1 ਰਾਜਿਆਂ 9:1-9
Punjabi Bible: Easy-to-Read Version
ਪਰਮੇਸ਼ੁਰ ਦਾ ਸੁਲੇਮਾਨ ਕੋਲ ਦੁਬਾਰਾ ਆਉਣਾ
9 ਇਉਂ ਸੁਲੇਮਾਨ ਨੇ ਯਹੋਵਾਹ ਦਾ ਮੰਦਰ ਅਤੇ ਆਪਣਾ ਸ਼ਾਹੀ ਮਹਿਲ ਬਣਾਕੇ ਮੁਕੰਮਲ ਕੀਤਾ। ਉਸ ਨੇ ਉਹ ਸਭ ਕੁਝ ਬਣਾਇਆ ਜੋ ਕੁਝ ਉਹ ਬਨਾਉਣਾ ਚਾਹੁੰਦਾ ਸੀ।
2 ਫ਼ੇਰ ਯਹੋਵਾਹ ਸੁਲੇਮਾਨ ਅੱਗੇ ਫਿਰ ਤੋਂ ਪ੍ਰਗਟਿਆ ਜਿਵੇਂ ਕਿ ਉਸ ਨੇ ਗਿਬਿਓਨ ਵਿੱਚ ਕੀਤਾ ਸੀ। 3 ਯਹੋਵਾਹ ਨੇ ਉਸ ਨੂੰ ਕਿਹਾ,
“ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਉਹ ਸਭ ਕੁਝ ਸੁਣਿਆ ਹੈ ਜਿਸ ਲਈ ਤੂੰ ਮੇਰੇ ਅੱਗੇ ਪ੍ਰਾਰਥਨਾ ਕੀਤੀ ਅਤੇ ਕਰਨ ਲਈ ਕਿਹਾ। ਤੂੰ ਇਹ ਮੰਦਰ ਬਣਾਇਆ ਅਤੇ ਮੈਂ ਇਸ ਨੂੰ ਪਵਿੱਤਰ ਅਸਥਾਨ ਘੋਸ਼ਿਤ ਕਰ ਦਿੱਤਾ ਹੈ। ਇਸ ਲਈ ਮੈਂ ਇੱਥੇ ਹਮੇਸ਼ਾ ਸਤਿਕਾਰਿਆ ਜਾਵਾਂਗਾ, ਅਤੇ ਮੈਂ ਇਸ ਉੱਤੇ ਹਮੇਸ਼ਾ ਨਿਗਾਹ ਰੱਖਾਂਗਾ। 4 ਤੈਨੂੰ ਮੇਰੀ ਸੇਵਾ ਓਸੇ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਤੇਰੇ ਪਿਤਾ ਦਾਊਦ ਨੇ ਮੇਰੀ ਸੇਵਾ ਕੀਤੀ। ਉਹ ਇੱਕ ਨਿਆਂਈ ਅਤੇ ਵਫ਼ਾਦਾਰ ਆਦਮੀ ਸੀ। ਤੈਨੂੰ, ਮੇਰੇ ਕਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹੀ ਕਰਨਾ ਚਾਹੀਦਾ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। 5 ਜੇਕਰ ਤੂੰ ਮੇਰੇ ਆਖੇ ਅਨੁਸਾਰ ਕਰੇਂ, ਮੈਂ ਤੇਰੇ ਘਰਾਣੇ ਵਿੱਚੋਂ ਹਮੇਸ਼ਾ ਇਸਰਾਏਲ ਉੱਪਰ ਕਿਸੇ ਨੂੰ ਰਾਜੇ ਵਜੋਂ ਰੱਖਾਂਗਾ। ਮੈਂ ਤੇਰੇ ਪਿਤਾ ਨਾਲ ਇਕਰਾਰ ਕੀਤਾ ਸੀ। ਉਸ ਦੇ ਉਤਰਾਧਿਕਾਰੀ ਵਿੱਚੋਂ ਕੋਈ ਇਸਰਾਏਲ ਉੱਪਰ ਹਮੇਸ਼ਾ ਰਾਜ ਕਰੇਗਾ।
6-7 “ਪਰ ਜੇਕਰ ਤੂੰ ਜਾਂ ਤੇਰੇ ਬੱਚਿਆਂ ਨੇ ਮੇਰਾ ਅਨੁਸਰਣ ਕਰਨਾ ਬੰਦ ਕਰ ਦਿੱਤਾ ਅਤੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਮੈਂ ਇਸਰਾਏਲ ਤੋਂ ਉਸ ਨੂੰ ਦਿੱਤੀ ਹੋਈ ਜ਼ਮੀਨ ਖੋਹ ਲਵਾਂਗਾ। ਫ਼ੇਰ ਇਸਰਾਏਲ ਇੱਕ ਉਦਾਹਰਣ ਹੋਵੇਗਾ ਅਤੇ ਕੌਮਾਂ ਦਰਮਿਆਨ ਮਖੌਲ ਦਾ ਕਾਰਣ ਬਣ ਜਾਵੇਗਾ। ਮੈਂ ਮੰਦਰ ਨੂੰ ਪਵਿੱਤਰ ਕੀਤਾ ਹੈ। ਇਹ ਉਹ ਥਾਂ ਹੈ ਜਿੱਥੇ ਲੋਕ ਮੇਰਾ ਸਤਿਕਾਰ ਕਰਦੇ ਹਨ। ਪਰ ਜੇਕਰ ਤੁਸੀਂ ਲੋਕ ਮੈਨੂੰ ਨਹੀਂ ਮੰਨੋਗੇ,ਤਾਂ ਮੈਂ ਇਸ ਨੂੰ ਢਾਹ ਦੇਵਾਂਗਾ। 8 ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ? 9 ਤਾਂ ਬਾਕੀ ਆਖਣਗੇ, ‘ਇਉਂ ਇਸ ਲਈ ਹੋਇਆ ਕਿਉਂ ਕਿ ਇੱਥੋਂ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਯਹੋਵਾਹ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ, ਪਰ ਉਹ ਹੋਰਨਾਂ ਦੇਵਤਿਆਂ ਦੀ ਸੇਵਾ ਅਤੇ ਉਪਾਸਨਾ ਕਰਨ ਲੱਗ ਪਏ। ਇਸ ਲਈ, ਇਸੇ ਕਾਰਣ, ਯਹੋਵਾਹ ਨੇ ਇਹ ਸਭ ਮੰਦੀਆਂ ਗੱਲਾਂ ਉਨ੍ਹਾਂ ਨਾਲ ਵਾਪਰਨ ਦਿੱਤੀਆਂ।’”
Read full chapter2010 by Bible League International