A A A A A
Bible Book List

ਲੂਕਾ 13 Punjabi Bible: Easy-to-Read Version (ERV-PA)

ਆਪਣੇ ਦਿਲ ਬਦਲੋ

13 ਉਸ ਵਕਤ ਯਿਸੂ ਦੇ ਨਾਲ ਕੁਝ ਲੋਕ ਸਨ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਗਲੀਲ ਵਿੱਚ ਕੁਝ ਲੋਕਾਂ ਨਾਲ ਕਿਵੇਂ ਵਾਪਰੀ ਪਿਲਾਤੁਸ ਨੇ ਉਨ੍ਹਾਂ ਲੋਕਾਂ ਨੂੰ ਉਪਾਸਨਾ ਕਰਦੇ ਹੋਇਆਂ ਨੂੰ ਮਰਵਾਇਆ ਸੀ। ਪਿਲਾਤੁਸ ਨੇ ਜਾਨਵਰਾਂ ਦੇ ਬਲੀਦਾਨ ਦੇ ਲਹੂ ਨਾਲ ਉਨ੍ਹਾਂ ਦਾ ਲਹੂ ਮਿਲਾਇਆ ਸੀ, ਜਿਹੜੇ ਕਿ ਉਪਾਸਨਾ ਦੇ ਵਕਤ ਜਾਨਵਰਾਂ ਦੀ ਬਲੀ ਦੇ ਰਹੇ ਸਨ। ਯਿਸੂ ਨੇ ਜਵਾਬ ਦਿੱਤਾ, “ਤੁਸੀਂ ਕੀ ਸੋਚਦੇ ਹੋ ਕਿ ਉਨ੍ਹਾਂ ਨਾਲ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਉਨ੍ਹਾਂ ਨੇ ਗਲੀਲ ਦੇ ਹੋਰ ਲੋਕਾਂ ਨਾਲੋਂ ਵੱਧ ਪਾਪ ਕੀਤੇ? ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ। ਤੁਸੀਂ ਉਨ੍ਹਾਂ ਅੱਠ੍ਹਾਰਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਜਦੋਂ ਸਿਲੋਆਮ ਦਾ ਬੁਰਜ ਉਨ੍ਹਾਂ ਉੱਤੇ ਢੱਠਾ ਤਾਂ ਮਾਰੇ ਗਏ ਸਨ। ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲੋਂ ਵੱਧ ਪਾਪੀ ਸਨ? ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।”

ਫ਼ਲਹੀਣ ਰੁੱਖ

ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, “ਇੱਕ ਆਦਮੀ ਕੋਲ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਸੀ। ਉਸ ਨੇ ਰੁੱਖ ਦੇ ਹਰ ਪਾਸੇ ਵੇਖਿਆ ਕਿ ਕੋਈ ਫ਼ਲ ਦਿਸੇ, ਪਰ ਉਸ ਨੂੰ ਕੋਈ ਫ਼ਲ ਨਜ਼ਰ ਨਾ ਆਇਆ। ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰੱਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸ ਨੂੰ ਵੱਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?’ ਪਰ ਨੌਕਰ ਨੇ ਜਵਾਬ ਦਿੱਤਾ, ‘ਮਾਲਕ, ਇੱਕ ਸਾਲ ਹੋਰ ਇੰਤਜ਼ਾਰ ਕਰੋ ਤਾਂ ਜੋ ਇਹ ਰੁੱਖ ਫ਼ਲ ਦੇ ਸੱਕੇ। ਮੈਨੂੰ ਇਸਦੇ ਆਸੇ-ਪਾਸਿਓ ਖੋਦਣ ਦਿਉ ਅਤੇ ਕੁਝ ਖਾਦ ਪਾਉਣ ਦਿਉ। ਹੋ ਸੱਕਦਾ ਹੈ ਅਗਲੇ ਸਾਲ ਤੀਕ ਇਸ ਨੂੰ ਕੋਈ ਫ਼ਲ ਲੱਗ ਜਾਵੇ। ਜੇਕਰ ਤਦ ਵੀ ਕੋਈ ਵਲ ਨਾ ਲੱਗੇ ਤਾਂ ਤੁਸੀਂ ਚਾਹੇ ਇਸ ਨੂੰ ਕਟਵਾ ਸੁੱਟਣਾ।’”

ਯਿਸੂ ਦਾ ਸਬਤ ਦੇ ਦਿਨ ਇੱਕ ਬਿਮਾਰ ਔਰਤ ਨੂੰ ਠੀਕ ਕਰਨਾ

10 ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ। 11 ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸ ਨੂੰ ਅੱਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛੱਡਿਆ ਸੀ। ਉਸਦੀ ਕਮਰ ਵਿੱਚ ਕੁੱਬ ਪੈ ਗਿਆ ਸੀ, ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸੱਕਦੀ ਸੀ। 12 ਜਦੋਂ ਯਿਸੂ ਨੇ ਉਸ ਔਰਤ ਨੂੰ ਵੇਖਿਆ ਤਾਂ ਉਸ ਨੂੰ ਬੁਲਾਇਆ ਅਤੇ ਕਿਹਾ, “ਹੇ ਔਰਤ! ਤੂੰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ!” 13 ਯਿਸੂ ਨੇ ਆਪਣੇ ਹੱਥ ਉਸ ਉੱਤੇ ਰੱਖੇ ਤਾਂ ਉਹ ਸਿੱਧੀ ਖੜ੍ਹੀ ਹੋਣ ਵਿੱਚ ਸਫ਼ਲ ਹੋਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ।

14 ਪ੍ਰਾਰਥਨਾ ਸਥਾਨ ਦਾ ਸਰਦਾਰ ਕਰੋਧ ਵਿੱਚ ਆ ਗਿਆ ਕਿਉਂਕਿ ਯਿਸੂ ਨੇ ਉਸ ਨੂੰ ਸਬਤ ਦੇ ਦਿਨ ਨਿਰੋਗ ਕੀਤਾ ਸੀ। ਸਰਦਾਰ ਨੇ ਲੋਕਾਂ ਨੂੰ ਕਿਹਾ, “ਛੇ ਦਿਨ ਕੰਮ ਦੇ ਲਈ ਹੁੰਦੇ ਹਨ ਸੋ ਠੀਕ ਹੋਣ ਲਈ ਤੁਸੀਂ ਉਨ੍ਹਾਂ ਦਿਨਾਂ ਵਿੱਚ ਆਵੋ। ਸਬਤ ਦੇ ਦਿਨ ਕੋਈ ਠੀਕ ਹੋਣ ਲਈ ਇੱਥੇ ਨਾ ਆਵੇ।”

15 ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਲੋਕ ਕਪਟੀ ਹੋ! ਕੀ ਤੁਸੀਂ ਹਰ-ਰੋਜ਼ ਅਤੇ ਸਬਤ ਦੇ ਦਿਨ ਵੀ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲਕੇ ਪਾਣੀ ਪਿਲਾਉਣ ਨਹੀਂ ਲਿਜਾਂਦੇ? 16 ਇਹ ਔਰਤ ਜਿਸ ਨੂੰ ਮੈਂ ਠੀਕ ਕੀਤਾ ਹੈ, ਅਬਰਾਹਾਮ ਦੀ ਧੀ ਹੈ। ਅਤੇ ਇਹ ਅੱਠਾਰਾਂ ਸਾਲਾਂ ਤੋਂ ਸ਼ੈਤਾਨ ਦੀ ਗੁਲਾਮੀ ਵਿੱਚ ਸੀ। ਕੀ ਇਹ ਉਸ ਲਈ ਗਲਤ ਗੱਲ ਸੀ ਕਿ ਉਸ ਨੂੰ ਸਬਤ ਦੇ ਦਿਨ ਉਸ ਗੁਲਾਮੀ ਤੋਂ ਛੁਟਕਾਰਾ ਦਿੱਤਾ ਗਿਆ।” 17 ਜਦੋਂ ਯਿਸੂ ਨੇ ਇਹ ਕਿਹਾ ਤਾਂ ਜਿਹੜੇ ਲੋਕ ਉਸਦੀ ਨਿੰਦਾ ਕਰ ਰਹੇ ਸਨ ਆਪਣੇ-ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ। ਭੀੜ ਦੇ ਸਾਰੇ ਲੋਕ ਯਿਸੂ ਦੀਆਂ ਚਮਤਕਾਰੀ ਗੱਲਾਂ ਤੋਂ, ਜੋ ਉਹ ਕਰ ਰਿਹਾ ਸੀ, ਬੜੇ ਖੁਸ਼ ਸਨ।

ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ?

18 ਤਾਂ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19 ਪਰਮੇਸ਼ੁਰ ਦਾ ਰਾਜ ਸਰ੍ਹੋਂ ਦੇ ਉਸ ਬੀਜ ਵਰਗਾ ਹੈ ਜਿਸ ਨੂੰ ਕੋਈ ਮਨੁੱਖ ਆਪਣੇ ਬਾਗ ਵਿੱਚ ਬੀਜਦਾ ਅਤੇ ਜਦੋਂ ਉਹ ਬੀਜ ਫੁੱਟਦਾ ਹੈ ਤਾਂ ਰੁੱਖ ਬਣ ਜਾਂਦਾ ਹੈ ਅਤੇ ਉਸਦੀਆਂ ਟਾਹਣੀਆਂ ਤੇ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ।”

20 ਯਿਸੂ ਨੇ ਫ਼ਿਰ ਕਿਹਾ, “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21 ਇਹ ਉਸ ਖਮੀਰ ਵਾਂਗ ਹੈ ਜਿਸ ਨੂੰ ਇੱਕ ਔਰਤ ਆਟੇ ਦੇ ਵੱਡੇ ਭਾਂਡੇ ਵਿੱਚ ਮਿਲਾਉਂਦੀ ਹੈ। ਤਾਂ ਉਹ ਖਮੀਰ ਸਾਰੇ ਆਟੇ ਨੂੰ ਰੋਟੀ ਵਾਸਤੇ ਮਾਫ਼ਕ ਕਰ ਦਿੰਦਾ ਹੈ। ਭਾਵ ਖਮੀਰਾ ਕਰ ਦਿੰਦਾ ਹੈ।”

ਤੰਗ ਦਰਵਾਜ਼ਾ

22 ਯਿਸੂ ਹਰ ਪਿੰਡ ਨਗਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਵੱਲ ਨੂੰ ਲਗਾਤਾਰ ਜਾ ਰਿਹਾ ਸੀ। 23 ਕਿਸੇ ਨੇ ਯਿਸੂ ਨੂੰ ਕਿਹਾ, “ਪ੍ਰਭੂ! ਕੀ ਕੁਝ ਲੋਕ ਹੀ ਬਚਾਏ ਜਾਣਗੇ?”

ਯਿਸੂ ਨੇ ਆਖਿਆ, 24 “ਤੁਸੀਂ ਭੀੜੇ ਦਰਵਾਜੇ ਤੋਂ ਵੜਨ ਦਾ ਵੱਡਾ ਯਤਨ ਕਰੋ ਜਿਹੜਾ ਕਿ ਸੁਰਗ ਵੱਲ ਨੂੰ ਖੁਲ੍ਹਦਾ ਹੈ। ਬਹੁਤ ਸਾਰੇ ਲੋਕ ਉਸ ਵਿੱਚ ਵੜਨ ਦਾ ਯਤਨ ਕਰਨਗੇ ਪਰ ਉਹ ਪ੍ਰਵੇਸ਼ ਕਰ ਨਹੀਂ ਪਾਉਣਗੇ। 25 ਜਦੋਂ ਸਮਾਂ ਆਵੇਗਾ, ਘਰ ਦਾ ਮਾਲਕ ਦਰਵਾਜਾ ਬੰਦ ਕਰ ਦੇਵੇਗਾ ਅਤੇ ਇਸ ਨੂੰ ਤਾਲਾ ਲਾ ਦੇਵੇਗਾ, ਫ਼ੇਰ ਤੁਸੀਂ ਬਾਹਰ ਖੜ੍ਹੇ ਹੋਕੇ ਦਰਵਾਜਾ ਖੜਕਾਉਂਗੇ। ਤੁਸੀਂ ਆਖ ਸੱਕਦੇ ਹੋ, ‘ਸ਼੍ਰੀ ਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਮਾਲਕ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ’, ਜਾਂ ‘ਤੁਸੀਂ ਕਿੱਥੋਂ ਆਏ ਹੋ।’ 26 ਫ਼ਿਰ ਤੁਸੀਂ ਜਵਾਬ ਦੇਵੋਂਗੇ, ‘ਅਸੀਂ ਤੇਰੇ ਨਾਲ ਖਾਧਾ-ਪੀਤਾ, ਤੂੰ ਸਾਡੇ ਨਗਰਾਂ ਵਿੱਚ ਥਾਂ-ਥਾਂ ਉਪਦੇਸ਼ ਦਿੱਤਾ।’ 27 ਤਾਂ ਉਹ ਬੋਲੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਆਏ ਹੋ? ਮੇਰੇ ਕੋਲੋਂ ਦੂਰ ਚੱਲੇ ਜਾਵੋ। ਤੁਸੀਂ ਸਾਰੇ ਬਦਕਾਰ ਹੋ।’

28 “ਤੁਸੀਂ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਵੇਖੋਂਗੇ, ਪਰ ਤੁਹਾਨੂੰ ਬਾਹਰ ਸੁੱਟ ਦਿੱਤਾ ਜਾਵੇਗ਼ਾ। ਤਾਂ ਤੁਸੀਂ ਡਰ ਅਤੇ ਕਰੋਧ ਨਾਲ ਆਪਣੇ ਦੰਦ ਕਰੀਚੋਂਗੇ। 29 ਪਰਮੇਸ਼ੁਰ ਦੇ ਰਾਜ ਵਿੱਚ ਲੋਕ ਉੱਤਰ, ਪੂਰਬ, ਪੱਛਮ, ਦੱਖਣ ਚਾਰੇ ਦਿਸ਼ਾਵਾਂ ਵਿੱਚੋਂ ਆਕੇ ਦਾਵਤ ਵਿੱਚ ਆਪਣੇ ਸਥਾਨਾਂ ਤੇ ਬੈਠਣਗੇ। 30 ਵੇਖੋ! ਜਿਹੜੇ ਇੱਥੇ ਪਿੱਛਲੇ ਹਨ ਸੋ ਉੱਥੇ ਪਹਿਲੇ ਹੋਣਗੇ ਅਤੇ ਜਿਹੜੇ ਇੱਥੇ ਪਹਿਲੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਪਿੱਛਲੇ ਹੋਣਗੇ।”

ਯਿਸੂ ਦੀ ਮੌਤ ਯਰੂਸ਼ਲਮ ਵਿੱਚ ਹੋਵੇਗੀ

31 ਉਸੇ ਵਕਤ ਕੁਝ ਫ਼ਰੀਸੀਆਂ ਨੇ ਯਿਸੂ ਦੇ ਕੋਲ ਆਣਕੇ ਉਸ ਨੂੰ ਕਿਹਾ, “ਇਸ ਥਾਂ ਤੋਂ ਦੂਰ ਚੱਲਿਆ ਜਾ, ਅਤੇ ਕਿਤੇ ਹੋਰ ਜਾਕੇ ਲੁਕ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ।”

32 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਜਾਕੇ ਉਸ ਲੂੰਬੜੀ ਨੂੰ ਕਹੋ ਕਿ ਵੇਖ ਮੈਂ, ‘ਅੱਜ ਅਤੇ ਕੱਲ ਦੋ ਦਿਨ ਇੱਥੇ ਲੋਕਾਂ ਅੰਦਰੋਂ ਭੂਤਾਂ ਨੂੰ ਕੱਢਣ ਦਾ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਜੀ ਕਰਨਾ ਹੈ ਅਤੇ ਤੀਜੇ ਦਿਨ ਮੇਰਾ ਕੰਮ ਪੂਰਾ ਹੋ ਜਾਣਾ ਹੈ।’ 33 ਉਸ ਤੋਂ ਬਾਦ ਮੈਨੂੰ ਜਰੂਰ ਜਾਣਾ ਹੀ ਹੈ ਕਿਉਂਕਿ ਸਾਰੇ ਨਬੀਆਂ ਨੂੰ ਯਰੂਸ਼ਲਮ ਵਿੱਚ ਮਰਨਾ ਚਾਹੀਦਾ ਹੈ।

34 “ਹੇ ਯਰੂਸ਼ਲਮ, ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਅਤੇ ਤੂੰ ਉਨ੍ਹਾਂ ਨੂੰ ਪੱਥਰ ਮਾਰਦਾ ਹੈ ਜੋ ਤੇਰੇ ਕੋਲ ਪਰਮੇਸ਼ੁਰ ਵੱਲੋਂ ਭੇਜੇ ਗਏ ਹਨ। ਮੈਂ ਕਿੰਨੀ ਵਾਰ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇਕੱਠਿਆ ਕਰਾ ਜਿਵੇਂ ਕੋਈ ਕੁਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠਿਆਂ ਕਰਦੀ ਹੈ ਪਰ ਤੂੰ ਮੈਨੂੰ ਨਹੀਂ ਕਰਨ ਦਿੱਤਾ। 35 ਵੇਖੋ! ਹੁਣ ਤੁਹਾਡਾ ਘਰ ਖਾਲੀ ਛੱਡ ਦਿੱਤਾ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਉਨੀ ਦੇਰ ਫ਼ਿਰ ਨਹੀਂ ਵੇਖ ਸੱਕਦੇ ਜਦ ਤੀਕ ਤੁਸੀਂ ਇਹ ਨਹੀਂ ਆਖਦੇ, ‘ਉਹ ਧੰਨ ਹੈ! ਜਿਹੜਾ ਪ੍ਰਭੂ ਦੇ ਨਾਮ ਤੇ ਆਉਂਦਾ ਹੈ।’ [a]

Footnotes:

  1. ਲੂਕਾ 13:35 ਹਵਾਲਾ: ਜ਼ਬੂਰ 118:26
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes