Añadir traducción en paralelo Imprimir Opciones de la página

ਕਿਸੇ ਬਜ਼ੁਰਗ ਨਾਲ ਗੁੱਸੇ ਨਾਲ ਨਾ ਬੋਲੋ ਸਗੋਂ ਉਸ ਨਾਲ ਇੰਝ ਗੱਲ ਕਰੋ ਜਿਵੇਂ ਉਹ ਤੁਹਾਡਾ ਪਿਤਾ ਹੋਵੇ। ਛੋਟਿਆਂ ਨਾਲ ਭਰਾਵਾਂ ਦੀ ਤਰ੍ਹਾਂ ਵਰਤਾਉ ਕਰੋ। ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ। ਛੋਟੀਆਂ ਔਰਤਾਂ ਨਾਲ ਭੈਣਾਂ ਵਰਗਾ ਵਿਹਾਰ ਕਰੋ। ਹਮੇਸ਼ਾ ਉਨ੍ਹਾਂ ਨਾਲ ਪੂਰੀ ਸ਼ੁੱਧਤਾ ਨਾਲ ਵਿਹਾਰ ਕਰੋ।

ਵਿਧਵਾਵਾਂ ਦਾ ਖਿਆਲ ਰੱਖਣਾ

ਕਲੀਸਿਯਾ ਨੂੰ ਉਨ੍ਹਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇੱਕਲੀਆਂ ਹਨ। ਪਰ ਜੇ ਕਿਸੇ ਵਿਧਵਾ ਦੇ ਬੱਚੇ ਹਨ ਜਾਂ ਪੋਤਰੇ-ਪੋਤਰੀਆਂ ਹਨ, ਤਾਂ ਜਿਹੜੀ ਗੱਲ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਣੀ ਚਾਹੀਦੀ ਹੈ ਉਹ ਇਹ ਹੈ; ਉਨ੍ਹਾਂ ਨੂੰ ਆਪਣੇ ਖੁਦ ਦੇ ਪਰਿਵਾਰ ਦੇ ਜੀਆਂ ਦਾ ਧਿਆਨ ਰੱਖਕੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਦੋਂ ਉਹ ਇਵੇਂ ਕਰਨਗੀਆਂ, ਤਾਂ ਉਹ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਉੱਤੇ ਉਪਕਾਰ ਕਰ ਰਹੀਆਂ ਹੋਣਗੀਆਂ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਜੇਕਰ ਇੱਕ ਵਿਧਵਾ ਸੱਚਮੁੱਚ ਬਿਨਾ ਕਿਸੇ ਦੇ ਸਹਾਰਿਉਂ ਇੱਕਲੀ ਹੈ, ਤਾਂ ਉਹ ਆਸ ਰੱਖਦੀ ਹੈ ਕਿ ਪਰਮੇਸ਼ੁਰ ਇੱਕਲਾ ਉਸਦੀ ਸਹਾਇਤਾ ਕਰੇਗਾ। ਉਹ ਪਰਮੇਸ਼ੁਰ ਨੂੰ ਸਹਾਇਤਾ ਲਈ ਦਿਨ ਰਾਤ ਪ੍ਰਾਰਥਨਾ ਕਰਨੀ ਜਾਰੀ ਰੱਖਦੀ ਹੈ। ਪਰ ਜਿਹੜੀ ਵਿਧਵਾ ਆਪਣੇ ਜੀਵਨ ਨੂੰ ਕੇਵਲ ਆਪਣੀ ਖੁਸ਼ੀ ਲਈ ਬਿਤਾਉਂਦੀ ਹੈ ਉਹ ਜਿਉਂਦੀ ਹੋਈ ਵੀ ਮੁਰਦਾ ਹੈ। ਉੱਥੋਂ ਦੇ ਨਿਹਚਾਵਾਨਾਂ ਨੂੰ ਇਹ ਕਰਨ ਲਈ ਆਖੋ ਤਾਂ ਜੋ ਕੋਈ ਵੀ ਵਿਅਕਤੀ ਇਹ ਨਾ ਕਹਿ ਸੱਕੇ ਕਿ ਉਹ ਗਲਤ ਕੰਮ ਕਰ ਰਹੇ ਹਨ। ਇੱਕ ਵਿਅਕਤੀ ਨੂੰ ਆਪਣੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸੱਕਰ, ਉਸ ਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ, ਤਾਂ ਉਹ ਸੱਚੇ ਵਿਸ਼ਵਾਸ ਨੂੰ ਨਹੀਂ ਮੰਨਦਾ। ਉਹ ਵਿਅਕਤੀ ਇੱਕ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।

ਵਿਧਵਾਵਾਂ ਦੀ ਤੁਹਾਡੀ ਸੂਚੀ ਵਿੱਚ ਜੁੜਨ ਲਈ ਉਹ ਸੱਠਾਂ ਵਰ੍ਹਿਆਂ ਦੀ ਜਾਂ ਇਸਤੋਂ ਵਡੇਰੀ ਹੋਣੀ ਚਾਹੀਦੀ ਹੈ। ਉਹ ਆਪਣੇ ਪਤੀ ਦੀ ਵਫ਼ਾਦਾਰ ਰਹੀ ਹੋਣੀ ਚਾਹੀਦੀ ਹੈ। 10 ਉਹ ਅਜਿਹੀ ਔਰਤ ਵਜੋਂ ਜਾਣੀ ਜਾਂਦੀ ਹੋਣੀ ਚਾਹੀਦੀ ਹੈ ਜਿਸਨੇ ਚੰਗੇ ਕੰਮ ਕੀਤੇ ਹੋਣ। ਮੇਰਾ ਭਾਵ ਚੰਗੀਆਂ ਗੱਲਾਂ ਹਨ, ਜਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਆਪਣੇ ਘਰ ਆਏ ਓਪਰਿਆਂ ਦੀ ਮਹਿਮਾਨ-ਨਵਾਜ਼ੀ ਕਰਨੀ, ਪਰਮੇਸ਼ੁਰ ਦੇ ਲੋਕਾਂ ਦੇ ਪੈਰ ਧੋਣੇ, ਉਨ੍ਹਾਂ ਦੀ ਸਹਾਇਤਾ ਕਰਨੀ ਜਿਹੜੇ ਮੁਸੀਬਤਾਂ ਵਿੱਚ ਹਨ ਅਤੇ ਆਪਣੇ ਜੀਵਨ ਨੂੰ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਲਈ ਵਰਤਣਾ।

11 ਪਰ ਉਸ ਪੱਤ੍ਰੀ ਵਿੱਚ ਜਵਾਨ ਵਿਧਵਾਵਾਂ ਨੂੰ ਸ਼ਾਮਿਲ ਨਾ ਕਰੋ। ਜਦੋਂ ਉਹ ਆਪਣੇ ਆਪ ਨੂੰ ਮਸੀਹ ਦੇ ਨਮਿੱਤ ਅਰਪਣ ਕਰ ਦਿੰਦੀਆਂ ਹਨ, ਤਾਂ ਬਹੁਤ ਵਾਰੀ ਉਹ ਆਪਣੀਆਂ ਤਕੜੀਆਂ ਸਰੀਰਕ ਲੋੜਾਂ ਕਾਰਣ ਉਸ ਕੋਲੋਂ ਦੂਰ ਹੋ ਜਾਂਦੀਆਂ ਹਨ। ਤਾਂ ਫ਼ੇਰ ਉਹ ਦੁਬਾਰਾ ਸ਼ਾਦੀ ਕਰਨਾ ਚਾਹੁੰਦੀਆਂ ਹਨ। 12 ਇਸ ਵਾਸਤੇ ਉਨ੍ਹਾਂ ਦਾ ਨਿਰਨਾ ਹੋਵੇਗਾ। ਕਿਉਂ ਕਿ ਉਨ੍ਹਾਂ ਨੇ ਆਪਣਾ ਪਹਿਲਾ ਵਾਇਦਾ ਨਹੀਂ ਨਿਭਾਇਆ। 13 ਇਹ ਵੀ, ਕਿ ਇਹ ਵਿਧਵਾਵਾਂ ਜਲਦੀ ਹੀ ਇੱਕ ਘਰ ਤੋਂ ਦੂਜੇ ਘਰ ਜਾਕੇ ਆਪਣਾ ਸਮਾਂ ਨਸ਼ਟ ਕਰਨ ਦੀਆਂ ਆਦੀ ਹੋ ਜਾਂਦੀਆਂ ਹਨ। ਉਹ ਦੂਸਰਿਆਂ ਬਾਰੇ ਗੱਲਾਂ ਕਰਦੀਆਂ ਹਨ ਅਤੇ ਦੂਸਰਿਆਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਅਜਿਹੀਆਂ ਗੱਲਾਂ ਆਖਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਹੀਂ ਆਖਣੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਦਾ ਕਿ ਜਵਾਨ ਵਿਧਵਾਵਾਂ ਫ਼ਿਰ ਤੋਂ ਵਿਆਹ ਕਰਵਾ ਲੈਣ ਅਤੇ ਬੱਚੇ ਨੂੰ ਜਨਮ ਦੇਣ ਅਤੇ ਆਪਣੇ ਘਰਾਂ ਦਾ ਧਿਆਨ ਰੱਖਣ। ਜੇ ਉਹ ਅਜਿਹਾ ਕਰਦੀਆਂ ਹਨ ਤਾਂ ਸਾਡੇ ਦੁਸ਼ਮਣ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਮੌਕਾ ਨਹੀਂ ਮਿਲੇਗਾ। 15 ਅਸਲ ਵਿੱਚ, ਕੁਝ ਜਵਾਨ ਵਿਧਵਾਵਾਂ ਪਹਿਲਾਂ ਹੀ ਸ਼ੈਤਾਨ ਦਾ ਅਨੁਸਰਣ ਕਰਨ ਲਈ ਮੁੜ ਚੁੱਕੀਆਂ ਹਨ।

16 ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸ ਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। [a] ਤਾਂ ਜੋ ਕਲੀਸਿਯਾ ਦੇ ਉਪਰ ਬੋਝ ਨਾ ਹੋਵੇ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰੱਖ ਸੱਕੇਗੀ ਜਿਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀ ਹੈ।

ਬਜ਼ੁਰਗ ਅਤੇ ਹੋਰ ਗੱਲਾਂ

17 ਜਿਹੜੇ ਬਜ਼ੁਰਗ ਕਲੀਸਿਯਾ ਦੀ ਅਗਵਾਈ ਚੰਗੇ ਢੰਗ ਨਾਲ ਕਰਦੇ ਹਨ ਉਹ ਮਹਾਨ ਇੱਜ਼ਤ ਪਾਉਣ ਦੇ ਯੋਗੀ ਹਨ। ਜਿਹੜੇ ਵਡੇਰੇ ਬੋਲ ਚਾਲ ਰਾਹੀਂ ਅਤੇ ਉਪਦੇਸ਼ ਰਾਹੀਂ ਕਾਰਜ ਕਰਦੇ ਹਨ ਅਜਿਹੇ ਵਿਅਕਤੀ ਹਨ ਜਿਹੜੇ ਮਹਾਨ ਇੱਜ਼ਤ ਦੇ ਯੋਗੀ ਹਨ। 18 ਕਿਉਂਕਿ ਪੋਥੀ ਆਖਦੀ ਹੈ, “ਉਸ ਬਲਦ ਦਾ ਮੂੰਹ ਨਾ ਬੰਨ੍ਹੋ ਜਿਹੜਾ ਗਾਹੁੰਦੇ ਥੱਲੇ ਉੱਤੇ ਕੰਮ ਕਰਦਾ” [b] ਅਤੇ ਪੋਥੀ ਇਹ ਵੀ ਆਖਦੀ ਹੈ, “ਮਜ਼ਦੂਰ ਆਪਣੀ ਮਜਦੂਰੀ ਦੇ ਯੋਗ ਹੈ ।” [c]

19 ਉਸ ਬੰਦੇ ਦੀ ਨਾ ਸੁਣੋ ਜਿਹੜਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਾਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ। 20 ਪਾਪੀਆਂ ਨੂੰ ਆਖੋ ਕਿ ਉਹ ਗਲਤ ਕੰਮ ਕਰ ਰਹੇ ਹਨ। ਇਹ ਗੱਲ ਸਾਰੀ ਕਲੀਸਿਯਾ ਦੇ ਸਾਹਮਣੇ ਆਖੋ। ਇਸ ਤਰ੍ਹਾਂ ਹੋਰਾਂ ਨੂੰ ਵੀ ਚੇਤਾਵਨੀ ਮਿਲੇਗੀ।

21 ਮੈਂ ਤੁਹਾਨੂੰ ਪਰਮੇਸ਼ੁਰ, ਯਿਸੂ ਮਸੀਹ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ, ਇਹ ਗੱਲਾਂ ਕਰਨ ਦਾ ਹੁਕਮ ਦਿੰਦਾ ਹਾਂ। ਪਰ ਸੱਚ ਜਾਨਣ ਤੋਂ ਪਹਿਲਾਂ ਲੋਕਾਂ ਬਾਰੇ ਨਿਰਨਾ ਨਾ ਕਰੋ। ਅਤੇ ਇਨ੍ਹਾਂ ਗੱਲਾਂ ਬਾਰੇ ਹਰੇਕ ਨਾਲ ਇੱਕੋ ਜਿਹਾ ਸਲੂਕ ਕਰੋ।

22 ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁੱਧ ਰੱਖੋ।

23 ਤਿਮੋਥਿਉਸ, ਤੁਸੀਂ ਕੇਵਲ ਪਾਣੀ ਹੀ ਪੀਂਦੇ ਰਹੇ ਹੋ। ਇਹ ਗੱਲ ਛੱਡੋ ਰਤਾ ਕੁ ਮੈ ਪੀਓ। ਇਹ ਤੁਹਾਡੇ ਮਿਹਦੇ ਅਤੇ ਤੁਹਾਡੀ ਅਕਸਰ ਹੋਣ ਵਾਲੀ ਬਿਮਾਰੀ ਲਈ ਚੰਗੀ ਹੋਵੇਗੀ।

24 ਕੁਝ ਲੋਕਾਂ ਦੇ ਪਾਪ ਦੇਖਣੇ ਸੁਖਾਲੇ ਹਨ। ਉਨ੍ਹਾਂ ਦੇ ਪਾਪ ਦਰਸ਼ਾਉਂਦੇ ਹਨ ਕਿ ਉਨ੍ਹਾਂ ਦਾ ਅਸਲੀ ਨਿਆਂ ਹੋਣ ਤੋਂ ਪਹਿਲਾਂ ਹੀ ਉਹ ਦੋਸ਼ੀ ਹਨ। ਪਰ ਕੁਝ ਲੋਕਾਂ ਦੇ ਪਾਪ ਮਗਰੋਂ ਨਜ਼ਰ ਆਉਂਦੇ ਹਨ। 25 ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸੱਕਦੀਆਂ।

Notas al pie

  1. 1 ਤਿਮੋਥਿਉਸ ਨੂੰ 5:16 ਜੇ ਕਿਸੇ … ਚਾਹੀਦਾ ਹੈ ਕੁਝ ਯੂਨਾਨੀ ਨਕਲਾਂ ਵਿੱਚ ਲਿਖਿਆ ਹੈ: “ਮਰਦ ਜਾਂ ਔਰਤ … ਉਹ/ਉਹ (ਔਰਤ)।”
  2. 1 ਤਿਮੋਥਿਉਸ ਨੂੰ 5:18 ਹਵਾਲਾ: ਬਿਵਸਥਾ ਸਾਰ 25:4
  3. 1 ਤਿਮੋਥਿਉਸ ਨੂੰ 5:18 ਹਵਾਲਾ: ਲੂਕਾ 10:7