A A A A A
Bible Book List

1 ਇਤਹਾਸ 12 Punjabi Bible: Easy-to-Read Version (ERV-PA)

ਦਾਊਦ ਦੇ ਬਹਾਦੁਰ ਸੰਗੀ

12 ਇਹ ਉਨ੍ਹਾਂ ਮਨੁੱਖਾਂ ਦੀ ਸੂਚੀ ਹੈ ਜੋ ਸਿਕਲਗ ਵਿੱਚ ਦਾਊਦ ਕੋਲ ਪਹੁੰਚੇ। ਇਹ ਉਹ ਸਮਾਂ ਸੀ ਜਦੋਂ ਦਾਊਦ ਕੀਸ਼ ਦੇ ਪੁੱਤਰ ਸ਼ਾਊਲ ਦੇ ਕਾਰਨ ਲੁਕਦਾ ਫ਼ਿਰਦਾ ਸੀ। ਇਨ੍ਹਾਂ ਆਦਮੀਆਂ ਨੇ ਲੜਾਈ ਵਿੱਚ ਦਾਊਦ ਦੀ ਮਦਦ ਕੀਤੀ ਸੀ। ਇਹ ਆਦਮੀ ਬੜੇ ਤੀਰ ਅੰਦਾਜ਼ ਸਨ ਅਤੇ ਉਹ ਆਪਣੇ ਸੱਜੇ-ਖੱਬੇ ਦੋਹਾਂ ਹੱਥਾਂ ਨਾਲ ਧਨੁਸ਼ ਤੋਂ ਤੀਰ ਚਲਾਣ ਤੇ ਪੱਥਰ ਗੁਲੇਲ ਨਾਲ ਸੁੱਟਣ ਵਿੱਚ ਨਿਪੁਣ ਸਨ। ਇਹ ਮਨੁੱਖ ਬਿਨਯਾਮੀਨ ਪਰਿਵਾਰ-ਸਮੂਹ ਵਿੱਚੋਂ ਸ਼ਾਊਲ ਦੇ ਸੰਬੰਧੀ ਸਨ ਤੇ ਇਨ੍ਹਾਂ ਦੇ ਨਾਉਂ ਇਉਂ ਸਨ:

ਅਹੀਅਜ਼ਰ ਜੋ ਆਗੂ ਸੀ, ਯੋਆਸ਼ (ਅਹੀਅਜ਼ਰ ਤੇ ਯੋਆਸ਼ ਗਿਬਆਥ ਦੇ ਸ਼ਮਾਆਹ ਦੇ ਪੁੱਤਰ ਸਨ।) ਯਿਜ਼ੀਏਲ ਅਤੇ ਫ਼ਲਟ (ਇਹ ਦੋਨੋ ਅਜ਼ਮਾਵਥ ਦੇ ਪੁੱਤਰ ਸਨ) ਬਰਾਕਾਹ ਅਤੇ ਯੇਹੂ ਜੋ ਕਿ ਅਨਥੋਥ ਤੋਂ ਸਨ। ਗਿਬਓਨ ਸ਼ਹਿਰ ਤੋਂ ਯਿਸ਼ਮਅਯਾਹ (ਉਹ ਤਿੰਨਾਂ ਨਾਇੱਕਾਂ ਵਿੱਚੋਂ ਇੱਕ ਸੀ ਅਤੇ ਤਿੰਨਾਂ ਨਾਇੱਕਾਂ ਦਾ ਆਗੂ ਸੀ।) ਯਿਰਮਿਯਾਹ, ਯਹਜ਼ੀਏਲ, ਯੋਹਾਨਾਨ ਅਤੇ ਗਦੇਰਾਥ ਤੋਂ ਯੋਜ਼ਾਬਾਦ। ਅਲਊਜ਼ਈ, ਯਿਰੀਮੋਥ, ਬਅਲਯਾਹ, ਸ਼ਮਰਯਾਹ ਅਤੇ ਸ਼ਫ਼ਟਯਾਹ ਹਰੁਫ਼ੀ, ਅਲਕਾਨਾਹ ਅਤੇ ਯਿੱਸ਼ੀਯਾਹ, ਅਜ਼ਰੇਲ, ਯੋਅਜ਼ਰ ਅਤੇ ਯਾਸ਼ਾਬਆਮ, ਇਹ ਸਾਰੇ ਕੋਰਹ ਪਰਿਵਾਰ-ਸਮੂਹ ਤੋਂ ਸਨ: ਯੋਏਲਾਹ ਤੇ ਜ਼ਬਦਯਾਹ ਜੋ ਕਿ ਗਦੋਰ ਤੋਂ ਯਰੋਹਾਮ ਦੇ ਪੁੱਤਰ ਸਨ।

ਗਾਦੀ

ਗਾਦ ਪਰਿਵਾਰ-ਸਮੂਹ ਤੋਂ ਕੁਝ ਲੋਕ ਮਾਰੂਥਲ ਨੂੰ ਆਏ, ਅਤੇ ਕਿਲੇ ਵਿੱਚ ਦਾਊਦ ਨਾਲ ਜੁੜ ਗਏ। ਉਹ ਬਰਛੇ ਅਤੇ ਢਾਲ ’ਚ ਨਿਪੁਣ ਸਨ ਅਤੇ ਸ਼ੇਰਾਂ ਵਾਂਗ ਭਿਅੰਕਰ ਸਨ। ਉਹ ਪਰਬਤਾਂ ਉੱਤੇ ਭੱਜਣ ਲਈ ਗਜ਼ੇਲਾਂ ਵਾਂਗ ਤੇਜ ਸਨ।

ਗਾਦ ਪਰਿਵਾਰ-ਸਮੂਹ ਤੋਂ ਏਜ਼ਰ ਫ਼ੌਜ ਦਾ ਆਗੂ ਸੀ। ਓਬਦਯਾਹ ਕਮਾਨ ਵਿੱਚ ਦੂਜਾ ਅਤੇ ਅਲਯਾਬ ਕਮਾਨ ਵਿੱਚ ਤੀਜਾ ਸੀ। 10 ਮਿਸ਼ਮੰਨਾਹ ਚੌਥਾ ਤੇ ਪੰਜਵਾਂ ਯਿਰਮਿਯਾਹ। 11 ਅੱਤਈ ਛੇਵਾਂ ਅਤੇ ਅਲੀਏਲ ਸੱਤਵੇਂ ਨੰਬਰ ਤੇ ਅਗਵਾਈ ਕਰਨ ਵਾਲਾ ਸੀ। 12 ਯੋਹਾਨਾਨ ਅੱਠਵਾਂ ਅਤੇ ਅਲਜ਼ਾਬਾਦ ਨੌਵਾਂ। 13 ਯਿਰਮਿਯਾਹ ਦਸਵੇਂ ਨੰਬਰ ਤੇ ਅਤੇ ਗਿਆਰ੍ਹਵੇਂ ਤੇ ਮਕਬੰਨਈ।

14 ਇਹ ਸਾਰੇ ਗਾਦੀ ਫ਼ੌਜ ਦੇ ਆਗੂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਕਮਜ਼ੋਰ ਵੀ ਦੁਸ਼ਮਣਾਂ ਦੇ 100 ਸਿਪਾਹੀਆਂ ਵਿਰੁੱਧ ਲੜ ਸੱਕਦਾ ਸੀ ਅਤੇ ਉਨ੍ਹਾਂ ਦਾ ਬਹਾਦੁਰ ਸਿਪਾਹੀ ਦੁਸ਼ਮਣਾਂ ਦੇ 1,000 ਸਿਪਾਹੀਆਂ ਦੇ ਵਿਰੁੱਧ ਲੜ ਸੱਕਦਾ ਸੀ। 15 ਗਾਦ ਪਰਿਵਾਰ-ਸਮੂਹ ਦੇ ਲੋਕ ਹੀ ਉਹ ਸਿਪਾਹੀ ਸਨ ਜਿਨ੍ਹਾਂ ਨੇ ਵਰ੍ਹੇ ਦੇ ਪਹਿਲੇ ਮਹੀਨੇ ਵਿੱਚ ਯਰਦਨ ਦਰਿਆ ਨੂੰ ਪਾਰ ਕੀਤਾ ਸੀ, ਜਦੋਂ ਇਸ ਵਿੱਚ ਹੜ੍ਹ ਆਇਆ ਹੋਇਆ ਸੀ। ਉਨ੍ਹਾਂ ਨੇ ਵਾਦੀ ਵਿੱਚ ਰਹਿੰਦੇ ਸਭਨਾਂ ਲੋਕਾਂ ਨੂੰ ਵਾਦੀ ਦੇ ਪੂਰਬੀ ਪਾਸੇ ਅਤੇ ਪੱਛਮੀ ਹਿੱਸੇ ਵੱਲ ਭਜਾ ਦਿੱਤਾ।

ਕੁਝ ਹੋਰ ਸਿਪਾਹੀ ਦਾਊਦ ਨਾਲ ਰਲੇ

16 ਬਿਨਯਾਮੀਨ ਅਤੇ ਯਹੂਦਾਹ ਦੇ ਪਰਿਵਾਰ-ਸਮੂਹਾਂ ਵਿੱਚੋਂ ਕੁਝ ਹੋਰ ਲੋਕ ਦਾਊਦ ਕੋਲ ਗੜ੍ਹ ਵਿੱਚ ਆ ਰਲੇ। 17 ਦਾਊਦ ਉਨ੍ਹਾਂ ਨੂੰ ਮਿਲਣ ਲਈ ਬਾਹਰ ਆਇਆ ਅਤੇ ਆਖਿਆ, “ਜੇਕਰ ਤੁਸੀਂ ਸ਼ਾਂਤੀ ਨਾਲ ਮੇਰੀ ਸਹਾਇਤਾ ਕਰਨ ਲਈ ਆਏ ਹੋ; ਤਾਂ ਜੀ ਆਇਆਂ ਨੂੰ ਪਰ ਜੇਕਰ ਤੁਸੀਂ ਮੇਰੇ ਨਾਲ ਚਾਲ ਚੱਲ ਕੇ ਮੇਰੇ ਵੈਰੀਆਂ ਹੱਥ ਮੈਨੂੰ ਫ਼ੜਾਉਣ ਲਈ ਆਏ ਹੋ ਭਾਵੇਂ ਮੇਰੇ ਹੱਥੋਂ ਕੁਝ ਮਾੜਾ ਨਹੀਂ ਹੋਇਆ ਤਾਂ ਫ਼ਿਰ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਇਸ ਨੂੰ ਵੇਖੇ ਅਤੇ ਤੁਹਾਨੂੰ ਦੰਡ ਦੇਵੇ।”

18 ਅਮਸਈ 30 ਨਾਇੱਕਾਂ ਦਾ ਆਗੂ ਸੀ, ਆਤਮਾ ਅਮਸਈ ਦੇ ਉੱਤੇ ਆਇਆ ਅਤੇ ਆਖਿਆ,

“ਹੇ ਦਾਊਦ, ਅਸੀਂ ਤੇਰੇ ਹਾਂ,
    ਹੇ ਯੱਸੀ ਦੇ ਪੁੱਤਰ, ਅਸੀਂ ਤੇਰੇ ਨਾਲ ਹਾਂ।
ਤੇਰੇ ਨਾਲ ਅਤੇ ਤੇਰੀ ਮਦਦ ਕਰਨ ਵਾਲੇ ਲੋਕਾਂ ਨਾਲ ਵੀ ਸ਼ਾਂਤੀ ਹੋਵੇ,
    ਕਿਉਂ ਕਿ ਤੇਰਾ ਪਰਮੇਸ਼ੁਰ ਤੇਰੀ ਮਦਦ ਕਰਦਾ ਹੈ!”

ਇਉਂ ਦਾਊਦ ਨੇ ਉਨ੍ਹਾਂ ਆਦਮੀਆਂ ਨੂੰ ਸਵੀਕਾਰ ਕਰਕੇ ਆਪਣੇ ਫੌਜੀਆਂ ਦਾ ਆਗੂ ਥਾਪਿਆ।

19 ਮਨੱਸ਼ਹ ਪਰਿਵਾਰ-ਸਮੂਹ ਵਿੱਚੋਂ ਕਈ ਲੋਕ ਦਾਊਦ ਨਾਲ ਆ ਕੇ ਰਲ ਗਏ। ਇਹ ਉਸ ਵਕਤ ਰਲੇ ਜਦੋਂ ਉਹ ਫ਼ਲਿਸਤੀਆਂ ਦੇ ਨਾਲ ਲੜਾਈ ਨੂੰ ਸ਼ਾਊਲ ਉੱਪਰ ਚੜ੍ਹੇ। ਪਰ ਦਾਊਦ ਅਤੇ ਉਸ ਦੇ ਮਨੁੱਖਾਂ ਨੇ ਅਸਲ ਵਿੱਚ ਫ਼ਲਿਸਤੀਆਂ ਦੀ ਮਦਦ ਨਾ ਕੀਤੀ। ਫ਼ਲਿਸਤੀਆਂ ਦੇ ਆਗੂਆਂ ਨੇ ਦਾਊਦ ਦੀ ਉਨ੍ਹਾਂ ਨੂੰ ਮਦਦ ਬਾਰੇ ਗੱਲ ਕੀਤੀ, ਪਰ ਫ਼ਿਰ ਉਸ ਨੂੰ ਵਾਪਸ ਭੇਜਣ ਦਾ ਫ਼ੈਸਲਾ ਲਿਆ। ਉਨ੍ਹਾਂ ਸ਼ਾਸਕਾਂ ਨੇ ਆਖਿਆ, “ਜੇਕਰ ਦਾਊਦ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ, ਤਾਂ ਸਾਡੇ ਸਿਰ ਵੱਢੇ ਜਾਣਗੇ।” 20 ਇਹ ਲੋਕ ਮਨੱਸ਼ਹ ਦੇ ਸਨ ਜਦੋਂ ਦਾਊਦ ਸਿਕਲਗ ਨੂੰ ਤੁਰਿਆ ਤੇ ਇਹ ਮਨੁੱਖ ਉਸ ਨਾਲ ਰਲ ਗਏ, ਅਦਨਾਹ, ਯੋਜ਼ਾਬਾਦ, ਯਦਿਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਤੇ ਸਿੱਲਥਈ। ਇਹ ਸਾਰੇ ਮਨੱਸ਼ਹ ਪਰਿਵਾਰ-ਸਮੂਹ ਦੇ ਸਰਦਾਰ ਸਨ। 21 ਇਨ੍ਹਾਂ ਨੇ ਦਾਊਦ ਦੀ ਬੁਰੇ ਲੋਕਾਂ ਨਾਲ ਲੜਨ ਵਿੱਚ ਮਦਦ ਕੀਤੀ। ਇਹ ਬੁਰੇ ਲੋਕ ਸਾਰੇ ਸ਼ਹਿਰ ਵਿੱਚੋਂ ਲੋਕਾਂ ਦੇ ਘਰਾਂ ਚੋ ਉਨ੍ਹਾਂ ਦੀਆਂ ਵਸਤਾਂ ਚੋਰੀ ਕਰਦੇ ਸਨ। ਮਨੱਸ਼ਹ ਦੇ ਇਹ ਸਾਰੇ ਮਨੁੱਖ ਬਹਾਦੁਰ ਸਿਪਾਹੀ ਸਨ ਜੋ ਦਾਊਦ ਦੀ ਫ਼ੌਜ ਦੇ ਆ ਕੇ ਆਗੂ ਬਣੇ।

22 ਦਿਨੋ-ਦਿਨ ਲੋਕ ਦਾਊਦ ਦੀ ਸਹਾਇਤਾ ਲਈ ਆ ਕੇ ਰਲਦੇ ਰਹੇ ਇਉਂ ਦਾਊਦ ਦੀ ਸੈਨਾ ਬੜੀ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੋ ਗਈ।

ਹੋਰ ਮਨੁੱਖਾਂ ਦਾ ਦਾਊਦ ਨਾਲ ਹਬਰੋਨ ਵਿੱਚ ਰਲਣਾ

23 ਇਹ ਉਨ੍ਹਾਂ ਲੋਕਾਂ ਦੀ ਗਿਣਤੀ ਹੈ ਜਿਹੜੇ ਹਬਰੋਨ ਵਿੱਚ ਦਾਊਦ ਨਾਲ ਜੁੜ ਗਏ, ਜਿਹੜੇ ਯੁੱਧ ਲਈ ਤਿਆਰ ਸਨ। ਉਹ ਸ਼ਾਊਲ ਦੇ ਰਾਜ ਨੂੰ, ਯਹੋਵਾਹ ਦੇ ਆਖੇ ਅਨੁਸਾਰ ਹੋਣ ਲਈ, ਦਾਊਦ ਨੂੰ ਸੌਂਪਣ ਲਈ ਆਏ ਸਨ। ਉਨ੍ਹਾਂ ਦੀ ਗਿਣਤੀ ਦੀ ਸੂਚੀ ਇਉਂ ਹੈ:

24 ਯਹੂਦਾਹ ਦੇ ਪਰਵਿਾਰ-ਸਮੂਹ ਵਿੱਚੋਂ ਉਨ੍ਹਾਂ ਆਦਮੀਆਂ ਦੀ ਗਿਣਤੀ ਜਿਹੜੇ ਜੰਗ ਲਈ ਤਿਆਰ ਸਨ 6,800 ਸੀ ਅਤੇ ਉਨ੍ਹਾਂ ਨੇ ਢਾਲਾਂ ਅਤੇ ਬਰਛੇ ਚੁੱਕੇ ਹੋਏ ਸਨ।

25 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ 7,100 ਮਹਾਨ ਯੋਧੇ ਯੁੱਧ ਲਈ ਤਿਆਰ ਸਨ।

26 ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ 4,600 ਸਿਪਾਹੀ ਸਨ। 27 ਯਹੋਯਾਦਾ ਉਸੇ ਧੜੇ ਵਿੱਚ ਸੀ ਅਤੇ ਉਸ ਨਾਲ 3,700 ਆਦਮੀ ਸਨ। 28 ਸਾਦੋਕ ਵੀ ਇਸ ਸਮੂਹ ਵਿੱਚ ਸੀ ਤੇ ਇੱਕ ਜਵਾਨ ਬਹਾਦੁਰ ਸਿਪਾਹੀ ਸੀ ਅਤੇ ਉਹ ਆਪਣੇ ਪਰਿਵਾਰ ਦੇ 22 ਸਰਦਾਰਾਂ ਦੇ ਨਾਲ ਆਇਆ ਸੀ।

29 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ 3,000 ਆਦਮੀ ਸਨ, ਉਹ ਸ਼ਾਊਲ ਦੇ ਸੰਬੰਧੀਆਂ ਵਿੱਚੋਂ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਉਸ ਸਮੇਂ ਤੀਕ ਸ਼ਾਊਲ ਦੇ ਵਫਾਦਾਰ ਸਨ।

30 ਇਫ਼ਰਾਮੀਆਂ ਵਿੱਚੋਂ 20,800, ਜਿਹੜੇ ਵੱਡੇ ਸੂਰਵੀਰ ਸਨ, ਉਹ ਆਪੋ-ਆਪਣੇ ਪਰਿਵਾਰ-ਸਮੂਹਾਂ ਵਿੱਚੋਂ ਪ੍ਰਸਿੱਧ ਸਿਪਾਹੀ ਸਨ।

31 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ 18,000 ਆਦਮੀ ਸਨ ਜੋ ਚੁਣੇ ਗਏ ਸਨ ਅਤੇ ਨਾਮਾਂ ਦੁਆਰਾ ਸੱਦੇ ਗਏ ਸਨ, ਤਾਂ ਜੋ ਉਹ ਆਕੇ ਦਾਊਦ ਨੂੰ ਪਾਤਸ਼ਾਹ ਬਣਾ ਸੱਕਣ।

32 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ 200 ਸਿਆਣੇ ਆਗੂ ਸਨ ਜਿਨ੍ਹਾਂ ਕੋਲ ਇਸਰਾਏਲ ਦੇ ਭਲੇ ਲਈ ਸਹੀ ਸਮੇਂ ਤੇ ਸਹੀ ਕੰਮ ਕਰਨ ਦੀ ਸਿਆਣਪ ਸੀ ਅਤੇ ਉਨ੍ਹਾਂ ਦੇ ਸੰਬੰਧੀ ਉਨ੍ਹਾਂ ਸਮੇਤ ਉਨ੍ਹਾਂ ਦੀ ਹਕੂਮਤ ਹੇਠ ਕਾਰਜ ਕਰਦੇ ਸਨ।

33 ਜ਼ਬੁਲੂਨ ਦੇ ਪਰਿਵਾਰ-ਸਮੂਹ ਵਿੱਚੋਂ 50,000 ਕਾਬਿਲ ਸਿਪਾਹੀ ਸਨ, ਜਿਨ੍ਹਾਂ ਨੂੰ ਸਭ ਤਰ੍ਹਾਂ ਦੀ ਸ਼ਸਤ੍ਰ ਵਿਦਿਆ ਦੀ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਦਾਊਦ ਨਾਲ ਵਫਾਦਾਰ ਸਨ।

34 ਨਫ਼ਤਾਲੀਆਂ ਦੇ ਪਰਿਵਾਰ-ਸਮੂਹ ਵਿੱਚੋਂ 1,000 ਸੈਨਾਪਤੀ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ 37,000 ਆਦਮੀ ਸਨ ਜਿਹੜੇ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ।

35 ਦਾਨ ਪਰਿਵਾਰ-ਸਮੂਹ ਵਿੱਚੋਂ 28,600 ਸਿਪਾਹੀ ਜੰਗ ਲਈ ਤਿਆਰ ਸਨ।

36 ਅਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ 40,000 ਲੜਾਈ ਲਈ ਹਰ ਪਲ ਤਿਆਰ ਸਿਪਾਹੀ ਸਨ।

37 ਯਰਦਨ ਦਰਿਆ ਦੇ ਪੂਰਬੀ ਹਿੱਸੇ ਵੱਲੋਂ, ਰਊਬੇਨ, ਗਾਦ ਪਰਵਿਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚੋਂ 1,20,000 ਸਿਪਾਹੀ ਸਨ, ਜਿਹੜੇ ਯੁੱਧ ਵਿੱਚ ਕਿਸੇ ਤਰ੍ਹਾਂ ਦੇ ਵੀ ਸ਼ਸਤ੍ਰ ਇਸਤੇਮਾਲ ਕਰ ਸੱਕਦੇ ਸਨ।

38 ਇਹ ਸਾਰੇ ਬਹਾਦੁਰ ਸਿਪਾਹੀ ਸਨ। ਇਹ ਲੜਾਈ ਦੀਆਂ ਯੋਜਨਾਵਾਂ ਬਨਾਉਣੀਆਂ ਜਾਣਦੇ ਸਨ, ਤੇ ਉਹ ਦਾਊਦ ਨੂੰ ਇਸਰਾਏਲ ਦਾ ਰਾਜਾ ਬਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਕੇ ਆਏ ਸਨ। ਇਸਰਾਏਲ ਦੇ ਬਾਕੀ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਨਾਉਣ ਲਈ ਰਾਜ਼ੀ ਸਨ। 39 ਇਨ੍ਹਾਂ ਮਨੁੱਖਾਂ ਨੇ ਹਬਰੋਨ ਵਿੱਚ ਦਾਊਦ ਨਾਲ 3 ਦਿਨ ਗੁਜ਼ਾਰੇ। ਇਹ ਰੱਜ ਕੇ 3 ਦਿਨ ਤੀਕ ਖਾਂਦੇ ਪੀਂਦੇ ਰਹੇ ਕਿਉਂ ਕਿ ਉਨ੍ਹਾਂ ਦੇ ਭਾਈਆਂ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤੇ ਸਨ। 40 ਇਸ ਤੋਂ ਇਲਾਵਾ ਉਹ ਲੋਕ ਜੋ ਉਨ੍ਹਾਂ ਦੇ ਨੇੜੇ ਸਨ, ਅਤੇ ਉਹ ਜੋ ਯਿੱਸਾਕਾਰ ਤੇ ਜ਼ਬੁਲੂਨ ਅਤੇ ਨਫ਼ਤਾਲੀ ਤੀਕ ਵੀ ਵੱਸਦੇ ਸਨ ਉਹ ਵੀ ਖੋਤਿਆਂ, ਊਠਾਂ, ਖੱਚਰਾਂ ਅਤੇ ਬਲਦਾਂ ਉੱਪਰ ਲੱਦ-ਲੱਦ ਕੇ ਰੋਟੀਆਂ, ਆਟਾ, ਅੰਜੀਰਾਂ, ਕਿਸ਼ਮਿਸ਼, ਤੇਲ, ਪਸ਼ੂ ਅਤੇ ਭੇਡਾਂ ਬਹੁਤ ਮਾਤਰਾ ਵਿੱਚ ਲੈ ਕੇ ਆਏ। ਉਨ੍ਹੀ ਦਿਨੀ ਇਸਰਾਏਲ ਦੇ ਲੋਕ ਬੜੇ ਖੁਸ਼ ਸਨ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes