A A A A A
Bible Book List

ਰਸੂਲਾਂ ਦੇ ਕਰਤੱਬ 10 Punjabi Bible: Easy-to-Read Version (ERV-PA)

ਪਤਰਸ ਅਤੇ ਕੁਰਨੇਲਿਯੁਸ

10 ਕੈਸਰਿਯਾ ਨਾਂ ਦੇ ਸ਼ਹਿਰ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ। ਉਹ ਰੋਮ ਦੀ ਸੈਨਾ ਦੇ ਸਮੂਹ “ਇਤਾਲਿਯਾਨ” ਵਿੱਚ ਇੱਕ ਅਧਿਕਾਰੀ ਸੀ। ਉਹ ਇੱਕ ਧਰਮੀ ਮਨੁੱਖ ਸੀ। ਉਹ ਅਤੇ ਜਿੰਨੇ ਵੀ ਲੋਕ ਉਸ ਦੇ ਘਰ ਵਿੱਚ ਰਹਿੰਦੇ ਸਨ, ਸਭ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ। ਉਹ ਲੋਕਾਂ ਨੂੰ ਦਾਨ-ਪੁੰਨ ਬਹੁਤ ਕਰਦਾ ਸੀ ਕੁਰਨੇਲਿਯੁਸ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਇੱਕ ਦੁਪਹਿਰ ਤਿੰਨ ਵਜੇ ਦੇ ਆਸ-ਪਾਸ ਉਸ ਨੇ ਇੱਕ ਦਰਸ਼ਨ ਦੇਖਿਆ। ਦਰਸ਼ਨ ਵਿੱਚ ਪਰਮੇਸ਼ੁਰ ਵੱਲੋਂ ਇੱਕ ਦੂਤ ਉਸ ਕੋਲ ਆਇਆ ਅਤੇ ਆਖਣ ਲੱਗਾ, “ਕੁਰਨੇਲਿਯੁਸ।”

ਕੁਰਨੇਲਿਯੁਸ ਨੇ ਦੂਤ ਵੱਲ ਵੇਖਿਆ, ਉਹ ਡਰ ਕੇ ਆਖਣ ਲੱਗਾ, “ਮੇਰੇ ਮਾਲਿਕ, ਤੁਸੀਂ ਕੀ ਚਾਹੁੰਦੇ ਹੋ?”

ਦੂਤ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਤੇਰੀਆਂ ਪ੍ਰਾਰਥਨਾ ਸੁਣ ਲਈਆਂ ਹਨ। ਉਸ ਨੇ ਉਹ ਸਭ ਗੱਲਾਂ ਵੇਖੀਆਂ ਹਨ ਜੋ ਤੂੰ ਗਰੀਬ ਲੋਕਾਂ ਲਈ ਕਰਦਾ ਹੈਂ। ਇਸ ਲਈ ਉਹ ਤੈਨੂੰ ਨਹੀਂ ਭੁਲਿਆ। ਹੁਣ ਤੂੰ ਯੱਪਾ ਸ਼ਹਿਰ ਵੱਲ ਕੁਝ ਆਦਮੀਆਂ ਨੂੰ ਭੇਜ ਅਤੇ ਉੱਥੋਂ ਸ਼ਮਊਨ ਨਾਂ ਦੇ ਆਦਮੀ ਨੂੰ, ਜਿਹੜਾ ਪਤਰਸ ਵੀ ਸਦੀਂਦਾ ਹੈ, ਸੱਦਾ ਭੇਜ। ਸ਼ਮਊਨ ਕਿਸੇ ਸ਼ਮਊਨ ਖਟੀਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਹੀ ਠਹਿਰਿਆ ਹੋਇਆ ਹੈ। ਉਸ ਦਾ ਘਰ ਸਮੁੰਦਰ ਦੇ ਨੇੜੇ ਹੈ।” ਜਿਹੜਾ ਦੂਤ ਕੁਰਨੇਲਿਯੁਸ ਨਾਲ ਗੱਲ ਕਰ ਰਿਹਾ ਸੀ, ਚੱਲਾ ਗਿਆ। ਉਸਤੋਂ ਬਾਅਦ ਕੁਰਨੇਲਿਯੁਸ ਨੇ ਆਪਣੇ ਦੋ ਨੌਕਰਾਂ ਤੇ ਇੱਕ ਸਿਪਾਹੀ ਨੂੰ ਬੁਲਵਾਇਆ। ਇਹ ਸਿਪਾਹੀ ਵੀ ਧਰਮੀ ਮਨੁੱਖ ਸੀ। ਇਹ ਸਿਪਾਹੀ ਉਸ ਦੇ ਖਾਸ ਮਦਦਗਾਰਾਂ ਵਿੱਚੋਂ ਇੱਕ ਸੀ। ਉਸ ਨੇ ਇਹ ਸਾਰੀ ਗੱਲ ਤਿੰਨਾਂ ਆਦਮੀਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਯੱਪਾ ਵੱਲ ਭੇਜ ਦਿੱਤਾ।

ਅਗਲੇ ਦਿਨ ਇਹ ਤਿੰਨੋ ਆਦਮੀ ਯੱਪਾ ਦੇ ਨੇੜੇ ਪਹੁੰਚੇ। ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। ਇਹ ਦੁਪਿਹਰ ਦਾ ਵੇਲਾ ਸੀ। 10 ਪਤਰਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ। ਪਰ ਜਦੋਂ ਉਹ ਪਤਰਸ ਦੇ ਖਾਣ ਲਈ ਭੋਜਨ ਤਿਆਰ ਕਰ ਰਹੇ ਸਨ ਤਾਂ ਉਸ ਨੇ ਇੱਕ ਦਰਸ਼ਨ ਵੇਖਿਆ। 11 ਉਸ ਨੇ ਖੁਲ੍ਹੇ ਆਕਾਸ਼ ਨੂੰ ਵੇਖਿਆ ਅਤੇ ਉਸ ਵਿੱਚੋਂ ਚਾਦਰ ਵਾਂਗ ਕੋਈ ਚੀਜ਼ ਥੱਲੇ ਆਉਂਦੀ ਵੇਖੀ ਜੋ ਕਿ ਚਹੁੰ ਪਾਸਿਆਂ ਤੋਂ ਧਰਤੀ ਦੇ ਵੱਲ ਲਮਕਾਈ ਹੋਈ ਹੇਠਾਂ ਉਤਰ ਰਹੀ ਸੀ। 12 ਸਭ ਪ੍ਰਕਾਰ ਦੇ ਜਾਨਵਰ ਇਸ ਵਿੱਚ ਸਨ। ਉਹ ਜੀਵ ਜਿਹੜੇ ਕਿ ਚੱਲ ਸੱਕਦੇ ਹਨ, ਜਿਹੜੇ ਰੀਂਗਣ ਵਾਲੇ ਸਨ ਜ਼ਮੀਨ ਉੱਪਰ ਅਤੇ ਉਹ ਪੰਛੀ ਜਿਹੜੇ ਕਿ ਹਵਾ ਚ ਉੱਡਦੇ ਹਨ। 13 ਫ਼ੇਰ ਇੱਕ ਅਵਾਜ਼ ਨੇ ਪਤਰਸ ਨੂੰ ਆਖਿਆ, “ਪਤਰਸ, ਉੱਠ ਅਤੇ ਇਨ੍ਹਾਂ ਵਿੱਚੋਂ ਕਿਸ ਵੀ ਇੱਕ ਜੀਵ ਨੂੰ ਮਾਰ ਅਤੇ ਖਾ ਲੈ।”

14 ਪਰ ਪਤਰਸ ਨੇ ਕਿਹਾ, “ਪ੍ਰਭੂ। ਅਜਿਹਾ ਮੈਂ ਕਦੇ ਨਹੀਂ ਕੀਤਾ, ਮੈਂ ਕਦੇ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਖਾਧੀ।”

15 ਪਰ ਉਸ ਅਵਾਜ਼ ਨੇ ਦੋਬਾਰਾ ਉਸ ਨੂੰ ਕਿਹਾ, “ਪਰਮੇਸ਼ੁਰ ਨੇ ਇਹ ਸਭ ਵਸਤਾਂ ਸ਼ੁੱਧ ਬਣਾਈਆਂ ਹਨ। ਇਸ ਲਈ ਇਨ੍ਹਾਂ ਨੂੰ ‘ਅਪਵਿੱਤਰ’ ਨਾ ਕਹਿ।” 16 ਅਜਿਹਾ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਭ ਚੀਜ਼ਾਂ ਵਾਪਸ ਅਕਾਸ਼ ਵੱਲ ਚੁੱਕੀਆਂ ਗਈਆਂ। 17 ਪਤਰਸ ਦਰਸ਼ਨ ਦੇ ਅਰਥ ਬਾਰੇ ਸੋਚ ਹੈਰਾਨ ਹੋ ਰਿਹਾ ਸੀ।

ਇਸ ਵਿੱਚਕਾਰ ਕੁਰਨੇਲਿਯੁਸ ਦੇ ਭੇਜੇ ਬੰਦਿਆਂ ਨੇ ਸ਼ਮਊਨ ਦਾ ਘਰ ਲੱਭ ਲਿਆ। ਉਹ ਫ਼ਾਟਕ ਤੇ ਖੜ੍ਹੇ ਸਨ। 18 ਉਨ੍ਹਾਂ ਨੇ ਪੁੱਛਿਆ, “ਕੀ ਪਤਰਸ ਸ਼ਮਊਨ ਇੱਥੇ ਰਹਿੰਦਾ ਹੈ।”

19 ਪਤਰਸ ਅਜੇ ਵੀ ਉਸ ਦਰਸ਼ਨ ਬਾਰੇ ਹੀ ਸੋਚ ਰਿਹਾ ਸੀ ਪਰ ਆਤਮਾ ਨੇ ਉਸ ਨੂੰ ਕਿਹਾ, “ਵੇਖ। ਤਿੰਨ ਆਦਮੀ ਬਾਹਰ ਤੈਨੂੰ ਲੱਭ ਰਹੇ ਹਨ। 20 ਉੱਠ ਅਤੇ ਹੇਠਾਂ ਜਾ। ਉਨ੍ਹਾਂ ਨਾਲ ਬਿਨਾ ਕਿਸੇ ਝਿਜਕ ਚੱਲਾ ਜਾ। ਮੈਂ ਹੀ ਉਨ੍ਹਾਂ ਨੂੰ ਤੇਰੇ ਕੋਲ ਭੇਜਿਆ ਹੈ।” 21 ਫ਼ੇਰ ਪਤਰਸ ਹੇਠਾਂ ਉਤਰਿਆ ਅਤੇ ਆਦਮੀਆਂ ਨੂੰ ਆਖਿਆ, “ਮੈਂ ਹੀ ਉਹ ਆਦਮੀ ਹਾਂ ਜਿਸ ਨੂੰ ਤੁਸੀਂ ਲੱਭਣ ਆਏ ਹੋ। ਤੁਸੀਂ ਇੱਥੇ ਕਿਸ ਵਾਸਤੇ ਆਏ ਹੋ?”

22 ਉਹ ਬੋਲੇ, “ਇੱਕ ਪਵਿੱਤਰ ਦੂਤ ਨੇ ਕੁਰਨੇਲਿਯੁਸ ਨੂੰ ਤੈਨੂੰ ਆਪਣੇ ਘਰ ਸੱਦਾ ਦੇਣ ਲਈ ਆਖਿਆ ਹੈ। ਉਹ ਇੱਕ ਸੈਨਾ ਦਾ ਅਫ਼ਸਰ ਅਤੇ ਭਲਾ ਆਦਮੀ ਹੈ। ਉਹ ਪਰਮੇਸ਼ੁਰ ਦੀ ਉਪਾਸਨਾ ਕਰਦਾ ਹੈ ਅਤੇ ਸਾਰੇ ਯਹੂਦੀ ਉਸਦਾ ਸਤਿਕਾਰ ਕਰਦੇ ਹਨ। ਦੂਤ ਨੇ ਉਸ ਨੂੰ ਤੈਨੂੰ ਆਪਣੇ ਘਰ ਬੁਲਾਉਣ ਲਈ ਆਖਿਆ ਹੈ ਤਾਂ ਕਿ ਜੋ ਕੁਝ ਗੱਲਾਂ ਤੂੰ ਆਖਣਾ ਚਾਹੁੰਦਾ ਹੈ ਉਹ ਸੁਣ ਲਵੇਂ।” 23 ਪਤਰਸ ਨੇ ਉਨ੍ਹਾਂ ਆਦਮੀਆਂ ਨੂੰ ਅੰਦਰ ਆਉਣ ਅਤੇ ਰਾਤ ਠਹਿਰਣ ਲਈ ਆਖਿਆ।

ਅਗਲੀ ਸਵੇਰ ਪਤਰਸ ਉੱਠਿਆ, ਤਿਆਰ ਹੋਇਆ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਨਾਲ ਚੱਲਾ ਗਿਆ। ਯੱਪਾ ਚੋਂ ਕੁਝ ਭਰਾ ਵੀ ਪਤਰਸ ਨਾਲ ਗਏ। 24 ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ, ਜਿੱਥੇ ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਾ ਦੇਕੇ ਇਕੱਠਾ ਕੀਤਾ ਹੋਇਆ ਸੀ।

25 ਜਦੋਂ ਪਤਰਸ ਨੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਪਤਰਸ ਨੂੰ ਕੁਰਨੇਲਿਯੁਸ ਮਿਲਿਆ ਅਤੇ ਉਸ ਦੇ ਪੈਰਾਂ ਤੇ ਮੱਥਾ ਟੇਕਿਆ। 26 ਪਰ ਪਤਰਸ ਨੇ ਉਸ ਨੂੰ ਉੱਠਾਇਆ ਅਤੇ ਆਖਿਆ, “ਉੱਠ ਖਲੋ। ਕਿਉਂਕਿ ਮੈਂ ਵੀ ਤੇਰੇ ਵਾਂਗ ਇੱਕ ਸਾਧਾਰਣ ਮਨੁੱਖ ਹੀ ਹਾਂ।” 27 ਉਸ ਦੇ ਨਾਲ ਗੱਲਾਂ ਕਰਦਿਆਂ, ਪਤਰਸ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉੱਥੇ ਉਸ ਨੇ ਬਹੁਤ ਸਰਿਆਂ ਨੂੰ ਇਕੱਠੇ ਹੋਏ ਵੇਖਿਆ।

28 ਤਾਂ ਉਸ ਨੇ ਲੋਕਾਂ ਨੂੰ ਕਿਹਾ, “ਕਿ ਤੁਹਾਨੂੰ ਪਤਾ ਹੈ ਕਿ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਇੱਕ ਯਹੂਦੀ ਨੂੰ ਦੂਜੀ ਜਾਤ ਦੇ ਮਨੁੱਖ ਨਾਲ ਸਹਯੋਗੀ ਹੋਣ ਜਾਂ ਮੇਲ-ਮਿਲਾਪ ਕਰਨ ਦੀ ਆਗਿਆ ਨਹੀਂ ਹੈ। ਪਰ ਪਰਮੇਸ਼ੁਰ ਨੇ ਮੈਨੂੰ ਖੁਦ ਇਹ ਪ੍ਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ‘ਅਪਵਿੱਤਰ’ ਜਾਂ ‘ਅਸ਼ੁੱਧ’ ਨਾ ਕਹਾਂ। 29 ਇਸੇ ਲਈ ਜਦੋਂ ਇਨ੍ਹਾਂ ਆਦਮੀਆਂ ਨੇ ਮੈਨੂੰ ਇੱਥੇ ਆਉਣ ਲਈ ਕਿਹਾ ਮੈਂ ਆਉਣ ਲਈ ਸਹਿਮਤ ਹੋ ਗਿਆ। ਸੋ ਹੁਣ ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਾਹਦੇ ਲਈ ਬੁਲਾਇਆ ਹੈ?”

30 ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸ ਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ। 31 ਉਸ ਆਦਮੀ ਨੇ ਕਿਹਾ, ‘ਕੁਰਨੇਲਿਯੁਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਤੇਰੀਆਂ ਦਾਤਾਂ ਵੇਖ ਲਈਆਂ ਹਨ। 32 ਇਸ ਲਈ ਯੱਪਾ ਵਿੱਚ ਕੁਝ ਆਦਮੀਆਂ ਨੂੰ ਭੇਜ ਅਤੇ ਪਤਰਸ ਸ਼ਮਊਨ ਨੂੰ ਇੱਥੇ ਆਉਣ ਲਈ ਆਖ। ਪਤਰਸ ਉਸ ਘਰ ਵਿੱਚ ਰਹਿ ਰਿਹਾ ਹੈ ਜਿਸ ਘਰ ਦੇ ਆਦਮੀ ਦਾ ਨਾਂ ਵੀ ਸ਼ਮਊਨ ਹੈ ਜੋ ਚਮੜੇ ਦਾ ਕੰਮ ਕਰਦਾ ਹੈ। ਅਤੇ ਉਸਦਾ ਘਰ ਸਮੁੰਦਰ ਕੰਢੇ ਹੈ।’ 33 ਤਾਂ ਮੈਂ ਉਸੇ ਵਕਤ ਤੈਨੂੰ ਬੁਲਾਉਣ ਲਈ ਇਨ੍ਹਾਂ ਆਦਮੀਆਂ ਨੂੰ ਭੇਜ ਦਿੱਤਾ। ਆਪਣੀ ਮਿਹਰਬਾਨੀ ਸਦਕਾ ਤੂੰ ਇੱਥੇ ਆਇਆ ਹੈਂ। ਹੁਣ ਅਸੀਂ ਸਭ ਇੱਥੇ ਉਹ ਸਭ ਕੁਝ ਸੁਣਨ ਲਈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਹਾਂ, ਜੋ ਪ੍ਰਭੂ ਨੇ ਤੈਨੂੰ ਆਖਣ ਦਾ ਹੁਕਮ ਦਿੱਤਾ ਹੈ।”

ਪਤਰਸ ਦਾ ਕੁਰਨੇਲਿਯੁਸ ਦੇ ਘਰ ਵਿੱਚ ਉਪਦੇਸ਼ ਦੇਣਾ

34 ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ। 35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ। 36 ਇਹ ਉਹ ਸੁਨੇਹਾ ਹੈ ਜੋ ਉਸ ਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਖੁਸ਼ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।

37 “ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ। 38 ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇੱਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।

39 “ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸ ਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ। 40 ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਸ ਨੂੰ ਲੋਕਾਂ ਨੂੰ ਪ੍ਰਗਟਾਇਆ। 41 ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸ ਨੂੰ ਵੇਖਣ ਦੇ ਸਮਰੱਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜਿਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।

42 “ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸ ਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ। 43 ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸ ਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”

ਪਰਾਈਆਂ ਕੌਮਾਂ ਤੇ ਪਵਿੱਤਰ ਆਤਮਾ ਦਾ ਆਉਣਾ

44 ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ। 45 ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਹਾਇਆ ਗਿਆ ਸੀ। 46 ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤਦ ਪਤਰਸ ਨੇ ਆਖਿਆ, 47 “ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸੱਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।” 48 ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸ ਦੇ ਸਾਕ-ਸੰਬੰਧੀਆਂ ਨੂੰ ਉਸ ਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਪਤਰਸ ਨੂੰ ਉੱਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes