A A A A A
Bible Book List

ਹਿਜ਼ਕੀਏਲ 44 Punjabi Bible: Easy-to-Read Version (ERV-PA)

ਬਾਹਰਲਾ ਦਰਵਾਜ਼ਾ

44 ਫ਼ੇਰ ਆਦਮੀ ਮੈਨੂੰ ਮੰਦਰ ਦੇ ਖੇਤਰ ਵਿੱਚਲੇ ਪੂਰਬੀ ਫ਼ਾਟਕ ਕੋਲ ਵਾਪਿਸ ਲੈ ਆਇਆ। ਅਸੀਂ ਫ਼ਾਟਕ ਤੋਂ ਬਾਹਰ ਸਾਂ ਅਤੇ ਫ਼ਾਟਕ ਬੰਦ ਸੀ। ਯਹੋਵਾਹ ਨੇ ਮੈਨੂੰ ਆਖਿਆ, “ਇਹ ਫ਼ਾਟਕ ਬੰਦ ਰਹੇਗਾ। ਇਹ ਖੋਲ੍ਹਿਆ ਨਹੀਂ ਜਾਵੇਗਾ। ਕੋਈ ਵੀ ਇਸ ਵਿੱਚੋਂ ਹੋਕੇ ਨਹੀਂ ਲੰਘੇਗਾ। ਕਿਉਂ ਕਿ ਇਸਰਾਏਲ ਦਾ ਯਹੋਵਾਹ ਇਸ ਵਿੱਚੋਂ ਲੰਘ ਚੁੱਕਿਆ ਹੈ। ਇਸ ਲਈ ਇਹ ਅਵੱਸ਼ ਹੀ ਬੰਦ ਰਹਿਣਾ ਚਾਹੀਦਾ। ਸਿਰਫ਼ ਲੋਕਾਂ ਦਾ ਹਾਕਮ ਹੀ ਇੱਥੇ ਬੈਠੇਗਾ ਜਦੋਂ ਉਹ ਯਹੋਵਾਹ ਦੇ ਅੱਗੇ ਇੱਥੇ ਭੋਜਨ ਛਕੇਗਾ। ਉਸ ਨੂੰ ਦਰਵਾਜ਼ੇ ਦੇ ਰਸਤੇ ਦੇ ਵਰਾਂਡਾ ਵੱਲੋਂ ਹੀ ਦਾਖਲ ਹੋਣਾ ਚਾਹੀਦਾ ਹੈ ਅਤੇ ਉਸੇ ਰਸਤੇ ਹੀ ਬਾਹਰ ਜਾਣਾ ਚਾਹੀਦਾ ਹੈ।”

ਮੰਦਰ ਦੀ ਪਵਿੱਤਰਤਾ

ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫ਼ਾਟਕ ਵਿੱਚੋਂ ਮੰਦਰ ਦੇ ਸਾਹਮਣੇ ਲੈ ਗਿਆ। ਮੈਂ ਤੱਕਿਆ ਅਤੇ ਯਹੋਵਾਹ ਦੇ ਮੰਦਰ ਨੂੰ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਵੇਖਿਆ। ਮੈਂ ਆਪਣਾ ਸਿਰ ਧਰਤੀ ਵੱਲ ਕਰਕੇ ਝੁਕ ਗਿਆ। ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ! ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਦੇਖ। ਅਤੇ ਹਰ ਓਸ ਗੱਲ ਨੂੰ ਧਿਆਨ ਨਾਲ ਸੁਣ ਜਿਹੜੀ ਮੈਂ ਯਹੋਵਾਹ ਦੇ ਮੰਦਰ ਦੇ ਕਨੂੰਨਾਂ ਅਤੇ ਬਿਧੀਆਂ ਬਾਰੇ ਦੱਸਦਾ ਹਾਂ। ਮੰਦਰ ਦੇ ਸਾਰੇ ਪ੍ਰਵੇਸ਼ਾਂ ਅਤੇ ਪਵਿੱਤਰ ਸਥਾਨ ਦੇ ਸਾਰੇ ਨਿਕਾਸਾਂ ਵੱਲ ਧਿਆਨ ਨਾਲ ਦੇਖ। ਫ਼ੇਰ ਇਸਰਾਏਲ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਹ ਜਿਨ੍ਹਾਂ ਨੇ ਮੇਰਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੂੰ ਆਖ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਇਸਰਾਏਲ ਦੇ ਪਰਿਵਾਰ, ਮੈਂ ਤੁਹਾਡੀਆਂ ਕੀਤੀਆਂ ਬਹੁਤ ਸਾਰੀਆਂ ਭਿਆਨਕ ਗੱਲਾਂ ਨੂੰ ਬਹੁਤ ਜਰ ਲਿਆ ਹੈ! ਤੁਸੀਂ ਮੇਰੇ ਮੰਦਰ ਵਿੱਚ ਅਜਨਬੀਆਂ ਨੂੰ ਲਿਆਂਦਾ ਜੋ ਆਪਣੇ ਮਾਸ ਵਿੱਚ ਸੁੰਨਤੀੇ ਨਹੀਂ ਸਨ ਅਤੇ ਆਪਣੇ ਦਿਲ ਵਿੱਚ ਸੁੰਨਤੀਏ ਨਹੀਂ ਸਨ। ਇਸ ਤਰ੍ਹਾਂ ਤੁਸੀਂ ਮੇਰੇ ਮੰਦਰ ਨੂੰ ਕਲੰਕਤ ਕਰ ਦਿੱਤਾ। ਤੁਸੀਂ ਸਾਡੇ ਇਕਰਾਰਨਾਮੇ ਨੂੰ ਤੋੜਿਆ ਅਤੇ ਭਿਆਨਕ ਗੱਲਾਂ ਕੀਤੀਆਂ, ਅਤੇ ਫ਼ੇਰ ਤੁਸੀਂ ਮੇਰੇ ਅੱਗੇ ਰੋਟੀ, ਘਿਉ ਅਤੇ ਖੂਨ ਦੀਆਂ ਭੇਟਾਂ ਪੇਸ਼ ਕੀਤੀਆਂ। ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ। ਨਹੀਂ, ਤੁਸੀਂ ਉਨ੍ਹਾਂ ਅਸੁੰਨਤੀਆਂ ਨੂੰ ਮੇਰੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਸੌਂਪੀ!’”

ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਉਹ ਵਿਦੇਸ਼ੀ ਜਿਸਦੀ ਉਸ ਦੇ ਮਾਸ ਵਿੱਚ ਅਤੇ ਉਸ ਦੇ ਦਿਲ ਵਿੱਚ ਸੁੰਨਤ ਨਹੀਂ ਹੋਈ, ਉਸ ਨੂੰ ਮੇਰੇ ਮੰਦਰ ਵਿੱਚ ਨਹੀਂ ਦਾਖਲ ਹੋਣਾ ਚਾਹੀਦਾ-ਉਸ ਵਿਦੇਸ਼ੀ ਨੂੰ ਵੀ ਨਹੀਂ ਜਿਹੜਾ ਇਸਰਾਏਲ ਦੇ ਲੋਕਾਂ ਵਿੱਚਕਾਰ ਪੱਕੇ ਤੌਰ ਤੇ ਰਹਿ ਰਿਹਾ ਹੈ। 10 ਅਤੀਤ ਵਿੱਚ, ਜਦੋਂ ਇਸਰਾਏਲ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ, ਲੇਵੀਆਂ ਨੇ ਮੈਨੂੰ ਛੱਡ ਦਿੱਤਾ ਸੀ। ਇਸਰਾਏਲ ਨੇ ਆਪਣੇ ਬੁੱਤਾਂ ਪਿੱਛੇ ਲੱਗਣ ਲਈ ਮੈਨੂੰ ਛੱਡ ਦਿੱਤਾ ਸੀ। ਲੇਵੀਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਮਿਲੇਗੀ। 11 ਲੇਵੀਆਂ ਦੀ ਚੋਣ ਮੇਰੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਨੇ ਮੰਦਰ ਦੇ ਫ਼ਾਟਕਾਂ ਦੀ ਰੱਖਿਆ ਕੀਤੀ ਸੀ। ਉਨ੍ਹਾਂ ਨੇ ਮੰਦਰ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਨੇ ਲੋਕਾਂ ਲਈ ਜਾਨਵਰਾਂ ਨੂੰ ਬਲੀਆਂ ਅਤੇ ਹੋਮ ਦੀਆਂ ਭੇਟਾਂ ਲਈ ਮਾਰਿਆ। ਉਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਅਤੇ ਸੇਵਾ ਕਰਨ ਲਈ ਚੁਣਿਆ ਗਿਆ ਸੀ। 12 ਪਰ ਇਨ੍ਹਾਂ ਲੇਵੀਆਂ ਨੇ ਲੋਕਾਂ ਨੂੰ ਮੇਰੇ ਵਿਰੁੱਧ ਪਾਪ ਕਰਨ ਵਿੱਚ ਸਹਾਇਤਾ ਕੀਤੀ! ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਬੁੱਤਾਂ ਦੀ ਉਪਾਸਨਾ ਕਰਨ ਵਿੱਚ ਸਹਾਇਤਾ ਦਿੱਤੀ! ਇਸ ਲਈ ਮੈਂ ਉਨ੍ਹਾਂ ਦੇ ਵਿਰੁੱਧ ਇਹ ਇਕਰਾਰ ਕਰ ਰਿਹਾ ਹਾਂ: ‘ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਆਖਿਆ।

13 “ਇਸ ਲਈ ਲੇਵੀਆਂ ਜਾਜਕਾਂ ਵਾਂਗ ਮੇਰੇ ਲਈ ਭੇਟਾਂ ਲੈ ਕੇ ਨਹੀਂ ਆਉਣਗੇ। ਉਹ ਮੇਰੀਆਂ ਪਵਿੱਤਰ ਵਸਤਾਂ ਜਾਂ ਉਨ੍ਹਾਂ ਚੀਜ਼ਾਂ ਦੇ ਨੇੜੇ ਨਹੀਂ ਆਉਣਗੇ ਜਿਹੜੀਆਂ ਅੱਤ ਪਵਿੱਤਰ ਹਨ। ਉਨ੍ਹਾਂ ਨੂੰ ਆਪਣੀਆਂ ਕੀਤੀਆਂ ਭਿਆਨਕ ਗੱਲਾਂ ਦੇ ਕਾਰਣ ਸ਼ਰਮਿੰਦਗੀ ਦਾ ਭਾਰ ਚੁੱਕਣਾ ਪਵੇਗਾ। 14 ਪਰ ਮੈਂ ਉਨ੍ਹਾਂ ਨੂੰ ਮੰਦਰ ਦੀ ਦੇਖਭਾਲ ਕਰਨ ਦੇਵਾਂਗਾ। ਉਹ ਮੰਦਰ ਵਿੱਚ ਉਹ ਕੰਮ ਕਰਨਗੇ ਅਜਿਹੀਆਂ ਗੱਲਾਂ ਕਰਨਗੇ ਜੋ ਇਸ ਅੰਦਰ ਕਰਨੀਆਂ ਜ਼ਰੂਰੀ ਹਨ।

15 “ਜਾਜਕ ਸਾਰੇ ਹੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ। ਪਰ ਸਿਰਫ਼ ਸਦੋਕ ਦੇ ਪਰਿਵਾਰ ਦੇ ਜਾਜਕਾਂ ਨੇ ਹੀ ਮੇਰੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ ਜਦੋਂ ਕਿ ਇਸਰਾਏਲ ਦੇ ਲੋਕ ਮੇਰੇ ਵੱਲੋਂ ਮੂੰਹ ਮੋੜ ਗਏ ਸਨ। ਇਸ ਲਈ ਸਿਰਫ਼ ਸਦੋਕ ਦੇ ਉੱਤਰਾਧਿਕਾਰੀ ਹੀ ਮੇਰੇ ਲਈ ਭੇਟਾਂ ਲਿਆਉਣਗੇ। ਉਹ ਮੇਰੇ ਸਾਹਮਣੇ ਖਲ੍ਹੋ ਕੇ ਮੈਨੂੰ ਉਨ੍ਹਾਂ ਜਾਨਵਰਾਂ ਦੀ ਚਰਬੀ ਅਤੇ ਖੂਨ ਚੜ੍ਹਾਉਣਗੇ ਜਿਨ੍ਹਾਂ ਦੀ ਉਹ ਬਲੀ ਦੇਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ! 16 “ਉਹ ਮੇਰੇ ਪਵਿੱਤਰ ਸਥਾਨ ਵਿੱਚ ਦਾਖਲ ਹੋਣਗੇ। ਉਹ ਮੇਰੇ ਮੇਜ਼ ਦੇ ਨਜ਼ਦੀਕ ਮੇਰੀ ਸੇਵਾ ਕਰਨ ਲਈ ਆਉਣਗੇ। ਉਹ ਉਨ੍ਹਾਂ ਚੀਜ਼ਾਂ ਦੀ ਦੇਖਭਾਲ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਦਿੱਤੀਆਂ ਸਨ। 17 ਜਦੋਂ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿੱਚ ਦਾਖਲ ਹੋਣਗੇ, ਤਾਂ ਉਹ ਕਤਾਨੀ ਦੇ ਕੱਪੜੇ ਪਹਿਨਣਗੇ। ਜਦੋਂ ਉਹ ਅੰਦਰਲੇ ਵਿਹੜੇ ਦੇ ਫ਼ਾਟਕ ਤੇ ਸੇਵਾ ਕਰ ਰਹੇ ਹੋਣਗੇ, ਤਾਂ ਉਨ੍ਹਾਂ ਕੋਲ ਉਨ ਦੇ ਵਸਤਰ ਨਹੀਂ ਹੋਣਗੇ। 18 ਉਹ ਆਪਣੇ ਸਿਰਾਂ ਉੱਤੇ ਕਤਾਨੀ ਦੀਆਂ ਪਗੜੀਆਂ ਪਹਿਨਣਗੇ। ਅਤੇ ਉਹ ਕਤਾਨੀ ਦੇ ਕਛ੍ਛੇ ਪਹਿਨਣਗੇ। ਉਹ ਕੋਈ ਵੀ ਅਜਿਹੀ ਚੀਜ਼ ਨਹੀਂ ਪਹਿਨਣਗੇ ਜਿਸ ਨਾਲ ਉਨ੍ਹਾਂ ਨੂੰ ਪਸੀਨਾ ਆਵੇ। 19 ਇਸ ਤੋਂ ਪਹਿਲਾਂ ਕਿ ਉਹ ਲੋਕਾਂ ਕੋਲ ਬਾਹਰਲੇ ਵਿਹੜੇ ਅੰਦਰ ਜਾਣ, ਤਾਂ ਉਹ ਆਪਣੇ ਕਪੜਿਆਂ ਨੂੰ ਉਤਾਰ ਦੇਣਗੇ ਜਿਹੜੇ ਉਨ੍ਹਾਂ ਨੇ ਮੇਰੀ ਸੇਵਾ ਕਰਨ ਵੇਲੇ ਪਹਿਨੇ ਸਨ। ਉਹ ਇਨ੍ਹਾਂ ਕੱਪੜਿਆਂ ਨੂੰ ਪਵਿੱਤਰ ਕਮਰਿਆਂ ਵਿੱਚ ਰੱਖ ਦੇਣਗੇ। ਫ਼ੇਰ ਉਹ ਦੂਸਰੇ ਕੱਪੜੇ ਪਹਿਨ ਲੈਣਗੇ। ਇਸ ਤਰ੍ਹਾਂ ਉਹ ਲੋਕਾਂ ਨੂੰ ਉਨ੍ਹਾਂ ਪਵਿੱਤਰ ਕੱਪੜਿਆਂ ਨੂੰ ਨਹੀਂ ਛੂਹਣ ਦੇਣਗੇ।

20 “ਇਹ ਜਾਜਕ ਆਪਣੇ ਸਿਰ ਨਹੀਂ ਮੁਨਾਉਣਗੇ ਅਤੇ ਨਾ ਹੀ ਲੰਮੇ ਵਾਲ ਉਗਾਣਗੇ। ਜਾਜਕਾਂ ਨੂੰ ਆਪਣੇ ਸਿਰਾਂ ਦੇ ਵਾਲਾਂ ਨੂੰ ਸਿਰਫ਼ ਕਤਰਨਾ ਹੀ ਚਾਹੀਦਾ ਹੈ। 21 ਅੰਦਰਲੇ ਵਿਹੜੇ ਵਿੱਚ ਜਾਣ ਵੇਲੇ ਕੋਈ ਵੀ ਜਾਜਕ ਮੈਅ ਨਾ ਪੀਵੇ। 22 ਜਾਜਕਾਂ ਨੂੰ ਕਿਸੇ ਵਿਧਵਾ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਨਹੀਂ, ਉਨ੍ਹਾਂ ਨੂੰ ਸਿਰਫ਼ ਇਸਰਾਏਲ ਦੇ ਪਰਿਵਾਰ ਦੀ ਕਿਸੇ ਕੁਆਰੀ ਕੁੜੀ ਨਾਲ ਜਾਂ ਕਿਸੇ ਜਾਜਕ ਦੀ ਵਿਧਵਾ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ।

23 “ਇਸਤੋਂ ਇਲਾਵਾ, ਜਾਜਕਾਂ ਨੂੰ ਮੇਰੇ ਲੋਕਾਂ ਨੂੰ ਪਵਿੱਤਰ ਚੀਜ਼ਾਂ ਅਤੇ ਅਪਵਿੱਤਰ ਚੀਜ਼ਾਂ ਵਿੱਚਲੇ ਫ਼ਰਕ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮੇਰੇ ਲੋਕਾਂ ਦੀ ਇਹ ਜਾਨਣ ਵਿੱਚ ਵੀ ਸਹਾਇਤਾ ਕਰਨੀ ਚਾਹੀਦੀ ਹੈ ਕਿ ਪਾਕ ਕੀ ਹੈ ਅਤੇ ਨਾਪਾਕ ਕੀ ਹੈ। 24 “ਜਾਜਕ ਕਚਿਹਰੀ ਵਿੱਚ ਨਿਆਂਕਾਰ ਹੋਣਗੇ। ਉਹ ਲੋਕਾਂ ਬਾਰੇ ਨਿਆਂ ਕਰਨ ਲੱਗਿਆਂ ਮ੍ਮੇਰੇ ਕਨੂੰਨਾਂ ਉੱਤੇ ਚੱਲਣਗੇ। ਉਹ ਮੇਰੀਆਂ ਸਾਰੀਆਂ ਖਾਸ ਦਾਵਤਾਂ ਦੇ ਮੌਕਿਆਂ ਉੱਤੇ ਮੇਰੇ ਸਾਰੇ ਕਨੂੰਨਾਂ ਦਾ ਪਾਲਣ ਕਰਨਗੇ ਅਤੇ ਬਿਧੀਆਂ ਉੱਤੇ ਚੱਲਣਗੇ। ਉਹ ਮੇਰੇ ਆਰਾਮ ਦੇ ਖਾਸ ਦਿਨਾਂ ਦਾ ਆਦਰ ਕਰਨਗੇ ਅਤੇ ਉਨ੍ਹਾਂ ਦੀ ਪਵਿੱਤਰਤਾ ਬਣਾਈ ਰੱਖਣਗੇ। 25 ਉਹ ਕਿਸੇ ਵੀ ਮੰਦੇ ਮੁਰਦਾ ਬੰਦੇ ਨੇੜੇ ਜਾਕੇ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਗੇ। ਪਰ ਉਹ ਆਪਣੇ-ਆਪ ਨੂੰ ਨਾਪਾਕ ਬਣਾ ਸੱਕਦੇ ਹਨ ਜੇ ਮੁਰਦਾ ਵਿਅਕਤੀ ਉਨ੍ਹਾਂ ਦਾ ਪਿਤਾ, ਉਨ੍ਹਾਂ ਦੀ ਮਾਤਾ, ਪੁੱਤਰ, ਧੀ ਭਰਾ ਜਾਂ ਅਣਵਿਆਹੀ ਭੈਣ ਹੈ। 26 ਇਹ ਗੱਲ ਜਾਜਕ ਨੂੰ ਨਾਪਾਕ ਬਣਾ ਦੇਵੇਗੀ ਜਦੋਂ ਜਾਜਕ ਨੂੰ ਪਾਕ ਬਣਾ ਦਿੱਤਾ ਗਿਆ ਹੋਵੇ, ਤਾਂ ਉਸ ਨੂੰ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ। 27 ਫ਼ੇਰ ਉਹ ਪਵਿੱਤਰ ਸਥਾਨ ਉੱਤੇ ਵਾਪਸ ਜਾ ਸੱਕਦਾ ਹੈ। ਪਰ ਜਿਸ ਦਿਨ ਉਹ ਪਵਿੱਤਰ ਸਥਾਨ ਦੀ ਸੇਵਾ ਕਰਨ ਲਈ ਅੰਦਰਲੇ ਵਿਹੜੇ ਵਿੱਚ ਜਾਵੇ ਤਾਂ ਉਸ ਨੂੰ ਆਪਣੇ ਲਈ ਪਾਪ ਦੀ ਭੇਟਾਂ ਜ਼ਰੂਰ ਭੇਟ ਕਰਨਾ ਚਾਹੀਦਾ ਹੈ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

28 “ਉਸ ਧਰਤੀ ਬਾਰੇ ਜਿਹੜੀ ਲੇਵੀਆਂ ਦੀ ਜੈਦਾਦ ਹੋਵੇਗੀ: ਮੈਂ ਹੀ ਉਨ੍ਹਾਂ ਦੀ ਦੌਲਤ ਹਾਂ। ਤੁਸੀਂ ਇਸਰਾਏਲ ਵਿੱਚ ਲੇਵੀਆਂ ਨੂੰ ਕੋਈ ਜੈਦਾਦ ਨਹੀਂ ਦੇਵੋਂਗੇ। ਮੈਂ ਹੀ ਉਨ੍ਹਾਂ ਦਾ ਇਸਰਾਏਲ ਵਿੱਚ ਹਿੱਸਾ ਹਾਂ! 29 ਉਹ ਆਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ ਭੋਜਨ ਕਰਨਗੇ। ਹਰ ਉਹ ਚੀਜ਼ ਜਿਹੜੀ ਇਸਰਾਏਲ ਦੇ ਲੋਕ ਯਹੋਵਾਹ ਨੂੰ ਭੇਟ ਕਰਨਗੇ ਉਨ੍ਹਾਂ ਦੀ ਹੋਵੇਗੀ। 30 ਹਰ ਤਰ੍ਹਾਂ ਦੀ ਫ਼ਸਲ ਦੀ ਵਾਢੀ ਦਾ ਪਹਿਲਾ ਹਿੱਸਾ ਇਨ੍ਹਾਂ ਜਾਜਕਾਂ ਲਈ ਹੋਵੇਗਾ। ਤੁਸੀਂ ਆਪਣੀ ਤੌਣ ਦਾ ਪਹਿਲਾ ਹਿੱਸਾ ਵੀ ਜਾਜਕਾਂ ਨੂੰ ਦੇਵੋਂਗੇ। ਇਸ ਨਾਲ ਤੁਹਾਡੇ ਘਰ ਨੂੰ ਅਸੀਸ ਮਿਲੇਗੀ। 31 ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਉਸ ਪੰਛੀ ਜਾਂ ਜਾਨਵਰ ਨੂੰ ਨਾ ਖਾਣ ਜਿਹੜਾ ਕੁਦਰਤੀ ਮੌਤ ਮਰਿਆ ਹੈ ਜਾਂ ਜਿਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰਕੇ ਟੁਕੜੇ ਕਰ ਦਿੱਤਾ ਹੈ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes