A A A A A
Bible Book List

ਹਿਜ਼ਕੀਏਲ 33 Punjabi Bible: Easy-to-Read Version (ERV-PA)

ਪਰਮੇਸ਼ੁਰ ਦਾ ਹਿਜ਼ਕੀਏਲ ਨੂੰ ਇਸਰਾਏਲ ਦਾ ਚੌਕੀਦਾਰ ਚੁਣਨਾ ਹੈ

33 ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਆਪਣੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ‘ਹੋ ਸੱਕਦਾ ਹੈ ਕਿ ਮੈਂ ਇਸ ਦੇਸ ਨਾਲ ਲੜਨ ਲਈ ਦੁਸ਼ਮਣ ਸਿਪਾਹੀ ਲਿਆਵਾਂ। ਜਦੋਂ ਅਜਿਹਾ ਹੁੰਦਾ ਹੈ ਲੋਕ ਕਿਸੇ ਬੰਦੇ ਨੂੰ ਚੌਕੀਚਾਰ ਵਜੋਂ ਚੁਣਦੇ ਹਨ। ਜਦੋਂ ਇਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ ਤਾਂ ਉਹ ਤੁਰ੍ਹੀ ਵਜਾ ਦਿੰਦਾ ਹੈ ਅਤੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ। ਜੇ ਲੋਕ ਚੇਤਾਵਨੀ ਨੂੰ ਸੁਣ ਲੈਂਦੇ ਹਨ ਪਰ ਉਸ ਨੂੰ ਅਣਸੁਣਿਆਂ ਕਰ ਦਿੰਦੇ ਹਨ ਤਾਂ ਦੁਸ਼ਮਣ ਉਨ੍ਹਾਂ ਨੂੰ ਫ਼ੜ ਲੈਂਦਾ ਹੈ ਅਤੇ ਬੰਦੀ ਬਣਾਕੇ ਦੂਰ ਲੈ ਜਾਂਦਾ ਹੈ। ਉਹ ਬੰਦਾ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ। ਉਸ ਨੇ ਤੁਰ੍ਹੀ ਦੀ ਆਵਾਜ਼ ਸੁਣੀ, ਪਰ ਉਸ ਨੇ ਚੇਤਾਵਨੀ ਨੂੰ ਅਣਸੁਣਿਆਂ ਕਰ ਦਿੱਤਾ। ਇਸ ਲਈ ਆਪਣੀ ਮੌਤ ਦਾ ਓਹੀ ਕਸੂਰਵਾਰ ਹੈ। ਜੇ ਉਸ ਨੇ ਚੇਤਾਨਵੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਉਹ ਆਪਣੀ ਜਾਨ ਬਚਾ ਸੱਕਦਾ ਸੀ।

“‘ਪਰ ਸ਼ਾਇਦ ਉਹ ਚੌਕੀਦਾਰ ਦੁਸ਼ਮਣ ਦੇ ਸਿਪਾਹੀਆਂ ਨੂੰ ਆਉਂਦਿਆਂ ਦੇਖਦਾ ਹੈ, ਪਰ ਤੁਰ੍ਹੀ ਨਹੀਂ ਵਜਾਉਂਦਾ। ਉਸ ਚੌਕੀਚਾਰ ਨੇ ਲੋਕਾਂ ਨੂੰ ਚੇਤਾਵਨੀ ਨਹੀਂ ਦਿੱਤੀ। ਦੁਸ਼ਮਣ ਉਨ੍ਹਾਂ ਨੂੰ ਫ਼ੜ ਲਵੇਗਾ ਅਤੇ ਬੰਦੀ ਬਣਾਕੇ ਲੈ ਜਾਵੇਗਾ। ਉਹ ਬੰਦਾ ਪਰ੍ਹਾਂ ਲੈ ਲਿਆ ਜਾਵੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਚੌਕੀਦਾਰ ਉਸ ਬੰਦੇ ਦੀ ਮੌਤ ਲਈ ਵੀ ਜ਼ਿੰਮੇਵਾਰ ਹੋਵੇਗਾ।’

“ਹੁਣ, ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵਾਸਤੇ ਚੌਕੀਦਾਰ ਵਜੋਂ ਚੁਣ ਰਿਹਾ ਹਾਂ। ਜੇ ਤੂੰ ਮੇਰੇ ਮੂੰਹੋਁ ਸੰਦੇਸ਼ ਸੁਣੇ ਤਾਂ ਤੈਨੂੰ ਲੋਕਾਂ ਨੂੰ ਮੇਰੇ ਲਈ ਅਵੱਸ਼ ਚੇਤਾਵਨੀ ਦੇਣੀ ਚਾਹੀਦੀ ਹੈ। ਮੈਂ ਸ਼ਾਇਦ ਤੈਨੂੰ ਇਹ ਆਖਾਂ, ‘ਇਹ ਬਦ ਬੰਦਾ ਮਰੇਗਾ।’ ਤਾਂ ਤੈਨੂੰ ਮੇਰੇ ਲਈ ਉਸ ਬੰਦੇ ਕੋਲ ਜਾਕੇ ਚੇਤਾਵਨੀ ਅਵੱਸ਼ ਦੇਣੀ ਚਾਹੀਦੀ ਹੈ। ਜੇ ਤੂੰ ਉਸ ਬਦ ਬੰਦੇ ਨੂੰ ਚੇਤਾਵਨੀ ਨਹੀਂ ਦਿੰਦਾ ਅਤੇ ਉਸ ਨੂੰ ਬਦਲਣ ਲਈ ਨਹੀਂ ਆਖਦਾ, ਤਾਂ ਉਹ ਬੰਦਾ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਮੈਂ ਉਸਦੀ ਮੌਤ ਲਈ ਤੈਨੂੰ ਜ਼ਿੰਮੇਵਾਰ ਠਹਿਰਾਵਾਂਗਾ। ਜੇਕਰ ਤੂੰ ਉਸ ਬੰਦੇ ਨੂੰ ਆਪਣਾ ਜੀਵਨ ਬਦਲਣ ਅਤੇ ਪਾਪ ਤੋਂ ਦੂਰ ਰਹਿਣ ਲਈ ਚੇਤਾਵਨੀ ਦੇ ਦਿੰਦਾ ਹੈ, ਪਰ ਉਹ ਪਾਪ ਕਰਨੋ ਹਟਣ ਤੋਂ ਇਨਕਾਰ ਕਰਦਾ ਹੈ, ਤਾਂ ਉਹ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਤੂੰ ਆਪਣੀ ਜਾਨ ਬਚਾ ਲਈ ਹੈ।

ਪਰਮੇਸ਼ੁਰ ਲੋਕਾਂ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ

10 “ਇਸ ਲਈ, ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਸ਼ਾਇਦ ਉਹ ਲੋਕ ਆਖਣ, ‘ਅਸੀਂ ਪਾਪ ਕੀਤਾ ਹੈ ਅਤੇ ਕਨੂੰਨ ਤੋੜਿਆ ਹੈ। ਸਾਡੇ ਪਾਪ ਬਤਦਾਸ਼ਤ ਕਰਨ ਨਾਲੋਂ ਜ਼ਿਆਦਾ ਭਾਰੇ ਹਨ। ਅਸੀਂ ਉਨ੍ਹਾਂ ਪਾਪਾਂ ਕਾਰਣ ਸੜਦੇ ਹਾਂ। ਅਸੀਂ ਜਿਉਣ ਲਈ ਕੀ ਕਰ ਸੱਕਦੇ ਹਾਂ?’

11 “ਤੈਨੂੰ ਉਨ੍ਹਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ, ‘ਮੇਰਾ ਪ੍ਰਭੂ ਯਹੋਵਾਹ ਇਹ ਆਖਦਾ ਹੈ: ਆਪਣੇ ਜੀਵਨ ਨੂੰ ਸਾਖੀ ਰੱਖਕੇ, ਮੈਂ ਇਕਰਾਰ ਕਰਦਾ ਹਾਂ, ਕਿ ਮੈਨੂੰ ਲੋਕਾਂ ਨੂੰ ਮਰਦਿਆਂ ਦੇਖਕੇ ਖੁਸ਼ੀ ਨਹੀਂ ਹੁੰਦੀ-ਬਦ ਲੋਕਾਂ ਨੂੰ ਦੇਖਕੇ ਵੀ! ਮੈਂ ਨਹੀਂ ਚਾਹੁੰਦਾ ਕਿ ਉਹ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਮੰਦੇ ਲੋਕ ਮੇਰੇ ਵੱਲ ਵਾਪਸ ਪਰਤ ਆਉਣ। ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਜੀਵਨ ਤਬਦੀਲ ਕਰ ਲੈਣ ਤਾਂ ਜੋ ਉਹ ਸੱਚਮੁੱਚ ਜਿਉਂ ਸੱਕਣ! ਇਸ ਲਈ ਪਰਤ ਆਓ ਮੇਰੇ ਵੱਲ! ਮੰਦੇ ਕੰਮ ਕਰਨੋ ਹਟ ਜਾਵੋ! ਇਸਰਾਏਲ ਦੇ ਪਰਿਵਾਰ, ਤੈਨੂੰ ਮਰਨਾ ਕਿਉਂ ਪਵੇ?’

12 “ਅਤੇ ਆਦਮੀ ਦੇ ਪੁੱਤਰ, ਆਪਣੇ ਲੋਕਾਂ ਨੂੰ ਆਖ: ‘ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਨਹੀਂ ਬਚਾਉਣਗੇ, ਜੇ ਉਹ ਬੁਰਾ ਬਣ ਜਾਂਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ। ਅਤੇ ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਮੰਦੇ ਕੰਮ ਉਸ ਨੂੰ ਤਬਾਹ ਨਹੀਂ ਕਰਨਗੇ, ਜੇ ਉਹ ਆਪਣੀ ਬਦੀ ਤੋਂ ਪਰਤ ਜਾਂਦਾ ਹੈ। ਇਸ ਲਈ ਚੇਤੇ ਰੱਖ, ਕਿਸੇ ਬੰਦੇ ਨੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਨਹੀਂ ਬਚਾਉਣਗੇ ਜੇ ਉਹ ਪਾਪ ਕਰਨ ਲੱਗ ਪੈਂਦਾ ਹੈ।’

13 “ਸ਼ਾਇਦ ਮੈਂ ਕਿਸੇ ਨੇਕ ਬੰਦੇ ਨੂੰ ਆਖਾਂ ਕਿ ਉਹ ਜੀਵੇਗਾ। ਪਰ ਸ਼ਾਇਦ ਉਹ ਨੇਕ ਬੰਦਾ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਉਸ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਬਚਾ ਲੈਣਗੇ। ਇਸ ਲਈ, ਸ਼ਾਇਦ ਉਹ ਮੰਦੀਆਂ ਗੱਲਾਂ ਕਰਨ ਲੱਗ ਪਵੇ। ਪਰ ਮੈਂ ਉਸ ਦੀਆਂ ਅਤੀਤ ਵਿੱਚ ਕੀਤੀਆਂ ਨੇਕ ਗੱਲਾਂ ਨੂੰ ਚੇਤੇ ਨਹੀਂ ਕਰਾਂਗਾ! ਨਹੀਂ, ਉਹ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਮਰੇਗਾ ਜਿਹੜੀਆਂ ਉਹ ਸ਼ੁਰੂ ਕਰਨ ਲੱਗ ਪੈਂਦਾ ਹੈ।

14 “ਜਾਂ ਸ਼ਾਇਦ, ਮੈਂ ਕਿਸੇ ਬੁਰੇ ਬੰਦੇ ਨੂੰ ਆਖਾਂ ਕਿ ਉਹ ਮਰੇਗਾ। ਪਰ ਸ਼ਾਇਦ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲਵੇ। ਸ਼ਾਇਦ ਉਹ ਪਾਪ ਕਰਨ ਤੋਂ ਹਟ ਜਾਵੇ ਅਤੇ ਸਹੀ ਢੰਗ ਨਾਲ ਜਿਉਣਾ ਸ਼ੁਰੂ ਕਰ ਦੇਵੇ। ਸ਼ਾਇਦ ਉਹ ਨੇਕ ਅਤੇ ਨਿਰਪੱਖ ਬਣ ਜਾਵੇ। 15 ਸ਼ਾਇਦ ਉਹ ਉਨ੍ਹਾਂ ਚੀਜ਼ਾਂ ਨੂੰ ਵਾਪਸ ਕਰ ਦੇਵੇ ਜਿਹੜੀਆਂ ਉਸ ਨੂੰ ਪੈਸਾ ਉਧਾਰ ਦੇਣ ਵੇਲੇ ਲਈਆਂ ਸਨ। ਸ਼ਾਇਦ ਉਹ ਆਪਣੀਆਂ ਚੋਰੀ ਕੀਤੀਆਂ ਚੀਜ਼ਾਂ ਦਾ ਮੁੱਲ ਤਾਰ ਦੇਵੇ। ਸ਼ਾਇਦ ਉਹ ਉਨ੍ਹਾਂ ਨੇਮਾਂ ਉੱਤੇ ਚੱਲਣਾ ਸੁਰੂ ਕਰ ਦੇਵੇ ਜਿਹੜੇ ਜੀਵਨ ਦਿੰਦੇ ਹਨ। ਉਹ ਮੰਦੇ ਕੰਮ ਕਰਨ ਤੋਂ ਹਟ ਜਾਂਦਾ ਹੈ। ਤਾਂ ਉਹ ਬੰਦਾ ਅਵੱਸ਼ ਜੀਵੇਗਾ। ਉਹ ਮਰੇਗਾ ਨਹੀਂ। 16 ਮੈਂ ਉਸਦੀਆਂ ਅਤੀਤ ਵਿੱਚ ਕੀਤੀਆਂ ਬਦ ਕਰਨੀਆਂ ਨੂੰ ਚੇਤੇ ਨਹੀਂ ਕਰਾਂਗਾ। ਕਿਉਂ? ਕਿਉਂ ਕਿ ਹੁਣ ਉਹ ਸਹੀ ਢੰਗ ਨਾਲ ਜਿਉਂ ਰਿਹਾ ਹੈ ਅਤੇ ਨਿਰਪੱਖ ਹੈ। ਇਸ ਲਈ ਉਹ ਜੀਵੇਗਾ!

17 “ਪਰ ਤੇਰੇ ਲੋਕ ਆਖਦੇ ਹਨ, ‘ਇਹ ਗੱਲ ਠੀਕ ਨਹੀਂ! ਯਹੋਵਾਹ ਮੇਰਾ ਪ੍ਰਭੂ ਇਸ ਤਰ੍ਹਾਂ ਦਾ ਨਹੀਂ ਹੋ ਸੱਕਦਾ!’

“ਪਰ ਉਹ ਅਜਿਹੇ ਲੋਕ ਹਨ ਜਿਹੜੇ ਨਿਰਪੱਖ ਨਹੀਂ ਹਨ! ਉਹ ਅਜਿਹੇ ਲੋਕ ਹਨ ਜਿਨ੍ਹਾਂ ਜ਼ਰੂਰ ਬਦਲਣਾ ਚਾਹੀਦਾ ਹੈ! 18 ਜੇ ਕੋਈ ਨੇਕ ਬੰਦਾ ਨੇਕੀ ਕਰਨਾ ਛੱਡ ਦਿੰਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ, ਤਾਂ ਉਹ ਆਪਣੇ ਪਾਪਾਂ ਕਾਰਣ ਮਰੇਗਾ। 19 ਅਤੇ ਜੇ ਕੋਈ ਬੁਰਾ ਬੰਦਾ ਬਦੀ ਕਰਨੀ ਛੱਡ ਦਿੰਦਾ ਹੈ ਅਤੇ ਸਹੀ ਢੰਗ ਨਾਲ ਜਿਉਂਣਾ ਅਤੇ ਨਿਰਪੱਖ ਹੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਜੀਵੇਗਾ! 20 ਪਰ ਤੁਸੀਂ ਲੋਕ ਫ਼ੇਰ ਵੀ ਆਖਦੇ ਹੋ ਕਿ ਮੈਂ ਨਿਰਪੱਖ ਨਹੀਂ ਹਾਂ। ਪਰ ਮੈਂ ਤੁਹਾਨੂੰ ਸੱਚ ਆਖ ਰਿਹਾ ਹਾਂ। ਇਸਰਾਏਲ ਦੇ ਪਰਿਵਾਰ, ਹਰ ਬੰਦੇ ਦਾ ਨਿਆਂ ਉਸ ਦੇ ਅਮਲਾਂ ਅਨੁਸਾਰ ਹੋਵੇਗਾ!”

ਯਰੂਸ਼ਲਮ ਉੱਤੇ ਕਬਜ਼ਾ ਹੋ ਗਿਆ ਹੈ

21 ਜਲਾਵਤਨੀ ਦੇ 12 ਵੇਂ ਵਰ੍ਹੇ ਦੇ 10 ਵੇਂ ਮਹੀਨੇ 5 ਵੇਂ ਦਿਨ, ਯਰੂਸ਼ਲਮ ਤੋਂ ਮੇਰੇ ਕੋਲ ਇੱਕ ਬੰਦਾ ਆਇਆ। ਉਹ ਉੱਥੋਂ ਲੜਾਈ ਵਿੱਚੋਂ ਬਚਕੇ ਆਇਆ ਸੀ। ਉਸ ਨੇ ਆਖਿਆ, “ਯਰੂਸ਼ਲਮ ਸ਼ਹਿਰ ਉੱਤੇ ਕਬਜ਼ਾ ਹੋ ਗਿਆ ਹੈ!”

22 ਹੁਣ ਮੇਰੇ ਪ੍ਰਭੂ ਯਹੋਵਾਹ ਦੀ ਸ਼ਕਤੀ ਉਸ ਬੰਦੇ ਦੇ ਆਉਣ ਤੋਂ ਪਹਿਲਾਂ ਦੀ ਸ਼ਾਮ ਨੂੰ ਆਈ ਸੀ। ਪਰਮੇਸ਼ੁਰ ਨੇ ਮੈਨੂੰ ਨਾ ਬੋਲ ਸੱਕਣ ਦੇ ਕਾਬਿਲ ਬਣਾ ਦਿੱਤਾ ਸੀ। ਉਸ ਸਮੇਂ ਜਦੋਂ ਉਹ ਬੰਦਾ ਆਇਆ, ਯਹੋਵਾਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ ਅਤੇ ਮੈਨੂੰ ਫ਼ੇਰ ਬੋਲਣ ਦਿੱਤਾ। 23 ਫ਼ੇਰ ਯਹੋਵਾਹ ਦਾ ਸ਼ਬਦ ਮੇਰੇ ਕੋਲ ਆਇਆ। ਉਸ ਨੇ ਆਖਿਆ, 24 “ਆਦਮੀ ਦੇ ਪੁੱਤਰ, ਇਸਰਾਏਲ ਦੇ ਬਰਬਾਦ ਹੋਏ ਸ਼ਹਿਰਾਂ ਵਿੱਚ ਕੁਝ ਇਸਰਾਏਲੀ ਲੋਕ ਰਹਿੰਦੇ ਹਨ। ਉਹ ਲੋਕ ਆਖ ਰਹੇ ਹਨ, ‘ਸਿਰਫ਼ ਅਬਰਾਹਾਮ ਇੱਕ ਹੀ ਆਦਮੀ ਸੀ, ਅਤੇ ਪਰਮੇਸ਼ੁਰ ਨੇ ਉਸ ਨੂੰ ਇਹ ਸਾਰੀ ਧਰਤੀ ਦੇ ਦਿੱਤੀ ਸੀ। ਹੁਣ ਅਸੀਂ ਬਹੁਤ ਲੋਕ ਹਾਂ, ਇਸ ਲਈ ਇਹ ਧਰਤੀ ਅਵੱਸ਼ ਹੀ ਸਾਡੀ ਹੈ! ਇਹ ਸਾਡੀ ਧਰਤੀ ਹੈ!’

25 “ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਤੁਸੀਂ ਖੂਨ ਨਾਲ ਭਰਿਆ ਹੋਇਆ ਮਾਸ ਖਾਂਦੇ ਹੋ। ਤੁਸੀਂ ਸਹਾਇਤਾ ਲਈ ਆਪਣੇ ਬੁੱਤਾਂ ਵੱਲ ਦੇਖਦੇ ਹੋ। ਤੁਸੀਂ ਲੋਕਾਂ ਨੂੰ ਕਤਲ ਕਰਦੇ ਹੋ। ਇਸ ਲਈ ਮੈਂ ਤੁਹਾਨੂੰ ਇਹ ਧਰਤੀ ਕਿਉਂ ਦੇਵਾਂ? 26 ਤੁਸੀਂ ਆਪਣੀ ਹੀ ਤਲਵਾਰ ਉੱਤੇ ਨਿਰਭਰ ਕਰਦੇ ਹੋ। ਤੁਹਾਡੇ ਵਿੱਚ ਹਰ ਕੋਈ ਭਿਆਨਕ ਗੱਲਾਂ ਕਰਦਾ ਹੈ। ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਵਾਂਢੀ ਦੀ ਪਤਨੀ ਨਾਲ ਬਦਕਾਰੀ ਕਰਦਾ ਹੈ। ਤੁਹਾਨੂੰ ਧਰਤੀ ਨਹੀਂ ਮਿਲ ਸੱਕਦੀ!’

27 “‘ਤੈਨੂੰ ਉਨ੍ਹਾਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਹੈ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, “ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ, ਕਿ ਉਨ੍ਹਾਂ ਬਰਬਾਦ ਹੋਏ ਸ਼ਹਿਰਾਂ ਵਿੱਚ ਰਹਿਣ ਵਾਲੇ ਉਹ ਲੋਕ ਤਲਵਾਰ ਨਾਲ ਮਾਰੇ ਜਾਣਗੇ! ਜੇ ਕੋਈ ਸ਼ਹਿਰ ਤੋਂ ਬਾਹਰ ਹੈ ਤਾਂ ਮੈਂ ਉਸ ਨੂੰ ਜਾਨਵਰਾਂ ਤੋਂ ਮਰਵਾਵਾਂਗਾ ਅਤੇ ਉਸ ਨੂੰ ਉਨ੍ਹਾਂ ਦਾ ਭੋਜਨ ਬਣਾਵਾਂਗਾ। ਜੇ ਲੋਕ ਕਿਲਿਆਂ ਅਤੇ ਗੁਫ਼ਾਵਾਂ ਵਿੱਚ ਲੁਕੇ ਹੋਣਗੇ ਤਾਂ ਉਹ ਬੀਮਾਰੀ ਨਾਲ ਮਰਨਗੇ। 28 ਮੈਂ ਧਰਤੀ ਨੂੰ ਵੀਰਾਨ ਅਤੇ ਬੰਜਰ ਬਣਾ ਦਿਆਂਗਾ। ਉਹ ਦੇਸ਼ ਸਾਰੀਆਂ ਚੀਜ਼ਾਂ ਗਵਾ ਲਵੇਗਾ ਜਿਨ੍ਹਾਂ ਉੱਤੇ ਉਸ ਨੂੰ ਮਾਣ ਸੀ। ਇਸਰਾਏਲ ਦੇ ਪਰਬਤ ਵੀਰਾਨ ਹੋ ਜਾਣਗੇ। ਕੋਈ ਵੀ ਉਸ ਥਾਂ ਤੋਂ ਨਹੀਂ ਲੰਘੇਗਾ। 29 ਉਨ੍ਹਾਂ ਲੋਕਾਂ ਨੇ ਬਹੁਤ ਸਾਰੇ ਭਿਆਨਕ ਕਾਰੇ ਕੀਤੇ ਹਨ। ਇਸ ਲਈ ਮੈਂ ਉਸ ਧਰਤੀ ਨੂੰ ਵੀਰਾਨ ਅਤੇ ਬੰਜਰ ਬਣਾ ਦੇਵਾਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”

30 “‘ਅਤੇ ਹੁਣ, ਤੇਰੇ ਬਾਰੇ, ਆਦਮੀ ਦੇ ਪੁੱਤਰ। ਤੇਰੇ ਲੋਕ ਕੰਧਾਂ ਨਾਲ ਝੁਕੇ ਹੋਏ ਅਤੇ ਆਪਣੇ ਦਰਵਾਜ਼ਿਆਂ ਤੇ ਖਲੋਤੇ ਹੋਏ ਤੇਰੇ ਬਾਰੇ ਗੱਲਾਂ ਕਰ ਰਹੇ ਹਨ। ਉਹ ਇੱਕ ਦੂਸਰੇ ਨੂੰ ਆਖਦੇ ਹਨ, “ਆਓ, ਆਓ ਅਸੀਂ ਜਾਕੇ ਸੁਣੀੇਁ ਯਹੋਵਾਹ ਕੀ ਆਖਦਾ ਹੈ।” 31 ਇਸ ਲਈ ਉਹ ਤੇਰੇ ਕੋਲ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸਾਹਮਣੇ ਇਸ ਤਰ੍ਹਾਂ ਬੈਠਦੇ ਹਨ ਜਿਵੇਂ ਉਹ ਮੇਰੇ ਬੰਦੇ ਹੋਣ। ਉਹ ਤੇਰੇ ਸ਼ਬਦ ਸੁਣਦੇ ਹਨ। ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜਿਹੜੀਆਂ ਤੂੰ ਆਖਦਾ ਹੈਂ। ਉਹ ਸਿਰਫ਼ ਓਹੀ ਕਰਨਾ ਚਾਹੁੰਦੇ ਹਨ ਜੋ ਚੰਗਾ ਮਹਿਸੂਸ ਹੁੰਦਾ ਹੈ। ਉਹ ਸਿਰਫ਼ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਅਤੇ ਹੋਰ ਪੈਸਾ ਬਨਾਉਣਾ ਚਾਹੁੰਦੇ ਹਨ।

32 “‘ਤੂੰ ਉਨ੍ਹਾਂ ਲੋਕਾਂ ਲਈ ਪਿਆਰ ਦੇ ਗੀਤ ਗਾਉਣ ਵਾਲੇ ਗਾਇੱਕ ਤੋਂ ਇਲਾਵਾ ਕੁਝ ਵੀ ਨਹੀਂ। ਤੇਰੀ ਆਵਾਜ਼ ਚੰਗੀ ਹੈ। ਤੂੰ ਆਪਣਾ ਸਾਜ਼ਾ ਚੰਗੀ ਤਰ੍ਹਾਂ ਵਜਾਉਂਦਾ ਹੈਂ। ਉਹ ਤੇਰੇ ਸ਼ਬਦ ਸੁਣਦੇ ਹਨ, ਪਰ ਉਹ ਓਹੋ ਗੱਲਾਂ ਨਹੀਂ ਕਰਨਗੇ ਜੋ ਤੂੰ ਆਖਦਾ ਹੈਂ। 33 ਪਰ ਜਿਹੜੀਆਂ ਗੱਲਾਂ ਬਾਰੇ ਤੂੰ ਗੀਤ ਗਾਉਂਦਾ ਹੈਂ ਉਹ ਸੱਚਮੁੱਚ ਵਾਪਰਨਗੀਆਂ। ਫ਼ੇਰ ਲੋਕਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੇ ਵਿੱਚਕਾਰ ਸੱਚਮੁੱਚ ਇੱਕ ਨਬੀ ਰਹਿੰਦਾ ਸੀ।’”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes