੀਂ ਕਾਇਮ ਰਹੋਂਗੇ। ਯਹੋਵਾਹ ਦੇ ਨਬੀਆਂ ਉੱਪਰ ਵਿਸ਼ਵਾਸ ਕਰੋ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ।”

21 ਯਹੋਸ਼ਾਫ਼ਾਟ ਨੇ ਆਪਣੇ ਲੋਕਾਂ ਨੂੰ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਉਤਸਾਹਿਤ ਕੀਤਾ। ਫਿਰ ਉਸ ਨੇ ਯਹੋਵਾਹ ਦੀ ਉਸਤਤ ਕਰਨ ਲਈ ਕਿ ਉਹ ਪਵਿੱਤਰ ਹੈ ਗੱਵਯਾਂ ਨੂੰ ਚੁਣਿਆ। ਉਹ ਫ਼ੌਜ ਦੇ ਅੱਗੇ-ਅੱਗੇ ਚੱਲਦੇ ਅਤੇ ਉਸ ਦੀ ਉਸਤਤ ’ਚ ਗੀਤ ਗਾਉਂਦੇ ਅਤੇ ਆਖਦੇ,

“ਯਹੋਵਾਹ ਦੀਆਂ ਉਸਤਤਾਂ ਗਾਓ ਜਿਵੇਂ
    ਕਿ ਉਸਦਾ ਅਟੱਲ ਪਿਆਰ ਹਮੇਸ਼ਾ ਲਈ ਸਥਿਰ ਹੈ!”

22 ਜਦੋਂ ਉਹ ਯਹੋਵਾਹ ਦੀਆਂ ਉਸਤਤਾਂ ਗਾਉਣ ਲੱਗੇ, ਤਾਂ ਯਹੋਵਾਹ ਨੇ ਅੰਮੋਨੀਆਂ, ਮੋਆਬੀਆਂ ਅਤੇ ਸਈਰ ਪਰਬਤ ਦੇ ਲੋਕਾਂ ਉੱਪਰ ਜਿਹੜੇ ਯਹੂਦਾਹ ਤੇ ਹਮਲਾ ਕਰਨ ਲਈ ਆ ਰਹੇ ਸਨ, ਘਾਤ ਲਗਾ ਲਈ, ਤਾਂ ਜੋ ਸਾਰੀਆਂ ਫ਼ੌਜਾਂ ਹਾਰ ਗਈਆਂ। 23 ਕਿਉਂ ਕਿ ਅੰਮੋਨੀ ਤੇ ਮੋਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਕਿ ਉਨ੍ਹਾਂ ਨੂੰ ਕਤਲ ਕਰਕੇ ਖਤਮ ਕਰ ਦੇਣ। ਜਦ ਉਹ ਸਈਰ ਦੇ ਵਸਨੀਕਾਂ ਦਾ ਖਾਤਮਾ ਕਰ ਚੁੱਕੇ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ।

24 ਜਦੋਂ ਯਹੂਦਾਹ ਦੇ ਲੋਕਾਂ ਨੇ ਉਜਾੜ ਦੇ ਬੁਰਜ ਉੱਤੇ ਪਹੁੰਚ ਕੇ ਉਸ ਵੱਡੀ ਫ਼ੌਜ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਉੱਥੇ ਸਿਰਫ਼ ਲੋਥਾਂ ਨਜ਼ਰ ਆਈਆਂ, ਜੋ ਕਿ ਧਰਤੀ ਉੱਪਰ ਢੇਰੀ ਹੋਈਆਂ ਪਈਆਂ ਸਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਨਾ ਬਚਿਆ। 25 ਜਦੋਂ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਲਈ ਆਏ ਤਾਂ ਉਨ੍ਹਾਂ ਨੂੰ ਲੋਥਾਂ ਉੱਪਰ ਇੰਨਾ ਮਾਲ ਖਜ਼ਾਨਾ ਅਤੇ ਬਹੁਕੀਮਤੀ ਵਸਤਾਂ ਮਿਲੀਆਂ ਕਿ ਉਨ੍ਹਾਂ ਤੋਂ ਚੁੱਕ ਕੇ ਲਿਜਾਈਆਂ ਨਾ ਜਾ ਸੱਕੀਆਂ। ਲੁੱਟ ਦਾ ਮਾਲ ਇੰਨਾ ਸੀ ਕਿ ਉਹ ਤਿੰਨ ਦਿਨ ਉਸ ਨੂੰ ਲੁੱਟਦੇ ਰਹੇ। 26 ਚੌਥੇ ਦਿਨ ਬਰਾਕਾਹ ਦੀ ਵਾਦੀ ਵਿੱਚ ਉਹ ਇਕੱਠੇ ਹੋਏ ਅਤੇ ਉਸ ਥਾਵੇਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਕੀਤੀ। ਇਸੇ ਲਈ ਅੱਜ ਵੀ ਲੋਕ ਉਸ ਥਾਂ ਨੂੰ “ਬਰਾਕਾਹ ਦੀ ਵਾਦੀ” ਆਖਦੇ ਹਨ।

27 ਤਦ ਯਹੋਸ਼ਾਫ਼ਾਟ ਦੇ ਪਿੱਛੇ-ਪਿੱਛੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤੇ। ਯਰੂਸ਼ਲਮ ਵੱਲ ਨੂੰ ਪਰਤਦਿਆਂ ਯਹੋਵਾਹ ਨੇ ਦੁਸ਼ਮਣਾਂ ਨੂੰ ਹਾਰ ਦੇਣ ਕਾਰਣ ਆਪਣੇ ਲੋਕਾਂ ਵਿੱਚ ਜਸ਼ਨ ਮਨਾਇਆ। 28 ਇਉਂ ਉਹ ਜਸ਼ਨ ਮਨਾਉਂਦੇ ਰਬਾਬ, ਬਰਬਤਾਂ ਅਤੇ ਤੁਰ੍ਹੀਆਂ ਵਜਾਉਂਦੇ ਯਰੂਸ਼ਲਮ ਵਿੱਚ ਯਹੋਵਾਹ ਦੇ ਮੰਦਰ ਵਿੱਚ ਆਏ।

29 ਤਦ ਯਹੋਵਾਹ ਦਾ ਡਰ ਉਨ੍ਹਾਂ ਦੇਸ਼ਾਂ ਦੇ ਸਾਰੇ ਰਾਜਾਂ ਉੱਪਰ ਪੈ ਗਿਆ, ਜਦੋਂ ਉਨ੍ਹਾਂ ਇਹ ਸੁਣਿਆ ਕਿ ਇਸਰਾਏਲ ਦੇ ਵੈਰੀਆਂ ਨਾਲ ਯਹੋਵਾਹ ਨੇ ਲੜਾਈ ਕੀਤੀ ਹੈ। 30 ਇਸੇ ਕਾਰਣ ਯਹੋਸ਼ਾਫ਼ਾਟ ਦੇ ਰਾਜ ਵਿੱਚ ਅਮਨ-ਚੈਨ ਰਿਹਾ ਅਤੇ ਉਸ ਦੇ ਪਰਮੇਸ਼ੁਰ ਨੇ ਉਸ ਨੂੰ ਉਸ ਦੇ ਚਾਰੋ ਪਾਸਿਓ ਅਮਨ ਸ਼ਾਂਤੀ ਬਹਾਲ ਕੀਤੀ।

ਯਹੋਸ਼ਾਫ਼ਾਟ ਦੇ ਰਾਜ ਦਾ ਅੰਤ

31 ਯਹੋਸ਼ਾਫ਼ਾਟ ਨੇ ਯਹੂਦਾਹ ਉੱਪਰ ਰਾਜ ਕੀਤਾ। ਜਦੋਂ ਉਹ ਰਾਜ ਕਰਨ ਲੱਗਾ ਤਦ ਉਹ 35 ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ 25 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਅਜ਼ੂਬਾਹ ਸੀ, ਜੋ ਕਿ ਸ਼ਿਲਹੀ ਦੀ ਧੀ ਸੀ। 32 ਯਹੋਸ਼ਾਫ਼ਾਟ ਆਪਣੇ ਪਿਤਾ ਆਸਾ ਦੇ ਰਾਹ ਤੇ ਚੱਲਿਆ। ਉਹ ਆਪਣੇ ਪਿਤਾ ਦੇ ਰਾਹ ਤੋਂ ਡੋਲਿਆ ਨਹੀਂ ਅਤੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। 33 ਪਰ ਉੱਚੀਆਂ ਥਾਵਾਂ ਨੂੰ ਹਟਾਇਆ ਨਾ ਗਿਆ, ਕਿਉਂ ਕਿ ਅਜੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨਾਲ ਦਿਲ ਨਹੀਂ ਲਗਾਇਆ ਸੀ।

34 ਯਹੋਸ਼ਾਫ਼ਾਟ ਨੇ ਹੋਰ ਜਿਹੜੇ ਕਾਰਜ ਕੀਤੇ ਉਸ ਦੇ ਆਦਿ ਤੋਂ ਅੰਤ ਤੀਕ ਦੇ ਕੰਮ ਹਨਾਨੀ ਦੇ ਪੁੱਤਰ ਯੇਹੂ ਦੇ ਇਤਹਾਸ ਵਿੱਚ ਲਿਖੇ ਹਨ ਜੋ ਕਿ ਇਸਰਾਏਲ ਦੇ ਪਾਤਸ਼ਾਹ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।

35 ਇਸ ਉਪਰੰਤ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਪਾਤਸ਼ਾਹ ਅਹਜ਼ਯਾਹ ਨਾਲ ਮੇਲ ਕੀਤਾ। ਅਹਜ਼ਯਾਹ ਨੇ ਬਹੁਤ ਬੁਰਿਆਈ ਕੀਤੀ। 36 ਯਹੋਸ਼ਾਫ਼ਾਟ ਨੇ ਅਹਜ਼ਯਾਹ ਨਾਲ ਮੇਲ ਇਸ ਲਈ ਕੀਤਾ ਕਿ ਤਰਸ਼ੀਸ਼ ਨੂੰ ਜਾਣ ਲਈ ਜਹਾਜ਼ ਬਣਾਏ ਜਾਣ। ਉਨ੍ਹਾਂ ਨੇ ਅਸਯੋਨ-ਗ਼ਬਰ ਵਿੱਚ ਜਹਾਜ਼ ਬਣਾਏ। 37 ਤਦ ਮਾਰੇਸ਼ਾਹ ਤੋਂ ਦੋਦਾਵਾਹ ਦੇ ਪੁੱਤਰ ਅਲੀਅਜ਼ਰ ਨੇ, ਯਹੋਸ਼ਾਫ਼ਾਟ ਦੇ ਵਿਰੁੱਧ ਅਗੰਮ ਵਾਕ ਕੀਤਾ ਅਤੇ ਆਖਿਆ, “ਕਿਉਂ ਕਿ ਤੂੰ ਅਹਜ਼ਯਾਹ ਨਾਲ ਜੁੜ ਗਿਆ ਇਸ ਲਈ ਯਹੋਵਾਹ ਤੇਰੇ ਬਣਾਏ ਸਭ ਕਾਸੇ ਨੂੰ ਤਬਾਹ ਕਰ ਦੇਵੇਗਾ।” ਜਹਾਜ਼ ਤਬਾਹ ਹੋ ਗਏ ਅਤੇ ਇਸ ਲਈ ਯਹੋਸ਼ਾਫ਼ਾਟ ਅਤੇ ਅਹਜ਼ਯਾਹ ਉਨ੍ਹਾਂ ਨੂੰ ਤਰਸ਼ੀਸ਼ ਨੂੰ ਨਾ ਭੇਜ ਸੱਕੇ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes