Añadir traducción en paralelo Imprimir Opciones de la página

ਪਤਰਸ ਦਾ ਯਰੂਸ਼ਲਮ ਨੂੰ ਪਰਤਣਾ

11 ਯਹੂਦਿਯਾ ਵਿੱਚ ਰਸੂਲ ਅਤੇ ਭਰਾ ਜਾਣ ਗਏ ਕਿ ਗੈਰ-ਯਹੂਦੀ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨਾਂ ਨੂੰ ਕਬੂਲ ਲਿਆ ਹੈ। ਪਰ ਜਦੋਂ ਪਤਰਸ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਕੁਝ ਯਹੂਦੀ ਨਿਹਚਾਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ, “ਤੂੰ ਉਨ੍ਹਾਂ ਲੋਕਾਂ ਵੱਲ ਗਿਆ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ। ਸਗੋਂ ਤੂੰ ਉਨ੍ਹਾਂ ਨਾਲ ਰਲਕੇ ਭੋਜਨ ਵੀ ਕੀਤਾ।”

ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ, “ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ। ਮੈਂ ਉਸ ਦੇ ਅੰਦਰ ਵੇਖਿਆ ਤਾਂ ਉਸ ਵਿੱਚ ਜੰਗਲੀ ਤੇ ਪਾਲਤੂ ਜਾਨਵਰ, ਰੀਂਗਣ ਵਾਲੇ ਜੀਵ, ਅਕਾਸ਼ ਤੇ ਉੱਡਣ ਵਾਲੇ ਪੰਛੀ ਸਨ। ਮੈਂ ਇੱਕ ਅਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ ‘ਪਤਰਸ ਉੱਠ, ਖਲੋ ਅਤੇ ਇਸ ਵਿੱਚੋਂ ਕਿਸੇ ਵੀ ਜੀਵ ਨੂੰ ਮਾਰਕੇ ਖਾ ਲੈ।’

“ਪਰ ਮੈਂ ਕਿਹਾ, ‘ਪ੍ਰਭੂ ਮੈਂ ਅਜਿਹਾ ਕਦੇ ਵੀ ਨਹੀਂ ਕਰ ਸੱਕਦਾ, ਮੈਂ ਕਦੇ ਵੀ ਕਿਸੇ ਅਸ਼ੁੱਧ ਜਾਂ ਅਪਵਿੱਤਰ ਵਸਤੂ ਦਾ ਸੇਵਨ ਨਹੀਂ ਕੀਤਾ।’

“ਪਰ ਅਕਾਸ਼ ਵੱਲੋਂ ਅਵਾਜ਼ ਨੇ ਫ਼ਿਰ ਉੱਤਰ ਦਿੱਤਾ, ‘ਪਰਮੇਸ਼ੁਰ ਨੇ ਇਹ ਵਸਤਾਂ ਪਵਿੱਤਰ ਬਣਾਈਆਂ ਹਨ, ਇਨ੍ਹਾਂ ਨੂੰ ਅਪਵਿੱਤਰ ਨਾ ਆਖ।’

10 “ਇੰਝ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਾਰੀਆਂ ਚੀਜ਼ਾਂ ਵਾਪਸ ਉੱਪਰ ਅਕਾਸ਼ ਵੱਲ ਲਿਜਾਈਆਂ ਗਈਆਂ। 11 ਉਸੇ ਵਕਤ, ਤਿੰਨ ਆਦਮੀ ਉਸ ਜਗ਼੍ਹਾ ਆਏ ਜਿੱਥੇ ਮੈਂ ਰਹਿ ਰਿਹਾ ਸੀ। ਇਹ ਤਿੰਨ ਆਦਮੀ ਕੈਸਰਿਯਾ ਸ਼ਹਿਰ ਤੋਂ ਮੇਰੇ ਕੋਲ ਭੇਜੇ ਗਏ ਸਨ। 12 ਆਤਮਾ ਨੇ ਮੈਨੂੰ ਉਨ੍ਹਾਂ ਨਾਲ ਬਿਨਾ ਝਿਜਕ ਜਾਣ ਨੂੰ ਕਿਹਾ। ਇਹ ਛੇ ਭਰਾ, ਜੋ ਇੱਥੇ ਮੇਰੇ ਨਾਲ ਹਨ, ਇਹ ਵੀ ਮੇਰੇ ਨਾਲ ਗਏ। ਅਸੀਂ ਕੁਰਨੇਲਿਯੁਸ ਦੇ ਘਰ ਗਏ। 13 ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ। 14 ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’

15 “ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਉਸੇ ਢੰਗ ਨਾਲ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ ਜਿਵੇਂ ਅਰੰਭ ਵਿੱਚ ਸਾਡੇ ਉੱਪਰ ਆਇਆ ਸੀ। 16 ਤਦ ਮੈਨੂੰ ਪ੍ਰਭੂ ਦੇ ਬਚਨ ਚੇਤੇ ਆਏ। ਪ੍ਰਭੂ ਨੇ ਆਖਿਆ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17 ਇਸ ਲਈ ਜੇਕਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੀ ਦਾਤ ਪ੍ਰਦਾਨ ਕੀਤੀ ਹੈ ਜੋ ਉਸ ਨੇ ਸਾਨੂੰ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ, ਤਾਂ ਫ਼ਿਰ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਕਰਨ ਵਾਲਾ ਮੈਂ ਕੌਣ ਸੀ?”

18 ਜਦੋਂ ਯਹੂਦੀ ਨਿਹਚਾਵਾਨਾ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਬੰਦ ਕੀਤੀ ਅਤੇ ਪਰਮੇਸ਼ੁਰ ਦੀ ਉਸਤਤਿ ਕਰਦੇ ਹੋਏ ਆਖਿਆ, “ਇਸਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹ ਵੀ ਆਪਣੇ ਆਪ ਨੂੰ ਬਦਲ ਕੇ ਸਾਡੇ ਵਰਗਾ ਜੀਵਨ ਬਤੀਤ ਕਰ ਸੱਕਣ।”

ਅੰਤਾਕਿਯਾ ਵਿੱਚ ਖੁਸ਼ਖਬਰੀ ਦਾ ਆਉਣਾ

19 ਇਸਤੀਫ਼ਾਨ ਦੇ ਮਾਰੇ ਜਾਣ ਤੋਂ ਬਾਅਦ, ਨਿਹਚਾਵਾਨ ਸਤਾਉ ਤੋਂ ਡਰਕੇ ਖਿੰਡਰ ਕੇ ਇਧਰ-ਉਧਰ ਹੋ ਗਏ ਸਨ। ਕੁਝ ਨਿਹਚਾਵਾਨ ਤਾਂ ਦੂਰ-ਦੁਰਾਡੀਆਂ ਥਾਵਾਂ ਜਿਵੇਂ ਕਿ ਫ਼ੈਨੀਕੋ, ਕੁਪਰੁਸ ਅਤੇ ਅੰਤਾਕਿਯਾ ਆਦਿ ਚ ਚੱਲੇ ਗਏ ਅਤੇ ਇਨ੍ਹਾਂ ਥਾਵਾਂ ਤੇ ਜਾਕੇ ਖੁਸ਼ਖਬਰੀ ਦਿੱਤੀ, ਪਰ ਇਹ ਖੁਸ਼ਖਬਰੀ ਉਨ੍ਹਾਂ ਸਿਰਫ਼ ਯਹੂਦੀਆਂ ਨੂੰ ਹੀ ਦਿੱਤੀ। 20 ਪਰ ਉਨ੍ਹਾਂ ਵਿੱਚੋਂ ਕਈ ਮਨੁੱਖ ਕੁਰੇਨ ਅਤੇ ਕੁਪਰੁਸ ਦੇ ਸਨ, ਜਦੋਂ ਉਹ ਅੰਤਾਕਿਯਾ ਪਹੁੰਚੇ, ਤਾਂ ਉਨ੍ਹਾਂ ਨੇ ਪ੍ਰਭੂ ਯਿਸੂ ਬਾਰੇ ਖੁਸ਼ਖਬਰੀ ਬਾਰੇ ਯੂਨਾਨੀ ਲੋਕਾਂ ਨੂੰ ਵੀ ਦੱਸਿਆ। 21 ਪ੍ਰਭੂ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਇਸੇ ਕਾਰਣ ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਪ੍ਰਭੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ।

22 ਇਹ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਲੋਕਾਂ ਕੋਲ ਪਹੁੰਚੀ। ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਵਿੱਚ ਭੇਜਿਆ। 23-24 ਬਰਨਬਾਸ ਇੱਕ ਚੰਗਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ। ਜਦੋਂ ਉਹ ਅੰਤਾਕਿਯਾ ਨੂੰ ਗਿਆ, ਉਹ ਪਰਮੇਸ਼ੁਰ ਦੀ ਕਿਰਪਾ ਨੂੰ ਕੰਮ ਤੇ ਵੇਖਕੇ ਬਹੁਤ ਖੁਸ਼ ਸੀ। ਉਸ ਨੇ ਸਾਰੇ ਨਿਹਚਾਵਾਨਾਂ ਨੂੰ ਉਨ੍ਹਾਂ ਦੇ ਸੱਚੇ ਦਿਲਾਂ ਨਾਲ ਪ੍ਰਭੂ ਦੇ ਵਫ਼ਾਦਾਰ ਹੋਣਾ ਜਾਰੀ ਰੱਖਣ ਲਈ ਉਤਸਾਹਤ ਕੀਤਾ। ਇਸ ਕਰਕੇ, ਬਹੁਤ ਸਾਰੇ ਲੋਕ ਪ੍ਰਭੂ ਦੇ ਚੇਲੇ ਬਣ ਗਏ।

25 ਫ਼ਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26 ਜਦੋਂ ਉਸ ਨੇ ਸੌਲੁਸ ਨੂੰ ਲੱਭ ਲਿਆ, ਉਹ ਉਸ ਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉੱਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦੀ ਮੰਡਲੀ ਇਕੱਠੀ ਹੋਕੇ ਆਈ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ।

27 ਉਨ੍ਹੀਂ ਦਿਨੀ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ। 28 ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉੱਠਿਆ ਅਤੇ ਉੱਠ ਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇੱਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” (ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।) 29 ਨਿਹਚਾਵਾਨਾਂ ਨੇ ਆਪਣੇ ਉਨ੍ਹਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ। ਸਭ ਨਿਹਚਾਵਾਨਾਂ ਨੇ, ਜਿੰਨੀ ਹਰ ਕਿਸੇ ਤੋਂ ਹੋ ਸੱਕੇ ਉਨੀ ਉਨ੍ਹਾਂ ਦੀ ਮਦਦ ਕਰਨ ਦੀ ਵਿਉਂਤ ਬਣਾਈ। 30 ਉਨ੍ਹਾਂ ਨੇ ਧਨ ਇਕੱਠਾ ਕਰਕੇ ਬਰਨਬਾਸ ਅਤੇ ਸੌਲੁਸ ਨੂੰ ਦਿੱਤਾ, ਫ਼ਿਰ ਉਹ ਇਹ ਧੰਨ ਇਕੱਠਾ ਕਰਕੇ ਯਹੂਦਿਯਾ ਵਿੱਚ ਬਜ਼ੁਰਗਾਂ ਕੋਲ ਲੈ ਕੇ ਆਏ।